ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪਿੱਤੇ ਦੀਆਂ ਪੱਥਰੀਆਂ ਤੇ ਕੈਂਸਰ


ਪਿੱਤਾ ਜਾਂ ਗਾਲ-ਬਲੈਡਰ, ਹਰੇ ਰੰਗ ਦਾ ਗੁਬਾਰੇ ਵਰਗਾ ਇਕ ਅੰਗ  ਹੈ ਜੋ  ਪੇਟ  ਵਿਚ  ਸੱਜੇ ਪਾਸੇ, ਪੱਸਲੀਆਂ ਦੇ ਹੇਠਾਂ, ਜਿਗਰ ਦੇ ਨਾਲ ਲੱਗਾ ਹੋਇਆ ਹੁੰਦਾ ਹੈ। ਇਸ ਵਿਚਲਾ ਗੂੜ੍ਹੇ ਹਰੇ ਰੰਗ ਦਾ ਸੰਘਣਾ ਤਰਲ ਜਿਸ ਨੂੰ ''ਬਾਇਲ'' ਕਿਹਾ ਜਾਂਦਾ ਹੈ, ਭੋਜਨ ਦੀ ਚਿਕਨਾਈ ਵਾਲੇ ਤੱਤਾਂ ਦੀ ਪਾਚਣ-ਕਿਰਿਆ ਵਿਚ ਸਹਾਈ ਹੁੰਦਾ ਹੈ। ਪਿੱਤੇ ਦੀਆਂ ਪੱਥਰੀਆਂ ਦੀ ਸਮੱਸਿਆ ਵਿਸ਼ਵ-ਵਿਆਪੀ ਹੈ। ਵਿਕਾਸਸ਼ੀਲ ਦੇਸ਼ਾਂ ਦੇ 10 ਤੋਂ 20 ਪ੍ਰਤੀਸ਼ਤ ਬਾਲਗ਼ ਉਮਰ ਦੇ ਵਿਅਕਤੀਆਂ ਨੂੰ ਇਸ ਤਰ੍ਹਾਂ ਦੀਆਂ ਪੱਥਰੀਆ ਹੁੰਦੀਆਂ ਹਨ। ਖ਼ਾਸ ਕਰਕੇ, ਦੁਨੀਆਂ ਦੇ ਉਹ ਲੋਕ ਜਿਨ੍ਹਾਂ ਕੋਲ ਖਾਣ-ਪੀਣ ਦੀਆਂ ਵਸਤਾਂ ਦੀ ਬਹੁਲਤਾ ਹੁੰਦੀ ਹੈ, ਇਸ ਬੀਮਾਰੀ ਦੇ ਜ਼ਿਆਦਾ ਸ਼ਿਕਾਰ ਹੁੰਦੇ ਹਨ। ਅਲਾਮਤਾਂ: ਹੋ ਸਕਦਾ ਹੈ ਕਿ ਪੱਥਰੀ ਜਾਂ ਪੱਥਰੀਆਂ ਬਣੀਆਂ ਨੂੰ ਕਾਫੀ ਸਮਾਂ ਹੋ ਗਿਆ ਹੋਵੇ ਪਰ ਕੋਈ ਵੀ ਅਲਾਮਤ ਨਾ ਹੋਵੇ, ਵਿਅਕਤੀ  ਨੂੰ ਪਤਾ ਹੀ ਨਾ ਹੋਵੇ; ਕਿਸੇ ਹੋਰ ਤਕਲੀਫ ਵਾਸਤੇ ਉਹ ਡਾਕਟਰ ਕੋਲ ਜਾਵੇ, ਤੇ ਐਕਸ-ਰੇ, ਅਲਟਰਾ-ਸਾਊਂਡ ਜਾਂ ਸੀ.ਟੀ. ਸਕੈਨ ਵਿਚ ਪੱਥਰੀਆਂ ਨਜ਼ਰੀਂ ਪੈ ਜਾਣ। ਪੱਥਰੀਆਂ ਦੇ ਕੁੱਲ ਮਰੀਜ਼ਾਂ 'ਚੋਂ ਤਕਰੀਬਨ 60 ਪ੍ਰਤੀਸ਼ਤ ਐਸੇ ਹੀ ਹੁੰਦੇ ਹਨ ਜਿਨ੍ਹਾਂ ਨੂੰ ਉਂਜ ਕੋਈ ਖ਼ਾਸ ਸਮੱਸਿਆ ਨਹੀਂ ਹੁੰਦੀ। ਬਾਕੀ 40 ਪ੍ਰਤੀਸ਼ਤ ਨੂੰ ਬਦਹਜ਼ਮੀ, ਖੱਟੇ ਡਕਾਰ, ਦਿਲ ਕੱਚਾ ਹੋਣਾ, ਕਦੀ ਕਦਾਈਂ ਉਲਟੀ ਆਉਣੀ, ਪੇਟ ਵਿਚ ਸੱਜੇ ਪਾਸੇ, ਪੱਸਲੀਆਂ ਦੇ ਹੇਠਾਂ ਮਾੜੀ ਮਾੜੀ ਪੀੜ ਹੋ ਸਕਦੀ ਹੈ। ਕਈ ਵਾਰ ਪੱਥਰੀ ਦੇ ਨਾਲ, ਪਿੱਤੇ ਦੀ ਦੀਵਾਰ ਵਿਚ ਸੋਜ ਵੀ ਹੋ ਜਾਂਦੀ ਹੈ (ਕੋਲੀਸਿਸਟਾਇਟਿਸ) ਤੇ ਇਨਫੈਕਸ਼ਨ ਵੀ। ਇਸ ਸਥਿਤੀ ਵਿਚ ਸੱਜੀ ਪੱਸਲੀ ਹੇਠਾਂ ਦਰਦ ਰਹਿੰਦੀ ਹੈ ਜੋ ਸੱਜੇ ਮੋਢੇ ਵੱਲ ਨੂੰ ਜਾਂਦੀ ਹੈ। ਜ਼ਿਆਦਾ ਇਨਫੈਕਸ਼ਨ ਹੋ ਜਾਵੇ ਤਾਂ ਬੁਖ਼ਾਰ ਵੀ ਹੋ ਸਕਦਾ ਹੈ। ਐਸੀ ਸਥਿਤੀ ਵਿਚ ਜਾਂ 'ਸਾਂਝੀ ਬਾਇਲ ਡਕਟ' ਜਾਂ ਨਾਲੀ (ਫੋਟੋ ਵੇਖੋ) ਵਿਚ ਪੱਥਰੀ ਫਸ ਜਾਵੇ ਤਾਂ ਨਾ-ਸਹਿਣ ਵਾਲੀ ਪੀੜ ਹੋਣ ਲਗਦੀ ਹੈ, ਗੂੜ੍ਹਾ ਯਰਕਾਨ (ਜਾਉਂਡਿਸ) ਹੋ ਜਾਂਦਾ ਹੈ ਤੇ ਮਰੀਜ਼ ਨੂੰ ਐਮਰਜੈਂਸੀ ਵਿਚ ਹਸਪਤਾਲ ਲੈ ਕੇ ਜਾਣਾ ਪੈਂਦਾ ਹੈ । ਵੱਡੇ ਆਕਾਰ ਦੀ ਪੱਥਰੀ ਘੱਟ ਤਕਲੀਫ਼ ਦੇਂਦੀ ਹੈ ਜਦ ਕਿ ਨਿੱਕੀ ਪੱਥਰੀ ਦੇ, ਨਾਲੀ ਵਿਚ ਫਸਣ ਦੇ ਵਧੇਰੇ ਚਾਂਸ ਹੁੰਦੇ ਹਨ।
ਪੱਥਰੀਆਂ ਦੇ ਨਾਲ ਨਾਲ ਇਨਫੈਕਸ਼ਨ ਕਾਰਨ ਕਈ ਵਾਰ ਪੂਰਾ ਪਿੱਤਾ ਪਾਕ ਨਾਲ ਭਰ ਜਾਂਦਾ ਹੈ, ਇਸ ਹਾਲਤ ਵਿਚ ਬੁਖ਼ਾਰ ਦਰਦ, ਕਮਜ਼ੋਰੀ ਆਦਿ ਰਹਿੰਦੇ ਹਨ ਤੇ ਫੌਰੀ ਇਲਾਜ ਕਰਵਾਉਣ ਦੀ ਲੋੜ ਪੈਂਦੀ ਹੈ।
ਪੱਥਰੀਆਂ ਦੀਆਂ ਕਿਸਮਾਂ : ਰਸਾਇਣਿਕ ਤੱਤਾਂ ਦੇ ਆਧਾਰ 'ਤੇ ਪਿੱਤੇ ਦੀਆਂ ਪੱਥਰੀਆਂ, ਮੁੱਖ ਰੂਪ ਵਿਚ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ :
1. ਕੋਲੈਸਟਰੋਲ ਦੀਆਂ ਪੱਥਰੀਆਂ : 80 ਕੇਸਾਂ ਵਿਚ ਇਹ ਪੱਥਰੀਆਂ ਹੁੰਦੀਆਂ ਹਨ ਜੋ ਭੋਜਨ ਵਿੱਚ ਵਾਧੂ ਚਿਕਨਾਹਟ ਕਾਰਨ ਬਣਦੀਆਂ ਹਨ। ਇਹ ਹਲਕੇ ਪੀਲੇ ਰੰਗ ਦੀਆਂ ਗੋਲ ਜਾਂ ਲੰਬੂਤਰੇ ਆਕਾਰ ਵਿੱਚ, ਬਾਹਰੋਂ ਦਾਣੇ-ਦਾਰ ਅਤੇ ਸਖ਼ਤ ਹੁੰਦੀਆਂ ਹਨ। ਇਨ੍ਹਾਂ ਨੂੰ ਕੱਟ ਕੇ ਵੇਖੀਏ ਤਾਂ ਚਮਕੀਲਾ ਜਿਹਾ ਪਦਾਰਥ ਨਜ਼ਰ ਆਉਂਦਾ ਹੈ। ਹੋ ਸਕਦਾ ਹੈ ਕਿ ਇਹ ਗਿਣਤੀ ਵਿਚ ਵਧੇਰੇ ਹੋਣ ਪਰ ਕਈ ਵਾਰ ਪੂਰੇ ਪਿੱਤੇ ਵਿੱਚ ਸਿਰਫ ਇਕ ਹੀ ਪੱਥਰੀ ਪਈ ਹੁੰਦੀ ਹੈ। ਜੇ ਇੱਕੋ ਹੀ ਹੋਵੇ ਤਾਂ ਇਹ ਇੰਨੀ ਵੱਡੀ ਹੋ ਜਾਂਦੀ ਹੈ ਕਿ ਪੂਰੇ ਪਿੱਤੇ ਨੂੰ ਭਰ ਦਿੰਦੀ ਹੈ, ਜਾਂ ਫਿਰ ਜ਼ਿਆਦਾ ਗਿਣਤੀ ਵਿਚ ਛੋਟੀਆਂ ਛੋਟੀਆਂ ਨਾਲ ਪਿੱਤਾ ਭਰਿਆ ਹੁੰਦਾ ਹੈ। ਰਸਾਇਣਿਕ ਤੌਰ 'ਤੇ ਇਨ੍ਹਾਂ ਪੱਥਰੀਆਂ ਵਿਚ ਕੋਲੈਸਟਰੋਲ ਦੇ ਨਾਲ ਨਾਲ ਕੈਲਸ਼ੀਅਮ ਕਾਰਬੋਨੇਟ ਵੀ 10 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਤੱਕ ਦੀ ਮਾਤਰਾ ਵਿਚ ਹੁੰਦਾ ਹੈ।
2. ਰੰਗਦਾਰ ਜਾਂ ਪਿਗਮੈਂਟ ਪੱਥਰੀਆਂ : ਇਹ ਗੂੜ੍ਹੇ ਭੂਰੇ ਰੰਗ ਜਾਂ ਕਾਲੇ ਰੰਗ ਦੀਆਂ ਹੁੰਦੀਆਂ ਹਨ। ਹਮੇਸ਼ਾ ਵਧੇਰੇ ਗਿਣਤੀ ਵਿਚ ਹੁੰਦੀਆਂ ਹਨ। ਇਨ੍ਹਾਂ ਦਾ ਸਬੰਧ ਲਾਲ ਖ਼ੂਨ ਦੇ ਸੈੱਲਾਂ ਦੇ ਟੁੱਟਣ ਨਾਲ ਹੁੰਦਾ ਹੈ। ਸੋ ਇਹ, ਖ਼ੂਨ ਦੇ ਹੀਮੋਲਿਟਿਕ ਰੋਗਾਂ (ਸਿੱਕਲ ਸੈੱਲ ਰੋਗ ਆਦਿ) ਵਿਚ ਜ਼ਿਆਦਾ ਬਣਦੀਆਂ ਹਨ। ਇਨ੍ਹਾਂ ਪੱਥਰੀਆਂ 'ਚ ਬਾਇਲ ਵਿਚਲੀ, ਬਿਲੀਰੂਬਿਨ ਪਿਗਮੈਂਟ ਅਤੇ ਕੈਲਸ਼ੀਅਮ ਹੁੰਦੇ ਹਨ, ਤੇ ਕੋਲੈਸਟਰੋਲ 20 ਪ੍ਰਤੀਸ਼ਤ ਨਾਲੋਂ ਘੱਟ ਹੁੰਦਾ ਹੈ।
3. ਰਲੀਆਂ-ਮਿਲੀਆਂ ਪੱਥਰੀਆਂ : ਇਨ੍ਹਾਂ ਵਿਚ ਕੈਲਸ਼ੀਅਮ, ਪਿਗਮੈਂਟ ਤੇ ਕੋਲੈਸਟਰੋਲ ਹੁੰਦੇ ਹਨ,    ਇਸ ਕਿਸਮ ਦੀਆਂ  ਪੱਥਰੀਆਂ, ਕਾਫੀ ਕੇਸਾਂ ਵਿਚ ਮਿਲਦੀਆਂ ਹਨ।
ਮਰਦਾਂ ਨਾਲੋਂ ਔਰਤਾਂ, ਦੁੱਗਣੀ ਗਿਣਤੀ ਵਿਚ ਪਿੱਤੇ ਵਿਚ ਪੱਥਰੀਆਂ ਦਾ ਸ਼ਿਕਾਰ ਹੁੰਦੀਆਂ ਹਨ। ਪੱਥਰੀਆਂ ਬਨਣ ਦਾ ਸੈਕਸ-ਹਾਰਮੋਨਜ਼ ਨਾਲ ਵੀ ਸਬੰਧ ਹੈ ਇਸੇ ਕਰਕੇ ਗਰਭ ਰੋਕੂ ਦਵਾਈਆਂ ਦਾ ਇਸਤੇਮਾਲ ਕਰਨ ਵਾਲੀਆਂ ਤੇ ਮੋਟੀਆਂ ਬੀਬੀਆਂ ਵਿਚ 40 ਸਾਲ ਦੇ ਨੇੜੇ-ਤੇੜੇ ਵਾਲੀ ਉਮਰੇ, ਇਹ ਸਮੱਸਿਆ ਕਾਫੀ ਹੁੰਦੀ ਹੈ। ਮੈਡੀਕਲ ਵਿਦਿਆਰਥੀਆਂ ਨੂੰ ਇਨ੍ਹਾਂ ਪੱਥਰੀਆਂ ਬਾਰੇ ਸਮਝਾਉਣ ਲਈ ਇਕ, 4-ਐਫ. ਦਾ ਫਾਰਮੂਲਾ ਵਰਤਿਆ ਜਾਂਦਾ ਹੈ-ਫੀਮੇਲ (ਔਰਤ), ਫੌਰਟੀ (40 ਸਾਲ ਉਮਰ), ਫੈਟੀ (ਮੋਟਾਪੇ ਵਾਲੀ) ਤੇ ਫਰਟਾਇਲ (ਬੱਚੇ ਪੈਦਾ ਕਰਨ ਵਾਲੀ)।  ਪਰਿਵਾਰਿਕ ਪਿੱਠ-ਭੂਮੀ ਦੀ ਵੀ ਭੂਮਿਕਾ ਹੁੰਦੀ ਹੈ।
ਪੱਥਰੀ ਕਿਵੇਂ ਬਣਦੀ ਹੈ : ਮੱਖਣ, ਦੇਸੀ ਘਿਓ ਤੇ ਚਰਬੀ ਵਾਲੇ ਖਾਣਿਆਂ ਦੀ ਚਿਕਨਾਹਟ (ਕੋਲੈਸਟਰੋਲ), ਜਿਗਰ ਵਿਚੋਂ ਦੀ ਹੋ ਕੇ ਪਿੱਤੇ ਵਿਚ ਪੁੱਜਦੀ ਹੈ ਜਿੱਥੇ ਇਹ, ਬਾਇਲ (ਗੂੜ੍ਹੇ ਹਰੇ ਰੰਗ ਦਾ ਤਰਲ) ਵਿਚ ਘੁਲਣਸ਼ੀਲ ਹੁੰਦੀ ਹੈ। ਚਿਕਨਾਹਟ ਵਾਲੇ ਭੋਜਨ ਲਗਾਤਾਰ ਖਾ ਖਾ ਕੇ,  ਜਦ ਇਸ ਦੀ ਮਾਤਰਾ ਇਕ ਖ਼ਾਸ ਹੱਦ ਨੂੰ ਪਾਰ ਕਰ ਜਾਵੇ ਤਾਂ ਇਹ ਬਾਇਲ ਵਿਚ ਘੁਲ਼ ਨਹੀਂ ਸਕਦੀ। ਸੋ ਅਣ-ਘੁਲ਼ਿਆ ਕੋਲੈਸਟਰੋਲ, ਇਕ ਛੋਟੇ ਜਹੇ ਦਾਣੇ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਨੂੰ ਪੱਥਰੀ ਦਾ ਨਿਊਕਲੀਅਸ ਕਹਿ ਸਕਦੇ ਹਾਂ, ਜਿਸ ਦੇ ਦੁਆਲੇ ਹੋਰ ਕੋਲੈਸਟਰੋਲ ਤੇ ਬਾਇਲ ਵਿਚਲੇ  ਕੈਲਸ਼ੀਅਮ ਦੇ ਤੱਤ ਜਮ੍ਹਾਂ ਹੋਣ ਲਗਦੇ ਹਨ।  ਕੁਝ ਸਮੇਂ ਬਾਅਦ ਇਹ ਇਕ  ਪੱਥਰੀ ਬਣ ਜਾਂਦੀ ਹੈ ।
ਪਿੱਤੇ ਦਾ ਕੈਂਸਰ : ਪੱਥਰੀ ਦੇ ਨਾਲ ਹੀ ਕੁਝ ਪ੍ਰਤੀਸ਼ਤ ਕੇਸਾਂ ਵਿਚ ਪਿੱਤੇ ਵਿਚ ਕੈਂਸਰ ਉਤਪੰਨ ਹੋ ਜਾਂਦਾ ਹੈ। ਇਹ ਵੀ ਔਰਤਾਂ ਵਿਚ ਵਧੇਰੇ ਹੁੰਦਾ ਹੈ ਜੋ ਚਾਲੀ ਸਾਲ ਦੀ ਉਮਰ ਤੇ ਮੈਨੋਪਾਜ਼ ਦੇ ਨੇੜੇ ਤੇੜੇ ਹੋਣ । ਭਾਰਤ ਖ਼ਾਸ ਕਰਕੇ ਉੱਤਰੀ ਭਾਰਤ (ਪੰਜਾਬ, ਹਰਿਆਣਾ, ਦਿੱਲੀ ਆਦਿ), ਉੱਤਰੀ ਤੇ ਦੱਖਣੀ ਅਮਰੀਕਾ ਵਿਚ ਰਹਿਣ ਵਾਲੇ ਖ਼ਾਸ ਕਰਕੇ ਪੰਜਾਬੀ ਲੋਕ, ਤੇ ਉੱਤਰੀ ਯੂਰਪੀਨ ਭਾਗਾਂ ਤੋਂ  ਆਏ  ਹੋਏ ਲੋਕਾਂ ਵਿਚ, ਇਹ ਕੈਂਸਰ ਵਧੇਰੇ ਹੁੰਦਾ ਹੈ; ਕਿਉਂਕਿ ਇਹ ਲੋਕ, ਦੇਸੀ ਘਿਓ, ਮੱਖਣ, ਮਗ਼ਜ਼, ਬੱਕਰੇ ਆਦਿ ਖਾਣ ਦੇ ਜ਼ਿਆਦਾ  ਸ਼ੁਕੀਨ ਹਨ। ਖੋਜਕਾਰਾਂ ਅਨੁਸਾਰ ਸਰੀਰ ਦਾ ਭਾਰ (ਮੋਟਾਪਾ), ਬੈਠੇ ਜਾਂ ਲੇਟੇ ਰਹਿਣਾ, ਵਰਜ਼ਿਸ਼ ਜਾਂ ਭੱਜ-ਦੌੜ (ਐਕਟਿਵ)ਘੱਟ ਹੋਣ ਵਾਲੀਆਂ ਆਦਤਾਂ, ਵਿਰਾਸਤ, ਪਰਿਵਾਰਿਕ ਪਿੱਠ-ਭੂਮੀ ਤੇ ਮੈਲਾਟੋਨਿਨ ਦੀ ਕਮੀ ਵਰਗੇ ਫੈਕਟਰ, ਪਿੱਤੇ ਦੀਆਂ ਪੱਥਰੀਆਂ ਤੇ ਕੈਂਸਰ ਉਤਪੰਨ ਹੋਣ ਵਿਚ ਸਹਾਈ ਹੁੰਦੇ ਹਨ। ਉਂਜ ਇਹ ਫੈਕਟਰ ਨਾ ਵੀ ਹੋਣ, ਤਦ ਵੀ ਪੱਥਰੀਆਂ ਜਾਂ ਕੈਂਸਰ ਹੋ ਸਕਦਾ ਹੈ।
ਪਿੱਤੇ ਦਾ ਕੈਂਸਰ ਦੂਜੇ ਕੈਂਸਰਾਂ ਦੀ ਬਨਿਸਪਤ ਘੱਟ ਹੁੰਦਾ ਹੈ। ਹੁਣ ਉੱਤਰੀ ਭਾਰਤ ਤੇ ਚੀਨ ਵਿਚ ਇਸ ਦੇ ਕੇਸਾਂ ਵਿਚ ਵਾਧਾ  ਹੋ ਰਿਹਾ ਹੈ। ਇਸ ਦਾ ਕਾਫੀ ਦੇਰ ਪਤਾ ਹੀ ਨਹੀਂ ਲਗਦਾ ਕਿਉਂਕਿ ਕੋਈ  ਖ਼ਾਸ ਅਲਾਮਤਾਂ ਨਹੀਂ ਹੁੰਦੀਆਂ ਜਾਂ ਪੱਥਰੀ ਵਾਲੀਆਂ ਹੀ ਹੁੰਦੀਆਂ ਹਨ, ਇਸ ਲਈ ਡਾਕਟਰ ਕੋਲ ਮਰੀਜ਼ ਲੇਟ ਆਉਂਦੇ ਹਨ; ਹਾਂ ਭੁੱਖ ਤੇ ਭਾਰ ਦਾ ਘਟਣਾ ਤੇ ਕਮਜ਼ੋਰੀ ਤਾਂ, ਹਰੇਕ ਕੈਂਸਰ ਵਿਚ ਹੋ ਜਾਂਦੀ ਹੈ। ਕਈ ਵਾਰ ਤਾਂ ਇਸ ਦੀਆਂ ਜੜ੍ਹਾਂ ਵੀ, ਜਿਗਰ ਜਾਂ ਕਿਸੇ ਹੋਰ ਅੰਗ ਵਿਚ ਫੈਲ ਚੁੱਕੀਆਂ ਹੁੰਦੀਆਂ ਹਨ ਤਾਂ ਮਰੀਜ਼ ਯਰਕਾਨ ਨਾਲ, ਡਾਕਟਰ ਕੋਲ ਪੁੱਜਦੀ ਹੈ। ਕੁਝ ਕੇਸ ਐਸੇ ਵੀ ਵੇਖੇ ਗਏ ਹਨ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪੱਥਰੀਆਂ ਹੋਣ ਕਰਕੇ ਪਿੱਤਾ ਕਢਵਾ ਦਿੱਤਾ ਸੀ ਉਸ ਦੀ ਖ਼ੁਰਦਬੀਨੀ ਜਾਂਚ ਨਹੀਂ ਸੀ ਕਰਵਾਈ ਤੇ ਹੁਣ, ਉਸ ਕੈਂਸਰ ਦੀਆਂ ਜੜ੍ਹਾਂ ਜਿਗਰ ਵਿਚ ਫੈਲਣ ਨਾਲ ਯਰਕਾਨ ਦੀ ਸ਼ਿਕਾਇਤ ਲੈ ਕੇ ਰੋਗੀ ਡਾਕਟਰ ਕੋਲ ਆਈ/ਆਇਆ ਹੈ।
ਮੁਆਇਨਾ/ਜਾਂਚ ਤੇ ਇਨਵੈਸਟੀਗੇਸ਼ਨਜ਼ : ਕੁਝ ਸਾਲ ਪਹਿਲਾਂ ਰੋਗੀ ਕੋਲੋਂ ਪੁਛ-ਗਿੱਛ ਤੇ ਮੁਆਇਨੇ ਤੋਂ ਬਾਅਦ ਪਲੇਨ ਐਕਸ-ਰੇ ਤੇ ਕੋਲੀਸਿਸਟੋਗ੍ਰਾਫੀ (ਓਰਲ ਤੇ ਇੰਨਟਰਾਵੀਨਸ -ਦਵਾਈ ਦੇ ਕੇ ਜਾਂ ਟੀਕਾ ਲਗਾ ਕੇ ਐਕਸ-ਰੇ ਕਰਵਾਉਣਾ) ਤੋਂ ਪੱਥਰੀਆਂ ਦਾ ਪਤਾ ਲਗਾਇਆ ਜਾਂਦਾ ਸੀ। ਅਸਲ ਤਰੀਕਾ ਤਾਂ ਇਹੀ ਹੈ ਪਰ ਅੱਜ-ਕੱਲ੍ਹ ਪਿੰਡਾਂ ਤੇ ਕਸਬਿਆਂ ਵਿਚ ਵੀ ਥਾਂ ਥਾਂ 'ਤੇ ਅਲਟਰਾਸਾਊਂਡ ਮਸ਼ੀਨਾਂ ਲੱਗੀਆਂ ਹੋਈਆਂ ਹਨ, ਤਕਲੀਫ਼ ਹੋਣ 'ਤੇ, ਕਈ ਲੋਕੀਂ ਅਲਟਰਾਸਾਊਂਡ ਕਰਵਾ ਕੇ ਹੀ ਹਸਪਤਾਲ ਆਉਂਦੇ ਹਨ।  ਫਿਰ ਵੀ ਮਾਹਿਰ ਡਾਕਟਰ ਹੋਰ ਇਨਵੈਸਟੀਗੇਸ਼ਨਜ਼ ਜਿਵੇਂ ਖ਼ੂਨ ਤੇ ਪਿਸ਼ਾਬ ਦੇ ਟੈਸਟ, ਕਈ ਵਾਰ ਸੀ.ਟੀ. ਸਕੈਨ ਆਦਿ ਕਰਵਾ ਕੇ ਅਗਲੇ ਇਲਾਜ ਦੀ ਯੋਜਨਾ-ਬੰਦੀ ਕਰਦੇ ਹਨ। ਸੀ.ਟੀ. ਨਾਲ ਪੱਥਰੀਆਂ ਦੇ ਸਾਈਜ਼, ਗਿਣਤੀ ਤੇ ਪੁਜ਼ੀਸ਼ਨ (ਕਿ ਕਿਸ ਜਗ੍ਹਾ 'ਤੇ ਹਨ) ਦਾ ਵੀ ਪਤਾ ਲਗ ਜਾਂਦਾ ਹੈ। ਕੈਂਸਰ ਹੋਵੇ ਤਾਂ ਸੀ.ਟੀ. ਸਕੈਨ ਵਿਚ ਆਮ ਕਰਕੇ ਪਤਾ ਲੱਗ ਜਾਂਦਾ ਹੈ।
ਇਲਾਜ : ਮੁੱਖ ਇਲਾਜ ਓਪ੍ਰੇਸ਼ਨ ਹੀ ਹੈ। ਉਪਰੋਕਤ ਇਨਵੈਸਟੀਗੇਸ਼ਨਾਂ, ਦਿਲ ਦੀ ਸਥਿਤੀ ਵਾਸਤੇ ਈ. ਸੀ. ਜੀ. ਸ਼ੂਗਰ ਦੇ ਟੈਸਟ, ਕੋਲੈਸਟਰੋਲ ਆਦਿ ਤੋਂ ਬਾਅਦ ਓਪ੍ਰੇਸ਼ਨ ਕੀਤਾ ਜਾਂਦਾ ਹੈ। ਇਨ੍ਹੀਂ ਦਿਨੀਂ ਸਾਰੇ ਹੀ ਛੋਟੇ ਵੱਡੇ ਕਸਬਿਆਂ ਤੇ ਸ਼ਹਿਰਾਂ ਵਿਚ  ਮਾਹਿਰ ਸਰਜਨ (ਸਰਕਾਰੀ ਤੇ ਪ੍ਰਾਈਵੇਟ) ਉਪਲਬਧ ਹਨ। ਵੱਡੇ ਹਸਪਤਾਲਾਂ ਵਿਚ ਇਹ ਓਪ੍ਰੇਸ਼ਨ ਦੂਰਬੀਨੀ ਤਰੀਕੇ ਨਾਲ ਕੀਤਾ   ਜਾਂਦਾ ਹੈ; ਇਕ ਜਾਂ ਦੋ ਦਿਨ ਹੀ ਹਸਪਤਾਲ ਵਿਚ ਰਹਿਣਾ ਪੈਂਦਾ ਹੈ। ਕਈ ਥੀਂ, ਵੱਡੇ ਚੀਰੇ ਵਾਲੇ ਓਪ੍ਰੇਸ਼ਨ ਹੁੰਦੇ ਹਨ, ਉਹਦੇ ਵਿਚ ਵੀ ਦੋ ਜਾਂ ਤਿੰਨ ਦਿਨ ਤੋਂ ਬਾਅਦ ਛੁੱਟੀ ਮਿਲ ਜਾਂਦੀ ਹੈ। ਓਪ੍ਰੇਸ਼ਨ ਤੋਂ ਪਿੱਛੋਂ, ਪਿੱਤੇ ਦੀ ਖ਼ੁਰਦਬੀਨੀ ਜਾਂਚ ਤੇ ਪੱਥਰੀਆਂ ਤੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ, ਕੀ ਪਤੈ , ਪੱਥਰੀਆਂ ਦੇ ਨਾਲ, ਕਿਤੇ ਕੈਂਸਰ ਹੀ ਨਾ ਬਣ ਗਿਆ ਹੋਵੇ ?  ਪੱਥਰੀ ਦੀ ਜਾਂਚ ਤੋਂ ਇਸ ਦੇ ਰਸਾਇਣਿਕ ਤੱਤਾਂ ਦਾ ਪਤਾ ਲੱਗ ਜਾਂਦਾ ਹੈ। ਮੇਰੇ ਵਿਭਾਗ ਵਿਚ ਰਜਿੰਦਰਾ ਹਸਪਤਾਲ, ਤੇ ਨੇੜੇ-ਤੇੜੇ ਦੇ ਹੈਲਥ ਸੈਂਟਰਾਂ ਤੋਂ, ਹਫਤੇ ਵਿਚ ਔਸਤਨ  15 ਤੋਂ 30 ਤੱਕ ਪਿੱਤੇ ਜਾਂਚ ਵਾਸਤੇ ਆਉਂਦੇ ਹਨ, ਜਿਨ੍ਹਾਂ ਵਿਚੋਂ ਤਕਰੀਬਨ ਸਾਰਿਆਂ ਵਿਚ ਹੀ ਪੱਥਰੀਆਂ ਤੇ ਕਈਆਂ 'ਚੋਂ ਕੈਂਸਰ ਦੇ ਨਿਕਲਦੇ ਰਹਿੰਦੇ ਹਨ।
ਯਾਦ ਰੱਖਣਯੋਗ : ਅੱਜ-ਕੱਲ੍ਹ ਦੀ ਕੰਪਿਊਟਰ ਤੇ ਟੀ.ਵੀ. ਵਾਲੇ ਲਾਈਫ ਸਟਾਈਲ ਦੌਰਾਨ, ਸਰੀਰ ਨੂੰ ਹਰਕਤ ਵਿਚ ਰੱਖੋ, ਵਰਜ਼ਿਸ਼, ਐਕਟਿਵਿਟੀ, ਸੈਰ, ਖੇਡਾਂ ਆਦਿ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
35-38 ਸਾਲ ਦੀ ਉਮਰ ਤੋਂ ਬਾਅਦ ਚਿਕਨਾਹਟ ਵਾਲੇ ਭੋਜਨ ਘਟਾ ਦਿਓ। ਹਰੀਆਂ ਸਬਜ਼ੀਆਂ, ਫਲ, ਪੌਸ਼ਟਿਕ ਤੇ ਸੰਤੁਲਿਤ ਆਹਾਰ ਲਓ। ਸਮੋਕਿੰਗ ਬਿਲਕੁਲ ਬੰਦ ਕਰ ਦਿਓ, ਇਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਕੈਂਸਰ ਪੈਦਾ ਕਰਦੀ ਹੈ।
ਡਾ. ਮਨਜੀਤ ਸਿੰਘ ਬੱਲ