ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਕਾਲ ਤਖਤ ਸਾਹਿਬ ਤੇ ਸਿੱਖ ਕੌਮ ਦਾ ਭਵਿੱਖ


ਸਾਕਾ ਨੀਲਾ ਤਾਰਾ ਅਤੇ ਇਸ ਤੋਂ ਬਾਅਦ ਲੰਮਾ ਸਮਾਂ ਚੱਲੀ ਸਿੱਖ ਨਸਲਕੁਸ਼ੀ ਦੌਰਾਨ ਸਿੱਖ ਕੌਮ ਲਈ ਆਪਣਾ ਭਵਿੱਖ ਤਹਿ ਕਰਨ ਲਈ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਅਗਵਾਈ ਮਿਲਣੀ ਜ਼ਰੂਰੀ ਸੀ ਪਰ ਸੰਤ ਜਰਨੈਲ ਸਿੰਘ ਭਿਡਰਾਂਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਆਗੂ ਰਹਿਤ ਹੋ ਚੁੱਕੀ ਕੌਮ ਦੇ ਰੋਲ ਮਾਡਲ ਵਜੋਂ ਕੋਈ ਲੀਡਰ ਸਾਹਮਣੇ ਨਹੀਂ ਆ ਸਕਿਆ ਜੋ ਕੌਮ ਦੀ ਸੰਤ ਭਿਡਰਾਂਵਾਲਿਆਂ ਵਾਂਗ ਸਹੀ ਅਗਵਾਈ ਕਰ ਸਕਦਾ। ਉਨ੍ਹਾਂ ਤੋਂ ਬਾਅਦ ਦੇ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਅਧੀਨ ਰਹਿ ਕੇ ਕੰਮ ਕਰਦੇ ਆ ਰਹੇ ਹਨ ਅਤੇ ਅਕਾਲੀ ਦਲ ਹਿੰਦੁਸਤਾਨੀ ਸਿਸਟਮ ਨੂੰ ਚਲਾ ਰਹੀਆਂ ਸ਼ਕਤੀਆਂ ਦੇ ਅਧੀਨ ਚੱਲ ਰਿਹਾ ਹੈ। 1984 ਤੋਂ ਬਾਅਦ ਸੁਤੰਤਰ ਤੌਰ 'ਤੇ ਸਿੱਖ ਕੌਮ ਨੂੰ ਆਪਣਾ ਭਵਿੱਖ ਤਹਿ ਕਰਨ ਲਈ ਕੋਈ ਵੀ ਦਿਸ਼ਾ ਨਿਰਦੇਸ਼ ਜਾਰੀ ਨਹੀਂ ਹੋ ਸਕਿਆ ਜਾਂ ਜਾਰੀ ਕਰਨ ਹੀ ਨਹੀਂ ਦਿੱਤਾ ਗਿਆ। ਭਾਵੇਂ ਕਿ ਸਮੇਂ-ਸਮੇਂ 'ਤੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਅਕਾਲ ਤਖ਼ਤ ਸਾਹਿਬ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਰਹੀਆਂ। ਸਮੇਂ-ਸਮੇਂ 'ਤੇ ਸਰਬਤ ਖਾਲਸਾ ਦੀ ਮੰਗ ਉੱਠਦੀ ਰਹੀ ਕਿ ਮਿਸਲਾਂ ਦੇ ਸਮੇਂ ਦੇ ਇਤਿਹਾਸ ਤੋਂ ਸੇਧ ਲੈ ਕੇ ਸਰਬੱਤ ਖਾਲਸਾ ਰਾਹੀਂ ਕੌਮੀ ਭਵਿੱਖ ਤਹਿ ਕਰਨ ਲਈ ਕੰਮ ਕੀਤਾ ਜਾਵੇ ਅਤੇ ਸਰਬੱਤ ਖਾਲਸਾ ਰਾਹੀਂ ਹੀ ਇਕ ਖਾਸ ਨਿਯਮਾਵਲੀ ਅਧੀਨ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ-ਮੁਕਤੀ ਕੀਤੀ ਜਾਵੇ। ਕੌਮ ਦੀਆਂ ਇਨ੍ਹਾਂ ਅਪੀਲਾਂ ਦੇ ਬਾਵਜੂਦ ਹੋਇਆ ਉਹੀ ਕੁਝ ਜੋ ਹਿੰਦੁਸਤਾਨੀ ਸਿਸਟਮ ਨੂੰ ਮਨਜ਼ੂਰ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੌਮ ਦੇ ਸਰਬਪੱਖੀ ਭਵਿੱਖ ਨੂੰ ਮੁੱਖ ਰੱਖ ਕੇ ਕੀਤੀ ਸੀ ਪਰ ਅੱਜ ਇਸਦੇ ਮੌਜੂਦਾ ਪ੍ਰਬੰਧਕ ਹੀ ਕੌਮ ਦਾ ਭਵਿੱਖ ਡੋਬਣ ਵਾਲੀ ਭੂਮਿਕਾ ਨਿਭਾ ਰਹੇ ਹਨ।
ਸਾਡਾ ਸਮੁੱਚਾ ਗੁਰਦੁਆਰਾ ਪ੍ਰਬੰਧ (ਖਾਸ ਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲਾ) ਅਤੇ ਇਨ੍ਹਾਂ 'ਤੇ ਸਥਾਪਤ ਲੀਡਰਸ਼ਿਪ ਭਾਰਤੀ ਸਿਸਟਮ ਦੇ ਅਧੀਨ ਹਨ। ਜਿਨ੍ਹਾਂ ਦਾ ਆਪਣੇ ਨਿੱਜੀ ਤੇ ਰਾਜਸੀ ਸਵਾਰਥਾਂ ਲਈ ਗੁਰਦੁਆਰਾ ਸਿਸਟਮ ਨੂੰ ਵਰਤਣਾ ਹੀ ਮੁੱਖ ਮਨੋਰਥ ਹੈ ਕੌਮੀ ਭਵਿੱਖ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ। ਸਿੱਖ ਕੌਮ ਦੀ ਹੋਈ ਨਸਲਕੁਸ਼ੀ, ਉਸ ਤੋਂ ਬਾਅਦ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ, ਥਾਣਿਆਂ ਵਿਚ ਸਿੱਖ ਬੀਬੀਆਂ/ਬੱਚੀਆਂ ਦੀ ਬੇਪਤੀ ਲਈ ਵੀ ਅਜੇ ਪੀੜਤਾਂ ਨੂੰ ਇਨਸਾਫ ਨਾ ਮਿਲਣਾ ਤੇ ਦੋਸ਼ੀਆਂ ਦਾ ਸਰਕਾਰੀ ਸੇਵਾਵਾਂ ਮਾਣਨ ਦਾ ਕਾਰਨ ਵੀ ਇਸੇ ਵਿਚ ਛੁਪਿਆ ਹੋਇਆ ਹੈ। ਇੱਥੋਂ ਤੱਕ ਕਿ ਭਾਜਪਾ ਤੇ ਆਰ. ਐਸ. ਐਸ. ਤੋਂ ਡਰਦਿਆਂ ਬਾਦਲਕਿਆਂ, ਸ਼੍ਰੋਮਣੀ ਕਮੇਟੀ ਜਾਂ ਜਥੇਦਾਰਾਂ 1984 ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਤੇ ਹੋਰ ਗੁਰਧਾਮਾਂ ਨੂੰ ਢਾਹ ਕੇ ਹਥਿਆਈਆਂ ਗਈਆਂ ਥਾਵਾਂ ਨੂੰ ਮੁੜ ਤੋਂ ਹਾਸਲ ਕਰਨ ਲਈ ਕਦੇ ਵੀ ਸਰਕਾਰਾਂ ਨਾਲ ਰਾਬਤ ਨਹੀਂ ਬਣਾਇਆ। ਅੱਜ ਕੌਮ ਦੇ ਵੱਡੇ ਤਬਕੇ ਦੀ ਬਦਲ ਗਈ ਜੀਵਨ ਜਾਂਚ ਲਈ ਇਹ ਜਾਅਲੀ ਲੀਡਰਿਸ਼ਪ ਹੀ ਜ਼ਿੰਮੇਵਾਰ ਹੈ।
ਇਸ ਸਮੇਂ ਦੇਸ਼ ਵਿਚ ਸਭ ਤੋਂ ਜ਼ਿਆਦਾ ਫਿਰਕੂ ਪਾਰਟੀ ਭਾਜਪਾ ਤੇ ਇਸਦੀਆਂ ਸਹਿਯੋਗੀ ਜਥੇਬੰਦੀਆਂ ਨੂੰ ਮੰਨਿਆ ਜਾ ਰਿਹਾ ਹੈ। ਭਾਜਪਾ ਵੀ ਸਿੱਖ ਕੌਮ 'ਤੇ ਜ਼ੁਲਮ ਕਰਨ ਵਿਚ ਕਾਂਗਰਸ ਦੀ ਬਰਾਬਰ ਦੀ ਭਾਈਵਾਲ ਪਾਰਟੀ ਹੈ ਜੋ ਸਿੱਖਾਂ ਨੂੰ ਇਨਸਾਫ਼ ਨਾ ਮਿਲਣ ਅਤੇ ਦੋਸ਼ੀਆਂ ਨੂੰ ਬਚਾਉਣ ਦੇ ਅਮਲ ਵਿਚ ਕਾਂਗਰਸ ਦੇ ਬਰਾਬਰ ਦਾ ਰੋਲ ਅਦਾ ਕਰ ਰਹੀ ਹੈ। ਇਸ ਗੱਲ ਵਿਚ ਵੀ ਕੋਈ ਅਤਿਕਥਨੀ ਨਹੀਂ ਕਿ ਕਾਂਗਰਸ ਤੋਂ ਬਾਅਦ ਹੁਣ ਸਿੱਖ ਕੌਮ ਦਾ ਭੇੜ ਇਸ ਹਿੰਦੂ ਕੱਟੜਵਾਦੀ ਜਥੇਬੰਦੀ ਨਾਲ ਹੋਵੇਗਾ ਅਤੇ ਅਸਿੱਧੇ ਢੰਗ ਨਾਲ ਇਹ ਸ਼ੁਰੂ ਹੋ ਵੀ ਚੁੱਕਾ ਹੈ। ਛੱਤੀਸਿੰਘਪੁਰਾ ਵਿਚ ਪਾਕਿਸਤਾਨੀ ਖਾੜਕੂਆਂ ਦੇ ਨਾਂ ਹੇਠ 36 ਸਿੱਖਾਂ ਨੂੰ ਸ਼ਹੀਦ ਕਰਨ ਲਈ ਵੀ ਇਹੋ ਪਾਰਟੀ ਜ਼ਿੰਮੇਵਾਰ ਹੈ। ਸੌਦਾ ਸਾਧ ਤੇ ਆਸ਼ੂਤੋਸ਼ ਦੇ ਮਾਮਲੇ ਵਿਚ ਸਿੱਖਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਪਿੱਛੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਭਾਈਵਾਲ ਇਸੇ ਪਾਰਟੀ ਦਾ ਹੱਥ ਮੰਨਿਆ ਜਾ ਰਿਹਾ ਹੈ। ਸਿੱਖਾਂ ਦੇ ਵਿਰੋਧ ਦੇ ਬਾਵਜੂਦ ਵੀ ਭਾਜਪਾ ਨੇ ਗੁਰੂ ਸਾਹਿਬਾਨ ਦਾ ਨਿਰਾਦਰ ਕਰਵਾਉਣ ਦੇ ਮਕਸਦ ਨਾਲ ਆਸੂਤੋਸ਼ ਦੇ ਲਧਿਆਣਾ ਵਿਚ ਹੋ ਰਹੇ ਉਕਤ ਸਮਾਗਮ ਦਾ ਪ੍ਰਬੰਧ ਖੁਦ ਕੀਤਾ ਸੀ। ਇਸ ਤੋਂ ਬਿਨਾਂ ਹੁਣੇ-ਹੁਣੇ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿਚ ਸਿੱਖਾਂ ਦੀਆਂ ਪੱਗਾਂ ਸਾੜਨ ਵਾਲੇ ਅਤੇ ਪੰਜਾਬ ਵਿਚ ਬਦਅਮਨੀ ਫੈਲਾ ਰਹੇ ਸ਼ਿਵ ਸੈਨੀਆਂ ਦਾ ਪੁਲਿਸ ਵਲੋਂ ਖੁੱਲ੍ਹ ਕੇ ਸਾਥ ਦੇਣਾ ਅਤੇ ਗੁਰਦਾਸਪੁਰ ਵਿਚ ਪੁਲਿਸ ਵਲੋਂ ਸ਼ਿਵ ਸੈਨਾ ਦਾ ਆਗੂਆਂ ਨਾਲ ਮੀਟਿੰਗ ਕਰਕੇ ਸ਼ਾਂਤਮਈ ਢੰਗ ਨਾਲ 'ਸਤਨਾਮ ਵਾਹਿਗੁਰੂ' ਦਾ ਜਾਪ ਕਰ ਰਹੇ ਸਿੱਖ ਨੌਜਵਾਨਾਂ 'ਤੇ ਗੋਲੀਆਂ ਚਲਾ ਕੇ ਭਾਈ ਜਸਪਾਲ ਸਿੰਘ ਨੂੰ ਸ਼ਹੀਦ ਤੇ ਰਣਜੀਤ ਸਿੰਘ ਨੂੰ ਜ਼ਖਮੀ ਕਰਨਾ ਅਤੇ ਗੁਰਦੁਆਰੇ ਵਿਚੋਂ ਨੌਜਵਾਨਾਂ ਨੂੰ ਕੱਢਣ ਲਈ ਦਰਵਾਜ਼ੇ ਭੰਨਣੇ ਤੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹ ਕੇ ਪੁਲਿਸ ਵਲੋਂ ਗੰਦੀਆਂ ਗਾਲ਼ਾਂ ਕੱਢਣ ਦੇ ਕਾਰੇ ਵੀ ਇਸੇ ਹਿੰਦੂ ਅੱਤਵਾਦੀ ਪਾਰਟੀ ਨੇ ਸਰਕਾਰ ਤੋਂ ਕਰਵਾਏ ਹਨ। ਅੱਗੇ ਜਾ ਕੇ ਇਹ ਪਾਰਟੀ ਸਿੱਖਾਂ ਵਿਰੁੱਧ ਕਿਸੇ ਵੀ ਪੱਧਰ 'ਤੇ ਜਾ ਸਕਦੀ ਹੈ। ਇਸ ਅਤਿ ਫਿਰਕੂ ਪਾਰਟੀ ਨਾਲ ਸਾਂਝ ਅਕਾਲੀ ਦਲ ਵਲੋਂ ਸਿੱਖਾਂ ਅਤੇ ਪੰਜਾਬ ਦੇ ਮਸਲਿਆਂ ਨੂੰ ਵਿਸਾਰਣ ਦਾ ਕਾਰਨ ਬਣੀ ਹੈ।
ਅੱਜ ਸਿੱਖ ਕੌਮ ਦਾ ਜਾਗਰੂਕ ਤਬਕਾ ਇਸ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਜਿਸਦੀ ਸਥਾਪਨਾ ਹੀ ਸਿੱਖ ਕੌਮ ਦੇ ਰਾਜਸੀ ਮਾਮਲਿਆਂ ਵਾਸਤੇ ਹੋਈ ਸੀ, ਵਲੋਂ ਸਿੱਖ ਕੌਮ ਦੀ ਸਹੀ ਅਗਵਾਈ ਕਿਉਂ ਨਹੀਂ ਹੋ ਰਹੀ। '84 ਤੋਂ ਬਾਅਦ ਦੇ ਤਖ਼ਤਾਂ ਦੇ ਜਥੇਦਾਰਾਂ ਨੇ ਸਿੱਖ ਕੌਮ ਦੇ ਪੱਲੇ ਨਿਰਾਸ਼ਤਾ ਅਤੇ ਖੁਆਰੀ ਹੀ ਪਾਈ ਹੈ ਅਤੇ ਇਨ੍ਹਾਂ ਦੀ ਕਾਰਗੁਜ਼ਾਰੀ ਕਾਰਨ ਦੁਨੀਆਂ ਅੱਗੇ ਸਿੱਖਾਂ ਨੂੰ ਕਈ ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
ਅੱਜ ਕੌਮ ਦੀ ਇਕ ਹੋਰ ਤ੍ਰਾਸਦੀ ਹੈ ਕਿ ਭਾਵੇਂ ਅਕਾਲ ਤਖ਼ਤ ਸਾਹਿਬ ਤੋਂ ਕਿਸੇ ਪਾਰਟੀ ਨਾਲ ਸਬੰਧ ਰੱਖਣ ਜਾਂ ਨਾ ਰੱਖਣ ਸਬੰਧੀ ਕੋਈ ਵੀ ਆਦੇਸ਼ ਜਾਰੀ ਨਹੀਂ ਹੋਇਆ ਪਰ ਜਥੇਬੰਦੀਆਂ ਦੇ ਲੀਡਰ ਇੱਥੋਂ ਤੱਕ ਕਿ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਜੁਝਾਰੂ ਆਗੂ ਵੀ ਇਕ ਦੂਜੇ ਨੂੰ ਕਾਂਗਰਸ ਦੇ ਜਾਂ ਭਾਜਪਾ ਦੇ ਏਜੰਟ ਕਹਿ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇੱਥੇ ਵਿਰੋਧੀ ਨੂੰ ਨੀਵਾਂ ਵਿਖਾਉਣ ਤੋਂ ਬਿਨਾਂ ਸਿਸਟਾਚਾਰਿਕ ਸੰਵਾਦ ਰਾਹੀਂ ਉਸਦੀ ਗਲਤੀ ਦਾ ਅਹਿਸਾਸ ਕਰਵਾਉਣ ਦੀ ਕੋਈ ਮਨਸ਼ਾ ਨਹੀਂ ਹੁੰਦੀ। ਦੋਵੇਂ ਪਾਰਟੀਆਂ ਕਿਉਂਕਿ ਇਕ ਦੂਜੇ ਤੋਂ ਵਧ ਕੇ ਸਿੱਖਾਂ ਦੀਆਂ ਦੁਸ਼ਮਣ ਹਨ ਇਸ ਲਈ ਅਕਾਲ ਤਖ਼ਤ ਸਾਹਿਬ ਤੋਂ ਇਨ੍ਹਾਂ ਦੋਵਾਂ ਪਾਰਟੀਆਂ ਪ੍ਰਤੀ ਆਪਣੀ  ਭਵਿੱਖੀ ਰਣਨੀਤੀ ਤਹਿ ਕਰਨ ਲਈ ਆਦੇਸ਼ ਜਾਰੀ ਹੋਣੇ ਜ਼ਰੂਰੀ ਹਨ ਤਾਂ ਜੋ ਹਿੰਦੂਵਾਦ ਤੋਂ ਵੱਖਰੀ ਸਿੱਖ ਕੌਮ ਸੁਤੰਤਰ ਤੌਰ 'ਤੇ ਆਪਣਾ ਰਾਜਸੀ ਭਵਿੱਖ ਤਹਿ ਕਰ ਸਕੇ।
ਇਸ ਸਬੰਧ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੀਆਂ ਕਾਤਲ ਕਾਂਗਰਸ ਅਤੇ ਭਾਜਪਾ ਨਾਲ ਕੋਈ ਵੀ ਸਬੰਧ ਨਾ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਜਾਵੇ। ਭਾਈ ਰਾਜੋਆਣਾ ਮੌਜੂਦਾ ਪ੍ਰਬੰਧ ਅਧੀਨ ਅਕਾਲ ਤਖ਼ਤ ਸਾਹਿਬ ਤੋਂ ਅਜਿਹਾ ਕੋਈ ਆਦੇਸ਼ ਜਾਰੀ ਹੋਣ ਪ੍ਰਤੀ ਆਸਵੰਦ ਹੋ ਸਕਦੇ ਹਨ ਪਰ ਸਿੱਖ ਕੌਮ ਦੇ ਜਾਗਰੂਕ ਤਬਕੇ ਅਤੇ ਜਥੇਬੰਦੀਆਂ ਨੇ 15-20 ਸਾਲ ਕੋਸ਼ਿਸ਼ ਕਰ ਕੇ ਵੇਖ ਲਈ ਹੈ ਪਰ ਤਖ਼ਤ ਸਾਹਿਬ ਤੋਂ ਅਜਿਹਾ ਕੋਈ ਵੀ ਨੀਤੀ ਨਿਰਦੇਸ਼ ਜਾਰੀ ਨਹੀਂ ਹੋ ਸਕਿਆ। ਜਿਹੜੇ ਜਥੇਦਾਰ ਆਮ ਜਿਹੇ ਮਸਲਿਆਂ 'ਤੇ ਕੌਮ ਵਿਚ ਵੰਡੀਆਂ ਪਾਉਣ ਲਈ 'ਹੁਕਮਾਨਮੇ' ਜਾਰੀ ਕਰਨ ਨੂੰ ਮਿੰਟ ਨਹੀਂ ਲਗਾਉਂਦੇ, ਉਨ੍ਹਾਂ ਨੇ ਉਕਤ ਵੱਡੇ ਤੇ ਸੰਜੀਦਾ ਮਸਲਿਆਂ ਨੂੰ ਨਜ਼ਰ ਅੰਦਾਜ਼ ਕਰਕੇ ਰੱਖਿਆ ਹੋਇਆ ਹੈ, ਜਿਨ੍ਹਾਂ ਬਾਰੇ ਫ਼ੈਸਲੇ ਨੇ ਕੌਮ ਦਾ ਹੀ ਨਹੀਂ ਸਗੋਂ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਵੀ ਕੌਮਾਂਤਰੀ ਪੱਧਰ 'ਤੇ ਤਹਿ ਕਰਨਾ ਹੈ। ਸਾਡੀ ਤ੍ਰਾਸਦੀ ਤਾਂ ਇੱਥੋਂ ਤੱਕ ਹੈ ਕਿ ਕੋਈ ਅਜਿਹਾ ਆਦੇਸ਼ ਤਾਂ 'ਜਥੇਦਾਰਾਂ' ਨੇ ਕੀ ਜਾਰੀ ਕਰਨਾ ਹੈ ਸਗੋਂ ਪਹਿਲਾਂ ਜਿਹੜੇ ਆਸ਼ੂਤੋਸ਼ ਜਾਂ ਸੌਦਾ ਸਾਧ ਵਰਗਿਆਂ ਦੇ ਮਾਮਲਿਆਂ ਵਿਚ 'ਹੁਕਮਨਾਮੇ' ਜਾਰੀ ਹੋਈ ਵੀ ਹਨ ਉਨ੍ਹਾਂ ਨੂੰ ਸਹੀ ਅਰਥਾਂ ਵਿਚ ਲਾਗੂ ਕਰਵਾਉਣ ਤੋਂ ਜਥੇਦਾਰਾਂ ਨੇ ਪਾਸਾ ਹੀ ਵੱਟਿਆ ਹੈ ਅਤੇ ਇਨ੍ਹਾਂ ਹੁਕਮਾਨਿਆਂ 'ਤੇ ਚੱਲਣ ਵਾਲੇ ਸਿੱਖਾਂ ਨੂੰ ਜਥੇਦਾਰਾਂ ਦੀ ਨਰਾਜ਼ਗੀ ਝੱਲਣੀ ਪੈਂਦੀ ਹੈ ਭਾਵੇਂ ਕਿ ਇਨ੍ਹਾਂ ਹੁਕਮਨਾਮਿਆਂ 'ਤੇ ਚੱਲ ਕੇ ਉਨ੍ਹਾਂ ਸਿੱਖਾਂ ਨੂੰ ਜੇਲ੍ਹਾਂ ਵਿਚ ਵੀ ਜਾਣਾ ਪਿਆ ਹੈ। ਅੱਜ ਗੁਰੂ ਸਾਹਿਬ ਵਲੋਂ ਸਥਾਪਤ ਕੀਤੇ ਗਏ ਸਿੱਖ ਕੌਮ ਦੀ ਰਾਜਸੀ ਸ਼ਕਤੀ ਦੇ ਪ੍ਰਤੀਕ ਇਸ ਤਖ਼ਤ 'ਤੇ ਅੱਜ ਅਸਿੱਧੇ ਤੌਰ 'ਤੇ ਉਹੀ ਤਾਕਤਾਂ ਕਾਬਜ਼ ਹਨ ਜਿਨ੍ਹਾਂ ਦੇ ਖਾਤਮੇ ਲਈ ਗੁਰੂ ਨਾਨਕ ਸਾਹਿਬ ਨੇ ਸਿੱਖ ਲਹਿਰ ਦਾ ਆਗਾਜ਼ ਕੀਤਾ ਸੀ। ਇਸ ਲਈ ਜਦ ਤੱਕ ਇਸ ਤਖ਼ਤ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ ਕੋਈ ਸਰਬ-ਪ੍ਰਮਾਣਿਤ ਨਿਯਮ ਜਿਵੇਂ ਕਿ ਮਿਸਲਾਂ ਦੇ ਸਮੇਂ ਵਾਲਾ ਢੰਗ ਅਪਣਾ ਕੇ ਸਰਬੱਤ ਖਾਲਸਾ ਦੀ ਪ੍ਰਥਾ ਮੁੜ ਤੋਂ ਸ਼ੁਰੂ ਨਹੀਂ ਕੀਤੀ ਜਾਂਦੀ ਉਦੋਂ ਤੱਕ ਇਸ ਤਖ਼ਤ ਤੋਂ ਦਿੱਲੀ ਤਖ਼ਤ ਦੇ ਹੁਕਮਨਾਮੇ ਹੀ ਜਾਰੀ ਹੁੰਦੇ ਰਹਿਣਗੇ ਅਤੇ ਸਿੱਖ ਕੌਮ ਨੂੰ ਆਪਣੇ ਲਈ ਸਹੀ ਅਗਵਾਈ ਦੀ ਤੇ ਆਪਣੀਆਂ ਭਾਵਨਾਵਾਂ ਦੀ ਤਰਜਮਾਨੀ ਦੀ ਉਦੋਂ ਤੱਕ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਉਦੋਂ ਤੱਕ ਅਕਾਲੀ ਫੂਲਾ ਸਿੰਘ ਵਰਗਾ ਕੋਈ ਜਥੇਦਾਰ ਕੌਮ ਦੇ ਨਸੀਬ ਨਹੀਂ ਹੋਵੇਗਾ। 1947 ਤੋਂ ਬਾਅਦ ਅੱਜ ਤੱਕ ਦੇ ਇਤਿਹਾਸ ਨੂੰ ਜੇ ਬੜੇ ਗਹੁ ਨਾਲ ਵਿਚਾਰਿਆ ਜਾਵੇ ਤਾਂ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਕੱਟ ਕੇ ਦੱਖਣੀ ਏਸ਼ੀਆ ਵਿਚ ਗੁਰੂ ਨਾਨਕ ਦੇ ਹਲੀਮੀ ਰਾਜ (ਖਾਲਿਸਤਾਨ) ਦੀ ਸਥਾਪਨਾ ਲਈ ਸਿੱਧੇ ਤੌਰ 'ਤੇ ਸੰਘਰਸ਼ ਵਿਢਣਾ ਹੀ ਸਾਡੀ ਸਮੱਸਿਆ ਦਾ ਇਕੋ-ਇਕ ਹੱਲ ਨਜ਼ਰ ਆਵੇਗਾ। ਸੋ ਅੱਜ ਸਮੁੱਚੇ ਸਿੱਖ ਪੰਥ ਲਈ ਅਕਾਲ ਤਖ਼ਤ ਦੀ ਆਜ਼ਾਦੀ ਦੀ ਲਹਿਰ ਚਲਾਉਣਾ ਇਕ ਵੱਡੀ ਲੋੜ ਬਣ ਗਈ ਹੈ ਕਿਉਂਕਿ ਅਗਲੀਆਂ ਆਜ਼ਾਦੀਆਂ ਦੇ ਰਾਹ ਇੱਥੋਂ ਹੀ ਖੁੱਲ੍ਹਣੇ ਹਨ।
ਹਰਪਾਲ ਸਿੰਘ ਚੀਮਾ
98153-60051