ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੂੜਿਆਰ ਤੋਂ ਸਚਿਆਰ ਦਾ ਮਾਰਗ


ਇਹ ਸਾਰਾ ਹੀ ਸੰਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਿਚ ਗ੍ਰਸਿਆ ਪਿਆ ਹੈ। ਇਨ੍ਹਾਂ ਵਿਕਾਰਾਂ ਵਿਚ ਇਹ ਇਨਸਾਨ ਫਸ ਕੇ ਮੈਂ ਮੈਂ ਕਰਦਾ ਹੋਇਆ, ਐਨਾ ਲਾਲਚੀ, ਖੁਦਗਰਜ਼ ਤੇ ਸੁਆਰਥੀ ਬਣ ਗਿਆ ਹੈ ਕਿ ਇਸ ਦੇ ਅੰਦਰ ਸਿਰਫ਼ ਇਕੋ ਹੀ ਖਿਆਲ ਰਹਿੰਦਾ ਹੈ ਕਿ ਮੈਂ ਵੱਡਾ ਬਣ ਜਾਵਾਂ, ਮੈਂ ਹੀ ਜਗਤ ਵਿਚ ਅਮੀਰ ਹੋਵਾਂ, ਮੇਰੀ ਦੁਨੀਆਂ ਵਿਚ ਪੂਰੀ ਸ਼ੁਹਰਤ ਹੋਵੇ, ਇਸ ਕੰਮ ਵਿਚ ਮੈਂ ਹੀ ਖੱਟ ਲਵਾਂ ਅਤੇ ਇਨਸਾਨ ਮੈਂ ਮੈਂ ਕਰਦਾ ਇਸ ਦੁਨੀਆਂ ਵਿਚੋਂ ਤੁਰ ਜਾਂਦਾ ਹੈ। ਇਸ ਮੈਂ ਮੈਂ ਨੂੰ ਹੀ ਹਉਮੈ ਕਿਹਾ ਗਿਆ ਹੈ ਅਤੇ ਇਹ ਹਉਮੈ ਹੀ ਹੈ, ਜਿਸ ਨੂੰ ਗੁਰਮਤਿ ਵਿਚ ਮਲੁ ਕੂੜੀ ਕਿਹਾ ਗਿਆ ਹੈ।
ਕਿਸੇ ਹੱਦ ਤੱਕ ਇਸ ਦੁਨੀਆਂ ਵਿਚ ਰਹਿੰਦੇ ਗ੍ਰਹਿਸਤੀ ਲੋਕਾਂ ਵਿਚ ਇਸ ਦਾ ਹੋਣਾ ਸੁਭਾਵਕ ਹੀ ਹੈ, ਪ੍ਰੰਤੂ ਗ੍ਰਹਿਸਤ ਤੋਂ ਭਗੌੜੇ ਹੋਏ ਲੋਕ ਵੀ ਇਸ ਕੂੜੀ ਮਲੁ ਤੋਂ ਨਹੀਂ ਬਚ ਸਕੇ। ਉਹ ਵੀ ਕਈ ਸਾਲਾਂ ਦੀ ਤਪੱਸਿਆ ਕਰਕੇ ਇਸ ਹਉਮੈ ਦਾ ਸ਼ਿਕਾਰ ਹੋ ਕੇ ਇਥੇ ਆਣ ਖੜ੍ਹੋਤੇ ਕਿ ਮੈਂ ਕਈ ਸਾਲ ਭੁੱਖੇ ਰਹਿ ਕੇ, ਹਠ, ਜਪ ਕਰਕੇ ਤਪੱਸਿਆ ਕੀਤੀ ਹੈ ਅਤੇ ਹੁਣ ਮੇਰੇ ਵਿਚ ਐਨੀ ਸ਼ਕਤੀ ਹੈ ਕਿ ਮੈਂ ਕਿਸੇ ਨੂੰ ਵਰ ਦੇ ਸਕਦਾ ਹਾਂ, ਕਿਸੇ ਨੂੰ ਸਰਾਪ ਦੇ ਸਕਦਾ ਹਾਂ ਅਤੇ ਇਸ ਵਰ ਤੇ ਸਰਾਪ ਦੇ ਡਰ ਨਾਲ ਲੋਕਾਂ ਨੂੰ ਡਰਾ ਧਮਕਾ ਸਕਦਾ ਹਾਂ।
ਜਿਨ੍ਹਾਂ ਲੋਕਾਂ ਨੇ ਲਾਲਚ, ਸੁਆਰਥ ਤੇ ਖੁਦਗਰਜ਼ੀ ਨੂੰ ਹੀ ਜੀਵਨ ਦਾ ਇਕ ਹਿੱਸਾ ਬਣਾ ਲਿਆ ਹੋਵੇ, ਉਹ ਕੁਦਰਤੀ ਤੌਰ 'ਤੇ ਈਰਖਾ, ਦਵੈਤ, ਸਾੜੇ ਤੇ ਵਿਤਕਰਿਆਂ ਵਿਚ ਫਸ ਜਾਂਦੇ ਹਨ। ਐਸੇ ਇਨਸਾਨ ਆਪਣੇ ਹਿੱਤ ਦੀ ਪੂਰਤੀ ਵਾਸਤੇ ਦੂਜਿਆਂ ਦਾ ਨੁਕਸਾਨ ਕਰਨੋਂ ਵੀ ਬਾਜ਼ ਨਹੀਂ ਆਉਂਦੇ ਜਿਸ ਦੀ ਬਦੌਲਤ ਭੈਣ-ਭਾਈ, ਪਿਉ-ਪੁੱਤ, ਭਰਾ-ਭਰਾ ਇਕ ਦੂਜੇ ਦੇ ਖੂਨ ਦੇ ਪਿਆਸੇ ਹੋ ਜਾਂਦੇ ਹਨ ਅਤੇ ਟੱਬਰਾਂ ਦੇ ਟੱਬਰ, ਘਰਾਂ ਦੇ ਘਰ, ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਨਰਕ ਨਿਆਈਂ ਬਣ ਜਾਂਦੇ ਹਨ। ਐਸੇ ਇਨਸਾਨ ਪਰਮਾਤਮਾ ਦੇ ਨਾਮ ਤੋਂ ਕੋਹਾਂ ਦੇ ਕੋਹ ਦੂਰ ਚਲੇ ਜਾਂਦੇ ਹਨ। ਇਸ ਹਉਮੈ ਵਿਚ ਫਸੇ, ਮੈਂ ਮੈਂ ਕਰਦੇ ਇਸ ਦੀਰਘ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਗੁਰਬਾਣੀ ਅਨੁਸਾਰ ਜਿਥੇ ਹਉਮੈ ਹੈ, ਉਥੇ ਨਾਮ ਨਹੀਂ ਰਹਿ ਸਕਦਾ :
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ£ (ਅੰਕ ੫੬੦)
ਇਹ ਹਉਮੈ ਦੀ ਕੂੜੀ ਮਲੁ ਇਨਸਾਨ ਤੇ ਪਰਮਾਤਮਾ ਦੇ ਵਿਚਕਾਰ ਕੂੜ ਦੀ ਪਾਲਿ ਅਰਥਾਤ ਦੀਵਾਰ ਬਣ ਕੇ ਖੜ੍ਹੀ ਹੈ। ਜੋ ਆਪਸ ਵਿਚ ਪਰਮਾਤਮਾ ਨਾਲ ਮੇਲ ਨਹੀਂ ਹੋਣ ਦਿੰਦੀ ਜਿਸ ਕਰਕੇ ਇਨਸਾਨ ਦੁਖੀ ਹੈ। ਜਦੋਂ ਇਹ ਕੂੜ ਦੀ ਪਾਲਿ ਟੁੱਟਦੀ ਹੈ ਤਾਂ ਗੁਰਬਾਣੀ ਅਨੁਸਾਰ ਇਨਸਾਨ ਸੁਖੀ ਹੁੰਦਾ ਹੈ :
ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ£ (ਅੰਕ ੪੯੦)
ਇਸ ਕੂੜੀ ਮਲੁ ਵਾਲੇ ਇਨਸਾਨ ਨੂੰ ਗੁਰਬਾਣੀ ਵਿਚ ਕੂੜਿਆਰ ਕਿਹਾ ਗਿਆ ਹੈ। ਐਸੇ ਕੂੜਿਆਰ ਲਈ ਗੁਰਬਾਣੀ ਵਿਚ ਬੜੇ ਕਰੜੇ ਸ਼ਬਦ ਵਰਤੇ ਹਨ :
ਕੂਕਰ ਸੂਕਰ ਕਹੀਅਹਿ ਕੂੜਿਆਰਾ£
ਭਉਕਿ ਮਰਹਿ ਭਉ ਭਉ ਭਉ ਹਾਰਾ£
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ£ (ਅੰਕ ੧੦੨੯)
ਅਗੈ ਦਰਗਹ ਲੇਖੈ ਮੰਗਿਐ ਮਾਰਿ ਖੁਆਰੁ ਕੀਚਹਿ ਕੂੜਿਆਰ£ (ਅੰਕ ੯੫੦)
ਐਸੇ ਕੂੜਿਆਰ ਲੋਕਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਪਰ ਜੇ ਕੋਈ ਇਨਸਾਨ ਇਨ੍ਹਾਂ ਦੇ ਮੂੰਹ 'ਤੇ ਸੱਚ ਕਹਿ ਹੀ ਦੇਵੇ, ਤਾਂ ਇਹ ਸੜ-ਬਲ ਜਾਂਦੇ ਹਨ, ਕਿਉਂਕਿ ਐਸੇ ਕੂੜਿਆਰਾਂ ਦਾ ਖਾਜ ਹੀ ਕੂੜ ਹੈ, ਜਿਵੇਂ ਕਾਂ ਦਾ ਗੰਦਗੀ। ਗੁਰਬਾਣੀ ਅਨੁਸਾਰ :
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ£
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ£
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ£
(ਅੰਕ ੬੪੬)
ਪਰ ਕੂੜਿਆਰ ਤੋਂ ਸਚਿਆਰ ਕਿਵੇਂ ਬਣਿਆ ਜਾਵੇ? ਇਹ ਕੂੜੁ ਦੀ ਮਲੁ ਕਿਵੇਂ ਉਤਰੇ? ਇਸ ਤੋਂ ਬਚਣਾ ਔਖਾ ਹੈ। ਇਸ ਦੇ ਹੁੰਦਿਆਂ ਪਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ। ਇਹ ਤਾਂ ਮੇਲ ਦੇ ਵਿਚ ਦੀਵਾਰ ਬਣੀ ਖੜ੍ਹੀ ਹੈ। ਕਿਵੇਂ ਇਸ ਨੂੰ ਤੋੜ ਕੇ ਸੁਚੱਜੇ ਸਚਿਆਰ ਬਣਿਆ ਜਾ ਸਕਦਾ ਹੈ। ਅਥਵਾ :
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ£
(ਅੰਕ ੧)
ਕਿਉਂਕਿ ਸਚਿਆਰ ਹੋਣਾ ਹੀ ਉਸ ਵਿਚ ਅਭੇਦ ਹੋਣਾ ਹੈ, ਪ੍ਰਭੂ ਦੀ ਪ੍ਰਾਪਤੀ ਹੈ, ਉਸ ਨਾਲ ਮੇਲ ਹੈ।
ਪਰ ਇਹ ਮੇਲ ਕਿਵੇਂ ਹੋਵੇ? ਮੇਲ ਤਾਂ ਉਨ੍ਹਾਂ ਚੀਜ਼ਾਂ ਦਾ ਹੀ ਹੋ ਸਕਦਾ ਹੈ, ਜਿਨ੍ਹਾਂ ਦਾ ਸੁਭਾਅ ਇਕ ਹੈ, ਜਿਨ੍ਹਾਂ ਦਾ ਸੁਭਾਅ ਇਕ ਨਹੀਂ, ਉਹ ਆਪਸ ਵਿਚ ਨਹੀਂ ਮਿਲਦੀਆਂ ਜਿਵੇਂ ਤੇਲ ਤੇ ਪਾਣੀ ਆਦਿ। ਏਸੇ ਤਰ੍ਹਾਂ ਪਰਮਾਤਮਾ ਦਾ ਤੇ ਸਾਡਾ ਵੀ ਉਨ੍ਹਾਂ ਚਿਰ ਮੇਲ ਨਹੀਂ ਹੋ ਸਕਦਾ, ਜਿਨ੍ਹਾਂ ਚਿਰ ਸਾਡਾ ਸੁਭਾਅ ਪਰਮਾਤਮਾ ਦੇ ਨਾਲ ਇਕ ਨਹੀਂ ਹੁੰਦਾ। ਸਾਡੇ ਤੇ ਪਰਮਾਤਮਾ ਦੇ ਸੁਭਾਅ ਦਾ ਬਹੁਤ ਫਰਕ ਹੈ। ਪਰਮਾਤਮਾ ਸਾਰੇ ਜੀਵਾਂ ਨੂੰ ਪਿਆਰ ਕਰਦਾ ਹੈ, ਪਰ ਅਸੀਂ ਆਪਣੇ ਆਪ ਨੂੰ; ਉਹ ਹੈ ਸਰਬ ਪ੍ਰਿਯਾ, ਅਸੀਂ ਹਾਂ ਸਵੈ ਪ੍ਰਿਯਾ। ਪਰਮਾਤਮਾ ਗਰਜ਼ ਰਹਿਤ ਹੈ ਪਰ ਅਸੀਂ ਹਾਂ ਖੁਦਗਰਜ਼; ਪਰਮਾਤਮਾ ਹੈ ਨਿਰਸੁਆਰਥੀ, ਅਸੀਂ ਹਾਂ ਸੁਆਰਥੀ। ਹੁਣ ਗਰਜ਼-ਰਹਿਤ ਤੇ ਖੁਦਗਰਜ਼ ਦਾ, ਨਿਰਸੁਆਰਥੀ ਤੇ ਸੁਆਰਥੀ ਦਾ ਮੇਲ ਕਿਵੇਂ ਹੋਵੇ? ਇਹ ਦੋਵੇਂ ਇਕ ਜਾਨ ਕਿਵੇਂ ਹੋਣ?
ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ£ (ਅੰਕ ੯੫੦)
ਐ ਇਨਸਾਨ! ਸੋਚ, ਸੋਚ! ਤੇਰਾ ਜੀਵਨ ਐਵੇਂ ਹੀ ਜਾ ਰਿਹਾ ਹੈ। ਤੈਨੂੰ ਇਸ ਦੀ ਪ੍ਰਾਪਤੀ ਕਿਥੋਂ ਹੋਵੇ? ਇਸ ਦਾ ਗਿਆਨ ਕਿਥੋਂ ਮਿਲੇ? ਗਿਆਨ ਤਾਂ ਕੇਵਲ ਗੁਰੂ ਕੋਲ ਹੈ ਤੇ ਉਸ ਬਿਨਾਂ ਤੈਨੂੰ ਇਸ ਦੀ ਸੋਝੀ ਨਹੀਂ ਹੋ ਸਕਦੀ, ਇਸ ਦਾ ਗਿਆਨ ਨਹੀਂ ਹੋ ਸਕਦਾ :
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ£
(ਅੰਕ ੪੬੯)
ਤਾਂ ਫਿਰ ਇਸ ਜੁੱਗ ਵਿਚ ਉਹ ਗੁਰੂ ਕੌਣ ਹੈ, ਜਿਸ ਤੋਂ ਇਸ ਗਿਆਨ ਦੀ ਪ੍ਰਾਪਤੀ ਹੋਵੇ? ਉਹ ਹੈ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਬਾਣੀ ਦਾ ਗਿਆਨ, ਇਨਸਾਨ ਨੂੰ ਗਿਆਨ ਤਾਂ ਦਿੰਦਾ ਹੈ, ਨਾਲ ਨਾਲ ਇਸ ਮਨ 'ਤੇ ਮਿੱਠੀ ਮਿੱਠੀ ਠੰਡਕ ਦੀ ਫੁਹਾਰ ਪਾ ਕੇ ਕਿਸੇ ਐਸੇ ਆਤਮ-ਰੰਗ ਵਿਚ ਲੈ ਜਾਂਦਾ ਹੈ, ਜਿਸ ਨਾਲ ਮਨ ਪਿਆਰ ਤੇ ਸ਼ਰਧਾ ਵਿਚ ਝੁਕਦਾ ਹੋਇਆ ਬੈਰਾਗੀ ਅਵਸਥਾ ਵਿਚ ਗੁਰੂ ਦੇ ਪਿਆਰ ਦਾ ਨਿੱਘਾ ਅਨੰਦ ਮਾਣਦਾ ਹੈ।
ਪਰ ਨਹੀਂ ਐ ਇਨਸਾਨ! ਤੇਰੇ ਮਨ 'ਤੇ ਅੱਜ-ਕੱਲ੍ਹ ਦੇ ਬਨਾਉਟੀ ਗੁਰੂਆਂ ਦਾ, ਸਾਧਾਂ ਦਾ, ਡੇਰੇਦਾਰਾਂ ਦਾ, ਰੱਬ ਦੇ ਠੇਕੇਦਾਰਾਂ ਦਾ ਐਸਾ ਅਸਰ ਹੋ ਚੁੱਕਿਆ ਹੈ, ਤੂੰ ਕਹੇਂਗਾ ''ਨਹੀਂ! ਨਹੀ! ਜੋ ਗੁਰੂ ਬੋਲਦਾ ਹੀ ਨਹੀਂ ਉਸ ਤੋਂ ਗਿਆਨ ਦੀ ਪ੍ਰਾਪਤੀ ਕਿਵੇਂ?'' ਪਰ ਸੋਚ-ਜਿਹੋ ਜਿਹੀ ਸ਼ਰਧਾ, ਵਿਸ਼ਵਾਸ ਤੇ ਭਰੋਸਾ ਤੂੰ ਇਨ੍ਹਾਂ ਗੁਰੂਆਂ 'ਤੇ ਰੱਖਦਾ ਹੋਇਆ ਮੱਥੇ ਰਗੜਦਾ ਹੈਂ, ਕਦੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਰੱਖਿਆ ਈ? ਨਹੀਂ! ਤੇਰਾ ਤਾਂ ਉਹ ਹਾਲ ਹੈ, ਜਿਵੇਂ ਕੋਈ ਸੇਵਾ, ਅਦਬ, ਸਤਿਕਾਰ ਤੇ ਖੁਸ਼ਾਮਦ ਤਾਂ ਨੌਕਰ ਦੀ ਕਰੇ ਤੇ ਫਲ ਦੀ ਇੱਛਾ ਮਾਲਕ ਕੋਲੋਂ ਰੱਖੇ। ਭਲਾ ਉਹ ਲੈ ਸਕਦਾ ਹੈ? ਨਹੀਂ! ਉਹ ਤਾਂ ਕੇਵਲ ਮਾਲਕ ਦੇ ਖਜ਼ਾਨੇ ਵਿਚੋਂ ਉਸ ਦੀ ਵਸਤੂ ਲੈ ਸਕਦਾ ਹੈ, ਜਿਸ ਦਾ ਅਧਿਕਾਰ ਮਾਲਕ ਨੇ ਨੌਕਰ ਨੂੰ ਵਰਤਾਉਣ ਵਾਸਤੇ ਦਿੱਤਾ ਹੋਵੇ। ਬੰਦਗੀ, ਪ੍ਰਭੂ ਦੇ ਮਿਲਾਪ ਦਾ ਗਿਆਨ ਅਤੇ ਨਾਮ ਵਰਗੀਆਂ ਕੀਮਤੀ ਵਸਤੂਆਂ, ਜਿਨ੍ਹਾਂ ਦੀ ਪ੍ਰਾਪਤੀ ਵਾਸਤੇ, ਦੁਨੀਆਂ ਵਿਚ ਆਇਆ ਹੈਂ, ਉਹ ਤਾਂ ਮਾਲਕ ਦੇ ਕੋਲ ਹਨ। ਤਾਂ ਫਿਰ ਤੈਨੂੰ ਨੌਕਰ ਦੀ ਸੇਵਾ ਦਾ ਕੀ ਲਾਭ? ਨੌਕਰ ਤਾਂ ਕੇਵਲ ਤੈਨੂੰ ਦੱਸ ਸਕਦਾ ਹੈ ਕਿ ਜੇ ਇਹ ਕੀਮਤੀ ਵਸਤੂਆਂ ਹਾਸਲ ਕਰਨੀਆਂ ਹਨ ਤਾਂ ਮਾਲਕ (ਭਾਵ ਗੁਰੂ ਗ੍ਰੰਥ ਸਾਹਿਬ ਜੀ) ਦੀ ਸੇਵਾ ਕਰ। ਜਿੰਨੀ ਸ਼ਰਧਾ ਤੂੰ ਉਪਰੋਕਤ ਸਾਧਾਂ 'ਤੇ ਜੋ ਪ੍ਰਭੂ ਦੇ ਮਿਲਾਪ ਦੀ ਵਿਚੋਲਗਿਰੀ ਕਰਨ ਦਾ ਦਾਹਵਾ ਕਰਦੇ ਹਨ, ਰੱਖਦਾ ਹੈਂ, ਕਦੀ ਗੁਰੂ ਗ੍ਰੰਥ ਸਾਹਿਬ 'ਤੇ ਰੱਖ ਕੇ ਵੇਖ! ਇਨ੍ਹਾਂ ਉਪਰੋਕਤ ਵਸਤੂਆਂ ਦੀ ਦਿਲ ਵਿਚ ਜਾਚਨਾ ਰੱਖ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਜੋ ਅਕਾਲ ਪੁਰਖ ਦੇ ਸ਼ਬਦ ਹਨ, ਪਵਿੱਤਰ ਬਚਨ ਹਨ, ਮੁਖਵਾਕ ਹਨ, ਇਨ੍ਹਾਂ ਨੂੰ ਮੁਖਵਾਕ, ਸ਼ਬਦ ਤੇ ਬਚਨ ਸਮਝ ਕੇ ਜਿਵੇਂ ਆਪਸ ਵਿਚ ਗੱਲਾਂ ਕਰੀਦੀਆਂ ਹਨ, ਗੱਲਾਂ ਕਰ! ਗੁਰੂ ਸਾਹਿਬ ਤੇਰੇ ਨਾਲ ਗੱਲਾਂ ਕਰਨਗੇ ਤੇ ਉਹ ਗਿਆਨ ਜਿਸ ਦੀ ਪ੍ਰਾਪਤੀ ਵਾਸਤੇ, ਤੂੰ ਭਟਕਦਾ ਫਿਰਦਾ ਹੈਂ, ਤੇਰੇ ਹਿਰਦੇ ਵਿਚ ਪ੍ਰਕਾਸ਼ ਕਰਨਗੇ। ਤੈਨੂੰ ਜੀਵਨ-ਜਾਚ ਆ ਜਾਵੇਗੀ। ਇਹ ਜੀਵਨ ਜੋ ਇਨ੍ਹਾਂ ਵਸਤੂਆਂ ਬਿਨਾਂ ਰੋਗੀ ਹੈ, ਅਨੰਦਮਈ ਭਾਸੇਗਾ। ਫਿਰ ਤੈਨੂੰ ਇਸ ਜੀਵਨ ਨੂੰ ਸਫ਼ਲ ਕਰਨ ਲਈ ਕਿਸੇ ਵਿਚੋਲਗਿਰੀ ਦੀ ਲੋੜ ਨਹੀਂ ਰਹੇਗੀ। ਵੇਖ ਗੁਰਬਾਣੀ ਦਾ ਕੀ ਸੰਦੇਸ਼ ਹੈ :
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ£
(ਅੰਕ ੫੬੦)
ਯਥਾ :
ਜਿਨ੍ਰੀ ਪਛਾਤਾ ਹੁਕਮੁ ਤਿਨ੍ਰ ਕਦੇ ਨ ਰੋਵਣਾ£
(ਅੰਕ ੫੨੩)
ਹੁਣ ਤੂੰ ਕਹੇਂਗਾ ਕਿ ਹੁਕਮ ਕੀ ਹੈ? ਇਸ ਦੀ ਪਛਾਣ ਕਿਵੇਂ ਹੋਵੇ? ਤਾਂ ਸੁਣ ਗੁਰਬਾਣੀ ਦੀ ਬਖਸ਼ਿਸ਼ :
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ£ (ਅੰਕ ੭੨)
ਵਾਹਿਗੁਰੂ ਪ੍ਰਮੇਸੁਰ ਦਾ ਨਾਮ ਹੀ ਹੁਕਮ ਹੈ ਅਤੇ ਇਸ ਦੀ ਸੋਝੀ ਵੀ ਸੱਚੇ ਸਤਿਗੁਰਾਂ ਦੇ ਰਾਹੀਂ ਹੁੰਦੀ ਹੈ।
ਕਈ ਨਾਮ ਤੇ ਪੰਥ ਬਣਾ ਲਏ ਹਨ ਪਰ ਖਾਲਸੇ ਨੂੰ ਤੇ ਗੁਰੂ ਦੇ ਸਿੱਖ ਨੂੰ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਵਾਹਿਗੁਰੂ ਦਾ ਹੀ ਨਾਮ ਜਪਣ ਦੀ ਤਾਕੀਦ ਕੀਤੀ ਗਈ ਹੈ :
ਵਾਹਿਗੁਰੂ ਕੇ ਮੰਤ੍ਰ ਬਿਨ ਜਪੈ ਔਰ ਕੋਈ ਜਾਪ।
ਸੋ ਸਾਕਤ ਸਿਖ ਮੂਲ ਨਹ ਬਚਨ ਹੈ ਸ੍ਰੀ ਮੁਖਵਾਕ।
(ਰਹਿਤਨਾਮਾ ਭਾਈ ਪ੍ਰਹਲਾਦ ਸਿੰਘ)
ਏਸੇ ਨਾਮ ਦੀ ਪ੍ਰੋੜਤਾ ਕਰਦੇ ਹੋਏ ਭਾਈ ਗੁਰਦਾਸ ਜੀ ਨਾਮ ਦੀ ਮਹਾਨਤਾ ਵੀ ਇਉਂ ਦੱਸਦੇ ਹਨ :
ਵਾਹਿਗੁਰੂ ਗੁਰਮੰਤ੍ਰ ਹੈ, ਜਪਿ ਹਉਮੈ ਖੋਈ£ (ਵਾਰ ੧੩)
ਇਹ ਸੱਚਾ ਨਾਮ ਜੋ ਸੱਚੇ ਸਤਿਗੁਰੂ ਕੋਲੋਂ, ਸਮਰੱਥ ਗੁਰੂ ਕੋਲੋਂ ਮਿਲਦਾ ਹੈ। ਜਿਸ ਦੀ ਪ੍ਰਾਪਤੀ ਲਈ ਇਨਸਾਨ ਦੇ ਸਾਰੇ ਦੁੱਖ ਤੇ ਕਲੇਸ਼ ਕੱਟਦੇ ਹਨ :
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ£ (ਅੰਕ ੯੫੦)
ਇਹੋ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਖਾਲਸੇ ਨੂੰ ਦਿੱਤਾ। ਉਸ ਦੀ ਪਰਖ ਕੀਤੀ, ਸੀਸ ਲਏ, ਮੌਤ ਦਾ ਡਰ ਲਾਹਿਆ ਤੇ ਮਰ ਕੇ ਜੀਉਣਾ ਦੱਸਿਆ। ਅੰਮ੍ਰਿਤ ਦੀ ਦਾਤ ਦਿੱਤੀ ਤੇ ਫਿਰ ਨਾਮ ਦੇ ਕੇ ਗੁਰੂ ਰਾਮਦਾਸ ਜੀ ਦਾ ਇਹ ਹੁਕਮ ਸੁਣਾ ਕੇ ਇਸ ਨੂੰ ਇਸ ਪ੍ਰਕਾਰ ਜਪਣ ਦੀ ਤਾਕੀਦ ਕੀਤੀ :
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ
ਸੁ ਭਲਕੇ ਉਠਿ ਹਰਿ ਨਾਮੁ ਧਿਆਵੈ£
ਉਦਮੁ ਕਰੇ ਭਲਕੇ ਪਰਭਾਤੀ
ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ£
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ
ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ£
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ
ਬਹਦਿਆ ਉਠਦਿਆ ਹਰਿ ਨਾਮੁ ਧਿਆਵੈ£
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ
ਸੋ ਗੁਰਸਿਖੁ ਗੁਰੂ ਮਨਿ ਭਾਵੈ£
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ
ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ£
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ
ਜੋ ਆਪਿ ਜਪੈ ਅਵਰਹ ਨਾਮੁ ਜਪਾਵੈ£
(ਅੰਕ ੩੦੫-੦੬)
ਇਨ੍ਹਾਂ ਸਚਿਆਰ ਸਿੱਖਾਂ ਦੀ ਦਲੇਰੀ, ਬਹਾਦਰੀ, ਭਰੋਸਾ, ਵਿਸ਼ਵਾਸ ਤੇ ਚੜ੍ਹਦੀ ਕਲਾ, ਕੂੜਿਆਰੀ ਲੋਕਾਂ ਕੋਲੋਂ ਬਰਦਾਸ਼ਤ ਨਾ ਹੋਈ ਤਾਂ ਇਨ੍ਹਾਂ ਕੂੜਿਆਰੀ ਲੋਕਾਂ ਨੇ ਇਨ੍ਹਾਂ ਸਚਿਆਰ ਸਿੱਖਾਂ ਦੇ ਖੋਪਰ ਉਤਾਰੇ, ਬੰਦ-ਬੰਦ ਕੱਟੇ, ਚਰਖੀਆਂ 'ਤੇ ਚਾੜ੍ਹਿਆ, ਜਿਉਂਦੇ ਅੱਗਾਂ ਵਿਚ ਸਾੜਿਆ, ਪਰ ਕਿਸੇ ਨੇ ਸੀਅ ਤੱਕ ਨਹੀਂ ਕੀਤੀ, ਤਰਲਾ ਨਹੀਂ ਲਿਆ, ਹਾੜੇ ਨਹੀਂ ਕੱਢੇ, ਈਨ ਨਹੀਂ ਮੰਨੀ, ਸਗੋਂ ਉੱਚੀ-ਉੱਚੀ ਪੁਕਾਰ ਕੇ ਆਖਿਆ :
ਤੇਰਾ ਕੀਆ ਮੀਠਾ ਲਾਗੈ£
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ£ (ਅੰਕ ੩੯੪)
ਗੁਰੂ ਦੇ ਸਿੱਖਾਂ ਨੇ ਐਸੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਵੀ ਪ੍ਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਮੰਨਦੇ ਹੋਏ ਨਾਮ ਦੀ ਜਾਚਨਾ ਕੀਤੀ।
ਪਰ ਜ਼ਾਲਮ ਦੀ ਅਜੇ ਵੀ ਜ਼ੁਲਮ ਕਰਨ ਵਲੋਂ ਤ੍ਰਿਪਤੀ ਨਾ ਹੋਈ। ਉਸ ਨੇ ਇਨ੍ਹਾਂ ਹੀ ਸਚਿਆਰ ਸਿੱਖਾਂ ਦੀਆਂ ਇਸਤਰੀਆਂ, ਧੀਆਂ, ਭੈਣਾਂ ਤੇ ਮਾਵਾਂ 'ਤੇ ਅਸਹਿ ਜ਼ੁਲਮ ਕੀਤੇ, ਉਨ੍ਹਾਂ ਨੂੰ ਮਾਰਿਆ-ਕੁੱਟਿਆ, ਕੈਦ ਵਿਚ ਕੋਰੜੇ ਮਾਰੇ, ਚੱਕੀਆਂ ਪਿਸਾਈਆਂ, ਖਾਣ ਵਾਸਤੇ ਖੰਨੀ-ਖੰਨੀ ਰੋਟੀ ਦਿੱਤੀ। ਏਥੇ ਹੀ ਬੱਸ ਨਹੀਂ, ਇਨ੍ਹਾਂ ਬੀਬੀਆਂ-ਭੈਣਾਂ ਦੀਆਂ ਗੋਦੀਆਂ ਵਿਚੋਂ, ਦੁੱਧ ਚੁੰਘਦੇ ਬੱਚਿਆਂ ਨੂੰ ਖਿੱਚਿਆ, ਉਹਨਾਂ ਨੂੰ ਉਤਾਂਹ ਸੁੱਟ ਕੇ ਨੇਜ਼ਿਆਂ ਵਿਚ ਪਰੋਇਆ, ਟੁੱਕੜੇ ਟੁੱਕੜੇ ਕਰਕੇ ਹਾਰ ਪਰੋਏ, ਉਨ੍ਹਾਂ ਤੜਫਦੇ ਸਹਿਕਦੇ ਬੱਚਿਆਂ ਦੇ ਹਾਰ ਬੀਬੀਆਂ ਦੇ ਗਲਾਂ ਵਿਚ ਪਾਏ ਪਰ ਆਫਰੀਣ ਉਹਨਾਂ ਬਹਾਦਰ ਸਿੰਘਣੀਆਂ ਦੇ, ਜਿਨ੍ਹਾਂ ਨੇ ਸੀਅ ਨਹੀਂ ਕੀਤੀ, ਹਉਕਾ ਨਹੀਂ ਲਿਆ। ਤਰਲੇ ਤੇ ਹਾੜੇ ਨਹੀਂ ਕੱਢੇ। ਇਥੋਂ ਤੱਕ ਕਿ ਕਿਸੇ ਵੀ ਬੀਬੀ ਨੇ ਅੱਖਾਂ ਵਿਚੋਂ ਹੰਝੂ ਨਹੀਂ ਕੇਰਿਆ। ਸਗੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਐਸੇ ਸਚਿਆਰ ਸਿੱਖਾਂ ਬਾਰੇ ਗੁਰੂ ਸਾਹਿਬ ਨੇ ਫੁਰਮਾਨ ਕੀਤਾ ਹੈ :
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ£
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ£ (ਅੰਕ ੯੩੭)
ਅਤੇ ਫਿਰ ਜਿਸ ਦੇ ਅੰਦਰ ਸੱਚ ਦਾ ਵਾਸਾ ਹੋ ਜਾਵੇ ਉਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ :
ਜਿਸ ਦੈ ਅੰਦਰਿ ਸਚੁ ਹੈ
ਸੋ ਸਚਾ ਨਾਮੁ ਮੁਖਿ ਸਚੁ ਅਲਾਏ£
ਓਹੁ ਹਰਿ ਮਾਰਗਿ ਆਪਿ ਚਲਦਾ
ਹੋਰਨਾ ਨੋ ਹਰਿ ਮਾਰਗਿ ਪਾਏ£ (ਅੰਕ ੧੪੦)
ਐਸੇ ਸਚਿਆਰ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਖਾਲਸਾ ਆਖਿਆ ਤੇ ਐਸੇ ਅਕਾਲ ਪੁਰਖ ਦੇ ਹੁਕਮ ਵਿਚ ਪ੍ਰਗਟ ਖਾਲਸੇ ਨੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਹੋਏ, ਧਰਮ ਤੇ ਸੱਚ ਨੂੰ ਨਹੀਂ ਛੱਡਿਆ। ਸੱਚ ਤੇ ਸ਼ਹਾਦਤ ਦੀ ਕੀਰਤੀ ਜਗਤ ਵਿਚ ਛੱਡਦੇ ਹੋਏ, ਨਾਮ ਤੇ ਬਾਣੀ ਦਾ ਜਾਪ ਕਰਦੇ ਹੋਏ, ਗੁਰਬਾਣੀ ਦੇ ਫੁਰਮਾਨ ਮਲੁ ਕੂੜੀ ਨਾਮਿ ਉਤਾਰੀਅਨੁ ਜਪਿ ਨਾਮੁ ਹੋਆ ਸਚਿਆਰੁ, ਅਨੁਸਾਰ ਸੱਚੇ ਸਚਿਆਰ ਸਿੱਖ ਬਣ ਗਏ।
ਗਿਆਨੀ ਅਜੀਤ ਸਿੰਘ ਸੇਵਕ