ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫਤਹਿ ਦਾ ਬਾਦਸ਼ਾਹ


ਦੱਖਣ ਯਾਤਰਾ ਸਮੇਂ ਸੰਨ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪਹੁੰਚੇ। ਉਹ ਸਿੰਘਾਂ ਦੇ ਦਲ ਸਮੇਤ ਗੋਦਾਵਰੀ ਕਿਨਾਰੇ ਮਾਧੋ ਦਾਸ ਦੇ ਡੇਰੇ ਪਹੁੰਚੇ ਤੇ ਪਲੰਘ 'ਤੇ ਬਿਰਾਜਮਾਨ ਹੋ ਗਏ। ਉਸ ਸਮੇਂ ਮਾਧੋ ਦਾਸ ਡੇਰੇ ਵਿੱਚ ਨਹੀਂ ਸੀ। ਜਦੋਂ ਉਹ ਡੇਰੇ ਪਹੁੰਚਿਆ ਤਾਂ ਗੁਰੂ ਜੀ ਨੂੰ ਪਲੰਘ 'ਤੇ ਬੈਠਾ ਦੇਖ ਕੇ ਬਹੁਤ ਕ੍ਰੋਧਵਾਨ ਹੋਇਆ ਕਿ ਕੌਣ ਹੈ, ਜੋ ਮੇਰੇ ਪਲੰਘ 'ਤੇ ਬੈਠਾ ਹੈ? ਗੁੱਸੇ 'ਚ ਆਮ ਵਾਂਗ ਪਲੰਘ ਉਲਟਾਉਣ ਦਾ ਯਤਨ ਕੀਤਾ ਪਰ ਸਭ ਅਸਫ਼ਲ। ਕਈ ਰਿਧੀਆਂ-ਸਿਧੀਆਂ, ਕਰਾਮਾਤਾਂ ਕਰਨ ਦਾ ਯਤਨ ਕੀਤਾ ਪਰ ਅਖੀਰ ਚਰਨੀਂ ਢਹਿ ਪਿਆ। ਮਨ ਜਿੱਤਣ ਦੀ ਗੁੜਤੀ ਤੇ ਮੌਤ 'ਤੇ ਵੀ ਫ਼ਤਿਹ ਪ੍ਰਾਪਤ ਕਰਨ ਵਾਸਤੇ ਜੋਦੜੀ ਕਰਨ ਲੱਗਿਆ। ਨਜ਼ਰਾਂ ਝੁਕਾ ਕੇ ਕਹਿਣ ਲੱਗਾ, ''ਸੁਆਮੀ ਬਖ਼ਸ਼ ਲਵੋ, ਮੈਂ ਤੁਹਾਡਾ 'ਬੰਦਾ' ਹਾਂ।'' ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਸਿੱਖ ਪੰਥ 'ਚ ਸ਼ਾਮਲ ਹੋ ਕੇ ਫ਼ਤਿਹ ਦੀ ਬਾਦਸ਼ਾਹਤ ਪ੍ਰਾਪਤ ਕਰਨ ਲਈ ਗੁੜ੍ਹਤੀ ਲਈ। ਗੁਰੂ ਜੀ ਨੇ ਬੰਦਾ ਸਿੰਘ ਨੂੰ ਤੋੜੀ ਹੋਈ ਕਮਾਨ ਦੀ ਥਾਂ ਨਾ ਟੁੱਟਣ ਵਾਲੀ ਕਮਾਨ ਤੇ ਫ਼ੌਲਾਦੀ ਤੀਰ ਬਖਸ਼ਿਸ਼ ਕੀਤੇ ਤੇ ਹੁਕਮ ਕੀਤਾ ਕਿ ਪਹਿਲਾਂ ਨਿਰਦੋਸ਼ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ, ਹੁਣ ਤੂੰ ਜਬਰ-ਜ਼ੁਲਮ ਤੇ ਅੱਤਿਆਚਾਰ ਦੀ ਹਨੇਰੀ ਨੂੰ ਠੱਲਣ ਵਾਸਤੇ ਅੱਤਿਆਚਾਰੀ ਹਾਕਮਾਂ, ਜ਼ਾਲਮਾਂ ਦਾ ਸ਼ਿਕਾਰ ਕਰ ਅਤੇ ਮੌਤ ਦੇ ਭੈਅ ਤੋਂ ਸੁਤੰਤਰ ਹੋ ਕੇ ਫ਼ਤਿਹ ਦਾ ਬਾਦਸ਼ਾਹ ਬਣ। ਜਦ ਵੀ ਜ਼ਰੂਰਤ ਪਵੇ ਗੁਰੂ ਗ੍ਰੰਥ- ਗੁਰੂ ਪੰਥ ਅੱਗੇ ਅਰਦਾਸ ਕਰੀਂ ਤੈਨੂੰ ਫ਼ਤਿਹ ਪ੍ਰਾਪਤ ਹੋਵੇਗੀ। ਗੁਰੂ ਪੰਥ ਤੇਰੀ ਸਹਾਇਤਾ ਕਰੇਗਾ। ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਹੁਕਮ ਦਾ ਆਖਰੀ ਸਾਹਾਂ ਤੀਕ ਪਾਬੰਦ ਰਿਹਾ।
ਬੰਦਾ, ਬੰਦੇ, ਬੰਦਗੀ ਸ਼ਬਦ 'ਚ ਇਕ ਰੂਹਾਨੀ ਸਾਂਝ ਹੈ। ਬੰਦਾ ਹੀ ਬੰਦਗੀ ਕਰ ਸਕਦਾ ਹੈ ਅਤੇ ਬੰਦਾ ਤਦ ਹੀ ਬੰਦਾ ਹੈ ਜੇ ਉਹ ਬੰਦਗੀ ਕਰਦਾ ਹੈ। ਘਰ ਤਿਆਗ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ 'ਬੰਦਗੀ' ਕਰਨੀ ਸ਼ੁਰੂ ਕਰ ਦਿੱਤੀ ਪਰ ਇਹ ਬੰਦਗੀ ਗੁਰਮਤਿ ਵਿਚਾਰਧਾਰਾ ਅਨੁਸਾਰ ਨਹੀਂ ਸੀ। ਗੁਰੂ ਜੀ ਦੇ ਮਿਲਾਪ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੀਵਨ ਆਦਰਸ਼ ਦੀ ਸਮਝ ਲੱਗੀ ਤਾਂ ਉਹ ਬੋਲ ਉੱਠਿਆ, ''ਹੇ ਗੁਰੂ! ਮੈਂ ਤੇਰਾ ਦਾਸ, ਗੁਲਾਮ, ਬੰਦਾ ਹਾਂ, ਹੇ ਮਾਲਕ ਸੁਆਮੀ ਤੇਰੀ ਕੀਰਤੀ ਹੀ ਹੁਣ ਮੇਰੇ ਮਨ ਨੂੰ ਭਾਉਂਦੀ ਹੈ। ਗੁਰੂ ਜੀ ਨੇ ਬਾਬਾ ਬੰਦਾ ਸਿੰਘ ਨੂੰ ਸਮਝਾਇਆ ਕਿ ਬੰਦੇ, ਜੋ ਕੁਝ ਦਿਖਾਈ ਦੇਂਦਾ ਹੈ, ਸਭ ਨਾਸ਼ਵਾਨ ਹੈ। ਆਪਣੇ ਮਨ ਨੂੰ ਇਕਾਗਰ ਕਰਨ 'ਤੇ ਦੁਬਿਧਾ ਨੂੰ ਛੱਡ ਤੇ ਪਰੇਸ਼ਾਨੀਆਂ ਤੋਂ ਬਚ। ਬੰਦੇ ਦੀ ਭਟਕਣਾ ਗੁਰੂ ਮਿਲਾਪ ਤੋਂ ਬਾਅਦ ਖ਼ਤਮ ਹੋ ਗਈ। ਬਸ ਫਿਰ ਕੀ ਸੀ, ਇਸ ਸੰਸਾਰ ਦੀ ਕੋਈ ਵੀ ਸ਼ਕਤੀ ਉਸ ਨੂੰ ਡਰਾ, ਧਮਕਾ, ਭਟਕਾ ਨਹੀਂ ਸਕੀ। ਫਿਰ ਭਾਵੇਂ ਉਸ ਦੇ ਸਾਹਮਣੇ ਉਸ ਦੇ ਚਾਰ ਸਾਲਾ ਬੱਚੇ ਦੇ ਟੁਕੜੇ ਕੀਤੇ ਜਾਂਦੇ ਹਨ, ਦਿਲ ਕੱਢ ਕੇ ਮੂੰਹ 'ਚ ਪਾਇਆ, ਬੋਟੀਆਂ ਦਾ ਹਾਰ ਪਰੋ ਕੇ ਗਲ ਵਿੱਚ ਪਾਇਆ ਪਰ ਬੰਦਾ ਤਾਂ ਸਭ ਕੁਝ ਗੁਰੂ ਨੂੰ ਸੌਂਪ ਚੁੱਕਾ ਸੀ। ਬੰਦਾ ਸਿੰਘ ਬਹਾਦਰ ਨੇ ਜਬਰ-ਜ਼ੁਲਮ ਦੇ ਦਰੱਖਤ ਨੂੰ ਇਉਂ ਨਿਚੋੜ ਦਿੱਤਾ ਜਿਵੇਂ ਅਮਰ ਵੇਲ ਦਰੱਖਤ ਦਾ ਰਸ ਸੁਕਾ ਦਿੰਦੀ ਹੈ।
ਗੁਰਮਤਿ ਵਿਚਾਰਧਾਰਾ ਦਾ ਧਾਰਨੀ ਸੂਰਮਾ ਰਣ ਤੱਤੇ ਨੂੰ ਛੱਡ ਕੇ ਸਾਥੀਆਂ ਨੂੰ ਦਗ਼ਾ ਨਹੀਂ ਦੇਂਦਾ। ਬਾਬਾ ਬੰਦਾ ਸਿੰਘ ਬਹਾਦਰ ਬਚਨ ਦਾ ਬਲੀ ਸੂਰਮਾ ਸੀ। ਗੁਰੂ ਨਾਲ ਕੀਤੇ ਆਇਦ ਮੁਤਾਬਕ ਉਹ ਰਣ ਤੱਤੇ ਵਿੱਚ ਸਮੇਂ-ਸਮੇਂ ਜੂਝਦਾ ਹੈ ਤੇ ਮੌਤ ਦੇ ਭਿਆਨਕ ਰੂਪ ਨੂੰ ਸਾਹਮਣੇ ਤੱਕ ਕੇ ਘਬਰਾਉਂਦਾ ਨਹੀਂ ਸਗੋਂ ਮੌਤ 'ਤੇ ਵੀ ਫ਼ਤਿਹ ਪ੍ਰਾਪਤ ਕਰਦਾ ਹੈ।
ਅਤਿ ਬਿਖੜੇ ਸਮੇਂ ਸਿੱਖ ਬਾਦਸ਼ਾਹਤ ਕਾਇਮ ਕਰਨਾ ਉਸ ਦੀ ਵਿਸ਼ੇਸ਼ ਪ੍ਰਾਪਤੀ ਸੀ। ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨਾਲ ਉਸ ਨੇ ਮੁੱਠੀ ਭਰ ਸਿਰਲੱਥ ਯੋਧਿਆਂ ਦੀ ਸਹਾਇਤਾ ਨਾਲ ਪੰਜਾਬ 'ਚੋਂ ਜਬਰ-ਜ਼ੁਲਮ ਦੀਆਂ ਜੜ੍ਹਾਂ ਉਖਾੜ ਸੁੱਟੀਆਂ। ਸਰਹਿੰਦ ਨੂੰ ਫ਼ਤਿਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੇਸਰੀ ਪਰਚਮ ਝੁਲਾ ਫ਼ਤਿਹ ਦਿਵਸ ਮਨਾਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਫ਼ੌਜੀ ਦਸਤੇ 'ਚ ਸਿੱਖ, ਮੁਸਲਮਾਨ, ਹਿੰਦੂ ਤੇ ਉਦਾਸੀ ਸ਼ਾਮਲ ਸਨ। ਉਸ ਨੇ ਸੋਨੀਪਤ, ਸਮਾਣਾ, ਘੁੜਾਮ, ਸ਼ਾਹਬਾਦ, ਕਪੂਰੀ ਤੇ ਸਢੌਰ 'ਤੇ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ। 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ 'ਚ ਖ਼ੂਨੀ ਜੰਗ ਹੋਈ, ਜਿਸ ਵਿੱਚ ਸਰਹਿੰਦ ਦਾ ਸੂਬੇਦਾਰ ਵਜ਼ੀਰ ਖ਼ਾਨ ਮਾਰਿਆ ਗਿਆ । 14 ਮਈ 1710 ਨੂੰ ਪੰਥਕ ਫ਼ੌਜਾਂ ਨੇ ਸਰਹਿੰਦ 'ਤੇ ਕੇਸਰੀ ਪਰਚਮ ਝੁਲਾ ਦਿੱਤੇ। ਸਰਹਿੰਦ ਦੀ ਥਾਂ ਬਾਬਾ ਜੀ ਨੇ ਮੁਖਲਿਸਗੜ੍ਹ ਨੂੰ ਰਾਜਧਾਨੀ ਬਣਾਇਆ ਤੇ ਇਸ ਦਾ ਨਾਂ ਲੋਹਗੜ੍ਹ ਰੱਖਿਆ। ਉਸ ਨੇ ਬਾਦਸ਼ਾਹਤ ਪ੍ਰਾਪਤ ਕਰਕੇ ਵੀ ਆਪਣੇ ਨਾਂ ਦਾ ਸਿੱਕਾ ਜਾਰੀ ਨਹੀਂ ਕੀਤਾ। ਬਾਦਸ਼ਾਹਤ ਦੀਆਂ ਪਰਸਪਰ ਨਿਸ਼ਾਨੀਆਂ ਸਿੱਕਾ, ਮੋਹਰ ਤੇ ਕੈਲੰਡਰ ਗੁਰੂ ਨਾਨਕ ਦੇ ਨਾਂ ਦਾ ਜਾਰੀ ਕਰਕੇ ਉਸ ਨੇ ਸੁਆਰਥ, ਹਉਮੈ-ਹੰਕਾਰ, ਖ਼ੁਦਗਰਜ਼ੀ 'ਤੇ ਫ਼ਤਿਹ ਪ੍ਰਾਪਤ ਕੀਤੀ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਦਾ ਸਿੱਕਾ ਜਾਰੀ ਕੀਤਾ, , ਜਿਸ ਤੇ ਇਹ ਸਬਦ ਉੱਕਰੇ ਗਏ:
ਸਿੱਕਾ ਜਦ ਬਰ ਹਰ ਦੋ ਆਲਮ ਤੇਗਿ ਨਾਨਕ ਸਾਹਿਬ ਅਸਤ
ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਨ ਫ਼ਜਲਿ ਸੱਚਾ ਸਾਹਿਬ ਅਸਤ
ਉਸ ਦੀ ਮੋਹਰ ਵੀ ਪੰਥਕ ਸਰੂਪ ਦੀ ਫ਼ਤਿਹ ਨੂੰ ਪ੍ਰਗਟ ਕਰਦੀ ਸੀ :
ਦੇਗੋ ਤੇਗੋ ਫਤਹਿ ਓ ਨੁਸਰਤਿ ਬੇ-ਦਿਰੰਗ
ਯਾਫ਼ਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਅਸਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇਸ ਪ੍ਰਾਪਤੀ ਨੂੰ ਸਿਰਫ਼ ਗੁਰੂ ਦੀ ਬਖ਼ਸ਼ਿਸ਼ ਮੰਨਦਾ ਸੀ। ਯਮਨਾ ਤੋਂ ਲੈ ਕੇ ਦਰਿਆ ਰਾਵੀ ਦੇ ਵਿਸ਼ਾਲ ਇਲਾਕੇ 'ਚ ਬੰਦਾ ਸਿੰਘ ਬਹਾਦਰ ਨੇ ਤਕਰੀਬਨ ਛੇ ਸਾਲ ਰਾਜ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਅਹਿਸਾਸ ਕਰਵਾ ਦਿੱਤਾ ਕਿ ਖ਼ਾਲਸਾ ਪਰਿਵਾਰ ਦੇ ਮੈਂਬਰ ਸੁਤੰਤਰ ਸੋਚ, ਹੋਂਦ, ਹਸਤੀ ਤੇ ਵਿਚਾਰ ਲੈ ਕੇ ਪੈਦਾ ਹੋਏ ਹਨ।
ਪੰਜਾਬ ਦੇ ਕਿਸਾਨਾਂ ਨੂੰ ਜਗੀਰਦਾਰੀ ਪ੍ਰਬੰਧ ਤੋਂ ਮੁਕਤ ਕਰਵਾਇਆ ਤੇ ਸਾਬਤ ਕਰ ਦਿੱਤਾ ਕਿ ਖੇਤ ਦਾ ਮਾਲਕ ਉਹੀ ਹੈ ਜੋ ਖੇਤੀ ਕਰ ਰਿਹਾ ਹੈ। ਅਸਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ 'ਚ ਧਾਰਮਿਕ, ਸਮਾਜਿਕ, ਆਰਥਿਕ, ਰਾਜਸੀ ਸੁਤੰਤਰਤਾ ਦੇ ਝੰਡੇ ਗੱਡੇ। ਦੱਬੇ-ਕੁਚਲੇ ਲੋਕਾਂ ਨੂੰ ਸੁਤੰਤਰਤਾ ਦਾ ਅਹਿਸਾਸ ਹੋਇਆ। ਲੋਕਾਂ ਦੇ ਦਿਲਾਂ 'ਤੇ ਰਾਜ ਸਥਾਪਿਤ ਕਰ ਲੋਕ ਮਾਨਸਿਕਤਾ 'ਤੇ ਫ਼ਤਿਹ ਪ੍ਰਾਪਤ ਕੀਤੀ। ਵਿਸ਼ਾਲ ਮੁਗ਼ਲ ਰਾਜ ਢਹਿ-ਢੇਰੀ ਹੋਣ 'ਤੇ ਸੂਫ਼ੀ ਫਕੀਰ ਬੁੱਲੇ ਸ਼ਾਹ ਦੇ ਬੋਲ ਗੂੰਜ ਉੱਠੇ :
ਭੂਰਿਆ ਵਾਲੇ ਰਾਜੇ ਕੀਤੇ,
ਮੁਗਲਾਂ ਜ਼ਹਿਰ ਪਿਆਲੇ ਪੀਤੇ।
ਡਾ. ਹਰੀ ਰਾਮ ਗੁਪਤਾ ਮੁਤਾਬਕ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਤ-ਪਾਤ, ਧਰਮ, ਨਸਲ ਦੇ ਬੰਧਨਾਂ ਨੂੰ ਤੋੜਿਆ, ਅਖੌਤੀ ਨੀਚ ਜਾਤਾਂ ਨੂੰ ਉੱਚ ਅਹੁਦੇ ਦਿੱਤੇ। ਸਮਾਜਿਕ ਬਰਾਬਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ। ਬਾਬਾ ਬੰਦਾ ਸਿੰਘ ਦੇ ਰਾਜ ਪ੍ਰਬੰਧ 'ਚ ਸਭ ਦਾ ਮਾਣ ਸਤਿਕਾਰ ਕੀਤਾ ਜਾਂਦਾ ਸੀ। 'ਸਭੇ ਸਾਝੀਵਾਲ ਸਦਾਇਨ' ਦਾ ਉਪਦੇਸ਼ ਅਮਲ 'ਚ ਪ੍ਰਗਟ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਹਿੰਦੂਆਂ ਜਾਂ ਮੁਸਲਮਾਨਾਂ 'ਤੇ ਕਿਸੇ ਕਿਸਮ ਦੀਆਂ ਪਾਬੰਦੀਆਂ ਨਹੀਂ ਲਾਈਆਂ, ਮੁਸਲਮਾਨ ਸਿਪਾਹੀਆਂ ਨੂੰ ਸਮੇਂ ਸਿਰ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ। ਤਕਰੀਬਨ 15,000 ਮੁਸਲਮਾਨ ਉਸ ਦੀਆਂ ਫ਼ੌਜਾਂ ਵਿੱਚ ਸ਼ਾਮਲ ਸਨ।
ਗੁਰਦਾਸ ਨੰਗਲ ਦੇ ਪਿੰਡ ਵਿਚ ਦੁਨੀਚੰਦ ਦੀ ਹਵੇਲੀ ਸੀ। ਉੱਥੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ 7 ਦਸੰਬਰ 1715 ਨੂੰ ਅੱਠ ਮਹੀਨੇ ਘੇਰੇ ਪਿੱਛੋਂ ਸੱਤ ਸੌ ਸਿਪਾਹੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਅੱਠ ਮਹੀਨੇ ਸਿੰਘਾਂ ਨੇ ਬਹੁਤ ਕਸ਼ਟਾਂ ਨਾਲ ਕੱਟੇ ਸਨ। ਬਾਬਾ ਬੰਦਾ ਸਿੰਘ ਬਹਾਦਰ ਜ਼ੰਜੀਰਾਂ ਜਕੜ ਪਿੰਜਰੇ 'ਚ ਬੰਦ ਕਰਕੇ ਹਾਥੀ 'ਤੇ ਬਿਠਾ ਦਿੱਤਾ ਗਿਆ।
ਇਤਿਹਾਸਕਾਰ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇੱਕ ਵੀ ਸਿੱਖ ਦੇ ਚਿਹਰੇ ਉੱਤੇ ਇਤਨੇ ਔਖੇ ਸਮੇਂ ਵੀ ਉਦਾਸੀ ਨਹੀਂ ਸੀ। ਰੋਜ਼ਾਨਾ ਸੌ-ਸੌ ਸਿੱਖ ਨੂੰ ਸ਼ਰੇਆਮ ਆਮ ਲੋਕਾਂ ਸਾਹਮਣੇ ਕਤਲ ਕੀਤਾ ਜਾਂਦਾ। ਬਾਬਾ ਜੀ ਦੇ ਸਾਰੇ ਸਾਥੀ ਵੀ ਜੀਵਨ 'ਤੇ ਫ਼ਤਿਹ ਪ੍ਰਾਪਤ ਕਰ ਚੁੱਕੇ ਸਨ। ਨੌਂ ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਦਾ ਦਿਨ ਨਿਸ਼ਚਿਤ ਕੀਤਾ ਗਿਆ। ਬਾਬਾ ਜੀ ਵੀ ਅੱਗੇ ਮੌਤ ਜਾਂ ਇਸਲਾਮ 'ਚੋਂ ਇੱਕ ਨੂੰ ਪ੍ਰਵਾਨ ਕਰਨ ਦੀ ਸ਼ਰਤ ਰੱਖੀ ਗਈ। ਉਨ੍ਹਾਂ ਨੇ ਮੌਤ ਨੂੰ ਪ੍ਰਵਾਨ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸਨਮੁਖ ਉਨ੍ਹਾਂ ਦੇ ਚਾਰ ਸਾਲ ਦੇ ਬੱਚੇ ਨੂੰ ਸ਼ਹੀਦ ਕੀਤਾ ਗਿਆ ਤਾਂ ਜੋ ਬਾਬਾ ਜੀ ਡੋਲ ਜਾਣ ਪਰ ਬਾਬਾ ਬੰਦਾ ਸਿੰਘ ਬਹਾਦਰ ਅਟੱਲ ਤੇ ਸ਼ਾਂਤ ਰਹੇ। ਉਨ੍ਹਾਂ ਦੇ ਸਰੀਰ ਦੇ ਮਾਸ ਨੂੰ ਜਮੂਰਾਂ ਨਾਲ ਨੋਚਿਆ ਗਿਆ। ਅਖੀਰ ਅਕਹਿ ਤੇ ਅਸਹਿ ਤਸੀਹੇ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਮੁਗ਼ਲਾਂ ਵਾਸਤੇ ਉਹ ਰੱਤ ਦਾ ਤਿਹਾਇਆ ਰਾਖਸ਼ ਸੀ। ਹਿੰਦੂਆਂ ਦਾ ਸ਼੍ਰੋਮਣੀ ਨਾਇਕ ਅਤੇ ਸਿੱਖਾਂ ਦਾ ਪਹਿਲਾ ਬਾਦਸ਼ਾਹ ਸੀ। ਉਸ ਪਾਸ ਬਹਾਦਰੀ, ਰੂਹਾਨੀਅਤ ਤੇ ਅਦੁੱਤੀ ਯੁੱਧਨੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਮਨ 'ਤੇ ਜਿੱਤ ਪ੍ਰਾਪਤ ਕਰਕੇ ਸਦੀਵੀ ਫ਼ਤਹਿ ਪ੍ਰਾਪਤ ਕਰ ਲਈ।
ਰੂਪ ਸਿੰਘ