ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਫਿਰ ਅਕਾਲੀ ਬਣੇ ਬਲਵੰਤ ਸਿੰਘ ਰਾਮੂਵਾਲੀਆ ਦੀਆਂ 'ਬਾਜ਼ੀਆਂ


ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਰਹੇ ਸ. ਬਲਵੰਤ ਸਿੰਘ ਰਾਮੂਵਾਲੀਆ ਹੁਣ ਸਿਆਸਤ ਵਿਚ ਅਜਿਹੀ ਥਾਂ 'ਤੇ ਆ ਚੁੱਕੇ ਹਨ ਜਦੋਂ ਅਕਸਰ ਰਾਜਨੀਤਕ ਲੋਕਾਂ ਵਿਚ ਸਿਧਾਂਤਾਂ ਨਾਲੋਂ ਪੈਸੇ ਦੀ ਤਲਾਸ਼ ਅਤੇ ਸੋਹਰਤ ਦੀ ਭੁੱਖ ਹਾਵੀ ਹੋ ਜਾਂਦੀਆਂ ਹਨ। ਆਪਣੀ ਸਾਰੀ ਉਮਰ ਸ਼੍ਰੋਮਣੀ ਅਕਾਲੀ ਦਲ ਵਿਚ ਸਰਗਰਮ ਰਹਿ ਕੇ ਸਿੱਖਾਂ ਲਈ ਵੱਖਰੇ ਸਿੱਖ ਰਾਜ ਦੀ ਮੰਗ ਵਿਚ ਸਰਗਰਮ ਰਹੇ ਅਤੇ ਸਿੱਖ ਦੇ ਸਿਧਾਂਤਾਂ ਦੀ ਰਾਖੀ ਲਈ ਨੌਜੁਆਨਾਂ ਤੋਂ ਸਹੁੰਆਂ ਖਵਾਉਣ ਵਾਲੇ ਸ. ਰਾਮੂਵਾਲੀਆ ਨੇ ਹੋਰ ਉੱਚਾ ਥਾਂ ਹਾਸਲ ਕਰਨ ਦੀ ਲਾਲਸਾ ਨਾਲ ਜਦੋਂ ਆਪਣੀ ਵੱਖਰੀ ਪਾਰਟੀ 'ਲੋਕ ਭਲਾਈ ਪਾਰਟੀ' ਬਣਾ ਲਈ ਤਾਂ ਇਹ ਪਾਰਟੀ ਵੀ ਲਾਇਨ 'ਤੇ ਸਪੀਡ ਨਾ ਫੜ ਸਕੀ। ਉਸ ਨੇ ਵਿਦੇਸ਼ੀ ਲਾੜਿਆਂ ਤੋਂ ਪੀੜਤ ਕੁੜੀਆਂ ਦੇ ਕੁਝ ਕੇਸ ਹੱਲ ਕਰਵਾ ਕੇ ਹਿੰਮਤ ਨਾਲੋਂ ਵੱਡੀ ਵਾਹ ਵਾਹ ਕਰਵਾਉਣੀ ਚਾਹੀ ਤਾਂ ਵੀ ਕੋਈ ਖਾਸ ਗੱਲ ਨਾ ਬਣ ਸਕੀ। ਇਸ ਸਮੇਂ ਸਿਰਫ਼ ਆਪ ਹੀ ਉਹਨਾਂ ਨੇ ਆਪਣੇ ਮੂੰਹੋਂ 'ਧੀਆਂ ਦਾ ਰਾਖਾ' ਮੈਡਲ ਲੈਣਾ ਚਾਹਿਆ ਤਾਂ ਲੋਕਾਂ ਨੇ ਇਸ ਨੂੰ ਵੀ ਮਾਨਤਾ ਨਾ ਦਿੱਤੀ। ਵੱਖੋ ਵੱਖ ਪਾਰਟੀਆਂ ਨਾਲ ਗੱਠਜੋੜ ਕਰਕੇ ਸਮੇਂ-ਸਮੇਂ ਸਿਰ ਉਸ ਨੇ ਰਾਜਨੀਤੀ ਵਿਚ ਬਣੇ ਰਹਿਣ ਲਈ ਬੜੇ ਯਤਨ ਕੀਤੇ। ਆਪਣੇ ਲੱਛੇਦਾਰ ਭਾਸ਼ਣਾਂ ਵਿਚ ਸ. ਰਾਮੂਵਾਲੀਆ ਲੋਕਾਂ ਨੂੰ ਅੰਕੜੇ ਦੱਸ ਦੱਸ ਕੇ ਵਾਸਤਾ ਪਾਉਂਦੇ ਰਹੇ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਪੰਜਾਬ ਦੀ ਸਤਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ ਰਾਜਨੀਤੀ ਤੋਂ ਪਾਸੇ ਕੀਤਾ ਜਾਵੇ। ਅਕਸਰ ਉਹ ਆਪਣੇ ਭਾਸ਼ਣ ਵਿਚ ਸ. ਬਾਦਲ ਦੇ ਇਹ ਦੋਸ਼ ਲਾਉਂਦਾ ਕਿ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਨੂੰ ਖਤਮ ਕਰਕੇ ਪਰਿਵਾਰਵਾਦ ਨੂੰ ਅੱਗੇ ਕਰ ਲਿਆ ਹੈ ਜਿਸ ਕਾਰਨ ਵੱਡੀਆਂ ਸਿੱਖ ਕੁਰਬਾਨੀਆਂ ਨਾਲ ਸਥਾਪਿਤ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਬਚਾਉਣ ਦੀ ਡਾਢੀ ਲੋੜ ਹੈ। ਪੰਜਾਬ ਦੀ ਜਨਤਾ 'ਤੇ ਸ. ਰਾਮੂਵਾਲੀਆ ਦੇ ਭਾਸ਼ਣਾਂ ਦਾ ਕੋਈ ਖਾਸ ਅਸਰ ਨਾ ਹੋਇਆ ਉਹ ਇਸ ਆਗੂ ਦਾ ਭਾਸ਼ਣ ਕਵੀਸਰਾਂ ਦੀ ਕਵੀਸਰੀ ਸੁਣਨ ਵਾਂਗੂ ਮਨੋਰੰਜਨ ਤੱਕ ਹੀ ਸੀਮਤ ਰੱਖਦੇ। ਨਤੀਜਾ ਇਹ ਹੋਇਆ ਕਿ ਸ. ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਆਪਣਾ ਵੀ ਭਲਾ ਨਾ ਕਰ ਸਕੀ ਅਤੇ ਮਜ਼ਬੂਰੀ ਬੱਸ ਇਸ ਪਾਰਟੀ ਦਾ ਖਾਤਮਾ ਕਰਕੇ ਉਸੇ ਅਕਾਲੀ ਦਲ ਦਾ ਲੜ ਫੜ ਲਿਆ ਜਿਸ ਤੋਂ ਨਿਜ਼ਾਤ ਪਾਉਣ ਲਈ ਉਹ ਲੋਕਾਂ ਨੂੰ ਰੋਜ਼ ਨਸੀਅਤਾਂ ਦੇਇਆ ਕਰਦੇ ਸਨ।
ਹੁਣ ਸ. ਰਾਮੂਵਾਲੀਆ ਨੇ ਜਦੋਂ ਦਾ ਮੁੜ ਕੇ ਅਕਾਲੀ ਦਲ ਵਿਚ ਰਲੇਵਾ ਕੀਤਾ ਹੈ ਤਾਂ ਉਸਨੇ ਆਪਣੀ ਸਾਰੀ ਉਮਰ ਦੇ ਸਿਧਾਂਤ ਛੱਡ ਕੇ ਅਜਿਹੇ ਬਿਆਨ ਦਾਗਣੇ ਸ਼ੁਰੂ ਕਰ ਦਿੱਤੇ ਹਨ ਜਿਹੜੇ ਕਿ ਸਿੱਖ ਧਰਮ ਵਿਰੋਧੀ ਤਾਂ ਹਨ ਹੀ ਸਗੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਬੁਨਿਆਦੀ ਢਾਂਚੇ ਨੂੰ ਵੀ ਖੋਰਾ ਲਾਉਣ ਵਾਲੇ ਹਨ। ਸ. ਰਾਮੂਵਾਲੀਆ ਨੇ ਉਸ ਸਮੇਂ ਤਾਂ ਹੱਦ ਹੀ ਕਰ ਦਿੱਤੀ ਜਦੋਂ ਦਿੱਲੀ ਵਿਚ ਪਾਰਟੀ ਦੀ ਇਕਾਈ ਦੀ ਮੀਟਿੰਗ ਵਿਚ ਉਹਨਾਂ ਇਥੋਂ ਤੱਕ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸੇ ਖਾਸ ਵਰਗ (ਭਾਵ ਸਿੱਖਾਂ ਲਈ) ਨਹੀਂ ਸੀ ਹੋਈ ਇਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਵਿਚ ਗੈਰ ਸਿੱਖ ਲੋਕਾਂ ਨੂੰ ਵੱਡੀ ਪੱਧਰ 'ਤੇ ਦਾਖਲ ਕੀਤਾ ਜਾਵੇਗਾ। ਸ. ਰਾਮੂਵਾਲੀਆ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਪ੍ਰਦੇਸ਼ ਦੇ ਇੰਚਾਰਜ ਹਨ ਇਸ ਅਹੁਦੇ ਦੀ ਵਰਤੋਂ ਕਰਕੇ ਉਹਨਾਂ ਨੇ ਬਲਵਿੰਦਰ ਸ਼ਰਮਾ, ਅਸ਼ੋਕ ਗੁਪਤਾ ਅਤੇ ਡਿੰਪਲ ਚੱਡਾ ਆਦਿ ਗੈਰ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿਚ ਦਿੱਲੀ ਪ੍ਰਦੇਸ਼ ਦੇ ਉੱਚ ਅਹੁਦੇਦਾਰ ਵੀ ਬਣਾ ਦਿੱਤਾ ਹੈ। ਆਪਣੇ ਵਿਚਾਰਾਂ ਨੂੰ ਢੀਠਤਾ ਨਾਲ ਅੱਗੇ ਵਧਾ ਕੇ ਸ. ਰਾਮੂਵਾਲੀਆ ਨੇ ਖੁਲਾਸਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਹੁਣ ਪਾਰਟੀ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ ਜਿਸ ਤਹਿਤ ਅਕਾਲੀ ਪਾਰਟੀ ਵਿਚ ਗੈਰ-ਸਿੱਖ ਮੈਂਬਰਾਂ ਨੂੰ ਸ਼ਾਮਲ ਕਰਕੇ ਪਾਰਟੀ ਦਾ ਬਹੁਵਿਸਥਾਰ ਕੀਤਾ ਜਾਵੇਗਾ।
ਸ. ਬਲਵੰਤ ਸਿੰਘ ਰਾਮੂਵਾਲੀਆ ਦੀਆਂ 'ਬਾਜ਼ੀਆਂ ਤੋਂ ਹੈਰਾਨੀ ਹੁੰਦੀ ਹੈ ਕਿ ਕਿਸੇ ਸਥਾਪਿਤ ਨਾਮ ਵਾਲਾ ਆਗੂ ਜਿਸ ਨੇ ਆਪਣੀ ਸਾਰੀ ਉਮਰ ਜਿਸ ਸਿਧਾਂਤ ਦਾ ਪ੍ਰਚਾਰ ਕੀਤਾ ਹੈ ਉਹ ਹੁਣ ਇਕੋ ਝਟਕੇ ਨਾਲ ਇਹਨਾਂ ਸਿਧਾਂਤਾਂ ਨੂੰ ਕਿਸ ਮੂੰਹ ਨਾਲ ਕਾਟ ਕਰ ਰਿਹਾ ਹੈ। ਕੀ ਹੁਣ ਰਾਮੂਵਾਲੀਆ ਸਾਹਿਬ ਉਹ ਦਿਨ ਭੁੱਲ ਚੁੱਕੇ ਹਨ ਜਦੋਂ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਸਿੱਖ ਨੌਜੁਆਨਾਂ ਨੂੰ ਸਿੱਖੀ ਦੀ ਚੜ੍ਹਦੀ ਕਲਾ ਲਈ ਜਾਨ ਤੱਕ ਨਿਛਾਵਰ ਕਰਨ ਲਈ 'ਮਰਜੀਵੜੇ' ਦਾ ਫਾਰਮ ਭਰਵਾਉਂਦੇ ਰਹੇ ਹਨ ਅਤੇ ਤਤਕਾਲੀ ਅਕਾਲੀ ਲੀਡਰਸ਼ਿਪ ਦੇ ਨਾਲ ਰਲ ਕੇ ਖਾਲਿਸਤਾਨ ਪ੍ਰਾਪਤ ਕਰਨ ਲਈ ਸਹੁੰਆਂ ਖਾਂਦੇ ਰਹੇ ਹਨ? ਜਾਂ ਫਿਰ ਉਹਨਾਂ ਨੂੰ ਸਿੱਖ ਇਤਿਹਾਸ ਦੇ ਉਹ ਵਰਕੇ ਯਾਦ ਨਹੀਂ ਰਹੇ ਜਦੋਂ ਸਿੱਖਾਂ ਨੇ ਆਪਣੇ ਰਾਜਸੀ ਮਾਮਲਿਆਂ ਨੂੰ ਪੰਥ ਪੱਖੀ ਹੱਕਾਂ ਵਿਚ ਨਿਬੇੜਨ ਲਈ 1920 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਸੀ? ਸ. ਰਾਮੂਵਾਲੀਆ ਨੂੰ ਹੁਣ ਇਹ ਯਾਦ ਕਿਉਂ ਨਹੀਂ ਰਿਹਾ ਕਿ 14 ਦਸੰਬਰ 1920 ਨੂੰ ਜਦੋਂ ਗੁਰਦੁਆਰਾ ਸੁਧਾਰ ਲਹਿਰ ਹੋਂਦ ਵਿਚ ਆਈ ਸੀ ਤਾਂ ਇਸ ਦਾ ਮੁੱਖ ਮਕਸਦ ਸਿੱਖ ਕੌਮ ਦੇ ਪ੍ਰਚਾਰ ਸਥਾਨਾਂ 'ਤੇ ਕਾਬਜ਼ ਉਹਨਾਂ ਲੋਕਾਂ ਨੂੰ ਪਾਸੇ ਕਰਨਾ ਸੀ ਜਿਹੜੇ ਸਿੱਖ ਧਰਮ ਦੇ ਮੂਲੋਂ ਹੀ ਵਿਰੋਧੀ ਹੋ ਗਏ ਸਨ ਇਸ ਤੋਂ ਬਾਅਦ 13 ਦਸੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ 'ਸਿੱਖ ਕੇਂਦਰੀ ਦਲ' ਦੀ ਸਥਾਪਨਾ ਹੋਈ ਸੀ ਜਿਸ ਦੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਬਣੇ ਸਨ ਇਹ ਸਿੱਖ ਕੇਂਦਰੀ ਦਲ ਨੂੰ ਹੀ 29 ਮਾਰਚ 1992 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਦਿੱਤਾ ਗਿਆ ਸੀ। ਸ. ਰਾਮੂਵਾਲੀਆ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਸੇ ਸਿੱਖ ਪਾਰਟੀ ਨੇ ਮੁੱਢਲੇ ਦੌਰ ਵਿਚ ਤੋਸ਼ਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ, ਸ੍ਰੀ ਆਨੰਦਪੁਰ ਸਾਹਿਬ ਦਾ ਮੋਰਚਾ ਚਲਾ ਕੇ ਜੋ ਕੀਰਤੀਮਾਨ ਸਥਾਪਿਤ ਕੀਤੇ ਸਨ ਉਸ ਵਿਚ ਕਿੰਨੇ ਕੁ ਗੈਰਸਿੱਖ ਸਨ? ਰਾਮੂਵਾਲੀਆ ਸਾਹਿਬ ਇਹ ਕਿਵੇਂ ਕਹਿ ਸਕਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਿਸੇ ਖਾਸ ਵਰਗ ਦੇ ਲੋਕਾਂ ਲਈ ਨਹੀਂ ਸੀ ਹੋਈ? ਸ. ਰਾਮੂਵਾਲੀਆ ਦਾ ਇਹ ਕਹਿਣਾ ਕਿ ਸ. ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਹੇ ਹਨ ਅਸਲ ਵਿਚ ਬੇਈਮਾਨੀ ਦੀ ਪੈਦਾਵਰ ਹੈ। ਸਹੀ ਗੱਲ ਇਹ ਹੈ ਸਿੱਖ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਆਗੂਆਂ ਨੇ ਪਾਰਟੀ ਦੇ ਮੂਲ ਸਿਧਾਂਤਾਂ ਦੇ ਖਿਲਾਫ਼ ਵਰਤਣਾ ਸ਼ੁਰੂ ਕਰ ਦਿੱਤਾ ਹੈ ਜਿਹਨਾਂ ਨੂੰ ਭਟਕਣ ਤੋਂ ਬਚਾਉਣ ਲਈ ਸਿੱਖ ਸੰਗਤਾਂ ਨੂੰ ਜਾਗਰੂਕ ਹੋਣਾ ਪਵੇਗਾ।