ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੈਲਸ਼ੀਅਮ ਅਤੇ ਵਿਟਾਮਿਨ 'ਡੀ' ਦੀ ਘਾਟ


ਹੈ ਤਾਂ ਕਮਾਲ ਹੀ ਕਿ ਜਿੱਥੇ ਗ਼ਰੀਬ ਬੰਦਾ ਖ਼ੁਰਾਕ ਦੀ ਕਮੀ, ਖ਼ਾਸਕਰ ਦੁੱਧ ਅਤੇ ਉਸ ਤੋਂ ਬਣੇ ਪਦਾਰਥਾਂ ਦੀ ਘਾਟ ਕਾਰਨ ਕੈਲਸ਼ੀਅਮ ਦੀ ਕਮੀ ਦੀ ਬਿਮਾਰੀ ਨਾਲ ਜੂਝ ਰਿਹਾ ਹੈ, ਉੱਥੇ ਅਮੀਰਾਂ ਦੇ ਬੱਚੇ ਵਾਧੂ ਖ਼ੁਰਾਕ ਦੇ ਹੁੰਦਿਆਂ ਵੀ ਧੁੱਪੇ ਨਾ ਬੈਠਣ ਕਾਰਨ ਵਿਟਾਮਿਨ 'ਡੀ' ਦੀ ਕਮੀ ਦਾ ਸ਼ਿਕਾਰ ਹੋ ਰਹੇ ਹਨ ਤੇ ਕਮਜ਼ੋਰ ਹੱਡੀਆਂ ਲੈ ਕੇ ਬੈਠੇ ਹਨ।
ਕੁਦਰਤ ਦੀ ਕਮਾਲ ਦੀ ਕਾਰੀਗਰੀ ਵੇਖੋ ਕਿ ਨਵਜੰਮੇ ਬੱਚੇ ਨੂੰ ਵਿਟਾਮਿਨ 'ਡੀ' ਦੀ ਕਮੀ ਤੋਂ ਬਚਾਉਣ ਲਈ ਮਾਂ ਦੇ ਢਿੱਡ ਵਿਚ ਹੀ ਉਸ ਨੂੰ ਪੂਰੀ ਖ਼ੁਰਾਕ ਪਹੁੰਚ ਜਾਂਦੀ ਹੈ। ਇਹ ਵਿਟਾਮਿਨ 'ਡੀ' ਦੇ ਭਰਪੂਰ ਖਜ਼ਾਨੇ ਜੰਮਣ ਤੋਂ ਦੋ ਮਹੀਨੇ ਦੀ ਉਮਰ ਤੱਕ ਬੱਚੇ ਵਿਚ ਇਸ ਦੀ ਕਮੀ ਨਹੀਂ ਹੋਣ ਦਿੰਦੇ। ਮਾਂ ਦੇ ਦੁੱਧ ਵਿੱਚ ਵਿਟਾਮਿਨ 'ਡੀ' ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੀ। ਜੇ ਮਾਂ ਦੇ ਸਰੀਰ ਅੰਦਰ ਪੂਰਾ ਵਿਟਾਮਿਨ 'ਡੀ' ਜਾਂਦਾ ਰਹੇ ਤਾਂ ਨਵਜੰਮੇ ਬੱਚੇ ਵਿੱਚ ਇਸ ਦੀ ਕਮੀ ਨਹੀਂ ਹੁੰਦੀ, ਪਰ ਜੇ ਕਿਤੇ ਮਾਂ ਦਾ ਰੰਗ ਕਾਲਾ ਹੋਵੇ ਜਾਂ ਧੁੱਪੇ ਨਾ ਬੈਠ ਰਹੀ ਹੋਵੇ ਤਾਂ ਉਸ ਦੇ ਬੱਚੇ ਵਿੱਚ ਵਿਟਾਮਿਨ 'ਡੀ' ਦੀ ਕਮੀ ਦੇ ਲੱਛਣ ਵੇਖੇ ਜਾ ਸਕਦੇ ਹਨ। ਆਮ ਧਾਰਨਾ ਹੈ ਕਿ ਸਿਰਫ਼ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਹੀ ਕੈਲਸ਼ੀਅਮ ਭਰਪੂਰ ਹੁੰਦੀਆਂ ਹਨ, ਪਰ ਮੈਂ ਦਸ ਦਿਆਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਦਾਲਾਂ ਵਿੱਚ ਵੀ ਕੈਲਸ਼ੀਅਮ ਹੁੰਦਾ ਹੈ।
ਜਿੰਨੀ ਛੋਟੀ ਉਮਰ ਹੋਵੇ ਉਨਾ ਹੀ ਸਰੀਰ ਵੱਧ ਕੈਲਸ਼ੀਅਮ ਹਜ਼ਮ ਕਰ ਸਕਦਾ ਹੈ। ਜੱਚਾ ਦੇ ਸਰੀਰ ਵਿੱਚ ਵੀ ਵਧ ਕੈਲਸ਼ੀਅਮ ਹਜ਼ਮ ਕਰਨ ਦੀ ਤਾਕਤ ਹੁੰਦੀ ਹੈ, ਜੋ ਢਿੱਡ ਅੰਦਰ ਪਲ ਰਹੇ ਬੱਚੇ ਲਈ ਲੋੜੀਂਦਾ ਹੁੰਦਾ ਹੈ। ਜੇ ਫਾਈਟੇਟ ਜਾਂ ਓਗਜ਼ਾਲੇਟ ਖ਼ੁਰਾਕ ਵਿੱਚ ਵੱਧ ਹੋਣ, ਮਸਲਨ ਅੰਨ, ਟਮਾਟਰ ਆਦਿ ਤਾਂ ਕੈਲਸ਼ੀਅਮ ਇਨ੍ਹਾਂ ਨਾਲ ਜੁੜ ਕੇ ਸਰੀਰ ਵਿੱਚੋਂ ਬਿਨਾਂ ਹਜ਼ਮ ਹੋਏ ਬਾਹਰ ਆ ਜਾਂਦਾ ਹੈ।
ਅੰਡੇ (60 ਗ੍ਰਾਮ ਮਾਤਰਾ) ਵਿੱਚ ਲਗਪਗ 20 ਇੰਟਰਨੈਸ਼ਨਲ ਯੂਨਿਟ ਵਿਟਾਮਿਨ 'ਡੀ' ਹੁੰਦਾ ਹੈ, ਜਦਕਿ ਕੌਡ ਲਿਵਰ ਆਇਲ ਦੇ ਇਕ ਚਮਚ ਵਿੱਚ 400 ਤੋਂ 1000 ਇੰਟਰਨੈਸ਼ਨਲ ਯੂਨਿਟ ਵਿਟਾਮਿਨ 'ਡੀ' ਹੁੰਦਾ ਹੈ। ਸੈਲਮਨ ਮੱਛੀ (80 ਗ੍ਰਾਮ ਬਣੀ ਹੋਈ) ਵਿੱਚ 794 ਇੰਟਰਨੈਸ਼ਨਲ ਯੂਨਿਟ ਵਿਟਾਮਿਨ 'ਡੀ' ਹੁੰਦਾ ਹੈ।
ਜੇ ਕੈਲਸ਼ੀਅਮ ਭਰਪੂਰ ਚੀਜ਼ਾਂ ਦੀ ਗੱਲ ਕਰਨੀ ਹੋਵੇ ਤਾਂ ਰਾਜਮਾਂਹ ਵਿੱਚ 260 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਕੈਲਸ਼ੀਅਮ ਦੀ ਮਾਤਰਾ ਹੁੰਦੀ ਹੈ ਜਦਕਿ ਸੋਇਆਬੀਨ ਵਿੱਚ 240 ਮਿਲੀਗ੍ਰਾਮ, ਫੁੱਲ ਗੋਭੀ ਵਿੱਚ 626 ਮਿਲੀਗ੍ਰਾਮ, ਕੜ੍ਹੀਪੱਤਾ ਵਿੱਚ 830 ਮਿਲੀਗ੍ਰਾਮ, ਸੁੱਕੇ ਨਾਰੀਅਲ ਵਿੱਚ 400 ਮਿਲੀਗ੍ਰਾਮ, ਖਜੂਰ 363, ਧਨੀਆ 1080 ਮਿਲੀਗ੍ਰਾਮ, ਜਦਕਿ ਗਾਂ ਦੇ ਦੁੱਧ ਵਿੱਚ 120 ਮਿਲੀਗ੍ਰਾਮ ਪ੍ਰਤੀ 100 ਮਿਲੀਲਿਟਰ, ਮੱਝ ਦੇ ਦੁੱਧ ਵਿੱਚ 220 ਮਿਲੀਗ੍ਰਾਮ ਤੇ ਪਨੀਰ ਵਿੱਚ 790 ਮਿਲੀਗ੍ਰਾਮ ਪ੍ਰਤੀ ਗ੍ਰਾਮ ਕੈਲਸ਼ੀਅਮ ਹੁੰਦਾ ਹੈ। ਵਿਟਾਮਿਨ 'ਡੀ' ਦਰਅਸਲ ਸਾਡੇ ਸਰੀਰ ਅੰਦਰ ਧੁੱਪ ਦੀ ਮਦਦ ਨਾਲ ਚਮੜੀ ਹੀ ਬਣਾਉਂਦੀ ਹੈ। ਇਹ ਅਧ-ਪੱਕਿਆ ਵਿਟਾਮਿਨ 'ਡੀ'-ਤਿੰਨ, ਜਿਗਰ ਵਿੱਚ ਜਾ ਕੇ ਕੁਝ ਕੁ ਹੋਰ ਤਿਆਰ ਹੋ ਜਾਂਦਾ ਹੈ ਜਿੱਥੋਂ ਗੁਰਦੇ ਵਿੱਚ ਸਰੀਰ ਇਸ ਨੂੰ ਕੁਝ ਹੋਰ ਤੋੜ ਫੋੜ ਕਰਕੇ ਹਜ਼ਮ ਕਰਨ ਜੋਗਾ ਬਣਾ ਦਿੰਦਾ ਹੈ। ਇਹ 1.25 ਡਾਈਹਾਈਡਰੋਕਸੀ ਵਿਟਾਮਿਨ ਡੀ-ਤਿੰਨ ਅੰਤੜੀਆਂ ਤੇ ਗੁਰਦੇ ਵਿੱਚੋਂ ਕੈਲਸ਼ੀਅਮ ਨੂੰ ਹਜ਼ਮ ਕਰਨ ਵਿੱਚ ਮਦਦ ਕਰਦਾ ਹੈ। ਇਹ ਵੀ ਕੁਦਰਤ ਦੀ ਕਾਰੀਗਰੀ ਦੀ ਕਮਾਲ ਹੀ ਕਹੀ ਜਾ ਸਕਦੀ ਹੈ ਕਿ ਜ਼ਿਆਦਾ ਧੁੱਪ ਸੇਕ ਲੈਣ ਨਾਲ ਵੀ ਸਰੀਰ ਅੰਦਰ ਵਿਟਾਮਿਨ 'ਡੀ' ਵਾਧੂ ਨਹੀਂ ਹੁੰਦਾ ਬਲਕਿ ਸਰੀਰ ਇਸ ਤਰ੍ਹਾਂ ਦੀ ਵਿਟਾਮਿਨ 'ਡੀ' ਨੂੰ ਹਜ਼ਮ ਕਰਨ ਜੋਗਾ ਹੀ ਨਹੀਂ ਛਡਦਾ ਤੇ 'ਇਨਐਕਟਿਵ ਫੋਟੋ ਆਈਸੋਮਰ' ਬਣਾ ਦਿੰਦਾ ਹੈ। ਵਿਟਾਮਿਨ 'ਡੀ' ਅਤੇ ਕੈਲਸ਼ੀਅਮ ਸਿਰਫ ਹੱਡੀਆਂ ਹੀ ਮਜ਼ਬੂਤ ਨਹੀਂ ਕਰਦੇ ਬਲਕਿ ਸਰੀਰ ਅੰਦਰ ਹੋਰ ਵੀ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ। ਵਿਟਾਮਿਨ 'ਡੀ' ਦਿਲ ਅਤੇ ਨਾੜੀਆਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ, ਜਿਸ ਕਾਰਨ ਇਹ ਬਲੱਡ ਪ੍ਰੈਸ਼ਰ ਅਤੇ ਦਿਲ ਫੇਲ੍ਹ ਹੋ ਜਾਣ ਤੋਂ ਰੋਕਦਾ ਹੈ। ਦਿਮਾਗ਼ ਦੇ ਕੰਮਕਾਰ ਨੂੰ ਸਹੀ ਰੱਖਣ ਵਿੱਚ ਮਦਦ ਕਰਦਾ ਹੋਇਆ ਵਿਟਾਮਿਨ 'ਡੀ' ਯਾਦ ਸ਼ਕਤੀ ਵੀ ਤੇਜ਼ ਕਰਦਾ ਹੈ, ਮਨੋਰੋਗ ਰੋਕਦਾ ਹੈ ਤੇ ਢਹਿੰਦੀ ਕਲਾ ਵਿੱਚ ਜਾਣ ਤੋਂ ਵੀ ਬਚਾਉਂਦਾ ਹੈ। ਸਰੀਰ ਅੰਦਰ ਇਨਸੁਲਿਨ ਦੀ ਮਾਤਰਾ ਸਹੀ ਰੱਖਣ ਵਿੱਚ ਮਦਦ ਕਰਨ ਸਦਕਾ ਇਹ ਸ਼ੱਕਰ ਰੋਗ ਤੋਂ ਵੀ ਬਚਾਉ ਕਰਦਾ ਹੈ। ਸੈੱਲਾਂ ਨੂੰ ਠੀਕ ਤਰੀਕੇ ਵਧਣ ਅਤੇ ਬੇਲੋੜੇ ਵਾਧੇ ਤੋਂ ਰੋਕਣ ਸਦਕਾ ਵਿਟਾਮਿਨ 'ਡੀ' ਅੰਤੜੀਆਂ, ਛਾਤੀ, ਗਦੂਦ, ਅੰਡਕੋਸ਼, ਪੈਨਕਰੀਆਜ਼ ਅਤੇ ਲਹੂ ਦੇ ਕੈਂਸਰ ਦੇ ਸੈੱਲਾਂ ਨੂੰ ਵਧਣ ਤੋਂ ਰੋਕਦਾ ਹੈ।
ਇਸ ਦੀ ਕਮੀ ਨਾਲ ਸਾਹ ਦੀਆਂ ਬਿਮਾਰੀਆਂ, ਛਾਤੀ ਵਿੱਚ ਕੀਟਾਣੂਆਂ ਦਾ ਹਮਲਾ ਤੇ ਟੀ.ਬੀ. ਹੋਣ ਦਾ ਖਤਰਾ ਵਧ ਜਾਂਦਾ ਹੈ ਕਿਉਂਕਿ ਵਿਟਾਮਿਨ 'ਡੀ' ਸਰੀਰ ਅੰਦਰ ਵੜਦੇ ਕੀਟਾਣੂਆਂ ਨੂੰ ਮਾਰ ਮੁਕਾਉਣ ਵਿੱਚ ਵੀ ਮਦਦ ਕਰਦਾ ਹੈ। ਟੀ ਸੈੱਲਾਂ ਨੂੰ ਤੰਦਰੁਸਤ ਰੱਖਦਾ ਹੋਇਆ ਵਿਟਾਮਿਨ 'ਡੀ' ਕਈ ਹੋਰ ਅਜਿਹੀਆਂ ਬਿਮਾਰੀਆਂ ਤੋਂ ਵੀ ਬਚਾਉ ਕਰਦਾ ਹੈ ਜਿਸ ਵਿੱਚ ਸਰੀਰ ਦੇ ਆਪਣੇ ਹੀ ਸੈੱਲ ਸਰੀਰ ਦੇ ਅਲੱਗ ਅਲੱਗ ਹਿੱਸਿਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਨਾਸ਼ ਕਰਨ ਲੱਗ ਪੈਂਦੇ ਹਨ ਜਿਵੇਂ ਐਸ.ਐਲ.ਈ., ਮਲਟੀਪਲ ਸਕਲੀਰੋਸਿਸ, ਆਦਿ। ਚਮੜੀ ਰੋਗਾਂ ਵਿੱਚ ਵੀ ਵਿਟਾਮਿਨ 'ਡੀ' ਲਾਹੇਵੰਦ ਸਾਬਤ ਹੋਇਆ ਹੈ, ਖ਼ਾਸਕਰ ਸੋਰਾਇਸਿਸ ਤੇ ਇਕਥਾਇਓਸਿਸ ਵਿੱਚ।
ਜੇ ਕਿਤੇ ਜੱਚਾ ਵਿੱਚ ਵਿਟਾਮਿਨ 'ਡੀ' ਦੀ ਕਮੀ ਹੋਵੇ ਤਾਂ ਅੱਗੋਂ ਬੱਚੇ ਵਿੱਚ ਜੰਮਦੇ ਸਾਰ ਤੋਂ ਲੈ ਕੇ ਨੌਂ ਸਾਲ ਦੀ ਉਮਰ ਤੱਕ ਹੱਡੀਆਂ ਦੀ ਕਮਜ਼ੋਰੀ ਵੇਖੀ ਜਾ ਸਕਦੀ ਹੈ। ਢਿੱਡ ਵਿੱਚ ਪਲ ਰਹੇ ਬੱਚੇ ਦਾ ਵਧਣਾ ਰੁਕ ਜਾਂਦਾ ਹੈ, ਬੱਚੇ ਦੀਆਂ ਦੰਦੀਆਂ ਵੀ ਕਾਫੀ ਲੇਟ ਨਿਕਲਦੀਆਂ ਹਨ।
ਜੇ ਉਮਰ ਦੇ ਪਹਿਲੇ ਸਾਲ ਵਿੱਚ ਵਿਟਾਮਿਨ 'ਡੀ' ਦੀ ਕਮੀ ਹੋ ਜਾਏ ਤਾਂ ਬੱਚੇ ਨੂੰ ਪਸੀਨਾ ਵੱਧ ਆਉਣ ਲੱਗ ਪੈਂਦਾ ਹੈ, ਪੱਠਿਆਂ ਦੀ ਕਮਜ਼ੋਰੀ ਹੋ ਜਾਂਦੀ ਹੈ, ਹੱਡੀਆਂ ਕਮਜ਼ੋਰ ਹੋਣ ਦੇ ਨਾਲ ਨਾਲ ਟੇਢੀਆਂ ਹੋ ਜਾਂਦੀਆਂ ਹਨ, ਵਾਰ ਵਾਰ ਛਾਤੀ ਰੁਕ ਜਾਂਦੀ ਹੈ ਤੇ ਕੀਟਾਣੂਆਂ ਦੇ ਹਮਲੇ ਕਾਰਨ ਬੱਚਾ ਛੇਤੀ ਬਿਮਾਰ ਹੁੰਦਾ ਰਹਿੰਦਾ ਹੈ, ਖ਼ਾਸ ਕਰ ਖੰਘ ਜ਼ੁਕਾਮ ਨਾਲ! ਜੇ ਵਿਟਾਮਿਨ 'ਡੀ' ਦੀ ਕਮੀ ਵਧ ਹੋਵੇ ਤਾਂ ਕੈਲਸ਼ੀਅਮ ਘਟਦੇ ਸਾਰ ਬੱਚੇ ਨੂੰ ਦੌਰਾ ਵੀ ਪੈ ਸਕਦਾ ਹੈ। ਬੱਚੇ ਦੀਆਂ ਦੰਦੀਆਂ ਕਮਜ਼ੋਰ ਨਿਕਲਦੀਆਂ ਹਨ, ਜਿਨ੍ਹਾਂ ਵਿੱਚ ਛੇਤੀ ਖੋੜਾਂ ਹੋ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਦੰਦਾਂ ਉੱਤੇ ਠੰਢਾ ਤੱਤਾ ਲੱਗਣ ਲੱਗ ਪੈਂਦਾ ਹੈ।
ਜੇ ਪਹਿਲੇ ਸਾਲ ਤੋਂ ਬਾਅਦ ਕਮੀ ਚਲਦੀ ਰਹੇ ਤਾਂ ਛਾਤੀ ਦੀਆਂ ਹੱਡੀਆਂ, ਲੱਤਾਂ ਅਤੇ ਗੋਡੇ ਵੀ ਟੇਡੇ ਹੋ ਜਾਂਦੇ ਹਨ ਤੇ ਬੱਚਾ ਲੱਤਾਂ ਜਾਂ ਪੈਰ ਬਾਹਰ ਕੱਢ ਕੇ ਚੱਲਣ ਲੱਗ ਪੈਂਦਾ ਹੈ। ਲਹੂ ਦੇ ਟੈਸਟਾਂ ਤੇ ਹੱਡੀਆਂ ਦੇ ਐਕਸਰੇ ਨਾਲ ਝਟ ਹੀ ਇਸ ਕਮੀ ਦਾ ਪਤਾ ਲਾਇਆ ਜਾ ਸਕਦਾ ਹੈ। ਇਕੱਲੀ ਧੁੱਪ ਦੀ ਕਮੀ ਜਾਂ ਮੂੰਹ ਰਾਹੀਂ ਘਟ ਕੈਲਸ਼ੀਅਮ ਜਾਣ ਨਾਲ ਹੀ ਨਹੀਂ ਬਲਕਿ ਗੁਰਦੇ, ਅੰਤੜੀਆਂ ਤੇ ਹੋਰ ਵੀ ਕਈ ਅੰਗਾਂ ਦੇ ਰੋਗਾਂ ਕਾਰਨ ਇਸ ਦੀ ਕਮੀ ਵੇਖੀ ਜਾ ਸਕਦੀ ਹੈ।
ਮੱਛੀ, ਕੌਡ ਲਿਵਰ ਆਇਲ ਤੇ ਅੰਡੇ ਦੀ ਜ਼ਰਦੀ ਵਿੱਚ ਵਿਟਾਮਿਨ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿਟਾਮਿਨ 'ਡੀ' ਦੀ ਕਮੀ ਤੋਂ ਬਚਣ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਕੌਲੇ ਭਰ ਕੇ ਖਾਣੇ ਸ਼ੁਰੂ ਕਰ ਦਿੱਤੇ ਜਾਣ ਜਾਂ ਰੋਜ਼ ਬਾਲਟੀ ਭਰ ਕੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ ਜਾਏ ਤੇ ਜਾਂ ਫੇਰ ਦਵਾਈ ਦੀ ਪੂਰੀ ਸ਼ੀਸ਼ੀ ਅੰਮ੍ਰਿਤ ਸਮਝ ਕੇ ਅੰਦਰ ਲੰਘਾ ਲਈ ਜਾਏ ਕਿਉਂਕਿ ਵਿਟਾਮਿਨ 'ਡੀ' ਦੀ ਮਾਤਰਾ ਜੇ ਸਰੀਰ ਅੰਦਰ ਇਕਦਮ ਵਧ ਜਾਏ ਤਾਂ ਦਿਲ ਕੱਚਾ ਹੋਣਾ, ਉਲਟੀਆਂ ਆਉਣੀਆਂ, ਕਬਜ਼, ਭੁੱਖ ਮਰ ਜਾਣੀ, ਪਿਸ਼ਾਬ ਜ਼ਿਆਦਾ ਆਉਣਾ ਤੇ ਪਿਆਸ ਦਾ ਵਧਣਾ ਵੇਖਿਆ ਜਾ ਸਕਦਾ ਹੈ। ਜੇ ਕਿਤੇ ਮਾਤਰਾ ਇਕਦਮ ਵਧ ਜਾਏ ਤਾਂ ਕਈ ਵਾਰ ਗ਼ੁਰਦੇ ਵੀ ਫੇਲ੍ਹ ਹੋ ਸਕਦੇ ਹਨ ਜਾਂ ਦਿਲ ਦੀ ਧੜਕਣ ਵੀ ਰੁਕ ਸਕਦੀ ਹੈ ਜਿਸ ਨਾਲ ਮੌਤ ਹੋ ਜਾਂਦੀ ਹੈ। ਏਨਾ ਕੁਝ ਜਾਣ ਲੈਣ ਬਾਅਦ ਮੈਂ ਨਵੀਂ ਖੋਜ ਬਾਰੇ ਵੀ ਜ਼ਿਕਰ ਕਰ ਦਿਆਂ ਤਾਂ ਜੋ ਇਹ ਨਾ ਸਮਝ ਲਿਆ ਜਾਏ ਕਿ ਵਿਟਾਮਿਨ 'ਡੀ' ਦੀ ਕਮੀ ਕਿਸੇ ਇੱਕੇ ਦੁੱਕੇ ਵਿੱਚ ਹੀ ਦਿਸਦੀ ਹੈ। ਭਾਰਤ ਦੇ ਵੱਖੋ-ਵੱਖ ਹਿੱਸਿਆਂ ਵਿੱਚ ਹੋਈ ਖੋਜ ਇਹ ਜ਼ਾਹਿਰ ਕਰਦੀ ਹੈ ਕਿ ਦਿੱਲੀ ਦੇ 404 ਸਕੂਲਾਂ ਦੀਆਂ 6 ਤੋਂ 18 ਸਾਲ ਉਮਰ ਦੀਆਂ ਕੁੜੀਆਂ ਵਿੱਚੋਂ 90 ਪ੍ਰਤੀਸ਼ਤ ਤੋਂ ਵੱਧ ਕੁੜੀਆਂ ਵਿੱਚ ਇਸ ਦੀ ਕਮੀ ਵੇਖੀ ਗਈ। ਲਖਨਊ ਦੀਆਂ 207 ਗਰਭਵਤੀ ਔਰਤਾਂ ਵਿੱਚੋਂ 84 ਪ੍ਰਤੀਸ਼ਤ ਵਿਚ ਇਸ ਦੀ ਕਮੀ ਪਾਈ ਗਈ, ਜਦਕਿ ਉਨ੍ਹਾਂ ਦੇ ਪੈਦਾ ਹੋਏ ਬੱਚਿਆਂ ਵਿੱਚੋਂ 95.7 ਪ੍ਰਤੀਸ਼ਤ ਨਵਜੰਮੇ ਬੱਚੇ ਵੀ ਵਿਟਾਮਿਨ 'ਡੀ' ਦੀ ਕਮੀ ਦੇ ਸ਼ਿਕਾਰ ਸਨ। ਤਿਰੂਪਤੀ ਤੇ ਹੋਰ ਦੱਖਣੀ ਭਾਰਤ ਦੇ ਹਿੱਸਿਆਂ ਵਿਚ ਵੀ ਇਹੀ ਹਾਲ ਵੇਖਿਆ ਗਿਆ। ਜ਼ਿਕਰਯੋਗ ਹੈ ਕਿ ਇਨ੍ਹਾਂ ਸਾਰਿਆਂ ਵਿੱਚ ਅਮੀਰ, ਮੱਧਵਰਗੀ ਤੇ ਗ਼ਰੀਬ ਟੱਬਰ ਸ਼ਾਮਲ ਸਨ ਤੇ ਸਾਰਿਆਂ ਵਿੱਚ ਹੀ ਇੱਕੋ ਜਿਹੀ ਕਮੀ ਪਾਈ ਗਈ। ਇਸ ਦਾ ਕਾਰਨ ਇਹ ਸੀ ਕਿ ਜਿੱਥੇ ਗ਼ਰੀਬ ਘਰਾਂ ਵਿੱਚ ਦੁੱਧ ਮਹਿੰਗਾ  ਹੋਣ ਕਾਰਨ ਘੱਟ ਪੀਤਾ ਜਾਂਦਾ ਸੀ ਤੇ ਰੋਜ਼ਾਨਾ ਕੰਮਕਾਰ ਉੱਤੇ ਜਾਣ ਕਾਰਨ ਪੂਰੀ ਧੁੱਪ ਵੀ ਨਹੀਂ ਸੀ ਸੇਕੀ ਜਾਂਦੀ ਅਤੇ ਚਮੜੀ ਦਾ ਰੰਗ ਜ਼ਿਆਦਾ ਕਾਲਾ ਹੋਣ ਕਾਰਨ ਧੁੱਪ ਦਾ ਅਸਰ ਵੀ ਘੱਟ ਹੋ ਰਿਹਾ ਸੀ, ਉੱਥੇ ਮੱਧ ਵਰਗੀ ਟੱਬਰ ਕੰਮਕਾਰ ਦੇ ਰੁਝੇਵਿਆਂ ਵਿੱਚ ਬਾਹਰ ਬਹਿ ਕੇ ਧੁੱਪ ਸੇਕਣ ਦੇ ਅਨੰਦ ਤੋਂ ਵਾਂਝੇ ਰਹਿ ਰਹੇ ਸਨ ਤੇ ਨਾਲੋ ਨਾਲ ਸਹੀ ਜਾਣਕਾਰੀ ਨਾ ਹੋਣ ਕਾਰਨ ਵਿਟਾਮਿਨ 'ਡੀ' ਦੀ ਕਮੀ ਦਾ ਸ਼ਿਕਾਰ ਹੋ ਰਹੇ ਸਨ। ਜੇ ਅਮੀਰ ਘਰਾਂ ਵੱਲ ਝਾਤ ਮਾਰੀਏ ਤਾਂ ਬਹੁਤੇ ਘਰਾਂ ਦੇ ਬੱਚੇ ਬਾਹਰ ਧੁੱਪੇ ਖੇਡਣ ਨਾਲੋਂ ਟੀ.ਵੀ., ਇੰਟਰਨੈੱਟ ਵਿੱਚ ਮਸਤ ਘਰ ਅੰਦਰ ਬੈਠਣ ਨੂੰ ਤਰਜੀਹ ਦੇ ਰਹੇ ਸਨ ਅਤੇ ਬੱਚੀਆਂ ਤੇ ਔਰਤਾਂ ਸਨਸਕਰੀਨ ਲੋਸ਼ਨ ਅਤੇ ਕਰੀਮਾਂ ਲਾ ਕੇ ਧੁੱਪ ਤੋਂ ਬਚਣ ਅਤੇ ਰੰਗ ਕਾਲਾ ਹੋਣ ਤੋਂ ਬਚਾਉਣ ਦੇ ਯਤਨਾਂ ਸਦਕਾ ਵਿਟਾਮਿਨ 'ਡੀ' ਦੀ ਕਮੀ ਸਹੇੜ ਰਹੀਆਂ ਸਨ।
ਇਹ ਵਿਟਾਮਿਨ 'ਡੀ' ਦੀ ਕਮੀ ਸਿਰਫ਼ ਭਾਰਤ ਵਿੱਚ ਹੀ ਨਹੀਂ ਬਲਕਿ ਅਮਰੀਕਾ, ਕੈਨੇਡਾ, ਜਨੇਵਾ, ਇੰਗਲੈਂਡ ਆਦਿ ਵਿਚ ਵੀ ਕਾਫ਼ੀ ਵੇਖਣ ਵਿੱਚ ਆ ਰਹੀ ਹੈ ਕਿਉਂਕਿ ਉੱਥੇ ਵੀ ਕਿਸੇ ਕੋਲ ਧੁੱਪ ਸੇਕਣ ਦੀ ਵਿਹਲ ਨਹੀਂ ਤੇ ਜਿਨ੍ਹਾਂ ਕੋਲ ਹੈ, ਉਹ ਸਨਸਕਰੀਨ ਕਰੀਮਾਂ ਲਾਉਣ ਲੱਗ ਪਏ ਹਨ ਕਿਉਂਕਿ ਚਿਟ-ਚਮੜੀਆਂ ਨੂੰ ਬਹੁਤੀ ਦੇਰ ਧੁੱਪੇ ਬੈਠਣ ਨਾਲ ਚਮੜੀ ਦਾ ਕੈਂਸਰ ਹੋਣ ਦਾ ਖ਼ਤਰਾ ਵਧ ਹੋ ਜਾਂਦਾ ਹੈ।
ਫੇਰ ਇਸ ਦਾ ਹੱਲ ਕੀ ਕੱਢੀਏ?
ਸਭ ਤੋਂ ਜ਼ਰੂਰੀ ਹੈ ਬੱਚਿਆਂ ਲਈ ਧੁੱਪੇ ਖੇਡਣਾ ਤੇ ਉਹ ਵੀ ਘੱਟੋ-ਘੱਟ ਡੇਢ ਤੋਂ ਦੋ ਘੰਟੇ। ਵੱਡਿਆਂ ਲਈ ਵੀ ਮੂੰਹ ਅਤੇ ਬਾਹਵਾਂ ਉੱਤੇ ਚੰਗੀ ਧੁੱਪ ਲਵਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ ਗਿਆ ਹੈ, ਪਰ ਖ਼ਿਆਲ ਰਹੇ ਕਿ ਸਨਸਕਰੀਨ ਤੋਂ ਬਗ਼ੈਰ ਤੇ ਖਿੜਕੀ ਦੇ ਸ਼ੀਸ਼ਿਆਂ ਅੰਦਰੋਂ ਨਹੀਂ ਬਲਕਿ ਬਾਹਰ ਬਹਿ ਕੇ! ਬੱਚਿਆਂ ਦੀ ਜ਼ਬਰਦਸਤ ਪੜ੍ਹਾਈ ਤੇ ਵੱਡਿਆਂ ਦੇ ਕੰਮਕਾਰ ਅਤੇ ਰੁਝੇਵਿਆਂ ਵਿੱਚੋਂ ਇਹ ਸਮਾਂ ਕਿਵੇਂ ਕੱਢਿਆ ਜਾਵੇਗਾ, ਇਹ ਹੁਣ ਸਭ ਦੀ ਆਪਣੀ ਸਿਰਦਰਦੀ ਹੈ ਕਿਉਂਕਿ ਮੇਰਾ ਕੰਮ ਹੈ ਵੇਲੇ ਸਿਰ ਡਾਕਟਰੀ ਪੱਖੋਂ ਸਾਵਧਾਨ ਕਰਨਾ। ਧੁੱਪ ਸੇਕਣ ਦੇ ਨਾਲ ਨਾਲ ਸੰਤੁਲਿਤ ਖ਼ੁਰਾਕ ਵੱਲ ਵੀ ਧਿਆਨ ਦੇਣ ਦੀ ਲੋੜ ਹੈ।  ਵੱਖੋ-ਵੱਖਰੇ ਦੇਸ ਆਪੋ-ਆਪਣੇ ਦੇਸ਼ ਵਾਸੀਆਂ ਲਈ ਉਮਰ ਮੁਤਾਬਕ ਰੋਜ਼ਾਨਾ ਲੋੜੀਂਦੀ ਕੈਲਸ਼ੀਅਮ ਹੇਠ ਲਿਖੇ ਅਨੁਸਾਰ ਲੈਣ ਦੀ ਹਮਾਇਤ ਕਰਦੇ ਹਨ : (ਮਿਲੀਗ੍ਰਾਮ ਕੈਲਸ਼ੀਅਮ ਪ੍ਰਤੀ ਦਿਨ) ਇਕ ਖ਼ਾਸ ਗੱਲ ਕਿ ਦੌਰੇ ਜਾਂ ਮਿਰਗੀ ਰੋਕਣ ਦੀਆਂ ਦਵਾਈਆਂ ਖਾਣ ਵਾਲਿਆਂ ਨੂੰ ਵੀ ਲਗਾਤਾਰ ਕੈਲਸ਼ੀਅਮ ਲੈਂਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਦਵਾਈਆਂ ਵੀ ਕੈਲਸ਼ੀਅਮ ਘਟਾਉਂਦੀਆਂ ਹਨ।      
ਡਾ. ਹਰਸ਼ਿੰਦਰ ਕੌਰ