ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


'ਨਵਾਂ ਜ਼ਮਾਨਾ' ਨੇ ਭਾਈ ਰਾਜੋਆਣਾ ਦੇ ਮਾਮਲੇ 'ਚ ਰਾਜ-ਸੇਵਾ ਦਾ ਧਰਮ ਨਿਭਾਇਆ


'ਨਵਾਂ ਜ਼ਮਾਨਾ' ਅਖ਼ਬਾਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਸਿੱਖ ਉਭਾਰ ਵਿਰੁਧ ਮੁੜ ਉਬਲਵੀਂ ਨਫ਼ਰਤ ਦਾ ਪ੍ਰਗਟਾਵਾ ਕੀਤਾ ਹੈ। 'ਨਵਾਂ ਜ਼ਮਾਨਾ' ਕਮਿਊਨਿਸਟਾਂ ਦਾ ਸਭ ਤੋਂ ਪੁਰਾਣਾ ਅਖ਼ਬਾਰ ਹੈ। ਕਿਸੇ ਸਮੇਂ ਇਸ ਅਖ਼ਬਾਰ ਨਾਲ ਗ਼ਦਰੀ ਬਾਬੇ ਵੀ ਜੁੜੇ ਰਹੇ ਹਨ। 1947 ਤੋਂ ਬਾਅਦ ਬਹੁਤੇ ਗ਼ਦਰੀ ਬਾਬੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ ਸਨ ਜਾਂ ਇਸ ਪਾਰਟੀ ਦੇ ਹਮਦਰਦ ਬਣ ਗਏ ਸਨ। ਉਨ੍ਹਾਂ ਨੂੰ ਇਹ ਅਹਿਸਾਸ ਵਿਗੋਚਾ ਬੁਰੀ ਤਰ੍ਹਾਂ ਕਚੋਟਦਾ ਸੀ ਕਿ ਦੇਸ਼ ਨੂੰ ਆਜ਼ਾਦ ਕਰਵਾ ਕੇ ਜਿਸ ਤਰ੍ਹਾਂ ਦਾ ਸਮਾਜ ਉਹ ਸਿਰਜਣਾ ਚਾਹੁੰਦੇ ਸਨ ਉਹ ਸਿਰਜਿਆ ਨਹੀਂ ਗਿਆ। ਆਜ਼ਾਦੀ ਸਿਰਫ਼ ਅਮੀਰ ਤਬਕੇ ਨੂੰ ਮਿਲੀ ਹੈ। ਉਨ੍ਹਾਂ ਨੂੰ ਲਗਦਾ ਸੀ ਕਿ ਹੁਣ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਇਨਕਲਾਬ ਕਰਕੇ ਓਹੋ ਜਿਹਾ ਸਮਾਜ ਸਿਰਜਿਆ ਜਾ ਸਕਦਾ ਹੈ, ਜਿਸ ਦੀ ਕਲਪਨਾ ਕਰਕੇ ਜਾਂ ਸੁਪਨਾ ਲੈ ਕੇ ਉਨ੍ਹਾਂ ਦੇ ਸਾਥੀਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ ਸਨ ਅਤੇ ਖੁਦ ਉਨ੍ਹਾਂ ਨੇ ਜਿੰਦਗੀ ਦੇ ਬਿਹਤਰੀਨ ਸਾਲ ਜੇਲ੍ਹਾਂ ਅੰਦਰ ਗੁਜਾਰੇ ਸਨ। ਕੈਨੇਡਾ, ਅਮਰੀਕਾ ਅਤੇ ਟਾਪੂਆਂ 'ਤੇ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਛੱਡ ਕੇ, ਅਮੀਰਾਂ ਵਰਗੀਆਂ ਸੁੱਖ ਸਹੂਲਤਾਂ ਨੂੰ ਲੱਤ ਮਾਰ ਕੇ ਉਨ੍ਹਾਂ ਨੇ ਅੰਡੇਮਾਨ ਵਰਗੀਆਂ ਜੇਲ੍ਹਾਂ ਦੇ ਨਰਕ 'ਚ ਆਪਣੀਆਂ ਜਿੰਦਗੀਆਂ ਬਰਬਾਦ ਕਰ ਲਈਆਂ ਸਨ। ਇਹ ਗ਼ਦਰੀ ਬਾਬੇ 'ਆਪਣੇ' 'ਨਵਾਂ ਜ਼ਮਾਨਾ' ਅਖ਼ਬਾਰ ਨੂੰ ਪਿੰਡਾਂ ਦੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਰੜੀਆਂ ਘਾਲਣਾ ਘਾਲਦੇ ਰਹੇ ਤਾਂ ਕਿ ਮਜ਼ਦੂਰ ਕਿਸਾਨ ਛੇਤੀ ਤੋਂ ਛੇਤੀ ਚੇਤੰਨ ਅਤੇ ਲਾਮਬੰਦ ਹੋ ਕੇ ਇਨਕਲਾਬ ਦਾ ਸੁਪਨਾ ਸਾਕਾਰ ਕਰ ਸਕਣ। ਪਰ 1947 ਤੋਂ ਬਾਅਦ ਜਿਉਂ ਜਿਉਂ ਸਮਾਂ ਬੀਤਦਾ ਗਿਆ ਤਿਉਂ ਤਿਉਂ ਗ਼ਦਰੀ ਬਾਬਿਆਂ ਦਾ ਇਹ ਸੁਪਨਾ ਧੁੰਦਲਾ ਹੁੰਦਾ ਗਿਆ। ਕਿਉਂਕਿ ਕਮਿਊਨਿਸਟ ਪਾਰਟੀ ਆਪਣੀ ਅਗਵਾਈ ਲਈ ਪੂਰੀ ਤਰ੍ਹਾਂ ਸੋਵੀਅਤ ਰੂਸ 'ਤੇ ਨਿਰਭਰ ਹੋ ਗਈ ਸੀ ਤੇ ਸੋਵੀਅਤ ਰੂਸ ਨੇ ਨਹਿਰੂ ਕਾਂਗਰਸ ਨਾਲ ਪੀਡੀ ਜੋਟੀ ਪਾ ਲਈ ਸੀ, ਜਿਸ ਕਾਰਨ ਕਮਿਊਨਿਸਟ ਪਾਰਟੀ ਇਨਕਲਾਬ ਤੋਂ ਦੂਰ ਹੁੰਦੀ ਗਈ ਤੇ ਕਾਂਗਰਸ ਦਾ ਹੀ ਇਕ ਜਨਤਕ ਵਿੰਗ ਤੇ 'ਲੋਕ ਸੰਪਰਕ ਮਹਿਕਮਾ' ਬਣਨਾ ਸ਼ੁਰੂ ਹੋ ਗਈ। 1964 ਪਿਛੋਂ ਦੋ ਕਮਿਊਨਿਸਟ ਪਾਰਟੀਆਂ ਬਣ ਜਾਣ ਕਾਰਨ 'ਨਵਾਂ ਜ਼ਮਾਨਾ' ਅਖ਼ਬਾਰ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਵੀ ਬੁਲਾਰਾ ਬਣ ਗਿਆ। 1980ਵਿਆਂ ਵਿਚ ਜਦ ਅਕਾਲੀ ਦਲ ਵਲੋਂ ਕੇਂਦਰ ਦੀ ਕਾਂਗਰਸ ਸਰਕਾਰ ਵਿਰੁਧ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਗਿਆ ਤਾਂ 'ਨਵਾਂ ਜ਼ਮਾਨਾ' ਨੇ ਮੁੱਦਈ ਸੁਸਤ ਗਵਾਹ ਚੁਸਤ ਦਾ ਰੋਲ ਨਿਭਾਉਂਦਿਆਂ ਇਸ ਮੋਰਚੇ ਵਿਰੁਧ ਹੀ ਨਹੀਂ ਸਮੁੱਚੇ ਸਿੱਖ ਭਾਈਚਾਰੇ ਵਿਰੁਧ ਹੀ ਨਫ਼ਰਤ ਡੰਗਿਆ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਅਖ਼ਬਾਰ ਦੇ ਸੰਪਾਦਕ ਸ. ਜਗਜੀਤ ਸਿਘ ਆਨੰਦ ਵਲੋਂ ਅਕਾਲੀ ਆਗੂਆਂ ਨੂੰ ਰੱਜ ਕੇ ਭੰਡਿਆ ਨੋਚਿਆ ਜਾਂਦਾ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿਰੁਧ ਵੀ ਇਸ ਅਖ਼ਬਾਰ ਨੇ ਰੱਜ ਕੇ ਭੰਡੀ ਪ੍ਰਚਾਰ ਕੀਤਾ। ਪਰ ਇਸ ਦੇ ਬਾਵਜੂਦ ਵੀ ਇਸ ਅਖ਼ਬਾਰ ਦੀ ਮਾਲੀ ਹਾਲਤ ਦਿਨ ਬ ਦਿਨ ਪਤਲੀ ਹੁੰਦੀ ਗਈ। ਅਖੀਰ ਵਿਚ ਹਾਲਤ ਇਹ ਬਣ ਗਈ ਸੀ ਕਿ ਪਾਰਟੀ ਵਲੋਂ ਇਸ ਅਖ਼ਬਾਰ ਨੂੰ ਬੰਦ ਕਰਨ ਦਾ ਫੈਸਲਾ ਕਰਨਾ ਪੈ ਗਿਆ ਸੀ। ਪਰ ਅਖ਼ਬਾਰ ਦੇ ਸੰਪਾਦਕ ਸ. ਜਗਜੀਤ ਸਿੰਘ ਆਨੰਦ ਨੇ ਇਕ ਟਰੱਸਟ ਬਣਾ ਕੇ ਇਸ ਅਖ਼ਬਾਰ ਨੂੰ ਨਿੱਜੀ ਤੌਰ 'ਤੇ ਛਾਪਣਾ ਜਾਰੀ ਰੱਖਿਆ। ਜੂਨ 1984 ਦੇ ਹਮਲੇ ਤੋਂ ਬਾਅਦ ਸ. ਜਗਜੀਤ ਸਿੰਘ ਆਨੰਦ ਵਲੋਂ 'ਨਵਾਂ ਜ਼ਮਾਨਾ' ਨੂੰ ਪੰਜਾਬ ਪੁਲਿਸ ਦਾ ਬੁਲਾਰਾ ਬਣਾ ਦਿੱਤਾ ਗਿਆ। ਪੰਜਾਬ ਪੁਲਿਸ ਵਲੋਂ ਜਦੋਂ ਸਿੱਖ ਨੌਜਵਾਨਾਂ ਉਤੇ ਅਣਮਨੁੱਖੀ ਤਸੱਦਦ ਢਾਹੁਣ ਤੋਂ ਬਾਅਦ, ਉਨ੍ਹਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਗਏ ਦਿਖਾਇਆ ਜਾਂਦਾ ਸੀ, ਤਾਂ ਨਵਾਂ ਜ਼ਮਾਨਾ ਦੀ ਸੁਰਖੀ ਹੁੰਦੀ ਸੀ : ਅੱਜ ਐਨੇ ਸਿੱਖ ਅੱਤਵਾਦੀ ਪੁਲਿਸ ਮੁਕਾਬਲੇ ਵਿਚ ਹਲਾਕ ਜਾਂ ਢੇਰੀ ਕਰ ਦਿਤੇ ਗਏ। 'ਨਵਾਂ ਜ਼ਮਾਨਾ' ਦੀ ਇਸ ਵਡਮੁੱਲੀ ਸੇਵਾ ਦੇ ਇਵਜ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਜੋ ਗਵਰਨਰ ਲਾਏ ਜਾਂਦੇ ਸਨ, ਉਨ੍ਹਾਂ ਵਲੋਂ ਅਖ਼ਬਾਰ ਦੇ ਸੰਪਾਦਕ ਨੂੰ ਕਰੋੜਾਂ ਰੁਪਏ ਦੀ ਬਖਸਸ ਆਉਣ ਲੱਗ ਪਈ ਸੀ। ਸੰਨ 1992 ਵਿਚ ਜਦ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਤਾਂ ਇਸ ਦੇ ਮੁੱਖ ਮੰਤਰੀ ਸ. ਬੇਅੰਤ ਸਿੰਘ ਵਲੋਂ ਸਿੱਖ ਨੌਜਵਾਨਾਂ ਦਾ ਸ਼ਿਕਾਰ ਕਰਨ ਲਈ ਮੀਰ ਮੰਨੂੰ ਤੇ ਜ਼ਕਰੀਆ ਖ਼ਾਨ ਵਰਗੇ ਸੂਬੇਦਾਰਾਂ ਦਾ ਰੋਲ ਨਿਭਾਇਆ ਜਾਣ ਲੱਗਿਆ ਤਾਂ ਪੰਜਾਬ ਦੀ ਹਰ ਚੌਕੀ ਥਾਣਾ ਬੁੱਚੜਖਾਨਿਆਂ ਵਿਚ ਤਬਦੀਲ ਹੋ ਗਿਆ। ਪੁਲਿਸ ਵਾਲਿਆਂ ਨੂੰ ਪੂਰੀ ਤਰ੍ਹਾਂ ਖੁੱਲ੍ਹ ਦੇ ਦਿਤੀ ਗਈ ਉਹ ਭਾਵੇਂ ਸਿੱਖ ਨੌਜਵਾਨਾਂ ਦੇ ਖ਼ੂਨ ਦੀਆਂ ਨਦੀਆਂ ਵਹਾ ਦੇਣ, ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਪੁਲਿਸ ਵਾਲਿਆਂ ਵਲੋਂ ਸਿੱਖ ਨੌਜਵਾਨਾਂ ਨੂੰ ਚੁੱਕ ਕੇ ਥਾਣੇ ਲਿਆਉਣਾ, ਉਨ੍ਹਾਂ 'ਤੇ ਅੰਨ੍ਹਾ ਤਸ਼ੱਦਦ ਕਰਕੇ ਉਨ੍ਹਾਂ ਨੂੰ ਉਮਰ ਭਰ ਲਈ ਨਕਾਰਾ ਕਰ ਦੇਣ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਬਦਲੇ ਵਿਲਕਦੇ ਮਾਪਿਆਂ ਕੋਲੋਂ ਲੱਖਾਂ ਰੁਪਏ ਬਟੋਰਨ ਦਾ ਵਪਾਰ ਚਾਲੂ ਕਰ ਲਿਆ ਗਿਆ। ਤਸ਼ੱਦਦ ਦੌਰਾਨ ਜਿਨ੍ਹਾਂ ਨੌਜਵਾਨਾਂ ਦੀ ਮੌਤ ਹੋ ਜਾਂਦੀ ਸੀ, ਉਨ੍ਹਾਂ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ ਤੇ 'ਨਵਾਂ ਜ਼ਮਾਨਾ' ਪੁਲਿਸ ਦੇ ਇਸ ਬੁੱਚੜਪੁਣੇ ਦਾ ਨਿਰਲੱਜ ਵਕੀਲ ਬਣ ਕੇ ਅੱਗੇ ਆਉਂਦਾ ਸੀ। ਖਬਰ ਦੀ ਸੁਰਖੀ, ਸੁਰ ਤੇ ਇਬਾਰਤ ਪੁਲਿਸ ਦੀ ਇੱਛਾ ਦੇ ਅਨੁਕੂਲ ਹੁੰਦੀ ਸੀ। ਜੇ ਪੁਲਿਸ 'ਮੁਕਾਬਲਾ' ਕਹਿਣਾ ਚਾਹੁੰਦਾ ਸੀ, ਤਾਂ 'ਨਵਾਂ ਜਮਾਨਾ' ਦੀ ਖਬਰ ਵਿਚ 'ਮੁਕਾਬਲਾ' ਦਿਖਾ ਦਿਤਾ ਜਾਂਦਾ ਸੀ, ਜੇ ਹਿਰਾਸਤ 'ਚੋਂ ਫਰਾਰ ਹੋਏ ਦਿਖਾਉਣਾ ਹੁੰਦਾ ਸੀ, ਤਾਂ ਨਵਾਂ ਜਮਾਨਾ ਇਸ ਝੂਠ ਨੂੰ ਉਸੇ ਤਰ੍ਹਾਂ ਢੀਠਤਾਈ ਨਾਕ ਸਿੰਗਾਰ ਕੇ ਪੇਸ ਕਰ ਦਿੰਦਾ ਸੀ। ਜਿਥੇ ਇਕ ਪਾਸੇ ਪੰਜਾਬ ਲਹੂ ਦਾ ਭਰਿਆ ਛੱਪੜ ਬਣਿਆ ਦਿਖਾਈ ਦੇਣ ਲੱਗਾ ਸੀ, ਉਥੇ 'ਨਵਾਂ ਜ਼ਮਾਨਾ' ਪੂਰੇ ਸਰੂਰ ਵਿਚ ਆ ਕੇ ਇਸ ਖ਼ੂਨ ਦੇ ਸੋਹਿਲੇ ਗਾ ਰਿਹਾ ਸੀ ਤੇ ਪੁਲਿਸ ਵਾਲਿਆਂ ਕੋਲੋਂ ਬੇਹਿਸਾਬਾ ਕਾਲਾ ਧਨ ਹਿੱਸੇਪੱਤੀਆਂ ਦੇ ਰੂਪ ਵਿਚ ਬਟੋਰ ਰਿਹਾ ਸੀ। ਸਰਕਾਰੀ ਆਦੇਸ਼ਾਂ ਮੁਤਾਬਕ ਪਠਾਨਕੋਟ ਤੋਂ ਲੈ ਕੇ ਮੂਨਕ ਤੱਕ, ਅਟਾਰੀ ਤੋਂ ਲੈ ਕੇ ਡੱਬਵਾਲੀ ਤਕ, ਪੁਲਿਸ ਦੀ ਹਰ ਚੌਕੀ ਤੇ ਥਾਣੇ ਵਿਚ ਨਵਾਂ ਜ਼ਮਾਨਾ ਅਖ਼ਬਾਰ ਵੱਡੀ ਗਿਣਤੀ ਵਿਚ ਪਹੁੰਚਦਾ ਹੁੰਦਾ ਸੀ, ਕਿਉਂਕਿ ਇਹ ਇਸ ਕਤਲੇਆਮ ਨੂੰ ਨੈਤਿਕ ਵਾਜਬੀਅਤ ਪ੍ਰਦਾਨ ਕਰਦਾ ਸੀ ਤੇ ਪੁਲਸੀ ਬੁੱਚੜਾਂ ਦੀਆਂ ਵਾਰਾਂ ਗਾ ਕੇ, ਉਨ੍ਹਾਂ ਦਾ ਮਨੋਬਲ ਵਧਾਉਂਦਾ ਸੀ। ਪੁਲਿਸ ਵਾਲੇ ਖ਼ੁਦ ਥਾਣੇ ਚੌਕੀਆਂ ਵਿਚ ਆਉਣ ਵਾਲੇ ਲੋਕਾਂ ਨੂੰ ਇਹ ਅਖ਼ਬਾਰ ਪੜ੍ਹਾਉਂਦੇ ਹੁੰਦੇ ਸਨ। ਇਸਤੋਂ ਇਲਾਵਾ ਸ੍ਰੋਮਣੀ ਬੁੱਚੜ ਕੇ ਪੀ ਐੱਸ ਗਿੱਲ ਦੇ ਆਦੇਸਾਂ ਉੱਤੇ ਪੰਚਾਇਤਾਂ ਲਈ ਵੀ ਇਸ ਅਖਬਾਰ ਨੂੰ ਲਾਜਮੀ ਖਰੀਦਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਰਈਆਂ ਸਨ। ਅਖ਼ਬਾਰ ਵਲੋਂ ਨਿਭਾਈ ਜਾ ਰਹੀ ਇਸ ਸੇਵਾ ਬਦਲੇ, ਜ਼ਕਰੀਆ ਖ਼ਾਨ ਦਾ ਰੂਪ ਧਾਰ ਚੁੱਕੇ ਮੁੱਖ ਮੰਤਰੀ ਬੇਅੰਤ ਸਿੰਘ ਵਲੋਂ 'ਨਵਾਂ ਜ਼ਮਾਨਾ' ਦੇ ਸੰਪਾਦਕ ਜਗਜੀਤ ਸਿੰਘ ਆਨੰਦ ਨੂੰ ਜਲੰਧਰ ਦੇ ਜੇ.ਪੀ. ਨਗਰ ਵਿਚ ਇਕ ਵੱਡਾ ਪਲਾਟ ਤੋਹਫ਼ੇ ਦੇ ਤੌਰ 'ਤੇ ਦਿੱਤਾ ਗਿਆ ਜੋ ਪਿਛੇ ਜਿਹੇ ਹੀ ਕਰੋੜਾਂ ਰੁਪਏ ਦਾ ਵੇਚਿਆ ਗਿਆ ਹੈ।
ਮੁੱਖ ਮੰਤਰੀ ਬੇਅੰਤ ਸਿਘ ਦੀ ਮੌਤ ਤੋਂ ਬਾਅਦ ਜਦ ਸਿੱਖ ਜਥੇਬੰਦੀਆਂ ਵਲੋਂ ਸਿੱਖਾਂ ਦੇ ਇਸ ਕਤਲੇਆਮ ਵਿਰੁਧ ਅੰਤਰਰਾਸ਼ਟਰੀ ਪੱਧਰ 'ਤੇ ਉਠਾਈ ਗਈ ਆਵਾਜ਼ ਤਕੜੇ ਜਨਤਕ ਦਬਾਓ ਦਾ ਰੂਪ ਧਾਰਨ ਕਰ ਗਈ ਤਾਂ ਸੀ.ਬੀ.ਆਈ. ਦੀ ਜਾਂਚ ਵਿਚ ਅਫ਼ਸਰਾਂ ਸਮੇਤ ਪੰਜਾਬ ਪੁਲਿਸ ਦੇ ਚਾਰ ਸੌ ਜਵਾਨਾਂ ਨੂੰ ਦੋਸ਼ੀ ਠਹਿਰਾਇਆ ਗਿਆ। ਪਰ 'ਨਵਾਂ ਜ਼ਮਾਨਾ' ਖੁੱਲ੍ਹ ਕੇ ਇਨ੍ਹਾਂ ਦੋਸ਼ੀ ਪੁਲਿਸ ਵਾਲਿਆਂ ਦੀ ਪਿੱਠ 'ਤੇ ਆ ਗਿਆ ਕਿ ਇਹ ਤਾਂ 'ਸੂਰਮੇ' ਹਨ, ਅਤੇ ਇਨ੍ਹਾਂ ਨੂੰ ਤਾਂ ਸਗੋਂ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ। ਸੋ ਇਹ ਸੀ 'ਨਵਾਂ ਜ਼ਮਾਨਾ' ਅਖ਼ਬਾਰ ਵਲੋਂ ਸਿੱਖ ਨਸਲਕੁਸ਼ੀ ਵਿਚ ਨਿਭਾਈ ਗਈ ਕਰੂਪ ਭੂਮਿਕਾ ਦਾ ਸੰਖੇਪ ਇਤਿਹਾਸ।
ਹੁਣ ਜਦ ਹਜਾਰਾਂ ਨਿਰਦੋਸੇ ਸਿੱਖ ਨੌਜਵਾਨਾਂ ਦੇ ਕਾਤਲ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਭਾਈ ਦਿਲਾਵਰ ਸਿੰਘ ਵੱਲੋਂ, ਆਪਣੇ ਜਿਗਰੀ ਦੋਸਤ ਭਾਈ ਬਲਵੰਤ ਸਿੰਘ ਦੇ ਸਿਹਿਯੋਗ ਨਾਲ, ਇਕ ਆਤਮਘਾਤੀ ਹਮਲੇ ਦੌਰਾਨ ਵਿਸਫੋਟ ਕਰਕੇ ਤੂੰਬਾ ਤੂੰਬਾ ਕਰ ਦੇਣ ਦੇ ਦੋਸ਼ ਵਿਚ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਰੱਦ ਕਰਾਉਣ ਲਈ ਪੰਜਾਬ ਅਤੇ ਦੇਸ਼ ਵਿਦੇਸ਼ ਦੇ ਕੋਨੇ ਕੋਨੇ ਵਿਚ ਬੈਠੇ ਸਿੱਖ ਭਾਈਚਾਰੇ ਵਲੋਂ ਗਰਜ਼ਵੀਂ ਤੇ ਰੋਹੀਲੀ ਆਵਾਜ਼ ਬੁਲੰਦ ਕੀਤੀ ਗਈ ਹੈ, ਤਾਂ 'ਨਵਾਂ ਜ਼ਮਾਨਾ' ਅਖ਼ਬਾਰ ਦੇ ਮਾਲਕ ਸੰਪਾਦਕ ਜਗਜੀਤ ਸਿੰਘ ਆਨੰਦ ਦੇ ਬਜ਼ੁਰਗ ਹੋ ਜਾਣ ਕਾਰਨ ਉਨ੍ਹਾਂ ਦਾ ਪੁੱਤਰ ਸੁਕੀਰਤ, ਆਪਣੇ ਬਾਪ ਵਾਲਾ ਬਦਕਾਰ ਰੋਲ ਨਿਭਾਉਣ ਲਈ ਪੂਰੀ ਬੇਸਰਮੀ ਨਾਲ ਅੱਗੇ ਆ ਗਿਆ ਹੈ। ਉਸ ਵਲੋਂ ਇਕ ਅਪ੍ਰੈਲ 2012 ਦੇ 'ਨਵਾਂ ਜ਼ਮਾਨਾ' ਵਿਚ ਇਕ ਬਹੁਤ ਹੀ ਨੀਵੇਂ ਪੱਧਰ ਦੀ ਲਿਖਤ ਛਪਵਾਈ ਗਈ ਹੈ, ਜਿਸ ਵਿਚੋਂ ਭਾਈ ਰਾਜੋਆਣਾ ਹੀ ਨਹੀਂ, ਉਸ ਦੇ ਬਚਾਓ ਲਈ ਅੰਤਰਰਾਸ਼ਟਰੀ ਪੱਧਰ 'ਤੇ ਸੜਕਾਂ 'ਤੇ ਉਤਰ ਆਏ ਸਿੱਖ ਭਾਈਚਾਰੇ ਅਤੇ ਸਿੱਖਾਂ ਦੇ ਪੰਜੇ ਤਖ਼ਤਾਂ ਦੇ ਸਨਮਾਨਯੋਗ ਜਥੇਦਾਰਾਂ ਵਿਰੁਧ ਵੀ ਕੋਝੀ ਨਫ਼ਰਤ ਡੁਲ੍ਹ ਡੁਲ੍ਹ ਪੈਂਦੀ ਹੈ। ਸੁਕੀਰਤ ਦੀ ਇਹ ਅਸਲੀਲ ਲਿਖਤ ਪੜ੍ਹ ਕੇ ਕੋਈ ਹੈਰਾਨੀ ਜਾਂ ਗਿਲਾ ਨਹੀਂ ਹੁੰਦਾ, ਕਿਉਂਕਿ ਸੁਕੀਰਤ ਤਾਂ ਉਹ ਅਹਿਸਾਨਾਂ ਬਦਲੇ ਆਪਣਾ ਧਰਮ ਪਾਲ਼ ਰਿਹਾ ਹੈ ਜੋ ਮੁੱਖ ਮੰਤਰੀ ਬੇਅੰਤ ਸਿੰਘ ਨੇ ਇਸ ਪਰਿਵਾਰ 'ਤੇ ਕੀਤੇ ਸਨ! ਸੁਕੀਰਤ ਲਿਖਦਾ ਹੈ :
'ਪੰਜਾਬ ਦੀਆਂ ਚੋਣਾਂ ਲੰਘੀਆਂ ਹੀ ਸਨ ਕਿ ਇਹ ਸਿਆਸੀ ਧਾਰਮਿਕ ਡਰਾਮਾ ਸ਼ੁਰੂ ਹੋ ਗਿਆ। ਰਾਜੋਆਣਾ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀਆਂ ਮੰਗਾਂ, ਅਕਾਲ ਤਖਤ ਵਲੋਂ ਉਸ ਨੂੰ 'ਜ਼ਿੰਦਾ ਸ਼ਹੀਦ' ਦਾ ਖਿਤਾਬ ਦੇਣ ਦਾ ਫ਼ੈਸਲਾ। ਬਿਨ ਮੰਗਿਆ ਇਹ 'ਮਾਣ ਪੱਤਰ' ਉਸ ਦੀ ਝੋਲੀ ਵਿਚ ਪੈ ਜਾਣ ਕਾਰਨ ਰਾਜੋਆਣਾ ਵਲੋਂ ਕਦੇ ਤੱਤ ਭੜੱਤੀ ਨਾਂਹ ਅਤੇ ਫੇਰ ਸਨਿਮਰ ਹਾਂ ਕਰਨ ਦੇ ਚੋਂਚਲੇ। 'ਕੌਮ' ਦੇ ਠੇਕੇਦਾਰਾਂ ਵਲੋਂ ਪੰਜਾਬ ਬੰਦ ਦਾ ਸੱਦਾ, ਸਰਕਾਰ ਵਲੋਂ ਆਪਣੀ ਹਰ ਪ੍ਰਸ਼ਾਸਕੀ ਜਿੰਮੇਵਾਰੀ ਭੁਲਾ ਕੇ ਸਿਆਸੀ ਲਾਹਾ ਲੈਣ ਲਈ ਦਿੱਲੀ ਵੱਲ ਦੀਆਂ ਦੌੜਾਂ। ਪੰਜਾਬ ਦੇ ਮੀਡੀਏ ਖ਼ਾਸ ਕਰ ਪੰਜਾਬੀ ਮੀਡੀਏ ਦਾ ਨਿੰਦਣਯੋਗ ਰੋਲ।'
ਕਿਸੇ ਭਾਈਚਾਰੇ ਦਾ ਦੇਸ਼ ਵਿਦੇਸ਼ ਵਿਚ ਐਡਾ ਵੱਡਾ ਉਭਾਰ ਸੁਕੀਰਤ ਨੂੰ ਜੇਕਰ ਮਹਿਜ ਇਕ 'ਸਿਆਸੀ ਡਰਾਮਾ' ਹੀ ਨਜਰ ਆਉਂਦਾ ਹੈ ਤਾਂ ਇਸ 'ਤੇ ਬਹੁਤਾ ਹੈਰਾਨ ਹੋਣ ਦੀ ਲੋੜ ਨਹੀਂ। ਨਵਾਂ ਜਮਾਨਾ ਦੇ ਪਿਛਲੇ 50-60 ਸਾਲਾਂ ਦੇ ਅੰਕਾਂ ਉਤੇ ਝਾਤੀ ਮਾਰੀ ਜਾਵੇ ਤਾਂ ਉਸ ਦੀ ਇਹ ਬਦਹਵਾਸੀ ਭਲੀਭਾਂਤ ਸਮਝ ਪੈ ਜਾਵੇਗੀ। 1974 ਵਿਚ ਜਦ ਇੰਦਰਾਂ ਗਾਂਧੀ ਦੇ ਭਰਿਸਟ ਰਾਜ ਵਿਰੁੱਧ ਦੇਸ ਭਰ ਅੰਦਰ ਜੈ ਪ੍ਰਕਾਸ ਨਾਰਾਇਣ ਦੀ ਅਗਵਾਈ ਹੇਠ ਮਾਮਿਸਾਲ ਜਨਤਕ ਉਭਾਰ ਲਾਮਬੰਦ ਹੋ ਗਿਆ ਸੀ, ਅਤੇ 10 ਅਕਤੂਬਰ 1974 ਨੂੰ ਜੈ ਪ੍ਰਕਾਸ ਨਰਾਇਣ ਦੀ ਅਗਵਾਈ ਹੇਠ ਲੁਧਿਆਣਾ ਸਹਿਰ ਅੰਦਰ ਲੱਖਾਂ ਲੋਕਾਂ ਨੇ ਰੋਹ ਭਰਿਆ ਮਾਰਚ ਕੀਤਾ ਸੀ, ਤਾਂ 'ਨਵਾਂ ਜਮਾਨਾ' ਨੇ ਆਪਣੀ ਖਸਲਤ ਅਨੁਸਾਰ ਉਸ ਜਨਤਕ ਉਭਾਰ ਬਾਰੇ ਸੁਰਖੀ ਲਾਈ ਸੀ: 'ਲੁਧਿਆਣੇ ਵਿਚ ਧਨੀਆਂ ਦਾ ਧਮੱਚੜ'! ਇਸ ਦੇ ਉਲਟ 1973 ਵਿਚ ਜਦ ਰੂਸ ਨੇ ਅਫਗਾਨਿਸਤਾਨ ਵਿਚ ਬਾਦਸਾਹ ਦਊਦ ਨੂੰ ਰਾਜ ਪਲਟਾ ਕਰਾ ਕੇ ਗੱਦੀਂਓ ਲਾਹ ਦਿਤਾ ਸੀ ਅਤੇ ਇਸ ਤਰ੍ਹਾਂ ਅਫਗਾਨਿਸਤਾਨ ਅੰਦਰ ਅੱਧੀ ਸਦੀ ਤਕ ਚੱਲਣ ਵਾਲੇ ਖੂਨੀ ਸਿਲਸਿਲੇ ਦਾ ਮਹੂਰਤ ਕਰ ਦਿਤਾ ਸੀ, ਤਾਂ 'ਨਵਾਂ ਜਮਾਨਾ' ਨੇ ਸੁਰਖੀ ਲਾਈ ਸੀ: 'ਅਫਗਾਨਿਸਤਾਨ ਵਿਚ ਲਾਲ ਧਮਾਕਾ'! ਸੋ ਜਿਹੜਾ ਅਖਵਾਰ ਤੇ ਪਰਿਵਾਰ ਇਸ ਤਰ੍ਹਾਂ ਦੇ ਨਿਘਰੇ ਹੋਏ ਨੈਤਿਕ ਮਿਆਰਾਂ ਤੇ ਬੋਅ ਮਾਰਦੇ ਸਿਆਸੀ ਸੱਭਿਆਚਾਰ ਦੇ ਵਿਰਸੇ ਦਾ ਮਾਲਕ ਹੈ, ਉਸ ਅਖਬਾਰ/ਪਰਿਵਾਰ ਦੇ ਰੂਸ ਤੋਂ ਪੜ੍ਹ ਕੇ ਤੇ ਜਵਾਨ ਹੋ ਕੇ ਮੁੜੇ ਜਾਂਨਸੀਨ ਨੂੰ, ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ 'ਜ਼ਿੰਦਾ ਸ਼ਹੀਦ' ਦਾ ਖਿਤਾਬ ਇਕ ਵਿਸੇਸ ਨੁਕਤਾ-ਨਜਰ ਤੋਂ ਵਾਪਸ ਕਰਨ ਤੇ ਫਿਰ ਇਕ ਹੋਰ ਨੁਕਤਾ-ਨਜਰ ਤੋਂ ਨਿਮਰਤਾ ਸਾਹਿਤ ਪਰਵਾਨ ਕਰ ਲੈਣ ਦੇ ਡੂੰਘੇ ਖ਼ਾਲਸਾਈ ਅਰਥਾਂ ਦੀ ਸਮਝ ਭਲਾ ਕਿਵੇਂ ਪੈ ਸਕਦੀ ਹੈ? ਜੇਕਰ ਭਾਈ ਬਲਵੰਤ ਸਿੰਘ ਦਾ ਮੌਤ ਨੂੰ ਮਖੌਲਾਂ ਕਰਨ ਦਾ ਅੰਦਾਜ ਉਸ ਨੂੰ 'ਚੋਂਚਲੇਬਾਜੀ' ਨਜਰ ਆਉਂਦੀ ਹੈ, ਤਾਂ ਗਦਰੀ ਸਿੱਖ ਯੋਧਿਆਂ ਦੇ ਸਮਕਾਲੀ ਤੇ ਦਿਲੀ ਪ੍ਰਸੰਸਕ ਬੰਗਾਲੀ ਦੇਸਭਗਤ ਸਚਿੰਦਰ ਨਾਥ ਸਨਿਆਲ ਦਾ ਆਪਣੀ ਸਵੈ-ਜੀਵਨੀ 'ਬੰਦੀ ਜੀਵਨ' ਵਿਚ ਇਹ ਕਿਹਾ, ਕਿ 'ਇਕ ਬਹਾਦਰ ਹੀ ਕਿਸੇ ਬਹਾਦਰ ਦੀ ਕਦਰ ਕਰ ਸਕਦਾ ਹੈ', ਕਿੰਨਾ ਸੱਚ ਪ੍ਰਤੀਤ ਹੋ ਰਿਹਾ ਹੈ। ਜੀਵਨ ਭਰ ਰਾਜ-ਸਕਤੀ ਦੀ ਸਰਪ੍ਰਸਤੀ ਤੇ ਮਿਹਰਬਾਨੀਆਂ ਦਾ ਆਨੰਦ ਲੁੱਟਣ ਵਾਲੇ ਕਿਸੇ 'ਆਨੰਦ' ਦੇ ਫਰਜੰਦ ਨੂੰ, ਦਸਮ ਪਾਤਸਾਹ ਦੇ ਨਾਦੀ ਪੁੱਤਰਾਂ ਦੀਆਂ ਮੌਤ ਨਾਲ ਖੇਡਾਂ ਕਿਵੇਂ ਸਮਝ ਆ ਸਕਦੀਆਂ ਹਨ? ਜੀਵਨ ਭਰ ਦੂਸਰਿਆਂ ਦੇ ਖੂਨ ਆਸਰੇ ਪਲਣ ਵਾਲੇ ਕਿਸੇ ਪਰਜੀਵੜੇ ਨੂੰ, 'ਮਰਜੀਵੜਿਆਂ' ਦੇ ਮਨ ਦੀ ਕੈਮਿਸਟਰੀ ਕਿਵੇਂ ਸਮਝ ਪੈ ਸਕਦੀ ਹੈ? (ਚੰਡੀਗੜ੍ਹ ਵਾਲੇ ਗੁਰਬਚਨ ਨੇਂ ਅਜਿਹੇ ਸਾਹਿਤਕਾਰਾਂ ਲਈ 'ਪਰਜੀਵੜਾ ਚਿੰਤਨ' ਦਾ ਬਹੁਤ ਹੀ ਢੁਕਵਾਂ ਲਕਬ ਵਰਤਿਆ ਸੀ) ਜਿਹੜੇ ਸਖਸ ਨੇ ਜਿੰਦਗੀ ਭਰ ਕਿਸੇ ਆਦਰਸ ਲਈ ਨਹੁੰ ਜਿੰਨੀ ਵੀ ਕੁਰਬਾਨੀ ਨਹੀਂ ਕੀਤੀ, ਉਸ ਖੁਦਪ੍ਰਸਤ ਇਨਸਾਨ ਨੂੰ ਆਦਰਸਾਂ ਲਈ ਜਾਨ ਦੀ ਬਾਜੀ ਲਾ ਦੇਣ ਦੀ ਖੇਡ ਕਿਵੇਂ ਸਮਝ ਪੈ ਸਕਦੀ ਹੈ? ਉਹ ਅਜਿਹੀ ਖਾਲਸ ਨੈਤਿਕਤਾ ਦਾ ਜਲੌ ਕਿਵੇਂ ਝੱਲ ਸਕਦਾ ਹੈ? ਉਸ ਅੰਦਰ ਸਾੜਾ ਤੇ ਤਿਜਾਬੀ ਜਲਣ ਨਹੀਂ ਪੈਦਾ ਹੋਵੇਗੀ, ਤਾਂ ਹੋਰ ਕੀ ਹੋਵੇਗਾ? ਇਸ ਕਰਕੇ ਹੀ ਉਹ ਸਿੱਖ ਨੌਜਵਾਨਾਂ ਵਿਚ ਉਪਜੇ ਖ਼ਾਲਸਾਈ ਜੋਸ਼ ਤੋਂ ਚਿੜਿਆ ਤੇ ਸੜਿਆ ਭੁੱਜਿਆ ਆਖ਼ਦਾ ਹੈ : 'ਨੌਜਵਾਨਾਂ ਦੀਆਂ ਜੈਕਾਰੇ ਛੱਡਦੀਆਂ ਅਤੇ ਹਾਰਨ ਮਾਰਦੀਆਂ ਹੇੜਾਂ ਲੰਘੀਆਂ।... ਪੰਜਾਬ ਸਰਕਾਰ ਅਤੇ ਉਸ ਦੇ ਹੁਕਮਾਂ ਹੇਠ ਪੰਜਾਬ ਪੁਲਿਸ ਨੇ ਇਨ੍ਹਾਂ ਮਿਡਲ ਕਲਾਸ ਮੁਸ਼ਟੰਡਿਆਂ ਨੂੰ ਕਿਤੇ ਵੀ ਨਾ ਰੋਕਿਆ, ਵਰਨਾ ਮੂੰਹ ਲੁਕਾ ਕੇ ਜੈਕਾਰੇ ਛੱਡਦੇ ਇਹ ਮੁਸ਼ਫੁਟੀਏ ਹੋਲੀ ਦੇ ਦਿਨ ਹੁੜਦੰਗ ਮਚਾਉਣ ਵਾਲਿਆਂ ਤੋਂ ਵੱਖਰੇ ਨਹੀਂ ਸਨ ਜਾਪਦੇ, ਜੋ ਪੁਲਿਸ ਦੇ ਦੋ ਡੰਡਿਆ ਨਾਲਾ ਹੀ ਸੂਤ ਪੈ ਜਾਂਦੇ ਹਨ।' ਠੀਕ ਹੈ। ਆਪਣੇ ਇਖਲਾਕੀ ਕੋਝ ਨੂੰ ਢਕਣ ਲਈ ਇਹ ਢੀਠਾਂ ਵਾਲਾ ਪੈਂਤੜਾ ਬਹੁਤ ਢੁਕਵਾਂ ਹੈ! ਆਪਣੀ ਅੰਦਰਲੀ ਕਾਇਰਤਾ ਨੂੰ ਛੁਪਾਉਣ ਲਈ, ਹੱਕ ਇਨਸਾਫ ਲਈ ਜੂਝ ਰਹੇ ਜੁਝਾਰੂਆਂ ਨੂੰ 'ਮੁਸ਼ਟੰਡੇ' ਕਹਿਣ ਦਾ ਅੰਦਾਜ ਸੁਕੀਰਤ ਦਾ ਖਾਨਦਾਨੀ ਵਿਰਸਾ ਹੈ। ਇਸ ਵਿਰਸੇ ਉਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ, ਲਿਖੀ ਜਾਣੀ ਚਾਹੀਦੀ ਵੀ ਹੈ, ਅਤੇ ਵਾਹਿਗੁਰੂ ਨੇ ਮਿਹਰ ਰੱਖੀ ਤਾਂ ਕਿਸੇ ਮੌਕੇ ਜਰੂਰ ਲਿਖੀ ਜਾਵੇਗੀ!
ਸੁਕੀਰਤ ਸਿੱਖ ਕੌਮ ਦੀ ਡੂੰਘੀ ਵੇਦਨਾ 'ਚੋਂ ਨਿਕਲਿਆ ਇਹ ਸੁਆਲ ਝੁਠਲਾਉਣ ਲਈ ਕਿ ' ਕੀ ਫਾਂਸੀਆਂ ਸਿੱਖਾਂ ਲਈ ਹੀ ਹਨ?', ਮੋਹਨ ਚੰਦ ਕਰਮ ਦਾਸ ਗਾਂਧੀ ਦੇ ਕਾਤਲ ਨੱਥੂ ਰਾਮ ਗੌਡਸੇ, ਕਲਕੱਤੇ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਧਨੰਜੈ ਚੈਟਰਜੀ ਨੂੰ ਦਿੱਤੀਆਂ ਗਈਆਂ ਫਾਂਸੀਆਂ ਅਤੇ ਬਲਾਤਕਾਰ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਪਾ ਚੁੱਕੇ ਆਟੋ ਸ਼ੰਕਰ, ਗੁਹਾਟੀ ਵਿਚ ਨਿੱਜੀ ਦੁਸ਼ਮਣੀ ਕਾਰਨ ਕਿਸੇ ਦਾ ਸਿਰ ਵੱਢਣ ਵਾਲੇ ਮਹੇਂਦਰ ਦਾਸ, ਉੜੀਸਾ ਵਿਚ ਇਸਾਈ ਮਿਸ਼ਨਰੀ ਤੇ ਉਸ ਦੇ ਬੱਚਿਆਂ ਨੂੰ ਜ਼ਿੰਦਾ ਜਲਾਉਣ ਵਾਲੇ ਬਜਰੰਗ ਦਲੀ ਦਾਰਾ ਸਿੰਘ ਅਤੇ ਮੁੰਬਈ ਦੇ ਤਾਜ਼ ਹੋਟਲ ਵਿਚ ਹਮਲਾ ਕਰਨ ਵਾਲੇ ਅਜ਼ਮਲ ਕਸਾਬ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ਦੇ ਕੇ ਇਹ ਸਿੱਧ ਕਰਨ ਦਾ ਨਿਹਫਲ ਯਤਨ ਕਰ ਰਿਹਾ ਹੈ ਕਿ ਇਸ ਦੇਸ਼ ਦਾ ਨਿਆਂ ਪ੍ਰਬੰਧ ਤੇ ਕਾਨੂੰਨ ਬਿਲਕੁਲ ਪੱਖਪਾਤ ਤੋਂ ਉਪਰ ਹੈ, ਉਹ ਹਰ ਦੋਸ਼ੀ ਨੂੰ ਨਿਰਪੱਖਤਾ ਨਾਲ ਸਜ਼ਾ ਦਿੰਦਾ ਹੈ! ਸੁਕੀਰਤ ਦਾ ਦਲੀਲਬਾਜੀ ਦਾ ਇਹ ਅੰਦਾਜ ਤੇ ਮਿਆਰ ਵੇਖ ਕੇ ਮਨ ਵਿਚ ਸੁਆਲ ਖੜ੍ਹਾ ਹੁੰਦਾ ਹੈ ਕਿ ਕੀ ਉਹ ਸੱਚਮੁੱਚ ਹੀ ਇਕ ਪੜ੍ਹੇ ਲਿਖੇ ਕਮਿਊਨਿਸਟ ਆਗੂ/ਵਿਦਵਾਨ/ਸੰਪਾਦਕ ਦਾ ਪੁੱਤਰ ਹੈ? ਕੀ ਉਸ ਨੂੰ ਮਾਰਕਸਵਾਦ ਦੀ ਮੁਢਲੀ ਸਮਝ ਵੀ ਨਹੀਂ? ਕੀ ਉਸ ਨੂੰ ਅਲੱਗ ਅਲੱਗ ਸਮਾਜੀ, ਰਾਜਸੀ, ਸੱਭਿਆਚਾਰਕ ਤੇ ਨੈਤਿਕ ਵਰਤਾਰਿਆਂ ਵਿਚ ਨਿਖੇੜਾ ਕਰਨ ਦੀ ਸਿਧਾਂਤਕ ਸੋਝੀ ਨਹੀਂ? ਕੀ ਮਾਰਕਸਵਾਦ ਦਾ À ਅ ਵੀ ਨਹੀਂ ਪੜ੍ਹਿਆ? ਸੁਕੀਰਤ ਜਿਹੜੇ ਕੇਸਾਂ ਦੀਆਂ ਮਿਸਾਲਾਂ ਦਿੰਦਾ ਹੈ, ਉਨ੍ਹਾਂ ਦੇ ਸਿਆਸੀ, ਸਮਾਜੀ, ਤੇ ਇਖ਼ਲਾਕੀ ਪ੍ਰਸੰਗ ਏਨੇ ਵੱਖਰੇ ਹਨ ਕਿ ਇਨ੍ਹਾਂ ਨੂੰ ਵੇਖਣ ਲਈ ਕਿਸੇ ਤੀਖਣ ਬੁੱਧੀ ਦੀ ਲੋੜ ਨਹੀਂ। ਇਹ ਆਮ ਬੁੱਧੀ ਨਾਲ ਹੀ ਵੇਖੇ ਤੇ ਸਮਝੇ ਜਾ ਸਕਦੇ ਹਨ। ਜਿਵੇਂ ਸਿੱਖ ਕੌਮ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਸਾਂਝ ਦਾ ਪ੍ਰਗਟਾਵਾ ਕਰਕੇ ਇਹ ਸਿੱਧ ਕੀਤਾ ਹੈ ਕਿ ਉਹ ਉਸ ਵਲੋਂ ਕੀਤੇ ਗਏ ਐਕਸ਼ਨ ਨਾਲ ਸਾਰੀ ਕੌਮ ਤਹਿ ਦਿਲੋਂ ਸਹਿਮਤ ਹੈ ਤੇ ਉਹ ਆਪਣੀ ਸਹਿਮਤੀ ਦਾ ਗੱਜ ਵੱਜ ਕੇ ਐਲਾਨ ਕਰ ਰਹੀ ਹੈ। ਕੀ ਉਵੇਂ ਸੁਕੀਰਤ ਦੱਸ ਸਕਦਾ ਹੈ ਕਿ ਹਿੰਦੂ ਭਾਈਚਾਰਾ ਨੱਥੂ ਰਾਮ ਗੌਡਸੇ ਦੇ ਜਾਂ ਬਜਰੰਗਦਲੀ ਦਾਰਾ ਸਿੰਘ ਦੇ ਕਤਲ ਦੀ ਜੈ ਜੈ ਕਾਰ ਕਰ ਸਕਦਾ ਹੈ? ਹਿੰਦੂ ਭਾਈਚਾਰਾ ਅਜਿਹੇ ਕਾਤਲਾਂ ਨੂੰ ਕਿਹੜੇ ਤਰਕ ਨਾਲ, ਤੇ ਕਿਹੜੇ ਮੂੰਹ ਨਾਲ 'ਕੌਮੀ ਸਹੀਦਾਂ' ਦਾ ਰੁਤਬਾ ਦੇ ਸਕਦਾ ਹੈ? ਇਨ੍ਹਾਂ ਹਤਿਆਰਿਆਂ ਦੀਆਂ ਮਿਸਾਲਾਂ ਦੇਣ ਸਮੇਂ ਸਿੱਖ ਵਿਰੋਧੀ ਤੁਅੱਸਬਾਂ ਦਾ ਡੰਗਿਆ ਸੁਕੀਰਤ ਨਵੰਬਰ 1984 ਦਾ ਸਿੱਖ ਕਤਲੇਆਮ ਅਸਲੋਂ ਭੁੱਲ ਗਿਅ ਹੈ, ਜਿਥੇ ਭਾਰਤੀ ਨਿਆਂ ਪ੍ਰਬੰਧ ਨੇ ਹਾਲਾਂ ਤੱਕ ਕਿਸੇ ਦੋਸ਼ੀ ਨੂੰ 'ਫਾਂਸੀ' ਤਾਂ ਕੀ ਦੇਣੀ ਸੀ, ਚੱਜ ਨਾਲ ਕੈਦ ਦੀ ਸਜ਼ਾ ਵੀ ਨਹੀਂ ਦਿੱਤੀ। ਬਜਰੰਗਦਲੀਏ ਦਾਰਾ ਸਿੰਘ ਵਾਲਾ ਘਿਨਾਉਣਾ ਜੁਰਮ ਜੇਕਰ ਕਿਸੇ ਭੁੱਲ ਭੁਲੇਖੇ ਕਿਸੇ ਸਿੱਖ ਨੇ ਕੀਤਾ ਹੁੰਦਾ, ਤਾਂ ਸੁਕੀਰਤ ਨੇ ਵੇਖ ਲੈਣਾ ਸੀ ਭਾਰਤੀ ਨਿਆਂ ਪ੍ਰਬੰਧ ਤੇ ਕਾਨੂੰਨ ਹਿੰਦੂ ਤੇ ਸਿੱਖ ਵਿਚ ਫਰਕ ਕਰਦਾ ਹੈ ਜਾਂ ਨਹੀਂ।
ਅਸਲ ਵਿਚ ਸੁਕੀਰਤ ਦੀ ਸਮੱਸਿਆ ਦੂਹਰੀ ਹੈ। ਇਸ ਦੀ ਇਕ ਪਰਤ ਸਿਧਾਂਤਕ ਹੈ, ਤੇ ਦੂਜੀ ਖਾਨਦਾਨੀ ਅਸਲੇ ਦੀ ਹੈ। ਸਿਧਾਂਤਕ ਪੱਖੋਂ ਉਹ ਜਿਸ ਵਿਚਾਰਧਾਰਾ ਤੇ ਨਜਰੀਏ ਨੂੰ ਪਰਨਾਇਆ ਹੋਇਆ ਹੈ, ਉਸ ਵਿਚ ਬਹੁਤ ਹੀ ਬੁਨਿਆਦੀ ਕਿਸਮ ਦਾ ਕਾਣ ਹੈ। ਇਹ ਨਜਰੀਆ ਮੂਲ ਰੂਪ ਵਿਚ ਹੀ ਧਰਮ ਦਾ ਦੋਖੀ ਹੈ, ਸੱਭਿਆਚਾਰਕ ਵਖਰੇਵਿਆਂ ਦੀ ਹਕੀਕਤ ਤੋਂ ਮੂੰਹ ਭੁਆਉਂਦਾ, ਅਸਲ ਵਿਚ ਮੂੰਹ ਸੁਜਾਉਂਦਾ ਹੈ। ਇਸ ਮਰਜ ਨੂੰ ਸਿਧਾਂਤਕ ਸਬਦਾਵਲੀ ਵਿਚ 'ਕੱਲਰ ਬਲਾਈਡ' ਤੇ 'ਡਿਫਰੈਂਸ ਬਲਾਈਡ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਵਿਚਾਰਦਾਰਕ ਅੰਧਰਾਤੇ ਦਾ ਰੋਗ ਹੈ। ਸੁਕੀਰਤ ਦੀ ਸਮੱਸਿਆ ਦਾ ਖਾਨਦਾਨੀ (ਜੀਨੈਟਿਕ) ਪੱਖ ਇਹ ਹੈ ਕਿ ਹਰ ਸਟੇਟ ਦੀ ਚਾਕਰੀ ਕਰਨੀ ਤੇ ਹਰ ਸਿੱਖ ਦੋਖੀ ਕਰਮ ਵਿਚ ਭਾਗ ਲੈਣਾ, ਉਸ ਦੇ ਖ਼ੂਨ ਵਿਚ ਹੀ ਹੈ। ਉਸ ਦਾ ਨਾਨਾ ਗੁਰਬਖ਼ਸ਼ ਸਿੰਘ ਪ੍ਰੀਤਲੜੀ 1920 ਵਿਚ ਅਮਰੀਕਾ ਵਿਚ ਉਸ ਸਮੇਂ ਪੜ੍ਹਨ ਗਿਆ ਸੀ, ਜਿਸ ਸਮੇਂ ਕੈਨੇਡਾ-ਅਮਰੀਕਾ ਵਿਚ ਗ਼ਦਰੀ ਸਰਗਰਮੀਆਂ ਜ਼ੋਰਾਂ 'ਤੇ ਸਨ। ਪਰ ਅਮਰੀਕਾ ਦੀ ਯੂਨੀਵਰਸਿਟੀ ਨੇ ਪੰਜ ਸਾਲ ਬਾਅਦ ਉਸ ਨੂੰ ਨੇਕ ਚਲਣੀ ਦਾ ਸਰਟੀਫਿਕੇਟ ਦਿੱਤਾ ਸੀ ਕਿ ਉਸ ਨੇ ਇਸ ਸਮੇਂ ਦੌਰਾਨ ਕਿਸੇ ਸਿਆਸੀ ਸਰਗਰਮੀ ਵਿਚ ਭਾਗ ਨਹੀਂ ਲਿਆ। 1931 ਵਿਚ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਫਾਂਸੀ ਲੱਗ ਚੁੱਕੀ ਸੀ ਤੇ ਪੰਜਾਬ ਬਲਕਿ ਦੇਸ਼ ਦਾ ਸਿਆਸੀ ਮਾਹੌਲ ਆਜ਼ਾਦੀ ਲਈ ਪੂਰੀ ਤਰ੍ਹਾਂ ਭਖਿਆ ਹੋਇਆ ਸੀ, ਗੁਰਬਖਸ਼ ਸਿੰਘ 1933 ਵਿਚ 'ਪ੍ਰੀਤਲੜੀ' ਸ਼ੁਰੂ ਕਰਦਾ ਹੈ, ਪਰ 1947 ਤੱਕ ਪਰਚੇ ਵਿਚ ਆਜ਼ਾਦੀ ਦੇ ਹੱਕ ਵਿਚ ਅਤੇ ਅੰਗਰੇਜ਼ਾਂ ਦੇ ਵਿਰੁਧ ਇਕ ਸ਼ਬਦ ਵੀ ਨਹੀਂ ਲਿਖਦਾ। 1947 ਤੋਂ ਬਾਅਦ ਗੁਰਬਖ਼ਸ ਸਿੰਘ ਅਤੇ ਉਸ ਦਾ ਪੁੱਤਰ ਨਵਤੇਜ ਸਿੰਘ (ਸੁਕੀਰਤ ਦਾ ਮਾਮਾ) ਸਾਰੀ ਉਮਰ ਕਾਂਗਰਸ ਸਰਕਾਰਾਂ ਦੇ ਝੋਲੀ ਚੁੱਕਦੇ ਰਹੇ। ਸੁਕੀਰਤ ਦੇ ਪਿਤਾ ਜਗਜੀਤ ਸਿੰਘ ਆਨੰਦ ਬਾਰੇ ਪਿਛੇ ਲਿਖ ਹੀ ਆਏ ਹਾਂ! ਸੋ ਇਸ ਤਰ੍ਹਾਂ ਅਸੀਂ ਵੇਖ ਸਕਦੇ ਹਾਂ ਕਿ ਸਿੱਖ ਦੋਖੀ ਅਤੇ ਰਾਜ ਪੱਖੀ ਕਿਰਮ ਸੁਕੀਰਤ ਦੇ ਖ਼ੂਨ (ਜੀਨਜ) ਵਿਚ ਹੀ ਹਨ। ਉਹ ਆਪਣੇ ਇਸ ਖੂਨ ਨਾਲ ਹੀ ਵਫਾ ਪਾਲ ਰਿਹਾ ਹੈ। ਰੱਬ ਉਸ ਉਤੇ ਦਯਾ ਕਰੇ!  
ਰਜਿੰਦਰ ਸਿੰਘ ਰਾਹੀ
(98157-51332)