ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਕਾਰਨ ਅਤੇ ਪ੍ਰਭਾਵ


30 ਮਈ, 1606 ਈਸਵੀ ਨੂੰ ਸਮੇਂ ਦੇ ਹਾਕਮ ਮੁਗਲ ਬਾਦਸ਼ਾਹ ਜਹਾਂਗੀਰ ਦੇ ਹੁਕਮ ਅਨੁਸਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦ ਕਰਨ ਵੇਲੇ ਇਤਨੇ ਤਸੀਹੇ ਦਿੱਤੇ ਗਏ ਕਿ ਧਰਤੀ ਤੇ ਅਸਮਾਨ ਵੀ ਡੋਲ ਗਏ।
      ਸ਼ਾਂਤੀ ਦੇ ਪੁੰਜ ਨੂੰ ਉਬਲਦੀ ਦੇਗ ਵਿਚ ਬਿਠਾਇਆ ਗਿਆ। ਤੱਤੀ ਤਵੀ 'ਤੇ ਆਸਣ ਲਵਾ ਕੇ ਸੀਸ ਉਪਰ ਤੱਤਾ ਰੇਤਾ ਪਾਇਆ ਗਿਆ। ਛਾਲਿਆਂ ਨਾਲ ਛਾਨਣੀ ਹੋਏ ਸਰੀਰ ਨੂੰ ਰਾਵੀ ਦੀ ਭੇਂਟ ਕਰ ਦਿੱਤਾ ਗਿਆ। ਇਹ ਜ਼ੁਲਮ ਦੀ ਹੱਦ ਨਹੀਂ ਤਾਂ ਹੋਰ ਕੀ ਹੈ?
      1. ਇਹ ਸਾਕਾ ਕਿਉਂ ਵਰਤਿਆ?
      2. ਗੁਰੂ ਸਾਹਿਬ ਨੇ ਇਹ ਭਾਣਾ ਕਿਵੇਂ ਮੰਨਿਆ?
      3. ਇਹ ਸ਼ਹਾਦਤ ਨੇ ਸਿੱਖ ਲਹਿਰ ਨੂੰ ਕਿਵੇਂ ਮੋੜਾ ਦਿੱਤਾ?
      ਇਹ ਕੁਝ ਸਵਾਲ ਹਨ ਜਿਨ੍ਹਾਂ ਨੂੰ ਸਹੀ ਪਰਿਪੇਖ ਵਿਚ ਵੇਖਣਾ ਹਰ ਸਿੱਖ ਲਈ ਜ਼ਰੂਰੀ ਹੈ।
      ਸ਼ਹਾਦਤ ਦੇ ਕਾਰਨਾਂ 'ਤੇ ਮੋਟੇ ਤੌਰ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੱਤਾ-ਪੱਤਾ ਗੁਰੂ ਦਾ ਵਿਰੋਧੀ ਹੋ ਚੁੱਕਾ ਸੀ। ਕਈ ਪੱਧਰਾਂ 'ਤੇ ਜ਼ਬਰਦਸਤ ਵਿਰੋਧ ਸ਼ੁਰੂ ਹੋ ਚੁੱਕਾ ਸੀ। ਇਸ ਦਾ ਮੁੱਢ ਪਰਿਵਾਰ ਤੋਂ ਚੱਲਕੇ ਕਈ ਸਮਾਜਿਕ, ਸਭਿਆਚਾਰਕ, ਧਾਰਮਿਕ ਖੇਤਰਾਂ 'ਚੋਂ ਬਹਾਨੇ-ਬਾਜ਼ੀ ਦੇ ਤਰੀਕੇ ਢੰਗ ਲੱਭਦਾ ਰਾਜਨੀਤਕ ਪਿੜ ਤੱਕ ਜਾ ਪਹੁੰਚਿਆ। ਇਸ ਤਰ੍ਹਾਂ ਸ਼ੁਭ ਕਰਮਨ ਕਰਨ ਵਾਲਿਆਂ ਨੂੰ ਵੀ ਇਹ ਮਾਇਆ ਮਦ-ਮਾਤਾ ਸੰਸਾਰ ਸੂਲਾਂ ਤੋਂ ਸੂਲੀ ਤੱਕ ਲੈ ਜਾਂਦਾ ਹੈ। ਆਉ, ਇਸ ਸਾਕੇ ਦੇ ਦੁਨਿਆਵੀ ਅਤੇ ਦੈਵੀ ਕਾਰਨਾਂ 'ਤੇ ਵਿਚਾਰ ਕਰੀਏ :
    1. ਪਰਿਵਾਰਕ ਜਾਂ ਘਰੇਲੂ ਕਾਰਨ-ਪ੍ਰਿਥੀ ਚੰਦ ਦੀ ਵਿਰੋਧਤਾ
     2. ਸਮਾਜਿਕ ਕਾਰਨ-ਚੰਦੂ ਦੀ ਲੜਕੀ ਦਾ ਰਿਸ਼ਤਾ ਠੁਕਰਾਉਣਾ
    3. ਸਭਿਆਚਾਰਕ-ਆਦਿ ਗ੍ਰੰਥ ਦੀ ਸੰਪਾਦਨਾ
    4. ਧਾਰਮਿਕ-ਹਰਿਮੰਦਰ ਸਾਹਿਬ ਦੀ ਉਸਾਰੀ
    5. ਰਾਜਨੀਤਕ ਕਾਰਨ-ਖੁਸਰੋ ਦੀ ਮਦਦ
    6. ਪਰਾ-ਪੂਰਬਲਾ ਕਾਰਨ-ਹੋਰਸ ਅਜਰ ਨ ਜਰਿਆ ਜਾਵੇ
1. ਪਰਿਵਾਰਿਕ ਕਾਰਨ (ਪ੍ਰਿਥੀਏ ਦੀ ਵਿਰੋਧਤਾ)
      ਗੁਰੂ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਗੁਰਗੱਦੀ 'ਤੇ ਆਪਣਾ ਜਮਾਂਦਰੂ ਹੱਕ ਸਮਝਦਾ ਸੀ। ਉਸ ਲਈ ਬਰਦਾਸ਼ਤ ਕਰਨਾ ਔਖਾ ਸੀ ਕਿ ਇਹ ਹੱਕ ਹੋਰ ਕੋਈ ਜਾਂ ਉਸਦਾ ਛੋਟਾ ਭਰਾ ਹੀ ਲੈ ਜਾਵੇ। ਉਹ ਗੁਰੂ ਘਰ ਦੀ ਮਾਇਆ ਵੀ ਹਥਿਆ ਲੈਂਦਾ ਸੀ ਅਤੇ ਮਸੰਦਾਂ ਨੂੰ ਵੀ ਖਰੀਦਣ ਦੀ ਸਮਰੱਥਾ ਰੱਖਦਾ ਸੀ। ਉਸ ਨੇ ਹਰਿਗੋਬਿੰਦ ਜੀ ਨੂੰ ਵੀ ਜ਼ਹਿਰ ਦੇ ਕੇ ਮਰਵਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਾ ਮਿਲੀ। ਸਮਾਂਨੰਤਰ ਸੰਸਥਾਵਾਂ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੁਰੀ ਤਰ੍ਹਾਂ ਨਾਕਾਮ ਰਿਹਾ। ਮੁਗਲ ਬਾਦਸ਼ਾਹ ਪਾਸ ਚੁਗਲੀਆਂ ਕਰਕੇ ਅਤੇ ਪੈਸੇ ਦੇ ਜ਼ੋਰ ਨਾਲ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਹੀਲਾ ਵਰਤਿਆ।
      ਸੁਲਹੀ ਖਾਨ ਨੂੰ ਚੋਖੀ ਰਕਮ ਦੇ ਕੇ ਅੰਮ੍ਰਿਤਸਰ 'ਤੇ ਹਮਲਾ ਕਰਨ ਲਈ ਤਿਆਰ ਕਰ ਲਿਆ। ਉਹ ਫੌਜ ਲੈ ਕੇ ਚੱਲ ਪਿਆ ਪ੍ਰੰਤੂ ਰੱਬ ਨੇ ਐਸੀ ਕਲਾ ਵਰਤਾਈ ਕਿ ਸੁਲਹੀ ਦਾ ਘੋੜਾ ਕਿਸੇ ਡਰੋਂ ਤ੍ਰਭਕ ਕੇ ਬੇਕਾਬੂ ਹੋ ਗਿਆ ਅਤੇ ਸਮੇਤ ਸੁਲਹੀ ਖਾਂ ਭੱਠੇ ਵਿਚ ਵੜ੍ਹ ਕੇ ਭਸਮ ਹੋ ਗਿਆ। ਫੌਜ ਬਰੰਗ ਪਰਤ ਗਈ। ਫਿਰ ਸੁਲਹੀ ਖਾਨ ਤੋਂ ਹਮਲਾ ਕਰਾਇਆ, ਪ੍ਰੰਤੂ ਉਸ ਨੂੰ ਢਿੱਡ ਦੀ ਪੀੜ੍ਹ ਹੀ ਲੈ ਬੈਠੀ। ਪੰਚਮ ਪਾਤਸ਼ਾਹ ਨੇ ਸੁਲਹੀ ਖਾਂ ਦੇ ਹਮਲੇ ਬਾਰੇ ਉਸ ਨੂੰ ਉਸ ਦੇ ਭੈੜੇ ਇਰਾਦਿਆਂ ਕਾਰਨ ਮਿਲੀ ਸਜ਼ਾ ਲਈ ਪ੍ਰਭੂ ਦੇ ਸ਼ੁਕਰਾਨੇ 'ਚ ਬਿਲਾਵਲ ਰਾਗ ਵਿਚ ਸ਼ਬਦ ਉਚਾਰਿਆ :
ਸੁਲਹੀ ਤੇ ਨਾਰਾਇਣ ਰਾਖੁ£
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ£ (ਅੰਕ ੮੨੫)
2. ਸਮਾਜਿਕ ਕਾਰਨ (ਚੰਦੂ ਦੀ ਲੜਕੀ ਦਾ ਰਿਸ਼ਤਾ ਨਾ ਲੈਣਾ)
      ਚੰਦੂ ਆਪਣੀ ਲੜਕੀ ਦਾ ਰਿਸ਼ਤਾ ਸਤਿਗੁਰਾਂ ਦੇ ਹੋਣਹਾਰ ਸਪੁੱਤਰ ਹਰਿਗੋਬਿੰਦ ਜੀ ਨਾਲ ਕਰਨਾ ਲੋਚਦਾ ਸੀ। ਇਸ ਲਈ ਉਸ ਨੇ ਆਪਣੇ ਨੁਮਾਇੰਦੇ ਵੀ ਭੇਜੇ ਪ੍ਰੰਤੂ ਹੰਕਾਰ ਵੱਸ ਆਪਣੇ ਆਪ ਨੂੰ ਸਤਿਗੁਰਾਂ ਤੋਂ ਉੱਚਾ ਸਦਵਾਉਣ ਦੀ ਗੁਸਤਾਖੀ ਕਰ ਬੈਠਾ। ਸੰਗਤਾਂ ਨੂੰ ਇਸ ਗੱਲ ਦਾ ਬੜਾ ਰੋਸ ਹੋਇਆ ਅਤੇ ਸੰਗਤਾਂ ਦੀ ਬੇਨਤੀ 'ਤੇ ਰਿਸ਼ਤਾ ਠੁਕਰਾ ਦਿੱਤਾ ਗਿਆ। ਚੰਦੂ ਨੇ ਇਸ ਦੀ ਬਹੁਤ ਹੱਤਕ ਮੰਨੀ ਅਤੇ ਮਨ ਹੀ ਮਨ ਵਿਚ ਬਦਲੇ ਦੀ ਅੱਗ ਵਿਚ ਸੜ੍ਹਦਾ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿੰਦਾ।
3. ਸਭਿਆਚਾਰਕ ਕਾਰਨ (ਆਦਿ ਗ੍ਰੰਥ ਦੀ ਸੰਪਾਦਨਾ)
      ਜਦੋਂ ਗੁਰੂ ਅਰਜਨ ਪਾਤਸ਼ਾਹ ਬਾਣੀ ਦੀ ਸੰਕਲਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਬਹੁਤ ਸਾਰੀਆਂ ਪੂਜਨੀਕ ਆਤਮਾਵਾਂ ਨੂੰ ਆਪੋ ਆਪਣਾ ਯੋਗਦਾਨ ਪਾਉਣ ਲਈ ਬੁਲਾਵਾ ਭੇਜਿਆ। ਬਹੁਤ ਸਾਰੇ ਭਗਤ ਦੂਰੋਂ ਨੇੜਿਓਂ ਆਪਣੀ ਰਚਨਾ ਲੈ ਕੇ ਹਾਜ਼ਰ ਹੋਏ ਅਤੇ ਗੁਰੂ ਜੀ ਨੇ ਕਸਵੱਟੀ 'ਤੇ ਪੂਰੀ ਉਤਰਨ ਵਾਲੀ ਰਚਨਾ ਨੂੰ ਅਦਬ ਸਹਿਤ ਪ੍ਰਵਾਨ ਕਰਕੇ ਆਦਿ ਗ੍ਰੰਥ 'ਚ ਸ਼ਾਮਲ ਕਰ ਲਿਆ। ਬਹੁਤ ਸਾਰੇ ਭਗਤ ਜਿਨ੍ਹਾਂ 'ਚ ਹਿੰਦੂ ਵੀ ਸਨ ਅਤੇ ਮੁਸਲਮਾਨ ਵੀ ਦੁਨਿਆਵੀ ਸ਼ੁਹਰਤ ਵੱਸ ਆਪਣੀ ਰਚਨਾ ਗ੍ਰੰਥ ਸਾਹਿਬ 'ਚ ਸ਼ਾਮਲ ਕਰਾਉਣ ਲਈ ਪਹੁੰਚੇ ਪ੍ਰੰਤੂ ਕਈ ਕਾਰਨਾਂ ਕਰਕੇ ਉਨ੍ਹਾਂ ਦੀ ਰਚਨਾ ਪ੍ਰਵਾਨ ਨਾ ਚੜ੍ਹ ਸਕੀ। ਨਤੀਜਾ ਇਹ ਹੋਇਆ ਕਿ ਮਾਯੂਸੀ ਦੀ ਹਾਲਤ ਵਿਚ ਉਨ੍ਹਾਂ ਹਿੰਦੂ ਸੰਸਥਾਵਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਅਰਜਨ ਦੇਵ ਤੁਹਾਡੇ ਸਭਿਆਚਾਰ ਨੂੰ ਵੱਡੀ ਢਾਹ ਲਾ ਰਿਹਾ ਹੈ, ਛੋਟੀਆਂ ਸ਼੍ਰੇਣੀਆਂ ਨੂੰ ਤੁਹਾਡੇ ਬਰਾਬਰ ਕਰ ਰਿਹਾ ਹੈ। ਕਈਆਂ ਨੇ ਬੀਰਬਲ ਤੱਕ ਪਹੁੰਚ ਕੀਤੀ ਅਤੇ ਉਸ ਨੇ ਮੱਦਦ ਦਾ ਭਰੋਸਾ ਵੀ ਦਿਵਾਇਆ ਪ੍ਰੰਤੂ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ। ਬੀਰਬਲ ਕੋਈ ਕਦਮ ਚੁੱਕਣ ਤੋਂ ਪਹਿਲਾਂ ਹੀ ਮਾਤ ਲੋਕ 'ਚੋਂ ਕੂਚ ਕਰ ਲਿਆ।
4. ਧਾਰਮਿਕ ਕਾਰਨ (ਹਰਿਮੰਦਰ ਸਾਹਿਬ ਦੀ ਉਸਾਰੀ)
      ਹਰਿਮੰਦਰ ਸਾਹਿਬ 'ਰੱਬ ਦੇ ਘਰ' ਦੇ ਰੂਪ ਵਿਚ ਉਸਾਰਿਆ ਗਿਆ ਹੈ। ਇਥੇ ਕਿਸੇ ਕਿਸਮ ਦੇ ਵਿਤਕਰੇ ਦਾ ਕੋਈ ਸਵਾਲ ਹੀ ਉਤਪੰਨ ਨਹੀਂ ਹੁੰਦਾ। ਸਿਆਸਤ ਅਤੇ ਰਾਜਨੀਤੀ ਨਾਲ ਇਸ ਦਾ ਦੂਰ ਦਾ ਵੀ ਵਾਸਤਾ ਨਹੀਂ। ਇਹ ਮਨੁੱਖਤਾ ਦੇ ਭਲੇ ਲਈ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਵਜੋਂ ਸਾਰਿਆਂ ਦੇ ਸਾਂਝੇ ਸਿਰਜਣਹਾਰ ਅਤੇ ਪਰਵਦਗਾਰ ਦਾ ਘਰ ਹੈ ਜਿਥੇ ਕੇਵਲ ਤੇ ਕੇਵਲ ਹਰੀ ਦਾ ਜਸ ਅਤੇ ਪ੍ਰਭੂ ਦੀ ਅਰਾਧਨਾ ਹੁੰਦੀ ਹੈ। ਪ੍ਰੰਤੂ ਨੀਵੀਂ ਸੋਚ ਵਾਲਿਆਂ ਨੇ ਇਸ ਦੀ ਚੰਗਿਆਈ ਨੂੰ ਵੀ ਬੁਰਾਈ ਬਣਾ ਕੇ ਪੇਸ਼ ਕੀਤਾ। ਸੁਲਹੀ ਅਤੇ ਸੁਲਭੀ ਦੇ ਹਮਲਿਆਂ ਪਿੱਛੇ ਵੀ ਇਹੀ ਖਤਰਨਾਕ ਚਤੁਰਾਈ ਕੰਮ ਕਰ ਰਹੀ ਸੀ। ਸਿੱਖ ਲਹਿਰ ਦੀ ਵਧਦੀ ਸ਼ਕਤੀ ਨੂੰ ਦਿੱਲੀ ਰਾਜ ਲਈ ਖਤਰੇ ਦੀ ਘੰਟੀ ਵਜੋਂ ਪੇਸ਼ ਕੀਤਾ ਜਾਣ ਲੱਗ ਪਿਆ।
5. ਰਾਜਨੀਤਕ ਕਾਰਨ (ਬਾਗੀ ਖੁਸਰੋ ਦੀ ਮਦਦ ਦਾ ਬਹਾਨਾ)
      ਜਹਾਂਗੀਰ ਦਾ ਪੁੱਤਰ ਖੁਸਰੋ ਪਿਤਾ ਵਿਰੁੱਧ ਬਗਾਵਤ ਕਰਨ ਦੇ ਦੋਸ਼ ਵਿਚ ਭਗੌੜਾ ਹੋਇਆ ਫਿਰਦਾ ਸੀ। ਥੱਕਿਆ ਟੁੱਟਿਆ ਅਤੇ ਭੁੱਖਣ-ਭਾਣਾ ਕੋਲੋਂ ਦੀ ਗੁਜ਼ਰਦਾ ਪਾਤਸ਼ਾਹ ਦੇ ਦਰਬਾਰ ਵਿਚ ਆ ਗਿਆ। ਲੰਗਰ ਪਾਣੀ ਛੱਕ ਕੇ ਥੋੜ੍ਹਾ ਚਿਰ ਅਰਾਮ ਕਰਨ ਪਿਛੋਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਅੱਗੇ ਨਿਕਲ ਗਿਆ। ਦੋਖੀਆਂ ਨੇ ਇਸ ਗੱਲ ਨੂੰ ਵਿਗਾੜ ਕੇ ਅਤੇ ਬਹੁਤਾ ਵਧਾ ਚੜ੍ਹਾ ਕੇ ਪੇਸ਼ ਕੀਤਾ। ਰਾਈ ਦਾ ਪਹਾੜ ਬਣਾ ਦਿੱਤਾ ਗਿਆ। ਖੰਭ ਦੀ ਡਾਰ ਬਣਾ ਦਿੱਤੀ ਗਈ। ਜਹਾਂਗੀਰ ਪਹਿਲਾਂ ਵੀ ਗੁਰੂ ਘਰ ਨੂੰ ਸ਼ੱਕੀ ਨਜ਼ਰਾਂ ਨਾਲ ਵੇਖਦਾ ਸੀ ਪ੍ਰੰਤੂ ਕੱਟੜ ਪੰਥੀਆਂ ਅਤੇ ਤੰਗ ਸੋਚ ਵਾਲਿਆਂ ਦੇ ਅਸਰ ਹੇਠ ਬਾਦਸ਼ਾਹ ਦਾ ਸ਼ੱਕ ਵਿਸ਼ਵਾਸ ਵਿਚ ਬਦਲ ਗਿਆ ਅਤੇ ਉਸ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ।
      ਬਾਦਸ਼ਾਹ ਜਹਾਂਗੀਰ ਗੁਰੂ ਘਰ ਪ੍ਰਤੀ ਜੋ ਭਾਵਨਾ ਰੱਖਦਾ ਸੀ ਉਸਦਾ ਪ੍ਰਮਾਣ ਬਾਦਸ਼ਾਹ ਦੀ ਆਪਣੀ ਲਿਖਤ ਤੋਂ ਵੀ ਹੁੰਦਾ ਹੈ। ਇਹ ਲਿਖਤ ਕੁਝ ਇਸ ਪ੍ਰਕਾਰ ਹੈ : ''ਗੋਇੰਦਵਾਲ ਵਿਚ ਜੋ ਕਿ ਬਿਆਸ ਦਰਿਆ ਦੇ ਕੰਢੇ ਉਤੇ ਹੈ, ਪੀਰਾਂ, ਫਕੀਰਾਂ ਦੇ ਭੇਸ ਵਿਚ ਅਰਜਨ ਨਾਮੇ ਇਕ ਹਿੰਦੂ ਸੀ ਜਿਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ ਹੀ ਨਹੀਂ ਬਲਕਿ ਬੇਸਮਝ ਤੇ ਮੂਰਖ ਮੁਸਲਮਾਨਾਂ ਨੂੰ ਵੀ ਆਪਣੇ ਤੌਰ ਤਰੀਕਿਆਂ ਦਾ ਧਾਰਨੀ ਬਣਾ ਲਿਆ ਸੀ। ਫਕੀਰੀ ਤੇ ਖੁਦਾ ਨਾਲ ਨੇੜਤਾ ਦੀ ਚੰਗੀ ਪ੍ਰਸਿੱਧੀ ਸੀ। ਚਾਰੇ ਪਾਸਿਉਂ ਮੂਰਖ ਲੋਕ ਉਸ ਵੱਲ ਖਿੱਚੇ ਆਉਂਦੇ ਸਨ। ਉਸ ਨੂੰ ਪੂਜਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਕੁਫ਼ਰ ਦੀ ਇਹ ਦੁਕਾਨ ਗਰਮ ਸੀ। ਮੇਰੇ ਮਨ ਵਿਚ ਕਈ ਵਾਰ ਇਹ ਖਿਆਲ ਆਉਂਦਾ ਸੀ ਕਿ ਮੈਨੂੰ ਇਹ ਕੁਫ਼ਰ ਦੀ ਦੁਕਾਨ ਬੰਦ ਕਰਵਾ ਦੇਣੀ ਚਾਹੀਦੀ ਹੈ ਜਾਂ ਉਸ ਨੂੰ ਇਸਲਾਮ ਦੇ ਦਾਇਰੇ ਵਿਚ ਲੈ ਆਉਣਾ ਚਾਹੀਦਾ ਹੈ।....ਇਸੇ ਦੌਰਾਨ ਖੁਸਰੋ ਇਥੋਂ ਦੀ ਦਰਿਆ ਪਾਰ ਹੋਇਆ।....ਉਸ ਦੀ ਰਿਹਾਇਸ਼ ਉਤੇ ਖੁਸਰੋ ਨੇ ਪੜਾਅ ਕੀਤਾ।....ਇਸ ਨੇ ਉਸ ਦੇ ਮੱਥੇ ਉਤੇ ਟਿਕਾ ਲਾਇਆ ਜਿਸ ਨੂੰ ਹਿੰਦੂ ਸ਼ੁਭ ਸ਼ਗਨ ਗਿਣਦੇ ਹਨ।.....ਇਹ ਗੱਲ ਮੇਰੇ ਕੰਨੀਂ ਪਈ। ਮੈਂ ਅੱਗੇ ਹੀ ਇਸ ਦੇ ਫਰੇਬ ਬਾਰੇ ਕਾਫ਼ੀ ਕੁਝ ਜਾਣਦਾ ਸਾਂ। ਮੈਂ ਹੁਕਮ ਦਿੱਤਾ ਕਿ ਇਸ ਦਾ ਘਰ ਘਾਟ ਬੱਚੇ ਤੇ ਧਨ, ਮੁਰਤਜ਼ਾ ਖਾਨ ਜ਼ਬਤ ਕਰ ਲਵੇ ਅਤੇ ਇਸ ਨੂੰ ਯਾਸਾ ਦੇ ਸਖਤ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ।''....
6. ਹੋਰ ਕਾਰਨ (ਹੋਰਸ ਅਜਰ ਨ ਜਰਿਆ ਜਾਵੇ)
      ਸ਼ਹਾਦਤ ਦਾ ਇਕ ਹੋਰ ਕਾਰਨ ਵੀ ਹੈ। ਇਸ ਨੂੰ ਕਾਰਨਾਂ ਸਿਰ ਕਾਰਨ ਵੀ ਕਿਹਾ ਜਾ ਸਕਦਾ ਹੈ। ਸਿੱਖ ਧਰਮ ਵਰ ਤੇ ਸਰਾਪ ਨੂੰ ਤਾਂ ਕੋਈ ਅਹਿਮੀਅਤ ਨਹੀਂ ਦਿੰਦਾ ਪ੍ਰੰਤੂ ਇਸ ਸਚਾਈ ਨੂੰ ਪੂਰਨ ਤਰ੍ਹਾਂ ਕਬੂਲਦਾ ਹੈ ਕਿ 'ਸਾਧ ਬਚਨ ਅਟਲਾਧਾ'। ਜਿਥੇ ਤੀਸਰੇ ਪਾਤਸ਼ਾਹ ਨੇ ਬਾਲ ਅਰਜਨ ਨੂੰ ਸੁਭਾਵਿਕ 'ਦੋਹਿਤਾ ਬਾਣੀ ਕਾ ਬੋਹਿਥਾ' ਕਿਹਾ ਸੀ, ਉਥੇ ਬੀਬੀ ਭਾਨੀ ਦੀ ਸੇਵਾ ਤੋਂ ਖੁਸ਼ ਹੋ ਕੇ ਕੁਝ ਮੰਗਣ ਲਈ ਕਿਹਾ ਤਾਂ ਬੀਬੀ ਜੀ ਨੇ ਘਰ ਦੀ ਵਸਤ ਘਰ ਵਿਚ ਰਹਿਣ ਦੀ ਮੰਗ ਰੱਖ ਦਿੱਤੀ। ਪਾਤਸ਼ਾਹਾਂ ਨੇ ਮੰਗ ਸਵੀਕਾਰ ਕਰਦਿਆਂ ਇਹ ਵੀ ਕਿਹਾ ਕਿ ਇਹ ਤਾਂ ਕੁਰਬਾਨੀਆਂ ਦੀ ਪੰਡ ਹੈ। ਬੀਬੀ ਜੀ ਦਾ ਵਿਚਾਰ ਸੀ ਕਿ ਅਜਰ ਨੂੰ ਉਸ ਦਾ ਖਾਨਦਾਨ ਹੀ ਜਰ ਸਕਦਾ ਹੈ।
      ਗ੍ਰਿਫ਼ਤਾਰ ਕਰਕੇ ਗੁਰੂ ਜੀ ਨੂੰ ਲਾਹੌਰ ਲਿਆਂਦਾ ਗਿਆ। ਉਨ੍ਹਾਂ 'ਤੇ ਇਲਜ਼ਾਮ ਲਾਇਆ ਗਿਆ ਕਿ ਉਨ੍ਹਾਂ ਨੇ ਆਦਿ ਗ੍ਰੰਥ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਨੂੰ ਭੰਡਿਆ ਹੈ ਅਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਇਸਲਾਮ ਦੀ ਵਡਿਆਈ ਕਰਕੇ ਆਪਣੀ ਗਲਤੀ ਵਿਚ ਸੋਧ ਕਰ ਲੈਣ ਪ੍ਰੰਤੂ ਗੁਰੂ ਜੀ ਨੇ ਸਿਧਾਂਤਾਂ ਦੀ ਕੀਮਤ 'ਤੇ ਕਿਸੇ ਵੀ ਕਿਸਮ ਦੇ ਸਮਝੌਤੇ ਨੂੰ ਮੁੱਢੋਂ ਰੱਦ ਕਰ ਦਿੱਤਾ।
      ਸਾਂਈ ਮੀਆਂ ਮੀਰ ਜੀ ਵੀ ਇਕ ਸੱਚੇ ਸੁੱਚੇ ਦੋਸਤ ਅਤੇ ਹਮਦਰਦ ਵਜੋਂ ਪਹੁੰਚੇ ਪ੍ਰੰਤੂ ਸਤਿਗੁਰਾਂ ਨੇ ਮੀਰ ਜੀ ਨੂੰ ਵੀ ਰੱਬ ਦਾ ਭਾਣਾ ਮੰਨਣ ਦੀ ਗੱਲ ਆਖੀ।
      ਆਖਰ ਲਾਹੌਰ ਸ਼ਹਿਰ 'ਚ ਜ਼ਹਿਰ, ਕਹਿਰ ਦਾ ਸਮਾਂ ਆ ਗਿਆ। ਜ਼ਾਲਮ ਹੁਕਮਰਾਨ ਦਾ ਹੁਕਮ ਚੰਦੂ ਵਰਗਿਆਂ ਲਈ ਗਨੀਮਤ ਬਣ ਕੇ ਆਇਆ। ਗੁਰੂ ਜੀ ਨੂੰ ਜੋ ਤਸੀਹੇ ਦਿੱਤੇ ਗਏ ਉਹ ਅਸਹਿ ਅਤੇ ਅਕਹਿ ਸਨ। ਹੱਕ ਸੱਚ ਲਈ ਕੁਰਬਾਨੀ ਦੇਣ ਵਾਲਿਆਂ ਲਈ ਸਰੀਰ ਇਕ ਠੀਕਰ ਹੈ ਪਰ ਆਮ ਸਰੀਰਾਂ ਲਈ ਅਜਿਹਾ ਭਿਆਨਕ ਤੇ ਖੌਫਨਾਕ ਦ੍ਰਿਸ਼ ਦੇਖ ਸਕਣਾ ਬਹੁਤ ਔਖਾ ਹੈ। ਦੇਖਣ ਵਾਲਿਆਂ ਦੀਆਂ ਅੱਖਾਂ ਛਲ੍ਹਕ ਪਈਆਂ ਅਤੇ ਹਿਰਦੇ ਕੰਬ ਉਠੇ....
      ਪ੍ਰੰਤੂ ਧੰਨ-ਧੰਨ ਗੁਰੂ ਅਰਜਨ ਦੇਵ ਜੀ ਜੋ ਅਡੋਲ ਚਿੱਤ ਇਹ ਸਭ ਕੁਝ ਜਰ ਗਏ। ਵਾਰ ਵਾਰ ਨਮਸਕਾਰ ਹੈ ਉਹਨਾਂ ਨੂੰ ਜੋ ਸੰਸਾਰ ਨੂੰ ਸੁਖਮਨੀ ਦਾ ਸੁੱਖ ਵੰਡਦੇ ਆਪ ਆਪਦੇ ਬਚਨਾਂ 'ਤੇ ਪਹਿਰਾ ਦੇ ਗਏ : ''ਸਾਧੂ ਕੇ ਸੰਗ ਅਜਰੁ ਸਹੈ£''
      ਇਹੀ 'ਸਾਧ ਜਨਾ ਕੀ ਅਚਰਜ ਕਥਾ' ਹੈ।
      ਸਾਧ ਦੀ ਸੰਗਤ 'ਚ ਪ੍ਰਭੂ ਹੀ ਮੀਠਾ ਨਹੀਂ ਲੱਗਦਾ ਬਲਕਿ ਪ੍ਰਭੂ ਜੋ ਕਰਦਾ ਹੈ ਉਹ ਵੀ ਮਿੱਠਾ ਲੱਗਦਾ ਹੈ। ਇਸੇ ਲਈ ਤਵੀ 'ਤੇ ਬੈਠਾ ਤਪੀਸਰ ਅਤੇ ਸਖ਼ਤ ਸਾਧਨਾ ਵਿਚ ਦੀ ਲੰਘਿਆ ਸਾਧ ਬੇਖੌਫ਼ ਹੋ ਕੇ ਇਹੀ ਧੁਨ ਉਚਾਰ ਰਿਹਾ ਸੀ :
ਤੇਰਾ ਕੀਆ ਮੀਠਾ ਲਾਗੈ£ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ£
(ਅੰਕ ੩੯੪)
      ਇਸ ਤਰ੍ਹਾਂ ਸੱਚ ਦਾ ਸੂਰਜ ਥੋੜ੍ਹੀ ਦੇਰ ਲਈ ਲਾਹੌਰ, ਰਾਵੀ ਦੇ ਪਾਣੀਆਂ ਵਿਚ ਅਲੋਪ ਹੋਇਆ ਪ੍ਰੰਤੂ ਛੇਤੀ ਹੀ ਇਹ ਰੱਬੀ ਨੂਰ ਸਾਰੇ ਸੰਸਾਰ ਵਿਚ ਫੈਲ ਗਿਆ ਅਤੇ ਇਹ ਜਾਗਦੀ ਜੋਤ ਅੱਜ ਵੀ ਵਿਸ਼ਵ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਹੀ ਹੈ। ਸ਼ਾਂਤੀ ਅਤੇ ਨਿਮਰਤਾ ਦੇ ਪੁੰਜ ਅਰਜਨ ਦੇਵ ਜੀ ਨੇ ਜਿਸ ਤਰ੍ਹਾਂ ਆਪਣੇ ਸਰੀਰ ਨੂੰ ਪੰਘਾਰ ਕੇ ਦੁਨੀਆਂ ਲਈ ਸਦੀਵੀ ਰੌਸ਼ਨੀ ਦਿੱਤੀ, ਰੱਬ ਦੇ ਪਿਆਰੇ ਕਦੇ ਵੀ ਉਸ ਸ਼ਾਂਤ-ਮਹਾਂ ਸੂਰਜ ਦੇ ਕੀਤੇ ਸ਼ੁਭ ਕਾਰਨਾਮਿਆਂ ਨੂੰ ਨਹੀਂ ਭੁਲਾ ਸਕਣਗੇ।
ਸ਼ਹਾਦਤ ਦੇ ਪ੍ਰਭਾਵ :
  ਸ਼ਹਾਦਤ ਤੇ ਆਮ ਮੌਤ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ। ਆਮ ਇਨਸਾਨ ਮੌਤ ਤੋਂ ਇੰਜ ਤ੍ਰਭੱਕਦਾ ਹੈ ਜਿਵੇਂ ਕਾਂ ਗੁਲੇਲੇ ਤੋਂ। ਮੌਤ ਵੀ ਬਹਾਨਾ ਹੀ ਲੱਭਦੀ ਰਹਿੰਦੀ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ :
      ਹੀਲੇ ਰਿਜ਼ਕ ਬਹਾਨੇ ਮੌਤ।
      ਮੌਤ ਦਾ ਡਰ ਆਦਮੀ ਨੂੰ ਨਿੱਤ ਮਾਰਦਾ ਹੈ। ਪ੍ਰੰਤੂ ਸ਼ਹੀਦੀ ਪ੍ਰਾਪਤ ਕਰਨ ਵਾਲੇ ਸਦ-ਜੀਵਤ ਹਨ। ਸ਼ਹਾਦਤ ਦਾ ਭਾਵ ਹੀ ਸੱਚ ਦੀ ਸਾਖੀ ਭਰਨਾ ਹੈ।
      ਅੰਮ੍ਰਿਤਸਰ ਤੋਂ ਚੱਲਣ ਸਮੇਂ ਹੀ ਗੁਰੂ ਅਰਜਨ ਦੇਵ ਜੀ ਨੇ ਸਪੱਸ਼ਟ ਕਹਿ ਦਿੱਤਾ ਸੀ ਕਿ ਉਹ ਲਾਹੌਰ ਤੋਂ ਵਾਪਸ ਨਹੀਂ ਆ ਸਕਣਗੇ। ਇਸ ਤੋਂ ਦੋ ਗੱਲਾਂ ਸਾਫ਼ ਹੁੰਦੀਆਂ ਹਨ :
      1. ਹੱਕ ਸੱਚ ਲਈ ਲੜਨ ਵਾਸਤੇ ਆਤਮ ਵਿਸ਼ਵਾਸ ਤੇ ਦ੍ਰਿੜ੍ਹਤਾ।
      2. ਨਾਪਾਕ ਇਰਾਦੇ ਰੱਖਣ ਵਾਲਿਆਂ ਵੱਲੋਂ ਝੂਠੇ ਬਹਾਨਿਆਂ ਦੀ ਆੜ੍ਹ।
      ਗੁਰੂ ਜੀ ਲਾਹੌਰ ਲਈ ਰਵਾਨਾ ਹੋਣ ਤੋਂ ਪਹਿਲਾਂ ਹਰਿਗੋਬਿੰਦ ਸਾਹਿਬ ਨੂੰ ਗੱਦੀ ਦਿੱਤੇ ਜਾਣ ਦਾ ਐਲਾਨ ਕਰ ਗਏ ਸਨ ਅਤੇ ਨਾਲ ਇਹ ਵੀ ਆਦੇਸ਼ ਦੇ ਗਏ ਸਨ ਕਿ ਹੁਣ ਸ਼ਸਤਰ ਸਜਾਉਣ ਅਤੇ ਫੌਜਾਂ ਰੱਖਣ ਦਾ ਸਮਾਂ ਆ ਗਿਆ ਹੈ।
ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਣ ਮਹਿ ਤਬ ਜੂਝ ਮਰੋਂ£
      ਕਨਿੰਘਮ ਅਨੁਸਾਰ ਸ਼ਹਾਦਤ ਨੇ ਹਰਿਗੋਬਿੰਦ ਦੇ ਮਨ ਨੂੰ ਹਿਲਾ ਦਿੱਤਾ। ਸ਼ਹੀਦੀ ਦਾ ਸਾਕਾ ਬੇਸ਼ੱਕ ਹੁਕਮਰਾਨਾਂ ਦੇ ਮਨ ਨਰਮ ਨਹੀਂ ਕਰ ਸਕਿਆ ਮਗਰ ਇਹ ਸਿੱਖਾਂ ਦੇ ਖੂਨ ਨੂੰ ਜ਼ਰੂਰ ਗਰਮ ਕਰ ਗਿਆ। ਕੌਮ ਦੇ ਜ਼ਜਬੇ ਝੰਜੋੜੇ ਗਏ। ਮਾਲਾ ਵਾਲਾ ਹੱਥ ਤਲਵਾਰ 'ਤੇ ਆ ਗਿਆ। ਹਰਿਮੰਦਰ ਸਾਹਿਬ ਦੀ ਡਿਉਢੀ ਦੇ ਸਾਹਮਣੇ ਅਕਲ ਤਖ਼ਤ ਦੀ ਉਸਾਰੀ ਹੋ ਗਈ। ਹਰਿਮੰਦਰ ਸਾਹਿਬ ਵਿਚ ਕੀਰਤਨ ਮਰਯਾਦਾ ਪੂਰਵਕ ਚਾਲੂ ਰੱਖਿਆ ਗਿਆ ਐਪਰ ਅਕਾਲ ਤਖ਼ਤ 'ਤੇ ਢਾਡੀਆਂ ਦੇ ਅਖਾੜੇ ਲੱਗਣੇ ਸ਼ੁਰੂ ਹੋ ਗਏ। ਪਾਤਸ਼ਾਹੀ ਫੌਜਾਂ, ਬਾਦਸ਼ਾਹੀ ਫੌਜਾਂ ਨਾਲ ਜੂਝਣ ਲਈ ਤਿਆਰ ਹੋਣ ਲੱਗੀਆਂ। ਗਾਰਡਨ ਅਨੁਸਾਰ ਸ਼ਹਾਦਤ ਨਾਲ ਸਿੱਖੀ ਲਹਿਰ ਦੀ ਸ਼ਕਲ ਹੀ ਬਦਲ ਗਈ। ਲਤੀਫ਼ ਤਾਂ ਇਥੋਂ ਤੱਕ ਕਹਿੰਦਾ ਹੈ : 'ਅਕਾਲ ਤਖ਼ਤ ਦੀ ਉਸਾਰੀ ਹਕੂਮਤ ਨੂੰ ਕਾਰਵਾਈ ਲਈ ਸਿੱਧਾ ਸੱਦਾ ਸੀ।'
      ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਪਿੱਛੋਂ ਜੋ ਸਿੱਖ ਲਹਿਰ ਨੇ ਮੋੜਾ ਖਾਧਾ ਉਸ ਬਾਰੇ ਗੁਰੂ ਘਰ ਦੇ ਲਿਖਾਰੀ ਭਾਈ ਗੁਰਦਾਸ ਜੀ ਇੰਜ ਸੰਕੇਤ ਕਰਦੇ ਹਨ :
ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਈ£
ਅਰਜਨ ਕਾਇਆ ਪਲਟਕੈ ਮੂਰਤਿ ਹਰਿਗੋਬਿੰਦ ਸਵਾਰੀ£
ਸਤਿਗੁਰਾਂ ਦੀ ਇਹ ਸੰਵਾਰੀ ਮੂਰਤ ਹੀ ਮੀਰੀ ਪੀਰੀ ਦੇ ਸੰਕਲਪ ਨੂੰ ਲੈ ਕੇ ਅੱਗੇ ਵਧੀ ਅਤੇ ਸੰਗਤ ਨੂੰ ਖਾਲਸੇ ਦੇ ਰੂਪ ਵਿਚ ਢਾਲਣ ਲਈ ਯੋਗ ਕਾਰਵਾਈ ਸ਼ੁਰੂ ਹੋ ਗਈ ਜਿਸ ਨੂੰ ਦਸਮੇਸ਼ ਪਿਤਾ ਨੇ ਬੁਲੰਦੀਆਂ 'ਤੇ ਪਹੁੰਚਾਇਆ।
ਪ੍ਰਿੰ. ਰਾਮ ਸਿੰਘ