ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਥਕਾਵਟ ਹੌਲੀ-ਹੌਲੀ ਚੂਸਦੀ ਹੈ ਖੂਨ ਸਾਡਾ


28 ਸਾਲਾ ਅਨਾਮਿਕਾ ਅਕਸਰ ਥਕਾਵਟ ਮਹਿਸੂਸ ਕਰਦੀ ਹੈ। ਹਾਲਾਂਕਿ ਉਸ ਦਾ ਦਿਨ ਭਰ ਦਾ ਰੁਝੇਵਾਂ ਕਾਫੀ ਰੁੱਝਿਆ ਹੋਇਆ ਹੈ, ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਆਰਾਮ ਨਾ ਮਿਲਣ ਕਾਰਨ ਉਸ ਨੂੰ ਸਾਰਾ ਦਿਨ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ। ਦਰਅਸਲ ਉਹ ਸਵੇਰੇ 6 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਕੰਮ ਵਿਚ ਰੁੱਝੀ ਰਹਿੰਦੀ ਹੈ। ਸਿੱਟੇ ਵਜੋਂ ਉਸ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ। ਪਰ ਪਿਛਲੇ ਕੁਝ ਮਹੀਨਿਆਂ ਤੋਂ ਉਹ ਜ਼ਿਆਦਾ ਥਕਾਵਟ ਮਹਿਸੂਸ ਕਰ ਰਹੀ ਹੈ। ਅਖੀਰ ਜਦੋਂ ਉਹ ਕਈ ਮਹੀਨੇ ਬਾਅਦ ਹਸਪਤਾਲ ਵਿਚ ਆਮ ਚੈੱਕਅਪ ਲਈ ਗਈ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਥਾਇਰਾਈਡ ਦਾ ਪੱਧਰ ਕਾਫੀ ਘਟ ਗਿਆ ਹੈ, ਜਿਸ ਕਾਰਨ ਉਹ ਥੋੜ੍ਹਾ ਕੰਮ ਕਰਨ ਨਾਲ ਹੀ ਥੱਕ ਜਾਂਦੀ ਹੈ।
ਇਹ ਕਹਾਣੀ ਸਿਰਫ ਅਨਾਮਿਕਾ ਦੀ ਨਹੀਂ ਹੈ। ਅੱਜਕਲ੍ਹ ਦੋਹਰੀ ਜੰਗ ਲੜਦੀਆਂ ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਰੋਗਾਂ ਦੇ ਘੇਰੇ ਵਿਚ ਆ ਜਾਂਦੀਆਂ ਹਨ। ਆਮ ਤੌਰ 'ਤੇ ਉਹ ਉਨ੍ਹਾਂ ਨੂੰ ਆਮ ਰੋਗ ਸਮਝ ਕੇ ਟਾਲ ਦਿੰਦੀਆਂ ਹਨ। ਪਰ ਜਦੋਂ ਤੱਕ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੁੰਦਾ ਹੈ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ। ਅਜਿਹਾ ਨਹੀਂ ਹੈ ਕਿ ਮਰਦ ਗੰਭੀਰ ਰੋਗਾਂ ਤੋਂ ਮੁਕਤ ਹਨ। ਉਨ੍ਹਾਂ ਨਾਲ ਵੀ ਇਹੀ ਸਮੱਸਿਆ ਹੈ ਕਿ ਉਨ੍ਹਾਂ ਨੂੰ ਵੀ ਸਾਰਾ-ਸਾਰਾ ਦਿਨ ਕੰਮ ਵਿਚ ਰੁੱਝੇ ਰਹਿਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਆਰਾਮ ਕਰਨ ਦੀ ਸਮਾਂ ਨਹੀਂ ਮਿਲਦਾ। ਹਾਲਾਂ ਕਿ ਕੰਮਕਾਰ ਜੀਵਨ-ਸ਼ੈਲੀ ਦਾ ਇਕ ਜ਼ਰੂਰੀ ਹਿੱਸਾ ਹੈ, ਪਰ ਸਮੱਸਿਆ ਇਹ ਹੈ ਕਿ ਅਸੀਂ ਅਕਸਰ ਉਸ ਦੌਰਾਨ ਹੋ ਰਹੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਇਸ ਦੇ ਮੁੱਖ ਕਾਰਨ ਹਨ ਥਕਾਵਟ।
ਥਕਾਵਟ ਇਕ ਅਜਿਹੀ ਸਮੱਸਿਆ ਹੈ ਜਿਸ ਨੂੰ ਅਸੀਂ ਸਾਰੇ ਹਰ ਰੋਜ਼ ਮਹਿਸੂਸ ਕਰਦੇ ਹਾਂ। ਲੋੜੀਂਦਾ ਆਰਾਮ ਨਾ ਮਿਲਣਾ, ਨੀਂਦ ਪੂਰੀ ਨਾ ਹੋਣਾ, ਆਮ ਨਾਲੋਂ ਜ਼ਿਆਦਾ ਕੰਮ ਕਰਨਾ, ਮਾਨਸਿਕ ਸਕੂਨ ਨਾ ਮਿਲਣਾ ਆਦਿ। ਇਹ ਸਾਰੇ ਥਕਾਵਟ ਦੇ ਲੱਛਣ ਹਨ। ਪਰ ਥਕਾਵਟ ਦੇ ਕੋਈ ਗੰਭੀਰ ਕਾਰਨ ਵੀ ਹੁੰਦੇ ਹਨ ਜਿਨ੍ਹਾਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ। ਇਸ ਲਈ ਜੇ ਤੁਸੀਂ ਲਗਾਤਾਰ ਥਕਾਵਟ ਦੇ ਘੇਰੇ ਵਿਚ ਰਹਿੰਦੇ ਹੋ ਤਾਂ ਬਿਹਤਰ ਹੈ ਕਿ ਤੁਸੀਂ ਆਪਣੇ ਕੁਝ ਟੈਸਟ ਕਰਵਾਓ, ਜਿਵੇਂ ਕਿ ਖੂਨ ਦੀ ਜਾਂਚ ਕਰਵਾਓ, ਥਾਇਰਾਇਡ ਚੈੱਕ ਕਰਵਾਓ, ਲੀਵਰ ਚੈੱਕ ਅਪ ਕਰਵਾਓ। ਇਸ ਤੋਂ ਇਲਾਵਾ ਦਿਲ ਦੇ ਰੋਗ ਵੀ ਥਕਾਵਟ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਜੇ ਰੋਜ਼ਾਨਾ ਥਕਾਵਟ ਹੋ ਰਹੀ ਹੈ ਅਤੇ ਇਸ ਦਾ ਕਾਰਨ ਨਾ ਪਤਾ ਲਗਦਾ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਇਥੇ ਅਸੀਂ ਕੁਝ ਅਜਿਹੇ ਗੰਭੀਰ ਰੋਗਾਂ ਦਾ ਜ਼ਿਕਰ ਕਰਾਂਗੇ ਅਤੇ ਪਤਾ ਲਾਵਾਂਗੇ ਉਨ੍ਹਾਂ ਤੋਂ ਬਚਣ ਦੇ ਢੰਗ ਤਾਂ ਕਿ ਥੋੜ੍ਹੀ ਦੇਰ ਤੱਕ ਕੰਮ ਕਰਨ ਨਾਲ ਥਕਾਵਟ ਨਾ ਹੋਵੇ।
ਥਾਇਰਾਇਡ ਦਾ ਪੱਧਰ ਘਟਣਾ
ਮੱਧ ਉਮਰ ਤੱਕ ਆਉਂਦਿਆਂ ਹੀ ਔਰਤਾਂ ਅਤੇ ਮਰਦ ਦੋਵੇਂ ਹੀ ਅਕਸਰ ਥਾਇਰਾਇਡ ਦਾ ਸ਼ਿਕਾਰ ਹੋ ਜਾਂਦੇ ਹਨ। ਸਾਡੀ ਗਰਦਨ ਦੇ ਹੇਠਾਂ ਸਥਿਤ ਇਕ ਗ੍ਰੰਥੀ ਤੋਂ ਟੀ-4 ਅਤੇ ਟੀ-3 ਨਾਮੀ ਹਾਰਮੋਨ ਨਿਕਲਦਾ ਹੁੰਦਾ ਹੈ। ਮੱਧ ਉਮਰ ਆਉਂਦਿਆਂ ਇਸ ਦੇ ਵਹਾਅ ਵਿਚ ਕਮੀ ਹੋਣ ਲਗਦੀ ਹੈ, ਜਿਸ ਕਾਰਨ ਸਰੀਰ ਦੇ ਹੋਰ ਅੰਗਾਂ 'ਤੇ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ, ਜਿਵੇਂ ਭਾਰ ਵਧਣਾ, ਠੰਢ ਲੱਗਣਾ, ਕਬਜ਼ ਹੋਣਾ, ਰੁੱਖੀ ਚਮੜੀ ਅਤੇ ਵਾਲਾਂ ਦਾ ਡਿਗਣਾ ਵਰਗੇ ਸਾਰੇ ਲੱਛਣ ਥਾਇਰਾਇਡ ਗ੍ਰੰਥੀ ਤੋਂ ਵਹਾਅ ਹੋਣ ਵਾਲੇ ਹਾਰਮੋਨ ਵਿਚ ਅਸੰਤੁਲਨ ਕਾਰਨ ਦਿਖਾਈ ਦਿੰਦੇ ਹਨ। ਇਸ ਲਈ ਇਸ ਦੀ ਨਿਯਮਿਤ ਜਾਂਚ ਕਰਾਉਣਾ ਅਤੇ ਆਪਣੀ ਜੀਵਨ-ਸ਼ੈਲੀ ਕੰਟਰੋਲ ਵਿਚ ਰੱਖਣਾ ਦੋਵੇਂ ਹੀ ਜ਼ਰੂਰੀ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਲਈ ਟੀ-4 ਦੇ ਪੱਧਰ ਦੀ ਜਾਂਚ ਲਈ ਖੂਨ ਦੀ ਜਾਂਚ ਕੀਤੀ ਜਾਂਦੀ ਹੈ। ਜੇ ਖੂਨ ਵਿਚ ਥਾਇਰਾਇਡ ਸਟੀਮੂਲੇਟਿੰਗ ਹਾਰਮੋਨ (ਟੀ.ਐਸ.ਐਚ.) ਅਤੇ ਟੀ-4 ਦਾ ਪੱਧਰ ਘੱਟ ਹੋਵੇ ਤਾਂ ਇਹ ਹਾਈਪੋਥਾਈਰਾਇਡਜ਼ਮ ਦੇ ਕਾਰਨ ਹੁੰਦਾ ਹੈ। ਜੇ ਖੂਨ ਵਿਚ ਟੀ. ਐਸ. ਐਚ. ਦਾ ਪੱਧਰ ਜ਼ਿਆਦਾ ਹੋਵੇ ਅਤੇ ਟੀ-4 ਦਾ ਪੱਧਰ ਆਮ ਹੋਵੇ, ਉਦੋਂ ਵੀ ਹਾਈਪੋਥਾਰੋਡਿਜ਼ਮ ਵੱਲ ਸੰਕੇਤ ਕਰਦਾ ਹੈ। ਇਸ ਲਈ ਥੋੜ੍ਹਾ ਜਿਹਾ ਵੀ ਘਰ ਵਿਚ ਥਕਾਵਟ ਤੋਂ ਪ੍ਰੇਸ਼ਾਨ ਹੋ ਅਤੇ ਮੱਧ ਉਮਰ ਵਰਗ ਵਿਚ ਦਾਖਲ ਹੋ ਰਹੇ ਹੋ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ। ਇਸ ਤੋਂ ਇਲਾਵਾ ਜਿਹੜਾ ਕੰਮ ਵੱਸ ਵਿਚ ਨਾ ਹੋਵੇ, ਉਸ ਨੂੰ ਕਰਨ ਤੋਂ ਬਚੋ।
ਦਿਲ ਦੇ ਰੋਗ
ਥਕਾਵਟ ਦਿਲ ਦੇ ਰੋਗੀਆਂ ਦਾ ਅਟੁੱਟ ਹਿੱਸਾ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਡਾਕਟਰ ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਰਾਮ ਦੇਣ ਦੀ ਸਲਾਹ ਦਿੰਦੇ ਹਨ ਜਾਂ ਫਿਰ ਅਜਿਹਾ ਕੰਮ ਕਰਨ ਤੋਂ ਬਚਦੇ ਹਨ ਜਿਸ ਕਾਰਨ ਦਿਲ 'ਤੇ ਦਬਾਅ ਪੈਂਦਾ ਹੋਵੇ। ਵੱਖ-ਵੱਖ ਅਧਿਐਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਨ੍ਹਾਂ ਮਰੀਜ਼ਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੁੰਦੀ ਹੈ, ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਥਕਾਵਟ ਹੋਣ ਲਗਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਦਿਲ ਵਿਚ ਖੂਨ ਪਹੁੰਚਾਉਣ ਵਾਲੀਆਂ ਕੋਸ਼ਿਕਾਵਾਂ ਵਿਚ ਰੁਕਾਵਟ ਹੋਣ ਲਗਦੀ ਹੈ। ਜਿਹੜੇ ਲੋਕ ਦਿਲ ਦੇ ਰੋਗ ਕਾਰਨ ਥਕਾਵਟ ਹੋਣ ਦੀ ਸ਼ਿਕਾਇਤ ਕਰਦੇ ਹਨ, ਉਨ੍ਹਾਂ ਨੂੰ ਕਾਰਡੀਓਲਾਜਿਸਟ ਕੋਲੋਂ ਜਾਂਚ ਕਰਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਆਮ ਤੌਰ 'ਤੇ ਔਰਤਾਂ ਇਸ ਤੋਂ ਅਣਜਾਣ ਹੁੰਦੀਆਂ ਹਨ ਜਦੋਂ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ ਜ਼ਿਆਦਾ ਹੈ। ਇਸ ਵਾਸਤੇ ਜ਼ਰੂਰੀ ਹੈ ਕਿ ਆਪਣੇ ਕੋਲੈਸਟ੍ਰੋਲ ਦੀ ਮਾਤਰਾ, ਬਲੱਡ ਪ੍ਰੈਸ਼ਰ ਅਤੇ ਖੂਨ ਵਿਚ ਸ਼ੂਗਰ ਦੀ ਮਾਤਰਾ ਦੀ ਜਾਂਚ ਲਈ ਟੈਸਟ ਕਰਾਏ ਜਾਣ। ਇਸ ਲਈ ਰੋਜ਼ਾਨਾ ਕਸਰਤ ਢੁਕਵਾਂ ਬਦਲ ਹੈ। ਜੇ ਸਾਹ ਲੈਣ ਵਿਚ ਮੁਸ਼ਕਿਲ ਹੋ ਰਹੀ ਹੈ ਜਾਂ ਬਦਹਜ਼ਮੀ ਹੋ ਜਾਏ ਤਾਂ ਸਿਟੀ ਸਕੈਨ ਕਰਾਉਣ ਵਿਚ ਦੇਰੀ ਨਹੀਂ ਕਰਨੀ ਚਾਹੀਦੀ।
ਲੀਵਰ ਦੀ ਬਿਮਾਰੀ
ਕਿਸੇ ਕਾਰਨ ਜਾਂ ਸੰਕ੍ਰਮਣ ਕਾਰਨ ਜੇ ਲੀਵਰ ਵਿਚ ਖਰਾਬੀ ਹੋ ਜਾਵੇ ਤਾਂ ਅਜਿਹੇ ਲੋਕਾਂ ਨੂੰ ਵੀ ਵਾਰ-ਵਾਰ ਥਕਾਵਟ ਮਹਿਸੂਸ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਕਦੇ ਕਿਸੇ ਦੇ ਖੂਨ ਚੜ੍ਹਾਇਆ ਜਾਂਦਾ ਹੈ ਜਾਂ ਜਿਹੜੇ ਲੋਕ ਪਹਿਲਾਂ ਕੋਕੀਨ ਦਾ ਸ਼ਿਕਾਰ ਰਹੇ ਹੋਣ ਜਾਂ ਜਿਨ੍ਹਾਂ ਦਾ ਲੀਵਰ ਪਹਿਲਾਂ ਤੋਂ ਹੀ ਸਹੀ ਕੰਮ ਨਾ ਕਰ ਰਿਹਾ ਹੋਵੇ, ਉਨ੍ਹਾਂ ਨੂੰ ਹੈਪੇਟਾਈਟਸ ਸੀ ਦੇ ਸੰਕ੍ਰਮਣ ਦੀ ਸੰਭਾਵਨਾ ਹੁੰਦੀ ਹੈ। ਅਜਿਹੇ ਲੋਕਾਂ ਨੂੰ ਭੁੱਖ ਨਾ ਲਗਣਾ, ਸਰੀਰ ਵਿਚ ਦਰਦ ਹੋਣਾ ਅਤੇ ਫਲੂ ਹੋਣਾ ਵਰਗੇ ਲੱਛਣ ਹੋ ਸਕਦੇ ਹਨ। ਅਜਿਹੀ ਸਥਿਤੀ ਵਿਚ ਡਾਕਟਰਾਂ ਜਾਂ ਮਾਹਿਰਾਂ ਦੇ ਕਹੇ ਅਨੁਸਾਰ ਆਪਣੀ ਜੀਵਨ-ਸ਼ੈਲੀ ਬਦਲ ਲੈਣੀ ਚਾਹੀਦੀ ਹੈ।
ਡਾ. ਮਾਜਿਦ ਅਲੀਮ