ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਨਲੂਏ ਸਰਦਾਰ ਨੂੰ ਯਾਦ ਕਰਦਿਆਂ...


ਭਾਵੇਂ ਸਿੱਖ ਪੰਥ ਲਈ ਹਰ ਚੜ੍ਹਦੇ ਸੂਰਜ, ਉਸਦੇ ਸ਼ਾਨਾਮੱਤੇ ਇਤਿਹਾਸ ਦਾ ਪੰਨਾ ਇੱਕ ਨਵਾਂ ਸੁਨੇਹਾ, ਇੱਕ ਨਵਾਂ ਜੋਸ਼ ਅਤੇ ਮੰਜ਼ਿਲ ਪ੍ਰਾਪਤੀ ਦੀ ਇੱਕ ਨਵੀਂ ਉਮੰਗ ਲੈ ਕੇ ਆਉਂਦਾ ਹੈ, ਕਿਉਂਕਿ ਸਿੱਖ ਕੌਮ ਸ਼ਹੀਦਾਂ, ਯੋਧਿਆਂ ਤੇ ਜਰਨੈਲਾਂ ਦੀ ਲਾਸਾਨੀ ਕੁਰਬਾਨੀ 'ਚ ਉਪਜੀ ਤੇ ਵਧੀ-ਫੁੱਲੀ ਹੈ, ਪ੍ਰੰਤੂ 30 ਅਪ੍ਰੈਲ ਦਾ ਦਿਨ, ਕੌਮ ਦੇ ਉਸ ਮਹਾਨ ਜਰਨੈਲ ਦਾ ਸ਼ਹੀਦੀ ਦਿਹਾੜਾ ਹੈ, ਜਿਸਨੂੰ ਦੁਨੀਆਂ ਦਾ 'ਸਰਬੋਤਮ ਬਹਾਦਰ ਜਰਨੈਲ' ਆਖਿਆ ਜਾ ਸਕਦਾ ਹੈ ਅਤੇ ਉਸਦੀ ਬਹਾਦਰੀ ਅਤੇ ਯੁੱਧ ਕਲਾਂ ਅੱਜ ਦੇ ਸਮੇਂ ਦੀ ਕਸਵੱਟੀ ਤੇ ਪੂਰੀ ਉਤਰਕੇ, ਦੁਨੀਆਂ ਸਾਹਮਣੇ ਸਿੱਖ ਕੌਮ ਨੂੰ ਮਾਣ ਨਾਲ ਪੇਸ਼ ਕਰ ਸਕਦੀ ਹੈ। ਸਰਦਾਰ ਹਰੀ ਸਿੰਘ ਨਲੂਆ ਜਿਸਨੇ ਪੂਰੇ 24 ਸਾਲ ਉਸ ਅਫ਼ਗਾਨਿਸਤਾਨ ਤੇ ਦਰਾ-ਖੈਬਰ ਦੀਆਂ ਪਹਾੜੀਆਂ 'ਚ ਆਪਣੀ ਬਹਾਦਰੀ ਦੀ ਧਾਂਕ ਜਮਾਈ ਰੱਖੀ, ਜਿਸ ਨੂੰ ਅਮਰੀਕਾ ਵਰਗੀ ਸੰਸਾਰ ਦੀ ਮਹਾਂਸ਼ਕਤੀ ਵੀ ਆਪਣੀ ਸਾਰੀ ਤਾਕਤ ਲਾ ਕੇ ਆਪਣੇ ਕਾਬੂ 'ਚ ਕਰਨ ਲਈ ਪੂਰੀ ਤਰ੍ਹਾਂ ਅਸਮਰੱਥ ਹੈ। ਸਿੱਖ ਕੌਮ ਨੂੰ ਆਪਣੇ ਇਸ ਬਹਾਦਰ ਜਰਨੈਲ, ਜਿਸਨੇ ਸਿੱਖ ਰਾਜ ਦੇ ਝੰਡੇ ਨੂੰ ਦਰਾ-ਖੈਬਰ ਦੀਆਂ ਪਹਾੜੀਆਂ ਤੇ ਝੁਲਾਇਆ ਅਤੇ ਭਾਰਤ ਨੂੰ ਵਿਦੇਸ਼ੀ ਤਾਕਤਾਂ ਜਿੰਨ੍ਹਾਂ 'ਚ ਅਫਗਾਨ ਧਾੜਵੀ ਸ਼ਾਮਲ ਸਨ, ਤੋ ਹਮੇਸ਼ਾ-ਹਮੇਸ਼ਾ ਲਈ ਭੈਅ ਮੁਕਤ ਕੀਤਾ, ਉਸ ਜਰਨੈਲ ਤੇ ਸਿੱਖ ਪੰਥ ਜਿੰਨ੍ਹਾਂ ਮਾਣ ਕਰ ਸਕੇ ਥੋੜਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਉਨ੍ਹਾਂ ਮਹਾਨ ਸ਼ਹੀਦਾਂ ਤੇ ਜਰਨੈਲਾਂ ਨੂੰ ਜਿੰਨ੍ਹਾਂ ਨੇ ਸਿੱਖੀ ਦੀ ਆਨ ਸ਼ਾਨ ਨੂੰ ਅਸਮਾਨ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਮਹਾਨ ਕੁਰਬਾਨੀਆਂ ਕੀਤੀਆਂ, ਉਨ੍ਹਾਂ ਨੂੰ ਆਪਣੀ ਨਵੀ ਪੀੜ੍ਹੀ ਲਈ ਰੋਲ ਮਾਡਲ ਬਣਾਉਣ ਲਈ ਸਾਰਥਿਕ ਯਤਨ ਕਰੀਏ, ਪ੍ਰੰਤੂ ਸਾਡੀ ਕੌਮ ਦੀ ਇਹ ਵੱਡੀ ਤ੍ਰਾਸਦੀ ਹੈ ਕਿ ਅਸੀਂ ਅਜਿਹੇ ਯੋਧਿਆਂ ਨੂੰ ਭੁੱਲ ਵਿਸਰ ਰਹੇ ਹਾਂ। ਲੋੜ ਹੈ ਕਿ ਅਸੀਂ ਨਵੀਂ ਪੀੜ੍ਹੀ ਨੂੰ ਵਰਤਮਾਨ ਆਧੁਨਿਕ ਸੰਚਾਰ ਸਾਧਨ ਰਾਂਹੀ ਹਰੀ ਸਿੰਘ ਨਲੂਏ ਵਰਗੇ ਮਹਾਨ ਜਰਨੈਲ ਦੇ ਕਾਰਨਾਮਿਆਂ ਬਾਰੇ ਜਾਣੂ ਕਰਵਾਈਏ ਤਾਂ ਕਿ ਉਹ ਆਪਣੇ ਇੰਨ੍ਹਾਂ ਮਹਾਨ ਜਰਨੈਲਾਂ ਤੇ ਜਿੱਥੇ ਮਾਣ ਕਰਨ, ਉੱਥੇ ਦੇਸ਼-ਵਿਦੇਸ਼ 'ਚ ਆਪਣੇ ਸਾਥੀਆਂ ਨੂੰ ਵੀ ਦੱਸਣ ਕਿ ਸਿੱਖ, ਰਾਜ ਸ਼ਕਤੀ ਦੇ ਉਸ ਸਿੱਖਰ ਤੇ ਵੀ ਬੈਠੇ ਸਨ, ਜਿੱਥੋ ਤੱਕ ਅੱਜ ਅਮਰੀਕੀ ਵਰਗੀ ਤਾਕਤ ਪੁੱਜਣ ਤੋਂ ਅਸਮਰੱਥ ਹੈ। ਹਰੀ ਸਿੰਘ ਨਲੂਏ ਦੀ ਬਹਾਦਰੀ, ਯੋਗਤਾ, ਸਰੀਰਕ ਤਾਕਤ, ਯੁੱਧ ਨੀਤੀ ਅਤੇ ਸਿੱਖ ਰਾਜ ਪ੍ਰਤੀ ਸਮਰਪਿਤ ਭਾਵਨਾ, ਸਿੱਖ ਜੁਆਨੀ ਲਈ ਰੋਲ ਮਾਡਲ ਹੋਣੀ ਚਾਹੀਦੀ ਹੈ। ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਨਾਲ ਆਪਣੇ ਮਿਸ਼ਨ ਦੀ ਪ੍ਰਾਪਤੀ ਕਦੇ ਵੀ ਅਸੰਭਵ ਨਹੀਂ ਹੁੰਦੀ, ਇਹ ਹਰੀ ਸਿੰਘ ਨਲੂਏ ਨੇ ਕਰਕੇ ਵਿਖਾਇਆ ਹੈ। ਜਿਹੜੇ ਅਫ਼ਗਾਨਾਂ ਨੇ ਭਾਰਤ ਨੂੰ ਲੁੱਟਣ ਤੇ ਕੁੱਟਣ ਲਈ ਸੈਂਕੜੇ ਹਮਲੇ ਇਸ ਦੇਸ਼ ਤੇ ਕੀਤੇ ਅਤੇ ਭਾਰਤ ਦੀਆਂ ਬਹੂ ਬੇਟੀਆਂ ਨੂੰ ਗਜਨੀ ਦੇ ਬਜ਼ਾਰੇ 'ਚ ਟਕੇ-ਟਕੇ ਸ਼ਰੇਆਮ ਵੇਚਿਆ, ਉਸ ਅਫ਼ਗਾਨਿਸਤਾਨ ਤੇ ਖਾਲਸਾਈ ਝੰਡਾ ਲਹਿਰਾਉਣ ਅਤੇ ਧਾੜਵੀਆਂ ਦੇ ਮਨਾਂ 'ਚ ਦਹਿਸ਼ਤ ਪੈਦਾ ਕਰਨੀ, ਜਰਨੈਲ ਹਰੀ ਸਿੰਘ ਨਲੂਏ ਦੇ ਹਿੱਸੇ ਹੀ ਆਇਆ ਹੈ, ਪ੍ਰੰਤੂ ਸਿੱਖ ਕੌਮ ਦੇ ਇਸ ਸ਼ਾਨਾਮੱਤੇ ਪੰਨੇ ਨੂੰ ਅਸੀਂ ਹੀ ਭੁੱਲੀ ਬੈਠੇ ਹਨ, ਅੱਜ ਕਿੰਨੇ ਕੁ ਸਿੱਖਾਂ ਨੂੰ ਯਾਦ ਹੈ ਕਿ ਅੱਜ ਉਸ ਜਰਨੈਲ ਦਾ ਸ਼ਹੀਦੀ ਦਿਹਾੜਾ ਹੈ? ਹੋਣਾ ਇਹ ਚਾਹੀਦਾ ਸੀ ਕਿ ਅੱਜ ਹਰ ਉਸ ਸਿੱਖ ਦੀ ''ਫੇਸ ਬੁੱਕ' ਜਾਂ ਦੂਜੇ ਆਧੁਨਿਕ ਸੰਚਾਰ ਸਾਧਨਾਂ, ਜਿੰਨ੍ਹਾਂ ਦੀ ਉਹ ਅਕਸਰ ਵਰਤੋਂ ਕਰਦੇ ਹਨ, ਤੇ ਮਾਣ ਨਾਲ ਹਰੀ ਸਿੰਘ ਨਲੂਏ ਨੂੰ ਯਾਦ ਕੀਤਾ ਹੁੰਦਾ ਅਤੇ ਦੁਨੀਆਂ ਨੂੰ ਦੱਸਿਆ ਹੁੰਦਾ ਹੈ ਕਿ ਸਿੱਖ ਰਾਜ ਦਾ ਝੰਡਾ ਪੂਰੇ 24 ਸਾਲ ਦਰਾ-ਖੈਬਰ ਤੇ ਸ਼ਾਨ ਨਾਲ ਝੁਲਦਾ ਰਿਹਾ ਹੈ ਅਤੇ ਕਿਸੇ ਮਾਈ ਦੇ ਲਾਲ 'ਚ ਉਸ ਵੱਲ ਅੱਖ ਚੁੱਕ ਕੇ ਵੇਖਣ ਦੀ ਜ਼ੁਰੱਅਤ ਨਹੀ ਸੀ। ਅਸੀ ਪਹਿਲਾਂ ਵੀ ਵਾਰ-ਵਾਰ ਲਿਖਿਆ ਹੈ ਕਿ ਉਹ ਮਹਾਨ ਸ਼ਹੀਦ ਅਤੇ ਯੋਧੇ ਜਿੰਨ੍ਹਾਂ ਨੂੰ ਯਾਦ ਕਰਦਿਆ ਸਿੱਖ ਰਾਜ ਦਾ ਤਸ਼ੱਵਰ ਹਰ ਸਿੱਖ ਦੇ ਮਨ 'ਚ ਪੈਦਾ ਹੁੰਦਾ ਹੈ, ਉਨ੍ਹਾਂ ਦੀ ਯਾਦ ਮਿਟਾਈ ਜਾ ਰਹੀ ਹੈ ਅਤੇ ਜਾਣ ਬੁੱਝਕੇ ਇੰਨ੍ਹਾਂ ਮਹਾਂਨ ਯੋਧਿਆਂ ਦੇ ਦਿਹਾੜਿਆਂ ਨੂੰ ਅੱਖੋਂ ਪਰੋਖੇ ਕੀਤੇ ਜਾਂਦਾ ਹੈ। ਪ੍ਰੰਤੂ ਕੌਮ ਦਾ ਫਰਜ਼ ਬਣਦਾ ਹੈ ਕਿ ਉਹ ਇੰਨ੍ਹਾਂ ਮਹਾਨ ਸ਼ਹੀਦਾਂ ਤੇ ਯੋਧਿਆਂ ਦੇ ਦਿਹਾੜਿਆਂ ਨੂੰ ਖ਼ੁਦ ਯਾਦ ਰੱਖੇ, ਇੰਨ੍ਹਾਂ ਦੇ ਮਹਾਨ ਕਾਰਨਾਮਿਆਂ ਤੋਂ ਨਵੀਂ ਪੀੜ੍ਹੀ ਅਤੇ ਸਮੁੱਚੀ ਦੁਨੀਆਂ ਨੂੰ ਜਾਣੂ ਕਰਵਾਇਆ ਜਾਵੇਂ ਅਤੇ ਇੰਨ੍ਹਾਂ ਨੂੰ ਰੋਲ ਮਾਡਲ ਵਜੋ ਪੇਸ਼ ਕੀਤਾ ਜਾਵੇਂ।
ਜਸਪਾਲ ਸਿੰਘ ਹੇਰਾਂ