ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਲਿਪ ਡਿਸਕ ਦੀ ਬਿਮਾਰੀ ਦੇ ਕਾਰਨ ਤੇ ਇਲਾਜ


ਸਲਿਪ ਡਿਸਕ ਦੇ ਇਲਾਜ ਬਾਰੇ ਜਾਨਣ ਤੋਂ ਪਹਿਲਾਂ ਇਹ ਸਮਝ ਲਈਏ ਕਿ ਸਲਿਪ ਡਿਸਕ ਕੀ ਹੁੰਦੀ ਹੈ। ਕੁਦਰਤ ਨੇ ਸਾਡੇ ਸਰੀਰ ਦੇ ਪਿਛਲੇ ਹਿੱਸੇ ਵਿਚ ਦਿਮਾਗ ਤੋਂ ਹੇਠਾਂ ਤੱਕ ਜਾਂਦੀ ਨਰਵ (ਸਪਾਈਨਲ ਕਾਰਡ) ਦੀ ਸੁਰੱਖਿਆ ਲਈ ਇਕ ਹੱਡੀ ਦਾ ਪਿੰਜਰਾ ਲਗਾਇਆ ਹੋਇਆ ਹੈ, ਜਿਸ ਨੂੰ ਰੀੜ੍ਹ ਦੀ ਹੱਡੀ ਕਹਿੰਦੇ ਹਾਂ। ਇਸ ਰੀੜ੍ਹ ਦੀ ਹੱਡੀ ਦੇ 33 ਮਣਕੇ ਹੁੰਦੇ ਹਨ। 9 ਮਣਕੇ ਹੱਡੀ ਦੇ ਸਿਰੇ ਵਾਲੇ ਹਿੱਸੇ ਦੇ ਕੋਲ ਹੁੰਦੇ ਹਨ, ਜਿਹੜੇ ਕਿ ਆਪਸ ਵਿਚ ਜੁੜੇ ਹੁੰਦੇ ਹਨ। ਇਹਨਾਂ ਜੁੜੇ ਹੋਏ ਅਖੀਰਲੇ ਮਣਕਿਆਂ ਵਿਚੋਂ ਚਾਰ ਮਣਕਿਆਂ ਨੂੰ ਅਸੀਂ 'ਟੇਲ ਬੋਨ' ਵੀ ਆਖ ਦਿੰਦੇ ਹਾਂ। ਆਪਸ ਵਿਚ ਜੁੜੇ ਹੋਣ ਕਾਰਨ ਇਹਨਾਂ 9 ਮਣਕਿਆਂ ਵਿਚ ਕੋਈ ਡਿਸਕ ਨਹੀਂ ਹੁੰਦੀ ਪਰ ਬਾਕੀ ਦੇ 24 ਮਣਕਿਆਂ ਵਿਚ ਹਰੇਕ ਮਣਕੇ ਦੇ ਵਿਚਕਾਰ ਇਕ ਰੇਸ਼ੇਦਾਰ, ਲੇਸਦਾਰ ਤੇ ਝਿਲੀਨੁਮਾ ਮਾਸ ਦਾ ਟੁਕੜਾ ਹੁੰਦਾ ਹੈ, ਇਸ ਮਾਸ ਦੇ ਟੁਕੜੇ ਨੂੰ ਹੀ ਡਿਸਕ ਕਿਹਾ ਜਾਂਦਾ ਹੈ। ਜਦ ਇਹ ਡਿਸਕ ਆਪਣੀ ਥਾਂ ਤੋਂ ਖਿਸਕ ਕੇ ਨਰਵ 'ਤੇ (ਸਪਾਈਨਲ ਕਾਰਡ) ਦਬਾਅ ਪਾਉਂਦੀ ਹੈ ਤਾਂ ਇਸ ਨੂੰ ਸਲਿਪ ਡਿਸਕ ਕਿਹਾ ਜਾਂਦਾ ਹੈ।
ਸਲਿਪ ਡਿਸਕ ਦੇ ਲੱਛਣ : ਸਲਿਪ ਡਿਸਕ ਦੀ ਦਰਦ ਜ਼ਿਆਦਾਤਰ ਮਰੀਜ਼ ਦੀ ਪਿੱਠ ਤੋਂ ਸ਼ੁਰੂ ਹੋ ਕੇ ਲੱਤ ਵਿਚ ਜਾਂਦੀ ਹੈ। ਇਹ ਦਰਦ ਮਰੀਜ਼ ਨੂੰ ਤੁਰਦਿਆਂ, ਉਪਰ-ਹੇਠਾਂ ਝੁਕਦਿਆਂ, ਸਿੱਧੇ ਖੜ੍ਹੇ ਹੁੰਦਿਆਂ ਹੁੰਦੀ ਹੈ। ਕਈ ਵਾਰ ਇਹ ਦਰਦ ਲੇਟਿਆਂ ਵੀ ਹੁੰਦੀ ਰਹਿੰਦੀ ਹੈ। ਲੱਤ ਦਾ ਕੋਈ ਹਿੱਸਾ ਕਈ ਵਾਰ ਸੌਣਾ ਵੀ ਸ਼ੁਰੂ ਕਰ ਦਿੰਦਾ ਹੈ। ਮਰੀਜ਼ ਨੂੰ ਟੱਟੀ ਪਿਸ਼ਾਬ ਕਰਨ ਵਿਚ ਮੁਸ਼ਕਿਲ ਪੇਸ਼ ਆ ਸਕਦੀ ਹੈ। ਮਰੀਜ਼ ਟੇਡਾ ਹੋ ਕੇ ਚੱਲਦਾ ਹੈ ਤੇ ਦੋਵਾਂ ਲੱਤਾਂ 'ਤੇ ਬਰਾਬਰ ਭਾਰ ਨਹੀਂ ਪਾ ਸਕਦਾ। ਇਹ ਦੇਖਣ ਲਈ ਕਿ ਸਲਿਪ ਡਿਸਕ ਆਪਣੀ ਥਾਂ ਤੋਂ ਕਿਸ ਪਾਸੇ ਵੱਲ ਕਿੰਨੀ ਕੁ ਹਿਲੀ ਹੋਈ ਹੈ ਅਸੀਂ ਮਰੀਜ਼ ਦਾ ਐਮ. ਆਰ. ਆਈ. ਟੈਸਟ ਕਰਵਾ ਕੇ ਦੇਖ ਲੈਂਦੇ ਹਾਂ, ਕਿਉਂਕਿ ਸਲਿਪ ਡਿਸਕ ਆਪਣੀ ਥਾਂ ਤੋਂ ਤਿੰਨ ਤਰ੍ਹਾਂ ਨਾਲ ਸਲਿਪ ਹੁੰਦੀ ਹੈ। ਕਦੇ ਕਦੇ ਸਲਿਪ ਡਿਸਕ ਆਪਣੀ ਥਾਂ ਤੋਂ ਥੋੜ੍ਹੀ ਜਿਹੀ ਖਿਸਕਦੀ ਹੈ, ਕਦੇ ਕਦੇ ਡਿਸਕ ਮਾਸ ਦੀ ਝਿੱਲੀ ਸਮੇਤ ਬਾਹਰ ਆ ਜਾਂਦੀ ਹੈ ਤੇ ਕਦੇ ਕਦੇ ਡਿਸਕ ਮਾਸਪੇਸ਼ੀਆਂ ਦੀਆਂ ਝਿੱਲੀਆਂ ਨੂੰ ਪਾੜ ਕੇ ਬਾਹਰ ਆਉਂਦੀ ਹੈ।
ਸਲਿਪ ਡਿਸਕ ਦੇ ਕਾਰਨ : ਵੈਸੇ ਤਾਂ ਸਲਿਪ ਡਿਸਕ ਦੇ ਕਈ ਕਾਰਨ ਹੁੰਦੇ ਹਨ ਪਰ ਮੁੱਖ ਤੌਰ 'ਤੇ ਆਪਣੀ ਸਮਰਥਾ ਤੋਂ ਵਧੇਰੇ ਭਾਰ ਚੁੱਕ ਲੈਣਾ, ਕੋਈ ਸੱਟ ਲੱਗਣਾ, ਦੋ ਪਹੀਆ ਵਾਹਨ ਦਾ ਟੋਏ ਵਿਚ ਪੈ ਜਾਣ ਨਾਲ ਰੀੜ੍ਹ ਦੀ ਹੱਡੀ ਨੂੰ ਝਟਕਾ ਲੱਗਣਾ, ਬੈਠਣ ਦੇ ਗਲਤ ਤੌਰ ਤਰੀਕੇ, ਜ਼ਿਆਦਾ ਬੈਠਣਾ, ਜ਼ਿਆਦਾ ਮੋਟਾਪਾ ਆਦਿ। ਕਈ ਵਾਰ ਚੂਲਿਆਂ ਭਾਰ ਡਿਗਣ ਨਾਲ 'ਟੇਲ ਬੋਨ' ਦੀ ਤਕਲੀਫ ਹੋਣ ਨਾਲ ਵੀ ਦਰਦ ਰਹਿੰਦੀ ਹੈ।
ਇਲਾਜ : ਬਚਾਓ ਹੀ ਸਲਿਪ ਡਿਸਕ ਦਾ ਸਭ ਤੋਂ ਵੱਡਾ ਇਲਾਜ ਹੈ। ਆਪਣੇ ਭਾਰ ਨੂੰ ਕਾਬੂ ਵਿਚ ਰੱਖਣਾ, ਰੋਜ਼ਾਨਾ ਕਸਰਤ, ਖਾਸ ਕਰਕੇ ਰੀੜ੍ਹ ਦੀ ਹੱਡੀ ਦੀ ਕਸਰਤ ਹੀ ਸਲਿਪ ਡਿਸਕ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ। ਜੇਕਰ ਸਲਿਪ ਡਿਸਕ ਦੀ ਬਿਮਾਰੀ ਹੋ ਜਾਵੇ ਤਾਂ ਹੁਣ ਅਤਿ ਆਧੁਨਿਕ ਅਮਰੀਕਨ ਸੀ. ਡੀ. ਡੀ. ਥੈਰੇਪੀ ਇਸ ਦਾ ਇਕ ਵਧੀਆ ਇਲਾਜ ਹੈ। ਇਸ ਥੈਰੇਪੀ ਰਾਹੀਂ ਸਲਿਪ ਡਿਸਕ ਦਾ ਇਲਾਜ ਬਗੈਰ ਆਪ੍ਰੇਸ਼ਨ ਹੋ ਸਕਦਾ ਹੈ। ਇਹ ਥੈਰੇਪੀ ਸਲਿਪ ਹੋਈ ਡਿਸਕ ਦਾ ਨਰਵ 'ਤੇ ਪੈਂਦਾ ਦਬਾਅ ਘਟਾਉਂਦੀ ਹੈ, ਜਿਸ ਨਾਲ ਮਰੀਜ਼ ਨੂੰ ਦਰਦ ਤੋਂ ਰਾਹਤ ਮਿਲ ਜਾਂਦੀ ਹੈ। ਇਹ ਇਕ ਕੁਦਰਤੀ ਇਲਾਜ ਹੈ। ਮਰੀਜ਼ ਨੂੰ ਕੋਈ ਬੇਹੋਸ਼ ਨਹੀਂ ਕੀਤਾ ਜਾਂਦਾ, ਚੀਰਫਾੜ ਨਹੀਂ ਕੀਤਾ ਜਾਂਦਾ। ਆਪ੍ਰੇਸ਼ਨ ਨਾਲੋਂ ਖ਼ਰਚਾ ਵੀ ਘੱਟ ਆਉਂਦਾ ਹੈ। ਸਭ ਤੋਂ ਵੱਡੀ ਗੱਲ ਕਿ ਇਲਾਜ ਦੌਰਾਨ ਹੀ ਜਦ ਮਰੀਜ਼ ਠੀਕ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਹ ਆਪਣਾ ਰੋਜ਼ਾਨਾ ਕੰਮਕਾਰ (ਜ਼ਿਅਦਾ ਭਾਰਾ ਕੰਮ ਨਹੀਂ) ਕਰ ਸਕਦਾ ਹੈ। ਇਹ ਥੈਰੇਪੀ ਉਹਨਾਂ ਮਰੀਜ਼ਾਂ ਲਈ ਹੋਰ ਵੀ ਜ਼ਿਆਦਾ ਲਾਭਦਾਇਕ ਹੈ, ਜਿਹੜੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਤੇ ਜਿਗਰ ਦੀਆਂ ਬਿਮਾਰੀਆਂ, ਮੋਟਾਪੇ ਜਾਂ ਬੁਢਾਪੇ ਕਾਰਨ ਸਲਿਪ ਡਿਸਕ ਦਾ ਆਪ੍ਰੇਸ਼ਨ ਨਹੀਂ ਕਰਵਾ ਸਕਦੇ। ਟੇਲ ਬੋਨ ਦੀ ਤਕਲੀਫ਼ ਹੋਵੇ ਤਾਂ ਮਰੀਜ਼ ਨੂੰ ਇਸ ਵਿਚ ਇਕ ਵੀ ਟੀਕਾ ਲਗਾਉਣਾ ਪੈ ਸਕਦਾ ਹੈ, ਮਰੀਜ਼ ਨੂੰ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਪਰ ਉਸ ਨੂੰ ਸਖ਼ਤ ਥਾਂ 'ਤੇ ਬੈਠਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਡਾ. ਰਵੀਪਾਲ ਸਿੰਘ