ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੋਮਾ (ਬੇਹੋਸ਼ੀ) ਕਿਉਂ...?ਕੋਮਾ ਇਕ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ 'ਡੂੰਘੀ ਨੀਂਦ ਅਰਥਾਤ ਉਹ ਸਥਿਤੀ ਜਿਸ ਵਿਚ ਰੋਗੀ ਜਾਂ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਹੁੰਦਾ ਹੈ। ਆਪਣੇ ਆਲੇ-ਦੁਆਲੇ ਤੋਂ ਬੇਖ਼ਰ ਹੁੰਦਾ ਹੈ ਤੇ ਕਿਸੇ ਤਰ੍ਹਾਂ ਦੇ ਬਾਹਰੀ ਕਿਰਿਆ (ਸਪਰਸ਼, ਆਵਾਜ਼)ਦੇ ਵਿਰੁੱਧ ਕੋਈ ਵੀ ਪ੍ਰਤੀਕਿਰਿਆ ਜਾਂ ਰਿਸਪੌਂਸ ਨਹੀਂ ਕਰਦਾ। ਐਸੀ ਸਥਿਤੀ ਨੂੰ ਕੋਮਾ ਕਿਹਾ ਜਾਂਦਾ ਹੈ। ਇਸ ਦਾ ਨੀਂਦ ਨਾਲੋਂ ਫ਼ਰਕ ਹੁੰਦਾ ਹੈ ਕਿਉਂਕਿ ਨੀਂਦ ਤੋਂ ਬੰਦੇ ਨੂੰ ਜਗਾਇਆ ਜਾ ਸਕਦਾ ਹੈ ਪਰ ਕੋਮਾ ਤੋਂ ਨਹੀਂ। ਬੇਹੋਸ਼ੀ 'ਤੇ ਪ੍ਰਤੀਕਰਮ  ਪ੍ਰਗਟ ਕਰਨ ਦੇ ਕੋਮਾ ਦੇ ਅਲੱਗ-ਅਲੱਗ ਲੈਵਲ ਹੁੰਦੇ ਹਨ ਜੋ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਦਿਮਾਗ਼ ਨੂੰ ਕਿੰਨਾ ਕੁ (ਥੋੜ੍ਹਾ ਜਾਂ ਜ਼ਿਆਦਾ) ਨੁਕਸਾਨ ਪੁੱਜਾ ਹੋਇਆ ਹੈ।
ਕਾਰਨ : ਕਈ ਸਥਿਤੀਆਂ ਵਿਚ ਐਸੀ ਬੇਹੋਸ਼ੀ ਜਾਂ ਕੋਮਾ ਹੋ ਸਕਦਾ ਹੈ ਜਿਵੇਂ:
ਸਿਰ ਦੀ ਸੱਟ : ਵਾਹਨਾਂ ਦੀ ਦੁਰਘਟਨਾ, ਕਿਸੇ ਉਚੀ ਥਾਂ ਤੋਂ ਡਿੱਗਣ ਕਰਕੇ ਸੱਟ, ਲੜਾਈ-ਝਗੜੇ 'ਚ ਸਿਰ ਵਿਚ ਡਾਂਗਾਂ  ਵੱਜਣਗੀਆਂ।
      ਦਿਮਾਗ਼ ਦੀ ਨਾੜੀ ਦਾ ਫਟ ਜਾਣਾ ਜਾਂ ਸਟਰੋਕ
ਦਿਮਾਗ਼ ਦੀ ਇਨਫੈਕਸ਼ਨ - ਇਨਕੈਫਲਾਇਟਿਸ, ਮੈਨਿੰਨਜਾਇਟਿਸ
ਮਿਰਗੀ ਦਾ ਦੌਰਾ
ਜ਼ਹਿਰੀਲੀ ਵਸਤੂ ਦਾ ਜ਼ਹਿਰ ਚੜ੍ਹ ਜਾਣਾ, ਜਿਵੇਂ : ਸ਼ਰਾਬ, ਕੋਈ ਹੋਰ ਨਸ਼ੇ ਵਾਲੇ ਪਦਾਰਥ, ਕੀਟ-ਨਾਸ਼ਕ ਦਵਾਈਆਂ ਆਦਿ।
ਡਰੱਗ ਓਵਰਡੋਜ਼ (ਜ਼ਰੂਰਤ ਤੋਂ ਜ਼ਿਆਦਾ ਦਵਾਈ ਦੀ ਖ਼ੁਰਾਕ ਖਾ ਲੈਣਾ)
ਡਾਇਬੈਟਿਕ ਕੋਮਾ : ਸ਼ੂਗਰ ਰੋਗੀਆਂ ਵਿਚ ਹੁੰਦਾ ਹੈ।
ਹਾਇਪਰ-ਗਲਾਇਸੀਮਿਕ ਕੋਮਾ : ਅਰਥਾਤ ਸ਼ੂਗਰ ਦਾ ਕੰਟਰੋਲ ਨਾ ਹੋਣ ਕਰਕੇ। ਸ਼ੂਗਰ ਲੈਵਲ ਹਾਈ ਹੋ ਜਾਣ ਕਾਰਨ ਬੇਹੋਸ਼ੀ-ਵਧੇਰੇ ਕਰਕੇ ਟਾਇਪ ਵਨ (ਛੋਟੀ ਉਮਰ ਦਾ ਸ਼ੂਗਰ ਰੋਗ ਜਿਸ ਲਈ ਇਨਸੂਲਿਨ ਦੇ ਟੀਕੇ ਲਗਦੇ ਹਨ) ਵਾਲੇ ਸ਼ੂਗਰ ਰੋਗੀਆਂ ਵਿਚ ਹੁੰਦਾ ਹੈ। ਕਦੀ-ਕਦੀ ਟਾਈਪ ਟੂ ਦੇ ਮਰੀਜ਼ਾਂ ਨੂੰ ਵੀ ਹੋ ਸਕਦੈ। ਬੋਹੋਸ਼ੀ ਦੀ ਹਾਲਤ ਵਿਚ ਐਸੇ ਰੋਗੀ ਦੇ ਸਾਹ ਨਾਲ ਮੂੰਹ 'ਚੋਂ ਮਿੱਠੇ ਫਲਾਂ ਵਰਗੀ ਬੋਅ ਆਉਂਦੀ ਹੈ। ਇਸ ਹਾਲਤ ਨੂੰ ਡਾਇਬੈਟਿਕ ਕੀਟੋਐਸਿਡੋਸਿਸ ਕਿਹਾ ਜਾਂਦਾ ਹੈ। ਹੋ ਸਕਦਾ ਹੈ ਕਿ ਕੋਈ ਮਰੀਜ਼ ਹਸਪਤਾਲ ਵਿਚ ਲਿਆਂਦਾ ਹੀ ਐਸੀ ਸਥਿਤੀ ਵਿਚ ਜਾਵੇ ਤੇ ਜਾਂਚ ਤੋਂ ਪਤਾ ਲੱਗੇ ਕਿ ਸ਼ੂਗਰ ਦਾ ਰੋਗ ਹੈ ਤੇ ਹਾਇਪਰ-ਗਲਾਇਸੀਮਿਕ ਕੋਮਾ ਹੈ। ਸ਼ੁਰੂ ਵਿਚ ਉਲਟੀ, ਸਾਹ ਖਿੱਚ ਕੇ ਆਉਣਾ ਕਨਫਿਊਯਨ ਤੇ ਬਾਅਦ ਵਿਚ ਰੋਗੀ ਕੋਮਾ ਵਿਚ ਚਲੇ ਜਾਂਦਾ ਹੈ। ਇਸ ਦਾ ਸਿਰਫ ਹਸਪਤਾਲ ਦਾਖ਼ਲ ਕਰਵਾ ਕੇ ਹੀ ਇਲਾਜ ਹੋ ਸਕਦਾ ਹੈ। ਐਸੀ ਸਥਿਤੀ 'ਚ  ਸਭ ਤੋਂ ਪਹਿਲਾਂ ਸੰਨ 1886 ਵਿਚ ਜਦੋਂ ਅਜੇ    ਇਨਸੂਲਿਨ ਦੀ ਖੋਜ ਨਹੀਂ ਸੀ ਹੋਈ, ਬਿਆਨ ਕੀਤੀ ਗਈ ਸੀ। 1920 ਵਿਚ ਇਨਸੂਲਿਨ ਆਉਣ ਤੋਂ ਬਾਅਦ ਐਸੇ ਰੋਗੀਆਂ ਦਾ ਇਲਾਜ਼ ਸੰਭਵ ਹੋ ਸੱਕਿਆ ਨਹੀਂ ਤਾਂ ਇਸ ਕੋਮੇ ਵਾਲੇ ਸਾਰੇ ਰੋਗੀ ਮਰ ਜਾਇਆ ਕਰਦੇ ਸਨ। ਪਰ ਅਫਸੋਸ ਦੀ ਗੱਲ ਹੈ ਕਿ ਇੰਨੇ    ਵਿਕਾਸ ਦੇ ਬਾਅਦ ਅਜੇ ਵੀ ਅਣਜਾਣਪੁਣੇ ਵਿਚ ਤੇ ਰੋਗੀ ਨੂੰ ਸਹੀ ਵਕਤ 'ਤੇ ਡਾਕਟਰੀ ਸਹਾਇਤਾ ਨਾ ਮੁਹੱਈਆਂ ਹੋਣ ਕਾਰਨ ਮੌਤਾਂ ਹੋ ਰਹੀਆਂ ਹਨ। ਭਾਵੇਂ ਦਰ ਇੰਨੀ ਜ਼ਿਆਦਾ ਨਹੀਂ।
         ਹਾਇਪੋ-ਗਲਾਈਸੈਮਿਕ ਕੋਮਾ - ਸ਼ੂਗਰ ਰੋਗੀਆਂ ਵਿਚ ਸ਼ੂਗਰ ਘਟਣ ਕਰਕੇ : ਸ਼ੂਗਰ ਦੀ ਦਵਾਈ ਦੀ ਲੋੜ ਤੋਂ ਵੱਧ ਖ਼ੁਰਾਕ ਲੈਣ ਨਾਲ ਜਾਂ ਭੁਲੇਖੇ ਨਾਲ ਵੱਧ ਦਵਾਈ ਖਾ ਲੈਣ ਕਰਕੇ, ਜਾਂ ਕਈ ਵਾਰ ਇਨਸੂਲਿਨ ਪੈਦਾ ਕਰਨ ਵਾਲੇ ਟਿਊਮਰ ਹੋਣ ਕਰਕੇ ਸ਼ੂਗਰ ਦਾ ਲੈਵਲ ਘਟ ਜਾਵੇ ਤਾਂ ਦਿਮਾਗ਼ ਨੂੰ ਲੋੜ ਤੋਂ ਘੱਟ ਗਲੂਕੋਜ਼ ਮਿਲੇ ਤਾਂ ਵਿਅਕਤੀ ਨੂੰ ਚੱਕਰ ਆ ਜਾਂਦੇ ਹਨ, ਦੌਰਾ ਪੈ ਜਾਂਦਾ ਹੈ। ਬੇਹੋਸ਼ੀ ਜਾਂ ਕੋਮੇ ਵਿਚ ਜਾ ਸਕਦਾ ਹੈ ਤੇ ਕਈ ਵਾਰ ਦਿਮਾਗ਼ ਦਾ ਮੁਕੰਮਲ ਨੁਕਸਾਨ ਜਾਂ ਮੌਤ ਹੋ ਸਕਦੀ ਹੈ। ਇਸੇ ਕਰਕੇ ਸਿਆਣੇ ਸ਼ੂਗਰ-ਰੋਗੀ ਆਪਣੇ ਨਾਲ ਕੋਈ ਮਿੱਠੀ ਚੀਜ਼ ਵੀ ਰੱਖਦੇ ਹਨ। ਜੇ ਕਦੀ ਇਸ ਤਰ੍ਹਾਂ ਦਾ ਚੱਕਰ ਜਿਹਾ ਮਹਿਸੂਸ ਹੋਵੇ ਉਹ ਜਲਦੀ ਮਿੱਠੇ ਬਿਸਕੁਟ ਖਾ ਲੈਂਦੇ ਹਨ ਜਾਂ ਖੰਡ ਦਾ ਫੱਕਾ ਮਾਰ ਲੈਂਦੇ ਹਨ। ਠੀਕ ਹੋਣ ਤੋਂ ਬਾਅਦ ਆਪਣੇ ਡਾਕਟਰ ਕੋਲੋਂ ਚੈਕਅੱਪ ਤੇ ਸ਼ੂਗਰ ਚੈਕ ਕਰਵਾ ਕੇ ਦਵਾਈ ਦੀ ਖ਼ੁਰਾਕ ਉਹਦੇ ਮੁਤਾਬਕ ਅਡਜਸਟ ਕਰਵਾ ਲੈਣੀ ਚਾਹੀਦੀ ਹੈ। ਹੋ ਸਕਦਾ ਹੈ ਸ਼ੂਗਰ ਰੋਗ ਬਾਰੇ ਜਾਂ ਐਸੀ ਘਟੀ ਹੋਈ ਸ਼ੂਗਰ ਬਾਰੇ ਕਿਸੇ ਬੰਦੇ ਨੂੰ ਜਾਂ ਉਸ ਦੇ ਵਾਰਸਾਂ ਨੂੰ ਬਿਲਕੁਲ ਪਤਾ ਹੀ ਨਾ ਹੋਵੇ। ਵਕਤ ਸਿਰ ਡਾਕਟਰੀ ਸਹਾਇਤਾ ਨਾ ਲੈ ਕੇ ਜਾਂ ਹਸਪਤਾਲ ਦਾਖ਼ਲ ਨਾ ਕਰਵਾ ਕੇ, ਕਈ ਵਾਰ ਇਸ ਤਰ੍ਹਾਂ ਅਣਜਾਣੇ ਹੀ ਹਾਇਪੋਗਲਾਈਸੀਮਿਕ ਕੋਮੇ ਕਾਰਨ ਬੰਦਾ ਹੀ ਗਵਾ ਬਹਿੰਦੇ ਹਨ।
ਯੂਰੀਮਿਕ ਕੋਮਾ - ਗੁਰਦੇ ਫੇਲ੍ਹ ਵਾਲੇ ਮਰੀਜ਼ਾਂ ਵਿਚ ਜਦ ਕ੍ਰੀਐਟੇਨੀਨ, ਬਲੱਡ ਯੂਰੀਆ ਤੇ ਹੋਰ ਜ਼ਹਿਰੀਲੇ ਪਦਾਰਥ ਜੋ ਗੁਰਦਿਆਂ ਨੇ  ਛਾਣ ਕੇ ਖ਼ੂਨ 'ਚੋਂ ਬਾਹਰ ਕਢੱਣੇ ਹੁੰਦੇ ਹਨ ਨਹੀਂ ਕੱਢੇ ਜਾ ਸਕਦੇ ਤਾਂ ਇਨ੍ਹਾਂ ਦਾ ਅਸਰ ਦਿਮਾਗ਼ 'ਤੇ ਹੋ ਜਾਂਦਾ ਹੈ ਤੇ ਗੁਰਦੇ ਦਾ ਰੋਗੀ ਹੌਲੀ-ਹੌਲੀ ਕੋਮੇ ਵੱਲ ਨੂੰ ਵਧਦਾ ਹੈ। ਭਾਵੇਂ ਡਾਇਲੇਸਿਸ ਕਰਵਾਉਣ ਨਾਲ ਇਹ ਲੱਛਣ ਘੱਟ ਜਾਂਦੇ ਹਨ ਜਾਂ ਖ਼ਤਮ ਹੋ ਜਾਂਦੇ ਹਨ ਪਰ ਇਹ ਬਹੁਤ ਆਰਜ਼ੀ ਇਲਾਜ ਹੈ।  ਅਲਾਮਤਾਂ: ਬੋਲਣ ਤੇ ਸਪੀਚ ਦੀ ਸਮੱਸਿਆ, ਹੌਲੀ-ਹੌਲੀ ਦਿਮਾਗ਼ੀ ਸੁਰਤ ਘਟੀ ਜਾਣਾ,  ਖਿੱਚ ਪੈਣੀ ਜੋ ਮੂੰਹ ਜਾਂ ਸਰੀਰ ਦੇ ਬਾਕੀ ਪੱਠਿਆਂ ਵਿਚ ਹੁੰਦੀ ਹੈ ਜਾਂ ਸਾਰੇ ਸਰੀਰ ਵਿਚ ਇਸੇ ਤਰ੍ਹਾਂ ਦੇ ਦੌਰੇ ਪੈਣੇ, ਟੱਟੀ-ਪਿਸ਼ਾਬ ਵਿੱਚੇ ਹੀ ਨਿਕਲ ਜਾਣਾ, ਹੌਲੀ-ਹੌਲੀ ਡੂੰਘੇ ਕੋਮੇ ਵਿਚ ਚਲੇ ਜਾਣਾ ਤੇ ਕੁਝ ਸਮੇਂ ਬਾਅਦ ਮੌਤ ਹੋ ਜਾਂਦੀ ਹੈ। ਪੱਕਾ ਇਲਾਜ ਤਾਂ ਗੁਰਦਾ ਬਦਲੀ (ਕਿਡਨੀ ਟ੍ਰਾਂਸਪਲਾਂਟ) ਹੀ ਹੈ। ਜੇਕਰ ਗੁਰਦਾ ਨਾ ਬਦਲਿਆ ਜਾਵੇ (ਮਾਲੀ ਹਾਲਤ ਕਰਕੇ ਜਾਂ ਗੁਰਦਾ ਉਪਲਭਦ ਨਾ ਹੋਵੇ ਤਾਂ ਜਿੰਨੀ ਦੇਰ ਡਾਇਲੇਸਿਸ ਚੱਲੇਗਾ ਵਿਅਕਤੀ ਬਚਿਆ ਰਹੇਗਾ ਨਹੀਂ ਤਾਂ ਯੂਰੀਮਿਕ ਕੋਮਾ ਤੋਂ ਬਾਅਦ ਮੌਤ ਹੋ ਜਾਂਦੀ ਹੈ।
ਹਿਪੈਟਿਕ ਕੋਮਾ - ਜਿਗਰ ਫੇਲ੍ਹ ਵਾਲੇ ਮਰੀਜ਼ਾਂ ਵਿਚ: ਜਿਵੇਂ ਗੁਰਦੇ ਖੂਨ ਨੂੰ ਛਾਣਦੇ ਹਨ ਤੇ ਜ਼ਹਿਰੀਲੇ ਪਦਾਰਥ ਪਿਸ਼ਾਬ ਰਾਹੀਂ ਬਾਹਰ ਕੱਢਦੇ ਹਨ ਇਵੇਂ ਹੀ ਜਿਗਰ ਵੀ ਭੋਜਨ ਦੁਆਰਾ ਅੰਤੜੀਆਂ 'ਚੋਂ ਸਰੀਰ ਅੰਦਰ ਦਾਖ਼ਲ ਹੋਏ ਪਦਾਰਥਾਂ 'ਚੋਂ ਜ਼ਹਿਰੀਲਾ ਮਾਦਾ,  'ਬਾਇਲ' ਦੇ ਜ਼ਰੀਏ ਬਾਹਰ ਕੱਢਦਾ ਹੈ । ਪਰ ਜਦ ਜਿਗਰ ਖ਼ੁਦ ਬੀਮਾਰ ਹੋ ਜਾਂਦਾ ਹੈ (ਸ਼ਰਾਬ, ਵਾਇਰਸ, ਸਿਰੋਸਸ, ਕੈਂਸਰ ਆਦਿ ਕਰਕੇ) ਤਾਂ ਇਹ ਆਪਣਾ ਕੰਮ ਕਰਨ ਦੇ ਸਮਰੱਥ ਨਹੀਂ ਰਹਿੰਦਾ, ਸੋ ਇਹ ਜ਼ਹਿਰੀਲੇ ਤੱਤ ਖ਼ੂਨ ਵਿਚ ਜਮ੍ਹਾਂ ਹੋ ਕੇ ਦਿਮਾਗ਼ ਤੱਕ ਪੁੱਜਦੇ ਹਨ ਤਾਂ ਹੇਪੈਟਿਕ ਇਨਕਫੈਲੋਪੈਥੀ ਹੋ ਜਾਂਦੀ ਹੈ ਜਿਸ ਨਾਲ ਰੋਗੀ ਉਲਟੀਆਂ-ਪੁਲਟੀਆਂ ਗੱਲਾਂ ਕਰਨ ਲਗਦਾ ਹੈ, ਸੁਸਤੀ ਜਾਂ ਨੀਂਦ ਵਿਚ ਹੀ ਰਹਿੰਦਾ ਹੈ ਤੇ ਆਖ਼ਰ ਕੋਮਾ ਵਿਚ ਚਲਾ ਜਾਂਦਾ ਹੈ। ਐਸੇ ਰੋਗੀ ਨੂੰ ਵੀ ਜਿਗਰ ਦਾਨ ਨਾਲ ਹੀ ਫਾਇਦਾ ਹੁੰਦਾ ਹੈ ਨਹੀਂ ਤਾਂ  ਮੌਤ ਹੋ ਜਾਂਦੀ ਹੈ। ਸੋ ਜਿਗਰ, ਜਿਸ ਤੋਂ ਬਿਨਾ ਸਰਦਾ ਹੀ ਨਹੀਂ,  ਨੂੰ ਸ਼ਰਾਬ, ਵਾਇਰਸਾਂ ਤੇ ਕੈਂਸਰ ਤੋਂ ਬਚਾਉਣਾ ਚਾਹੀਦਾ ਹੈ।
ਸਾਇੰਸਦਾਨ ਮੌਰਗੈਗਨੀ ਨੇ ਸੰਨ 1761 ਵਿਚ ਜਿਗਰ ਰੋਗ ਤੇ ਰੋਗੀ ਦੇ ਵਰਤਾਰੇ ਵਿਚ ਤਬਦੀਲੀ ਬਾਰੇ ਦੱਸਿਆ ਸੀ। ਜਿਗਰ ਰੋਗਾਂ ਦੇ ਖੋਜੀ ਡਾਕਟਰ ਸ਼ੀਲਾ ਸ਼ੈਰਲਕ (1918-2001) ਜਿਸ ਦੀਆਂ, ਜਿਗਰ ਰੋਗਾਂ 'ਤੇ ਕਈ ਕਿਤਾਬਾਂ ਹਨ, ਨੇ ਦੱਸਿਆ ਹੈ ਕਿ ਨਾਇਟਰੋਜਨ ਵਾਲੇ ਜ਼ਹਿਰੀਲੇ ਪਦਾਰਥ ਜੋ ਅੰਤੜੀਆਂ 'ਚੋਂ ਉਤਪੰਨ ਹੁੰਦੇ ਹਨ, ਬੀਮਾਰ  ਜਿਗਰ  ਦਵਾਰਾ  ਸਾਫ਼ ਨਾ  ਕੀਤੇ ਜਾਣ ਕਰਕੇ ਦਿਮਾਗ਼ ਨੂੰ ਚੜ੍ਹ ਜਾਂਦੇ ਹਨ ਤੇ ਆਪਣੇ ਅਸਰ ਵਿਖਾਉਂਦੇ ਹਨ ।
ਵਧੇਰੇ ਸ਼ਰਾਬ ਪੀਣ ਕਾਰਨ ਕੋਮਾ ਜਾਂ ਕਹਿ ਲਈਏ ਸ਼ਰਾਬ ਦਾ ਜ਼ਹਿਰ ਚੜ੍ਹ ਜਾਣਾ: ਸ਼ੁਰੂ ਵਿਚ ਵਿਅਕਤੀ ਦੀ ਸਪੀਚ (ਗੱਲ-ਬਾਤ) ਰਲਗੱਡ ਹੋ ਜਾਂਦੀ ਹੈ, ਅਪਣੇ-ਆਪ ਸੰਤੁਲਨ ਵਿੱਚ ਨਹੀਂ ਰਹਿੰਦਾ, ਮੂੰਹ ਤੇ ਅੱਖਾਂ ਲਾਲ ਹੋ ਜਾਂਦੀਆਂ ਹਨ, ਸੰਗ-ਸ਼ਰਮ ਲੱਥ  ਜਾਂਦੀ ਹੈ ਤੇ ਜੋ ਮਰਜ਼ੀ ਬੋਲੀ ਜਾਂਦਾ ਹੈ,  ਵਰਤਾਰਾ ਅਜੀਬ ਜਿਹਾ ਹੋ ਜਾਂਦਾ ਹੈ। ਸ਼ਰਾਬੀ ਬੰਦਾ ਇਕੱਲਾ ਆ ਰਿਹਾ ਹੋਵੇ ਤਾਂ ਰਸਤੇ ਵਿਚ ਕਿਤੇ ਡਿੱਗਣ ਕਾਰਨ ਅਣ-ਗੋਲ਼ਿਆ ਬੇਹੋਸ਼ ਪਿਆ ਰਹੇ ਤਾਂ ਇਲਾਜ ਨਾ ਕਰਵਾਏ ਜਾਣ ਦੀ ਸੂਰਤ ਵਿਚ ਮੌਤ ਹੋ ਜਾਂਦੀ ਹੈ। ਕਈ ਵਾਰ  ਕੋਮਾ ਵਿਚ ਜਾਂ ਬੇਹੋਸ਼ ਸ਼ਰਾਬੀ ਰਾਹ ਵਿਚ ਡਿੱਗ ਜਾਂਦੇ ਹਨ ਤੇ ਕਿਸੇ ਵਾਹਨ ਹੇਠ ਆ ਜਾਂਦੇ ਹਨ ਜਾਂ ਸਾਰੀ ਰਾਤ ਠੰਢ ਵਿਚ ਪਏ ਰਹਿੰਦੇ ਹਨ। ਘਰ ਵਾਲੇ ਉਡੀਕਦੇ ਰਹਿੰਦੇ ਹਨ ਪਰ ਸਵੇਰ ਤੱਕ ਉਹ ਚੜ੍ਹਾਈ ਕਰ ਜਾਂਦੇ ਹਨ। ਜਿਨ੍ਹਾਂ  ਸ਼ਰਾਬੀਆਂ ਨੂੰ ਕੋਮਾ   ਵਿਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਉਨ੍ਹਾਂ ਦੇ ਸਾਹ ਤੇ ਕੱਪੜਿਆਂ 'ਚੋ ਸ਼ਰਾਬ ਦੀ ਬੋਅ ਆ ਰਹੀ ਹੁੰਦੀ ਹੈ। ਕਈ ਵਾਰ ਹਸਪਤਾਲ ਪਹੁੰਚਣ ਦੇ ਬਾਵਜੂਦ ਵੀ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਦਾ। ਹਾਈ ਬਲੱਡ ਪ੍ਰੈਸ਼ਰ ਵਾਲਿਆਂ ਦਾ ਐਸੇ ਦੌਰੇ ਦੌਰਾਨ ਪਾਸਾ    ਮਾਰਿਆ ਜਾ ਸਕਦਾ ਹੈ। ਇਹ ਹਾਲਾਤ ਬੰਦੇ ਦੇ ਖ਼ੁਦ ਪੈਦਾ ਕੀਤੇ ਹੋਏ ਹੁੰਦੇ ਹਨ ਜਿਸ ਤੋਂ ਬਚਣ ਲਈ ਐਸੇ ਨਸ਼ੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਜੋ ਵੀ ਦਵਾਈਆਂ, ਟੀਕੇ ਆਦਿ ਰੋਗੀ ਨੂੰ ਦਿੱਤੇ ਜਾਂਦੇ ਹਨ, ਸਭ ਦਾ ਰਿਕਾਰਡ (ਸਮਾਂ ਤੇ ਡੋਜ਼) ਰੱਖਣਾ ਬਹੁਤ ਜ਼ਰੂਰੀ ਹੈ। ਹੋਰ ਰਿਕਾਰਡ ਨਿਮਨ ਅਨੁਸਾਰ ਕੀਤੇ ਜਾਂਦੇ ਹਨ: ਨਬਜ਼, ਬਲੱਡ ਪ੍ਰੈਸ਼ਰ, ਸਾਹ ਦੀ ਗਤੀ, ਸਰੀਰ ਦਾ ਤਾਪਮਾਨ (ਥਰਮਾਮੀਟਰ ਨਾਲ), ਖ਼ੂਨ-ਨਾੜੀ ਜਾਂ ਮੂੰਹ ਰਾਹੀਂ ਦਿੱਤੇ ਗਏ ਤਰਲਾਂ ਦੀ ਮਾਤਰਾ, ਪਿਸ਼ਾਬ ਦੀ ਮਾਤਰਾ (ਜਿਸ ਵਾਸਤੇ ਕੋਮੇ ਵਾਲੇ ਰੋਗੀਆਂ ਨੂੰ ਕੈਥੀਟਰ/ਨਾਲੀ ਲੱਗੀ ਰਹਿੰਦੀ ਹੈ)। ਕੋਮੇ ਵਿਚ ਪਏ ਰੋਗੀ ਦਾ ਮੰਜਾ, ਸਾਫ-ਸਫਾਈ ਤੇ ਆਲੇ-ਦੁਆਲੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੈੱਡ 'ਤੇ ਹੀ ਗਿੱਲੇ ਤੌਲੀਏ ਨਾਲ ਸਾਰੇ ਸਰੀਰ ਦੀ ਸਫਾਈ ਕੀਤੀ ਜਾਂਦੀ ਹੈ। ਲੱਤਾਂ ਬਾਹਵਾਂ ਦੇ ਜੋੜਾਂ ਨੂੰ ਹਿਲਾਇਆ-ਜੁਲਾਇਆ ਜਾਂਦਾ ਹੈ। ਸਫਾਈ ਦੌਰਾਨ ਅਗਰ ਕੁਝ ਅਸਾਧਾਰਣ ਦਿਸੇ ਤਾਂ ਕੰਸਲਟੈਂਟ ਡਾਕਟਰ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ। ਮੌਰਾਂ ਤੇ ਲੱਕ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਪਾਊਡਰ ਲਗਾਇਆ ਜਾਂਦਾ ਹੈ।
         ਕਈ ਦਿਨਾਂ 'ਤੋਂ ਪਏ ਕੋਮੇ ਦੇ ਰੋਗੀ ਦੇ ਲੱਕ 'ਚ ਜ਼ਖ਼ਮ ਬਣ ਜਾਂਦੇ ਹਨ। ਇਨ੍ਹਾਂ ਨੂੰ 'ਬੈਡ ਸੋਰ' ਕਿਹਾ ਜਾਂਦਾ ਹੈ ਜੋ ਹੱਡੀਆਂ ਦੇ ਪ੍ਰੈਸ਼ਰ ਪੁਆਇੰਟਸ 'ਤੇ ਬਣਦੇ ਹਨ ਜਿਵੇਂ ਪਿਛਲੇ ਪਾਸੇ ਚੂਲ਼ਿਆਂ 'ਤੇ, ਹਿੱਪਸ 'ਤੇ ਅਰਕਾਂ 'ਤੇ। ਇਨ੍ਹਾਂ ਤੋਂ ਬਚਣ ਲਈ ਮਰੀਜ਼ ਦੇ ਪਾਸੇ ਪਲਟਾਉਂਦੇ ਰਹਿਣਾ ਚਾਹੀਦਾ ਹੈ । ਇਸੇ ਤਰ੍ਹਾਂ ਪਏ-ਪਏ ਖ਼ੂਨ ਦੀ ਗਤੀ ਘੱਟਣ ਕਰਕੇ ਨਾੜੀਆਂ ਦੇ ਅੰਦਰ ਹੀ ਖ਼ੂਨ ਜੰਮ ਜਾਂਦਾ ਹੈ ਜਿਸ ਦੇ ਟੁਕੜੇ ਦਿਲ ਜਾਂ ਫੇਫੜਿਆਂ ਵਿਚ ਪੁੱਜ ਕੇ ਬੇਹੋਸ਼ ਪਏ ਰੋਗੀ ਦੀ ਅਚਾਕਨ ਮੌਤ ਦਾ ਕਾਰਨ ਬਣਦੇ ਹਨ। ਬੇਹੋਸ਼ ਰੋਗੀਆਂ ਦੀ ਦੇਖ-ਭਾਲ ਵਾਸਤੇ ਵਲੰਟੀਅਰਾਂ ਨੂੰ ਟਰੇਨਿੰਗ ਦੇਣ ਲਈ ਸੈਂਟਰ ਬਣੇ ਹੋਏ ਹਨ।
ਬ੍ਰੇਨ ਟਿਊਮਰ ਜਾਂ ਸਿਰ ਦੀ ਸੱਟ ਵਾਲੇ, ਜਿਨ੍ਹਾਂ ਵਿਚ 'ਬ੍ਰੇਨ ਡੈਥ' ਹੋ ਚੁਕੀ ਹੋਵੇ। ਕਈ-ਕਈ ਦਿਨ ਜਾਂ ਮਹੀਨਿਆਂ ਬੱਧੀ ਬੇਹੋਸ਼ ਕੋਮੇ ਵਿਚ ਪਏ ਰਹਿੰਦੇ ਹਨ। ਇਸ ਤਰ੍ਹਾਂ ਦੇ ਬ੍ਰੇਨ ਡੈਡ ਰੋਗੀ ਜਿਨ੍ਹਾਂ ਨੇ ਦੁਬਾਰਾ ਕਦੀ ਹੋਸ਼ ਵਿਚ ਨਹੀਂਂ ਆਉਣਾ ਹੁੰਦਾ, ਦੇ   ਬਾਕੀ ਅੰਗ ਬਿਲਕੁਲ ਠੀਕ-ਠਾਕ ਹੁੰਦੇ ਹਨ। ਰਿਸ਼ਤੇਦਾਰਾਂ ਦੀ ਰਜ਼ਾਮੰਦੀ ਤੇ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਇਹ ਅੰਗ ਦਾਨ ਦੇ ਕੇ ਕਈ ਲੋੜਵੰਦਾਂ ਨੂੰ ਜ਼ਿੰਦਗੀ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ 'ਬ੍ਰੇਨ ਡੈਡ' ਵਿਅਕਤੀ ਦਾ ਦਿਲ, ਜਿਗਰ, ਦੋਹਵੇਂ ਗੁਰਦੇ,      ਲਬਲਬਾ (ਪੈਂਨਕਰੀਆਜ਼), ਦੋਹਵੇਂ ਅੱਖਾਂ, ਮੈਚਿੰਗ ਤੋਂ ਬਾਅਦ ਅਲੱਗ-ਅਲੱਗ ਵਿਅਕਤੀਆਂ ਨੂੰ ਦਾਨ ਕਰਕੇ ਉਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਜਾ ਸਕਦਾ ਹੈ। ਖ਼ਾਸ ਕਰਕੇ ਦਿਲ ਤੇ ਜਿਗਰ ਇਸੇ ਤਰ੍ਹਾਂ ਦੇ 'ਬ੍ਰੈਨ ਡੈਡ' ਵਿਅਕਤੀਆਂ ਤੋਂ ਹੀ ਮਿਲਦੇ ਹਨ। ਅਜੇ ਕੁਝ ਸਾਲ ਪਹਿਲਾਂ ਹੀ ਮੈਡੀਕਲ ਕਾਲਜ ਪਟਿਆਲਾ ਦੀ ਮੇਰੀ ਇਕ ਵਿਦਿਆਰਥਣ 25 ਸਾਲਾ ਨੌਜਵਾਨ ਡਾਕਟਰ ਨੂੰ ਦਿਮਾਗ਼ ਦੀ ਰਸੌਲੀ  ਹੋਣ ਕਾਰਨ ਕੋਮਾ ਤੇ 'ਬ੍ਰੇਨ ਡੈਡ' ਹੋ ਜਾਣ ਤੋਂ ਬਾਅਦ ਉਚ ਅਹੁਦਿਆਂ ਵਾਲੇ ਉਸ ਦੇ ਨੇਕ ਮਾਪਿਆਂ ਨੇ ਸੂਝ-ਬੂਝ ਦਿਖਾਂਉਂਦੇ ਹੋਏ ਉਸ ਦੇ ਸਾਰੇ ਅੰਗ ਦਾਨ ਕਰ ਦਿੱਤੇ ਸਨ । ਉਸ ਦਾ ਦਿਲ ਅੱਜ ਕਿਸੇ ਹੋਰ ਵਿਅਕਤੀ ਦੇ ਸੀਨੇ ਵਿਚ ਧੜਕ ਰਿਹਾ ਹੈ ਤੇ ਅੱਖਾਂ ਰਾਹੀਂ ਕੋਈ ਹੋਰ ਲੜਕੀ ਇਸ ਜਹਾਨ ਦੀ ਸੁੰਦਰਤਾ ਨੂੰ ਵੇਖ ਰਹੀ ਹੈ।
ਕੋਮੇ ਵਾਲਾ ਰੋਗੀ ਭਾਵੇਂ ਕਿਸੇ ਵੀ ਉਮਰ ਦਾ ਹੋਵੇ ਜਦ ਘਰ ਜਾਂ ਹਸਪਤਾਲ ਵਿਚ ਦਾਖ਼ਲ ਹੁੰਦਾ ਹੈ ਤਾਂ ਉਹਦੇ ਪਰਿਵਾਰ, ਦੋਸਤਾਂ-ਮਿੱਤਰਾਂ ਤੇ ਸੇਵਾ ਕਰਨ ਵਾਲਿਆਂ ਦੇ ਜਜ਼ਬੇ ਵੱਖ-ਵੱਖ ਤਰ੍ਹਾਂ ਦੇ ਹੁੰਦੇ ਹਨ। ਕਿਸੇ ਨੂੰ ਤਰਸ ਆਉਂਦਾ ਹੈ, ਕੋਈ ਅਰਦਾਸਾਂ ਕਰਦਾ ਹੈ, ਕੋਈ ਸੋਚਦਾ ਹੈ ਕਿ ਰੱਬਾ ਜਾਂ ਤਾਂ ਇਹਨੂੰ ਰਾਜੀ ਕਰਦੇ ਨਹੀਂ ਤਾਂ ਆਪਣੇ ਕੋਲ ਬੁਲਾ ਲੈ। ਰੋਗੀ ਦੀ ਦੇਖ-ਭਾਲ ਕਰਨ ਵਾਲੇ ਸਟਾਫ ਨੂੰ ਰੋਗੀ ਦੇ ਰਿਸ਼ਤੇਦਾਰਾਂ ਨਾਲ ਬੜੀ ਹਲੀਮੀ ਨਾਲ ਪੇਸ਼ ਆਉਣਾ ਚਾਹੀਦੈ ਤੇ ਹੌਸਲਾ ਦਿੰਦੇ ਰਹਿਣਾ ਚਾਹੀਦੈ। ਕੋਮੇ ਵਾਲੇ ਸ਼ਰਾਬੀ ਨੂੰ ਤਾਂ ਕਈ ਵਾਰ ਉਹਦੇ ਬਹੁਤ ਨਜ਼ਦੀਕੀ ਜਿਵੇਂ ਪਤਨੀ ਤੇ ਕਈ ਵਾਰ ਬੱਚੇ ਵੀ ਕਹਿੰਦੇ ਸੁਣੇ ਹਨ, ''ਇਹਨੇ ਸਾਨੂੰ ਹੁਣ ਤੱਕ ਕੀ ਫੈਦਾ  ਦਿੱਤਾ?,  ਮਰਦੈ ਤੇ ਮਰੇ।''
          ਕਾਫੀ ਪਾਠਕਾਂ ਨੂੰ ਕੋਮਾ ਨਾਵਲ ਬਾਰੇ ਵੀ ਪਤਾ ਹੋਵੇਗਾ, ਜਿਸ 'ਤੇ ਅਧਾਰਤ ਫਿਲਮ 'ਕੋਮਾ' ਜਨਵਰੀ 1978 ਵਿਚ ਰਲੀਜ਼ ਹੋਈ ਸੀ ਤੇ ਬਾਅਦ ਵਿਚ ਭਾਰਤ ਤੇ ਪੰਜਾਬ ਸਮੇਤ ਸਾਰੇ ਦੇਸ਼ਾਂ ਵਿਚ ਲੱਗੀ ਰਹੀ ਸੀ। ਇਸ ਵਿਚ ਇਕ ਜਵਾਨ ਲੇਡੀ ਡਾਕਟਰ ਆਪਣੇ ਹਸਪਤਾਲ ਵਿਚ ਚੰਗੇ-ਭਲੇ ਦਾਖ਼ਲ ਹੋਏ ਮਰੀਜ਼ਾਂ 'ਚੋਂ ਕਾਫੀ ਗਿਣਤੀ ਨੂੰ ਕੋਮਾ ਹੋ ਜਾਣ ਵਿਚ ਇਕ ਡੂੰਘੀ ਸ਼ਾਜ਼ਿਸ਼ ਦਾ ਪਰਦਾਫਾਸ਼ ਕਰਦੀ ਹੈ। ਕੋਮਾ ਨਾਵਲ ਦਾ ਲੇਖਕ, ਕੋਲੰਬੀਆ ਯੂਨੀਵਰਸਿਟੀ ਦਾ ਮੈਡੀਕਲ ਗ੍ਰੈਜੂਏਟ ਤੇ ਹਾਰਵਰਡ ਤੋਂ ਪੋਸਟ ਗ੍ਰੈਜੂਏਟ, ਡਾਕਟਰ ਰੌਬਿਨ ਕੁੱਕ ਹੈ।