ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਕਰਦੇ ਹਨ ਚਾਰ ਤੋਂ ਪੰਜ ਸਾਲ ਤੱਕ ਦੀ ਉਮਰ ਦੇ ਬੱਚੇ


ਉਮਰ ਦੇ ਹਰ ਪੜਾਅ ਦੀਆਂ ਪ੍ਰਾਪਤੀਆਂ ਵੱਖੋ ਵੱਖ ਹੁੰਦੀਆਂ ਹਨ। ਕਿਹਾ ਜਾਂਦਾ ਹੈ ਕਿ ਜੇ ਆਪਣੇ ਬਾਰੇ ਸੱਚਾਈ ਜਾਨਣੀ ਹੋਵੇ ਤਾਂ ਤਿੰਨ ਤਰ੍ਹਾਂ ਦੇ ਲੋਕ ਸਹੀ ਦਸ ਸਕਦੇ ਹਨ- ਪਹਿਲਾ- ਆਪਣਾ ਹੀ ਪਿਆਰਾ ਦੋਸਤ ਜਦੋਂ ਗੁੱਸੇ ਵਿਚ ਕੁੱਝ ਬੋਲ ਜਾਵੇ, ਦੂਜਾ- ਜਦੋਂ ਆਪਣਾ ਹੀ ਕੋਈ ਦੁਸ਼ਮਣ ਸਾਨੂੰ ਪਿਆਰ ਕਰਨਾ ਸ਼ੁਰੂ ਕਰ ਦੇਵੇ, ਤੀਜਾ- ਚਾਰ ਤੋਂ ਪੰਜ ਸਾਲ ਦਾ ਬੱਚਾ ਜਿਸ ਬਾਰੇ ਇਹ ਵੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਪੰਛੀਆਂ ਵਾਂਗ ਨੇ ਜਿਹੜੇ ਕਦੇ ਮੰਦਰ, ਕਦੇ ਮਸਜਿਦ, ਕਦੇ ਗਿਰਜੇ 'ਤੇ ਬਹਿੰਦੇ ਨੇ, ਅਤੇ ਫਿਰਕਿਆਂ ਦੀ ਕੈਦ ਤੋਂ ਅਜ਼ਾਦ ਰਹਿੰਦੇ ਨੇ।
ਇਸ ਉਮਰ ਦੇ ਬੱਚੇ ਗਲਾਧੜ ਹੁੰਦੇ ਹਨ ਅਤੇ ਕਿਸੇ ਨਾਲ ਵੀ ਰਤਾ ਜਿਹਾ ਖੁੱਲ੍ਹ ਜਾਣ ਤੋਂ ਬਾਅਦ ਘੰਟਿਆਂਬੱਧੀ ਗੱਲਾਂ ਮਾਰੀ ਜਾ ਸਕਦੇ ਹਨ। ਕਹਾਣੀ ਸੁਣਨ ਦਾ ਚਸਕਾ ਏਨਾ ਹੁੰਦਾ ਹੈ ਕਿ ਇੱਕੋ ਕਹਾਣੀ ਵਾਰ-ਵਾਰ ਸੁਣ ਕੇ ਆਪ ਵੀ ਉਹੀ ਸੁਣਾਉਣ ਲੱਗ ਪੈਂਦੇ ਹਨ। ਵਾਪਸ ਸੁਣਾਈ ਕਹਾਣੀ ਬਹੁਤ ਮਜ਼ੇਦਾਰ ਹੁੰਦੀ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਉਹ ਭੁੱਲ ਜਾਣ, ਉਸ ਨੂੰ ਅੱਗੇ ਪਿੱਛੇ ਫਿੱਟ ਕਰਕੇ ਅਤੇ ਕੁਝ ਆਪ ਜੋੜ ਕੇ ਕਹਾਣੀ ਪੂਰੀ ਕਰ ਲੈਂਦੇ ਹਨ। ਕਹਾਣੀ ਵਿਚਲੀ ਕੋਈ ਲਾਈਨ ਅੱਗੇ ਪਿੱਛੇ ਕਰਨ ਦਾ ਸਪਸ਼ਟੀਕਰਨ ਵੀ ਦੇ ਦਿੰਦੇ ਹਨ। ਮਿਸਾਲ ਵਜੋਂ ਚਿੜੀ ਤੇ ਕਾਂ ਦੀ ਖਿਚੜੀ ਵਾਲੀ ਕਹਾਣੀ ਨੂੰ ਹੀ ਲਵੋ। ਜਦੋਂ ਮੇਰਾ ਬੇਟਾ ਨਾਨਕਜੋਤ ਪੌਣੇ ਪੰਜ ਸਾਲ ਦਾ ਸੀ ਤਾਂ ਮੈਂ ਉਸ ਨੂੰ ਇਹ ਕਹਾਣੀ ਸੁਣਾਉਣ ਲਈ ਕਿਹਾ। ਕਹਾਣੀ ਸੁਣਾਉਂਦਾ ਹੋਇਆ ਉਹ ਕਹਿਣ ਲੱਗਿਆ, ''ਚੌਲ ਦਾ ਦਾਣਾ, ਦਾਲ ਦਾ ਦਾਣਾ ਲਿਆਉਣ ਤੋਂ ਬਾਅਦ ਉਹ ਲੂਣ, ਮਿਰਚ, ਮਸਾਲਾ ਵੀ      ਲੈ ਆਏ।''
      ਮੈਂ ਹੈਰਾਨ ਹੋ ਕੇ ਪੁੱਛਿਆ, ''ਲੂਣ, ਮਿਰਚ, ਮਸਾਲਾ ਕਹਾਣੀ ਵਿਚ ਕਿੱਥੋਂ ਆ ਗਿਆ?'' ਉਸ ਜਵਾਬ ਦਿੱਤਾ, ''ਤੁਸੀਂ ਆਪ ਤਾਂ ਪਾਪਾ ਨੂੰ ਕੱਲ੍ਹ ਕਹਿ ਰਹੇ ਸੀ ਕਿ ਲੂਣ ਅਤੇ ਮਸਾਲੇ ਤੋਂ ਬਗ਼ੈਰ ਸਬਜ਼ੀ ਦਾ ਸਵਾਦ ਹੀ ਨਹੀਂ ਆਉਂਦਾ। ਚਿੜੀ ਵਿਚਾਰੀ ਫਿੱਕੀ ਖਿਚੜੀ ਥੋੜ੍ਹਾ ਖਾਏਗੀ।''
ਉਦੋਂ ਤਕ ਮੈਂ ਕਿਤਾਬਾਂ ਵਿਚ ਹੀ ਪੜ੍ਹਿਆ ਸੀ ਕਿ ਬੱਚੇ ਹਰ ਗੱਲ ਧਿਆਨ ਨਾਲ ਸੁਣ ਕੇ ਆਪਣੇ ਦਿਮਾਗ਼ ਵਿਚ ਸਮੋ ਲੈਂਦੇ ਹਨ ਤੇ ਫੇਰ ਲੋੜ ਪੈਣ ਉੱਤੇ ਵਰਤ ਲੈਂਦੇ ਹਨ। ਉਸ ਵੇਲੇ ਮੈਂ ਪ੍ਰਤੱਖ ਵੇਖ ਲਿਆ ਸੀ।
ਗੱਲਾਂ ਮੰਨਣੀਆਂ ਤੇ ਭੱਜ-ਭੱਜ ਕੇ ਕੰਮ ਕਰਦੇ ਵੇਖਣਾ ਵੀ ਇਸ ਉਮਰ ਦੇ ਬੱਚਿਆਂ ਵਿਚ ਬਹੁਤ ਮਜ਼ੇਦਾਰ ਲੱਗਦਾ ਹੈ। ਜਿਸ ਘਰ ਵਿਚ ਇਕੱਲਾ ਬੱਚਾ ਹੋਵੇ, ਉਸ ਘਰ ਵਿਚ ਤਾਂ ਬੱਚਾ ਜ਼ਿੱਦੀ ਹੋ ਜਾਂਦਾ ਹੈ ਪਰ ਦੋ ਬੱਚਿਆਂ ਵਿਚ ਤਾਂ ਬੱਚਾ ਆਪਣੇ ਆਪ ਨੂੰ ਵਧੀਆ ਸਾਬਤ ਕਰਨ ਦੇ ਚੱਕਰ ਵਿਚ ਭੱਜ ਕੇ ਕੰਮ ਕਰਦਾ ਰਹਿੰਦਾ ਹੈ। ਕਈ ਕਿਸਮ ਦੇ ਗੀਤ ਵੀ ਬੱਚਾ ਵਧੀਆ ਯਾਦ ਕਰ ਲੈਂਦਾ ਹੈ। ਇੱਕੋ ਕਿਸਮ ਦੀਆਂ ਚੀਜ਼ਾਂ ਵਿੱਚੋਂ ਕੋਈ ਵੱਖਰੀ ਚੀਜ਼ ਪਛਾਣਨੀ ਵੀ ਬੱਚਾ ਸਿੱਖ ਲੈਂਦਾ ਹੈ ਜਿਵੇਂ ਚਾਰ ਕਿਸਮ ਦੀਆਂ ਮੱਛੀਆਂ ਵਿੱਚੋਂ ਕੇਕੜਾ ਅਲੱਗ ਪਛਾਣ ਲੈਣਾ, ਰਿਸ਼ਤੇਦਾਰੀ ਵਿਚਲੇ ਨਾਂ ਲੈਣੇ ਅਤੇ ਰਿਸ਼ਤੇਦਾਰ ਪਛਾਣਨੇ ਵੀ ਬੱਚੇ ਨੂੰ ਆ ਜਾਂਦੇ ਹਨ ਜਿਵੇਂ ਨਾਨੀ, ਮਾਮੀ, ਦਾਦੀ, ਚਾਚੀ, ਭੂਆ, ਫੁੱਫੜ, ਮਾਸੀ ਆਦਿ।
ਥੋੜ੍ਹੀ ਦੇਰ ਦੀ ਹੀ ਗੱਲ ਹੈ ਜਦੋਂ ਬੱਚੇ ਨੂੰ ਏਨੇ ਸ਼ਬਦ ਯਾਦ ਕਰਨ ਦੀ ਲੋੜ ਹੀ ਨਹੀਂ ਰਹਿਣ ਲੱਗੀ ਕਿਉਂਕਿ ਮਾਸੀ, ਚਾਚੀ, ਭੂਆ, ਫੁੱਫੜ ਤਾਂ ਹੁਣ ਦਿਸਣ ਹੀ ਨਹੀਂ ਲੱਗੇ। ਧੀਆਂ ਜੰਮਣੀਆਂ ਬੰਦ ਹੋ ਚੁੱਕੀਆਂ ਹਨ ਤਾਂ ਇਹ ਰਿਸ਼ਤੇ ਕਿੱਥੋਂ ਲੱਭਣੇ ਹਨ। ਇਸੇ ਲਈ ਇਕ ਸਰਵਵਿਆਪੀ ਸ਼ਬਦ 'ਆਂਟੀ' ਹੀ ਬਚਣ ਵਾਲਾ ਹੈ।
ਇਸ ਉਮਰ ਦੇ ਬੱਚੇ ਮਾਪਿਆਂ ਨੂੰ ਖਿਝਾ ਦਿੰਦੇ ਹਨ ਕਿਉਂਕਿ ਸਵਾਲ ਬਹੁਤ ਪੁੱਛਦੇ ਹਨ। ਮਾਪਿਆਂ ਦੇ ਜਵਾਬ ਖ਼ਤਮ ਹੋ ਜਾਂਦੇ ਹਨ ਪਰ ਬੱਚੇ ਦਾ 'ਕਿਉ' ਖ਼ਤਮ ਨਹੀਂ ਹੁੰਦਾ। ਜਿਵੇਂ, ਸਾਈਕਲ ਦਾ ਪਹੀਆ ਚੌਰਸ ਕਿਉਂ ਨਹੀਂ ਹੁੰਦਾ? ਘੋੜਾ ਮੱਝ ਨਾਲ ਵਿਆਹ ਕਿਉਂ ਨਹੀਂ ਕਰਵਾਉਂਦਾ? ਆਲੂ ਦਰਖਤਾਂ 'ਤੇ ਕਿਉਂ ਨਹੀਂ ਲੱਗਦੇ? ਸਿਰ ਦੇ ਪਿਛਲੇ ਪਾਸੇ ਅੱਖਾਂ ਕਿਉਂ ਨਹੀਂ ਹੁੰਦੀਆਂ?
ਬਹੁਤੀ ਵਾਰ ਅਜਿਹੇ ਬੇਤੁਕੇ ਸਵਾਲਾਂ ਤੋਂ ਔਖੇ ਹੋ ਕੇ ਮਾਪੇ ਖਿੱਝ ਕੇ ਬੱਚੇ ਦੀ ਮਾਰ-ਕੁਟਾਈ ਵੀ ਕਰ ਦਿੰਦੇ ਹਨ।
ਜੇ ਬੱਚੇ ਦੇ ਦਿਮਾਗ਼ ਬਾਰੇ ਜਾਣਨਾ ਹੋਵੇ ਤਾਂ ਉਸ ਨੂੰ ਇਕ ਤੋਂ ਪੰਜ ਤਕ ਕੋਈ ਚੀਜ਼ਾਂ ਗਿਣ ਕੇ ਚੁੱਕਣ ਲਈ ਕਿਹਾ ਜਾ ਸਕਦਾ ਹੈ। ਵੀਹ ਤੋਂ ਤੀਹ ਮਿੰਟ ਤਕ ਬੱਚੇ ਨੂੰ ਆਪਣੀ ਕਿਸੇ ਖੇਡ ਵਿਚ ਮਸਤ ਹੋ ਕੇ ਖੇਡਦਾ ਵੇਖਿਆ ਜਾ ਸਕਦਾ ਹੈ। ਬੱਚਾ ਤਿਕੋਨ ਵੀ ਬਹੁਤ ਖ਼ੂਬਸੂਰਤੀ ਨਾਲ ਵਾਹ ਸਕਦਾ ਹੈ।
ਇਸ ਉਮਰ ਦੇ ਬੱਚੇ ਦੀ ਯਾਦਾਸ਼ਤ ਏਨੀ ਕੁ ਜ਼ਰੂਰ ਹੋਣੀ ਚਾਹੀਦੀ ਹੈ ਕਿ ਪਹਿਲਾਂ ਦੀਆਂ ਵੇਖੀਆਂ ਚਾਰ ਤੋਂ ਪੰਜ ਚੀਜ਼ਾਂ ਦੇ ਨਾਂ ਇਕ ਵੇਲੇ ਦੱਸ ਸਕੇ ਜਿਹੜੀਆਂ ਉਸ ਸਮੇਂ ਸਾਹਮਣੇ ਨਾ ਦਿਸ ਰਹੀਆਂ ਹੋਣ। ਕੁਝ ਖ਼ਾਸ ਮੌਕੇ ਵੀ ਬੱਚਾ ਯਾਦ ਕਰ ਕੇ ਰੱਖ ਸਕਦਾ ਹੈ ਤੇ ਮਜ਼ੇਦਾਰ ਤਰੀਕੇ ਨਾਲ ਅੱਧ ਪਚੱਧ ਸੁਣਾ ਵੀ ਦਿੰਦਾ ਹੈ। ਮਸਲਨ, ਆਂਟੀ ਵੇਖਿਆ ਪਾਰਟੀ ਵਿਚ ਕਿਵੇਂ ਫਿਸਲੀ ਸੀ, ਆਦਿ। ਇੱਕ ਤੋਂ 20 ਤਕ ਦੀ ਗਿਣਤੀ ਵੀ ਬੱਚਾ ਸੌਖਿਆਂ ਸੁਣਾ ਦਿੰਦਾ ਹੈ ਤੇ ਕਿਸੇ ਤਸਵੀਰ ਵਿਚਲੇ ਕੁਝ ਹੱਸੇ ਜਿਹੜੇ ਕੱਢ ਲਏ ਗਏ ਹੋਣ, ਵੀ ਜੋੜ ਕੇ ਵਿਖਾ ਦਿੰਦਾ ਹੈ। ਇਸ ਤੋਂ ਇਲਾਵਾ ਬੱਚਾ, 'ਲੰਬਾ', 'ਛੋਟਾ', 'ਪਹਿਲਾ', 'ਆਖਰੀ' ਅਤੇ 'ਵਿਚਕਾਰਲਾ' ਸ਼ਬਦ ਵੀ ਪਛਾਣਨ ਲੱਗ ਪੈਂਦਾ ਹੈ। ਪੰਜ ਅਲੱਗ ਕਿਸਮਾਂ ਜਿਵੇਂ ਸਖਤ, ਨਰਮ, ਖੁਰਦਰਾ, ਤਿੱਖਾ ਆਦਿ ਵੀ ਬੱਚਾ ਸਮਝ ਲੈਂਦਾ ਹੈ। ਦਸ ਚੌਕੋਰਾਂ ਦਾ ਆਕਾਰ ਵੀ ਕਿਸੇ ਨੂੰ ਬਣਾਉਂਦਿਆਂ ਵੇਖ ਕੇ ਸੌਖਿਆਂ ਬਣਾ ਲੈਂਦਾ ਹੈ।
ਜੇ ਖਾਂਦਿਆਂ ਵੇਖਣਾ ਹੋਵੇ ਤਾਂ ਪੰਜ ਕੁ ਸਾਲ ਦਾ ਬੱਚਾ ਚਮਚ ਤੋਂ ਇਲਾਵਾ ਛੁਰੀ ਕਾਂਟੇ ਨਾਲ ਖਾਣਾ ਵੀ ਸਿੱਖ ਲੈਂਦਾ ਹੈ। ਭਾਵੇਂ ਬੱਚਾ ਆਪ ਕੰਮ ਕਰ ਕੇ ਖੁਸ਼ੀ ਮਹਿਸੂਸ ਕਰਦਾ ਹੈ ਜਿਵੇਂ ਨਹਾਉਣਾ, ਗੁਸਲਖ਼ਾਨੇ ਜਾਣਾ, ਬੂਟ ਬੰਨਣੇ, ਆਪਣੇ ਕਪੜੇ ਲਾਹ ਕੇ ਟੰਗਣੇ, ਆਪਣੀਆਂ ਚੀਜ਼ਾਂ ਸਾਂਭਣੀਆਂ ਆਦਿ, ਪਰ ਵੱਡਿਆਂ ਤੋਂ ਭਾਰੀ ਚੀਜ਼ ਚੁੱਕਣ ਵਿਚ ਔਖਿਆਈ ਆਉਣ'ਤੇ ਫੱਟ ਮਦਦ ਮੰਗ ਲੈਂਦਾ ਹੈ। ਪਰ, ਮਦਦ ਮੰਗਦਾ ਬੜੇ ਮਜ਼ੇਦਾਰ ਤਰੀਕੇ ਨਾਲ ਹੈ, ਮਸਲਨ ''ਵੈਸੇ ਤਾਂ ਮੈਂ ਆਪੇ ਕੁਰਸੀ ਚੁਕ ਲਿਆਉਂਦਾ ਪਰ ਜੇ ਮੰਮੀ ਚੁੱਕ ਕੇ ਰੱਖੇਗੀ ਤਾਂ ਮੰਮੀ ਨੂੰ ਜ਼ਿਆਦਾ ਮਜ਼ਾ ਆਏਗਾ ਕਿ ਉਸ ਨੇ ਆਪਣੇ ਬੇਟੇ ਦਾ ਕੰਮ ਕੀਤੈ। ਇਸੇ ਲਈ ਤੁਸੀਂ ਚੁੱਕ ਕੇ ਏਥੇ ਰੱਖ ਦਿਓ।''
ਵੱਡਿਆਂ ਦੀਆਂ ਗੱਲਾਂ ਵਿਚ ਜਦੋਂ ਬੱਚੇ ਨੂੰ ਲਿੰਗ ਦੇ ਫਰਕ ਦੀ ਗੱਲ ਸੁਣ ਜਾਏ ਤਾਂ ਬੱਚਾ ਬਹੁਤ ਧਿਆਨ ਨਾਲ ਗੱਲ ਨੂੰ ਸੁਣਦਾ ਹੈ ਕਿਉਂਕਿ ਇਸ ਉਮਰ ਦਾ ਬੱਚਾ ਆਪਣੇ ਉਲਟ ਲਿੰਗ ਵਾਲੇ ਬੱਚੇ ਵੱਲ ਖਿੱਚ ਮਹਿਸੂਸ ਕਰਨ ਲੱਗ ਪੈਂਦਾ ਹੈ ਅਤੇ ਆਪਣੇ ਤੇ ਦੂਜੇ ਦੇ ਸਰੀਰ ਵਿਚਲੇ ਫਰਕ ਬਾਰੇ ਜਾਣਨਾ ਚਾਹੁੰਦਾ ਹੈ। ਇਸ ਉਮਰ ਦਾ ਬੱਚਾ ਆਪਣੇ ਹਾਣ ਨਾਲ ਖੇਡਣਾ ਬਹੁਤ ਪਸੰਦ ਕਰਨ ਲੱਗ ਪੈਂਦਾ ਹੈ ਅਤੇ ਮਾਪਿਆਂ ਦੀ ਛਤਰ-ਛਾਇਆ ਥੱਲੋਂ ਨਿਕਲਣ ਨੂੰ ਤਰਜੀਹ ਦਿੰਦਾ ਹੈ। ਜੇ ਕਿਤੇ ਖੇਡਦੇ ਹੋਏ ਗਲਤੀ ਨਾਲ ਕੁਝ ਟੁੱਟ ਜਾਏ ਤਾਂ ਫੱਟ ਮੁਆਫੀ ਵੀ ਮੰਗ ਲੈਂਦਾ ਹੈ ਤੇ ਅੱਖਾਂ ਵਿੱਚੋਂ ਹੰਝੂ ਵੀ ਝਟ ਕੇਰਨ ਲੱਗ ਪੈਂਦਾ ਹੈ। ਇਕ ਹੋਰ ਮਜ਼ੇਦਾਰ ਗੱਲ ਜੋ ਮਾਪੇ ਆਪਣੇ ਬੱਚੇ ਵਿਚ ਵੇਖ ਸਕਦੇ ਹਨ, ਉਹ ਹੈ ਕਿ ਇਕੱਲਾ ਬੱਚਾ ਆਪਣੇ ਖਿਡੌਣਿਆਂ ਨਾਲ ਖੇਡਦਾ ਹੋਇਆ ਆਪਣਾ ਕੋਈ ਫਰਜ਼ੀ ਦੋਸਤ ਬਣਾ ਕੇ ਹਵਾ ਵਿਚ ਹੀ ਉਸ ਨਾਲ ਗੱਲਾਂ ਕਰਦਾ ਵੇਖਿਆ ਜਾ ਸਕਦਾ ਹੈ। ਜੇ ਰੀਝ ਨਾਲ ਬੱਚੇ ਨੂੰ ਕੁਝ ਚਿਰ ਲੁਕ ਛਿਪ ਕੇ ਵੇਖ ਲਿਆ ਜਾਵੇ ਤਾਂ ਇਹ ਬਿਲਕੁਲ ਪਰੀ ਕਹਾਣੀਆਂ ਵਾਂਗ ਹੀ ਜਾਪਣ ਲੱਗ ਪੈਂਦਾ ਹੈ। ਜੇ ਪੈਨਸਿਲ ਕਾਗਜ਼ ਫੜਾ ਦਿੱਤਾ ਜਾਵੇ ਤਾਂ ਬੱਚਾ ਸੂਰਜ, ਘਰ, ਦਰਖ਼ਤ ਵਾਹ ਲੈਂਦਾ ਹੈ ਅਤੇ ਹਥਲਾ ਕਾਗਜ਼ ਕੈਂਚੀ ਨਾਲ ਟੇਢਾ ਮੇਢਾ ਕੱਟ ਵੀ ਲੈਂਦਾ ਹੈ। ਕੱਟਣ ਤੋਂ ਬਾਅਦ ਜੇ ਗੂੰਦ ਹੱਥ ਲੱਗ ਜਾਏ ਤਾਂ ਅਲਮਾਰੀਆਂ ਜਾਂ ਕੰਧਾਂ ਉੱਤੇ ਉਹ ਚਿਪਕਾ ਵੀ ਦਿੰਦਾ ਹੈ। ਅਜਿਹਾ ਕਾਰਨਾਮਾ ਕਰ ਕੇ ਉਸ ਨੂੰ ਖੁਸ਼ੀ ਨਾਲ ਨੱਚਦੇ ਟੱਪਦੇ ਵੇਖਿਆ ਜਾ ਸਕਦਾ ਹੈ। ਭਾਵੇਂ ਮਾਪਿਆਂ ਦੀ ਹਜ਼ਾਰਾਂ ਦੀ ਵੱਡਮੁੱਲੀ ਪੇਂਟਿੰਗ ਹੋਵੇ ਪਰ ਬੱਚਾ ਉਸ ਉੱਤੇ ਰੱਦੀ ਕਾਗਜ਼ ਚਿਪਕਾ ਕੇ ਆਪਣੀ ਨਵੀਂ ਪੇਂਟਿੰਗ ਬਣਾ ਲੈਂਦਾ ਹੈ। ਇਹ ਹੁਣ ਮਾਪਿਆਂ ਉੱਤੇ ਹੈ ਕਿ ਉਸ ਨਾਲ ਖੁਸ਼ੀ ਸਾਂਝੀ ਕਰਨੀ ਹੈ ਜਾਂ ਬੱਚੇ ਦੇ ਪਾਸੇ ਸੇਕਣੇ ਹਨ।
ਬੱਚੇ ਦੀ ਖੇਡ ਬਾਰੇ ਜਾਣਨਾ ਹੋਵੇ ਤਾਂ ਪੰਜ ਸਾਲ ਦਾ ਬੱਚਾ ਇੱਕ ਪੈਰ ਉੱਤੇ ਪੰਜ ਵਾਰ ਟੱਪ ਲੈਂਦਾ ਹੈ ਤੇ ਭੱਜਦੇ ਹੋਏ ਬਿਨਾਂ ਡਿੱਗੇ ਇਕਦਮ ਮੁੜ ਵੀ ਜਾਂਦਾ ਹੈ।
ਇਹ ਨਿੱਕੀਆਂ ਨਿੱਕੀਆਂ ਗੱਲਾਂ ਮੈਂ ਇਸ ਲਈ ਦੱਸਣੀਆਂ ਚਾਹੀਆਂ ਹਨ ਤਾਂ ਜੋ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਵਧਦੇ ਵੇਖ ਕੇ ਰੂਹਾਨੀ ਅਨੰਦ ਹਾਸਲ ਕਰ ਸਕੀਏ ਅਤੇ ਉਸ ਨਾਲ ਆਪਣੀਆਂ ਚਿੰਤਾਵਾਂ ਨੂੰ ਚਿਤਾ ਵਿਚ ਸੁੱਟ ਦੇਈਏ ਜਿਸ ਨਾਲ ਰੋਗ ਮੁਕਤ ਹੋਇਆ ਜਾ ਸਕਦਾ ਹੈ। ਇਹ ਗਿਆ ਵਕਤ ਫੇਰ ਕਦੇ ਨਹੀਂ ਮੁੜਦਾ। ਇਸੇ ਲਈ ਇਹ ਵੇਲਾ ਉੱਕਾ ਹੀ ਨਹੀਂ ਖੁੰਝਾਉਣਾ ਚਾਹੀਦਾ ਤੇ ਕੁਝ ਪਲ ਆਪਣੇ ਹੀ ਬੱਚੇ ਨਾਲ ਰੱਜ ਕੇ ਜੀਅ ਲੈਣਾ ਚਾਹੀਦਾ ਹੈ। ਇਹੀ ਯਾਦਾਂ ਹੀ ਦੇਰ ਤੱਕ ਸਾਥ ਨਿਭਾਉਂਦੀਆਂ ਹਨ, ਵਰਨਾ ਹੋਰ ਕੋਈ ਸਾਥ ਦੇਰ ਤਕ ਨਹੀਂ ਨਿਭਦਾ। ਐਵੇਂ ਹੀ ਤਾਂ ਨਹੀਂ ਕਿਹਾ ਗਿਆ ''ਕੌਣ ਦੇਤਾ ਹੈ ਉਮਰ ਭਰ ਕਾ ਸਹਾਰਾ ਐ ਦੋਸਤ, ਲੋਗ ਤੋ ਜਨਾਜ਼ੇ ਮੇਂ ਭੀ ਕੰਧਾ ਬਦਲਤੇ ਰਹਿਤੇ ਹੈਂ।''      
ਡਾ. ਹਰਸ਼ਿੰਦਰ ਕੌਰ