ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਬਾਦਲ ਸਾਹਿਬ ਦੇ ਬਿਆਨ ਦਾ ਸਵਾਗਤ ਹੈ


ਪੰਜਾਬ ਵਿਚ ਨੌਜੁਆਨੀ ਦੀ ਨਿਘਰ ਰਹੀ ਹਾਲਤ ਬਾਰੇ ਗੰਭੀਰ ਲੋਕਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਜਿਸ ਵਿਚ ਸ. ਬਾਦਲ ਨੇ ਪੰਜਾਬ ਨੂੰ ਨਸ਼ਾ ਮੁਕਤ ਕੀਤੇ ਜਾਣ ਲਈ 'ਨਸ਼ੇ ਰੋਕਣ ਲਈ ਠੋਸ ਨੀਤੀ' ਬਣਾਏ ਜਾਣ ਦਾ ਐਲਾਨ ਕੀਤਾ ਹੈ। 22 ਅਪ੍ਰੈਲ ਨੂੰ ਚੰਡੀਗੜ੍ਹ ਵਿਚ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਆਪਣੀ ਕਾਰਵਾਈ ਅਤੇ ਰੂਪ ਰੇਖਾ ਤਿਆਰ ਕਰਨੀ ਹੈ। ਪੰਜਾਬ ਦੀ ਅਕਾਲੀ ਸਰਕਾਰ ਇਸ ਪੱਖੋਂ ਖੁਦ ਵੀ ਗੰਭੀਰ ਜਾਪਦੀ ਹੈ ਜਿਸ ਨੇ ਸ਼ੁਰੂਆਤੀ ਕੰਮ ਵਜੋਂ ਸੂਬੇ ਵਿਚ ਪੰਜ 'ਨਸ਼ਾ ਛੁਡਾਊ ਕੇਂਦਰ' ਸਥਾਪਤ ਕਰਨ ਲਈ 25 ਕਰੋੜ ਰੁਪਏ ਦੇਣ ਨੂੰ ਤੁਰੰਤ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਨੂੰ ਰਾਜ ਦੇ ਸਾਰੇ 117 ਸਿਹਤ ਕੇਂਦਰਾਂ ਵਿਚ ਵਿਸ਼ੇਸ਼ 'ਨਸ਼ਾ ਛੁਡਾਊ ਸੈਕਸ਼ਨ' ਸਥਾਪਿਤ ਕਰਨ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਸ. ਬਾਦਲ ਨੇ ਮੁਹਾਲੀ ਅਤੇ ਲੰਬੀ ਵਿਚ ਵੀ ਆਪਣੇ ਸੰਬੋਧਨਾਂ ਵਿਚ ਪੰਜਾਬ ਨੂੰ ਸਿਹਤ ਸੇਵਾਵਾਂ ਪੱਖੋਂ ਮੋਹਰੀ ਸੂਬਾ ਬਣਾਉਣ ਲਈ ਵਿਸ਼ੇਸ਼ ਜ਼ਿਕਰ ਕੀਤਾ ਸੀ। ਇਸ ਵੇਲੇ ਪੰਜਾਬ ਦੀ ਨਸ਼ਿਆਂ ਦੀ ਵਰਤੋਂ ਕਰਨ ਵਿਚ ਸਥਿਤੀ ਕੀ ਹੈ ਇਹ ਜਾਨਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਕਰਵਾਏ ਇਕ ਸਰਵੇਖਣ 'ਤੇ ਝਾਤ ਮਾਰਨੀ ਜ਼ਰੂਰੀ ਹੈ ਜਿਸ ਅਨੁਸਾਰ 20 ਫੀਸਦੀ ਨੌਜਵਾਨ ਨਸ਼ਿਆਂ ਦੇ ਕੈਪਸੂਲ ਖਾਂਦੇ ਹਨ ਜਦੋਂ 5.17% ਸਮੈਕ, 2.17% ਅਫੀਮ, 12.67% ਭੁੱਕੀ ਖਾਂਦੇ ਹਨ। 44% ਦੇ ਕਰੀਬ ਨੌਜਵਾਨ ਇਕ ਜਾਂ ਇਕ ਤੋਂ ਵੱਧ ਨਸ਼ੇ ਕਰਦੇ ਹਨ। ਵਿਦਿਆਰਥੀਆਂ ਵਿਚ ਸਕੂਲੀ ਬੱਚਿਆਂ ਬਾਰੇ ਸਭ ਤੋਂ ਵੱਡਾ ਸਰਵੇਖਣ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਹੋਇਆ ਹੈ। ਇਸ ਨੇ ਐਲੀਮੈਂਟਰੀ ਪੱਧਰ (ਭਾਵ ਤੀਜੀ ਤੋਂ ਅੱਠਵੀਂ ਜਮਾਤ) ਦੇ ਬੱਚਿਆਂ ਵਿਚ ਤੰਬਾਕੂ ਦੇ ਰੁਝਾਨ ਬਾਰੇ ਅੰਕੜੇ ਇਕੱਠੇ ਕੀਤੇ ਹਨ ਕਿ 44% ਬੱਚੇ ਤੰਬਾਕੂ ਤੇ ਬੀੜੀ ਪੀਂਦੇ ਹਨ। ਚੋਰੀ-ਛੁਪੇ 3% ਬੱਚੇ ਸ਼ਰਾਬ ਪੀਂਦੇ ਹਨ। ਇਸ ਸੰਸਥਾ ਨੇ ਮੁਹਾਲੀ ਜ਼ਿਲ੍ਹੇ ਦੇ ਲਾਂਡਰਾ ਕਸਬੇ ਤੋਂ ਸਰਵੇਖਣ ਸ਼ੁਰੂ ਕਰਕੇ ਪਟਿਆਲਾ, ਫਤਹਿਗੜ੍ਹ ਸਾਹਿਬ, ਸੰਗਰੂਰ, ਰੋਪੜ ਆਦਿ 6 ਜ਼ਿਲ੍ਹਿਆਂ ਦਾ ਸਰਵੇਖਣ ਕੀਤਾ। ਅੰਕੜੇ ਕਹਿੰਦੇ ਹਨ ਕਿ 40% ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਦਾ ਪਤਾ ਹੋਣ 'ਤੇ ਵੀ ਛੱਡਣ ਨੂੰ ਤਿਆਰ ਨਹੀਂ। 10% ਸਿਗਰਟ 15% ਬੀੜੀ, 25% ਗੁਟਕਾ ਤੇ 50% ਬੱਚੇ ਜਰਦਾ ਖਾਂਦੇ ਹਨ। ਖੇਤਰੀ ਸਰਵੇਖਣ ਮੁਤਾਬਕ ਦੁਆਬੇ ਵਿਚ 68% ਮਾਝੇ ਵਿਚ 64% ਤੇ ਮਾਲਵੇ ਵਿਚ 61% ਲੋਕ ਨਸ਼ੇ ਕਰਦੇ ਹਨ ਜਿਸ ਵਿਚ 76.47% ਸ਼ਰਾਬ ਪੀਣ ਵਾਲੇ, 68.5% ਟੀਕੇ ਲਾਉਂਦੇ ਤੇ 4.84% ਚਰਸ/ਸਮੈਕ ਦੀ ਲਪੇਟ ਵਿਚ ਹਨ। ਵਰਗ ਵੰਡ ਅਨੁਸਾਰ ਜਨਰੇਸ਼ਨ ਸੇਵੀਅਰ ਸੰਸਥਾ ਦਾ ਸਰਵੇਖਣ ਕਹਿੰਦਾ ਹੈ ਕਿ 27% ਅਨਪੜ੍ਹ 23% ਪੜ੍ਹੇ ਲਿਖੇ, 17% ਮਜ਼ਦੂਰ 7.05% ਕਿਸਾਨ, 5% ਵਪਾਰੀ, 3.5% ਅਧਿਆਪਕ 5% ਨੌਕਰੀਪੇਸ਼ਾ ਤੇ ਸਭ ਤੋਂ ਵੱਧ 45% ਬੇਰੁਜ਼ਗਾਰ ਲੋਕ ਨਸ਼ਿਆਂ ਤੇ ਆਦੀ ਹਨ।
ਨਵੇਂ ਚਾਲੂ ਸਾਲ ਦੌਰਾਨ ਪੰਜਾਬ ਸਰਕਾਰ ਨੂੰ 3228 ਕਰੋੜ ਰੁਪਏ ਦੀ ਆਮਦਨ ਸਿਰਫ਼ ਠੇਕਿਆਂ ਤੋਂ ਹੋਈ ਹੈ ਜਿਹੜੀ ਕਿ ਪਿਛਲੇ ਸਾਲ ਨਾਲੋਂ 728 ਕਰੋੜ ਰੁਪਏ ਵੱਧ ਹੈ। ਪੰਜਾਬ ਦੇ ਲੋਕ ਹਰ ਰੋਜ਼ 9 ਕਰੋੜ ਰੁਪਏ ਦੀ ਸ਼ਰਾਬ ਹਰ ਰੋਜ਼ ਪੀ ਰਹੇ ਹਨ (ਇਸ ਵਿਚ ਉਸ ਸ਼ਰਾਬ ਦੇ ਅੰਕੜੇ ਸ਼ਾਮਲ ਨਹੀਂ ਹਨ ਜਿਹੜੀ ਸ਼ਰਾਬ ਲੋਕ ਆਪਣੇ ਘਰਾਂ ਵਿਚ ਗੈਰ ਕਾਨੂੰਨੀ ਤੌਰ 'ਤੇ ਤਿਆਰ ਕਰਕੇ ਪੀ ਜਾਂਦੇ ਹਨ) ਪੰਜਾਬ ਵਿਚ ਸਰਕਾਰੀ ਸਕੂਲਾਂ ਤੋਂ ਵੱਧ ਸ਼ਰਾਬ ਦੇ ਠੇਕੇ ਹਨ ਜਿਨ੍ਹਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਹੈ। ਇਕ ਸਰਵੇ ਅਨੁਸਾਰ ਇਥੇ ਮਰਨ ਵਾਲਾ ਹਰ ਅੱਠਵਾਂ ਵਿਅਕਤੀ ਨਸ਼ੇ ਦੀ ਵਰਤੋਂ ਕਾਰਨ ਮੌਤ ਦੇ ਮੂੰਹ ਵਿਚ ਜਾ ਰਿਹਾ ਹੈ। ਸ਼ਰਾਬ ਦੇ ਇਸ ਕਾਰੋਬਾਰ ਵਿਚ ਜ਼ਿਆਦਾਤਰ ਠੇਕੇਦਾਰ ਰਾਜਨੀਤਕ ਪਾਰਟੀਆਂ ਵਿਚ ਉੱਚ ਅਹੁਦੇਦਾਰ ਹਨ। ਇਹਨਾਂ ਦੀ ਕਿਰਪਾ ਸਦਕਾ ਹੀ ਸ਼ਰਾਬ ਦੇ ਠੇਕਿਆਂ 'ਚ ਵੇਚੀ ਜਾਣ ਵਾਲੀ ਸ਼ਰਾਬ ਗੈਰ ਮਿਆਰੀ ਅਤੇ ਸਰਕਾਰੀ ਨਿਯਮਾਂ ਦੀ ਲਾਪ੍ਰਵਾਹੀ ਨਾਲ ਵੇਚੀ ਜਾਂਦੀ ਹੈ। ਲੋਕਾਂ ਨੂੰ ਸ਼ਰਾਬ ਵੱਲ ਖਿੱਚਣ ਲਈ ਨਿਰਧਾਰਤ ਸ਼ਰਤਾਂ ਨੂੰ ਅੱਖੋਂ ਉਹਲੇ ਕਰਕੇ ਕੀਤੀਆਂ ਜਾ ਰਹੀਆਂ ਮਸ਼ਹੂਰੀਆਂ ਅਤੇ ਮੁੱਖ ਸੜਕਾਂ 'ਤੇ ਠੇਕਿਆਂ 'ਤੇ ਹਰ ਰੋਜ਼ ਕੀਤੀ ਜਾਂਦੀ ਦੀਪਮਾਲਾ ਲੋਕਾਂ ਦੇ ਦੀਵੇ ਬੁਝਾ ਰਹੀ ਹੈ। ਭਾਵੇਂ ਸਰਕਾਰੀ ਨਿਯਮਾਂ ਅਨੁਸਾਰ ਸ਼ਰਾਬ ਦਾ ਠੇਕਾ ਸਵੇਰੇ 9 ਵਜੇ ਤੋਂ ਪਹਿਲਾਂ ਖੋਲ੍ਹਣ ਅਤੇ ਰਾਤ 11 ਵਜੇ ਤੋਂ ਬਾਅਦ ਖੁੱਲ੍ਹਾ ਨਹੀਂ ਰੱਖਿਆ ਜਾ ਸਕਦਾ ਪਰ ਜਦੋਂ ਖੁਦ ਸਿਆਸਤਦਾਨ ਹੀ ਇਸ ਕਾਰੋਬਾਰ ਦੇ ਮੋਹਰੀ ਹਨ ਤਾਂ ਇਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ। ਇਸ ਸਮੇਂ ਕਰੀਬ ਸਾਰੇ ਠੇਕਿਆਂ 'ਤੇ 24 ਘੰਟੇ ਸ਼ਰੇਆਮ ਸ਼ਰਾਬ ਵਿਕਦੀ ਹੈ।
ਹੈਰੋਇਨ ਅਤੇ ਚਰਸ ਵਰਗੇ ਨਸ਼ੇ ਜਿਨ੍ਹਾਂ ਨੂੰ ਕੁਝ ਸਾਲ ਪਹਿਲਾਂ ਪੰਜਾਬ ਦੇ ਲੋਕ ਜਾਣਦੇ ਤੱਕ ਨਹੀਂ ਸਨ ਅੱਜ ਇਹ ਹਰ ਪਿੰਡ ਤੱਕ ਪੁੱਜ ਚੁੱਕੇ ਹਨ। ਧਾਰਮਿਕ ਸਥਾਨਾਂ ਅਤੇ ਵਿਦਿਅਕ ਅਦਾਰਿਆਂ ਦੇ ਕੋਲ ਵੀ ਨਸ਼ੇ ਵੇਚਣ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਤਮਾਕੂ ਯੁਕਤ ਨਸ਼ੇ ਤਾਂ ਘਰੇਲੂ ਵਸਤਾਂ ਵਾਲੀਆਂ ਦੁਕਾਨਾਂ ਅਤੇ ਬੱਚਿਆਂ ਟਾਫੀਆਂ, ਚਾਕਲੇਟ ਆਦਿ ਵੇਚਣ ਵਾਲੀਆਂ ਰੇਹੜੀਆਂ ਵਾਲੇ ਵੀ ਵੇਚ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚਲੇ ਬੰਦੀ ਲੋਕਾਂ ਜਿਹਨਾਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਖੁਦ ਸਰਕਾਰ ਦੀ ਹੁੰਦੀ ਹੈ ਵਿਚ ਵੀ ਨਸ਼ਿਆਂ ਦਾ ਕਾਰੋਬਾਰ ਕਰੋੜਾਂ ਵਿਚ ਹੈ। ਕੋਈ ਅਜਿਹਾ ਨਸ਼ਾ ਨਹੀਂ ਹੈ ਜਿਹੜਾ ਇਹਨਾਂ ਜੇਲ੍ਹਾਂ ਵਿਚ ਨਾ ਮਿਲਦਾ ਹੋਵੇ। ਸੂਬੇ ਵਿਚ ਵਿਕ ਰਹੇ 'ਮੈਡੀਕਲ ਨਸ਼ੇ' ਵਿਚ ਰਾਜਨੀਤਕ ਲੋਕਾਂ ਦੀ ਹਿੱਸੇਦਾਰੀ ਲੁਕੀ-ਛਿਪੀ ਨਹੀਂ। ਇਹਨਾਂ ਨਸ਼ਿਆਂ ਦੀ ਲਹਿਰ ਨੇ ਖਾਸਕਰ ਨੌਜੁਆਨ ਵਰਗ ਨੂੰ ਸਰੀਰਕ ਪੱਖੋਂ ਨਿਤਾਣੇ ਕਰ ਦਿੱਤਾ ਹੈ ਜਿਸ ਕਾਰਨ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਅਤੇ ਰੁਚੀ ਖਤਮ ਹੋ ਰਹੀ ਹੈ। ਆਥਣ ਵੇਲੇ ਚਾਰ ਵਜੇ ਤੋਂ ਬਾਅਦ ਕੋਈ ਕਰਮਾਂ ਵਾਲਾ ਨੌਜੁਆਨ ਹੀ ਅਜਿਹਾ ਦੇਖਿਆ ਜਾ ਸਕਦਾ ਹੈ ਜੋ ਕਿਸੇ ਨਾ ਕਿਸੇ ਨਸ਼ੇ ਵਿਚ ਗਲਤਾਨ ਹੋਣ ਤੋਂ ਬਚਿਆ ਹੋਵੇ। ਅਜਿਹਾ ਮਾਹੌਲ ਦੇਖ ਕੇ ਪੰਜਾਬ ਦੀ ਚਿੰਤਾ ਕਰਨ ਵਾਲੇ ਲੋਕ ਅਤੇ ਨੌਜੁਆਨ ਬੱਚਿਆਂ ਦੇ ਮਾਪੇ ਪ੍ਰੇਸ਼ਾਨੀ ਵਿਚੋਂ ਲੰਘ ਰਹੇ ਹਨ ਪਰ ਉਹਨਾਂ ਦੀ ਇਸ ਚਿੰਤਾ ਦਾ ਹੱਲ ਇਸ ਕਰਕੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਇਸ ਦੇ ਕਾਰੋਬਾਰ ਵਿਚ ਰਾਜਨੀਤਕ ਪਹੁੰਚ ਕਾਨੂੰਨ ਦੇ ਪੈਰ ਨਹੀਂ ਲੱਗਣ ਦੇ ਰਹੀ। ਹੁਣ ਜਦੋਂ ਖੁਦ ਪੰਜਾਬ ਦੇ ਮੁੱਖ ਮੰਤਰੀ ਸ. ਬਾਦਲ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਕੀਤਾ ਹੈ ਤਾਂ ਇਕ ਆਸ ਬਝਦੀ ਹੈ ਕਿ ਪੰਜਾਬ ਇਸ ਲਾਹਨਤ ਤੋਂ ਛੁਟਕਾਰਾ ਪਾ ਲਏਗਾ। ਉਂਝ ਵੀ ਇਹ ਸਚਾਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਇਕੋ ਇਕ ਅਜਿਹੀ ਰਾਜਨੀਤਕ ਪਾਰਟੀ ਹੈ ਜਿਸ ਵਿਚ ਬਹੁਗਿਣਤੀ ਲੋਕ ਪੰਜਾਬ ਦੀ ਧਰਤੀ ਨਾਲ ਜੁੜੇ ਲੋਕ ਹਨ। ਇਸ ਪਾਰਟੀ ਦੇ ਜ਼ਿਆਦਾ ਨੁਕਤਾਚੀਨੀ ਵੀ ਉਸੇ ਸਮੇਂ ਹੁੰਦੀ ਹੈ ਜਦੋਂ ਇਸ ਦੇ ਆਗੂ ਆਪਣੇ ਧਰਮ ਅਤੇ ਸਮਾਜ ਪ੍ਰਤੀ ਫਰਜ਼ਾਂ ਨੂੰ ਭੁੱਲ ਕੇ ਕੋਈ ਅਜਿਹੇ ਫੈਸਲੇ ਕਰਦੇ ਹਨ ਜੋ ਇਸ ਪਾਰਟੀ ਦੇ ਮੂਲ ਸਿਧਾਂਤ ਨਾਲ ਮੇਲ ਨਾ ਖਾਂਦੇ ਹੋਣ। ਹੁਣ ਜਦੋਂ ਇਸ ਪਾਰਟੀ ਦੇ ਪ੍ਰਮੁੱਖ ਆਗੂ ਸ. ਬਾਦਲ ਸਾਹਿਬ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਇਥੋਂ ਦੀਆਂ ਸਿਹਤ ਸੇਵਾਵਾਂ ਨੂੰ ਦੇਸ਼ ਭਰ ਵਿਚੋਂ ਇਕ ਨੰਬਰ 'ਤੇ ਲਿਆਉਣ ਲਈ ਅੱਗੇ ਆਏ ਹਨ ਤਾਂ ਉਹਨਾਂ ਦੀ ਇਸ ਹਿੰਮਤ ਨੂੰ ਸ਼ਾਬਾਸ ਕਿਹਾ ਜਾਣਾ ਚਾਹੀਦਾ ਹੈ। ਜੇ ਉਹ ਆਪਣੇ ਰਾਜਨੀਤਕ ਸਫ਼ਰ ਦੇ ਇਸ ਗੇੜ ਵਿਚ ਇਹੋ ਹੀ ਕੰਮ ਸਿੱਦਤ ਨਾਲ ਕਰ ਜਾਣ ਤਾਂ ਪੰਜਾਬ ਦੇ ਹਜ਼ਾਰਾਂ ਮਾਪਿਆਂ ਅਤੇ ਪਰਿਵਾਰਾਂ ਦੀਆਂ ਅਸ਼ੀਸ਼ਾਂ ਉਹਨਾਂ ਦੇ ਸਦਾ ਨਾਲ ਰਹਿਣਗੀਆਂ।