ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕਿਵੇਂ ਉਤਪੰਨ ਹੁੰਦਾ ਹੈ ਫੇਫੜੇ ਦਾ ਕੈਂਸਰ?


ਬਾਕੀ ਜਾਨਵਰਾਂ ਵਾਂਗ ਮਨੁੱਖ ਨੂੰ ਵੀ ਕੁਦਰਤ ਨੇ ਦੋ ਫੇਫੜੇ (ਸੱਜਾ ਤੇ ਖੱਬਾ) ਬਖਸ਼ੇ ਹੋਏ ਹਨ, ਜੋ ਸੀਨੇ ਵਿਚ ਪੱਸਲੀਆਂ ਦੇ ਥੱਲੇ ਤੇ ਦਿਲ ਦੇ ਆਲੇ ਦੁਆਲੇ ਹੁੰਦੇ ਹਨ। ਸਾਹ-ਨਾਲੀ ਤੇ ਇਸ ਦੀਆਂ ਸ਼ਾਖ਼ਾਵਾਂ ਰਾਹੀਂ, ਸਾਹ ਦੁਆਰਾ ਅੰਦਰ ਖਿੱਚੀ ਗਈ ਹਵਾ, ਫੇਫੜਿਆਂ ਅੰਦਰ ਦਾਖ਼ਲ ਹੁੰਦੀ ਹੈ। ਹਵਾ ਨਾਲੀਆਂ ਦੀਆਂ, ਇਕ ਤੋਂ ਦੋ, ਦੋ ਤੋਂ ਚਾਰ, ਚਾਰ ਤੋਂ ਅੱਠ……, ਸ਼ਾਖਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਥੈਲੀਆਂ ਵਿਚ ਖੁੱਲ੍ਹਦੀਆਂ ਹਨ। ਇੱਥੇ ਆਕਸੀਜ਼ਨ ਜਜ਼ਬ ਹੋ ਜਾਂਦੀ ਹੈ ਤੇ ਹਵਾ-ਥੈਲੀਆਂ ਦੀਆਂ ਦੀਵਾਰਾਂ ਵਿਚਲੀਆਂ ਖੂਨ-ਨਾੜੀਆਂ 'ਚੋਂ ਕਾਰਬਨ ਡਾਇਆਕਸਾਇਡ, ਉਨ੍ਹਾਂ ਹੀ ਹਵਾ-ਰਸਤਿਆਂ ਰਾਹੀਂ, ਸਾਹ ਦੁਆਰਾ ਬਾਹਰ ਨਿਕਲ ਜਾਂਦੀ ਹੈ। ਇਕ ਤੰਦਰੁਸਤ ਫੇਫੜੇ ਵਿਚ, ਤਕਰੀਬਨ ਤਿੰਨ ਹਜ਼ਾਰ ਲੱਖ ਹਵਾ-ਥੈਲੀਆਂ ਹੁੰਦੀਆਂ ਹਨ। ਹਵਾ ਰਸਤਿਆਂ ਦੀਆਂ ਕੋਸ਼ਿਕਾਵਾਂ, ਇਕ ਲੇਸਲਾ ਪਦਾਰਥ ਪੈਦਾ ਕਰਦੀਆਂ ਹਨ ਜੋ ਇਸ ਪ੍ਰਣਾਲੀ ਵਾਸਤੇ ਸੁਰੱਖਿਆ ਦਾ ਕੰਮ ਕਰਦਾ ਹੈ ਕਿਉਂਕਿ, ਬਾਹਰੀ ਵਸਤੂਆਂ ਜਿਵੇਂ ਮਿੱਟੀ-ਕਣ, ਰੋਗਾਣੂੰ ਆਦਿ ਇਸ ਲੇਸਲੇ ਪਦਾਰਥ ਵਿਚ ਫਸ ਜਾਂਦੇ ਹਨ। ਕੋਸ਼ਿਕਾਵਾਂ 'ਤੇ ਵਾਲਾਂ ਵਰਗੇ ਢਾਂਚਿਆਂ ਦੀ ਹਿਲਜੁਲ ਦੀ ਸਹਾਇਤਾ ਨਾਲ ਇਹ, ਗਲ਼ੇ ਵੱਲ ਨੂੰ ਆ ਜਾਂਦੇ ਹਨ ਤੇ ਖੰਘਾਰ ਦੇ ਰੂਪ ਵਿਚ ਇਨ੍ਹਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਇਹ ਸਾਰਾ, ਕੁਦਰਤ ਵੱਲੋਂ ਬਖਸ਼ਿਆ ਹੋਇਆ, ਸਾਹ ਪ੍ਰਣਾਲੀ ਦਾ ਸੁਰੱਖਿਆ ਸਿਸਟਮ ਹੈ ਜੋ ਬਾਹਰੀ ਰੋਗਾਣੂੰਆਂ ਆਦਿ ਨੂੰ ਫੇਫੜਿਆਂ ਤੱਕ ਪੁੱਜਣ ਤੋਂ ਰੋਕਦਾ ਹੈ।
ਸਿਗਰਟਨੋਸ਼ਾਂ ਵਿਚ ਕੋਸ਼ਿਕਾਵਾਂ ਦੇ ਵਾਲਾਂ ਵਰਗੇ ਢਾਂਚੇ ਝੜ ਜਾਂਦੇ ਹਨ ਤੇ ਲੇਸਲੇ ਪਦਾਰਥ ਦੀ ਪੈਦਾਵਾਰ ਵਧ ਜਾਂਦੀ ਹੈ ਜਿਸ ਕਰਕੇ ਬਾਹਰੀ ਰੋਗਾਣੂੰਆਂ ਦੀ ਸਫਾਈ ਨਹੀਂ ਹੋ ਸਕਦੀ। ਉਂਜ ਸਵੇਰ ਦੇ ਸਮੇਂ ਸਿਗਰਟਨੋਸ਼, ਲੇਸਲੀ ਬਲਗ਼ਮ ਕੱਢਦੇ ਰਹਿੰਦੇ ਹਨ। ਲੰਮੇ ਸਮੇਂ ਤੋਂ ਸਿਗਰਟਨੋਸ਼ੀ ਕਰਨ ਵਾਲਿਆਂ ਦੇ ਫੇਫੜਿਆਂ ਵਿੱਚ, ਨਾ-ਠੀਕ ਹੋਣ ਵਾਲੀਆਂ ਤਬਦੀਲੀਆਂ ਆ ਜਾਂਦੀਆਂ ਹਨ, ਹਵਾ-ਥੈਲੀਆਂ ਨਸ਼ਟ ਹੋ ਜਾਂਦੀਆਂ ਹਨ ਤੇ ਕੈਂਸਰ ਉਤਪੰਨ ਹੋਣ ਲਗਦਾ ਹੈ।
ਕੈਂਸਰ ਘਾਤਕ ਰੋਗ ਹੈ। ਕੁੱਲ ਦੁਨੀਆਂ ਵਿਚ ਇਹ ਕੈਂਸਰ, ਰੋਜ਼ਾਨਾ ਤਕਰੀਬਨ 14 ਹਜ਼ਾਰ ਜਾਨਾਂ ਲੈਂਦਾ ਹੈ। ਇਹ ਅੱਧਖੜ ਉਮਰੇ ਜਾਂ ਬੁਢਾਪੇ ਵਿਚ ਹੁੰਦਾ ਹੈ, ਪੈਂਤੀ ਸਾਲ ਤੋਂ ਪਹਿਲਾਂ ਇਹ ਘਟ ਹੀ ਹੁੰਦਾ ਹੈ ਤੇ ਵਧੇਰੇ ਰੋਗੀ 60 ਸਾਲ ਦੀ ਉਮਰ ਦੇ ਨੇੜੇ ਤੇੜੇ ਹੁੰਦੇ ਹਨ, ਪਰ ਇਹਨੀਂ ਦਿਨੀਂ ਛੋਟੀ (ਜਵਾਨ) ਉਮਰ ਦੇ ਮਰੀਜ਼ ਵੀ ਆ ਰਹੇ ਹਨ। ਪੂਰਬੀ ਦੇਸ਼ਾਂ ਦੇ ਮੁਕਾਬਲੇ, ਪੱਛਮ ਵਿਚ ਇਹ ਕੈਂਸਰ ਵਧੇਰੇ ਹੁੰਦਾ ਹੈ। ਮਰਦਾਂ ਦੇ ਸਾਰੇ ਕੈਂਸਰਾਂ 'ਚੋਂ 20 ‚ਤੇ ਔਰਤਾਂ ਦੇ ਸਾਰੇ ਕੈਂਸਰਾਂ 'ਚੋਂ 11, ਫੇਫੜਿਆਂ ਦਾ ਕੈਂਸਰ ਹੁੰਦਾ ਹੈ। ਮਰਦਾਂ ਨਾਲ ਬਰਾਬਰੀ, ਆਜ਼ਾਦੀ ਤੇ ਆਧੁਨਿਕਤਾ ਦੀ ਆੜ ਵਿਚ, ਕੁੜੀਆਂ ਤੇ ਔਰਤਾਂ ਵਿਚ ਵੀ ਸਿਗਰਟਨੋਸ਼ੀ ਦਾ ਭੁੱਸ ਵਧਦਾ  ਜਾ ਰਿਹਾ ਹੈ। ''ਬਰਾਬਰ ਆਉਣ ਦੀ ਹੋੜ'' ਜੇਕਰ ਇਵੇਂ ਹੀ ਚਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦ ਫੇਫੜਿਆਂ ਦੇ ਕੈਂਸਰ ਦੀ ਪ੍ਰਤੀਸ਼ਤਤਾ ਵਿਚ ਵੀ ਔਰਤਾਂ, ਮਰਦਾਂ ਦੇ ਬਰਾਬਰ ਹੀ ਪੁੱਜ ਜਾਣਗੀਆਂ।
ਜਦੋਂ ਸਿਗਰਟ ਜਾਂ ਤੰਬਾਕੂ ਨਹੀਂ ਸੀ, 1761 ਤੱਕ ਫੇਫੜਿਆਂ ਦੇ ਕੈਂਸਰ ਦਾ ਪਤਾ ਹੀ ਨਹੀਂ ਸੀ। ਸੰਨ 1810 ਵਿਚ ਇਸ ਕੈਂਸਰ ਬਾਰੇ ਕੁਝ ਛਪਿਆ ਸੀ। 1878 ਵਿਚ ਪੋਸਟਮਾਰਟਮ ਕੇਸਾਂ ਦੇ ਇਕ ਅਧਿਐਨ ਵਿਚ ਫੇਫੜਿਆਂ ਦੇ ਕੈਂਸਰ ਦੀ ਮਿਣਤੀ ਇੱਕ ਦੱਸੀ ਗਈ ਸੀ ਜੋ 1900 ਤੱਕ ਵਧ ਕੇ, 10 ਤੋਂ 15 ਹੋ ਗਏ। ਉਸ ਤੋਂ ਬਾਅਦ ਸੰਨ 1929 ਵਿਚ ਫਰਾਂਸ ਦੇ ਡਾਕਟਰ ਫਰਿਟਜ਼ ਨੇ, ਤੰਬਾਕੂਨੋਸ਼ੀ ਤੇ ਫੇਫੜਿਆਂ ਦੇ ਕੈਂਸਰ ਦੇ ਗੂੜ੍ਹੇ ਸਬੰਧ ਬਿਆਨ ਕੀਤੇ।
ਫੇਫੜਿਆਂ ਦੇ ਤਕਰੀਬਨ 85‚ ਕੈਂਸਰ ਸਿਗਰਟਨੋਸ਼ੀ ਕਰਕੇ ਹੁੰਦੇ ਹਨ। ਨਾਨ-ਸਮੋਕਰਜ਼ ਵਿਚ ਸਿਰਫ 10 ਨੂੰ ਇਹ ਕੈਂਸਰ ਹੁੰਦਾ ਹੈ। ਇਸ ਲਈ ਇਸ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਿਗਰਟਨੋਸ਼ੀ ਤੋਂ ਬਚਿਆ ਜਾਵੇ। ਇਸ ਨੂੰ ਉਤਪੰਨ ਹੋਣ ਵਿਚ 5 ਤੋਂ10 ਸਾਲ ਲੱਗ ਜਾਂਦੇ ਹਨ। ਹਵਾ ਰਸਤਿਆਂ ਦੇ ਸੈੱਲ, ਬੇ-ਤਰਤੀਬੀ ਤੇ ਬੜੀ ਤੇਜ਼ੀ ਨਾਲ ਵਧਦੇ ਹਨ, ਇਹ ਵਾਧਾ ਬੇਕਾਬੂ ਹੋ ਜਾਂਦਾ ਹੈ ਤੇ ਇਕ ਅਸਾਧਾਰਣ ਗੋਲ਼ੇ ਦਾ ਰੂਪ ਧਾਰਨ ਕਰ ਲੈਂਦਾ ਹੈ। ਇਹ ਪ੍ਰਾਇਮਰੀ ਟਿਊਮਰ, ਖ਼ੂਨ ਜਾਂ ਲਿੰਫੈਟਿਕ ਸਿਸਟਮ ਦੇ  ਰਾਹੀਂ, ਸਰੀਰ ਦੇ ਦੂਜੇ, ਦੂਰ ਵਾਲੇ ਭਾਗਾਂ ਵਿਚ ਫੈਲ ਜਾਂਦਾ ਹੈ। ਖ਼ੂਨ ਰਾਹੀਂ ਇਹ ਜੜ੍ਹਾਂ ਜਿਗਰ, ਹੱਡੀਆਂ, ਦਿਮਾਗ਼ ਜਾਂ ਹੋਰ ਅੰਗਾਂ ਵਿਚ ਫੈਲਦੀਆਂ ਹਨ ਤੇ ਲਿੰਫੈਟਿਕ ਪ੍ਰਣਾਲੀ ਰਾਹੀਂ ਧੌਣ ਵਿਚ, ਕੈਂਸਰ ਦੀਆਂ ਗਿਲਟੀਆਂ ਬਣ ਜਾਂਦੀਆਂ ਹਨ।
ਫੇਫੜਿਆਂ ਦੇ ਕੈਂਸਰ ਦਾ ਮੁੱਖ ਕਾਰਨ ਸਿਗਰਟਨੋਸ਼ੀ ਹੈ, ਜੋ ਇਸ ਨਾਲ ਹੋਣ ਵਾਲੀਆਂ 90 ਮੌਤਾਂ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਕੈਂਸਰ ਦਾ ਵਿਕਸਤ ਹੋਣਾ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਬੰਦਾ, ਰੋਜ਼ ਕਿੰਨੀਆਂ ਸਿਗਰਟਾਂ ਫੂਕਦਾ ਰਿਹਾ ਹੈ ਤੇ ਇਹ ''ਕੰਮ ਕਰਦੇ'' ਨੂੰ ਕਿੰਨੇ ਸਾਲ ਹੋ ਗਏ ਹਨ।
ਕਾਰਖਾਨਿਆਂ ਦੇ ਧੂੰਏਂ ਅਤੇ ਕਈ ਹੋਰ ਪਦਾਰਥ ਜਿਵੇਂ ਐਸਬੈਸਟੋਸ, ਨਿੱਕਲ, ਕਰੋਮੇਟ, ਆਰਸੈਨਿਕ, ਵਿਨਾਇਲ ਕਲੋਰਾਇਡ, ਮਸਟਰਡ ਗੈਸ, ਕੋਲੇ ਦੀ ਗੈਸ ਆਦਿ  ਨਾਲ ਕੰਮ  ਕਰਨ ਵਾਲੇ  ਕਰਮਚਾਰੀ, ਜੇਕਰ ਸਿਗਰਟਾਂ ਵੀ ਪੀਂਦੇ ਹੋਣ ਤਾਂ ਫੇਫੜਿਆਂ ਦੇ  ਕੈਂਸਰ ਉਤਪੰਨ ਹੋਣ ਦੇ 60‚ ਵਧੇਰੇ ਚਾਂਸ  ਹੁੰਦੇ ਹਨ। ਜਿਹੜੇ ਵਿਅਕਤੀ ਆਪ ਸਿਗਰਟ ਨਹੀਂ ਪੀਂਦੇ ਪਰ ਸਿਗਰਟਨੋਸ਼ਾਂ ਦੇ ਨਾਲ ਰਹਿੰਦੇ ਹਨ (ਪੈਸਿਵ ਸਮੋਕਰਜ਼) ਜਿਵੇਂ ਉਨ੍ਹਾਂ ਦੀਆਂ ਪਤਨੀਆਂ, ਬੱਚੇ ਤੇ ਹੋਰ ਸਾਥੀ, ਨੂੰ ਵੀ ਇਹ ਰੋਗ ਹੋਣ ਦਾ 35 ਵਧੇਰੇ ਖ਼ਤਰਾ ਰਹਿੰਦਾ ਹੈ ।
ਅਲਾਮਤਾਂ :  ਲੰਮੇ ਸਮੇਂ ਤੋਂ ਖੰਘ, ਛੋਟਾ ਛੋਟਾ ਸਾਹ ਆਉਣਾ, ਬਲਗ਼ਮ ਵਿੱਚ ਖ਼ੂਨ, ਭੁੱਖ ਤੇ ਭਾਰ ਦਾ ਘਟਣਾ, ਘੜੀ-ਮੁੜੀ ਇੰਨਫੈਕਸ਼ਨ ਹੋ ਜਾਣ ਕਰਕੇ ਬੁਖ਼ਾਰ ਹੋਣਾ, ਸਾਹ ਚੜ੍ਹਨਾ ਆਦਿ। ਜੇਕਰ ਇਹ ਕੈਂਸਰ ਦੂਸਰੇ ਅੰਗਾਂ ਵਿਚ ਫੈਲ ਚੁੱਕਾ ਹੋਵੇ ਤਾਂ ਧੌਣ ਵਿਚ ਗਿਲਟੀਆਂ, ਜਿਗਰ ਦਾ ਵੱਡਾ ਹੋਣਾ, ਯਰਕਾਨ ਆਦਿ ਵੀ ਹੋ ਸਕਦੇ ਹਨ।
ਮੁਆਇਨਾ ਤੇ ਇਨਵੈਸਟੀਗੇਸ਼ਨਾਂ : ਮਰੀਜ਼ ਤੋਂ ਬਿਮਾਰੀ ਸਬੰਧੀ ਪੁੱਛਗਿੱਛ ਤੇ ਸਰੀਰ ਦੇ ਮੁਆਇਨੇ ਤੋਂ ਜੇਕਰ ਕੈਂਸਰ ਦਾ ਸ਼ੱਕ ਪਵੇ ਤਾਂ ਨਿਮਨਲਿਖਤ ਟੈਸਟ ਕੀਤੇ ਜਾਂਦੇ ਹਨ:
ਐਕਸ-ਰੇ : ਮੁਢਲੀ ਇਨਵੈਸਟੀਗੇਸ਼ਨ ਹੈ ਜਿਸ ਤੋਂ ਕਿਸੇ ਗੋਲੇ ਜਾਂ ਨਿਮੋਨੀਏ ਵਾਂਗ ਨਜ਼ਰ ਆਉਂਦਾ ਹੈ । ਅਲਟਰਾ-ਸਾਊਂਡ, ਸੀ.ਟੀ., ਸਕੈਨ ਪੈੱਟ ਸਕੈਨ ਤੇ ਐਮ. ਆਰ. ਆਈ : ਨਾਲ ਗੋਲੇ ਜਾਂ ਕੰਸੌਲੀਡੇਸ਼ਨ ਬਾਰੇ ਵਧੇਰੇ ਵਿਸਥਾਰ ਪ੍ਰਾਪਤ ਹੋ ਜਾਂਦਾ ਹੈ। ਬਲਗ਼ਮ ਦੀ ਖ਼ੁਰਦਬੀਨੀ ਜਾਂਚ (ਸਪੂਟਮ ਸਾਇਟਾਲੋਜੀ) ਆਦਿ ਨਾਲ ਕੈਂਸਰ ਬਾਰੇ ਪਤਾ ਲੱਗ ਜਾਂਦਾ ਹੈ ।
ਸੀ. ਟੀ. ਗਾਇਡਿਡ ਐਸਪੀਰੇਸ਼ਨ ਸਾਇਟਾਲੋਜੀ: ਸਾਇਟਾਲੋਜੀ ਵਾਸਤੇ ਸ਼ੱਕੀ ਜਗ੍ਹਾ ਤੋਂ ਸੀ.ਟੀ. ਦੀ ਸੇਧ ਨਾਲ ਵੀ ਐਸਪੀਰੇਸ਼ਨ ਸੈਂਪਲ ਲਿਆ ਜਾਂਦਾ ਹੈ,
ਬਰੱਸ਼ ਸਾਇਟਾਲੋਜੀ :
ਫੇਫੜੇ ਦੀ ਦੂਰਬੀਨੀ ਜਾਂਚ (ਬਰੌਂਕੋਸਕੋਪੀ)
ਬਰੌਂਕੋਸਕੋਪਿਕ ਬਾਇਓਪਸੀ : ਉਸੇ ਮਸ਼ੀਨ ਰਾਹੀਂ ਸ਼ੱਕੀ ਜਗ੍ਹਾ ਤੋਂ ਛੋਟਾ ਮਾਸ ਦਾ ਟੁੱਕੜਾ ਲੈ ਲਿਆ ਜਾਂਦਾ ਹੈ ਜਿਸ ਦੇ ਖ਼ੁਰਦਬੀਨੀ ਨਿਰੀਖਣ ਤੋਂ ਪੱਕਾ ਪਤਾ ਲੱਗ ਜਾਂਦਾ ਹੈ ਕਿ ਕੈਂਸਰ ਹੈ ਜਾਂ ਨਹੀਂ। ਡਾਇਗਨੋਸਿਸ ਨੂੰ ਪੱਕਾ ਕਰਨ ਲਈ ਕੀਤੇ ਜਾਣ ਵਾਲੇ ਇਹ ਖ਼ੁਰਦਬੀਨੀ ਜਾਂਚ ਵਾਲੇ ਟੈਸਟ, ਇਕ ਮਾਹਿਰ ਤੇ ਤਜ਼ਰਬੇਕਾਰ ਪੈਥਾਲੋਜਿਸਟ ਹੀ ਕਰ ਸਕਦਾ ਹੈ।
ਇਲਾਜ : ਅਪਰੇਸ਼ਨ: ਵੱਖ ਵੱਖ ਟੈਸਟਾਂ ਦੇ ਆਧਾਰ(ਟਿਊਮਰ ਦਾ ਸਾਇਜ਼, ਕਿਸਮ, ਗ੍ਰੇਡ, ਸਟੇਜ) 'ਤੇ ਸਰਜਨ, ਫੈਸਲਾ ਲੈਂਦੇ ਹਨ ਕਿ ਕਿਸ ਤਰ੍ਹਾਂ ਦੀ ਸਰਜਰੀ ਕਰਨੀ ਹੈ। ਕਰਨੀ ਵੀ ਹੈ ਜਾਂ ਨਹੀਂ।
ਕੀਮੋ ਥੈਰੇਪੀ : ਖ਼ੁਰਦਬੀਨੀ ਜਾਂਚ ਦੀ ਰਿਪੋਰਟ ਦੇ ਅਨੁਸਾਰ, ਕੈਂਸਰ ਦੀ ਕਿਸਮ ਦੇ ਮੁਤਾਬਕ ਕੀਮੋਥੈਰਾਪੀ ਦਿੱਤੀ ਜਾਂਦੀ ਹੈ ।
ਰੇਡੀਓ-ਥੈਰਾਪੀ ਤੇ ਬਰੇਕੀ-ਥੈਰਾਪੀ : ਵੀ ਟਿਊਮਰ ਦੀ ਕਿਸਮ ਤੇ ਗਰੇਡ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ। ਰੇਡੀਏਸ਼ਨ, ਕੈਂਸਰ ਦੇ  ਸੈੱਲਾਂ ਨੂੰ ਮਾਰਦੀ ਹੈ। ਜੇਕਰ ਕੈਂਸਰ ਦਾ ਗੋਲਾ ਕਿਸੇ ਨੇੜਲੇ ਅੰਗ ਨੂੰ ਨੱਪ (ਦੱਬ) ਰਿਹਾ ਹੋਵੇ ਤਾਂ ਐਸਾ ਦਬਾਅ ਘਟਾਉਣ ਲਈ ਰੇਡੀਏਸ਼ਨ ਜਾਂ ਕਿਰਣਾਂ ਨਾਲ ਇਲਾਜ ਕੀਤਾ ਜਾਂਦਾ ਹੈ। ਕੀਮੋਥੈਰੇਪੀ ਤੋਂ ਬਾਅਦ ਆਮ ਕਰਕੇ ਸਿਰ ਦੇ ਵਾਲ ਝੜ ਜਾਂਦੇ ਹਨ। ਸਿਗਰਟਨੋਸ਼ੀ ਤੋਂ ਬਚਣਾ ਚਾਹੀਦਾ ਹੈ, ਸੰਤੁਲਿਤ ਤੇ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ, ਇਸ ਨਾਲ ਸਰੀਰ ਦਾ ਇਮਿਊਨ ਸਿਸਟਮ ਤਾਕਤਵਰ ਰਹਿੰਦਾ ਹੈ। ਆਮ ਬੀਮਾਰੀਆਂ ਤੇ ਕੈਂਸਰ ਦੇ ਖ਼ਿਲਾਫ ਸਰੀਰ ਤਾਕਤ ਨਾਲ ਲੜ ਸਕਦਾ ਹੈ।
ਡਾ. ਮਨਜੀਤ ਸਿੰਘ ਬੱਲ