ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਈ ਬਲਵੰਤ ਸਿੰਘ ਰਾਜੋਆਣਾ ਨੇ ਗਦਰੀ ਬਾਬਿਆਂ ਦੀ ਪ੍ਰੰਪਰਾ 'ਤੇ ਪਹਿਰਾ ਦਿੱਤਾ


ਇਹ ਆਮ ਕਿਹਾ ਜਾਂਦਾ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਇਹਨਾਂ ਸ਼ਬਦਾਂ ਵਿਚ ਕਾਫ਼ੀ ਹੱਦ ਤੱਕ ਸੱਚਾਈ ਛੁਪੀ ਹੋਈ ਹੈ ਕਿਉਂਕਿ ਇਤਿਹਾਸ ਦੀਆਂ ਕੁਝ ਸ਼ਾਨਦਾਰ ਪ੍ਰੰਪਰਾਵਾਂ ਅਤੇ ਰਵਾਇਤਾਂ ਹੁੰਦੀਆਂ ਹਨ ਜੋ ਕਿਸੇ ਕੌਮ ਜਾਂ ਭਾਈਚਾਰੇ ਦੀ ਸਿਮਰਤੀ ਵਿਚ ਸਦੀਵੀ ਤੌਰ 'ਤੇ ਟਿਕੀਆਂ ਹੁੰਦੀਆਂ ਹਨ। ਜਦ ਕਿਸੇ ਕੌਮ ਜਾਂ ਭਾਈਚਾਰੇ ਦੇ ਲੋਕਾਂ ਵੱਲੋਂ ਆਪਣਾ ਜੀਵਨ ਅਮਲ ਇਤਿਹਾਸ ਦੀਆਂ ਰਵਾਇਤਾਂ ਦੀ ਰੌਸ਼ਨੀ ਅਨੁਸਾਰ ਢਾਲ ਲਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਕਾਰਨਾਮੇ ਵੀ ਉਸੇ ਇਤਿਹਾਸ ਪ੍ਰੇਰਨਾ ਦੀ ਉਪਜ ਹੁੰਦੇ ਹਨ। ਜਿਸ ਕਾਰਨ ਕਈ ਵਾਰ ਇਹ ਲੱਗਣ ਲੱਗ ਜਾਂਦਾ ਹੈ ਕਿ ਇਹ ਘਟਨਾਵਾਂ ਵਿਚ ਇਤਿਹਾਸ ਹੀ ਆਪਣੇ ਆਪ ਨੂੰ ਦੁਹਰਾਅ ਰਿਹਾ ਹੈ। ਸੋ ਉਸ ਕੌਮ ਜਾਂ ਭਾਈਚਾਰੇ ਦੀਆਂ ਸਗਰਮੀਆਂ ਦਾ ਸਿਰਾ ਆਪਣੇ ਇਤਿਹਾਸ ਨਾਲ ਲਾਜ਼ਮੀ ਜੁੜਿਆ ਹੁੰਦਾ ਹੈ।
ਬੀਤੇ ਦਿਨੀਂ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਸਬੰਧੀ, ਉਸ ਵੱਲੋਂ ਮੌਤ ਦੇ ਸਨਮੁੱਖ ਲਿਆ ਗਿਆ ਦ੍ਰਿੜ ਸਟੈਂਡ ਅਤੇ ਸਮੁੱਚੀ ਸਿੱਖ ਕੌਮ ਵੱਲੋਂ ਉਸ ਨਾਲ ਦਿਖਾਇਆ ਗਿਆ ਬੇਮਿਸਾਲ ਸਨੇਹ ਤੇ ਠੋਸ ਯਕਯਹਿਤੀ ਨੇ ਬੀਤੇ ਇਤਿਹਾਸ ਦੀਆਂ ਕਈ ਘਟਨਾਵਾਂ ਨੂੰ ਪੰਥਕ ਵਿਦਵਾਨਾਂ ਦੀ ਸਿਮਰਤੀ ਵਿਚ ਮੁੜ ਸੁਰਜੀਤ ਕਰ ਦਿੱਤਾ ਹੈ। ਜਿਸ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜ਼ਕਰੀਆ ਖਾਨ ਦਾ ਰੂਪ ਧਾਰ ਚੁੱਕੇ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ 31 ਅਗਸਤ 1995 ਨੂੰ ਮਾਰਨ ਦੀ ਦਲੇਰਾਨਾ ਜ਼ਿੰਮੇਵਾਰੀ ਲਈ ਗਈ ਹੈ, ਉਸੇ ਤਰ੍ਹਾਂ ਹੀ ਸੌ ਸਾਲ ਦੇ ਲਗਭਗ ਇਕ ਸਿੱਖ ਸੂਰਮੇ ਵਲੋਂ ਕੈਨੇਡਾ ਦੀ ਧਰਤੀ 'ਤੇ ਵਰਤਾਏ ਗਏ ਸਾਕੇ ਦੀ, ਹਿੱਕ ਠੋਕ ਕੇ ਜ਼ਿੰਮੇਵਾਰੀ ਲਈ ਗਈ ਸੀ। ਜਿਸ ਤਰ੍ਹਾਂ ਭਾਈ ਰਾਜੋਆਣਾ ਵੱਲੋਂ ਅਦਾਲਤ ਵਿਚ ਆਪਣਾ ਕੋਈ ਵਕੀਲ ਨਹੀਂ ਕੀਤਾ ਗਿਆ ਸੀ ਤੇ ਫਾਂਸੀ ਦੀ ਸਜ਼ਾ ਹੋਣ ਉਪਰੰਤ ਕੋਈ ਅਪੀਲ ਪਾਉਣ ਦੀ ਬਜਾਏ ਸ਼ਹਾਦਤ ਦੇ ਰਾਹ 'ਤੇ ਚਾਈਂ ਚਾਈਂ ਚੱਲਣ ਦਾ ਦ੍ਰਿੜ ਅਹਿਦ ਕੀਤਾ ਗਿਆ ਹੈ, ਉਸੇ ਤਰ੍ਹਾਂ ਹੀ ਸੌ ਸਾਲ ਪਹਿਲਾਂ ਕੁਝ ਕੁ ਸਿੱਖਾਂ ਵੱਲੋਂ ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਇਹੋ ਕਾਰਨਾਮਾ ਦੁਹਰਾਇਆ ਗਿਆ ਸੀ। ਉਹਨਾਂ ਨੇ ਆਪਣੇ ਬਚਾਓ ਲਈ ਨਾ ਤਾਂ ਕੋਈ ਵਕੀਲ ਕੀਤਾ ਸੀ ਤੇ ਨਾ ਹੀ ਫਾਂਸੀ ਦੀਆਂ ਸਜ਼ਾਵਾਂ ਹੋਣ ਉਪਰੰਤ ਕੋਈ ਰਹਿਮ ਦੀ ਅਪੀਲ ਪਾਈ ਸੀ। ਉਹਨਾਂ ਸਿੰਘ ਸੂਰਮਿਆਂ ਵਲੋਂ ਵੀ 'ਬੋਲੇ ਸੋ ਨਿਹਾਲ' ਦੇ ਜੈਕਾਰੇ ਛੱਡਦਿਆਂ ਫਾਂਸੀਆਂ ਦੇ ਰੱਸਿਆਂ ਨੂੰ ਚੁੰਮਿਆ ਗਿਆ ਸੀ। ਇਤਿਹਾਸ ਦੇ ਇਹ ਨਾਇਕ ਕੌਣ ਸਨ ਜਿਨ੍ਹਾਂ ਦੇ ਪਾਏ ਗਏ ਪੂਰਨਿਆਂ 'ਤੇ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਤੁਰ ਰਿਹਾ ਹੈ ਤੇ ਉਹਨਾਂ ਵਲੋਂ ਕਾਇਮ ਕੀਤੀਆਂ ਗਈਆਂ ਸ਼ਾਨਦਾਰ ਪ੍ਰੰਪਰਾਵਾਂ ਉਪਰ ਹੀ ਡਟ ਕੇ ਪਹਿਰਾ ਦੇ ਰਿਹਾ ਹੈ।
ਆਓ ਇਤਿਹਾਸ ਦੇ ਉਹਨਾਂ ਪੱਤਰਿਆਂ ਨੂੰ ਖੋਹਲ ਕੇ ਝਾਤੀ ਮਾਰੀਏ ਕਿ ਭਾਈ ਬਲਵੰਤ ਸਿੰਘ ਦਾ ਉਹਨਾਂ ਸਿੰਘ ਸੂਰਮਿਆਂ ਨਾਲ ਕੀ ਨਾਤਾ ਰਿਸ਼ਤਾ ਜੁੜਦਾ ਹੈ ਤੇ ਉਹ ਉਸ ਦੇ ਕੀ ਲੱਗਦੇ ਹਨ?
ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਚ 21 ਅਕਤੂਬਰ 1914 ਨੂੰ ਕਚਹਿਰੀ ਦਾ ਕੰਮ ਆਮ ਵਾਂਗ ਹੀ ਚੱਲ ਰਿਹਾ ਸੀ। ਗੋਰੇ ਜੱਜ ਮੁਕੱਦਮਿਆਂ ਦੀਆਂ ਸੁਣਵਾਈਆਂ ਕਰ ਰਹੇ ਸਨ ਤੇ ਗੋਰੇ ਗੋਰੀਆਂ ਤੇ ਵਕੀਲ ਕਚਹਿਰੀ ਵਿਚ ਚਹਿਲ ਕਦਮੀ ਫਿਰ ਰਹੇ ਸਨ। ਇਕ ਸਿੱਖ ਨੌਜਵਾਨ ਲੰਬੇ ਕੋਟ ਦੀਆਂ ਜੇਬਾਂ ਵਿਚ ਹੱਥ ਪਾਈ ਕੋਰਟ ਦੇ ਬਰਾਂਡੇ ਵਿਚ ਚਹਿਲ ਕਦਮੀ ਕਰ ਰਿਹਾ ਸੀ। ਹੌਲੀ ਹੌਲੀ ਤੁਰਦਾ ਹੋਇਆ ਉਹ ਉਸ ਥਮਲੇ ਦੇ ਨੇੜੇ ਪਹੁੰਚਿਆ ਜਿਥੇ ਇਕ ਲੰਬਾ ਪਤਲਾ ਖੂਬਸੂਰਤ ਗੋਰਾ ਢੋਅ ਲਾਈ ਖੜ੍ਹਾ ਸੀ। ਉਸ ਸਿੱਖ ਨੌਜਵਾਨ ਨੇ ਸਹਿਜ ਨਾਲ ਪਸਤੌਲ ਕੱਢਿਆ ਤੇ ਉਸ ਗੋਰੇ ਦੇ ਤਿੰਨ ਚਾਰ ਗੋਲੀਆਂ ਮਾਰੀਆਂ। ਉਹ ਗੋਰਾ ਗੇੜਾ ਖਾ ਕੇ ਡਿੱਗ ਪਿਆ ਤੇ ਉਸ ਸਿੱਖ ਨੌਜਵਾਨ ਨੇ ਪਸਤੌਲ ਦਾ ਮੁੱਠਾ ਕਈ ਵਾਰ ਉਸ ਦੀ ਪੁੜਪੁੜੀ ਵਿਚ ਮਾਰਿਆ ਤੇ ਬਾਅਦ ਵਿਚ ਬਾਕੀ ਗੋਲੀਆਂ ਵੀ ਉਸ ਦੇ ਸਰੀਰ ਵਿਚ ਦੀ ਕੱਢ ਦਿੱਤੀਆਂ। ਭਰੀ ਹੋਈ ਕਚਹਿਰੀ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਉਸ ਸਿੱਖ ਨੌਜਵਾਨ ਨੇ ਸਹਿਜ ਨਾਲ ਹੀ ਆਪਣਾ ਪਸਤੌਲ ਜੱਜ ਦੀ ਮੇਜ਼ 'ਤੇ ਜਾ ਰੱਖਿਆ ਤੇ ਕਿਹਾ ਕਿ 'ਡਰਨ ਦੀ ਲੋੜ ਨਹੀਂ, ਮੈਂ ਜਿਸ ਨੂੰ ਮਾਰਨਾ ਸੀ ਉਸ ਨੂੰ ਮਾਰ ਦਿੱਤਾ ਹੈ। ਹੁਣ ਮੈਨੂੰ ਗ੍ਰਿਫ਼ਤਾਰ ਕਰ ਲਵੋ। ਇਸ ਸਿੱਖ ਨੌਜਵਾਨ ਦਾ ਨਾਂਅ ਸੀ ਭਾਈ ਮੇਵਾ ਸਿੰਘ, ਜਿਸ ਦਾ ਜਨਮ ਪਿੰਡ ਲੋਪੋਕੇ (ਨੇੜੇ ਪ੍ਰੀਤ ਨਗਰ) ਜ਼ਿਲ੍ਹਾ ਅੰਮ੍ਰਿਤਸਰ ਵਿਚ 1880 ਈਸਵੀ ਨੂੰ ਪਿਤਾ ਨੰਦ ਸਿੰਘ ਦੇ ਘਰ ਹੋਇਆ ਸੀ। ਮਰਨ ਵਾਲੇ ਗੋਰੇ ਦਾ ਨਾਂ ਸੀ ਵਿਲੀਅਮ ਹਾਪਕਿਨਸਨ ਜੋ ਕਲਕੱਤੇ ਤੋਂ ਗਿਆ ਹੋਇਆ ਅੰਗਰੇਜ਼ਾਂ ਦਾ ਜਾਸੂਸ ਸੀ ਜਿਸ ਤੋਂ ਕੈਨੇਡਾ ਵਿਚਲਾ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਤਪਿਆ ਹੋਇਆ ਸੀ।  ਜਿਸ ਨੇ ਆਪਣੇ ਇਕ ਹੱਥ ਠੋਕੇ ਬੇਲਾ ਸਿੰਘ ਤੋਂ 5 ਦਸੰਬਰ 1914 ਨੂੰ ਵੈਨਕੂਵਰ ਦੇ ਗੁਰਦੁਆਰੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭਾਈਚਾਰੇ ਦੇ ਪ੍ਰਮੁੱਖ ਆਗੂ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਾ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ ਸੀ। ਜਿਸ ਨਾਲ ਸਿੱਖ ਭਾਈਚਾਰੇ ਵਿਚ ਗੁੱਸੇ ਦੇ ਲਾਂਬੂ ਲੱਗ ਗਏ ਸਨ ਤੇ ਭਾਈ ਮੇਵਾ ਸਿੰਘ ਨੇ ਹਾਪਕਿਨਸਨ ਦਾ ਕਤਲ ਕਰਕੇ ਸਮੁੱਚੇ ਭਾਈਚਾਰੇ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਕੇ ਅੰਗਰੇਜ਼ ਸਾਮਰਾਜ ਨੂੰ ਮੂੰਹ ਤੋੜ ਜੁਆਬ ਦੇ ਦਿੱਤਾ ਸੀ।
ਭਾਈ ਮੇਵਾ ਸਿੰਘ ਨੇ ਅਦਾਲਤ ਵਿਚ ਬੜਾ ਨਿਧੱੜਕ ਬਿਆਨ ਦੇ ਕੇ ਆਪਣੇ ਕਾਰਨਾਮੇ ਨੂੰ ਇਸ ਤਰ੍ਹਾਂ ਕਬੂਲਿਆ ਸੀ :
'ਮੇਰਾ ਨਾਮ ਮੇਵਾ ਸਿੰਘ ਹੈ। ਮੈਂ ਹਾਪਕਿਨਸਨ ਨੂੰ ਮਾਰਿਆ ਹੈ। ਮੈਂ ਇਹ ਇਕ ਸ਼ੁਭ ਕਾਰਜ ਕੀਤਾ ਹੈ.... ਉਹਨਾਂ ਗੁਰਦੁਆਰੇ ਦੀ ਪਵਿੱਤਰਤਾ ਨੂੰ ਭੰਗ ਕੀਤਾ ਹੈ.... ਜਦੋਂ ਬੇਲਾ ਸਿੰਘ ਨੇ ਗੋਲੀ ਚਲਾਈ ਸੀ ਅਸੀਂ ਸ਼ਬਦ ਕੀਰਤਨ ਕਰ ਰਹੇ ਸਾਂ.... ਮੈਂ ਇਕ ਸੱਚੇ ਸਿੱਖ ਹੋਣ ਦੇ ਨਾਤੇ ਹੁਣ ਬਰਦਾਸ਼ਤ ਨਹੀਂ ਸੀ ਕਰ ਸਕਦਾ.... ਮੈਂ ਹਾਪਕਿਨਸਨ ਦੀ ਜਾਨ ਲਈ ਹੈ ਅਤੇ ਨਾਲ ਹੀ ਆਪਣੀ ਜਾਨ ਦੀ ਬਾਜ਼ੀ ਲਾਈ ਹੈ ਅਤੇ ਮੈਂ ਇਕ ਸੱਚੇ ਸਿੱਖ ਦੇ ਫਰਜ਼ ਨਿਭਾਉਂਦਾ ਹੋਇਆ, ਵਾਹਿਗੁਰੂ ਦਾ ਨਾਮ ਜਪਦਾ ਫਾਂਸੀ ਦੇ ਤਖ਼ਤੇ ਵੱਲ ਉਸੇ ਖਿੱਚ ਤੇ ਚਾਉ ਨਾਲ ਜਾਵਾਂਗਾ ਜਿਵੇਂ ਇਕ ਭੁੱਖਾ ਬਾਲਕ ਆਪਣੀ ਮਾਂ ਵੱਲ ਨੂੰ ਜਾਂਦਾ ਹੈ। ਮੈਨੂੰ ਵਿਸ਼ਵਾਸ ਹੈ ਕਿ ਵਾਹਿਗੁਰੂ ਮੈਨੂੰ ਆਪਣੇ ਚਰਨ ਕੰਵਲਾਂ ਵਿਚ ਨਿਵਾਸ ਦੇਵੇਗਾ।'
ਜਦੋਂ ਜੱਜ ਨੇ ਭਾਈ ਮੇਵਾ ਸਿੰਘ ਨੂੰ ਮੁਜ਼ਰਮ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਤਾਂ ਭਾਈ ਮੇਵਾ ਸਿੰਘ ਨੇ ਉੱਚੀ ਅਵਾਜ਼ ਵਿਚ ਆਖਿਆ :
'ਸ਼ੁਕਰ ਹੈ ਵਾਹਿਗੁਰੂ! ਤੂੰ ਮੇਰੀ ਸੰਸਾਰ ਦੇ ਨਤਾਣੇ ਲੋਕਾਂ ਖਾਤਰ ਕੀਤੀ ਕੁਰਬਾਨੀ ਨੂੰ ਕਬੂਲ ਕੀਤਾ ਹੈ'
ਫਾਂਸੀ ਲੱਗਣ ਤੋਂ ਪਹਿਲਾਂ ਭਾਈ ਮੇਵਾ ਸਿੰਘ ਦਾ ਭਾਰ ਵਧ ਗਿਆ ਸੀ ਤੇ ਉਹ ਹਮੇਸ਼ਾ ਚੜ੍ਹਦੀ ਕਲਾ ਵਿਚ ਗੁਰਬਾਣੀ ਦਾ ਜਾਪ ਕਰਦਾ ਰਹਿੰਦਾ ਸੀ। ਉਸ ਦੀ ਅਡੋਲਤਾ ਦੇਖ ਕੇ ਜੇਲ੍ਹ ਅਮਲਾ ਵੀ ਹੈਰਾਨ ਰਹਿ ਗਿਆ ਸੀ। ਭਾਈ ਮਿੱਤ ਸਿੰਘ ਪੰਡੋਰੀ ਵੱਲੋਂ ਗ੍ਰੰਥੀ ਦੀ ਹੈਸੀਅਤ ਵਿਚ ਭਾਈ ਮੇਵਾ ਸਿੰਘ ਨਾਲ ਆਖਰੀ ਮੁਲਾਕਾਤ ਕੀਤੀ ਗਈ ਤਾਂ ਭਾਈ ਪੰਡੋਰੀ ਦੀਆਂ ਅੱਖਾਂ ਭਰ ਆਈਆਂ। ਇਸ 'ਤੇ ਭਾਈ ਮੇਵਾ ਸਿੰਘ ਨੇ ਭਾਈ ਮਿੱਤ ਸਿੰਘ ਨੂੰ ਹੌਂਸਲਾ ਦਿੰਦਿਆਂ ਕਿਹਾ ਸੀ ਕਿ ਭਾਈ ਜੀ ਜੇਕਰ ਤੁਸੀਂ ਹੀ ਡੋਲ ਗਏ ਤਾਂ ਬਾਹਰ ਕੌਮ ਨੂੰ ਕਿਵੇਂ ਧੀਰਜ ਬੰਨਾਉਂਗੇ। ਭਾਈ ਮੇਵਾ ਸਿੰਘ 11 ਜਨਵਰੀ 1915 ਦੀ ਸਵੇਰ ਜਦ ਫਾਂਸੀ ਲਗਾਇਆ ਗਿਆ ਤਾਂ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ 'ਹਰ ਜਸ ਰੇ ਮਨ ਗਾਏ ਲੈ ਜੋ ਸੰਗੀ ਹੈ ਤੇਰਾ' ਗਾਉਂਦੇ ਹੋਏ ਫਾਂਸੀ ਦੇ ਰੱਸੇ ਵੱਲ ਗਏ ਸਨ।
ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 16-3-2012 ਨੂੰ ਜੇਲ੍ਹ 'ਚੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ, ਉਹ ਭਾਈ ਮੇਵਾ ਸਿੰਘ ਦੇ ਬਿਆਨ ਨਾਲ ਹੂ-ਬ-ਹੂ ਮਿਲਦਾ ਹੈ :
'ਸਤਿਕਾਰ ਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ£ ਵਾਹਿਗੁਰੂ ਜੀ ਕੀ ਫਤਹਿ£
...ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਜਦੋਂ ਜੂਨ 1984 ਵਿਚ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਨੇ ਆਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹੋਏ, ਸਿੱਖ ਧਰਮ 'ਤੇ ਆਪਣੀਆਂ ਫੌਜਾਂ ਭੇਜ ਕੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ, ਹਜ਼ਾਰਾਂ ਨਿਰਦੋਸ਼ੇ ਸ਼ਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਸੀ, ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟ ਕੇ ਉਹਨਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਸੀ। ਦਸਮੇਸ਼ ਪਿਤਾ ਦੀ ਸਿੱਖੀ ਦੀ ਹੋਈ ਬੇਪਤੀ ਅਤੇ ਕੌਮ ਉਤੇ ਹੋਏ ਜ਼ੁਲਮ ਵਿਰੁੱਧ, ਸਿੱਖੀ ਦੇ ਮਾਰਗ 'ਤੇ ਚੱਲਦਿਆਂ ਗੈਰਤਮੰਦ ਸਿੱਖ ਨੌਜਵਾਨਾਂ ਨੇ ਇਹਨਾਂ ਕਤਲਾਂ ਵਿਰੁੱਧ ਹਥਿਆਰ ਚੁੱਕੇ ਅਤੇ ਆਪਣੇ ਧਰਮ ਤੋਂ ਹੱਸ-ਹੱਸ ਕੁਰਬਾਨ ਹੋ ਗਏ। ਅਣਖੀ ਨੌਜਵਾਨਾਂ ਨੇ ਅਜਿਹੇ ਜ਼ਾਲਮ ਹੁਕਮਰਾਨਾਂ ਤੋਂ ਦੇਸ਼ ਤੋਂ ਆਜ਼ਾਦੀ ਦੀ ਮੰਗ ਕੀਤੀ। ਦਿੱਲੀ ਦੇ ਕਾਤਲ ਹੁਕਮਰਾਨਾਂ ਨੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਬਜਾਏ ਜ਼ਖਮਾਂ 'ਤੇ ਮਲ੍ਹਮ ਲਾਉਣ ਦੀ ਬਜਾਏ ਪੰਜਾਬ ਦੀ ਧਰਤੀ ਉਤੇ ਜ਼ੁਲਮ ਦੀ ਹਨੇਰੀ ਲਿਆ ਦਿੱਤੀ। ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਉਹਨਾਂ ਦੇ ਘਰਾਂ ਤੋਂ ਚੁੱਕ ਕੇ ਉਹਨਾਂ ਦਾ ਕਤਲ ਕਰ ਕੇ ਉਹਨਾਂ ਦੀਆਂ ਲਾਸ਼ਾਂ ਲਾਵਾਰਸ ਕਹਿ ਕੇ ਸਾੜ ਦਿੱਤੀਆਂ। ਧੱਕੇ ਨਾਲ ਹੀ ਪੰਜਾਬ ਦੀ ਧਰਤੀ 'ਤੇ ਕਾਂਗਰਸ ਦੀ ਸਰਕਾਰ ਬਣਾ ਕੇ ਬੇਅੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ। ਫਿਰ ਇਹੀ ਬੇਅੰਤ ਸਿੰਘ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲ ਕਰਵਾ ਕੇ 'ਸ਼ਾਂਤੀ ਦਾ ਮਸੀਹਾ' ਬਣ ਬੈਠਾ। ਬੇਅੰਤ ਨੇ ਲੋਕ ਰਾਜੀ ਤਰੀਕੇ ਨਾਲ ਸੰਘਰਸ਼ ਕਰ ਰਹੇ ਅਕਾਲੀਆਂ ਦੇ ਸਿਰਾਂ ਵਿਚ ਡਾਂਗਾਂ ਮਾਰੀਆਂ, ਇਹਨਾਂ ਦੀਆਂ ਪੱਗਾਂ ਨੂੰ ਪੈਰਾਂ ਵਿਚ ਰੋਲਿਆ। ਇਹਨਾਂ ਦੀਆਂ ਲੱਗੀਆਂ ਸਟੇਜਾਂ ਨੂੰ ਪੁੱਟਿਆ। ਪੰਜਾਬ ਦੀ ਲਹੂ-ਲੁਹਾਣ ਹੋਈ ਧਰਤੀ 'ਤੇ ਬੰਬਈ ਦੀਆਂ ਕੰਜਰੀਆਂ ਨੂੰ ਨਚਾਇਆ। ਅਜਿਹੇ ਵਿਚ ਜਦੋਂ ਦਿੱਲੀ ਦੇ ਹੁਕਮਰਾਨਾਂ ਨੇ ਇਹ ਭਰਮ ਪਾਲ ਲਿਆ ਕਿ ਉਹਨਾਂ ਨੇ ਸਭ ਕੁਝ ਖਤਮ ਕਰ ਦਿੱਤਾ ਹੈ, ਉਸ ਸਮੇਂ ਖਾਲਸਾ ਜੀ, ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਜੈ ਸਿੰਘ ਵਾਲਾ ਨੇ 31 ਅਗਸਤ 1995 ਨੂੰ ਦਸਮੇਸ਼ ਪਿਤਾ ਦੀ ਸਿੱਖੀ ਨੂੰ ਸਮਰਪਿਤ ਹੋ ਕੇ ਸੈਕਟਰੀਏਟ ਵਿਚ ਜ਼ੁਲਮ ਦੇ ਪ੍ਰਤੀਕ ਬੇਅੰਤ ਸਿੰਘ ਨੂੰ ਹਵਾ ਵਿਚ ਉਡਾ ਦਿੱਤਾ ਅਤੇ ਖੁਦ ਵੀ ਫੀਤਾ ਫੀਤਾ ਹੋ ਗਿਆ। ਉਸ ਸਮੇਂ ਮੈਂ ਭਾਈ ਦਿਲਾਵਰ ਸਿੰਘ ਦੇ ਨਾਲ ਸੀ। ਮੈਨੂੰ ਆਪਣੇ ਕੀਤੇ ਹੋਏ ਕੰਮ ਦਾ ਕੋਈ ਅਫਸੋਸ ਨਹੀਂ ਹੈ।
...ਖਾਲਸਾ ਜੀ! 31 ਮਾਰਚ ਨੂੰ ਮੈਂ ਹੱਸ-ਹੱਸ ਕੇ ਫਾਂਸੀ ਦੇ ਤਖ਼ਤੇ 'ਤੇ ਚੜ੍ਹ ਜਾਵਾਂਗਾ ਪਰ ਕਦੇ ਵੀ ਸਿੱਖਾਂ ਦੀ ਸਰਬ ਉੱਚ ਅਦਾਲਤ 'ਸ੍ਰੀ ਅਕਾਲ ਤਖ਼ਤ ਸਾਹਿਬ' ਨੂੰ ਢਾਹੁਣ ਵਾਲੇ ਹੁਕਮਰਾਨਾਂ ਅੱਗੇ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਵੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਇਕ ਸਿਸਟਮ ਅੱਗੇ ਕਦੇ ਵੀ ਸਿਰ ਨਹੀਂ ਝੁਕਾਵਾਂਗਾ, ਹਮੇਸ਼ਾ ਲਈ ਖਾਲਸੇ ਦਾ ਝੰਡਾ ਦਿੱਲੀ ਦੀ ਹਿੱਕ 'ਤੇ ਲਹਿਰਾ ਕੇ ਜਾਵਾਂਗਾ।'
ਇਤਿਹਾਸ ਦੀ ਦੂਜੀ ਘਟਨਾ : 1915 ਵਿਚ ਲਾਹੌਰ ਸੈਂਟਰਲ ਜੇਲ੍ਹ ਵਿਚ 82 ਗਦਰੀਆਂ 'ਤੇ ਮੁਕੱਦਮਾ ਚੱਲ ਰਿਹਾ ਸੀ। ਜਿਨ੍ਹਾਂ ਵਿਚ ਸੰਤ ਬਾਬਾ ਵਸਾਖਾ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਭਾਈ ਕਰਤਾਰ ਸਿੰਘ ਸਰਾਭਾ, ਬਾਬਾ ਨਿਧਾਨ ਸਿੰਘ ਚੁੱਘਾ ਆਦਿ ਸਨ। ਇਹਨਾਂ ਗਦਰੀਆਂ ਵਲੋਂ ਵੀ ਕੋਈ ਵਕੀਲ ਨਹੀਂ ਕੀਤਾ ਗਿਆ ਸੀ। ਇਹ ਅਦਾਲਤੀ ਕਾਰਵਾਈ ਤੋਂ ਬੇਨਿਆਜ਼ ਹੋ ਕੇ ਸਾਰਾ ਦਿਨ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ। 13 ਸਤੰਬਰ 1915 ਨੂੰ ਜੱਜਾਂ ਵਲੋਂ 24 ਗਦਰੀਆਂ ਨੂੰ ਫਾਂਸੀ ਅਤੇ ਬਾਕੀਆਂ ਨੂੰ ਉਮਰ ਕੈਦ ਦਾ ਹੁਕਮ ਸੁਣਾਇਆ ਗਿਆ। ਬਾਬਾ ਜਵਾਲਾ ਸਿੰਘ ਵਰਗੇ ਗਦਰੀਆਂ ਨੇ ਨਿਧੜਕ ਹੋ ਕੇ ਮੰਗ ਕੀਤੀ ਕਿ ਸਾਨੂੰ ਵੀ ਫਾਂਸੀ ਦਾ ਹੁਕਮ ਸੁਣਾਇਆ ਜਾਵੇ, ਅਸੀਂ ਵੀ ਇਹਨਾਂ ਵਾਲਾ ਕਸੂਰ ਹੀ ਕੀਤਾ ਹੈ। ਭਾਈ ਕਰਤਾਰ ਸਿੰਘ ਸਰਾਭਾ, ਬਾਬਾ ਸੋਹਣ ਸਿੰਘ ਭਕਨਾ ਵਰਗੇ ਗਦਰੀਆਂ ਨੇ ਫਾਂਸੀ ਵਿਰੁੱਧ ਕੋਈ ਅਪੀਲ ਨਹੀਂ ਕੀਤੀ ਸੀ। ਉਹ ਕਹਿੰਦੇ ਸਨ ਕਿ ਦੁਸ਼ਮਣ ਕੋਲੋਂ ਇਨਸਾਫ਼ ਦੀ ਮੰਗ ਕਿਉਂ ਕਰੀਏ? ਸੋ ਭਾਈ ਬਲਵੰਤ ਸਿੰਘ ਨੇ ਫਾਂਸੀ ਦੀ ਸਜ਼ਾ ਵਿਰੁੱਧ ਅਪੀਲ ਨਾ ਕਰਕੇ ਆਪਣੇ ਇਹਨਾਂ ਪੁਰਖਿਆਂ ਦਾ ਇਤਿਹਾਸ ਹੀ ਦੁਹਰਾਇਆ ਹੈ।
ਰਜਿੰਦਰ ਸਿੰਘ ਰਾਹੀ
(98157-51332)