ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬੱਚੇ ਦਾ ਮਾਨਸਿਕ ਵਿਕਾਸ


ਛੋਟੀ ਉਮਰ ਤੋਂ ਹੀ ਬੱਚੇ ਆਪਣੇ ਨੇੜੇ-ਤੇੜੇ ਦੀਆਂ ਚੀਜ਼ਾਂ ਨੂੰ ਦੇਖਣ, ਸਮਝਣ, ਹੱਥ ਲਗਾਉਣ ਅਤੇ ਉਨ੍ਹਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦੇ ਹਨ। ਬਾਲ ਮਨੋਵਿਗਿਆਨੀਆਂ ਅਨੁਸਾਰ ਇਸ ਤਰ੍ਹਾਂ ਬੱਚਾ ਨਾ ਸਿਰਫ਼ ਇਨ੍ਹਾਂ ਚੀਜ਼ਾਂ ਬਾਰੇ ਜਾਣਕਾਰੀ ਇਕੱਤਰ ਕਰ ਰਿਹਾ ਹੁੰਦਾ ਹੈ ਸਗੋਂ ਉਹ ਉਸ ਜਾਣਕਾਰੀ ਨੂੰ ਨਾਪ-ਤੋਲ ਵੀ ਰਿਹਾ ਹੁੰਦਾ ਹੈ। ਹੌਲੀ-ਹੌਲੀ ਆਪਣੀ ਸਮਝ ਸ਼ਕਤੀ ਨਾਲ  ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਵੀ ਸੁਲਝਾਉਣ ਲੱਗਦਾ ਹੈ। ਇਸੇ ਦੌਰਾਨ ਉਹ ਚੀਜ਼ਾਂ ਬਾਰੇ ਆਪਣੀਆਂ ਧਾਰਨਾਵਾਂ ਤੇ ਦ੍ਰਿਸ਼ਟੀਕੋਣ ਬਣਾਉਣ ਲੱਗਦਾ ਹੈ। ਜਦੋਂ ਬੱਚੇ ਨੂੰ ਤੁਸੀਂ ਖਾਲੀ ਪਲੇਟ ਜਾਂ ਖਾਲੀ ਬੋਤਲ ਦਿਖਾ ਕੇ ਇਹ ਕਹਿੰਦੇ ਹੋ 'ਖਾਣਾ ਖ਼ਤਮ' ਜਾਂ 'ਦੁੱਧ  ਖਤਮ' ਤਾਂ ਬੱਚਾ ਇਸ ਨੂੰ ਸਮਝਦਾ ਹੈ ਤੇ ਉਹ ਆਪਣੀ ਤੋਤਲੀ ਜ਼ਬਾਨ ਵਿੱਚ ਤੁਹਾਡੀ ਗੱਲ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦਾ ਹੈ। ਹੌਲੀ-ਹੌਲੀ ਜਦੋਂ ਬੱਚਾ ਬੋਲਣਾ ਸਿੱਖ ਜਾਂਦਾ ਹੈ ਤਾਂ ਉਹ ਆਪ ਹੀ ਚੀਜ਼ਾਂ ਨੂੰ ਸ਼ਬਦਾਂ ਰਾਹੀਂ ਪ੍ਰਗਟ ਕਰਦਾ ਹੈ।
ਸ਼ੁਰੂ ਦੇ ਕੁਝ ਸਾਲਾਂ ਵਿੱਚ ਬੱਚੇ  ਦਾ ਮਾਨਸਿਕ ਵਿਕਾਸ ਬਹੁਤ ਤੇਜ਼ੀ ਨਾਲ ਹੁੰਦਾ ਹੈ। ਮਾਹਿਰਾਂ ਦੀਆਂ ਖੋਜਾਂ ਦੱਸਦੀਆਂ ਹਨ ਕਿ 80 ਫ਼ੀਸਦੀ ਮਾਨਸਿਕ ਵਿਕਾਸ ਜ਼ਿੰਦਗੀ ਦੇ ਪਹਿਲੇ 5-6 ਸਾਲਾਂ ਵਿੱਚ ਹੁੰਦਾ ਹੈ। ਇਸ ਦੇ ਨਾਲ-ਨਾਲ ਹੀ ਉਸ ਦੇ ਸਮਝਣ-ਬੁੱਝਣ  ਅਤੇ ਆਸ-ਪਾਸ ਦੀਆਂ ਚੀਜ਼ਾਂ ਨੂੰ ਪਛਾਣਨ ਦੀ ਯੋਗਤਾ ਦਾ ਵਿਕਾਸ ਵੀ ਓਨੀ ਹੀ ਤੇਜ਼ੀ ਨਾਲ ਹੁੰਦਾ ਹੈ। ਇਸ ਤਰ੍ਹਾਂ ਬੱਚੇ ਦੇ ਸਕੂਲ ਵਿੱਚ ਦਾਖਲੇ ਦੇ ਸਮੇਂ ਤਕ ਉਸ ਵਿੱਚ  ਸੋਚਣ -ਸਮਝਣ ਦੀ ਬੁਨਿਆਦੀ ਯੋਗਤਾ ਦਾ ਵਿਕਾਸ ਹੋ ਚੁੱਕਾ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਬੱਚਿਆਂ ਦਾ ਵਿਕਾਸ ਇੱਕ ਹੀ ਗਤੀ ਨਾਲ ਹੁੰਦਾ ਹੈ। ਕੁਝ ਬੱਚੇ ਬਾਕੀ ਬੱਚਿਆਂ ਨਾਲੋਂ ਜਲਦੀ ਸਿੱਖਦੇ ਹਨ ਪਰ ਫਿਰ ਵੀ ਦੋਵੇਂ ਤਰ੍ਹਾਂ ਦੇ ਬੱਚਿਆਂ ਦੀਆਂ ਮਾਨਸਿਕ ਯੋਗਤਾਵਾਂ ਇੱਕੋ ਜਿਹੀਆਂ ਹੀ ਹੁੰਦੀਆਂ ਹਨ। ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਬੱਚਾ ਸ਼ੁਰੂ ਵਿੱਚ ਜਲਦੀ ਸਿੱਖਦਾ ਹੈ, ਉਹ ਬਾਅਦ ਵਿੱਚ ਕੁਝ ਢਿੱਲਾ ਪੈ ਜਾਂਦਾ ਹੈ ਅਤੇ ਇਸ ਦੇ ਉਲਟ ਜੇ ਬੱਚਾ ਪਹਿਲਾਂ ਸਿੱਖਣ/ ਸਮਝਣ ਵਿੱਚ ਦੇਰ ਲਗਾਉਂਦਾ ਹੈ ਤਾਂ ਸੰਭਵ ਹੈ ਕਿ ਉਹ ਬਾਅਦ ਵਿੱਚ ਤੇਜ਼  ਰਫ਼ਤਾਰ ਫੜ ਲਵੇ। ਜੇ ਤੁਹਾਨੂੰ  ਮਹਿਸੂਸ ਹੋਵੇ ਕਿ ਤੁਹਾਡੇ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਸੱਚਮੁਚ ਦੇਰੀ ਹੋ ਰਹੀ ਤਾਂ ਤੁਹਾਨੂੰ ਮਾਹਿਰ ਡਾਕਟਰ ਦੀ ਸਲਾਹ ਜ਼ਰੂਰੀ ਲੈਣੀ ਚਾਹੀਦੀ ਹੈ। ਸੰਭਵ ਹੈ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨ 'ਤੇ ਇਸ ਸਮੱਸਿਆ ਦਾ ਕੋਈ ਆਸਾਨ ਜਿਹਾ ਹੱਲ ਨਿਕਲ ਆਵੇ। ਰੋਜ਼ਾਨਾ ਜ਼ਿੰਦਗੀ ਦੀਆਂ  ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਲੈ ਕੇ ਫ਼ਜ਼ੂਲ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਆਪਣੇ ਬੱਚੇ 'ਤੇ ਜ਼ਬਰਦਸਤੀ ਕੁਝ ਥੋਪਣ ਦੀ ਲੋੜ ਹੈ। ਬੱਚਾ ਡਰ ਦੇ ਮਾਹੌਲ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਤਣਾਅ ਨਾਲ ਉਸ ਦੇ ਕੋਮਲ ਮਨ 'ਤੇ ਬੁਰਾ ਅਸਰ ਪੈ ਸਕਦਾ ਹੈ।
ਜਿਸ ਤਰ੍ਹਾਂ ਬੱਚੇ ਦਾ ਸਰੀਰਕ ਵਿਕਾਸ ਤਰਤੀਬ ਅਨੁਸਾਰ ਹੁੰਦਾ ਹੈ, ਉਸੇ ਤਰ੍ਹਾਂ ਹੀ ਉਸ ਦੀ ਮਾਨਸਿਕ ਸ਼ਕਤੀ ਅਤੇ ਸੋਚ ਵੀ ਤਰਤੀਬ ਅਨੁਸਾਰ ਹੀ ਵਿਕਸਤ ਹੁੰਦੇ ਹਨ। ਇਹ ਗੱਲ ਸਾਰੇ ਬੱਚਿਆਂ ਦੇ ਬੌਧਿਕ ਤੇ ਮਾਨਸਿਕ ਵਿਕਾਸ 'ਤੇ ਲਾਗੂ ਹੁੰਦੀ ਹੈ।  ਬੱਚੇ ਦੁਨੀਆਂ ਨੂੰ ਆਪਣੀ ਨਜ਼ਰ ਨਾਲ ਦੇਖਦੇ, ਉਸ ਨੂੰ ਸਮਝਣ ਦੀ ਕੋਸ਼ਿਸ਼ ਅਤੇ ਆਪਣੇ-ਆਪ ਨੂੰ ਹਾਲਾਤ ਦੇ ਅਨੁਸਾਰ ਢਾਲਣਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦੀਆਂ ਪ੍ਰਤੀ-ਕਿਰਿਆਵਾਂ ਵੀ ਅਲੱਗ ਹੁੰਦੀਆਂ ਹਨ। ਇਸ ਵਿੱਚ ਮਾਹੌਲ ਦੀ ਅਹਿਮ ਭੂਮਿਕਾ ਹੁੰਦੀ ਹੈ।
ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੱਚੇ ਦੇ ਆਸ-ਪਾਸ ਦੇ ਮਾਹੌਲ ਤੋਂ ਉਸ ਨੂੰ ਉਤਸ਼ਾਹ ਮਿਲ ਰਿਹਾ ਹੈ ਜਾਂ ਨਹੀਂ। ਇਹ ਵੀ ਸੰਭਵ ਹੈ ਕਿ ਉਸ ਨੂੰ ਆਲੇ-ਦੁਆਲੇ ਦੇ ਮਾਹੌਲ ਨੂੰ ਸਮਝਣ ਵਿੱਚ ਹੀ ਪ੍ਰੇਸ਼ਾਨੀ ਹੋ ਰਹੀ ਹੋਵੇ। ਬੱਚੇ ਵਿੱਚ ਕਿਸੇ ਤਰ੍ਹਾਂ ਦੀ ਬੀਮਾਰੀ, ਥਕਾਵਟ, ਦੇਖਣ ਜਾਂ ਸੁਣਨ, ਸੁੰਘਣ ਜਾਂ ਸਵਾਦ ਲੈਣ ਦੀਆਂ ਸਰੀਰਕ ਕਿਰਿਆਵਾਂ ਵਿੱਚ ਕਮੀ ਆਦਿ ਉਸ ਦੇ ਮਾਨਸਿਕ ਵਿਕਾਸ 'ਤੇ ਹਮਲਾ ਕਰਦੇ ਹਨ। ਸਰੀਰਕ ਤੌਰ 'ਤੇ ਚੁਸਤ ਰਹਿਣ ਵਾਲੇ ਬੱਚੇ ਦਾ ਮਾਨਸਿਕ ਵਿਕਾਸ ਬਾਕੀ ਬੱਚਿਆਂ ਦੇ ਮੁਕਾਬਲੇ ਚੰਗਾ ਤੇ ਜਲਦੀ ਹੁੰਦਾ ਹੈ। ਉਹ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਜਾਣਨ ਸਮਝਣ ਵਿੱਚ ਜ਼ਿਆਦਾ ਉਤਸੁਕਤਾ ਦਿਖਾਉਂਦਾ ਹੈ। ਸਮਾਜਿਕ ਵਿਕਾਸ ਦੀ ਕਿਰਿਆ ਵੀ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਕਿਰਿਆ ਮਾਂ-ਪਿਓ ਤੋਂ ਸ਼ੁਰੂ ਹੋ ਕੇ ਭੈਣ-ਭਰਾ ਦਾਦਾ-ਦਾਦੀ, ਨਾਨਾ-ਨਾਨੀ, ਚਾਚਾ-ਚਾਚੀ ਤੇ ਹੋਰ  ਪਰਿਵਾਰਕ ਰਿਸ਼ਤਿਆਂ ਤੋਂ ਹੁੰਦੀ ਹੋਈ ਘਰ ਤੋਂ ਬਾਹਰ ਦੀ ਦੁਨੀਆਂ ਵਿੱਚ ਪਹੁੰਚ ਕੇ ਆਂਢ-ਗੁਆਂਢ ਦੇ ਬੱਚਿਆਂ, ਘਰ 'ਚ ਦੁੱਧ ਪਾਉਣ  ਵਾਲੇ, ਅਖ਼ਬਾਰ ਵੰਡਣ ਵਾਲੇ, ਸਬਜ਼ੀ ਵਾਲੇ ਆਦਿ 'ਤੇ ਖ਼ਤਮ ਹੁੰਦੀ ਹੈ।
ਬੱਚੇ ਨੂੰ ਸਭ ਤੋਂ ਜ਼ਿਆਦਾ ਖੇਡਾਂ ਦੁਆਰਾ ਹੀ ਚੀਜ਼ਾਂ ਨੂੰ ਸਮਝਣ ਅਤੇ ਪਛਾਨਣ ਵਿੱਚ ਮਦਦ ਮਿਲਦੀ ਹੈ। ਬੱਚੇ ਆਪਣੀ ਖੇਡ-ਕੁੱਦ ਨੂੰ ਕਾਫ਼ੀ  ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਲਈ ਖੇਡਾਂ ਤੇ ਪੜ੍ਹਾਈ ਵਿੱਚ ਬਹੁਤ ਅੰਤਰ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਲਈ ਦੋਵੇਂ ਚੀਜ਼ਾਂ ਹੀ ਕੁਝ ਸਿੱਖਣ-ਸਮਝਣ ਦਾ ਮਾਧਿਅਮ ਹੁੰਦੀਆਂ ਹਨ।  ਖੇਡ ਤੇ ਖਿਡੌਣੇ ਕੁਝ ਨਵਾਂ ਸਿੱਖਣ ਦਾ ਚੰਗਾ ਤਰੀਕਾ ਹਨ। ਬੱਚੇ ਦੇ ਵਿਕਾਸ ਦੀਆਂ ਕੁਝ ਅਜਿਹੀਆਂ ਹਾਲਾਤਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਬੱਚਾ ਖੇਡ ਦੌਰਾਨ ਬਿਨਾਂ ਕਿਸੇ ਤਣਾਅ ਤੋਂ ਬਹੁਤ ਕੁਝ ਸਿੱਖਦਾ ਹੈ। ਇਸ ਲਈ ਉਸ ਦੇ ਖੇਡਣ-ਕੁੱਦਣ ਤੇ ਕਿਸੇ ਤਰ੍ਹਾਂ ਦੀ ਰੋਕ-ਟੋਕ ਨਾ ਲਗਾਓ ਤਾਂ ਚੰਗਾ ਹੈ। ਨਾ ਹੀ ਉਸ ਨੂੰ ਜ਼ਬਰਦਸਤੀ ਖੇਡਣ ਲਈ ਮਜਬੂਰ ਕਰੋ। ਜਦੋਂ ਉਹ ਕਿਸੇ ਵੀ ਖੇਡ-ਕੁੱਦ ਵਿੱਚ ਤੁਹਾਡਾ ਸਾਥ ਮੰਗੇ ਤਾਂ ਉਸ ਦਾ ਸਾਥ ਦਿਓ। ਖੇਡਾਂ ਦੀ ਸਹਾਇਤਾ ਨਾਲ ਬੱਚੇ ਬਹੁਤ ਕੁਝ ਸਿੱਖਦੇ ਸਮਝਦੇ ਹਨ, ਆਪਣੀਆਂ ਦੱਬੀਆਂ ਭਾਵਨਾਵਾਂ ਤੋਂ ਛੁਟਕਾਰਾ ਪਾਉਂਦੇ ਹਨ ਅਤੇ ਇੱਕ ਦੂਜੇ ਨਾਲ ਦੋਸਤੀ ਕਰਨਾ ਸਿੱਖਦੇ ਹਨ।
ਬੱਚੇ ਲਈ ਹਰ ਵਸਤੂ ਤੁਹਾਡੇ ਕੰਮ ਦੀ ਕੋਈ ਵੀ ਚੀਜ਼ ਉਸ ਦਾ ਖਿਡੌਣਾ ਹੋ ਸਕਦੀ ਹੈ। ਕੁਝ ਖਿਡੌਣੇ ਬੱਚੇ ਦੀਆਂ ਜਜ਼ਬਾਤੀ ਲੋੜਾਂ ਵੀ ਪੂਰੀਆਂ ਕਰਦੇ ਹਨ। ਇਨ੍ਹਾਂ ਖਿਡੌਣਿਆਂ ਨੂੰ ਬੱਚਾ ਚੁੱਕ ਕੇ ਇੱਧਰ-ਉੱਧਰ ਸੁੱਟ ਕੇ ਆਪਣਾ ਗੁੱਸਾ ਕੱਢ ਲੈਂਦਾ ਹੈ। ਵੈਸੇ ਤਾਂ ਖਿਡੌਣੇ ਸਿਰਫ਼ ਖੇਡਣ ਦਾ ਹੀ ਸਾਧਨ ਹੁੰਦੇ ਹਨ ਪਰ ਇਹ ਸਿਰਫ਼ ਇੰਨੀ ਹੀ ਭੂਮਿਕਾ ਨਹੀਂ ਨਿਭਾਉਂਦੇ। ਬੱਚੇ ਦਾ ਖਿਡੌਣਾ ਉਸ ਦੀ ਚੋਣ 'ਤੇ ਨਿਰਭਰ ਕਰਦਾ ਹੈ, ਮਤਲਬ ਕੁਝ ਵੀ ਜਿਸ ਨਾਲ ਉਹ  ਖੇਡਦਾ ਪਸੰਦ ਕਰੇ। ਆਮ ਤੌਰ 'ਤੇ ਬੱਚੇ ਦਾ ਪਹਿਲਾ ਖਿਡੌਣਾ ਤੁਹਾਡਾ ਚਿਹਰਾ ਹੁੰਦਾ ਹੈ, ਤੁਹਾਡੇ ਚਿਹਰੇ ਦੀ ਬਣਾਵਟ, ਨੈਣ-ਨਕਸ਼, ਬੱਚਾ ਇਨ੍ਹਾਂ ਨੂੰ ਮਹਿਸੂਸ ਕਰਕੇ ਖੁਸ਼ੀ ਪ੍ਰਾਪਤ ਕਰਦਾ ਹੈ।
ਆਧੁਨਿਕ ਯੁੱਗ ਵਿੱਚ ਬਾਲ ਵਿਕਾਸ ਦਾ ਅਧਿਐਨ ਸਤਰ ਕਾਫ਼ੀ ਉੱਪਰ ਉੱਠਿਆ ਹੈ। ਫਿਰ ਵੀ ਬੱਚੇ ਦਾ ਮਾਨਸਿਕ ਵਿਕਾਸ ਕਿਤਾਬਾਂ ਵਿੱਚ ਲਿਖੇ ਨਿਯਮਾਂ ਅਨੁਸਾਰ ਨਹੀਂ ਹੋ ਰਿਹਾ ਤਾਂ ਚਿੰਤਾ ਨਾ ਕਰੋ।  ਬੱਚੇ ਦੇ ਵਿਕਾਸ ਦੀ ਦਰ ਹਮੇਸ਼ਾਂ ਸਥਾਈ ਨਹੀਂ ਰਹਿੰਦੀ ਇਹ ਸਮੇਂ ਅਨੁਸਾਰ  ਬਦਲਦੀ ਰਹਿੰਦੀ ਹੈ।
ਸੁਖਮੰਦਰ ਸਿੰਘ ਤੂਰ