ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਕੰਮ-ਸਭਿਆਚਾਰ ਦਾ ਵਿਗਿਆਨਕ ਅਧਾਰ ਹੈ?


ਸਰਲ ਜੀਵਾਂ ਤੋਂ ਗੁੰਝਲਦਾਰ ਜੀਵਾਂ ਦਾ ਹੋਂਦ ਵਿਚ ਆਉਣਾ ਇਕ ਲੰਮੇ ਵਿਕਾਸ ਦਾ ਸਿੱਟਾ ਹੈ। ਜੀਵ ਵਿਕਾਸ ਦੇ ਸਦਕਾ ਪੈਦਾ ਹੋਏ ਲੱਖਾਂ ਕਿਸਮ ਦੇ ਜੀਵਾਂ ਵਿਚੋਂ ਥਣਧਾਰੀ ਜੀਵ ਵਿਕਾਸ ਦੀ ਪੌੜੀ ਦੇ ਸਭ ਤੋਂ ਉਪਰਲੇ ਡੰਡਿਆਂ ਤੇ ਸਨ। ਲਗਭਗ ਸੱਤ ਕਰੋੜ ਸਾਲ ਪਹਿਲਾਂ ਇਨ੍ਹਾਂ ਥਣਧਾਰੀ ਜਾਨਵਰਾਂ ਵਿਚੋਂ ਹੀ ਬਾਂਦਰ ਜਾਤੀ ਦੇ ਜਾਨਵਰ ਹੋਂਦ ਵਿਚ ਆਏ, ਜਿਨ੍ਹਾਂ ਨੂੰ ਜੀਵ ਵਿਗਿਆਨ ਦੀ ਭਾਸ਼ਾ ਵਿੱਚ ਪ੍ਰਾਈਮੇਟਸ ਵਰਗ ਦੇ ਜਾਨਵਰ ਕਿਹਾ ਜਾਂਦਾ ਹੈ। ਗੁਰੀਲਾ, ਚਿਪੈਂਜੀ, ਗਿਬਨ, ਬਾਂਦਰ, ਲੰਗੂਰ ਅਤੇ ਮੈਨ-ਏਪ ਇਸੇ ਵਰਗ ਨਾਲ ਸਬੰਧਤ ਹਨ। ਇਹ ਸਾਰੇ ਦਰੱਖਤਾਂ ਉਪਰ ਰਹਿੰਦੇ ਹਨ।
ਉਸ ਸਮੇਂ ਮੌਸਮ ਵਿਚ ਵੱਡੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਇਕ ਵੇਰ ਬਰਫਾਨੀ ਯੁੱਗ ਆਇਆ, ਜਿਸ ਕਾਰਨ ਦਰੱਖਤਾਂ ਉਪਰ ਫਲ ਅਤੇ ਪੱਤਿਆਂ ਦੀ ਘਾਟ ਹੋ ਗਈ। ਮੈਨ-ਏਪ ਹਿੰਮਤ ਕਰਕੇ ਖੁਰਾਕ ਦੀ ਭਾਲ ਲਈ ਦਰੱਖਤਾਂ ਤੋਂ ਉਤਰ ਆਏ ਅਤੇ ਧਰਤੀ ਤੇ ਪਹੁੰਚ ਕੇ ਖੁਰਾਕ ਪ੍ਰਾਪਤ ਕਰਨ ਲਈ ਕਈ ਤਰ੍ਹਾਂ ਦੇ ਉਪਰਾਲੇ ਸ਼ੁਰੂ ਕਰ ਦਿੱਤੇ। ਇਸ ਸ਼੍ਰੇਣੀ ਦੇ ਅਗਲੇ ਹੱਥ ਕਾਫੀ ਨਿਪੁੰਨ ਸਨ, ਸੋਟੀ, ਪੱਥਰ ਜਾਂ ਕੋਈ ਹੋਰ ਵਸਤੂ ਪਕੜ ਸਕਦੇ ਸਨ ਅਤੇ ਉਨ੍ਹਾਂ ਨੂੰ ਸੰਦ ਦੇ ਤੌਰ 'ਤੇ ਵਰਤ ਸਕਦੇ ਸਨ। ਫਲ ਤੋੜਨ ਲਈ, ਜੜ੍ਹ ਧਰਤੀ ਵਿਚੋਂ ਪੁੱਟਣ ਲਈ, ਦਰੱਖਤਾਂ ਦੇ ਛਿਲੜ ਉਤਾਰਨ ਲਈ ਅਤੇ ਦੂਸਰੇ ਜਾਨਵਰਾਂ ਤੋਂ ਬਚਾਉ ਕਰਨ ਲਈ ਇਹਨਾਂ ਸੰਦਾਂ ਦੀ ਵਰਤੋਂ ਹੋਣ ਲੱਗੀ। ਹੌਲੀ-ਹੌਲੀ ਲੱਕੜ ਅਤੇ ਪੱਥਰਾਂ ਨੂੰ ਲੋੜ ਅਨੁਸਾਰ ਘੜਨ ਲੱਗ ਪਏ। ਭਾਵ ਜੀਵ ਸੰਦ ਵਰਤਣ ਤੋਂ ਅੱਗੇ ਵੱਧ ਕੇ ਸੰਦ ਬਣਾਉਣ ਵਾਲੇ ਬਣ ਗਏ।
ਅਗਲੇ ਹੱਥਾਂ ਦੁਅਰਾ ਸੰਦਾਂ ਦੀ ਵਰਤੋਂ ਸ਼ੁਰੂ ਕਰਨ ਨਾਲ ਹੀ ਉਹ ਇਕ ਅਜਿਹੇ ਰਾਹ 'ਤੇ ਤੁਰ ਪਏ ਜੋ ਸਿੱਧਾ ਉਹਨਾਂ ਨੂੰ ਮਨੁੱਖ ਬਣਨ ਵੱਲ ਲੈ ਗਿਆ। ਅਜਿਹੇ ਨਿਰਣਈ ਕਦਮਾਂ ਸਦਕਾ ਮਨੁੱਖ ਦੂਸਰੇ ਜਾਨਵਰਾਂ ਤੋਂ ਅਲੱਗ ਹੋ ਗਿਆ ਅਤੇ ਕੁਦਰਤ ਉੱਤੇ ਸਰਦਾਰੀ ਕਾਇਮ ਕਰ ਸਕਿਆ। ਸੋ ਕੰਮ ਹੀ ਮਨੁੱਖ ਦੀ ਹੋਂਦ ਦਾ ਆਧਾਰ ਹੈ ਅਤੇ ਮਨੁੱਖ ਦੀ ਜੜ ਹੈ।
ਜੀਵ ਵਿਗਿਆਨ ਅਤੇ ਮੈਡੀਕਲ ਸਾਇੰਸ ਦੇ ਆਧਾਰ 'ਤੇ ਇਹ ਸਿੱਟਾ ਨਿਕਲਿਆ ਹੈ ਕਿ ਜ਼ਿਆਦਾ ਲੋਕ ਸੁਸਤ ਜੀਵਨ ਬਤੀਤ ਕਰਨ ਨਾਲ ਮਰਦੇ ਹਨ ਨਾ ਕੀ ਵਾਧੂ ਕੰਮ ਕਰਨ ਨਾਲ, ਸੈਲਾਂ ਦੀ ਰਚਨਾ ਇਸ ਤਰ੍ਹਾਂ ਹੈ ਕਿ ਕੰਮ ਕਰਨ ਨਾਲ ਤਾਕਤਵਾਰ ਹੁੰਦੇ ਹਨ। ਕੰਮ ਕਰਨ ਨਾਲ ਇਹ ਘਿਸਦੇ ਨਹੀਂ ਹਨ। ਜਿੰਨੀ ਸੈਲਾਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ, ਉਨੇ ਹੀ ਹੋਰ ਤਾਕਤਵਾਰ ਹੁੰਦੇ ਹਨ। ਮਨੁੱਖੀ ਮਸ਼ੀਨ ਬਾਕੀ ਦੀਆਂ ਹੋਰ ਮਸ਼ੀਨਾਂ ਤੋਂ ਬਿਲਕੁਲ ਉਲਟ ਹੈ। ਬਾਕੀ ਮਸ਼ੀਨਾਂ ਵਰਤਣ ਨਾਲ ਘਿਸਦੀਆਂ ਹਨ ਅਤੇ ਸਮਾਂ ਪਾ ਕੇ ਬੇਕਾਰ ਹੋ ਜਾਂਦੀਆਂ ਹਨ। ਜਦੋਂ ਕਿ ਮਨੁੱਖੀ ਮਸ਼ੀਨ ਦਾ ਵਰਤਾਰਾ ਇਹਨਾਂ ਤੋਂ ਉਲਟ ਹੈ।
ਵਿਗਿਆਨਕ ਖੋਜ ਤੋਂ ਇਹ ਸਿੱਟਾ ਨਿਕਲਿਆ ਹੈ ਕਿ ਸਾਰੀਆਂ ਵਸਤੂਆਂ ਉੱਤੇ ਜਦੋਂ ਬਾਹਰੀ ਸ਼ਕਤੀਆਂ ਕਾਰਨ ਕੁਝ ਦਬਾਅ ਪੈਂਦਾ ਹੈ ਤਾਂ ਉਹਨਾਂ ਵਸਤੂਆਂ ਵਿਚ ਬਿਜਲੀ ਦੀ ਧਾਰਾ ਉਤਪੰਨ ਹੁੰਦੀ ਹੈ। ਇਸ ਨੂੰ ਪੀਜੋ ਬਿਜਲੀ ਵਜੋਂ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਦੀ ਬਿਜਲੀ ਦੀ ਵਰਤੋਂ ਕਈ ਯੰਤਰਾਂ ਵਿਚ ਕੀਤੀ ਜਾਂਦੀ ਹੈ, ਜਿਵੇਂ ਕ੍ਰਿਸਟਲ ਮਾਈਕਰੋਫੋਨ ਵਿਚ ਜਿਥੇ ਅਵਾਜ਼ ਦੀਆਂ ਤਰੰਗਾਂ ਖਾਸ ਕਿਸਮ ਦੇ ਬਣੇ ਕ੍ਰਿਸਟਲਾਂ ਵਿਚ ਦਬਾਅ ਪੈਦਾ ਕਰਦੀਆਂ ਹਨ ਅਤੇ ਇਸ ਦਬਾਅ ਕਾਰਨ ਕ੍ਰਿਸਟਲ ਵਿਚ ਦਬਾਅ ਅਨੁਸਾਰ ਬਿਜਲੀ ਦੀ ਧਾਰਾ ਉਤਪੰਨ ਕਰਦੀਆਂ ਹਨ। ਇਹ ਕ੍ਰਿਰਿਆ ਸਰਵ ਵਿਆਪੀ ਹੈ। ਜਦੋਂ ਕੋਈ ਵਿਅਕਤੀ ਠੀਕ ਇਸੇ ਤਰ੍ਹਾਂ ਵਿਅਕਤੀ ਦਿਮਾਗੀ ਜਾਂ ਸਰੀਰਕ ਕੰਮ/ਖੇਚਲ ਕਰਦਾ ਹੈ ਤਾਂ ਪੀਜੋ ਕਰੰਟ ਪੈਦਾ ਹੁੰਦੀ ਹੈ, ਜੋ ਸਰੀਰ ਦੇ ਸੈਲਾਂ ਨੂੰ ਵੱਧਣ-ਫੁੱਲਣ ਵਿਚ ਸਹਾਈ ਸਿੱਧ ਹੁੰਦੀ ਹੈ। ਇਹ ਕਰੰਟ ਸਰੀਰ ਵਿੱਚ ਹਾਰਮੋਨ ਅਤੇ ਪੱਠਿਆਂ ਉੱਤੇ ਵੀ ਅਸਰ ਪਾਉਂਦੀ ਹੈ।
ਲੈਅ ਸਿਧਾਂਤ ਅਨੁਸਾਰ ਸੈਲ ਜਿਹੜੇ ਸਰੀਰਕ ਅਤੇ ਬੋਧਿਕ ਸਰਗਰਮੀਆਂ ਅਤੇ ਜ਼ਿੰਮੇਵਾਰ ਹਨ, ਇਕ ਗ੍ਰਹਿਣ ਕੀਤੀ ਲੈਅ ਵਿਚ ਕੰਮ ਕਰਨਾ ਚਾਹੁੰਦੇ ਹਨ। ਸੈਲਾਂ ਦੀ ਲੈਅ ਸਾਲਾਂ ਬੱਧੀ ਅਭਿਆਸ ਤੋਂ ਬਣਦੀ ਹੈ। ਜੇ ਇਹਨਾਂ ਦੀ ਲੈਅ ਵਿਚ ਤਬਦੀਲੀ ਆਵੇ, ਭਾਵੇਂ ਤੇਜ਼ ਕ੍ਰਿਰਿਆ ਜਾਂ ਮੱਧਮ ਕ੍ਰਿਆ ਹੋਵੇ ਤਦ ਸਰੀਰ ਦੀਆਂ ਗਤੀਵਿਧੀਆਂ ਅਤੇ ਕ੍ਰਿਆਵਾਂ ਉੱਤੇ ਸਿੱਧ ਅਸਰ ਪੈਂਦਾ ਹੈ। ਸਰੀਰ ਦੇ ਸਾਰੇ ਸਿਸਟਮ ਲੈਅ ਵਿੱਚ ਕੰਮ ਕਰਨਾ ਚਾਹੁੰਦੇ ਹਨ। ਸੈਲਾਂ ਦਾ ਊਰਜਾ ਗ੍ਰਹਿਣ ਕਰਨਾ ਜਾਂ ਉਹਨਾਂ ਦਾ ਨਸ਼ਟ ਹੋਣ ਦੇ ਚੱਕਰ ਵਿੱਚ ਲੈਅ ਦੀ ਤਬਦੀਲੀ ਬਰਦਾਸ਼ਤ ਨਹੀਂ ਕਰਦੇ।
ਇਕ ਸਰਵੇ ਤੋਂ ਸਿੱਟਾ ਨਿਕਲਿਆ ਹੈ ਕਿ ਸੇਵਾ ਮੁਕਤ ਹੋਏ ਵਿਅਕਤੀਆਂ ਵਿਚ ਪਹਿਲੇ ਕੁਝ ਸਾਲਾਂ ਵਿਚ ਮੌਤ ਦੀ ਦਰ ਜ਼ਿਆਦਾ ਹੁੰਦੀ ਹੈ, ਕਿਉਂ ਜੋ ਇਹਨਾਂ ਦੇ ਸੈਲਾਂ ਦੇ ਲੈਅ ਵਿਚ ਤਬਦੀਲੀ ਆ ਜਾਂਦੀ ਹੈ। ਜਿਹੜੇ ਵਿਅਕਤੀ ਸੇਵਾ ਮੁਕਤ ਤੋਂ ਬਾਅਦ ਕਾਰਜਸ਼ੀਲ ਰਹਿੰਦੇ ਹਨ, ਉਹ ਲੰਬੀ ਉਮਰ/ਸਿਹਤਮੰਦ ਜੀਵਨ ਭੋਗਦੇ ਹਨ।
ਕੰਮ ਹੈ ਕਿਰਤ, ਮਿਹਨਤ, ਅਮਲ, ਲਗਨ ਤੇ ਸੇਵਾ। ਸੱਚੀ ਕਿਰਤ ਹੀ ਪੂਜਾ ਹੈ। ਕਿਰਤ ਹੀ ਵਿਸ਼ਵ ਵਿਚ ਮਨੁੱਖੀ ਮਾਨਵਤਾ ਵਲੋਂ ਕੀਤਾ ਗਿਆ ਸਰਵੋਤਮ ਸੂਰਮਗਤੀ ਵਾਲਾ ਕਾਰਨਾਮਾ ਹੈ। ਅੰਗਰੇਜ਼ੀ ਦੇ ਕਵੀ ਕਾਰਲਾਈਨ ਅਨੁਸਾਰ ਕੰਮ ਹੀ ਪੂਜਾ ਹੈ। ਗੁਰਦੇਵ ਟੈਗੋਰ ਕਹਿੰਦੇ ਹਨ ਕਿ ਰਬ ਦਾ ਵਾਸ ਉਸ ਮਜ਼ਦੂਰ ਵਿਚ ਹੈ, ਜੋ ਸਿਖਰ ਦੁਪਹਿਰ ਗਰਮੀ ਵਿਚ ਰੋੜੀ ਕੁੱਟ ਰਿਹਾ ਹੈ। ਟਾਲਸਟਾਏ ਮੰਨਦੇ ਸਨ ਕਿ ਕਿਸਾਨ ਵਿੱਚ ਸਿਦਕ ਤੇ ਪਿਆਰ ਵਸਦਾ ਹੈ। ਪ੍ਰੋ. ਪੂਰਨ ਸਿੰਘ ਜੀ ਨੇ ਲਿਖਿਆ ਹੈ ਕਿ ਉਹ ਵਿਦਿਆ ਹੀ ਅਸਲੀ ਵਿਦਿਆ ਹੈ, ਜੋ ਮਨੁੱਖ ਨੂੰ ਕਿਰਤ ਕਰਨੀ ਸਿਖਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਕ੍ਰਿਤ ਨੂੰ ਪ੍ਰਧਾਨਤਾ ਦਿੱਤੀ ਹੈ, ਆਪ ਨੇ ਕਈ ਸਾਲ ਖੇਤੀ ਕਰਕੇ ਕ੍ਰਿਤ ਦੀ ਮਹਾਨਤਾ ਨੂੰ ਦਰਸਾਇਆ ਹੈ।
ਪਿਆਰ, ਮਿਤਰਦਾ ਅਤੇ ਹੋਰ ਗੁਣਾ ਨੂੰ ਗ੍ਰਹਿਣ ਕਰਨ ਲਈ ਅਤੇ ਮੁੜ ਇਹਨਾਂ ਦੀ ਸੁਗੰਧੀ ਖਲੇਰਨ ਲਈ ਮਨੁੱਖ ਨੂੰ ਕਦੀ ਵਿਹਲਾ ਨਹੀਂ ਰਹਿਣਾ ਚਾਹੀਦਾ। ਨਿਕੰਮਾ ਬੰਦਾ ਕਦੇ ਵੀ ਉਚੇਰੇ ਜੀਵਨ ਦੇ ਭੇਦਾਂ ਨੂੰ ਅਨੁਭਵ ਨਹੀਂ ਕਰ ਸਕਦਾ। ਆਲਸ ਵਿੱਚ ਜੀਵਨ ਬਤੀਤ ਕਰਨਾ ਆਤਮ ਹੱਤਿਆ ਦੇ ਸਮਾਨ ਹੈ। ਨਰਕ ਦੀ ਭਰਿਭਾਸ਼ਾ ਲਗਾਤਾਰ ਵਿਹਲ ਹੈ। ਸੁਸਤੀ ਦੀ ਸਜ਼ਾ ਅਸਫਲਤਾ ਹੀ ਨਹੀਂ ਹੁੰਦੀ, ਗਰੀਬੀ ਈਰਖਾ ਅਤੇ ਦੁਸ਼ਮਣੀ ਵੀ ਹੁੰਦੀ ਹੈ। ਜੀਵਨ ਵਿਚ ਕਾਰਜਸ਼ੀਲਤਾ ਅਤੇ ਪ੍ਰਸੰਨਤਾ ਦਾ ਲੰਮੀ ਉਮਰ ਨਾਲ ਚੋਲੀ ਮਾਦਨ ਦਾ ਸਾਥ ਹੈ। ਕੰਮ/ਖੇਚਲ ਸਰੀਰ ਲਈ ਸਰਵੋਤਮ ਟਾਨਿਕ ਹੈ।
ਖੇਚਲ ਅੱਗੇ ਲਕਸ਼ਮੀ ਨ੍ਰਿਤ ਕਰਦੀ ਹੈ। ਕੰਮ ਅਜਿਹੀ ਗੁਣਕਾਰੀ ਬੁੱਟੀ ਹੈ, ਜਿਹੜੀ ਮਨੁੱਖ ਦਾ ਅਕੇਵਾਂ, ਥਕੇਵਾਂ ਅਤੇ ਚਿੰਤਾ ਦੂਰ ਕਰਦੀ ਹੈ। ਖੇਚਲ ਹਰ ਮੁਸੀਬਤਾਂ ਅਤੇ ਮੁਸ਼ਕਲਾਂ ਨੂੰ ਜਿੱਤ ਲੈਂਦੀ ਹੈ। ਕਦਮ ਪੁੱਟਣ ਵਾਲੇ ਨੂੰ ਜ਼ਿੰਦਗੀ ਮੁਬਾਰਕਾਂ ਦਿੰਦੀ ਹੈ। ਸਾਹਸੀ ਮਨੁੱਖੀ ਕਦੇ ਵੀ ਥਕੇਵਾਂ ਮਹਿਸੂਸ ਨਹੀਂ ਕਰਦੀ। ਰੁਝੇ ਵਿਅਕਤੀ ਮੌਤ ਨੂੰ ਕਹਿ ਦਿੰਦੇ ਹਨ, ਠਹਿਰ ਜਾਂ ਮੌਤੇ ਕਾਹਲੀਏ ਮੈਂ ਅਜੇ ਨਾ ਵਿਹਲੀ।'
ਵਿਸ਼ਵ ਦੇ ਮਹਾਨ ਵਿਗਿਆਨੀ ਐਡੀਸਨ ਜਿਨ੍ਹਾਂ ਨੇ ਬਿਜਲੀ ਦੇ ਬਲਬ ਦੀ ਖੋਜ ਕੀਤੀ ਹੈ, ਪ੍ਰਤੀਦਿਨ 18 ਘੰਟੇ ਕੰਮ ਕਰਦੇ ਸਨ ਅਤੇ ਕਈ ਵਾਰੀ ਆਪਣਾ ਖਾਣਾ ਵੀ ਭੁੱਲ ਜਾਂਦੇ ਸਨ। ਦੁਨੀਆਂ ਦੇ ਕਈ ਦੇਸ਼ਾਂ ਵਿਚ ਮਿਹਨਤ ਨੂੰ ਪਹਿਲ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਜਪਾਨ, ਅਮਰੀਕਾ ਦੇ ਲੋਕ ਵੀ ਬਹੁਤ ਮਿਹਨਤੀ ਹਨ ਅਤੇ ਖੁਸ਼ਹਾਲ ਹਨ। ਜਪਾਨੀ ਲੋਕ ਖੁਸ਼ੀ ਵਿਚ ਕਹਿੰਦੇ ਹਨ ਕਿ ਹੋਰੇ ਅੱਜ ਐਤਵਾਰ ਨਹੀਂ ਹੈ। ਵਿਸ਼ਵ ਵਿਚ ਮੈਕਸੀਕੋ ਨਿਵਾਸੀ ਪ੍ਰਤੀਦਿਨ 10 ਘੰਟੇ ਕੰਮ ਕਰਦੇ ਹਨ। ਇਹ ਵਿਸ਼ਵ ਵਿੱਚ ਇਹ ਸਭ ਤੋਂ ਜ਼ਿਆਦਾ ਕੰਮ ਕਰਨ ਵਾਲਾ ਦੇਸ਼ ਹੈ। ਕੈਨੇਡਾ ਵਿੱਚ ਲੋਕ ਪ੍ਰਤੀਦਿਨ 8 ਘੰਟੇ ਕੰਮ ਕਰਦੇ ਹਨ, ਜੋ ਕਿ ਵਿਸ਼ਵ ਵਿੱਚ 5ਵੇਂ ਸਥਾਨ 'ਤੇ ਹੈ। ਹਾਰਵਰਡ ਯੂਨੀਵਰਸਿਟੀ ਦੇ ਡਾ. ਰੋਸ ਅਨੁਸਾਰ ਥਕਾਵਟ ਵਾਧੂ ਕੰਮ ਕਰਕੇ ਨਹੀਂ ਹੁੰਦੀ, ਸਗੋਂ ਕੰਮ ਵਿਚ ਨਾ ਰੁਝੇ ਕਰਕੇ ਹੁੰਦੀ ਹੈ।
ਪਰੰਤੂ ਬਹੁ-ਗਿਣਤੀ ਵਸੋਂ ਨੇ ਇਹ ਧਾਰਨਾ ਬਣਾ ਰੱਖੀ ਹੈ ਕਿ ਕੰਮ/ਖੇਚਲ ਕਰਨ ਨਾਲ ਸੈਲ ਘਸਦੇ ਹਨ ਅਤੇ ਕਮਜ਼ੋਰ ਹੁੰਦੇ ਹਨ। ਸਰੀਰ ਦੀ ਸ਼ਕਤੀ ਘਟਦੀ ਹੈ, ਸੁੱਖ ਤੇ ਆਰਾਮ ਖੁਸ਼ਹਾਲੀ ਦੇ ਚਿੰਨ੍ਹ ਹਨ। ਇਸ ਗਲਤ ਧਾਰਨਾ ਨੇ ਮਨੁੱਖਤਾ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਤੇ ਪਹੁੰਚ ਰਹੀ ਹੈ। ਹਰ ਹਾਲਤ ਵਿੱਚ ਇਸ ਧਾਰਨਾ ਨੂੰ ਦ੍ਰਿੜ ਇਰਾਦੇ ਨਾਲ ਬਦਲਣਾ ਹੋਵੇਗਾ।
ਜਿਹੜੀ ਕੌਮ ਵਿਚ ਸੁਸਤੀ ਅਤੇ ਆਰਾਮ ਨੂੰ ਪਹਿਲ ਦਿੱਤੀ ਜਾਂਦੀ ਹੈ, ਸ਼ੋਸ਼ਲ ਸਾਈਕੋਲਾਜੀ ਦੇ ਸਿਧਾਂਤ ਅਨੁਸਾਰ ਉਹਨਾਂ ਦੀ ਅਗਲੀ ਪੀੜ੍ਹੀ ਵੀ ਸੁਸਤ ਹੋਵੇਗੀ। ਭਾਰਤ ਵਿੱਚ ਕੇਵਲ 10 ਫੀਸਦੀ ਲੋਕ ਹੀ ਮਿਹਨਤ ਕਰਦੇ ਹਨ। ਸਾਨੂੰ ਸੁਸਤ ਕੌਮ ਵਜੋਂ ਜਾਣਿਆ ਜਾਂਦਾ ਹੈ। ਲਗਭਗ 1 ਕਰੋੜ ਪਰਿਵਾਰਾਂ ਕੋਲ ਰਹਿਣ ਨੂੰ ਮਕਾਨ ਨਹੀਂ ਹੈ, ਲੱਖਾਂ ਪਰਿਵਾਰ ਦਰਿਆਵਾਂ, ਛੱਪੜਾਂ ਦਾ ਪਾਣੀ ਪੀਂਦੇ ਹਨ।  40 ਫੀਸਦੀ ਘਰਾਂ ਵਿਚ ਬਿਜਲੀ ਨਹੀਂ ਹੈ। ਦੱਸ ਕਰੋੜ ਤੋਂ ਵੱਧ ਘਰਾਂ ਵਿਚ ਅੱਜ ਵੀ ਲੱਕੜੀਆਂ, ਪਾਥੀਆਂ ਅਤੇ ਕੋਲਾ ਬਾਲਿਆ ਜਾਂਦਾ ਹੈ। ਤਕਰੀਬਨ 40 ਫੀਸਦੀ ਵਸੋਂ ਗਰੀਬੀ ਰੇਖਾ ਤੋਂ ਹੇਠਾਂ ਹੈ। ਕਰੋੜਾਂ ਲੋਕ ਭੁੱਖੇ ਪੇਟ ਸੜਕਾਂ ਦੇ ਕਿਨਾਰਿਆਂ 'ਤੇ ਸੌਂਦੇ ਹਨ। ਵਿਸ਼ਵ ਵਿੱਚ ਸਭ ਤੋਂ ਵੱਧ ਅਨਪੜ੍ਹ, ਨੇਤਰਹੀਣ, ਕੁਪੋਸ਼ਨ, ਬਾਲ ਮਜ਼ਦੂਰ ਅਤੇ ਭਿਖਾਰੀ ਹਨ, ਜਿਸ ਕਾਰਨ ਔਸਤ ਭਾਰਤੀ ਤਿੰਨ ਜਮਾਤਾਂ ਪੜ੍ਹਿਆ ਹੋਇਆ ਹੈ।
ਸਾਡੇ ਮੁਲਕ ਵਿਚ ਸਦੀਆਂ ਤੋਂ ਮਾਰਗ ਦਰਸ਼ਕ ਕਰਨ ਵਾਲੇ ਨਾਇਕ ਕ੍ਰਿਤ ਦੀ ਮਹਾਨਤਾ ਦੱਸਣ ਦੀ ਥਾਂ ਆਪ ਕਮਜ਼ੋਰ ਹੋ ਗਏ। ਧੂਣਿਆਂ ਲਾ ਕੇ ਬੈਠਦੇ ਰਹੇ, ਪਹਾੜਾਂ ਅਤੇ ਜੰਗਲਾਂ ਵਿਚ ਭਗਤੀ ਆਦਿ ਵਿਚ ਉਲਝ ਗਏ, ਜਿਸ ਦਾ ਲੁਕਾਈ ਨੂੰ ਅਸਿੱਧੇ ਤੌਰ 'ਤੇ ਸੰਦੇਸ਼ ਮਿਲਿਆ ਕਿ ਪੂਜਾ ਹੀ ਕੰਮ ਹੈ ਨਾ ਕਿ ਕੰਮ ਹੀ ਪੂਜਾ ਹੈ। ਕੰਮ ਪ੍ਰਤੀ ਇਸ਼ਕ, ਚਾਅ ਅਤੇ ਮੁਹੱਬਤ ਕੰਮ ਸੱਭਿਆਚਾਰ ਦੇ ਚਿੰਨ੍ਹ ਹਨ। ਇਸ ਲਈ ਕੋਮ ਪ੍ਰਸਤੀ, ਸਿਹਤਮੰਦ ਰਹਿਣ ਦਾ ਚਾਅ, ਮਾਨਵਤਾ ਦੀ ਭਾਵਨਾ, ਅਗਾਂਹ ਵਧਣ ਦੀ ਤੀਬਰ ਇੱਛਾ, ਨਿਸ਼ਕਾਮ ਸੇਵਾ, ਦੂਜੇ ਦੇ ਕੰਮ ਆਉਣ ਦੀ ਭਾਵਨਾ, ਵਧੀਆ ਤੇ ਠੀਕ ਕਰਨ ਦਾ ਚਾਅ, ਗੰਦ ਤੇ ਬਦਬੂ ਦੇ ਵਾਤਾਵਰਣ ਵਿਚ ਆਪਣੇ ਆਪ ਨੂੰ ਬਚਾਅ ਕੇ ਰੱਖਣ ਦੀ ਤਾਕਤ, ਨਿਮਰਤਾ ਤੇ ਦ੍ਰਿੜਤਾ ਲੋਕਾਚਾਰ ਦੀ ਪ੍ਰਵਾਹ ਨਾ ਕਰਨਾ ਤੇ ਚੁਣੌਤੀਆਂ ਸਵੀਕਾਰ ਕਰਨ ਦੀ ਇੱਛਾ ਆਦਿ ਵਰਗੇ ਅਨੇਕਾਂ ਗੁਣਾ, ਮਨੁੱਖੀ ਸੁਭਾਅ ਦੇ ਅਨਿਖੜ੍ਹਵੇਂ ਅੰਗ ਬਣਨੇ ਚਾਹੀਦੇ ਹਨ। ਦੇਸ਼ ਤੇ ਕੌਮ ਦੇ ਵੜੇਰੇ ਹਿਤਾਂ ਵਿਚ ਸੋਚਣ ਤੇ ਆਪਣੀਆਂ ਚੰਦ ਖੁਸ਼ੀਆਂ ਦੇ ਤਿਆਗ ਦੀ ਭਾਵਨਾ ਨਾਲ ਵਰਕ ਕਲਚਰ ਪਲਪਦਾ ਹੈ, ਇਹੀ ਦੇਸ਼ ਪਿਆਰ ਹੈ ਤੇ ਇਹੀ ਦੇਸ਼ ਸੇਵਾ।
ਯਾਦ ਰੱਖੋ ਕਿ ਸਰੀਰ ਇਕ ਹੱਦ ਤੋਂ ਵੱਧ ਕੰਮ ਨਹੀਂ ਕਰ ਸਕਦਾ ਅਤੇ ਸਰੀਰ ਨੂੰ ਯੋਗ ਕੰਮ ਕਰਨ ਲਈ ਸੰਤੁਲਿਤ ਭੋਜਨ ਦੀ ਵੀ ਲੋੜ ਹੁੰਦੀ ਹੈ। ਇਕ ਕਵੀ ਨੇ ਠੀਕ ਕਿਹਾ ਹੈ:-
''ਮੈ ਵਗਿਆ ਹਾਂ ਦਰਿਆ ਬਣ ਕੇ, ਖੇਤ ਸਿੰਜੇ ਨੇ,
ਜੇ ਮੈਂ ਰਹਿੰਦਾ ਰੁਕਿਆ, ਤਾਂ ਖੇਤਾਂ ਨੇ ਹੀ ਪੀ ਲਿਆ ਹੁੰਦਾ।''
ਮਹਿੰਦਰ ਸਿੰਘ ਵਾਲੀਆ