ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰੂ ਗ੍ਰੰਥ ਤੇ ਗੁਰੂ ਪੰਥ


ਗੁਰੂ ਗ੍ਰੰਥ ਤੇ ਗੁਰੂ ਪੰਥ ਸਿੱਖ ਧਰਮ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਹਨ। ਜਿਨ੍ਹਾਂ ਨਾਲ ਸਿੱਖ ਦੀ ਜੀਵਨ ਜਾਚ ਤੇ ਸਿੱਖ ਪੰਥ ਦਾ ਇਤਿਹਾਸ ਜੁੜਿਆ ਹੋਇਆ ਹੈ। ਗੁਰੂ ਪੰਥ ਦੀਆਂ ਜੜ੍ਹਾਂ ਗੁਰੂ ਗ੍ਰੰਥ ਵਿਚ ਹਨ ਜਿਸ ਦੀ ਅਗਵਾਈ ਵਿਚ ਇਹ ਮੌਲਿਆ ਵਿਗਸਿਆ ਤੇ ਪ੍ਰਵਾਨ ਚੜ੍ਹਿਆ ਹੈ। ਗੁਰੂ ਪੰਥ ਦੀ ਸਜੀਵਤਾ, ਚਿਰੰਜੀਵਤਾ ਤੇ ਸਾਰਥਕਤਾ ਦਾ ਇਕੋ ਇਕ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਜਿਸ ਦੇ ਸੰਦੇਸ਼ ਗੁਰੂ ਪੰਥ ਦੀ ਆਤਮਾ ਲਈ ਸਦੀਵੀ ਰਹਿਬਰੀ ਅਥਵਾ ਅਗਵਾਈ ਪ੍ਰਦਾਨ ਕਰਦੇ ਹਨ।
ਪਵਿੱਤਰ ਬਾਣੀ ਦੇ ਸੰਗ੍ਰਹਿ ਆਦਿ ਗ੍ਰੰਥ ਦੇ ਨਾਲ 'ਗੁਰੂ' ਸ਼ਬਦ ਦਾ ਪ੍ਰਯੋਗ ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਇਸ ਨੂੰ ਗੱਦੀ ਦੇਣ ਤੋਂ ਬਾਅਦ ਹੀ ਹੋਇਆ, ਪਰ ਗੁਰੂ ਨਾਨਕ ਦੇਵ ਜੀ ਨੇ 'ਸ਼ਬਦ ਗੁਰੂ' ਦੇ ਰੂਪ ਵਿਚ, ਗੁਰਬਾਣੀ ਦਾ ਸਨਮਾਨ ਕਰਨਾ ਆਰੰਭ ਕਰ ਦਿੱਤਾ ਸੀ। ਉਨ੍ਹਾਂ ਨੇ ਅਗਾਊਂ ਹੀ ਭਾਂਪ ਲਿਆ ਸੀ ਕਿ ਅਗੋਂ ਆ ਰਹੇ ਵਿਗਿਆਨਕ ਯੁੱਗ ਵਿਚ ਦੇਹਧਾਰੀ ਗੁਰੂ ਦੀ ਲੋੜਨ ਨਹੀਂ ਰਹੇਗੀ। ਇਸੇ ਲਈ ਉਨ੍ਹਾਂ ਨੇ ਆਪਣੇ ਸਮੇਂ ਤੋਂ ਹੀ 'ਗੁਰੂ' ਨੂੰ ਦੇਹ ਤੋਂ ਰਹਿਤ ਕਰਨ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਸੀ। ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨਾਲ ਵਾਰਤਾਲਾਪ ਸਮੇਂ ਸ਼ਬਦ ਨੂੰ ਆਪਣਾ ਗੁਰੂ ਦੱਸ ਕੇ ਮਾਨੁਖ ਦੀ ਸੁਰਤਿ ਨੂੰ ਗੁਰ ਸ਼ਬਦ ਦੀ ਭਾਵ-ਧੁਨੀ ਦੀ ਅਗਵਾਈ ਪ੍ਰਦਾਨ ਕਰ ਦਿੱਤੀ ਤੇ ਸਿੱਖ ਧਰਮ ਨੂੰ ਸ਼ਬਦ ਸੁਰਤਿ ਦੇ ਮੇਲ ਮਾਰਗ ਦਿੱਤਾ। ਜਿਵੇਂ ਉਨ੍ਹਾਂ ਦਾ ਫੁਰਮਾਨ ਹੈ।
ਸ਼ਬਦ ਗੁਰੂ ਸੁਰਤ ਧੁਨ ਚੇਲਾ
(ਰਾਮਕਲੀ ਮਹਲਾ ੧/੯੪੨-੯੪੩)
ਗੁਰੂ ਅਮਰਦਾਸ ਜੀ ਨੇ ਸ਼ਬਦ ਦੀ ਵਿਚਾਰ ਨੂੰ ਸਤਿਗੁਰ ਦੇ ਸਰੀਰਕ ਦਰਸ਼ਨ ਤੋਂ ਉਤਮ ਮੰਨਿਆ ਤੇ ਗੁਰੂ ਰਾਮਦਾਸ ਜੀ ਨੇ ਬਾਣੀ ਪ੍ਰਤੀ ਗੁਰੂ ਹੋਣ ਦੇ ਸਿਧਾਂਤ ਨੂੰ ਪ੍ਰਪੱਕ ਕਰਦਿਆਂ ਕਿਹਾ ਕਿ ਜੇਕਰ ਕੋਈ ਸੇਵਕ ਜਗਿਆਸੂ ਗੁਰਬਾਣੀ ਦੀ ਸਿੱਖਿਆ 'ਤੇ ਅਮਲ ਕਰੇ ਤਾਂ 'ਗੁਰੂ' ਪ੍ਰਤੱਖ ਤੌਰ 'ਤੇ ਪ੍ਰਗਟ ਹੋ ਕੇ ਉਸਨੂੰ ਤਾਰ ਦਿੰਦੇ ਹਨ। ਇਸ ਸਬੰਧ ਵਿਚ ਗੁਰਬਾਣੀ ਦੇ ਫੁਰਮਾਨ ਇਸ ਪ੍ਰਕਾਰ ਹਨ।
੧. ਸਤਿਗੁਰ ਨੋ ਸਭ ਕੋ ਵੇਖਦਾ ਜੇਤਾ ਜਗਤੁ ਸੰਸਾਰ£
ਡਿਠੈ ਮੁਕਤ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ£
(ਸਲੋਕ ਮਹਲਾ ੩/੫੯੪)
੨. ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਅੰਮ੍ਰਿਤੁ ਸਾਰੇ
ਗੁਰਬਾਣੀ ਕਹੈ ਸੇਵਕ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ£ (ਨਟ ਮਹਲਾ ੫/੯੮੨)
ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਮਹਾਨਤਾ 'ਰਤਨ ਲਾਲ ਜਾ ਕਾ ਕਛੂ ਨਾ ਮੋਲ' (ਗਉੜੀ ਮਹਲਾ ੫/੧੮੬) ਕਹਿਕੇ ਇਸ ਨੂੰ ਮਨੁੱਖੀ ਜੀਵਨ ਲਈ ਅਣਮੋਲ ਕਰਾਰ ਦਿੱਤਾ। ਉਨ੍ਹਾਂ ਨੇ ਇਸ ਪਵਿੱਤਰ ਗ੍ਰੰਥ ਨੂੰ ਪਰਮੇਸ਼ਰ ਦਾ ਆਪਣਾ ਨਿਵਾਸ ਅਸਥਾਨ ਆਖਿਆ ਤੇ ਕਿਹਾ ਕਿ ਜੋ ਮਨੁੱਖ ਸਤਿ ਸੰਗਤ ਵਿਚ ਕੁਲ ਸ੍ਰਿਸ਼ਟੀ ਦੇ ਸੁਆਮੀ ਦੀ ਸਿਫ਼ਤ ਗਾਇਨ ਕਰਦਾ ਹੈ, ਉਸਨੂੰ ਈਸ਼ਵਰ ਦਾ ਮੁਕੰਮਲ ਗਿਆਨ ਪ੍ਰਾਪਤ ਹੁੰਦਾ ਹੈ। ਜਿਵੇਂ
ਪੋਥੀ ਪਰਮੇਸਰ ਕਾ ਥਾਨੁ।
ਸਾਧ ਸੰਗਿ ਗਾਵਹਿ ਗੁਣ ਗੋਬਿੰਦ
ਪੂਰਨ ਬ੍ਰਹਮ ਗਿਆਨ।।
(ਸਾਰੰਗ ਮਹਲਾ ੫/੧੨੨੬)
ਗੁਰੂ ਅਰਜਨ ਦੇਵ ਜੀ, ਗੁਰੂ ਗ੍ਰੰਥ ਜੀ ਦੀ ਬੀੜ ਨੂੰ ਉੱਚੀ ਥਾਂ ਤੇ ਬਿਰਾਜਮਾਨ ਕਰਕੇ ਆਪ ਥੱਲੇ ਸੌਂਦੇ ਰਹੇ। ਇਸ ਵਿਚ ਹਰ ਖੁਸ਼ੀ ਗਮੀ ਦੇ ਸਮਾਗਮ ਸਮੇਂ ਗੁਰਬਾਣੀ ਪੜ੍ਹਨ ਤੇ ਸੁਣਨ ਦਾ ਵਿਧੀ ਵਿਧਾਨ ਹੈ। ਇਸ ਤਰ੍ਹਾਂ ਸ਼ਬਦ ਸਿੱਖ ਦੀ ਸਮੁੱਚੀ ਜ਼ਿੰਦਗੀ ਉਸ ਦੀ ਓਟ ਤੇ ਆਸਰਾ ਬਣਿਆ ਰਹਿੰਦਾ ਹੈ। ਇਕ ਸਿੱਖ ਜਿਗਿਆਸੂ ਦੀ ਆਤਮਾ ਵਿਚ ਜੋ ਵੀ ਗਿਆਨ ਅਥਵਾ ਵਿਵੇਕ, ਚੜ੍ਹਦੀ ਕਲਾ, ਗਤੀਸ਼ੀਲ ਸੋਚ ਪ੍ਰਕਾਸ਼ਮਈ ਜੀਵਨ ਜੁਗਤ, ਸਬਰ, ਸਿਦਕ ਆਦਿ ਤੱਤ ਹਨ। ਇਹ ਸਾਰੇ ਹੀ ਸ਼ਬਦ ਤੋਂ ਪੈਦਾ ਹੁੰਦੇ ਹਨ। ਗੁਰ ਸ਼ਬਦ ਸੁਰਤ ਦੀ ਜੜ੍ਹ ਹੀਨਤਾ ਨੂੰ ਖਤਮ ਕਰਕੇ ਉਸ ਨੂੰ ਗਤੀਸ਼ੀਲਤਾ ਪ੍ਰਦਾਨ ਕਰਦਾ ਹੈ। ਸ਼ਬਦ ਵਿਚਲੀ ਕਰਤਾਰੀ ਸ਼ਕਤੀ ਨੇ ਸਿੱਖ ਕੌਮ ਨੂੰ ਸ਼ਕਤੀਸ਼ਾਲੀ ਮਨੁੱਖਾਂ ਦੇ ਸੰਗਠਨ ਦਾ ਸਰੂਪ ਦਿੱਤਾ ਹੈ।
ਗੁਰੂ ਗ੍ਰੰਥ ਤੇ ਗੁਰੂ ਪੰਥ — ਆਪਣੀ ਜੀਵਨ ਯਾਤਰਾ ਦੇ ਅੰਤ ਤੇ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ, ਸਮੁੱਚੇ ਗੁਰੂ ਪੰਥ ਨੂੰ ਆਪਣਾ ਸਰੀਰ ਕਰਾਰ ਦਿੱਤਾ ਤੇ ਆਤਮਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੀਨ ਹੋਣ ਪ੍ਰਤੀ ਫੁਰਮਾਨ ਕੀਤਾ। ਜਿਵੇਂ ਭਾਈ ਕਾਹਨ ਸਿੰਘ ਜੀ ਨੇ ਆਖਿਆ ਹੈ, ਕਿ ਖਾਲਸਾ ਗੁਰੂ ਕੀ ਦੇਹ ਤੇ ਬਾਣੀ (ਗੁਰੂ ਗ੍ਰੰਥ ਸਾਹਿਬ) ਆਤਮਾ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਿੱਖੀ ਦੇ ਰੂਹੇ-ਰਵਾਂ, ਖਾਲਸਾ ਪੰਥ ਦੀ ਜਿੰਦ-ਜਾਨ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਨਾਮ-ਲੇਵਿਆਂ ਦੇ ਅਟੱਲ ਗੁਰੂ ਬਣ ਗਏ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇ ਇਸ ਦੀ ਤਾਬਿਆਂ ਗੁਰੂ ਪੰਥ ਸਿੱਖਾਂ ਦੀ ਅਗਵਾਈ ਕਰਨ ਵਾਲੀ ਦੋਹਤੀ ਸ਼ਕਤੀ ਦੇ ਰੂਪ ਵਿਚ ਸਾਹਮਣੇ ਆਏ।
ਸ਼ਬਦ-ਗੁਰੂ ਦੀ ਅਗਵਾਈ ਵਿਚ ਖਾਲਸੇ ਨੇ ਆਪਣਾ ਇਤਿਹਾਸਕ ਸਫ਼ਰ ਆਰੰਭ ਕੀਤਾ। ੧੭੦੯-੧੭੧੬ ਈ: ਤੱਕ, ਬਾਬਾ ਬੰਦਾ ਬਹਾਦਰ ਸਮੇਂ ਹੋਈਆਂ ਜੰਗਾਂ ਵਿਚ, ਅਗਲੇਰੀ ਤਕਰੀਬਨ ਅੱਧੀ ਸੱਦੀ ਦੇ ਸਮੇਂ ੧੭੬੨ ਈ. ਤੱਕ ਹੋਏ ਕਤਲੇਆਮਾਂ, ਘਲੂਘਾਰਿਆਂ ਤੇ ਮੌਤ ਦੇ ਪਰਛਾਇਆਂ ਥੱਲੇ ਜ਼ਿੰਦਗੀ ਤੇ ਮੌਤ ਦੀ ਅੰਤਿਮ ਲੜਾਈ ਲੜਦਿਆਂ, ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰਸ਼, ਖਾਲਸੇ ਦੇ ਸੰਘਰਸ਼ ਨੂੰ ਅੱਗੇ ਵਧਾਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਸੁਣ ਕੇ ਆਪਣਾ ਨਿਤ ਦਾ ਰਾਜ-ਕਾਜ਼ ਦਾ ਕੰਮ ਸ਼ੁਰੂ ਕਰਦੇ ਸਨ। ਇਤਿਹਾਸ ਦਸਦਾ ਹੈ, ਕਿ ਕਈ ਜੰਗਾਂ ਵਿਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਅਗਵਾਈ ਖਾਲਸਾ ਫ਼ੌਜ ਨੂੰ ਪ੍ਰਾਪਤ ਹੁੰਦੀ ਸੀ (ਡਾ. ਹਰਨਾਮ ਸਿੰਘ ਸ਼ਾਨ ਅਨੁਸਾਰ) ਗੁਰੂ ਪੰਥ ਨੇ ਆਪਣੀਆਂ ਸਮੂਹ ਸਰਗਰਮੀਆਂ, ਜਥੇਬੰਦੀ ਦੇ ਕਾਰਜਾਂ ਤੇ ਕੌਮ ਵਿਚ ਉਠ ਰਹੇ ਹੋਰ ਝਗੜਿਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਹੀ ਹੱਲ ਕੀਤਾ। ਮਿਸਾਲ ਵਜੋਂ ਬੰਦਈ ਤੇ ਤੱਤ-ਖਾਲਸੇ, ਘਨੱਈਆ ਤੇ ਸ਼ੁਕਰਚੱਕੀਆ ਮਿਸਲਾਂ, ਨਾਭੇ ਤੇ ਪਟਿਆਲੇ ਦੇ ਮਹਾਰਾਜਿਆਂ, ਦੁਆਬੇ ਤੇ ਮਾਲਵੇ ਦੇ ਸਿੱਖਾਂ ਇਤਿਆਦਿ, ਵਿਚ ਸੈਂਕੜੇ ਵਿਚਾਰ ਵਖੇਂਵੇਂ ਪੈਦਾ ਹੁੰਦੇ ਰਹੇ, ਪਰ ਉਨ੍ਹਾਂ ਸਭ ਧਿਰਾਂ ਨੂੰ ਇਕੋ ਲੜੀ ਵਿਚ ਪਰੋਏ ਰੱਖਣ ਵਾਲੀ, ਗੁਰੂ ਨਾਨਕ ਦੇਵ-ਗੁਰੂ ਗੋਬਿੰਦ ਸਿੰਘ ਜੀ ਦੇ ਲੜ ਲਾਏ ਰੱਖਣ ਵਾਲੀ ਸਰਬ ਸਾਂਝੀ ਸ਼ਕਤੀ ਕੇਵਲ ਸ੍ਰੀ ਗੂਰ ਗ੍ਰੰਥ ਸਾਹਿਬ ਹੀ ਬਣੇ ਰਹੇ।
ਗੁਰੂ ਗ੍ਰੰਥ ਤੇ ਗੁਰੂ ਪੰਥ ਪ੍ਰਤੀ ਇਕ ਵੱਡੀ ਚੁਣੌਤੀ—ਅਜੋਕੇ ਯੁੱਗ ਵਿਚ ਡੇਰਾਵਾਦ, ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸ਼ਕਤੀ ਨੂੰ ਖੋਰਾ ਲਾਉਣ ਵਾਲੀ ਇਕ ਵੱਡੀ ਚੁਣੌਤੀ ਦੇ ਰੂਪ ਵਿਚ ਉਭਰਿਆ ਹੈ। ਗੈਰ-ਸਿਧਾਂਤਕ ਰਾਜਨੀਤੀ, ਵੋਟ ਸਿਆਸਤ, ਪਾਸ਼ਵਿਕ ਪ੍ਰਵਿਰਤੀਆਂ ਵਾਲਾ, ਸਰੀਰਕ ਰਸਾਂ ਕਸਾਂ ਵਾਲਾ ਐਸ਼-ਵਿਲਾਸੀ ਜੀਵਨ, ਡਾਲਰ ਦੀ ਪੂਜਾ ਵਾਲਾ ਅਜੋਕਾ ਜੀਵਨ-ਢਾਂਚਾ, ਸਵੈ-ਹਿਤਾਂ ਦੇ ਵਿਕਾਸ ਦੀ ਰੁੱਚੀ, ਨਿਜੀ ਚੌਧਰਤਾ ਦੀ ਲਾਲਸਾ ਤੇ ਧਾਰਮਿਕ ਭੇਖ ਦਾ ਪਾਖੰਡਵਾਦ, ਡੇਰਾਵਾਦ ਨੂੰ ਪ੍ਰਫੁਲਤ ਕਰਨ ਵਾਲੇ ਕੁਝ ਕਾਰਨ ਹਨ। ਦੈਵੀ ਗੁਣਾਂ ਵਾਲੇ ਸੰਤ ਬ੍ਰਹਮ ਗਿਆਨੀ, ਪੁਰਸ਼ਾਂ ਨੂੰ ਛੱਡ ਕੇ, ਕਈ ਸਾਧ-ਸੰਤ ਸਿੱਖ ਸੰਗਤ ਨੂੰ ਗੁਰਮਤਿ ਵੱਲੋਂ ਤੋੜ ਕੇ ਨਿੱਜੀ ਪੂਜਾ ਵਲ ਲਾ ਕੇ, ਗੁਰੂ-ਡੰਮ ਨੂੰ ਫਿਰ ਸੁਰਜੀਤ ਕਰ ਰਹੇ ਹਨ। ਸ਼ਬਦ-ਗੁਰੂ ਦੇ ਵਿਗਿਆਨਕ ਪ੍ਰਚਾਰ ਤੇ ਪ੍ਰਸਾਰ ਦੁਆਰਾ ਇਸ ਪ੍ਰਵਿਰਤੀ ਨੂੰ ਠੱਲ੍ਹ ਪਾ ਕੇ, ਇਕ ਗੁਰੂ ਤੇ ਇਕ ਮਰਿਯਾਦਾ ਦੇ ਅਸੂਲ ਨੂੰ ਸਥਾਪਿਤ ਕਰਨ ਦੀ ਸਖ਼ਤ ਜ਼ਰੂਰਤ ਹੈ। ਵਰਤਮਾਨ ਕਾਲ ਵਿਚ ਸਿੱਖ ਕੌਮ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਕੈਨੇਡਾ, ਜਰਮਨੀ, ਆਸਟ੍ਰੇਲੀਆ, ਮਲੇਸ਼ੀਆ, ਥਾਈਲੈਂਡ ਆਦਿ ਦੇਸ਼ਾਂ ਵਿਚ ਫੈਲ ਗਈ ਹੈ ਤੇ ਸਿੱਖ ਹਰ ਖੇਤਰ ਵਿਚ, ਆਰਥਿਕ, ਰਾਜਸੀ ਤੇ ਧਾਰਮਿਕ ਪਿੜਾਂ ਵਿਚ ਮੱਲਾਂ ਮਾਰ ਰਹੇ ਹਨ, ਤੇ ਆਪਣੀ ਪਛਾਣ ਲਈ ਘੋਲ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫ਼ਾ ਹੀ ਇਨ੍ਹਾਂ ਦੀ ਜੀਵਨ ਜਾਚ ਦਾ ਮੁੱਖ ਸ੍ਰੋਤ ਹੈ। ਪ੍ਰੋਫੈਸਰ ਪੂਰਨ ਸਿੰਘ ਦੇ ਕਥਨ ਅਨੁਸਾਰ ਇਨ੍ਹਾਂ ਨੇ ਕਦੀ ਵੀ ਗੁਲਾਮੀ ਬਰਦਾਸ਼ਤ ਨਹੀਂ ਕੀਤੀ। ਆਜ਼ਾਦੀ ਦੀ ਤਲਾਸ਼ ਇਨ੍ਹਾਂ ਦਾ ਮੁੱਖ ਮੰਤਵ ਹੈ। ਜਿਵੇਂ—
ਅਖੜ ਖਾਂਹ, ਅਲਬੇਲੇ ਧੁਰ ਬੀ,
ਸਤਿਗੁਰਾਂ ਦੇ ਆਜ਼ਾਦ ਕੀਤੇ ਇਹ ਬੰਦੇ,
ਪੰਜਾਬ ਨਾ ਹਿੰਦੂ ਨਾ ਮੁਸਲਮਾਨ
ਪੰਜਾਬ ਜੀਂਦਾ ਗੁਰੂ ਦੇ ਨਾਮ ਤੇ।
ਪ੍ਰਿੰ. ਡਾ. ਇੰਦਰਜੀਤ ਸਿੰਘ ਵਾਸੂ