ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖੀ ਦੇ ਪ੍ਰਚਾਰ ਨੂੰ ਅੱਗੇ ਤੋਰਨ ਵਾਲੇ ਗੁਰੂ ਅੰਗਦ ਦੇਵ ਜੀ


ਸੇਵਾ, ਸਿਮਰਨ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਗੁਰੂ ਅੰਗਦ ਦੇਵ ਜੀ ਅਦੁੱਤੀ ਸ਼ਖ਼ਸੀਅਤ ਦੇ ਮਾਲਕ ਸਨ। ਗੁਰ ਇਤਿਹਾਸ ਅਤੇ ਗੁਰਮਤਿ ਦੇ ਵਿਕਾਸ ਵਿਚ ਉਨ੍ਹਾਂ ਦੀ ਦੇਣ ਵਡਮੁੱਲੀ ਅਤੇ ਮਹੱਤਵਪੂਰਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਵਿਚਾਰਧਾਰਾ 'ਤੇ ਚਲਦਿਆਂ ਹੋਇਆਂ ਬ੍ਰਹਮ ਗਿਆਨ ਦੇ ਅਥਾਹ ਸਾਗਰ ਦਾ ਅੰਗ ਬਣ ਜਾਣਾ ਉਨ੍ਹਾਂ ਦੀ ਵਡਮੁੱਲੀ ਪ੍ਰਾਪਤੀ ਸੀ, ਜਿਸ ਨੂੰ ਭਾਈ ਗੁਰਦਾਸ ਜੀ ਨੇ ਨਿਹਾਰਦਿਆਂ ਲਿਖਿਆ ਹੈ:-
ਥਾਪਿਆ ਲਹਿਣਾ ਜੀਂਵਦੇ,
ਗੁਰਿਆਈ ਸਿਰਿ ਛਤ੍ਰ ਫਿਰਾਇਆ£
ਜੋਤੀ ਜੋਤਿ ਮਿਲਾਇ ਕੈ,
ਸਤਿਗੁਰ ਨਾਨਕ ਰੂਪ ਵਟਾਇਆ£
ਗੁਰੂ ਸਾਹਿਬ ਦੇ ਸਮਕਾਲੀ ਰਬਾਬੀਆਂ ਰਾਇ ਬਲਵੰਡ ਅਤੇ ਸੱਤਾ ਡੂਮ ਨੇ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਵਿਚ ਪਰਿਵਰਤਿਤ ਹੋਈ ਵਿਸਮਾਦੀ ਘਟਨਾ ਨੂੰ 'ਲਹਣੇ ਧਰਿਓਨ ਛਤ੍ਰ ਸਿਰਿ' ਅਤੇ 'ਗੁਰੂ ਅੰਗਦ ਦੀ ਦੋਹੀ ਫਿਰੀ' ਜਿਹੇ ਸ਼ਬਦਾਂ ਰਾਹੀਂ ਰੂਪਮਾਨ ਕੀਤਾ ਹੈ।
ਭਾਈ ਲਹਿਣਾ ਜੀ ਦਾ ਜਨਮ ਭਾਵੇਂ ਮੱਤੇ ਦੀ ਸਰਾਂ, ਜ਼ਿਲ੍ਹਾ ਫਿਰੋਜ਼ਪੁਰ (ਹੁਣ ਪਾਕਿਸਤਾਨ) ਵਿਖੇ ਭਾਈ ਫੇਰੂ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖੋਂ 1504 ਈ: ਨੂੰ ਹੋਇਆ ਸੀ, ਪਰ ਬਾਬਰ ਦੇ ਹਮਲਿਆਂ ਵੇਲੇ ਮੱਤੇ ਦੀ ਸਰਾਂ ਦੇ ਉਜੜਨ ਕਰਕੇ ਭਾਈ ਫੇਰੂ ਮੱਲ ਜੀ ਪਰਿਵਾਰ ਸਮੇਤ ਆਪਣੀ ਧਰਮ ਦੀ ਭੈਣ ਬੀਬੀ ਵਿਰਾਈ ਜੀ ਪਾਸ ਖਡੂਰ ਵਿਖੇ ਆ ਗਏ ਸਨ, ਜਿਥੇ ਭਾਈ ਲਹਿਣਾ ਜੀ ਦਾ ਵਿਆਹ ਸੰਨ 1519 ਈ: ਵਿਚ ਭਾਈ ਦੇਵੀ ਚੰਦ ਖੱਤਰੀ ਦੀ ਪੁੱਤਰੀ ਬੀਬੀ ਖੀਵੀ ਜੀ ਨਾਲ ਹੋਇਆ।
ਇਤਿਹਾਸਕ ਫੁਰਮਾਨ ਹੈ ਕਿ ਇਕ ਦਿਨ ਭਾਈ ਲਹਿਣਾ ਜੀ ਅੰਮ੍ਰਿਤ ਵੇਲੇ ਗੁਰੂ ਘਰ ਦੇ ਅਨਿਨ ਸੇਵਕ ਭਾਈ ਜੋਧ ਜੀ ਦੇ ਮੁੱਖੋਂ ਆਸਾ ਦੀ ਵਾਰ ਦੀ ਪਉੜੀ ਸੁਣਨ ਉਪਰੰਤ ਅੰਮ੍ਰਿਤ ਰਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਦੇਵ ਜੀ ਪਾਸ ਕਰਤਾਰਪੁਰ (ਪਾਕਿਸਤਾਨ) ਪਹੁੰਚੇ ਤਾਂ ਪਾਰਖੂ ਦ੍ਰਿਸ਼ਟੀ 'ਚੋਂ ਨਿਸਚਿਤ ਪਛਾਣ ਕਰਾਉਣ ਉਪਰੰਤ ਲਹਿਣੇ ਦੇ ਰੂਪ 'ਚ ਕੁਝ ਲੈਣ ਜੋਗੇ ਹੋ ਗਏ ਤਾਂ ਗੁਰੂ ਨਾਨਕ ਦੇਵ ਜੀ ਨੇ ਛਾਤੀ ਨਾਲ ਲਗਾ ਕੇ ਜੋਤ ਤੋਂ ਜੋਤ ਰੂਪਮਾਨ ਕਰ ਦਿੱਤੀ :
ਅੰਗਹੁ ਅੰਗੁ ਉਪਾਇਓਨੁ ਗੰਗਹੁ ਜਾਣੁ ਤਰੰਗੁ ਉਠਾਇਆ£
ਭਾਈ ਗੁਰਦਾਸ ਜੀ ਨੇ ਇਸ ਗੁਰ-ਮਹਿਮਾ ਨੂੰ ਰੂਪਮਾਨ ਕਰਦਿਆਂ ਲਿਖਿਆ ਹੈ:
ਗੁਰੁ ਅੰਗਦੁ ਗੁਰੁ ਅੰਗੁ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫ਼ਲ ਫਲਿਆ£
ਜੋਤੀ ਜੋਤਿ ਜਗਾਈਅਨੁ ਦੀਵੇ ਤੇ ਜਿਉ ਦੀਵਾ ਬਲਿਆ£
ਗੁਰੂ ਨਾਨਕ ਦੇਵ ਜੀ ਨੇ ਗੁਰੂ ਚੇਲੇ ਦੇ ਖੇਤਰ ਵਿਚ ਵਿਲੱਖਣ ਪਿਰਤ ਦੇ ਧਾਰਨੀ ਹੁੰਦਿਆਂ ਜਿਊਂਦੇ-ਜੀਅ ਭਾਈ ਲਹਿਣਾ ਜੀ ਨੂੰ ਮੱਥਾ ਟੇਕਦਿਆਂ ਅਤੇ ਗੁਰਿਆਈ ਦਾ ਤਿਲਕ ਲਗਾਉਂਦਿਆਂ ਕਰਤਾਰਪੁਰ ਤੋਂ ਖਡੂਰ ਜਾ ਕੇ ਵਸਣ ਦੀ ਤਾਕੀਦ ਕੀਤੀ ਤਾਂ ਜੋ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਅੱਗੇ ਤੋਰਿਆ ਜਾ ਸਕੇ।
ਦਿੱਤਾ ਛੋੜਿ ਕਰਤਾਰਪੁਰੁ ਬੈਠਿ ਖਡੂਰੇ ਜੋਤਿ ਜਗਾਈ£
ਖਡੂਰ ਸਾਹਿਬ ਉਹ ਪਾਵਨ ਇਤਿਹਾਸਕ ਨਗਰੀ ਹੈ, ਜਿਥੇ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਦਾ ਲਗਭਗ 13 ਸਾਲ ਦਾ ਸਮਾਂ ਬਤੀਤ ਕੀਤਾ। ਇਥੇ ਹੀ (ਗੁਰੂ) ਅਮਰਦਾਸ ਜੀ ਦਾ ਮੇਲ ਗੁਰੂ ਅੰਗਦ ਦੇਵ ਜੀ ਨਾਲ ਹੋਇਆ ਅਤੇ ਉਨ੍ਹਾਂ ਨੇ ਲਗਭਗ 12 ਸਾਲ ਬਿਰਧ ਅਵਸਥਾ 'ਚ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣ ਲਈ ਬਿਆਸ ਦਰਿਆ (ਗੋਇੰਦਵਾਲ ਸਾਹਿਬ) ਤੋਂ ਜਲ ਦੀ ਗਾਗਰ ਲਿਆਉਣ ਦੀ ਸੇਵਾ ਕਰਕੇ ਨਿਥਾਵਿਆਂ ਦੇ ਥਾਵ, ਨਿਓਟਿਆਂ ਦੀ ਓਟ ਵਰਗੇ ਅਨੇਕਾਂ ਵਰ ਪ੍ਰਾਪਤ ਕੀਤੇ।
ਖਡੂਰ ਸਾਹਿਬ ਦੀ ਰਸਭਿੰਨੀ ਧਰਤੀ 'ਤੇ ਹੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿੱਪੀ ਨੂੰ ਸੋਧ-ਸੰਵਾਰ ਕੇ ਅਤੇ ਪ੍ਰਮਾਣਿਤ ਕਰਕੇ ਗੁਰਬਾਣੀ ਅੰਕਤ ਕਰਨ ਲਈ ਪ੍ਰਪੱਕ ਕੀਤਾ। ਇਥੇ ਹੀ ਗੁਰੂ ਨਾਨਕ ਦੇਵ ਅਤੇ ਭਗਤਾਂ ਦੀ ਬਾਣੀ ਨੂੰ ਇਕੱਤਰ ਕਰਕੇ ਅਨੇਕਾਂ ਪੋਥੀਆਂ ਅਤੇ ਗੁਟਕੇ ਲਿਖ ਕੇ ਦੂਰ ਨੇੜੇ ਤੱਕ ਭੇਜੇ ਜਾਣ ਦਾ ਸਿਲਸਿਲਾ ਸ਼ੁਰੂ ਹੋਇਆ। ਜਿਥੇ ਗੁਰੂ ਅੰਗਦ ਦੇਵ ਜੀ ਨੇ ਬੱਚਿਆਂ ਲਈ ਬਾਲ-ਬੋਧ ਤਿਆਰ ਕਰਵਾਏ, ਉਥੇ ਭਾਈ ਬਾਲਾ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦਾ ਅੱਖੀਂ ਡਿੱਠਾ ਜੀਵਨ-ਬਿਰਤਾਂਤ ਇਥੇ ਹੀ ਸੁਣਿਆ ਅਤੇ ਭਾਈ ਮੋਖੇ ਪੈੜੇ ਦੇ ਹੱਥੋਂ ਗੁਰਮੁਖੀ ਅੱਖਰਾਂ ਵਿਚ ਲਿਖਵਾਇਆ, ਜਿਸ ਨੂੰ ਭਾਈ ਬਾਲੇ ਵਾਲੀ ਜਨਮਸਾਖੀ ਦਾ ਰੁਤਬਾ ਹਾਸਲ ਹੋਇਆ। ਇਸ ਸਰਜ਼ਮੀਂ 'ਤੇ ਹੀ ਆਪ ਨੇ ਆਤਮਿਕ ਬਿਰਤੀ ਅਤੇ ਨਰੋਈ ਸਿਹਤ ਲਈ ਨਸ਼ਾ ਮੁਕਤ ਸਮਾਜ ਦੀ ਸਿੱਖਿਆ ਦੇਣੀ ਵੀ ਆਰੰਭ ਕੀਤੀ।
ਗੁਰੂ ਜੋਤ ਦੀ ਰੌਸ਼ਨੀ ਵਿਚ ਵਿਚਰਦੀ ਇਸ ਸਮਰਿੱਧ ਧਰਤੀ 'ਤੇ ਗੁਰੂ ਅੰਗਦ ਦੇਵ ਜੀ ਨੇ 'ਮਲ-ਅਖਾੜੇ' ਦੀ ਸਿਰਜਣਾ ਕਰਕੇ ਭਾਵੀ ਖ਼ਾਲਸੇ ਦੀ ਨਕਸ਼-ਨੁਹਾਰ ਘੜੀ ਅਤੇ ਸੰਵਾਰੀ। ਘੋਲਾਂ, ਛਿੰਞਾਂ ਅਤੇ ਹੋਰ ਅਜਿਹੀਆਂ ਸਰੀਰਕ ਖੇਡਾਂ ਰਾਹੀਂ ਬੱਚਿਆਂ ਅਤੇ ਨੌਜਵਾਨਾਂ ਨੂੰ ਦੇਹ-ਅਰੋਗਤਾ, ਰਿਸ਼ਟ-ਪੁਸ਼ਟਤਾ, ਤੰਦਰੁਸਤੀ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦਾ ਪਾਠ ਪੜ੍ਹਾਇਆ। ਮਲ-ਅਖਾੜੇ ਦੀ ਪਵਿੱਤਰ ਯਾਦ 'ਚ ਸੁਸ਼ੋਭਿਤ ਗੁਰਦੁਆਰਾ ਗੁਰੂ ਸਾਹਿਬਾਨ ਦੀ ਅਲੌਕਿਕ, ਅਦਭੁੱਤ ਅਤੇ ਅਨੂਠੀ ਜੀਵਨ ਅਤੇ ਕਾਰਜਸ਼ੈਲੀ ਨੂੰ ਪ੍ਰਗਟਾਉਂਦਾ ਹੈ।
ਕਰਤਾਰਪੁਰ (ਪਾਕਿਸਤਾਨ) ਵਿਖੇ ਲੰਗਰ ਦੀ ਸ਼ੁਰੂ ਹੋਈ ਪ੍ਰੰਪਰਾ ਖਡੂਰ ਸਾਹਿਬ ਵਿਖੇ ਹੋਰ ਅੱਗੇ ਵਧਦੀ ਹੈ। ਬਰਾਬਰਤਾ ਦਾ ਅਹਿਸਾਸ ਕਰਵਾਉਣ, ਦਸਵੰਧ ਕੱਢਣ, ਵੰਡ ਛਕਣ ਦੇ ਉਪਦੇਸ਼ 'ਤੇ ਅਮਲ ਕਰਨ ਅਤੇ ਭਰਾਤਰੀ ਭਾਵ ਪੈਦਾ ਕਰਨ ਵਿਚ ਲੰਗਰ ਦੀ ਮਰਯਾਦਾ ਨੇ ਸੁੰਦਰ ਯੋਗਦਾਨ ਪਾਇਆ। ਖਡੂਰ ਸਾਹਿਬ ਵਿਖੇ ਹੀ ਮਾਤਾ ਖੀਵੀ ਜੀ (ਸੁਪਤਨੀ ਗੁਰੂ ਅੰਗਦ ਦੇਵ ਜੀ) ਆਪਣੇ ਹੱਥੀਂ ਘਿਓ ਵਾਲੀ ਖੀਰ ਤਿਆਰ ਕਰਕੇ ਸੰਗਤ ਨੂੰ ਵਰਤਾਉਣਾ ਕਰਦੇ ਅਤੇ ਲੰਗਰ ਦਾ ਪ੍ਰਬੰਧ ਚਲਾਉਂਦੇ।
ਬਲਵੰਡ ਖੀਵੀ ਨੇਕ ਜਨ, ਜਿਸੁ ਬਹੁਤੀ ਛਾਉ ਪਤ੍ਰਾਲੀ£
ਲੰਗਰਿ ਦਉਲਤਿ ਵੰਡੀਐ, ਰਸੁ ਅਮ੍ਰਿਤੁ ਖੀਰ ਖਿਆਲੀ£
ਇਸ ਵਰਦਾਨੀ ਧਰਤ 'ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹਮਾਯੂੰ ਬਾਦਸ਼ਾਹ ਦਾ ਹੰਕਾਰ ਤੋੜ ਕੇ ਉਸ ਨੂੰ ਨਿਮਰਤਾ ਵਿਚ ਵਿਚਰਨ ਦਾ ਅਹਿਸਾਸ ਕਰਵਾਇਆ ਸੀ। ਇਸ ਅੰਮ੍ਰਿਤ ਰਸ-ਭਿੰਨੀ ਭੋਇੰ 'ਤੇ ਹੀ ਸ੍ਰੀ ਗੁਰੂ ਅੰਗਦ ਦੇਵ ਜੀ 1552 ਈ: ਵਿਚ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਅਮਰਦਾਸ ਜੀ ਨੂੰ ਸੌਂਪ ਕੇ ਜੋਤੀ ਜੋਤ ਸਮਾਏ, ਜਿਨ੍ਹਾਂ ਦਾ ਗੁਰੂ ਅਮਰਦਾਸ ਜੀ ਨੇ ਗੁਰ-ਮਰਯਾਦਾ ਅਨੁਸਾਰ ਆਪਣੇ ਹੱਥੀਂ ਸ੍ਰੀ ਅੰਗੀਠਾ ਸਾਹਿਬ ਤਿਆਰ ਕਰਵਾਇਆ, ਜਿਥੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸੁਭਾਇਮਾਨ ਹੈ।
ਖਡੂਰ ਸਾਹਿਬ ਦੀ ਪਾਕ ਪਵਿੱਤਰ ਸਰਜ਼ਮੀਂ 'ਤੇ ਲਗਭਗ ਇਕ ਸਦੀ ਤੋਂ ਕਾਰ ਸੇਵਾ ਦਾ ਪ੍ਰਵਾਹ ਨਿਰੰਤਰ ਜਾਰੀ ਹੈ। ਕਾਰ ਸੇਵਾ ਰਾਹੀਂ ਆਲੀਸ਼ਾਨ ਰੂਪ ਵਿਚ ਸੁਸ਼ੋਭਿਤ ਗੁਰਦੁਆਰਿਆਂ, ਸਰੋਵਰਾਂ, ਪਰਕਰਮਾਂ, ਲੰਗਰਾਂ ਅਤੇ ਪਾਰਕਾਂ ਆਦਿ ਨੂੰ ਅਜਿਹੀ ਦਿਖ ਪ੍ਰਦਾਨ ਕੀਤੀ ਗਈ ਹੈ ਕਿ ਰੱਬ ਦੇ ਦੀਦਾਰ ਹੋ ਜਾਂਦੇ ਹਨ।
ਡਾ. ਦਲਜੀਤ ਸਿੰਘ ਖਹਿਰਾ