ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


...ਮਨਿ ਜੀਤੈ ਜਗੁ ਜੀਤੁ


ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਸਿੱਧਾਂ ਨਾਲ ਪ੍ਰਸ਼ਨੋਤਰੀ ਕੀਤੀ। ਸਿੱਧਾਂ ਨੇ ਗੁਰੂ ਜੀ ਕੋਲੋਂ 73 ਸਵਾਲ ਪੁੱਛੇ, ਜਿੰਨਾਂ ਵਿਚੋਂ 64 ਮਨ ਨਾਲ ਸਬੰਧਿਤ ਸਨ। ਇਸ ਪ੍ਰਸਿੱਧ ਗੱਲਬਾਤ ਦਾ ਰੀਕਾਰਡ 'ਸਿਧ ਗੋਸਟਿ' ਦੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 945 'ਤੇ ਦਰਜ ਹੈ। ਉਹਨਾਂ ਪੁੱਛਿਆ ਸੀ ਕਿ ਜਦੋਂ ਦੇਹ ਤੇ ਹਿਰਦਾ ਨਹੀਂ ਹੁੰਦਾ ਤਾਂ ਮਨ ਕਿੱਥੇ ਰਹਿੰਦਾ ਹੈ?
ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ£ (ਅੰਕ ੯੪੫)
      ਅਤੇ ਗੁਰੂ ਜੀ ਨੇ ਜਵਾਬ ਦਿੱਤਾ ਸੀ ਕਿ ਉਹ ਸੁੰਨ ਅਵਸਥਾ ਵਿਚ ਰਹਿੰਦਾ ਹੈ :
ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ£ (ਅੰਕ ੯੪੫)
      ਗੁਰੂ ਜੀ ਸਾਨੂੰ ਵੀ ਉਪਦੇਸ਼ ਕਰਦੇ ਹਨ ਕਿ ਮਨ ਨੂੰ ਸਮਝੋ ਤੇ ਜਿੱਤੋ। ਸਾਡੀ ਨਿਤਨੇਮ ਦੀ ਬਾਣੀ ਜਪੁ ਜੀ ਸਾਹਿਬ ਦੀ ਅਠਾਈਵੀਂ ਪਉੜੀ ਵਿਚ ਆਪ ਜੀ ਉਪਦੇਸ਼ ਕਰਦੇ ਹਨ :
      ......ਮਨਿ ਜੀਤੈ ਜਗੁ ਜੀਤੁ£ (ਅੰਕ ੬)
      ਪਰ ਜਦੋਂ ਅਸੀਂ ਮਨ ਦੀ ਤਲਾਸ਼ ਸ਼ੁਰੂ ਕਰਦੇ ਹਾਂ ਤਾਂ ਇਹ ਪ੍ਰਸ਼ਨ ਸਾਹਮਣੇ ਆਉਂਦਾ ਹੈ ਕਿ ਇਹ ਕੀ ਹੈ, ਕਿੱਥੇ ਵੱਸਦਾ ਹੈ ਅਤੇ ਇਸ ਦਾ ਸੁਭਾਉ ਕੀ ਹੈ? ਇਸ ਮੁੱਢਲੀ ਜਾਣਕਾਰੀ ਦੇ ਬਾਅਦ ਹੀ ਇਸ ਨੂੰ ਜਿੱਤਣ ਦਾ ਸਵਾਲ ਉਠਦਾ ਹੈ। ਅਸੀਂ ਮਨ ਦੇ ਇਨ੍ਹਾਂ ਪਹਿਲੂਆਂ ਉਪਰ ਵਿਚਾਰ ਕਰਦੇ ਹਾਂ।
ਮਨ ਕਿੱਥੇ ਹੈ?
     ਮਨ ਸਰੀਰ ਵਿਚ ਹੈ, ਪਰ ਸਰੀਰ ਦਾ ਹਿੱਸਾ ਨਹੀਂ ਹੈ। ਸਰੀਰ ਦਿੱਸਦਾ ਹੈ, ਮਨ ਨਹੀਂ ਦਿੱਸਦਾ। ਮਨ ਸਰੀਰ ਦਾ ਅਦ੍ਰਿਸ਼ ਹਿੱਸਾ ਕਿਹਾ ਜਾ ਸਕਦਾ ਹੈ। ਸਰੀਰ ਨਾਸ਼ਵਾਨ ਹੈ ਪਰ ਮਨ ਨਾਸ਼ ਰਹਿਤ ਹੈ। ਮਰਨ ਉਪਰੰਤ ਮਨ ਸਰੀਰ ਦਾ ਸਾਥ ਛੱਡ ਦਿੰਦਾ ਹੈ। ਜੇ ਕੋਈ ਮਨ ਨੂੰ ਸਰੀਰ ਵਿਚ ਆਕਾਰ ਦੀ ਤਰ੍ਹਾਂ ਲੱਭਣਾ ਚਾਹੇ ਤਾਂ ਉਹ ਸਫਲ ਨਹੀਂ ਹੋ ਸਕਦਾ। ਗੁਰਬਾਣੀ ਫੈਸਲਾ ਦਿੰਦੀ ਹੈ :
ਸਨਕਾਦਿਕ ਨਾਰਦ ਮੁਨਿ ਸੇਖਾ£
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ£..
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ£ (ਅੰਕ ੩੩੦)
      ਮਨ ਦੇ ਚਾਰ ਮੁੱਖ ਅੰਗ ਮੰਨੇ ਜਾਂਦੇ ਹਨ - 1. ਸਮ੍ਰਿਤੀ, 2. ਵਿਚਾਰ-ਭਾਵਨਾ, 3. ਨਿਰਣਾਇਕ ਅਤੇ 4. ਹਉਮੈਂ। ਪਹਿਲੇ ਦੋ ਸਮ੍ਰਿਤੀ ਤੇ ਵਿਚਾਰ-ਭਾਵਨਾ, ਤੀਸਰੇ ਨਿਰਣਾਇਕ ਨੂੰ ਲੋੜੀਂਦੀ ਜਾਣਕਾਰੀ ਦਿੰਦੇ ਹਨ ਜਿਸ ਦੇ ਆਧਾਰ 'ਤੇ ਨਿਰਣਾਇਕ ਅਗਲੇ ਕਰਮ ਲਈ ਆਦੇਸ਼ ਦਿੰਦਾ ਹੈ। ਪਰ ਇਸ ਦੇ ਨਿਰਣੈ ਉਪਰ ਹਮੇਸ਼ਾਂ ਚੌਥੇ, ਹਉਮੈ ਦਾ ਰੰਗ ਚੜ੍ਹਿਆ ਰਹਿੰਦਾ ਹੈ। ਸਮ੍ਰਿਤੀ ਤੇ ਵਿਚਾਰ-ਭਾਵਨਾ ਸਰੀਰ ਦੇ ਨਾਲ ਹੀ ਨਸ਼ਟ ਹੋ ਜਾਂਦੇ ਹਨ ਅਤੇ ਨਿਰਣਾਇਕ ਤੇ ਹਉਮੈਂ ਸਰੀਰ ਦੇ ਬਾਹਰ ਚਲੇ ਜਾਂਦੇ ਹਨ ਅਤੇ ਜੀਊਂਦੇ ਰਹਿੰਦੇ ਹਨ।
ਮਨ ਕਿਵੇਂ ਕੰਮ ਕਰਦਾ ਹੈ?
      ਮਨ ਉਹ ਰਾਹ ਪਕੜਦਾ ਹੈ ਜਿਸ ਵਿਚ ਮਿਹਨਤ ਘੱਟ ਹੋਏ। ਇਸ ਨੂੰ ਗਾਡੀ-ਰਾਹ ਪਸੰਦ ਹੈ। ਇਸ ਨੂੰ ਸੋਧ ਪਸੰਦ ਨਹੀਂ। ਇਕ ਬੱਚਾ ਗੋਲ ਚੱਕਰ ਬਣਾਉਂਦਾ ਹੈ ਜਿਹੜਾ ਗੋਲ ਨਹੀਂ। ਉਹ ਇਸ ਨੂੰ ਦੋਬਾਰਾ ਬਣਾ ਲਵੇਗਾ ਕਿਉਂਕਿ ਉਸ ਨੇ ਪਹਿਲਾਂ ਏਦਾਂ ਬਣਾ ਲਿਆ ਹੈ। ਇਸ ਚੱਕਰ ਵਿਚ ਸੁਧਾਰ ਉਸ ਨੂੰ ਪਸੰਦ ਨਹੀਂ। ਮਨੋਵਿਗਿਆਨਕਾਂ ਦਾ ਮੱਤ ਹੈ ਕਿ ਮਨੁੱਖ ਦਾ ਲਿਖਣੋਂ ਕਤਰਾਉਣ ਦਾ ਮੁੱਖ ਕਾਰਨ ਹੈ ਅਧਿਆਪਕ ਵਲੋਂ ਸਕੂਲ ਵਿਚ ਕੀਤੀ ਸੁਧਾਈ। ਇਸ ਤਰ੍ਹਾਂ ਉਸ ਨੇ ਠੀਕ ਲਿਖਣਾ ਤਾਂ ਸਿਖ ਲਿਆ ਹੈ ਪਰ ਉਸ ਦੀ ਲਿਖਣ ਦੀ ਸੁਭਾਵਿਕ ਰੁਚੀ ਮਰ ਗਈ ਹੈ। ਬੱਚਿਆਂ ਦਾ ਛੋਟੀ ਉਮਰ ਵਿਚ ਸਕੂਲ ਛੱਡਣ ਦਾ ਇਕ ਕਾਰਨ ਇਹ ਸੁਧਾਈ ਵੀ ਹੈ। ਬੱਚਾ ਇਕ ਵਾਰੀ ਚੋਰੀ ਕਰ ਲਵੇ ਤੇ ਬਚ ਨਿਕਲੇ ਤਾਂ ਦੂਸਰੀ ਚੋਰੀ ਕਰਨੀ ਉਸ ਲਈ ਆਸਾਨ ਹੋ ਜਾਂਦੀ ਹੈ। ਇਸ ਤਰ੍ਹਾਂ ਕਿਸੇ ਚੰਗੇ ਜਾਂ ਮੰਦੇ ਕੰਮ ਨੂੰ ਵਾਰ ਵਾਰ ਕਰਨ ਨਾਲ ਸੰਸਕਾਰ ਬਣਦੇ ਜਾਂਦੇ ਹਨ ਅਤੇ ਮਨ ਉਪਰ ਆਪਣੀ ਛਾਪ ਛੱਡ ਜਾਂਦੇ ਹਨ। ਇਕੋ ਘਰ ਵਿਚ ਜਨਮੇ ਬੱਚਿਆਂ ਦੇ ਸੁਭਾਉ ਅੱਡ-ਅੱਡ ਹੁੰਦੇ ਹਨ। ਜੇ ਇਨ੍ਹਾਂ ਬਣਦੇ ਸੰਸਕਾਰਾਂ ਦੀ ਅਸੀਂ ਆਪ ਜਾਂ ਕੋਈ ਹੋਰ ਸਿਆਣਾ ਸੁਧਾਰ ਨਾ ਕਰੇ ਤਾਂ ਸਾਡੇ ਕਰਮ ਇਨ੍ਹਾਂ ਸੰਸਕਾਰਾਂ ਦੇ ਗੁਲਾਮ ਹੋ ਜਾਂਦੇ ਹਨ। ਨਾ ਚਾਹੇ ਵੀ ਸਾਡੇ ਕੋਲੋਂ ਗਲਤ ਹੋ ਜਾਂਦਾ ਹੈ ਅਤੇ ਅਸੀਂ ਬਿਲਲਾਂਦੇ ਵੀ ਹਾਂ, ਪਰ ਗਲਤ ਨੂੰ ਰੋਕਣੋਂ ਅਸਮਰੱਥ ਰਹਿੰਦੇ ਹਾਂ। ਇਸ ਮਨੋਦਸ਼ਾ ਬਾਰੇ ਗੁਰਬਾਣੀ ਦੱਸਦੀ ਹੈ :
ਮਨ ਮੂਰਖ ਕਾਹੇ ਬਿਲਲਾਈਐ£
ਪੁਰਬ ਲਿਖੇ ਕਾ ਲਿਖਿਆ ਪਾਈਐ£
(ਅੰਕ ੨੮੨-੮੩)
ਮਨ ਦੇ ਨਿਰਣੈ ਕਿਵੇਂ ਹੁੰਦੇ ਹਨ?
      ਸਾਡੀਆਂ ਇੰਦਰੀਆਂ ਸਾਡੇ ਮਨ ਨੂੰ ਕੁਝ ਗਿਆਨ ਪਹੁੰਚਾਉਂਦੀਆਂ ਹਨ। ਮਿਸਾਲ ਵਜੋਂ ਕੌਣ ਮਨ ਨੂੰ ਕੁਝ ਸਰਸਰਾਹਟ ਦਿੰਦਾ ਹੈ? ਮਨ ਦਾ ਦੂਸਰਾ ਹਿੱਸਾ ਇਸ ਗਿਆਨ ਦੀ ਪਹਿਚਾਣ ਕਰਦਾ ਹੈ। ਮਨ ਦਾ ਤੀਸਰਾ ਹਿੱਸਾ ਇਸ ਪਹਿਚਾਣ ਦਾ ਮੁਲਾਂਕਣ ਕਰਦਾ ਹੈ। ਇਹ ਮੁਲਾਂਕਣ ਦੋ ਤਰ੍ਹਾਂ ਦਾ ਹੁੰਦਾ ਹੈ - ਪਸੰਦ ਹੈ ਜਾਂ ਨਾਪਸੰਦ ਹੈ, ਚਾਹੀਦੀ ਹੈ ਜਾਂ ਨਹੀਂ ਚਾਹੀਦੀ ਹੈ, ਚੰਗੀ ਹੈ ਜਾਂ ਮੰਦੀ ਹੈ। ਇਸ ਮੁਲਾਂਕਣ ਦੇ ਬਾਅਦ ਮਨ ਦਾ ਚੌਥਾ ਹਿੱਸਾ ਪ੍ਰਤੀਕਰਮ ਕਰਦਾ ਹੈ। ਸਰੀਰ ਨੂੰ ਆਪਣੀ ਪਸੰਦ ਜਾਂ ਨਾ-ਪਸੰਦ ਪ੍ਰਗਟ ਕਰਨ ਲਈ ਕਹਿੰਦਾ ਹੈ। ਇਹ ਚਾਰ ਕਰਮ ਕਰੀਬਨ-ਕਰੀਬਨ ਨਾਲੋਂ ਨਾਲ ਹੀ ਹੋ ਜਾਂਦੇ ਹਨ। ਪ੍ਰਤੀਕਰਮ ਦੀ ਤੀਬਰਤਾ ਸਾਡੇ ਸੰਸਕਾਰਾਂ ਦੀ ਰਹਿਨੁਮਾਈ 'ਤੇ ਨਿਰਭਰ ਹੈ। ਗੁਰੂ ਅਮਰਦਾਸ ਜੀ ਨੂੰ ਭਰੇ ਦੀਵਾਨ ਵਿਚ ਕੋਈ ਲੱਤ ਮਾਰ ਦਿੰਦਾ ਹੈ। ਪਰ ਗੁਰੂ ਜੀ ਸ਼ਾਂਤ-ਚਿੱਤ ਰਹਿੰਦੇ ਹਨ। ਆਪ ਜੀ ਦੇ ਕੋਮਲ ਪੈਰਾਂ ਨੂੰ ਸੱਟ ਤਾਂ ਨਹੀਂ ਲੱਗੀ? ਅੰਦਰ ਗੁੱਸੇ ਦਾ ਸੰਸਕਾਰ ਨਹੀਂ ਤਾਂ ਬਾਹਰ ਪ੍ਰਗਟ ਕਿਵੇਂ ਹੋਵੇਗਾ? ਸਾਡੀ ਬੁੱਧੀ ਸੰਸਕਾਰਾਂ ਦੀ ਗੁਲਾਮ ਹੈ। ਇਹੀ ਕਾਰਨ ਹੈ ਕਿ ਕਈ ਵੱਡੇ ਧਰਮ ਗੁਰੂ, ਗਲਤ ਪਾਸਿਓਂ ਜਾਣੋਂ ਨਹੀਂ ਰੁਕਦੇ। ਉਹ ਜਾਣਦੇ ਹਨ ਕਿ ਕਰਮ ਗਲਤ ਹੈ, ਬੁੱਧੀ ਬਰਾਬਰ ਕਹੀ ਜਾਂਦੀ ਹੈ ਕਿ ਇਹ ਗਲਤ ਹੈ। ਪਰ ਉਹ ਗਲਤ ਕਰਨੋਂ ਨਹੀਂ ਰੁਕ ਸਕਦੇ।
ਮਨ ਦੇ ਗੁਣ-ਔਗੁਣ :
      (À) ਉਲਝਣ : ਸਾਡੀਆਂ ਗਿਆਨ ਇੰਦਰੀਆਂ ਅਧੂਰੀਆਂ ਹਨ। ਸਾਡੀ ਅੱਖ ਹਨ੍ਹੇਰੇ ਵਿਚ ਨਹੀਂ ਦੇਖ ਸਕਦੀ। ਚਾਨਣੇ ਵਿਚ ਵੀ ਕੁਝ ਦੂਰ ਤੱਕ ਹੀ ਦੇਖ ਸਕਦੀ ਹੈ। ਸਾਡੇ ਕੰਨ ਕੁਝ ਲੈਵਲ ਤੋਂ ਨੀਵੀਂ ਜਾਂ ਉੱਚੀ ਆਵਾਜ਼ ਨਹੀਂ ਸੁਣ ਸਕਦੇ। ਇਸ ਅਧੂਰੇ ਦੇਖੇ ਸੁਣੇ ਵਿਚ ਅਸੀਂ ਕੁਝ ਆਪਣੇ ਕੋਲੋਂ ਜੋੜ ਦਿੰਦੇ ਹਾਂ ਜਾਂ ਕੱਟ ਦਿੰਦੇ ਹਾਂ। ਇਹੀ ਕਾਰਨ ਹੈ ਕਿ ਬਹੁਤੇ ਧਰਮ ਗ੍ਰੰਥ ਜਿਹੜੇ ਬਾਅਦ ਵਿਚ ਸੁਣ ਸੁਣ ਕੇ ਤੇ ਚੇਤੇ ਕਰ ਕਰਕੇ ਲਿਖੇ ਗਏ, ਉਹ ਉਸ ਸਤਿ ਕੋਲੋਂ ਬਹੁਤ ਦੂਰ ਹਨ ਜਿਹੜੇ ਜਾਣਨ ਵਾਲੇ ਨੇ ਉਚਾਰਿਆ ਸੀ। 'ਸਮਿਤੀ' ਗ੍ਰੰਥ ਦਾ ਤਾਂ ਅਰਥ 'ਚੇਤੇ' ਕਰਨਾ ਹੈ। ਫਿਰ ਇਸ ਅਧੂਰੀ ਜਾਣਕਾਰੀ ਉਪਰ ਹਉਮੈਂ ਆਪਣੀ ਕਾਲਖ ਪੋਤ ਦਿੰਦਾ ਹੈ। ਏਦਾਂ ਦੀ ਭੇਜੀ ਮਿਲਗੋਭ ਜਾਣਕਾਰੀ ਨਿਰਣੈ ਲੈਣ ਵਿਚ ਰੁਕਾਵਟ ਬਣਦੀ ਹੈ।
      (ਅ) ਅਨਿਰਣੈ : ਜਦੋਂ ਸਾਡੇ ਕੋਲ ਕੋਈ ਸਮੱਸਿਆ ਆਉਂਦੀ ਹੈ ਤਾਂ ਇਸ ਦੇ ਨਾਲ ਹੀ ਮਨ ਉਹ ਗਿਆਨ ਵੀ ਦਿੰਦਾ ਹੈ ਜਿਹੜਾ ਅਧੂਰਾ ਹੈ, ਉਲਝਿਆ ਹੈ, ਰੰਗਤ ਚੜ੍ਹਿਆ ਹੈ ਅਤੇ ਕਈ ਵਾਰ ਸਵੈ-ਵਿਰੋਧੀ ਹੁੰਦਾ ਹੈ। ਏਦਾਂ ਦੇ ਗਿਆਨ ਵਿਚੋਂ ਕੋਈ ਨਿਰਣੈ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਕਾਰਨ ਮਨ ਬਹੁਤਾ ਕਰਕੇ ਨਿਰਣੈ ਲੈ ਨਹੀਂ ਸਕਦਾ ਅਤੇ ਜਿਹੜਾ ਨਿਰਣੈ ਲੈਂਦਾ ਹੈ, ਉਹ ਠੀਕ ਨਹੀਂ ਹੁੰਦਾ। ਮਿਲੀ ਜਾਣਕਾਰੀ ਨੂੰ ਕਈ ਢੰਗਾਂ ਨਾਲ ਤੋੜਿਆ-ਮਰੋੜਿਆ ਜਾ ਸਕਦਾ ਹੈ। ਉਲਝਿਆ ਗਿਆਨ ਮਨ ਨੂੰ ਹੋਰ ਉਲਝਾ ਦਿੰਦਾ ਹੈ ਅਤੇ ਅਸ਼ਾਂਤ ਕਰ ਦਿੰਦਾ ਹੈ। ਇਸ ਤਰ੍ਹਾਂ ਕੀਤੇ ਨਿਰਣੈ ਧੁੰਦਲੇ ਹੁੰਦੇ ਹਨ ਅਤੇ ਕਰਮ ਗਲਤ।
      (Â) ਕਲਪਨਾ : ਮਨ ਦਾ ਸਦਗੁਣ ਹੈ ਇਸ ਦੀ ਕਲਪਨਾ ਸ਼ਕਤੀ। ਇਸ ਸ਼ਕਤੀ ਦੀ ਸਦਵਰਤੋਂ ਸਾਨੂੰ ਵਾਹਿਗੁਰੂ ਤੱਕ ਪਹੁੰਚਾ ਸਕਦੀ ਹੈ ਅਤੇ ਇਸ ਦੀ ਦੁਰਵਰਤੋਂ ਪਾਪ ਦੀ ਡੂੰਘੀ ਖਾਈ ਵਿਚ। ਡਾ. ਕੂਈ ਨੇ ਇਸ ਦੀ ਸਦਵਰਤੋਂ ਕੀਤੀ। ਉਹ ਆਪਣੇ ਮਰੀਜ਼ਾਂ ਦੀ ਕਲਪਨਾ ਸ਼ਕਤੀ ਨੂੰ ਟੁੰਬਦਾ ਸੀ। ਉਸ ਦੇ ਪ੍ਰਸਿੱਧ ਸ਼ਬਦ ਸਨ : ''ਦਿਨ-ਬ-ਦਿਨ ਹਰ ਤਰ੍ਹਾਂ ਨਾਲ ਮੈਂ ਠੀਕ ਹੋਰ ਠੀਕ ਹੋ ਰਿਹਾ ਹਾਂ।'' ਇਹ ਸ਼ਬਦ ਜਾਦੂ ਦਾ ਅਸਰ ਰੱਖਦੇ ਸਨ। ਉਸ ਦੇ ਮਰੀਜ਼ ਇਨ੍ਹਾਂ ਸ਼ਬਦਾਂ ਦੀ ਜਾਦੂਈ ਸ਼ਕਤੀ ਨਾਲ ਬਿਨਾਂ ਦਵਾਈ ਠੀਕ ਹੋ ਜਾਂਦੇ ਸਨ। ਏਦਾਂ ਦੇ ਸੁਭਾਉ ਸਿੱਧੇ ਸਾਡੇ ਅਚੇਤ ਮਨ 'ਤੇ ਪ੍ਰਭਾਵ ਪਾਉਂਦੇ ਸਨ ਜਿਹੜਾ ਸੋਚਦਾ, ਵਿਚਾਰਦਾ, ਬਹਿਸਦਾ ਨਹੀਂ। ਇਹ ਅਚੇਤ ਮਨ ਸਾਡੇ ਸਰੀਰ ਨੂੰ ਰਾਜ਼ੀ ਹੋਣ ਲਈ ਹੁਕਮ ਦਿੰਦਾ ਹੈ ਅਤੇ ਸਰੀਰ ਹੁਕਮ ਮੰਨ ਲੈਂਦਾ ਹੈ। ਸੰਸਾਰ ਭਰ ਦੇ ਵਿਗਿਆਨਕ, ਫਿਲਾਸਫਰ, ਵਿਚਾਰਕ, ਮਨੋਵਿਗਿਆਨਕ ਕਾਢਾਂ ਕੱਢਣ ਵਾਲੇ ਅਤੇ ਧਾਰਮਿਕ ਪੁਰਖ ਮਨ ਦੀ ਇਸ ਕਲਪਨਾ ਸ਼ਕਤੀ ਰਾਹੀਂ ਹੀ ਨਵੇਂ ਵਿਚਾਰ ਜਾਂ ਨਵੀਆਂ ਕਾਢਾਂ ਕੱਢ ਸਕੇ। ਕਲਪਨਾ ਸ਼ਕਤੀ ਐਨੀ ਅਦਭੁੱਤ ਤੇ ਬਲਵਾਨ ਹੈ ਕਿ ਮੌਤ ਨੂੰ ਵੀ ਹੱਥ ਪਾਉਣ ਤੋਂ ਪਹਿਲਾਂ ਇਸ ਦੀ ਆਗਿਆ ਲੈਣੀ ਪੈਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦ ਦੇ ਡਰਾਕਲ ਤੇ ਕਮਜ਼ੋਰ ਵਾਸੀਆਂ ਦੀ ਕਲਪਨਾ ਨੂੰ ਟੁੰਬਿਆ ਅਤੇ ਸੁਝਾਉ ਦਿੱਤਾ ਕਿ ਤੁਸੀਂ ਇਕੱਲੇ ਸਵਾ ਲੱਖ ਵੈਰੀਆਂ ਨਾਲ ਲੋਹਾ ਲੈਣ ਦੀ ਸ਼ਕਤੀ ਰੱਖਦੇ ਹੋ। ਸਿੱਖ ਸੁਤੇ-ਸੁਭਾਅ ਹੀ ਵਿਸ਼ਵਾਸ ਰੱਖਦਾ ਹੈ ਤੇ ਇਹ ਮੰਨ ਕੇ ਲੜਦਾ ਹੈ ਕਿ ਉਹ ਸੰਸਾਰ ਦਾ ਸਭ ਤੋਂ ਤਕੜਾ ਤੇ ਬਹਾਦਰ ਸਿਪਾਹੀ ਹੈ। ਉਹ ਲੜਨ ਸਮੇਂ ਸਿਰਫ਼ ਜਿੱਤ ਦਾ ਹੀ ਧਿਆਨ ਰੱਖਦਾ ਹੈ। ਡਰ ਤੇ ਅਸਫਲਤਾ ਉਸ ਦੇ ਮਨ ਵਿਚ ਹੁੰਦੀ ਹੀ ਨਹੀਂ। ਇਹੀ ਕਾਰਨ ਹੈ ਕਿ ਸਿੱਖ ਦੁਨੀਆਂ ਦੇ ਸਭ ਤੋਂ ਬਹਾਦਰ ਸਿਪਾਹੀ ਗਿਣੇ ਜਾਂਦੇ ਹਨ ਅਤੇ ਵਿਦੇਸ਼ੀ ਸ਼ਕਤੀਆਂ ਤੇ ਸਿਆਣਿਆਂ ਨੇ ਵੀ ਇਸ ਤੱਤ ਨੂੰ ਸਵੀਕਾਰਿਆ ਹੈ। ਗੁਰਸਿੱਖ ਦੇ ਮਨ ਇਹ ਉਪਦੇਸ਼ ਗਹਿਰਾ ਉਤਰ ਗਿਆ ਹੈ :
ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰਿ ਅਪੁਨੀ ਜੀਤ ਕਰੋਂ। (ਚੰਡੀ ਚਰਿਤ੍ਰ)
      ਇਹ ਉਪਦੇਸ਼ ਗਹਿਰਾ ਹੋ ਕੇ ਸਾਡੇ ਜੀਨਜ਼ ਵਿਚ ਚਲਾ ਗਿਆ ਹੈ ਅਤੇ ਅਸੀਂ ਪੀੜ੍ਹੀ-ਦਰ-ਪੀੜ੍ਹੀ ਬਹਾਦਰ ਚਲੇ ਆ ਰਹੇ ਹਾਂ। ਇਕ ਸਿੱਖ ਦਾ ਗੁਰੂ ਦੇ ਇਨ੍ਹਾਂ ਬਚਨਾਂ ਉਪਰ ਅਟੁੱਟ ਵਿਸ਼ਵਾਸ ਹੈ ਕਿ ਉਹ ਡਰੇਗਾ ਨਹੀਂ ਅਤੇ ਨਿਸਚੇ ਹੀ ਜਿੱਤੇਗਾ।
      ਪਰ ਸੁਚੇਤ ਰਹਿਣਯੋਗ ਨੁਕਤਾ ਹੈ ਕਿ ਕਲਪਨਾ ਸ਼ਕਤੀ ਦੀ ਗਲਤ ਵਰਤੋਂ ਵੀ ਹੋ ਸਕਦੀ ਹੈ। ਕਿਸੇ ਨੂੰ ਵਾਰ-ਵਾਰ ਕਹੀ ਜਾਓ ਕਿ ਉਹ ਬੀਮਾਰ ਦਿੱਸਦਾ ਹੈ ਤਾਂ ਉਹ ਜ਼ਰੂਰ ਹੀ ਬੀਮਾਰ ਹੋ ਜਾਵੇਗਾ। ਇਹ ਕਲਪਨਾ ਸ਼ਕਤੀ ਹੈ ਜਿਹੜੀ ਸਾਨੂੰ ਉਹ ਵੇਖਣ ਲਈ ਮਜ਼ਬੂਰ ਕਰਦੀ ਹੈ ਜਿਸ ਦਾ ਕੋਈ ਵਜੂਦ ਨਹੀਂ। ਜਿੱਦਾਂ ਉੱਚੀਆਂ-ਖੁੱਲ੍ਹੀਆਂ ਜਗ੍ਹਾਵਾਂ ਤੇ ਬੰਦ ਕਮਰਿਆਂ ਤੋਂ ਡਰ ਲੱਗਦਾ ਹੈ। ਕੁਝ ਵੀ ਤਰਕ ਸਮੇਤ ਨਹੀਂ ਹੈ ਪਰ ਬੰਦਾ ਏਦਾਂ ਦੇ ਡਰਾਂ ਤੋਂ ਬੇਵੱਸ ਹੈ। ਕਲਪਨਾ ਸ਼ਕਤੀ ਰਾਹੀਂ ਹੀ ਇਕ ਭਗਤ ਪ੍ਰਭੂ ਨਾਲ ਗੱਲਬਾਤ ਕਰਦਾ ਹੈ।
      (ਸ) ਅਸ਼ਾਂਤੀ : ਮਨ ਹਮੇਸ਼ਾਂ ਅਸਥਿਰ ਤੇ ਡਾਵਾਂਡੋਲ ਰਹਿੰਦਾ ਹੈ। ਗੁਰਬਾਣੀ ਗਵਾਹੀ ਦਿੰਦੀ ਹੈ:
ਇਹੁ ਮਨੁ ਚੰਚਲੁ ਵਸਿ ਨ ਆਵੈ£
ਦੁਬਿਧਾ ਲਾਗੈ ਦਹ ਦਿਸਿ ਧਾਵੈ£
(ਅੰਕ ੧੨੭)
      ਸੱਚ ਗਿਆਨ ਭਰੇ ਵਿਚਾਰਾਂ ਦੀਆਂ ਚਪੇੜਾਂ ਲਗਾਤਾਰ ਸਾਡੇ ਮੂੰਹ 'ਤੇ ਪੈਂਦੀਆਂ ਰਹਿੰਦੀਆਂ ਹਨ। ਇਹ ਆਪਣਾ ਵਿਸ਼ਾ ਤੇ ਵਿਚਾਰ ਬਦਲਦੀਆਂ ਰਹਿੰਦੀਆਂ ਹਨ-ਮੋਟਾ ਬੈਂਕ ਬੈਲੰਸ, ਵੱਡੀ ਕਾਰ, ਖੁੱਲ੍ਹਾ ਬੰਗਲਾ। ਇਕ ਦੀ ਪ੍ਰਾਪਤੀ ਹੁੰਦੀ ਨਹੀਂ ਕਿ ਦੂਸਰੀ ਸਿਰ ਚੁੱਕ ਲੈਂਦੀ ਹੈ। ਅਸੀਂ ਦੂਸਰਿਆਂ ਨਾਲ ਤੁਲਨਾ ਕਰਦੇ ਰਹਿੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਸਾਨੀ ਕੋਈ ਨਾ ਹੋਵੇ। ਪਰ ਸਾਡੀਆਂ ਮੰਗਾਂ-ਬੇ-ਪੈਂਦੇ ਦੀ ਬਾਲਟੀ ਹੈ ਜਿਹੜੀ ਕਦੀ ਭਰ ਨਹੀਂ ਸਕਦੀ। ਅਸੀਂ ਇਸ ਸਚਾਈ ਨੂੰ ਪਹਿਚਾਣਨਾ ਨਹੀਂ ਚਾਹੁੰਦੇ ਅਤੇ ਬੇ-ਮਤਲਬ ਦੀ ਭੱਜ-ਦੌੜ ਕਾਰਨ ਅਸ਼ਾਂਤ ਬਣੇ ਰਹਿੰਦੇ ਹਾਂ। ਗੁਰੂ ਕਾ ਉਪਦੇਸ਼ ਸਾਡੇ ਮਨ ਅੰਦਰ ਨਹੀਂ ਉਤਰਦਾ। ਗੁਰ ਫਰਮਾਨ ਹਨ :
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ£
ਅਨਿਕ ਰੂਪ ਦੇਖਿ ਨਹ ਪਤੀਆਨਾ£ (ਅੰਕ ੧੭੯)
ਸਹਸ ਖਟੇ ਲਖ ਕਉ ਉਠਿ ਧਾਵੈ£
ਤ੍ਰਿਪਤਿ ਨ ਆਵੈ ਮਾਇਆ ਪਾਂਛੈ ਪਾਵੈ£
(ਅੰਕ ੨੭੮-੭੯)
      ਅਸੀਂ ਇਸ ਪਾਗਲਪਨ ਵਿਚ ਕਦੀ ਸਫਲ ਨਹੀਂ ਹੋਵਾਂਗੇ। ਵਾਰ ਵਾਰ ਦੀ ਮਿਹਨਤ ਤੇ ਅਸਫਲਤਾ ਸਾਨੂੰ ਪ੍ਰੇਸ਼ਾਨ ਤੇ ਅਸ਼ਾਂਤ ਕਰੇਗੀ। ਬਿਮਾਰ ਕਰੇਗੀ ਤੇ ਦਿਲ ਦੇ ਦੌਰੇ ਨੂੰ ਬੁਲਾਵਾ ਦੇਵੇਗੀ। ਮਨ ਦੇ ਇਸ ਔਗੁਣ ਤੋਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ।
ਮਨ ਨੂੰ ਕਿਵੇਂ ਜਿੱਤਿਆ ਜਾਵੇ?
      ਸਮਝਣ ਵਾਲਾ ਨੁਕਤਾ ਹੈ ਕਿ ਮਨ ਨੂੰ ਖੁੱਲ੍ਹ ਵੀ ਤਾਂ ਅਸੀਂ ਹੀ ਦਿੱਤੀ ਸੀ ਅਤੇ ਅਸੀਂ ਹੀ ਇਸ ਨੂੰ ਰੋਕਣਾ ਹੈ ਅਤੇ ਜਿੱਦਾਂ ਖੁੱਲ੍ਹ ਦਿੱਤੀ ਸੀ ਓਦਾਂ ਹੀ ਇਸ ਨੂੰ ਬੰਦ ਕਰਨਾ ਹੈ। ਅਸੀਂ ਹੀ ਇਸ ਨੂੰ ਗੁਰਦੁਆਰੇ ਨਹੀਂ ਲਿਜਾਂਦੇ ਸਾਂ ਅਤੇ ਅਸਾਂ ਹੀ ਇਸ ਨੂੰ ਉਥੇ ਲਿਜਾਣਾ ਹੈ। ਚੇਤੇ ਰੱਖੋ ਕਿ ਮੈਂ ਹੀ ਗੰਢਾਂ ਪਾਈਆਂ ਹਨ ਅਤੇ ਮੈਂ ਹੀ ਖੋਲ੍ਹਣੀਆਂ ਹਨ, ਕੋਈ ਸੰਤ ਬਾਬਾ ਮਦਦ ਨਹੀਂ ਕਰ ਸਕਦਾ। ਗੁਰਬਾਣੀ ਸਾਨੂੰ ਸੇਧ ਦੇ ਰਹੀ ਹੈ ਪਰ ਇਸ ਉਪਰ ਚੱਲਣਾ ਤਾਂ ਅਸੀਂ ਆਪ ਹੀ ਹੈ। ਮਨ ਨਾਲ ਜਬਰਦਸਤੀ ਕਰਕੇ ਇਸ ਨੂੰ ਇਕ ਵਾਰੀ ਗੁਰਦੁਆਰੇ ਲੈ ਜਾਓ। ਦੂਸਰੀ ਵਾਰੀ ਜਾਣਾ ਆਸਾਨ ਹੋ ਜਾਏਗਾ, ਤੀਸਰੀ ਵਾਰੀ ਹੋਰ ਅਸਾਨ। ਮੈਂ ਪਹਿਲਾਂ ਵੀ ਕਿਹਾ ਹੈ ਕਿ ਮਨ ਅਸਾਨ ਰਾਹ ਚੁਣਦਾ ਹੈ। ਵਾਰ ਵਾਰ ਚੱਲਣ ਨਾਲ ਨਵਾਂ ਰਾਹ ਵੀ ਅਸਾਨ ਹੋ ਜਾਏਗਾ। ਪਹਿਲਾਂ ਗੁਰਦੁਆਰੇ ਨਾ ਜਾਣਾ ਅਸਾਨ ਲੱਗਦਾ ਸੀ, ਹੁਣ ਜਾਣਾ ਅਸਾਨ ਲੱਗਣ ਲੱਗੇਗਾ। ਮਨ ਦੀ ਨਾ ਮੰਨਣ ਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ। ਕੀਰਤਨ ਸੁਣਨਾ, ਲੰਗਰ ਦੀ ਸੇਵਾ ਕਰਨੀ, ਸੰਗਤ ਦੇ ਜੂਠੇ ਭਾਂਡੇ ਸਾਫ਼ ਕਰਨੇ ਆਦਿ ਮਨ ਦੀ ਨਾ ਮੰਨਣ ਦੇ ਅਭਿਆਸ ਹੀ ਤਾਂ ਹਨ। ਲੋੜ ਤੋਂ ਵੱਧ ਸੌਣ ਨਾ ਦੇਣਾ। ਲੋੜ ਤੋਂ ਵੱਧ ਖਾਣ ਨਾ ਦੇਣਾ ਤੇ ਟੀ.ਵੀ. ਸਿਨੇਮਾ ਨਾ ਦੇਖਣ ਦੇਣਾ ਆਦਿ ਛੋਟੇ ਛੋਟੇ ਅਭਿਆਸ ਹਨ। ਇਨ੍ਹਾਂ ਉਪਰ ਕਾਬੂ ਪਾਇਆ ਜਾ ਰਿਹਾ ਹੈ। ਦੂਸਰੇ, ਸਾਨੂੰ ਆਪਣੇ ਵਿਚਾਰਾਂ ਤੇ ਕਰਮਾਂ ਵਿਚੋਂ ਹਉਮੈਂ ਹਟਾ ਦੇਣੀ ਚਾਹੀਦੀ ਹੈ। ਗੁਰਬਾਣੀ ਦਾ ਪਾਵਨ ਫੁਰਮਾਨ ਹੈ :
ਮਨ ਰੇ ਹਉਮੈ ਛੋਡਿ ਗੁਮਾਨੁ£ (ਅੰਕ ੨੧)
      ਆਪਣੇ ਵਿਚਾਰਾਂ 'ਤੇ ਨਿਗ੍ਹਾ ਰੱਖੀਏ। ਦੇਖਦੇ ਰਹੀਏ ਕਿ ਇਨ੍ਹਾਂ ਵਿਚ ਹਉਮੈਂ ਆਪਣਾ ਰਲਾ ਨਾ ਪਾ ਦੇਵੇ। ਵਿਚਾਰੀਏ ਕਿ ਕੀ ਸਾਡੇ ਵਿਚਾਰ ਤੇ ਕਰਮ ਗੁਰਮਤਿ ਅਨੁਸਾਰ ਹਨ? ਗੁਰਬਾਣੀ ਦੱਸਦੀ ਹੈ ਕਿ ਹਉਮੈਂ ਤਿਆਗੋ, ਗੁਰ ਸ਼ਬਦ ਵਿਚਾਰੋ, ਆਪਣੀ ਮਤਿ ਤਿਆਗੋ ਤੇ ਪੰਜ ਵੈਰੀ ਮਾਰੋ :
ਹਉਮੈ ਨਿਵਰੈ ਗੁਰ ਸਬਦੁ ਵੀਚਾਰੈ£
ਚੰਚਲ ਮਤਿ ਤਿਆਗੈ ਪੰਚ ਸੰਘਾਰੈ£ (ਅੰਕ ੨੨੬)
      ਹਉਮੈਂ ਮਾਰਨ ਦਾ ਆਸਾਨ ਤਰੀਕਾ ਇਹ ਹੈ ਕਿ ਆਪਣੇ ਕਰਮ ਗੁਰੂ ਨਮਿੱਤ ਕਰ ਦੇਈਏ। ਸਮਝੀਏ ਕਿ ਜੋ ਵੀ ਕਰ ਰਹੇ ਹੋ ਉਸ ਦੇ ਹੁਕਮ ਅੰਦਰ ਕਰ ਰਹੇ ਹਾਂ। ਏਦਾਂ ਕਰਨ ਵਿਚ ਅਸੀਂ ਆਪਣੀ ਨਹੀਂ ਬਲਕਿ ਗੁਰੂ ਦੀ ਖੁਸ਼ੀ ਲੈ ਰਹੇ ਹਾਂ। ਇਸ ਤਰ੍ਹਾਂ ਆਪੇ ਹੀ ਕਰਤਾਪਨ ਹੱਟਦਾ ਜਾਂਦਾ ਹੈ ਅਤੇ ਗੁਰੂ ਦੀ ਮਰਜ਼ੀ ਜੁੜਦੀ ਜਾਂਦੀ ਹੈ। ਆਪਣੀ ਮੱਤ ਨੂੰ ਅਹਿਰਣ ਬਣਾ ਲਈਏ ਅਤੇ ਉਸ ਉਪਰ ਗੁਰੂ ਦੇ ਗਿਆਨ ਦੀਆਂ ਸੱਟਾਂ ਮਾਰੀਏ। ਮਾਰ ਖਾ ਖਾ ਕੇ ਹਉਮੈ ਮਰਦੀ ਜਾਏਗੀ।
      ਤੀਸਰੇ, ਵਿਚਾਰਾਂ ਦੀ ਦੌੜ ਬੰਦ ਕਰੀਏ। ਮਨ ਅੰਦਰ ਚੱਲਦੇ ਵਿਚਾਰਾਂ ਨੂੰ, ਚੰਗੇ ਮੰਦੇ ਜੋ ਵੀ ਹੋਣ, ਦੇਖਦੇ ਜਾਈਏ ਅਤੇ ਇਨ੍ਹਾਂ ਦਾ ਕੋਈ ਪ੍ਰਭਾਵ ਨਾ ਕਬੂਲੀਏ। ਜਿੱਦਾਂ ਚਾਨਣ ਪੈਣ ਨਾਲ ਕਾਕਰੋਚ ਤੇ ਹੋਰ ਕੀੜੇ-ਮਕੌੜੇ ਛੁਪ ਜਾਂਦੇ ਹਨ, ਇਸੇ ਤਰ੍ਹਾਂ ਹੀ ਧਿਆਨ ਨਾਲ ਇਹ ਵਿਚਾਰ ਵੀ ਅਲੋਪ ਹੋ ਜਾਂਦੇ ਹਨ ਅਤੇ ਇਨ੍ਹਾਂ ਦੀ ਆਵਾਜਾਈ ਰੁਕ ਜਾਂਦੀ ਹੈ। ਜਿਵੇਂ ਲਾਲ ਬੱਤੀ ਵੇਖਣ ਨਾਲ ਟ੍ਰੈਫਿਕ ਰੁਕ ਜਾਂਦੀ ਹੈ, ਇਵੇਂ ਹੀ ਪਰਮਾਤਮਾ ਦੇ ਸੱਚੇ ਧਿਆਨ ਦੀ ਲੋਅ ਵਿਚ ਵਿਚਾਰਾਂ ਦੀ ਟ੍ਰੈਫਿਕ ਬੰਦ ਹੋ ਜਾਂਦੀ ਹੈ। ਥੋੜ੍ਹੀ ਜਿੰਨੀ ਨਿਰਵਿਚਾਰ ਅਵਸਥਾ ਵਿਚ ਮਨ ਅਨੰਦ ਤੇ ਸ਼ਾਂਤੀ ਦਾ ਅਨੁਭਵ ਕਰਦਾ ਹੈ। ਹੌਲੀ-ਹੌਲੀ ਇਹ ਨਿਰਵਿਚਾਰ ਅਵਸਥਾ ਦਾ ਅੰਤਰਕਾਲ ਵੱਧਦਾ ਜਾਂਦਾ ਹੈ ਅਤੇ ਮਨ ਟਿਕਾਉ ਵਿਚ ਹੋ ਜਾਂਦਾ ਹੈ। ਸ਼ਾਂਤੀ ਦੀ ਅਵਸਥਾ ਵਿਚ ਸਾਨੂੰ ਸਾਡੀਆਂ ਕਠਿਨਾਈਆਂ ਦਾ ਠੀਕ ਹੱਲ ਲੱਭਦਾ ਹੈ। ਸਾਨੂੰ ਧੁਰ ਤੋਂ ਮਾਰਗ ਦਰਸ਼ਨ ਮਿਲਦਾ ਹੈ, ਸਾਨੂੰ ਤੱਤ ਗਿਆਨ ਦੀ ਝਲਕ ਮਿਲਦੀ ਹੈ :
ਇਹੁ ਮਨੁ ਲੇ ਜਉ ਉਨਮਨਿ ਰਹੈ£
ਤਉ ਤੀਨਿ ਲੋਕ ਕੀ ਬਾਤੈ ਕਹੈ£ (ਅੰਕ ੩੪੨)
      ਲਗਾਤਾਰ ਗੁਰਬਾਣੀ ਪੜ੍ਹਨ, ਸੁਣਨ ਤੇ ਮੰਨਣ ਦੇ ਅਭਿਆਸ ਤੇ ਗੁਰਪ੍ਰਸਾਦਿ ਰਾਹੀਂ ਚੰਚਲ ਮਨ ਠਹਿਰ ਜਾਂਦਾ ਹੈ। ਇਸ ਦੀ ਹਉਮੈ ਨਸ਼ਟ ਹੋ ਜਾਂਦੀ ਹੈ। ਮਨ ਸੁਖ-ਸ਼ਾਂਤੀ ਦਾ ਅਨੁਭਵ ਕਰਦਾ ਹੈ। ਇਹੀ ਸਾਡਾ ਜੋਤਿ ਸਰੂਪ ਹੈ ਜਿਸ ਨੂੰ ਲੱਭਣ ਲਈ ਗੁਰਬਾਣੀ ਸਾਨੂੰ ਪ੍ਰੇਰਦੀ ਹੈ :
ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ£ (ਅੰਕ ੪੪੧)
      ਇਸ ਨੂੰ ਪਛਾਣਨ ਬਾਅਦ ਹੋਰ ਕੁਝ ਪਛਾਣਨ ਲਈ ਨਹੀਂ ਬਚਦਾ। ਮਨ ਨੂੰ ਜਿੱਤਣ ਬਾਅਦ ਹੋਰ ਕੁਝ ਜਿੱਤਣ ਲਈ ਨਹੀਂ ਬਚਦਾ। ਇਸੇ ਲਈ ਤਾਂ ਸਾਨੂੰ ਰੋਜ਼ ਯਾਦ ਕਰਵਾਇਆ ਜਾਂਦਾ ਹੈ :
.....ਮਨਿ ਜੀਤੈ ਜਗੁ ਜੀਤੁ£ (ਅੰਕ ੬)
ਜੋਗਿੰਦਰ ਸਿੰਘ