ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੇਂਦਰੀ ਸਿੱਖ ਅਜਾਇਬ ਘਰ ਵਿਚ ਫੋਟੋ ਕਿਸ ਦੀ ਲੱਗੇ?


ਨਿਹੰਗ ਸਿੰਘਾਂ ਦੇ ਇਕ ਦਲ ਦੇ ਤਤਕਾਲੀ ਮੁਖੀ ਬਾਬਾ ਸੰਤਾ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਉਣ ਨੂੰ ਲੈ ਕੇ ਪੰਥਕ ਧਿਰਾਂ ਵਿਚ ਜਿਹੜੀ ਵਿਚਾਰ ਚਰਚਾ ਚੱਲ ਰਹੀ ਹੈ ਉਸ ਵਿਚ ਤਕਰੀਬਨ ਸਾਰੀਆਂ ਹੀ ਪੰਥਕ ਧਿਰਾਂ, ਸਿੱਖ ਵਿਦਵਾਨਾਂ ਅਤੇ ਸਿੱਖ ਕਮੇਟੀਆਂ ਨੇ ਵਿਚਾਰ ਪ੍ਰਗਟ ਕੀਤੇ ਹਨ ਕਿ ਬਾਬਾ ਸੰਤਾ ਸਿੰਘ ਨੇ ਦਰਬਾਰ ਸਾਹਿਬ ਸਾਕੇ ਤੋਂ ਬਾਅਦ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਕੀਤੀ ਗਈ ਤਬਾਹੀ ਦੀਆਂ ਨਿਸ਼ਾਨੀਆਂ ਮਿਟਾਉਣ ਲਈ ਬੂਟਾ ਸਿੰਘ ਦੇ ਪਿੱਛੇ ਲੱਗ ਕੇ ਸ੍ਰੀ ਅਕਾਲ ਤਖ਼ਤ ਦੀ ਇਮਾਰਤ ਸਰਕਾਰੀ ਪੈਸੇ ਨਾਲ ਮੁੜ ਬਣਵਾਈ ਸੀ। ਭਾਵੇਂ ਸਿੱਖ ਕੌਮ ਨੇ ਇਸ ਨੂੰ 'ਸਰਕਾਰ ਸੇਵਾ' ਦਾ ਨਾਮ ਦੇ ਕੇ ਬਾਬਾ ਸੰਤਾ ਸਿੰਘ ਦੀ ਬਣਾਈ ਗਈ ਇਮਾਰਤ ਨੂੰ ਢਾਹ ਕੇ ਮੁੜ ਸਿੱਖ ਰਵਾਇਤਾਂ ਅਨੁਸਾਰ ਨਵੀਂ ਇਮਾਰਤ ਬਣਾ ਲਈ ਸੀ ਅਤੇ ਬਾਬਾ ਸੰਤਾ ਸਿੰਘ ਨੇ ਸ੍ਰੀ ਅਕਾਲ ਤਖ਼ਤ ਤੋਂ ਇਸ ਖੁਨਾਮੀ ਦੀ ਮਾਫ਼ੀ ਵੀ ਮੰਗ ਲਈ ਸੀ ਪਰ ਫਿਰ ਵੀ ਕੌਮ ਹੁਣ ਤੱਕ ਇਹ ਮਹਿਸੂਸ ਕਰਦੀ ਰਹੀ ਹੈ ਕਿ ਤਤਕਾਲੀ ਨਿਹੰਗ ਮੁਖੀ ਨੇ ਸਰਕਾਰ ਦੇ ਇਸ਼ਾਰੇ 'ਤੇ ਜੋ ਸਰਕਾਰੀ ਸੇਵਾ ਕੀਤੀ ਸੀ ਉਸ ਨਾਲ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਹੁਣ ਜਦੋਂ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਬਾਬਾ ਸੰਤਾ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਈ ਜਾਣੀ ਹੈ ਤਾਂ ਕੌਮ ਨੇ ਖੁੱਲ੍ਹੇਆਮ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕੌਮ ਵੱਲੋਂ ਵਿਰੋਧ ਦੇ ਬਾਵਜੂਦ ਅਜੇ ਤੱਕ ਸ਼੍ਰੋਮਣੀ ਕਮੇਟੀ ਨੇ ਆਪਣਾ ਮੋੜਵਾਂ ਪ੍ਰਤੀਕਰਮ ਨਹੀਂ ਦਿੱਤਾ। ਇਸ ਤੋਂ ਪਹਿਲਾਂ ਇਕ ਅਜਿਹਾ ਹੀ ਵਿਰੋਧ ਉਸ ਸਮੇਂ ਵੀ ਹੋ ਚੁੱਕਿਆ ਹੈ ਜਦੋਂ 1984 ਵਿਚ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਕੇਂਦਰ ਸਰਕਾਰ ਵਿਚ ਅੰਦਰੋ-ਅੰਦਰੀ ਰਲੇ-ਮਿਲੇ ਸਮਝੇ ਜਾਂਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਤਸਵੀਰ ਕੌਮ ਦੇ ਵਿਰੋਧ ਦੇ ਬਾਵਜੂਦ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾ ਦਿੱਤੀ ਗਈ ਸੀ। ਇਸੇ ਤਰ੍ਹਾਂ 'ਸੇਵਾ ਪੰਥੀ' ਬਾਬੇ ਮਹੰਤ ਤੀਰਥ ਸਿੰਘ ਦੀ ਫੋਟੋ ਵੀ ਸਿੱਖ ਅਜਾਇਬ ਘਰ ਵਿਚ ਲਾਉਣ ਦੀ ਤਜਵੀਜ਼ ਹੈ ਜਿਸ ਨੂੰ ਬਹੁਗਿਣਤੀ ਸਿੱਖ ਪੰਥ 'ਡੇਰੇਦਾਰ ਸੰਤ' ਵਜੋਂ ਹੀ ਮਾਨਤਾ ਦਿੰਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖਤਮ ਕਰਨ ਬਾਰੇ ਪੰਜਾਬ ਭਰ ਵਿਚ ਕੀਤੇ ਗਏ ਰੋਸ ਮਾਰਚਾਂ ਵਿਚ ਗੁਰਦਾਸਪੁਰ ਵਿਚ ਪੁਲਿਸ ਗੋਲੀ ਦਾ ਸ਼ਿਕਾਰ ਹੋਏ ਭਾਈ ਜਸਪਾਲ ਸਿੰਘ ਦੀ ਫੋਟੋ ਵੀ ਇਸੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਈ ਜਾਣੀ ਹੈ। ਭਾਈ ਜਸਪਾਲ ਸਿੰਘ ਦੀ ਫੋਟੋ ਲਾਉਣ ਬਾਰੇ ਭਾਵੇਂ ਅਸੀਂ ਅਜੇ ਜ਼ਜਬੇ ਅਧੀਨ ਠੀਕ ਹੀ ਮੰਨ ਰਹੇ ਹਾਂ ਪਰ ਸੋਚਣਾ ਬਣਦਾ ਹੈ ਕਿ ਅਸੀਂ ਇਹ ਫੋਟੋਆਂ ਉਹਨਾਂ ਮਹਾਨ ਕੁਰਬਾਨੀਆਂ ਵਾਲੇ ਪੁਰਸ਼ਾਂ ਦੇ ਬਰਾਬਰ ਲਾਉਣੀਆਂ ਹਨ ਜਿਨ੍ਹਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਬਾਬਾ ਦੀਪ ਸਿੰਘ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਆਦਿ ਸ਼ਾਮਲ ਹਨ। ਕੇਂਦਰੀ ਸਿੱਖ ਅਜਾਇਬ ਘਰ ਸਿੱਖ ਕੌਮ ਦੀ ਇਕ ਅਜਿਹੀ ਸਾਂਝੀ ਵਿਰਾਸਤ ਹੈ ਜਿਸ ਨੇ ਯੁੱਗਾਂ-ਯੁਗੰਤਰਾਂ ਤੱਕ ਬਰਕਰਾਰ ਰਹਿਣਾ ਹੈ ਇਸ ਵਿਚ ਪ੍ਰਦਰਸ਼ਿਤ ਤਸਵੀਰਾਂ ਨੇ ਸਿੱਖ ਕੌਮ ਦੀ ਅਗਵਾਈ ਕਰਨੀ ਹੈ ਇਸ ਲਈ ਇਸ ਵਿਚ ਲਾਈ ਜਾਣ ਵਾਲੀ ਇਕੋ ਇਕ ਫੋਟੋ ਬਾਰੇ ਕੌਮ ਦੀ ਸਾਂਝੀ ਰਾਇ ਅਤੇ ਸਰਬਸੰਮਤੀ ਹੋਣੀ ਬਹੁਤ ਜ਼ਰੂਰੀ ਹੈ। ਲਾਈ ਜਾਣ ਵਾਲੀ ਫੋਟੋ ਦੀ ਸ਼ਖਸੀਅਤ ਅਜਿਹੀ ਹੋਵੇ ਜਿਸ ਦੀ ਕੁਰਬਾਨੀ ਅਤੇ ਪੰਥ ਲਈ ਯੋਗਦਾਨ ਆਉਣ ਵਾਲੀਆਂ ਸਦੀਆਂ ਲਈ ਪ੍ਰੇਰਨਾ ਸਰੋਤ ਬਣਦਾ ਰਹੇ। ਕੌਮ ਵਿਚ ਅਜਿਹੀ ਸ਼ਖਸੀਅਤ ਦਹਾਕਿਆਂ ਬਾਅਦ ਹੀ ਪੈਦਾ ਹੁੰਦੀ ਹੈ ਪਰ ਇਸ ਸਮੇਂ ਦੌਰਾਨ ਕੌਮ ਨੂੰ ਅਗਵਾਈ ਦੇਣ ਅਤੇ ਆਪਣੀ ਜਾਨ ਨਿਛਾਵਰ ਕਰਨ ਵਾਲਿਆਂ ਦੀ ਗਿਣਤੀ ਸੈਂਕੜੇ ਜਾਂ ਹਜ਼ਾਰਾਂ ਵਿਚ ਹੋ ਸਕਦੀ ਹੈ। ਜੇ ਅਸੀਂ ਇਹਨਾਂ ਗੁਰਸਿੱਖਾਂ ਦੀਆਂ ਫੋਟੋਆਂ ਹਰ ਸਾਲ ਦਰਜਨਾਂ ਦੀ ਗਿਣਤੀ ਵਿਚ ਲਾਉਂਦੇ ਜਾਵਾਂਗੇ ਤਾਂ ਇਕ ਸਦੀ ਵਿਚ ਹੀ ਪ੍ਰਦਰਸ਼ਿਤ ਫੋਟੋਆਂ ਦੀ ਗਿਣਤੀ ਲੱਖਾਂ ਤੱਕ ਪੁੱਜ ਜਾਵੇਗੀ। ਕੀ ਕੇਂਦਰੀ ਸਿੱਖ ਅਜਾਇਬ ਘਰ ਵਿਚ ਆਇਆ ਕੋਈ ਇਤਿਹਾਸ ਜਾਨਣ ਦਾ ਇਛੁੱਕ ਇਹਨਾਂ ਲੱਖਾਂ ਤਸਵੀਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੇਗਾ? ਕੀ ਇਹ ਸੱਚ ਨਹੀਂ ਕਿ ਜੇ ਹੁਣ ਦੀ ਤਰ੍ਹਾਂ ਹਰ ਸਾਲ ਹੀ ਅਨੇਕਾਂ ਨਵੀਆਂ ਫੋਟੋਆਂ ਦਾ ਸਿੱਖ ਅਜਾਇਬ ਘਰ ਵਿਚ ਵਾਧਾ ਹੁੰਦਾ ਗਿਆ ਤਾਂ ਕੁਝ ਸਮੇਂ ਬਾਅਦ ਇਕ ਅਜਿਹਾ ਮੌਕਾ ਵੀ ਆਵੇਗਾ ਜਦੋਂ ਇਨ੍ਹਾਂ ਵਿਚੋਂ ਕੁਝ ਫੋਟੋਆਂ ਦੀ ਛਾਂਟੀ ਕਰਨੀ ਪੈ ਸਕਦੀ ਹੈ ਤੇ ਅਜਿਹੀ ਛਾਂਟੀ ਕਰਨ ਸਮੇਂ ਫਿਰ ਕੌਮ ਡੂੰਘੇ ਵਿਵਾਦ ਵਿਚ ਫਸ ਸਕਦੀ ਹੈ?
ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਸਿਆਸੀ ਹੱਥਾਂ ਵਿਚ ਹੈ ਜਿਹੜੀ ਆਪਣਾ ਹਰ ਫੈਸਲਾ ਆਪ ਕਰਨ ਦੇ ਸਮਰੱਥ ਨਹੀਂ ਹੈ। ਇਸ ਵੱਲੋਂ ਕੀਤੇ ਜਾਂਦੇ ਫੈਸਲਿਆਂ ਪਿੱਛੇ ਅਜਿਹੇ ਕਾਰਨ ਹੁੰਦੇ ਹਨ ਜਿਹੜੇ ਆਪਣੀ ਆਕਾ ਸਿਆਸੀ ਪਾਰਟੀ ਨੂੰ ਰਾਜਨੀਤਕ ਫਾਇਦਾ ਪਹੁੰਚਾਉਣ ਵਾਲੇ ਹੋਣ ਅਜਿਹੇ ਫੈਸਲਿਆਂ ਦਾ ਅਸਰ ਹੁਣ ਹੋਰ ਧਾਰਮਿਕ ਕੰਮਾਂ-ਕਾਰਾਂ ਦੇ ਨਾਲ ਨਾਲ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਈਆਂ ਜਾਣ ਵਾਲੀਆਂ ਫੋਟੋਆਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਪਿਛਲੇ ਦਸ ਕੁ ਸਾਲਾਂ ਵਿਚ ਜਿਹੜੀਆਂ ਫੋਟੋਆਂ ਇਥੇ ਲਾਈਆਂ ਗਈਆਂ ਹਨ ਉਹਨਾਂ ਵਿਚੋਂ ਅੱਧੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਚੰਗਾ ਸਮਝਣ ਵਾਲੇ ਲੋਕਾਂ ਦੀ ਗਿਣਤੀ ਵਿਚ ਵੋਟਰ ਹਾਕਮ ਪਾਰਟੀ ਦੇ ਹੱਕ ਵਿਚ ਭੁਗਤ ਸਕਦੇ ਹੋਣ। ਇਸ ਸਮੇਂ ਕੌਮ ਲਈ ਚੈਲੰਜ ਬਣੇ ਡੇਰੇਦਾਰਾਂ ਦੀਆਂ ਫੋਟੋਆਂ ਲਾਉਣ ਦਾ ਵੀ ਨਵਾਂ ਰੁਝਾਨ ਚੱਲ ਰਿਹਾ ਹੈ। ਹੁਣ ਹਰ ਡੇਰੇਦਾਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਡੇਰੇ ਦੇ ਮੁਖੀ ਦੀ ਫੋਟੋ ਸਿੱਖ ਅਜਾਇਬ ਘਰ ਵਿਚ ਲੱਗ ਜਾਵੇ। ਸ਼੍ਰੋਮਣੀ ਕਮੇਟੀ ਨੂੰ ਵੋਟਾਂ ਦਾ ਲਾਲਚ ਜਾਂ ਡਰਾਵਾ ਦੇ ਕੇ ਉਹ ਅਜਿਹਾ ਕਰਨ ਵਿਚ ਸਫਲ ਵੀ ਹੋ ਰਹੇ ਹਨ ਭਾਵੇਂ ਸਾਰੀ ਕੌਮ ਇਸ ਲਈ ਸਹਿਮਤ ਵੀ ਨਾ ਹੋਵੇ। ਕੌਮ ਨੂੰ ਅਜਿਹੀ ਗਲਤ ਪ੍ਰਵਿਰਤੀ ਰੋਕਣ ਲਈ ਜਾਂ ਕੇਂਦਰੀ ਸਿੱਖ ਅਜਾਇਬ ਘਰ ਨੂੰ ਸਿਆਸੀ ਮੰਤਵਾਂ ਲਈ ਵਰਤਨ ਤੋਂ ਰੋਕਣ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਇਥੇ ਲਾਈ ਜਾਣ ਵਾਲੀ ਫੋਟੋ ਲਈ ਕਿਸੇ ਅਜਿਹੀ ਸਿੱਖ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿਚ ਸਾਰੀਆਂ ਪੰਥਕ ਧਿਰਾਂ ਦੇ ਨੁਮਾਇੰਦੇ ਸ਼ਾਮਲ ਹੋਣ। ਇਸ ਕਮੇਟੀ ਦੇ ਨਿਯਮ ਵੀ ਨਿਰਧਾਰਤ ਕੀਤੇ ਜਾਣ ਜਿਸ ਦੇ ਅਧਾਰ 'ਤੇ ਹੀ ਲਾਈ ਜਾਣ ਵਾਲੀ ਤਸਵੀਰ ਦਾ ਅੰਤਿਮ ਨਿਰਣਾ ਕੀਤਾ ਜਾਵੇ। ਜੇ ਪੰਥਕ ਧਿਰਾਂ ਸ਼੍ਰੋਮਣੀ ਕਮੇਟੀ ਨੂੰ ਵਿਸ਼ਵਾਸ ਵਿਚ ਲੈ ਕੇ ਅਜਿਹੀ ਕਮੇਟੀ ਕਾਇਮ ਕਰਨ ਵਿਚ ਸਫਲ ਰਹਿੰਦੀਆਂ ਹਨ ਤਾਂ ਸਿੱਖ ਕੌਮ ਆਉਣ ਵਾਲੇ ਸਮੇਂ ਵਿਚ ਵਾਧੂ ਪੈਦਾ ਹੋਣ ਵਾਲੇ ਅੰਦਰੂਨੀ ਵਿਵਾਦਾਂ ਤੋਂ ਬਚ ਸਕਦੀ ਹੈ।