ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪ੍ਰਾਕ੍ਰਿਤਕ ਚਕਿਤਸਾ ਦੇ ਮੂਲ ਸਿਧਾਂਤ


ਕੁਦਰਤੀ ਨਿਯਮਾਂ ਉਪਰ ਆਧਾਰਿਤ ਇਲਾਜ ਪ੍ਰਣਾਲੀ ਤੇ ਜੀਵਨ ਸ਼ੈਲੀ 'ਪ੍ਰਾਕ੍ਰਿਤਕ ਚਕਿਤਸਾ ਜਾਂ ਨੈਚਰੋਪੈਥੀ' ਉਤਨੀ ਹੀ ਪੁਰਾਣੀ ਹੈ ਜਿਤਨੀ ਪੁਰਾਣੀ ਪ੍ਰਕਿਰਤੀ। ਸੰਸਾਰ ਦੇ ਆਦਿ ਗ੍ਰੰਥ ਵੇਦਾਂ ਵਿਚ ਇਸ ਦੇ ਮੋਟੇ-ਮੋਟੇ ਅੰਸ਼ ਜਲ ਚਕਿਤਸਾ, ਉਪਵਾਸ (ਵਰਤ) ਚਕਿਤਸਾ ਅਤੇ ਸੂਰਜ ਚਕਿਤਸਾ ਬਾਰੇ ਜਾਣਕਾਰੀ ਮਿਲਦੀ ਹੈ। ਜਿੱਥੋਂ ਤੱਕ ਇਸ ਦੇ ਮੂਲ ਸਿਧਾਂਤਾਂ ਦਾ ਸੁਆਲ ਹੈ, ਆਯੂਰਵੇਦ ਦੇ ਮੂਲ ਸਿਧਾਂਤਾਂ ਵਾਤ, ਪਿਤ, ਕਫ ਅਤੇ ਪੰਚ ਕ੍ਰਮ ਨਾਲ ਇਸ ਦਾ ਗਹਿਰਾ ਸਬੰਧ ਹੈ। ਦਰਅਸਲ ਪੁਰਾਤਨ ਸਮੇਂ ਭਾਰਤ ਵਿਚ ਸਾਡੇ ਬਜ਼ੁਰਗ, ਰਿਸ਼ੀ-ਮੁਨੀ, ਪ੍ਰਕ੍ਰਿਤਕ ਚਕਿਤਸਾ ਅਤੇ ਆਯੂਰਵੇਦ ਦਾ ਅਲੱਗ-ਅਲੱਗ ਨਹੀਂ, ਸਗੋਂ ਦੋਹਾਂ ਨੂੰ ਇਕੋ ਰੂਪ ਜਾਣ ਕੇ ਪ੍ਰਯੋਗ ਕਰਦੇ ਸਨ।
ਇਸ ਦਾ ਮੂਲ ਸਿਧਾਂਤ ਹੈ ਕਿ ਪੂਰੇ ਬ੍ਰਹਿਮੰਡ ਅਤੇ ਸਾਡੇ ਸਰੀਰਾਂ ਦਾ ਨਿਰਮਾਣ ਪੰਜ ਤੱਤਾਂ ਆਕਾਸ਼, ਹਵਾ, ਅਗਨੀ, ਜਲ ਅਤੇ ਪ੍ਰਿਥਵੀ ਤੋਂ ਹੋਇਆ ਅਤੇ ਤੰਦਰੁਸਤੀ ਦਾ ਆਧਾਰ ਵੀ ਇਹ ਪੰਜ ਤੱਤ ਹਨ। ਭਾਰਤ ਵਿਚ ਧਰਮਾਂ ਤੋਂ ਇਲਾਵਾ ਦਰਸ਼ਨ (ਫਿਲਾਸਫੀ) ਦੇ ਕਈ ਮੱਤ ਵਿਕਸਤ ਹੋਏ, ਜਿਨ੍ਹਾਂ ਵਿਚੋਂ ਕਣਾਦ ਮੁਨੀ ਦੇ 'ਵੈਸ਼ੇਸ਼ਿਕ ਦਰਸ਼ਨ' ਵਿਚ ਇਕ ਪ੍ਰਕਾਰ ਦੀ ਪਰਮਾਣੂ ਪਰਿਕਲਪਨਾ ਅਨੁਸਾਰ, ਪ੍ਰਕਿਰਤੀ ਪਰਮਾਣੂਆਂ ਦਾ ਸ਼ਕਤੀ ਦੁਆਰਾ ਯੋਗ ਹੈ। ਪਰਮਾਣੂ ਤੱਤ ਚਾਰ ਹਨ: ਪ੍ਰਿਥਵੀ, ਜਲ, ਪ੍ਰਕਾਸ਼ ਅਤੇ ਵਾਯੂ ਅਤੇ ਸਾਰਾ ਦ੍ਰਵ ਇਨ੍ਹਾਂ ਤੋਂ ਬਣਿਆ ਹੈ। ਪ੍ਰਕ੍ਰਿਤਕ ਚਕਿਤਸਾ ਵਿਗਿਆਨੀਆਂ ਅਨੁਸਾਰ, ਸਰੀਰ ਵਿਚ ਜਦ ਇਨ੍ਹਾਂ ਤੱਤਾਂ ਦਾ ਅਸੰਤੁਲਨ ਵੱਧ ਜਾਂਦਾ ਹੈ ਤਾਂ ਸਰੀਰ ਰੋਗੀ ਹੋ ਜਾਂਦਾ ਹੈ। ਰੋਗਾਂ ਦੇ ਭਾਵੇਂ ਅਨੇਕ ਨਾਮ ਹਨ, ਪਰ ਰੋਗਾਂ ਦਾ ਮੂਲ ਕਾਰਨ ਪੰਜ ਤੱਤਾਂ ਦੇ ਅਸੰਤੁਲਨ ਕਾਰਨ ਸਰੀਰ ਅੰਦਰ ਗੰਦਗੀ ਦਾ ਜਮ੍ਹਾਂ ਹੋ ਜਾਣਾ ਹੈ। ਸਰੀਰ ਅੰਦਰ ਜ਼ਹਿਰੀਲੇ ਪਦਾਰਥ ਠੋਸ, ਦ੍ਰਵ ਅਤੇ ਗੈਸ ਕਿਸੇ ਵੀ ਰੂਪ ਵਿਚ ਇਕੱਠੇ ਹੁੰਦੇ ਰਹਿੰਦੇ ਹਨ। ਬੇਸ਼ੱਕ ਸਰੀਰ ਆਪਣੇ ਕੁਦਰਤੀ ਨਿਯਮ ਅਨੁਸਾਰ, ਇਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਮਲ-ਮੂਤਰ, ਪਸੀਨੇ ਅਤੇ ਸਵਾਸ (ਔਰਤਾਂ ਵਿਚ ਮਹਾਵਾਰੀ) ਦੇ ਰੂਪ ਵਿਚ ਬਾਹਰ ਕੱਢਦਾ ਹੈ ਪਰ ਜਦੋਂ ਇਹ ਕ੍ਰਿਆਵਾਂ ਕਮਜ਼ੋਰ ਪੈਣ ਕਾਰਨ ਸਰੀਰ ਵਿਚ ਗੰਦਗੀ ਅਤੇ ਜ਼ਹਿਰੀਲੇ ਪਦਾਰਥ ਜਮ੍ਹਾਂ ਹੋ ਜਾਂਦੇ ਹਨ ਤਾਂ ਸਰੀਰ ਦੇ ਅੰਦਰਲੇ ਅੰਗ ਜਿਗਰ, ਮਿਹਦਾ, ਅੰਤੜੀਆਂ ਪੈਂਕਰੀਆਜ਼ ਆਦਿ ਕਮਜ਼ੋਰ ਹੋਣ ਕਾਰਨ ਅਨੇਕ ਰੋਗ ਲੱਗਦੇ ਹਨ। ਪ੍ਰਕ੍ਰਿਤਕ ਚਕਿਤਸਾ ਅਨੁਸਾਰ, ਸਰੀਰ ਅੰਦਰ ਜ਼ਹਿਰੀਲੇ ਤੱਤਾਂ ਦੇ ਵਧਣ ਨਾਲ ਸਾਡੇ ਸਰੀਰ ਦੇ ਮੁੱਖ ਆਧਾਰ 'ਖੂਨ' ਅਤੇ 'ਰਸ' ਦੂਸ਼ਿਤ ਹੋ ਜਾਂਦੇ ਹਨ ਅਤੇ ਨਾੜੀ ਤੰਤਰ ਦੇ ਕਮਜ਼ੋਰ ਪੈਣ ਕਾਰਨ, ਹਰ ਅੰਗ ਸਹੀ ਰੂਪ ਵਿਚ ਆਪਣਾ ਕੰਮ ਨਹੀਂ ਕਰਦਾ। ਦਰਅਸਲ ਸਰੀਰ ਅੰਦਰ ਜ਼ਹਿਰੀਲਾ ਮਾਦਾ ਵਧਣ ਦਾ ਕਾਰਨ ਕਿਟਾਣੂਆਂ ਨੂੰ ਨਹੀਂ, ਸਗੋਂ ਕਿਟਾਣੂਆਂ ਨੂੰ ਪ੍ਰਫੁਲਤ ਕਰਨ ਵਾਲੇ ਵਾਤਾਵਰਣ ਨੂੰ ਮੰਨਿਆ ਜਾਂਦਾ ਹੈ। ਸਾਡੇ ਸ਼ਾਸਤਰਾਂ ਵਿਚ ਕਿਹਾ ਹੈ- 'ਲਾਭਾਨਾਂ ਸ਼੍ਰੇਯ ਆਰੋਗਯਮ' ਅਰਥਾਤ ਅਰੋਗਤਾ ਹੀ ਸਭ ਤੋਂ ਸ੍ਰੇਸ਼ਟ ਲਾਭ ਹੈ। ਪੁਰਾਣੀ ਕਹਾਵਤ- 'ਸਭ ਰੋਗੋਂ ਕੀ ਏਕ ਦਵਾ, ਮਿਟੀ ਪਾਣੀ ਔਰ ਹਵਾ' ਅਨੁਸਾਰ, ਕੁਦਰਤੀ ਇਲਾਜ ਪ੍ਰਣਾਲੀ ਵਿਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ, ਐਕਯੂਪ੍ਰੈਸ਼ਰ, ਯੋਗਾ, ਮਸਾਜ ਅਤੇ ਧਿਆਨ (ਮੈਡੀਟੇਸ਼ਨ) ਰਾਹੀਂ ਸਰੀਰ, ਮਨ ਅਤੇ ਆਤਮਾ ਨੂੰ ਨਿਰੋਗ ਕੀਤਾ ਜਾਂਦਾ ਹੈ ਕਿਉਂਕਿ ਇਸ ਪੈਥੀ ਅਨੁਸਾਰ ਸਰੀਰਕ, ਮਾਨਸਿਕ ਅਤੇ ਆਤਮਿਕ ਤਿੰਨੋਂ ਪੱਧਰਾਂ 'ਤੇ ਨਿਰੋਗ ਹੋਣਾ ਹੀ ਅਸਲ ਨਿਰੋਗਤਾ ਹੈ। ਤੰਦਰੁਸਤੀ ਲਈ ਜ਼ਰੂਰਤ ਅਨੁਸਾਰ ਉਪਵਾਸ, ਵਰਤ ਰੱਖਣਾ ਆਕਾਸ਼ ਤੱਤਵ ਦੀ ਵਰਤੋਂ ਹੈ। ਪੇਟ ਦੇ ਸਾਰੇ ਰੋਗਾਂ, ਮੋਟਾਪਾ, ਸਵਾਸ ਰੋਗ, ਜੋੜਾਂ ਦੇ ਦਰਦ ਲਈ ਆਕਾਸ਼ ਤੱਤਵ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪ੍ਰਾਕ੍ਰਿਤਕ ਚਕਿਤਸਾ ਦੇ ਅਨਿੱਖੜ ਅੰਗ ਯੋਗ ਵਿਚ ਪ੍ਰਾਣਾਯਾਮ, ਸਰੀਰ ਲਈ ਵਾਯੂ ਤੱਤਵ ਅਤੇ ਭਾਫ ਸ਼ਨਾਨ ਅਗਨੀ ਤੱਤਵ ਦੀ ਵਰਤੋਂ ਹੈ।
ਭਾਰਤੀ ਖਟ ਸ਼ਾਸਤਰਾਂ ਵਿਚੋਂ ਪਤੰਜਲੀ ਦੇ ਯੋਗ ਦਰਸ਼ਨ ਅਨੁਸਾਰ, 'ਸੱਚਾ ਦਾਰਸ਼ਨਿਕ ਆਤਮਾਂ ਦਾ ਵੈਦ ਹੈ ਜੋ ਸਾਨੂੰ ਤ੍ਰਿਸ਼ਨਾਵਾਂ ਦੇ ਬੰਧਨਾਂ ਤੋਂ ਛੁਟਕਾਰੇ ਵਿਚ ਸਹਾਇਤਾ ਕਰਦਾ ਹੈ।' ਦਰਅਸਲ ਤ੍ਰਿਸ਼ਨਾਵਾਂ ਵੀ ਇਕ ਪ੍ਰਕਾਰ ਦੇ ਆਤਮਿਕ ਰੋਗ ਹਨ, ਜਿਨ੍ਹਾਂ ਦਾ ਇਲਾਜ ਪ੍ਰਾਕ੍ਰਿਤਕ ਚਕਿਤਸਾ ਅਨੁਸਾਰ ਧਿਆਨ, ਸੰਜਮ ਅਤੇ ਸ਼ੁੱਧ ਆਚਰਣ ਹੈ। ਕਮਰ ਸ਼ਨਾਨ, ਮੇਹਨ ਸ਼ਨਾਨ, ਨੇਤੀ ਅਤੇ ਸੈਂਕੜੇ ਰੋਗਾਂ ਦਾ ਇਕ ਇਲਾਜ ਅਨੀਮਾ-ਕੁੰਜਲ (ਸਰੀਰ ਦੇ ਅੰਦਰੂਨੀ ਸ਼ਨਾਨ) ਆਦਿ ਸਰੀਰਕ ਸ਼ੋਧਨ ਅਤੇ ਸੰਵੇਦਨਾਵਾਂ ਵਧਾਉਣ ਲਈ ਜਲ ਤੱਤਵ ਦੀ ਵਰਤੋਂ ਹੈ। ਪ੍ਰਿਥਵੀ ਤੱਤ ਪ੍ਰਧਾਨ ਮਿੱਟੀ ਚਕਿਤਸਾ ਅਨੁਸਾਰ, ਸਰੀਰ ਵਿਚਲੇ ਜ਼ਹਿਰੀਲੇ ਮਾਦੇ (ਵਿਜਾਤੀਯ ਦ੍ਰਵ) ਨੂੰ ਬਾਹਰ ਕੱਢਣ ਲਈ ਮਿੱਟੀ ਨੂੰ ਸ਼੍ਰੇਸ਼ਟ ਕਿਟਾਣੂਨਾਸ਼ਕ ਔਸ਼ਧੀ ਦੇ ਰੂਪ ਵਿਚ ਕਈ ਪ੍ਰਕਾਰ ਨਾਲ ਪ੍ਰਯੋਗ ਕੀਤਾ ਜਾਂਦਾ ਹੈ। ਸਰੀਰਕ ਅਤੇ ਮਾਨਸਿਕ ਮਜ਼ਬੂਤੀ ਲਈ, ਰਕਤ ਸੰਚਾਰ, ਨਾੜੀ ਤੰਤਰ ਅਤੇ ਮਾਸਪੇਸ਼ੀਆਂ ਦੀ ਮਜ਼ਬੂਤੀ ਲਈ ਮਸਾਜ ਜਾਂ ਮਾਲਿਸ਼ ਵੀ ਪ੍ਰਾਕ੍ਰਿਤਕ ਚਕਿਤਸਾ ਦਾ ਇਕ ਜ਼ਰੂਰੀ ਅੰਗ ਹੈ। ਸਰੀਰ ਦੇ ਕੁਝ ਖਾਸ ਕੇਂਦਰਾਂ, ਰਿਸਪਾਂਸ ਸੈਂਟਰਜ਼ ਉਪਰ ਦਬਾਓ ਪਾਉਣਾ ਅਰਥਾਤ ਐਕਯੂਪ੍ਰੈਸ਼ਰ ਵੀ ਇਕ ਪ੍ਰਕਾਰ ਦੀ ਮਸਾਜ ਹੀ ਹੈ, ਜਿਸ ਦਾ ਸਬੰਧ ਇਲਾਜ ਤੋਂ ਇਲਾਵਾ ਸਰੀਰ ਨੂੰ ਸੁੰਦਰ, ਲਚਕਦਾਰ ਅਤੇ ਫੁਰਤੀਲਾ ਬਣਾਉਣ ਨਾਲ ਵੀ ਹੈ। ਰੋਗੀ ਦੀ ਦਸ਼ਾ ਅਨੁਸਾਰ ਮਸਾਜ ਦੇ ਤਰੀਕੇ ਅਨੇਕ ਹਨ।
ਸੂਰਜ ਦੇ ਪ੍ਰਕਾਸ਼ ਦੇ ਸੱਤ ਰੰਗਾਂ ਦੁਆਰਾ ਨਿਰੋਗ ਕਰਨਾ ਵੀ ਕੁਦਰਤੀ ਇਲਾਜ ਵਿਚ ਸ਼ਾਮਲ ਹੈ। ਸੂਰਜ ਦੀਆਂ ਕਿਰਨਾਂ ਬੇਸ਼ੱਕ ਇਕ ਰੰਗ ਦੀਆਂ ਜਾਪਦੀਆਂ ਹਨ, ਪਰ ਵਾਸਤਵ ਵਿਚ ਇਹ ਸੱਤ ਰੰਗਾਂ ਦਾ ਸਮੂਹ ਹੈ, ਜਿਨ੍ਹਾਂ ਦਾ ਚਕਿਤਸਾ ਦੇ ਖੇਤਰ ਵਿਚ ਅਲੱਗ-ਅਲੱਗ ਮਹੱਤਵ ਹੈ। ਲਾਲ, ਪੀਲੀ, ਹਰੀ, ਜਾਮਨੀ ਆਦਿ ਰੰਗਾਂ ਦੀਆਂ ਬੋਤਲਾਂ ਵਿਚ ਇਕ ਵਿਸ਼ੇਸ਼ ਵਿਧੀ ਦੁਆਰਾ ਕੁਝ ਘੰਟੇ ਧੁੱਪ ਵਿਚ ਰੱਖ ਕੇ ਚਾਰਜਿਤ ਕੀਤੇ ਪਾਣੀ ਜਾਂ ਤੇਲ ਵਿਚ, ਬੋਤਲਾਂ ਦੇ ਰੰਗਾਂ ਮੁਤਾਬਿਕ ਕੁਦਰਤੀ ਅਲੱਗ-ਅਲੱਗ ਗੁਣ ਪੈਦਾ ਹੋ ਜਾਂਦੇ ਹਨ, ਜਿਸ ਦੀ ਵਰਤੋਂ ਰੋਗੀ ਦੀ ਦਸ਼ਾ ਅਨੁਸਾਰ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਵੱਖ-ਵੱਖ ਰੰਗਾਂ ਦੇ ਸ਼ੀਸ਼ਿਆਂ ਵਿਚੋਂ ਗੁਜ਼ਰਦੀਆਂ ਸੂਰਜ ਦੀਆਂ ਕਿਰਨਾਂ, ਰੋਗੀ ਦੇ ਸਰੀਰ ਉਪਰ ਪਾ ਕੇ ਵੀ ਅਨੇਕ ਰੋਗਾਂ ਤੋਂ ਮੁਕਤੀ ਦਿਵਾਈ ਜਾਂਦੀ ਹੈ। ਇਨ੍ਹਾਂ ਰੰਗਾਂ ਦਾ ਸਾਡੇ ਸਰੀਰ ਵਿਚਲੀਆਂ ਰਸ ਗ੍ਰੰਥੀਆਂ ਥਾਇਰਾਈਡ, ਜਿਗਰ, ਪਿਚੂਟਰੀ, ਪੀਨੀਅਲ, ਓਵਰੀ ਆਦਿ 'ਤੇ ਗਹਿਰਾ ਅਸਰ ਪੈਂਦਾ ਹੈ। ਕੁਝ ਵਿਦਵਾਨਾਂ ਨੇ ਲਾਲ, ਨੀਲੇ ਅਤੇ ਹਰੇ ਰੰਗ ਨੂੰ ਹੀ ਮਹੱਤਵਪੂਰਣ ਮੰਨ ਕੇ, ਇਨ੍ਹਾਂ ਰੰਗਾਂ ਦੇ ਗਰਮ ਠੰਢੇ ਗੁਣਾਂ ਅਨੁਸਾਰ ਇਲਾਜ ਕਰਨ ਨੂੰ ਪਹਿਲ ਦਿੱਤੀ ਹੈ।
ਪ੍ਰਾਕਿਰਤੀ ਚਕਿਤਸਾ ਸਿਰਫ ਇਕ ਇਲਾਜ ਪ੍ਰਣਾਲੀ ਨਹੀਂ, ਸਗੋਂ ਇਕ ਸੰਪੂਰਨ ਜੀਵਨ ਸ਼ੈਲੀ ਵੀ ਹੈ। ਇਸ ਵਿਚ ਖਾਣ-ਪੀਣ, ਰਹਿਣ-ਸਹਿਣ, ਸੰਜਮ, ਆਚਰਣ ਦੀ ਸ਼ੁੱਧਤਾ ਆਦਿ ਸ਼ੁਭ ਗੁਣਾਂ ਉਪਰ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਪੁੰਗਰਿਤ ਅੰਨ ਨੂੰ ਸਿਹਤ ਲਈ ਸਭ ਤੋਂ ਉੱਤਮ ਆਹਾਰ ਮੰਨਿਆ ਗਿਆ ਹੈ। ਇਸ ਨਾਲ ਰੋਗਾਂ ਦੀ ਜੜ ਮੋਟਾਪਾ ਘਟਦਾ ਹੈ ਅਤੇ ਸਰੀਰ ਨੂੰ ਲੋੜੀਂਦੇ ਤੱਤ ਮਿਲਣ ਕਾਰਨ ਜੀਵਨ ਸ਼ਕਤੀ (ਰੋਗਾਂ ਨਾਲ ਲੜਨ ਦੀ ਸ਼ਕਤੀ) ਵੱਧਦੀ ਹੈ। ਨਿੰਬੂ, ਆਮਲਾ, ਗਾਜਰ, ਸ਼ਹਿਦ, ਖਜੂਰ, ਅੰਜੀਰ, ਦਹੀਂ, ਲਸਣ, ਪਿਆਜ਼, ਅਨੇਕ ਫਲਾਂ, ਸਬਜ਼ੀਆਂ ਦੇ ਰਸ ਆਦਿ ਦੀ ਵਰਤੋਂ ਰੋਗਾਂ ਅਨੁਸਾਰ ਅਹਾਰ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਲ ਅਤੇ ਚੀਨੀ, ਨਮਕ, ਮੈਦਾ ਨੂੰ ਤਿੰਨ ਚਿੱਟੇ ਜ਼ਹਿਰ ਮੰਨ ਕੇ, ਅਹਾਰ ਵਿਚ ਪਰਹੇਜ਼ ਕੀਤਾ ਜਾਂਦਾ ਹੈ। ਅੱਜ ਦੇ ਪਦਾਰਥਵਾਦੀ ਯੁੱਗ ਵਿਚ ਮਨੁੱਖ ਦੇ ਜ਼ਿਆਦਾ ਸਰੀਰਕ ਅਤੇ ਮਾਨਸਿਕ ਰੂਪ ਵਿਚ ਰੋਗੀ ਹੋਣ ਲਈ ਨਵੀਂ ਜੀਵਨ ਸ਼ੈਲੀ ਜ਼ਿੰਮੇਵਾਰ ਹੈ। ਇਕ ਗੱਲ ਲਈ ਐਲੋਪੈਥੀ, ਆਯੂਰਵੇਦ, ਹੋਮਿਓਪੈਥੀ ਆਦਿ ਸਭ ਪੈਥੀਆਂ ਦੇ ਵਿਦਵਾਨ ਸਹਿਮਤ ਹਨ ਕਿ ਸਾਦਾ ਜੀਵਨ ਦੇ ਧਾਰਣੀ ਬਣ ਕੇ ਅਤੇ ਪ੍ਰਾਕ੍ਰਿਤਕ ਨਿਯਮਾਂ ਉਪਰ ਚਲ ਕੇ ਅਨੇਕ ਰੋਗਾਂ ਤੋਂ ਬਚਿਆ ਜਾ ਸਕਦਾ ਹੈ, ਕਿਉਂਕਿ ਜੀਵਨ ਸ਼ੈਲੀ ਨਾਲ ਸਬੰਧਤ ਅਨੇਕ ਰੋਗ ਹਾਈ ਬਲੱਡ ਪ੍ਰੈਸ਼ਰ, ਦਮਾ, ਉਨੀਂਦਰਾ, ਦਿਲ ਦੇ ਰੋਗ, ਸ਼ੂਗਰ, ਮਾਨਸਿਕ ਤਣਾਓ ਆਦਿ ਲਈ ਇਹ ਚਕਿਤਸਾ ਰਾਮਬਾਣ ਸਾਬਿਤ ਹੋਈ ਹੈ।
ਡਾ. ਜਗਮੇਲ ਸਿੰਘ ਭਾਠੂਆਂ