ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੋਚੋ! ਅਸੀਂ ਅਗਲੀ ਪੀੜ੍ਹੀ ਦੇ ਪੱਲੇ ਕੀ ਪਾ ਕੇ ਚੱਲੇ ਹਾਂ?


ਇਸ ਧਰਤੀ 'ਤੇ ਆਉਣ-ਜਾਣ ਬਣਿਆਂ ਆਇਆ ਹੈ, ਨਾ ਅਸੀਂ ਰਹਿਣਾ ਹੈ ਨਾ ਅੱਗੇ ਕੋਈ ਥਿਰ ਰਹਿਆ ਹੈ। ਸਿੱਖਾਂ ਲਈ ਹੁਣ ਇਹ ਫਿਕਰਮੰਦੀ ਨਾਲ ਸੋਚਣ ਦਾ ਵੇਲਾ ਹੈ ਕਿ ਅਸੀਂ ਅਗਲੀ ਪੀੜ੍ਹੀ ਨੂੰ ਕੀ ਦੇ ਕੇ ਚੱਲੇ ਹਾਂ? ਹਰ ਸਿੱਖ ਇਹ ਬੜੀ ਗੰਭੀਰਤਾ ਨਾਲ ਸੋਚੇ ਕਿ ਸਾਡੇ ਵੱਡਿਆਂ ਨੇ ਸਾਨੂੰ ਸਿੱਖੀ ਦਾ ਲੜ ਕਿਸ ਹਾਲਤ ਵਿਚ ਫੜਾਇਆ ਹੈ ਅਤੇ ਅਸੀਂ ਅੱਗੇ ਕਿਸ ਹਾਲਤ ਵਿਚ ਸਿੱਖੀ ਨੂੰ ਛੱਡ ਕੇ ਜਾ ਰਹੇ ਹਾਂ?
ਇਸ ਵੇਲੇ ਦੀਆਂ ਹਾਲਤਾਂ ਸਾਥੋਂ ਗੁਝੀਆਂ ਨਹੀਂ ਹਨ। ਸਿੱਖ ਕੌਮ ਵਿਵਾਦਾਂ ਵਿਚ ਚਹੁਤਰਫੀ ਘਿਰੀ ਹੋਈ ਹੈ। ਪੰਜਾਬ ਦਾ ਪਾਣੀ ਹਵਾ ਕੁਦਰਤ ਅਸਲੋਂ ਮੰਦੀ ਹਾਲਤ ਵਿਚ ਹਨ। ਕਰਜ਼ੇ ਦੀ ਬਹੁਲਤਾ ਨੇ ਕਿਸਾਨੀ ਦੀ ਰੀੜ੍ਹ ਵਾਲੀ ਹੱਡੀ ਤੋੜ ਦਿੱਤੀ ਹੈ। ਖੁਦ ਪੰਜਾਬ ਸਿਰ ਕਰਜ਼ੇ ਦਾ ਬੋਝ ਅਸਹਿ ਹੈ। ਭਿਆਨਕ ਬਿਮਾਰੀਆਂ ਨਵੀਂ ਪੀੜ੍ਹੀ ਨੂੰ ਪਹਿਲੀ ਉਮਰ ਵਿਚ ਆਪਣਾ ਖਾਜ਼ਾ ਬਣਾ ਰਹੀਆਂ ਹਨ। ਸਿੱਖਾਂ ਦੀਆਂ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ 'ਤੇ ਸ਼ਕਲੋਂ ਸਿੱਖ ਪਰ ਅਸਲ ਵਿਚ ਸਿੱਖ ਦੁਸ਼ਮਣਾਂ ਦਾ ਕਬਜ਼ਾ ਹੋ ਚੁੱਕਾ ਹੈ। ਪਤਿਤਪੁਣਾ ਅਤੇ ਸਿੱਖ ਸਮਝ ਦੀ ਘਾਟ ਸਦਕਾ ਸਿੱਖ ਪਰਿਵਾਰ ਡੇਰਾਵਾਦ ਦੇ ਜਾਲ ਵਿਚ ਫਸ ਕੇ ਅਣਜਾਣਪੁਣੇ ਵਿਚ ਹੀ ਸਿੱਖ ਵਿਰੋਧੀ ਕਰਮ ਕਰਨ ਦੇ ਮਹਿਸੂਫ ਹਨ। ਰਾਜਨੀਤਕ ਕੁਟਲਚਾਲਾਂ ਨੇ ਇਸ ਧਰਤੀ ਦੇ ਇਸ ਹਿੱਸੇ ਵਿਚ ਜਿਥੇ ਸਿੱਖੀ ਦੇ ਸਭ ਤੋਂ ਵੱਧ ਵਿਕਾਸ ਕਰਨਾ ਸੀ ਉਸ ਉਤੇ ਸਿੱਖੀ ਦੀ ਹੋਂਦ ਨੂੰ ਖਤਰੇ ਦੀ ਕਗਾਰ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪਹਿਲਾਂ ਇਸ ਧਰਤੀ ਨੂੰ ਭਾਰਤ ਅਤੇ ਪਾਕਿਸਤਾਨ ਦੀ ਵੰਡ ਸਮੇਂ ਦੋ ਹਿੱਸਿਆਂ ਵਿਚ ਵੰਡ ਅਤੇ ਉਸ ਤੋਂ ਬਾਅਦ ਹਿਮਾਚਲ ਅਤੇ ਹਰਿਆਣਾ ਦੀ ਵੰਡ ਨੇ ਸਿੱਖੀ ਦੀ 'ਪੈਦਾਇਸੀ ਤਾਕਤ' ਨੂੰ ਘੱਟ ਕਰਨ ਵਿਚ ਕੁਚੇਸਟਾਂ ਤਹਿਤ ਹੀਣਾ ਕੀਤਾ। ਹੁਣ ਕਰਜ਼ੇ ਦੇ ਭਾਰ ਅਤੇ ਕੁਦਰਤੀ ਨਿਆਮਤਾਂ ਦੀ ਗੈਰਕਾਨੂੰਨੀ ਵੰਡ ਸਿੱਖ ਕੌਮ ਨੂੰ ਆਰਥਿਕ ਪੱਖੋਂ ਦੀਵਾਲੇ ਕਰਨ ਦੀ ਨੀਤੀ ਨੇ ਵੱਡਾ ਧੱਕਾ ਮਾਰਿਆ ਹੈ।
ਸਿੱਖ ਕੌਮ ਦੀ ਚੜ੍ਹਦੀ ਕਲਾ ਤਾਂ ਹੀ ਹੋਣੀ ਸੀ ਜੇ ਇਸ ਨੂੰ ਤਾਕਤ ਬਖਸ਼ਣ ਵਾਲੀਆਂ ਦੋ ਮੁੱਖ ਸ਼ਾਖਾਵਾਂ ਰਾਜਨੀਤੀ ਅਤੇ ਧਰਮ ਅਰੋਗ ਹੋਣ। ਇਸ ਦੀ ਹਾਲਤ ਦੀਆਂ ਦੋ ਮੁੱਖ ਉਦਾਹਰਣਾਂ ਜੋ ਹਾਲ ਹੀ ਵਿਚ ਵਾਪਰੀਆਂ ਹਨ, ਦਾ ਜ਼ਿਕਰ ਕੀਤੇ ਜਾਣਾ ਇਸ ਮੁੱਦੇ ਨੂੰ ਵੱਧ ਸਾਫ ਕਰਨ ਵਿਚ ਹੀ ਸਹਾਈ ਹੋਵੇਗਾ। ਪਹਿਲਾਂ ਅਸੀਂ ਸਿੱਖ ਧਾਰਮਿਕ ਆਗੂਆਂ ਦੀ ਗੱਲ ਨਾਲ ਸ਼ੁਰੂ ਕਰਦੇ ਹਾਂ। ਸ੍ਰੀ ਅਕਾਲ ਤਖ਼ਤ ਦੇ ਕਥਿਤ 'ਸਿੰਘ ਸਾਹਿਬਾਨ ਜਿਹੜੇ ਹਰ ਸਮੇਂ ਇਥੋਂ ਜਾਰੀ ਕੀਤੇ ਹੁਕਮਾਂ ਨੂੰ ਰੱਬੀ ਹੁਕਮ ਦਾ ਨਾਮ ਦੇ ਕੇ ਹਰ ਸਿੱਖ ਨੂੰ ਤਾਕੀਦ ਕਰਦੇ ਹਨ ਕਿ ਉਹ ਸਾਡੇ ਹੁਕਮਾਂ' ਨੂੰ ਬਿਨਾਂ ਹੀਲ-ਹੁੱਜਤ ਪ੍ਰਵਾਨ ਕਰਨ ਦਾ ਆਪਣਾ ਸੱਚ ਕੀ ਹੈ, ਦੀ ਗੱਲ ਕਰਨੀ ਬਣਦੀ ਹੈ। ਦਰਜਨਾਂ ਮਸਾਲਾਂ ਦਿੱਤੀਆਂ ਜਾ ਸਕਦੀਆਂ ਹਨ ਜਦੋਂ ਇਨ੍ਹਾਂ ਜਥੇਦਾਰਾਂ ਨੇ ਆਪਣੇ ਜਾਰੀ ਕੀਤੇ ਹੁਕਮਾਂ ਦੀ ਖੁਦ ਉਲੰਘਣਾ ਕੀਤੀ ਹੈ। ਇਕ ਮਸਾਲ ਯਾਦ ਕਰਦੇ ਹਾਂ ਜਿਸ ਦਾ ਕੌਮ ਵਿਚ ਕੋਈ ਵਿਵਾਦ ਵੀ ਨਹੀਂ ਹੈ ਬਲਕਿ ਸਾਰੀ ਸਿੱਖ ਕੌਮ ਦੀ ਸਾਂਝੀ ਰਾਇ ਹੈ ਕਿ 1984 ਦੇ ਦਿੱਲੀ ਘੱਲੂਘਾਰੇ ਅਤੇ ਦਰਬਾਰ ਸਾਹਿਬ ਹਮਲੇ ਦੀਆਂ ਯਾਦਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ। 6 ਜੂਨ 2011 ਨੂੰ ਆਖੇ ਜਾਂਦੇ ਪੰਜ ਸਿੰਘ ਸਾਹਿਬਾਨਾਂ ਨੇ ਅਕਾਲ ਤਖ਼ਤ ਦੀ ਫਸੀਲ 'ਤੇ ਖੜ੍ਹ ਕੇ ਐਲਾਨ ਕੀਤਾ ਕਿ ਉਹ ਦੋ ਮਹੀਨੇ ਵਿਚ ਥਾਂ ਦੀ ਚੋਣ ਕਰਕੇ ਇਸ ਯਾਦਗਾਰ ਦੀ ਉਸਾਰੀ ਸ਼ੁਰੂ ਕਰ ਦੇਣਗੇ ਪਰ ਜਿਉਂ ਹੀ ਇਸ ਮਾਮਲੇ 'ਤੇ ਦਲ ਖਾਲਸਾ ਦਾ ਜ਼ੋਰ ਘੱਟ ਹੋਇਆ ਤਾਂ ਅਕਾਲ ਤਖ਼ਤ 'ਤੇ ਖੜ੍ਹ ਕੇ ਬੋਲਿਆ ਗਿਆ ਬਦਲ ਵੀ ਇਹਨਾਂ ਜਥੇਦਾਰਾਂ ਨੂੰ ਭੁੱਲ-ਭੁਲਾ ਗਿਆ। ਕੀ ਇਹੋ ਜਿਹੇ ਕੰਮ ਦੇਖ ਕੇ ਇਹ ਧਾਰਮਿਕ ਆਗੂ ਆਪਣੀ ਕੌਮ ਤੋਂ ਇਹ ਆਸ ਕਰਨਗੇ ਕਿ ਉਹ ਉਹਨਾਂ ਦੇ ਹਰ ਹੁਕਮ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ?
ਇਕ ਮਸਾਲ ਰਾਜਨੀਤੀ 'ਚੋਂ ਲੈਂਦੇ ਹਾਂ। ਸ਼੍ਰੋਮਣੀ ਅਕਾਲੀ ਦਲ ਜਿਸ ਦੀ ਸਥਾਪਨਾ ਹੀ ਸਿੱਖਾਂ ਨੂੰ ਰਾਜਨੀਤੀ ਵਿਚ ਤਾਕਤ ਪ੍ਰਦਾਨ ਕਰਨ ਵਜੋਂ ਹੋਈ ਸੀ ਦੀ ਹਾਲਤ ਅੱਜ ਇਹ ਹੈ ਕਿ ਇਸ ਦੇ ਹੱਥੋਂ ਅਜਿਹੇ ਕਾਰਜ ਬੇਖੌਫੀ ਨਾਲ ਹੋ ਰਹੇ ਹਨ ਜੋ ਸਿੱਖ ਕੌਮ ਦਾ ਬਿਸਤਰਾ ਗੋਲ ਕਰਨ ਵਿਚ ਕਾਹਲ ਦਿਖਾ ਰਹੇ ਹਨ। ਸਿੱਖਾਂ ਦੇ ਕੌਮੀ ਮਾਮਲਿਆਂ ਵਿਚ ਇਹ ਪਾਰਟੀ ਦੀ ਸਦੀਵੀਂ ਚੁੱਪ ਤੋੜਨ ਲਈ ਸਾਡੇ ਪਾਸ ਕੋਈ ਅਜਿਹੀ ਤਾਕਤ ਨਹੀਂ ਰਹੀ ਜਿਹੜੀ ਆਪਣੇ ਰਾਜਨੀਤਕ ਆਗੂਆਂ ਨੂੰ ਹਲੂਣ ਕੇ ਉਸ ਦੀ ਔਕਾਤ ਯਾਦ ਕਰਵਾ ਸਕੇ। ਮਸਾਲ ਦੇ ਤੌਰ 'ਤੇ ਹੁਣ ਹੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਖਤੀ ਰੂਪ ਵਿਚ ਇਹ ਮੰਨ ਲਿਆ ਹੈ ਕਿ ਬੀਤੇ ਦਹਾਕਿਆਂ ਵਿਚ ਸਿੱਖ ਨੌਜਵਾਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਦਾ ਸੰਸਕਾਰ ਬੇਪਛਾਣ ਲਾਸ਼ਾਂ ਵਜੋਂ ਕੀਤਾ ਗਿਆ ਸੀ। ਇਸ ਰਿਪੋਰਟ ਵਿਚ ਮਾਰੇ ਗਏ ਬੇਦੋਸ਼ ਨੌਜਵਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਘਟਨਾ ਨੂੰ ਮਾਮੂਲੀ ਸਮਝ ਕੇ ਆਪਣਾ ਕੋਈ ਪ੍ਰਤੀਕਰਮ ਪ੍ਰਗਟ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਇਹ ਮਸਲਾਂ ਇਨਾਂ ਵੱਡਾ ਹੈ ਕਿ ਦੁਨੀਆਂ ਭਰ ਵਿਚ ਸਿੱਖਾਂ ਦੀ ਭਾਰਤ ਵਿਚ ਹਾਲਤ ਨੂੰ ਪ੍ਰਗਟ ਕਰਨ ਵਿਚ ਵੱਡਾ ਸਹਾਇਕ ਸਿੱਧ ਹੋ ਸਕਦਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਕਿਸੇ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਖਤਮ ਕਰ ਦੇਣਾ ਅਕਾਲੀ ਦਲ ਨੂੰ ਸਿਰਫ਼ ਛੋਟੀ ਜਿਹੀ ਘਟਨਾ ਹੀ ਦਿਸਦੀ ਹੈ। ਜਦਕਿ ਇਸ ਦੇ ਆਗੂਆਂ ਨੂੰ ਚਾਹੀਦਾ ਸੀ ਕਿ ਉਹ ਮਾਰੇ ਗਏ ਸਿੱਖ ਨੌਜਵਾਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਮਾਰ ਦੇਣਾ ਸਿੱਧ ਹੋਣ 'ਤੇ ਇਸ ਲਈ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਲਈ ਸਜ਼ਾ ਦੀ ਮੰਗ ਕਰਦੇ। ਇਸ ਸਮੇਂ ਇਹ ਜ਼ਿੰਮੇਵਾਰ ਪੁਲਿਸ ਅਫ਼ਸਰ 'ਤਰੱਕੀ ਦਰ ਤਰੱਕੀ' ਵੱਡੇ ਅਹੁਦਿਆਂ 'ਤੇ ਬਿਰਾਜਮਾਨ ਹਨ ਜਿਹੜੇ ਕਿ ਤਰੱਕੀ ਦੇ ਮੈਡਲ ਵੀ ਅਕਾਲੀ ਦਲ ਤੋਂ ਹੀ ਪ੍ਰਾਪਤ ਕਰ ਰਹੇ ਹਨ। ਕੀ ਇਸ ਅਕਾਲੀ ਦਲ ਨੂੰ ਸਿੱਖ ਰਾਜਨੀਤਕ ਤਰਜਮਾਨੀ ਦੀ ਪ੍ਰਤੀਕ ਪਾਰਟੀ ਮੰਨਣਾ ਜਾਇਜ਼ ਹੈ? ਕੀ ਇਹ ਸੱਚ ਨਹੀਂ ਕਿ ਜੇ ਅਸੀਂ ਇਹ ਧਰਮੋਂ ਹੀਣੇ ਜਥੇਦਾਰਾਂ ਅਤੇ ਸਿੱਖ ਵਿਰੋਧੀ ਰਾਜਨੀਤਕ ਪਾਰਟੀ ਨੂੰ ਸਿੱਖ ਆਗੂਆਂ ਵਜੋਂ ਨਵੀਂ ਪੀੜ੍ਹੀ ਨੂੰ ਸੌਂਪ ਕੇ ਚੱਲੇ ਹਾਂ ਤਾਂ ਅਸੀਂ ਆਪਣੇ ਗੁਰੂ ਸਾਹਿਬਾਨਾਂ ਅਤੇ ਬੇਗਿਣਤ ਸਿੱਖਾਂ ਦੀਆਂ ਸ਼ਹਾਦਤਾਂ ਦਾ ਮਕਸਦ ਭੁੱਲ ਗਏ ਹਾਂ?
ਕੀ ਅਸੀਂ ਸੋਚਦੇ ਹਾਂ ਕਿ ਅਸੀਂ ਜਿਹੜੇ ਆਪਣੇ ਬੱਚਿਆਂ ਨੂੰ ਉਂਗਲ ਫੜਾ ਕੇ ਡੇਰੇਦਾਰ ਸਾਧਾਂ ਦੀਆਂ ਚੌਂਕੀਆਂ ਭਰਨ ਜਾਂਦੇ ਹਾਂ ਉਹ ਬੱਚੇ ਵੱਡੇ ਹੋ ਕੇ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਬਣਨਗੇ? ਕੀ ਅਸੀਂ ਕਦੇ ਸੋਚਿਆ ਹੈ ਕਿ 'ਸਿੱਖ ਸ਼ਕਲਾਂ ਵਿਚ ਚਿੱਮਟੇ ਕੁੱਟ, ਸੰਤ-ਬਾਬਿਆਂ ਦੇ ਪ੍ਰਚਾਰ ਨਾਲ ਪੈਦਾ ਹੋਈ ਸਿੱਖੀ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝ ਰਹੀ ਹੈ? ਕੀ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਸਾਡੇ ਵਡੇਰਿਆਂ ਨੇ ਬੇਸੁਮਾਰ ਜਫ਼ਰ-ਜਾਲ ਕੇ ਸਿੱਖੀ ਦਾ ਜੋ ਬੂਟਾ ਇਸ ਧਰਤੀ 'ਤੇ ਲਾਇਆ ਹੈ ਇਸ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸਾਡੇ ਸਿਰ ਹੈ? ਸੋ, ਇਹਨਾਂ ਗੱਲਾਂ ਨੂੰ ਵਿਚਾਰ ਕੇ ਸਾਨੂੰ ਸਮੇਂ ਦੇ ਸੱਚ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ ਕਿ ਸਾਡਾ ਭਵਿੱਖ ਕੀ ਹੋਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਬੂਟਾ ਇਸ ਧਰਤੀ 'ਤੇ ਮੌਲਦਾ ਰਹੇ ਤਾਂ ਸਾਨੂੰ ਅਰਾਮ ਦੀ ਜ਼ਿੰਦਗੀ ਛੱਡਣੀ ਪਵੇਗੀ। ਹਰ ਗੁਰਸਿੱਖ ਆਪਣੇ ਆਪ ਨਾਲ ਇਸ ਗੱਲ ਦਾ ਫੈਸਲਾ ਕਰੇ ਕਿ ਉਹ ਸਿੱਖੀ ਪ੍ਰਤੀ ਆਪਣੀ ਜ਼ਿੰਮੇਵਾਰੀ ਵਿਚ ਕਿੰਨਾ ਕੁ ਯੋਗਦਾਨ ਪਾ ਰਿਹਾ ਹੈ? ਇਕੋ-ਇਕ ਸਿੱਖ ਇਹ ਹਰ ਰੋਜ਼ ਸੋਚੇ ਕਿ ਉਸ ਦੇ ਇਸ ਧਰਤੀ ਤੋਂ ਜਾਣ ਬਾਅਦ ਅਸੀਂ ਆਪਣੀ ਅਗਲੀ ਕੁਲ ਵਿਚ ਸਿੱਖੀ ਦੀ ਲੋਅ ਕਿਸ ਹੱਦ ਤੱਕ ਜਗਾ ਕੇ ਜਾਵਾਂਗੇ? ਜੇ ਅਸੀਂ ਪੈਸੇ, ਅਰਾਮ ਅਤੇ ਸਵਾਰਥਾਂ ਤਹਿਤ ਅਜਿਹਾ ਕਰਨ ਦੇ ਸਮਰੱਥ ਨਹੀਂ ਤਾਂ ਸੱਚ ਇਹ ਹੈ ਕਿ ਅਸੀਂ ਸਿੱਖ ਕੌਮ ਨਾਲ ਧਿਰੋਹ ਕਮਾ ਰਹੇ ਹਾਂ।