ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਦਵਾਈਆਂ ਵਿਚ ਵੀ ਤਾਕਤ ਹੁੰਦੀ ਹੈ?


ਤਾਕਤ ਇੱਕ ਅਜਿਹਾ ਨਾਂਅ ਹੈ ਜਿਸ ਥੱਲੇ ਦੁਨੀਆਂ ਨੂੰ ਸੌਖਿਆਂ ਲੁੱਟਿਆ ਜਾ ਸਕਦਾ ਹੈ। ਜਿਵੇਂ 'ਮਰਦਾਨਾ ਤਾਕਤ', 'ਦਿਮਾਗੀ ਤਾਕਤ', 'ਸਰੀਰਕ ਤਾਕਤ' ਵਗੈਰਾ। 'ਤਾਕਤ' ਦੇ ਨਾਂਅ ਹੇਠ ਰੌਜ਼ਾਨਾ ਨਵੀਆਂ ਦਵਾਈਆਂ ਮਾਰਕੀਟ ਵਿੱਚ ਉਤਰ ਰਹੀਆਂ ਹਨ। ਭਾਵੇਂ ਕਿਸੇ ਕੋਲ ਕਿੰਨੀ ਵੀ ਤਾਕਤ ਕਿਉਂ ਨਾ ਹੋਵੇ, ਪਰ ਫਿਰ ਵੀ ਤਾਕਤ ਦੀ ਘਾਟ ਹੀ ਰਹਿੰਦੀ ਹੈ। ਕਹਿੰਦੇ ਕਹਾਉਂਦੇ ਗੱਭਰੂ, ਕਿੰਨੇ ਵੀ ਤਾਕਤਵਰ ਕਿਉਂ ਨਾ ਹੋਣ ਪਰ ਅਗਰ ਕੋਈ ਮੁਕਾਬਲੇ 'ਚ ਭਾਗ ਲੈਣਾ ਤਾਂ ਸਭ ਤੋਂ ਪਹਿਲਾਂ ਤਾਕਤ ਵਾਲੀ ਦਵਾਈ ਦਾ ਜ਼ਿਕਰ ਜ਼ਰੂਰ ਆਉਂਦਾ ਹੈ।
ਬਹੁਤ ਸਾਰੀਆਂ 'ਤਾਕਤ' ਵਾਲੀਆਂ ਸ਼ੀਸ਼ੀਆਂ ਵਧੀਆ ਵਧੀਆ ਡੱਬੀਆਂ ਵਿੱਚ ਪੈਕ ਹੋ ਕੇ ਬਾਜ਼ਾਰ ਵਿੱਚ ਆ ਰਹੀਆਂ ਹਨ। ਭਾਵੇਂ ਕੋਈ ਬੱਚਾ, ਬੁੱਢਾ ਜਾਂ ਜਵਾਨ ਤਾਕਤ ਵਾਲੀ ਸ਼ੀਸ਼ੀ ਲੈਣ ਦੀ ਚਾਹਤ ਹਰ ਇੱਕ ਦੇ ਮਨ ਵਿੱਚ ਹੁੰਦੀ ਹੈ। ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਜੇਕਰ ਤਾਕਤ ਸਿਰਫ ਸ਼ੀਸ਼ੀਆਂ ਜਾਂ ਪਾਊਡਰਾਂ ਵਿੱਚ ਹੁੰਦੀ ਤਾਂ ਲੋਕਾਂ ਨੂੰ ਗੋਹੇ ਵਿੱਚ ਹੱਥ ਲਿਬੇੜਣ ਦਾ ਕੋਈ ਸ਼ੌਕ ਨਹੀਂ ਸੀ। ਪੁਰਾਣੇ ਬਜ਼ੁਰਗਾਂ ਨੂੰ ਦੇਖੋ ਕਿੰਨਾ ਕਿੰਨਾ ਕੰਮ ਕਰਦੇ ਸਨ, ਬੱਸ ਖੁਰਾਕਾਂ ਸਿਰ 'ਤੇ ਸੀ ਵਧੀਆ ਘਰ ਦਾ ਦੁੱਧ ਘਿਓ ਹੁੰਦਾ ਕਈ ਬਜ਼ੁਰਗ ਤਾਂ ਲੱਸੀ 'ਚ ਸਰੋਂ ਦਾ ਤੇਲ ਪਾ ਕੇ ਪੀ ਜਾਂਦੇ ਸਨ ਪਰ ਅੱਜ ਕਲ੍ਹ ਤਾਂ ਕੋਈ ਵਧੀਆ ਦੁੱਧ-ਘਿਓ ਬਣਾਉਣ ਵਾਲਾ ਘਰ ਹੀ ਨਹੀਂ ਸਿਰਫ ਯੂਰੀਏ ਨਾਲ ਬਣੀ ਫੀਡ ਪਾ ਕੇ ਜਾਂ ਕੀਟਨਾਸ਼ਕ ਦਵਾਈਆਂ ਛਿੜਕ ਕੇ ਉਗਾਏ ਹੋਏ ਹਰੇ ਚਾਰੇ ਪਾ ਕੇ ਪਸ਼ੂਆਂ ਤੋਂ ਦੁੱਧ ਲਿਆ ਜਾਂਦਾ ਹੈ ਫਿਰ ਉਹੋ ਜਿਹੀਆਂ ਤਾਕਤਾਂ ਸਰੀਰ ਵਿੱਚ ਰਹਿੰਦੀਆਂ ਹਨ, ਕਈਆਂ ਦੇ ਤਾਂ ਦੁੱਧ-ਘਿਓ ਹਜ਼ਮ ਹੀ ਨਹੀਂ ਆਉਂਦਾ। ਅਜਿਹੇ ਲੋਕ ਤਾਕਤ ਵਾਲੀਆਂ ਦਵਾਈਆਂ 'ਤੇ ਜ਼ਿਆਦਾ ਨਿਰਭਰ ਰਹਿੰਦੇ ਹਨ।
ਤਾਕਤ ਮਨੁੱਖੀ ਸਰੀਰ ਨੂੰ ਕੁਦਰਤ ਵੱਲੋਂ ਬਖਸ਼ਿਆ ਹੋਇਆ ਵਰਦਾਨ ਹੈ। ਜਿਸ ਮਨੁੱਖ ਨੂੰ ਕੁਦਰਤ ਨੇ ਤਾਕਤ ਬਖਸ਼ੀ ਹੈ, ਉਸਨੂੰ ਹੋਰ ਕਿਸੇ ਬਾਹਰੀ ਤਾਕਤ ਦੀ ਲੋੜ ਨਹੀਂ, ਅਗਰ ਕਿਸੇ ਕਾਰਨ ਉਹ ਤਾਕਤ ਬਰਕਰਾਰ ਨਹੀਂ ਰਹਿੰਦੀ ਤਾਂ ਦੁਨੀਆਂ ਦੀ ਕੋਈ ਦਵਾਈ ਉਸ ਤਾਕਤ ਨੂੰ ਵਾਪਸ ਨਹੀਂ ਲਿਆ ਸਕਦੀ। ਜੇਕਰ ਕੁਦਰਤ ਨੇ ਘੋੜੇ ਵਿੱਚ ਅਜਿਹੀ ਸ਼ਕਤੀ ਪਾਈ ਹੈ ਕਿ ਘੋੜਾ ਘਾਹ ਖਾ ਕੇ ਵੀ ਦੌੜਦਾ ਹੈ। ਜ਼ਰੂਰੀ ਨਹੀਂ ਕਿ ਹਰ ਘੋੜੇ ਨੂੰ ਬਦਾਮ ਹੀ ਮਿਲਦੇ ਹੋਣ। ਪਰ ਇਸ ਦੇ ਉਲਟ ਅਗਰ ਅਸੀਂ ਕਿਸੇ ਇਨਸਾਨ ਨੂੰ ਬੇਸ਼ੱਕ ਬਦਾਮਾਂ ਨਾਲ ਰਜਾ ਦੇਈਏ ਤਾਂ ਇਸ ਤੋਂ ਭਾਵ ਇਹ ਨਹੀਂ ਕਿ ਉਹ ਘੋੜਾ ਬਣ ਜਾਵੇਗਾ, ਬੱਸ ਇਹੀ ਸਮਝਣ ਵਾਲੀ ਗੱਲ ਹੈ ਕਿ ਅਸੀਂ 'ਘੋੜੇ ਬਣਨਾ ਚਾਹੁੰਦੇ ਹਾਂ ਪਰ ਕੁਦਰਤ ਵੱਲੋਂ ਬਖਸ਼ੀ ਅਨਮੋਲ ਸ਼ਕਤੀ ਨੂੰ ਅਸੀਂ ਸੰਭਾਲ ਕੇ ਰੱਖ ਨਹੀਂ ਸਕਦੇ।
 ਮਾਰਕੀਟ ਵਿੱਚ ਵਿਕਦੇ ਪਾਊਡਰ ਜਾਂ ਦਵਾਈਆਂ ਗੈਰ ਕੁਦਰਤੀ ਤਾਕਤ ਦਾ ਇੱਕ ਨਮੂਨਾ ਹਨ। ਖਾਣ-ਪੀਣ ਵਾਲੀਆਂ ਦਵਾਈਆਂ ਵਿੱਚ ਜਾਂ ਕੈਪਸੂਲਾਂ ਵਿੱਚ ਆਮ ਤੌਰ 'ਤੇ ਆਇਰਨ ਜਾਂ ਵਿਟਾਮਨ ਹੁੰਦੇ ਹਨ। ਇਸੇ ਤਰ੍ਹਾਂ ਪਾਊਡਰ ਰੂਪੀ ਤਾਕਤ ਵਾਲੇ ਡੱਬਿਆਂ ਵਿੱਚ ਪ੍ਰੋਟੀਨ ਹੁੰਦੀ ਹੈ। ਜੇਕਰ ਤਾਂ ਸਚਮੁੱਚ ਹੀ ਕਿਸੇ ਇਨਸਾਨ ਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੈ (ਜਿਵੇਂ ਗਰਭ ਦੌਰਾਨ ਜਾਂ ਦੁੱਧ ਚੁੰਘਾਉਣ ਵਾਲੀਆਂ ਮਾਵਾਂ) ਤਾਂ ਇਹ ਬਿਲਕੁੱਲ ਦਿੱਤੀਆਂ ਜਾਣੀਆਂ ਹਨ। ਅਗਰ ਕੋਈ ਚੰਗਾ ਭਲਾ ਹੱਟਾ ਕੱਟਾ ਮਨੁੱਖ ਅਜਿਹੇ ਪਾਊਡਰਾਂ-ਸ਼ੀਸ਼ੀਆਂ ਦੀ ਵਰਤੋਂ ਕਰਦਾ ਹੈ ਤਾਂ ਉਹ ਸਿਰੇ ਦਾ ਬੇਵਕੂਫ ਹੈ ਇਸ ਤੋਂ ਵੱਧ ਕੁੱਝ ਨਹੀਂ।
ਇਸੇ ਤਰ੍ਹਾਂ ਮਰਦਾਨਾ ਤਾਕਤ ਵਾਲੀਆਂ ਦਵਾਈਆਂ ਵਿੱਚ ਕੁੱਝ ਹੋਰ ਨਹੀਂ ਸਿਰਫ ਨਸ਼ੇ ਵਾਲੀਆਂ ਵਸਤਾਂ ਹੁੰਦੀਆਂ ਹਨ। ਜਿਸ ਨਾਲ ਇੱਕ ਵਾਰ ਤਾਂ ਮਜ਼ਾ ਚੱਖ ਲਿਆ ਜਾਂਦਾ ਪਰ ਸਰੀਰ ਅਜਿਹੀਆਂ ਦਵਾਈਆਂ ਤੇ ਲੱਗ ਜਾਂਦਾ ਹੈ।
ਦਿਮਾਗ ਨੂੰ ਤਾਕਤ ਦੇਣ ਵਾਲੀਆਂ ਬਹੁਤ ਸਾਰੀਆਂ ਦਵਾਈਆਂ ਦੀ ਚਰਚਾ ਮਾਰਕੀਟ ਵਿੱਚ ਬਣੀ ਰਹਿੰਦੀ ਹੈ। ਸੋਨਾ ਚਾਂਦੀ, ਚਵਨਪ੍ਰਾਸ਼ ਜਾਂ ਸੰਖ ਪੁਸ਼ਪੀ ਵਗੈਰਾ ਦੀਆਂ ਸ਼ੀਸ਼ੀਆਂ ਅਗਰ ਦਿਮਾਗ ਵਧਾਉਣ ਦੀ ਸਮਰੱਥਾ ਰੱਖਦੀਆਂ ਹਨ ਤਾਂ ਪਾਗਲਖਾਨੇ ਵਿੱਚ ਪਏ ਲੱਖਾਂ ਮਰੀਜ਼ਾ ਨੂੰ ਇਹ ਕਿਉਂ ਨਹੀਂ ਦਿੱਤੇ ਜਾਂਦੇ, ਤਾਂ ਕਿ ਉਹਨਾਂ ਦੇ ਦਿਮਾਗ ਵੀ ਵਧੇਰੇ ਕੰਮ ਕਰਨ ਲੱਗ ਜਾਣ।
ਸਰੀਰ ਨੂੰ ਤਾਕਤ ਦੇਣ ਵਾਲੀਆਂ ਦਵਾਈਆਂ, ਟਰਾਈ ਅਨੈਰਜਿਕ ਕੈਪਸੂਲ, ਅਲਫ ਅਲਫਾ ਟਾਨਿਕ, ਹੀਮ ਅੱਪ, ਰੀਵਾਈਟਲ ਦੇ ਕੈਪਸੂਲ ਬਿਨਾਂ ਮਤਲੱਬ ਤੋਂ ਲੋਕ ਖਾਂਦੇ ਹਨ। ਅਜਿਹੀਆਂ ਦਵਾਈਆਂ ਸਿਰਫ ਸਰੀਰ ਵਿੱਚ ਤੇਜ਼ਾਬ ਦੀ ਮਾਤਰਾ ਵਧਾਉਂਦੀਆਂ ਹਨ। ਇਸ ਤੋਂ ਵੱਧ ਕੁੱਝ ਨਹੀਂ।
ਬਹੁਤੇ ਲੋਕ ਛੇ ਮਹੀਨਿਆਂ ਬਾਅਦ ਗੁਲੂਕੋਜ਼ ਦੀ ਬੋਤਲ ਵਿੱਚ ਮਿਲਾਕੇ ਪੰਜ ਜਾਂ ਛੇ ਟੀਕੇ ਲਵਾਉਣ ਦੇ ਸ਼ੌਕੀਨ ਹੁੰਦੇ ਹਨ। ਉਹਨਾਂ ਦੇ ਮਨ ਦਾ ਇਹ ਵਹਿਮ ਹੁੰਦਾ ਹੈ ਗੁਲੂਕੋਜ਼ ਲਗਵਾਉਣ ਨਾਲ ਵੀ ਤਾਕਤ ਆਉਂਦੀ ਹੈ ਪਰ ਗੁਲੂਕੋਜ਼ ਵਿੱਚ ਹੋਰ ਕੁਝ ਨਹੀਂ ਸਿਰਫ ਪਾਣੀ ਹੁੰਦਾ ਹੈ, ਗੁਲੂਕੋਜ਼ ਦੀ ਲੋੜ ਉਹਨਾਂ ਨੂੰ ਹੁੰਦੀ ਹੈ ਜਿਹੜੇ ਲੋਕ ਮੂੰਹ ਰਾਹੀਂ ਕੁੱਝ ਖਾ ਪੀ ਨਹੀਂ ਸਕਦੇ ਜਾਂ ਜਿੰਨ੍ਹਾਂ ਦੇ ਸਰੀਰ ਦਾ ਪਾਣੀ ਟੱਟੀਆਂ ਉਲਟੀਆਂ ਰਾਹੀਂ ਬਾਹਰ ਨਿਕਲ ਜਾਂਦਾ ਹੈ। ਪਰ ਹਰੇਕ ਛੇ ਮਹੀਨਿਆਂ ਬਾਅਦ ਗੁਲੂਕੋਜ਼ ਵਿੱਚ ਕੋਈ 'ਵਿਟਾਮਿਨ' ਜਾਂ ਕੋਈ ਹੋਰ ਟੀਕੇ ਮਿਲਾਕੇ ਲਾਉਣ ਵਾਲਾ ਅਤੇ ਲਗਵਾਉਣ ਵਾਲਾ ਸਿਰੇ ਦੇ ਮੂਰਖ ਹਨ। ਡੈਕਾਡਿਊਰਾਬੋਲ ਜਾਂ ਕੈਲਸ਼ੀਅਮ ਦੇ ਟੀਕੇ ਲਗਵਾਉਣਾ ਲੋਕਾਂ ਦਾ ਆਮ ਸ਼ੌਂਕ ਬਣ ਚੁੱਕਾ ਹੈ ਜੋ ਕਿ ਇੱਕ ਗਲਤ ਰੁਝਾਨ ਹੈ।
ਤੰਦਰੁਸਤੀ ਅਤੇ ਤਾਕਤ ਵਿੱਚ ਬਹੁਤ ਫਰਕ ਹੈ, ਅਗਰ ਕੋਈ ਇਨਸਾਨ ਤੰਦਰੁਸਤ ਹੈ ਤਾਂ ਉਸ ਵਿੱਚ ਕੁਦਰਤੀ ਤੌਰ 'ਤੇ ਤਾਕਤ ਹੋਵੇਗੀ। ਅਗਰ ਕਿਸੇ ਮਨੁੱਖ ਦਾ 'ਸਰੀਰਕ ਸਿਸਟਮ' ਕਮਜ਼ੋਰ ਹੈ, ਤਾਂ ਉਸ ਵਿੱਚ ਕਮਜ਼ੋਰੀ ਆਵੇਗੀ। ਸੋ ਲੋੜ ਹੈ ਸਰੀਰ ਦੇ ਕਿਸੇ ਸਿਸਟਮ ਵਿੱਚ ਪਏ ਨੁਕਸ ਨੂੰ ਠੀਕ ਕਰਨ ਦੀ, ਫਿਰ ਸੁੱਕੀਆਂ ਰੋਟੀਆਂ ਵੀ ਦੇਸੀ ਘਿਓ ਵਾਂਗ ਲੱਗਦੀਆਂ ਹਨ। ਦੂਸਰਾ ਮਨ ਨੂੰ ਖੁਸ਼ ਰੱਖਣ ਦੀ, ਅਗਰ ਅਸੀਂ ਮਾਨਸਿਕ ਤੌਰ 'ਤੇ ਦੁਖੀ ਰਹਿੰਦੇ ਹਾਂ ਤਾਂ ਭਾਵੇਂ ਲੱਖ ਬਦਾਮ, ਦਾਖਾਂ, ਕਾਜੂ, ਛੁਹਾਰੇ ਖਾਓ, ਲੱਖ ਪਾਊਡਰ ਪੀਓ, ਕਿਸੇ ਚੀਜ਼ ਨੇ ਕੋਲ ਦੀ ਨਹੀਂ ਲੰਘਣਾ, ਮਨ ਨੂੰ ਖੁਸ਼ ਰੱਖਕੇ ਦੋ ਟਾਈਮ ਦੀ ਰੋਟੀ ਸਮੇਂ ਸਿਰ ਖਾਧੀ ਜਾਵੇ ਅਤੇ ਲੋੜੀਂਦੀ ਰੈਸਟ ਸਰੀਰ ਨੂੰ ਦਿੱਤੀ ਜਾਵੇ ਫਿਰ ਸਰੀਰਕ ਤਾਕਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
''ਮਰਦ ਤੇ ਘੋੜੇ ਹੋਣ ਨਾ ਬੁੱਢੇ ਜੇ ਮਿਲਦੀਆਂ ਰਹਿਣ ਖੁਰਾਕਾਂ'' ਇਹ ਉਦਾਹਰਣ ਅੱਜ ਦੇ ਦੌਰ ਵਿੱਚ ਦਮਦਾਰ ਨਹੀਂ ਕਿਉਂਕਿ ਚਿੰਤਾਵਾਂ ਵਿੱਚ ਘਿਰਿਆ ਮਨੁੱਖ ਭਾਵੇਂ ਕਿੰਨੀ ਮਰਜ਼ੀ ਖੁਰਾਕ ਖਾਵੇ ਪਰ ਫਿਰ ਵੀ ਨਿਕੰਮਾ ਹੀ ਰਹਿੰਦਾ। ਲੋੜ ਹੈ ਮਾਨਸਿਕ ਮਨੋਬਲ ਨੂੰ ਉੱਚਾ ਚੁੱਕਣ ਦੀ ਬਾਕੀ ਜਿਹੜੀਆਂ ਦਵਾਈਆਂ ਜਾਂ ਪਾਊਡਰ ਅਸੀਂ ਪੀਂਦੇ ਹਾਂ ਇਸ ਨਾਲ ਸਿਰਫ ਸਾਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਅਗਰ ਸ਼ੀਸ਼ੀਆਂ ਪੀ ਕੇ ਤਾਕਤ ਆਉਂਦੀ ਹੁੰਦੀ ਤਾਂ ਅੱਜਕੱਲ੍ਹ ਹਰੇਕ ਘਰ ਦਾਰਾ ਸਿੰਘ ਪਹਿਲਵਾਨ ਹੋਣੇ ਸੀ ਪਰ ਹੈ ਇਸ ਤੋਂ ਉਲਟ।
ਡਾ. ਅਮਨਦੀਪ ਸਿੰਘ ਟੱਲੇਵਾਲੀਆ
98146-99446