ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਿਸਾਖੀ ਵਾਲੇ ਦਿਨ ਹੋਈ ਇਕ ਸਿਦਕੀ ਸਿੱਖ ਦੀ ਸ਼ਹੀਦੀ ਗਾਥਾ


ਨਵੇਂ ਬਣੇ ਪੰਜਾਬੀ ਸੂਬੇ ਦੇ ਪਿਛੋਕੜ ਅਤੇ ਰੂਪ-ਰੇਖਾ ਦਾ ਜ਼ਿਕਰ ਏਸ ਪੁਸਤਕ (ਸਾਚੀ ਸਾਖੀ) ਵਿਚ ਹੋਰ ਥਾਵੇਂ ਆ ਚੁੱਕਾ ਹੈ। ਝੂਠੇ ਪ੍ਰਚਾਰ ਅਤੇ ਫ਼ਿਰਕੂ ਅਸਰ ਅਧੀਨ ਹੋਈ 1961 ਦੀ ਮਰਦਮ ਸ਼ੁਮਾਰੀ ਨੂੰ ਵੰਡ ਦਾ ਆਧਾਰ ਬਣਾਉਣ ਦਾ ਇਕੋ ਇਕ ਨਤੀਜਾ ਪੰਜਾਬੀ ਬੋਲਦੇ ਇਲਾਕਿਆਂ ਦਾ ਗਵਾਂਢੀ ਪ੍ਰਦੇਸ਼ਾਂ ਵਿਚ ਚਲੇ ਜਾਣਾ ਹੀ ਨਿਕਲ ਸਕਦਾ ਸੀ ਪ੍ਰੰਤੂ ਸਿਆਸੀ ਸੂਝ-ਬੂਝ ਤੋਂ ਕੋਰੇ ਅਤੇ ਆਮ ਸਿਆਣਪ ਤੋਂ ਵਾਂਝੇ ਫ਼ਤਹਿ ਸਿੰਘ ਪਰਤੱਖ ਖ਼ਤਰੇ ਜਾਂ ਸਾਜ਼ਸ਼ ਨੂੰ ਭਾਂਪ ਨਾ ਸਕੇ, ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਸ਼ੁਕਰੀਆ ਅਦਾ ਕਰਨ ਲਈ ਉਨ੍ਹਾਂ ਨੂੰ ਉਚੇਚਾ ਮਿਲਣ ਗਏ ਅਤੇ ਕਾਂਗਰਸ ਪ੍ਰਧਾਨ ਨਾਲ ਜੱਫੀਆਂ ਪਾ ਕੇ ''ਫੋਟੂ'' ਉਤਰਵਾਉਂਦੇ ਰਹੇ। ਕਾਂਗਰਸੀਆਂ ਦੀ ਨੇਕ ਨੀਤੀ ਵਿਚ ਦ੍ਰਿੜ੍ਹ ਨਿਸਚਾ ਰੱਖਣ ਕਰਕੇ ਉਹ ਬੇਅੰਤ ਸਿੰਘਾਂ ਦੀਆਂ ਕੁਰਬਾਨੀਆਂ ਸਦਕਾ ਬਣੇ ਪੰਜਾਬੀ ਸੂਬੇ ਦੀ ਨੁਹਾਰ, ਨੂੰ ਸੁਨੱਖਾ ਬਣਾਉਣ ਹਿਤ ਕੋਈ ਠੋਸ ਕਦਮ ਨਾ ਚੁੱਕ ਸਕੇ। ਸਗੋਂ ਐਸੇ ਨਾਜ਼ਕ ਵਕਤ, ਜਦੋਂ ਕਿ ਕਮਿਸ਼ਨ ਪੰਜਾਬੀ ਸੂਬੇ ਦੀ ਹੱਦ-ਬੰਦੀ ਕਰ ਰਿਹਾ ਸੀ, ਫ਼ਤਹਿ ਸਿੰਘ ਇੰਗਲੈਂਡ ਸੈਰ ਕਰਨ ਵਾਸਤੇ ਚਲਾ ਗਿਆ। ਓਥੇ ਉਹ, ਅਜੇ ਅਣਜੰਮੇ, ਪੰਜਾਬੀ ਸੂਬੇ ਨੂੰ ਆਪਣਾ ''ਬੱਚਾ'' ਪ੍ਰਚਾਰਦਾ ਰਿਹਾ। ਪੰਜਾਬ ਪਰਤ ਕੇ ਉਨ੍ਹਾਂ ਨੇ ਮੰਜੀ ਸਾਹਿਬ (ਦਰਬਾਰ ਸਾਹਿਬ) ਤੋਂ ਐਲਾਨ ਕੀਤਾ ਕਿ ਉਹ ਪੰਜਾਬੀ ਸੂਬੇ ਨੂੰ ''ਪ੍ਰਵਾਨ'' ਕਰਦੇ ਹਨ ਅਤੇ ''ਰਹਿੰਦੀ ਕਸਰ'' ਨੂੰ, ਸਰਕਾਰ ਨਾਲ ਗੱਲਬਾਤ ਰਾਹੀਂ, ਪੂਰਾ ਕਰਵਾਉਣਗੇ। ਸੂਝਵਾਨ ਲੋਕ ਸਮਝਦੇ ਸਨ ਕਿ ਇਉਂ ਹੁਣ ਕੁਝ ਨਹੀਂ ਬਣਨਾ।
1 ਨਵੰਬਰ, ਸੰਨ 1966 ਨੂੰ ਪੰਜਾਬ, ਹਿਮਾਚਲ ਅਤੇ ਹਰਿਆਣਾ ਰਾਜ ਹੋਂਦ ਵਿਚ ਆ ਗਏ। ਪੰਜਾਬੀ ਬੋਲਦੇ ਕਈ ਇਲਾਕੇ, ਜਿਵੇਂ ਕਿ ਡਰ ਸੀ, ਗਵਾਂਢੀ ਪ੍ਰਦੇਸ਼ਾਂ ਵਿਚ ਸਿੱਖ ਦਵੈਸ਼ ਕਾਰਨ ਪਾ ਦਿੱਤੇ ਗਏ। ਇਕਤਾਲੀ (41) 'ਸਾਂਝੀਆਂ ਕੜੀਆਂ' ਸਿੱਖਾਂ ਦੀ ਵੱਸਣਭੂਮੀ, ਪੰਜਾਬ ਨੂੰ ਨਿਰਬਲ ਤੇ ਹੀਣਾ ਦਰਸਾਉਣ ਲਈ ਰੱਖੀਆਂ ਗਈਆਂ। ਏਸ ਫ਼ੈਸਲੇ ਤੋਂ ਸਿੱਖਾਂ ਵਿਚ ਭਾਰੀ ਨਿਰਾਸਤਾ ਫੈਲੀ। ਗ੍ਰਹਿ ਵਿਭਾਗ ਦੇ ਰਾਜ ਮੰਤਰੀ ਨੇ, ਓਸੇ ਦਿਨ, ਲੋਕ ਸਭਾ ਵਿਚ ਇਕ ਸਵਾਲ ਦਾ ਉੱਤਰ ਦਿੰਦਿਆਂ ਕਿਹਾ ਕਿ ''ਹੁਣ ਹੱਦਬੰਦੀ ਬਾਰੇ ਕਿਸੇ ਗੱਲਬਾਤ ਦੀ ਸੰਭਾਵਨਾ ਨਹੀਂ।'' ਫ਼ਤਹਿ ਸਿੰਘ ਲਈ ਕੋਈ ਭੱਜਣ ਦਾ ਰਾਹ ਨਾ ਰਹਿਣ ਦਿੱਤਾ ਗਿਆ ਅਤੇ ਉਨ੍ਹਾਂ ਨੇ ਮਜਬੂਰ ਹੋ ਕੇ, ਆਪਣੇ ਅਕਾਲੀ ਦਲ ਵਲੋਂ, 20 ਨਵੰਬਰ ਸੰਨ 1966 ਤੋਂ  'ਮੋਰਚਾ'' ਲਾਉਣ ਦਾ ਐਲਾਨ ਕਰ ਦਿੱਤਾ। ਛੇਤੀ ਹੀ ਪਿੱਛੋਂ, 17 ਦਸੰਬਰ ਤੋਂ ਅਰਦਾਸਾ ਕਰਕੇ ਭੁੱਖ ਹੜਤਾਲ, ''ਸੰਤ ਬਾਬਾ'' ਜੀ ਨੇ ਸ਼ੁਰੂ ਕਰ ਦਿੱਤੀ ਅਤੇ 27 ਦਸੰਬਰ ਤੱਕ ਪੰਜਾਬ ਨਾਲ ਹੋਈ (ਸਿੱਖ ਪੰਥ ਦਾ ਨਾਮ ਸੰਤ ਬਾਬਾ ਜੀ 'ਨੀਤੀ ਵਿਚਾਰ ਕੇ' ਲੈਣਾ ਨਹੀਂ ਸੀ ਚਾਹੁੰਦੇ) ਨਾ-ਇਨਸਾਫ਼ੀ ਦੂਰ ਨਾ ਹੋਣ ਦੀ ਸੂਰਤ ਵਿਚ ਸੜ ਮਰਨ ਦਾ ਪ੍ਰਣ ਕੀਤਾ। ਉਨ੍ਹਾਂ ਦੇ ਛੇ ਸਾਥੀਆਂ ਅਥਵਾ ਪਿਛਲੱਗਾਂ ਨੇ ਵੀ ਸੰਤ ਬਾਬੇ ਦੇ ਅਗਨੀ-ਪਰਵੇਸ਼ ਕਰਨ ਤੋਂ ਇਕ ਦਿਨ ਪਹਿਲਾਂ (ਪਿੱਛੋਂ ਨਹੀਂ) ਅਥਵਾ 26 ਦਸੰਬਰ ਨੂੰ ਸੜ ਮਰਨ ਦਾ ਪ੍ਰਣ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਅਰਦਾਸਾ ਕਰ ਕੇ ਕੀਤਾ। ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ।
ਕਈ ਸਿਆਸੀ ਚਾਲਾਂ ਚੱਲੀਆਂ ਗਈਆਂ, ਪਰ ਸਰਕਾਰ ਟੱਸ ਤੋਂ ਮੱਸ ਨਾ ਹੋਈ। ਸੜ-ਮਰਨ ਦਾ ਦਿਨ ਨੇੜੇ ਆਇਆ ਤਾਂ (ਸੰਤ ਬਾਬਾ) ਫ਼ਤਹਿ ਸਿੰਘ ਨੂੰ ਆਪਣੀ ਜਾਨ ਬਚਾਉਣ ਲਈ, ਆਪਣੇ ਬਾ-ਰਸੂਖ਼ ਠੇਕੇਦਾਰ ਮਿੱਤਰਾਂ ਰਾਹੀਂ, ਹੁਕਮ ਸਿੰਘ ਸਪੀਕਰ ਲੋਕ ਸਭਾ, ਨਾਲ ਗੰਢ-ਤਰੁਪ ਕਰਨੀ ਪਈ। ਐਨ ਵੇਲੇ ਸਿਰ, ਜਦੋਂ ਕਿ ਸੰਤ ਬਾਬੇ ਅਤੇ ਉਸ ਦੇ ਚੇਲਿਆਂ ਦੇ ਅਗਨੀ-ਪ੍ਰਵੇਸ਼ ਕਰਨ ਦੇ ਦ੍ਰਿਸ਼ ਨੂੰ ਦੁਨੀਆਂ ਭਰ ਦੇ ਦੂਰਦਰਸ਼ਨ, ਟੀ. ਵੀ. ਆਦਿ ਲਈ ਫਿਲਮਾਉਣ ਵਾਲੇ ਪੱਤਰ-ਪ੍ਰੇਰਕ ਤੇ ਸੰਵਾਦਦਾਤਾ, ਕੈਮਰੇ ਟਿਕਾਈ ਤਿਆਰ ਬੈਠੇ ਸਨ, ਕਿਰਾਏ 'ਤੇ ਕੀਤੇ ਹੋਏ ਖ਼ਾਸ ਹਵਾਈ ਜਹਾਜ਼ ਉੱਤੇ, ਹੁਕਮ ਸਿੰਘ ਨੂੰ ਅੰਮ੍ਰਿਤਸਰ ਲਿਆਂਦਾ ਗਿਆ। ਅੰਦਰਖਾਤੇ ਸ਼ਹਿਦ ਅਤੇ ਰਸ ਦੇ ਗਲਾਸ ਪਹਿਲਾਂ ਹੀ ਤਿਆਰ ਰੱਖੇ ਹੋਏ ਸਨ ਅਤੇ ਸਿੱਖਾਂ ਤੇ ਦੁਨੀਆਂ ਨੂੰ ਮੂਰਖ ਬਣਾਉਣ ਲਈ ਪਾਣੀ ਨਾਲ ਭਰੇ, ਤੇਲ ਵਾਲੇ ਪੀਪੇ ''ਹਵਨ ਕੁੰਡਾਂ'' ਵੱਲ ਲੈ ਜਾਂਦੇ ਦੇਖੇ। ਵੇਖਣ ਵਾਲਿਆਂ ਵਿਚੋਂ ਇਕ ਸਨ ਭਾਈ ਨੰਦ ਸਿੰਘ, ਫ਼ਤਹਿ ਸਿੰਘ ਦੇ ਸ਼ੁੱਧ ਹਿਰਦੇ ਵਾਲੇ ਸ਼ਰਧਾਲੂ। ਆਪ ਦੱਖਣੀ ਭਾਰਤ ਦੇ ਜੰਮਪਲ. ਤਮਲ ਦੇਸ਼ ਦੇ ਵਸਨੀਕ ਅਤੇ ਦਰਾਵੜ ਜਾਤੀ ਦੇ ਸਨ, ਅਤੇ ਸਿੰਘਾਂ ਦੇ ਕਾਰਨਾਮੇ ਸੁਣ ਕੇ, ਅੰਮ੍ਰਿਤ ਛਕ, ਪੰਥ ਵਿਚ ਆਣ ਰਲੇ ਸਨ। ਫ਼ਤਹਿ ਸਿੰਘ ਨੂੰ ਸੁਨੱਖਾ ਬਣਾਉਣ ਹਿਤ ਕੋਈ ਠੋਸ ਕਦਮ ਨਾ ਚੁੱਕ ਸਕੇ। ਸਗੋਂ ਐਸੇ ਨਾਜ਼ਕ ਵਕਤ, ਨੂੰ ਵਡਹੰਸ ਸਮਝ ਕੇ ਸੰਗੀ ਬਣੇ ਸਨ। ਆਪ ਕਾਫ਼ੀ ਅਰਸੇ ਤੋਂ ਅੰਮ੍ਰਿਤਸਰ ਦੇ ਪਿੰਡ, ਬਹਾਦਰਪੁਰ ਵਿਚ, ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ। ਆਪ ਦੇ ਵੇਖਦਿਆਂ-ਵੇਖਦਿਆਂ ਸੀਨ ਬਦਲ ਗਿਆ। ਹੁਕਮ ਸਿੰਘ ਦੇ ''ਨਿਜੀ ਵਿਸ਼ਵਾਸ (9 am personally satisfied) 'ਤੇ ਕਿ ਫ਼ੈਸਲਾ ਪੰਜਾਬ ਦੇ ਹੱਕ ਵਿਚ ਹੋਵੇਗਾ, ਫ਼ਤਹਿ ਸਿੰਘ ਦਲ ਦੀ ਵਰਕਿੰਗ ਕਮੇਟੀ ਨੇ (ਜਿਹੜੀ ਕਿ ਪਹਿਲਾਂ ਹੀ ਤਿਆਰ ਬਰ ਤਿਆਰ ਬੈਠੀ ਸੀ) ਫ਼ਰੀਕ ਸਾਨੀ, ਪ੍ਰਧਾਨ ਮੰਤਰੀ ਹਿੰਦ, ਨੂੰ ਸਾਲਸ ਮੰਨ ਕੇ ਵਰਤ ਤੋੜਨ ਦਾ ਫ਼ੈਸਲਾ ਕਰ ਲਿਆ। ਸੰਗਤ ਵਿਚ ਤਜਵੀਜ਼ ਰੱਖੀ ਗਈ ਤਾਂ ਆਵਾਜ਼, ਸਰਬਸੰਮਤੀ ਨਾਲ ਆਈ, ''ਨਹੀਂ ਮਨਜ਼ੂਰ, ਬਿਲਕੁਲ ਨਹੀਂ ਪਰਵਾਨ।'' ਝਟਪਟ, 'ਸਿੱਖਾਂ ਦੇ ਪੋਪ', ਪਖੰਡੀ ਸਾਧ, ਨੇ ਫ਼ਤਵਾ ਦੇ ਦਿੱਤਾ ਕਿ ''ਇਹ ਗੁਰੂ-ਰੂਪ ਸਾਧ ਸੰਗਤ ਨਹੀਂ। ਮਾਸਟਰ ਤਾਰਾ ਸਿੰਘ ਦੇ ਬੰਦੇ ਹਨ।'' ਸਿੱਖੀ ਦੇ ਗੌਰਵ ਦੇ ਸ਼ਤਰੂ ਚੇਲਿਆਂ-ਚਾਟੜਿਆਂ ਨੇ ਇਸ਼ਾਰਾ ਸਮਝ ਲਿਆ ਅਤੇ ਓਸੇ ਵਕਤ ਸੰਗਤਾਂ ਉੱਤੇ ਡਾਂਗਾਂ ਸੋਟਿਆਂ ਦਾ ਮੀਂਹ ਵਰ੍ਹਨਾ ਸ਼ੁਰੂ ਹੋ ਗਿਆ। ਡਾਂਗਾਂ ਨਾਲ ਲੈਸ, ਗੁੰਡੇ ਸੇਵਾਦਾਰਾਂ ਦੀ ਰਜਮੰਟ ਪਹਿਲਾਂ ਹੀ ਫਾਲਨ ਕੀਤੀ ਹੋਈ ਸੀ। ਹਰਿਮੰਦਰ ਸਾਹਿਬ ਦੇ ਦਰਸ਼ਨੀ ਦੁਆਰ ਵਿਚ ਇਉਂ ਹੋਇਆ। ਫ਼ਤਹਿ ਸਿੰਘ ਦੀ ਹਉਮੈ ਵਾਂਗ ਹੀ, ਡਾਢਾ ਸੀ ਉਨ੍ਹਾਂ ਗੁੰਡਿਆਂ ਦਾ ਕਹਿਰ। ਭਾਈ ਨੰਦ ਸਿੰਘ ਜੀ ਕਾਲਜ ਦੇ ਜੋਸ਼ੀਲੇ ਮੁੰਡਿਆਂ ਕੋਲ ਖੜ੍ਹੇ ਸਨ ਅਤੇ ਭੁਜੰਗੀ ਸਿੱਖਾਂ ਦੇ ਸਿੱਖੀ ਜੋਸ਼ ਨੂੰ ਮੱਠਾ ਕਰਨ ਲਈ, ਉਨ੍ਹਾਂ ਦੇ ਸਰੀਰ 'ਤੇ ਵੱਜਦੀਆਂ ਡਾਂਗਾਂ ਭਾਈ ਨੰਦ ਸਿੰਘ ਨੇ ਆਪ ਵੇਖੀਆਂ। ਆਪ ਰੋਹ ਵਿਚ ਆ ਗਏ, ਅਤੇ ਭੱਜ ਕੇ, ਭੁਜੰਗੀਆਂ ਦੇ ਨਾਲ ਹੀ, ਬਾਬਾ ਅਟੱਲ ਸਾਹਿਬ ਲਾਗੇ, ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪਹੁੰਚੇ। ਸ਼ਹੀਦਾਂ ਦੀ ਪਾਵਨ ਰੱਤ ਨਾਲ ਰੰਗੇ, ਸ੍ਰੀ ਅਕਾਲ ਤਖ਼ਤ ਦੇ ਹਜ਼ੂਰ ਕਾਇਰਤਾ ਦੇ ਪਰਛਾਵੇਂ ਹੇਠ ਖੇਡੇ ਜਾ ਰਹੇ, ਇਸ ਨਾਟਕ ਨੂੰ ਭਾਈ ਨੰਦ ਸਿੰਘ ਨੇ, ਖ਼ਾਲਸਾ ਪੰਥ ਦੇ ਉੱਜਲ ਮੱਥੇ ਉੱਤੇ ਕਲੰਕ ਦੱਸਿਆ ਅਤੇ ਏਸ ਨੂੰ ਮਿਟਾਉਣ ਲਈ ਕੁਝ ਕਰਨ ਦੀ ਆਗਿਆ, ਸੈਕਟਰੀ ਸ਼੍ਰੋਮਣੀ ਅਕਾਲੀ ਦਲ ਤੋਂ ਮੰਗ ਲਈ। ਦਰਬਾਰ ਸਾਹਿਬ ਤੋਂ ਬਾਹਰ ਆ ਕੇ, ਆਪ ਆਪਣੇ ਇਕ ਵਕੀਲ ਮਿੱਤਰ ਨੂੰ ਮਿਲੇ ਅਤੇ ਇਹੋ ਭਾਵ ਉਨ੍ਹਾਂ ਸਾਹਮਣੇ ਵੀ ਪ੍ਰਗਟ ਕੀਤੇ। ਜਾਣ ਲੱਗੇ ਆਖ਼ਰੀ ਫ਼ਤਹਿ ਬੁਲਾ ਗਏ। ਭਾਈ ਨੰਦ ਸਿੰਘ ਜੀ ਪੰਥ ਲਈ ਅਥਾਹ ਦਰਦ ਰੱਖਦੇ ਸਨ। ਸੰਨ 1960 ਦੇ ਪੰਜਾਬੀ ਸੂਬੇ ਸੰਬੰਧੀ ਮੋਰਚੇ ਵਿਚ ਜੇਲ੍ਹ ਯਾਤਰਾ ਵੀ ਕਰ ਚੁੱਕੇ ਸਨ, ਇਸ ਵਿਸ਼ਵਾਸ ਨਾਲ ਕਿ  ਪੰਜਾਬੀ ਸੂਬੇ' ਤੋਂ ਭਾਵ 'ਪੰਥ ਕੇ ਬੋਲਬਾਲੇ' ਹੀ ਹੈ। ਹੁਣ ਆਪ ਦੇ ਅੰਤਰ ਆਤਮੇ, ਪੰਥ ਦੇ ਪ੍ਰਚੰਡ ਸ਼ਹੀਦ, ਭਾਈ ਬੋਤਾ ਸਿੰਘ ਦੀ ਆਤਮਾ ਪ੍ਰਗਟ ਹੋ ਚੁੱਕੀ ਸੀ। ਆਪ ਨੇ ਤੁਰੰਤ ਪੰਥ ਨੂੰ ਅਧੋਗਤੀ ਦੀ ਹਾਲਤ ਵਿਚੋਂ ਕੱਢਣ ਹਿਤ, ਲੋਕਾਂ ਦੀਆਂ ਟਿਚਕਰਾਂ ਦਾ ਵਿਸ਼ਾ ਬਣਨ ਤੋਂ ਬਚਾਉਣ ਲਈ, ਕਹਿਣੀ ਅਤੇ ਕਰਨੀ ਦੇ ਸੂਰਿਆਂ ਦਾ ਖ਼ਾਲਸਾ ਪੰਥ ਉਜਾਗਰ ਕਰਨ ਹਿਤ, ਪੁਰਾਤਨ ਸ਼ਹੀਦ ਸਿੰਘਾਂ ਦੀ ਅਮਰ ਕਤਾਰ ਵਿਚ ਜਾ ਖੜ੍ਹੇ ਹੋਣ ਦਾ ਨਿਸ਼ਚਾ ਕਰ ਲਿਆ। ਆਪ ਨੇ ਸ਼ਹੀਦੀ ਦਾ ਦਿਨ ਮਿੱਥ ਲਿਆ। ਸੈਕਟਰੀ ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਫ਼ਤਹਿ ਸਿੰਘ ਨੂੰ ਏਸ ਭਾਵ ਦੀਆਂਚਿੱਠੀਆਂ ਵੀ ਲਿਖ ਦਿੱਤੀਆਂ। ਬਸੰਤੀ ਚੋਲਾ ਅਤੇ ਨੀਲਾ ਕਮਰਕੱਸਾ ਉਚੇਚਾ ਬਣਵਾ ਲਿਆ। ਆਖ਼ਰ ਆਪ ਨੇ ਵੱਡੇ-ਵੱਡੇ ਲੱਕੜੀ ਦੇ ਖੁੰਢਾਂ ਦਾ ਅੰਗੀਠਾ ਵੀ ਆਪਣੇ ਹੀ ਹੱਥੀਂ ਤਿਆਰ ਕੀਤਾ।
ਸ਼ਹੀਦੀ ਵਾਲੇ ਦਿਨ, 13 ਅਪ੍ਰੈਲ, 1967 ਨੂੰ, ਖ਼ਾਲਸੇ ਦੇ ਜਨਮ ਦਿਨ, ਵੈਸਾਖੀ ਵਾਲੇ ਦਿਨ, ਅੰਮ੍ਰਿਤ ਵੇਲੇ, ਤਿੰਨ ਵਜੇ, ਚਾਅ ਨਾਲ ਉੱਠੇ। ਨਿੱਤ ਵਾਂਗ ਇਸ਼ਨਾਨ ਪਾਣੀ ਤੋਂ ਵਿਹਲੇ ਹੋ ਕੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਹੁਕਮ ਲਿਆ ਅਤੇ ਅਰਦਾਸਾ ਕੀਤਾ। ਗੁਰੂ ਦੇ ਸਨਮੁਖ ਹੋ, ਆਪ ਖੁੰਢਾਂ ਦੇ ਵਿਚਕਾਰ, ਅੰਗੀਠੇ ਵਿਚ, ਬੈਠ ਗਏ। ਇਕਾਗਰਤਾ ਨਾਲ ਸ੍ਰੀ ਜਪੁ ਜੀ ਦਾ ਪਾਠ ਕੀਤਾ। ਸਮਾਪਤੀ 'ਤੇ ਆਪਣੇ ਹੱਥੀਂ ਪੈਟਰੋਲ ਨਾਲ ਇਸ਼ਨਾਨ ਕੀਤਾ ਅਤੇ ਸ਼ਾਂਤ ਚਿੱਤ, ਪੂਰਨ ਗੰਭੀਰਤਾ ਨਾਲ, ਜੈਕਾਰਾ ਗਜਾ ਕੇ ਆਪਣੇ ਆਪ ਨੂੰ ਅਗਨ ਭੇਟ ਕਰ ਦਿੱਤਾ। ਧੰਨ ਸਿੱਖੀ! ਧੰਨ ਸਿੱਖੀ!! ਧੰਨ ਹਲਤ ਪਲਤ ਦਾ ਰਾਖਾ, ਸਾਹਿਬ ਗੁਰੂ ਗੋਬਿੰਦ ਸਿੰਘ। ਫ਼ਤਹਿ ਸਿੰਘ ਦੇ ਅਖ਼ਬਾਰ, ''ਕੌਮੀ ਦਰਦ'' ਨੇ ਇਖ਼ਲਾਕ, ਸੱਚਾਈ, ਸ਼ਰਮ ਹਯਾ ਦੇ ਸਭ ਹੱਦਾਂ- ਬੰਨੇ ਟੱਪ ਕੇ, ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਹੋਈ ਇਸ ਸ਼ਹੀਦੀ ਨੂੰ ''ਇਤਫਾਕੀਆ ਮੌਤ'' ਅਤੇ ''ਕੁਸ਼ਤੇ ਮਾਰਨ ਤੇ ਜਾਦੂ-ਟੂਣੇ ਕਰਨ ਵਾਲੀ ਅੱਗ ਵਿਚ ਸੜ ਮਰਨ ਦਾ ਸਿੱਟਾ'' ਲਿਖਿਆ। ਇਹ ਜਾਣੇ ਬਿਨਾਂ ਜਾਂ ਅਨਜਾਣੇ ਕਰਕੇ, ਕਿ ਸ਼ਹੀਦ ਦਾ ਨਿੰਦਕ, ਮਹਾਂਨੀਚ, ਅਤਿ ਦਾ ਪਾਪੀ ਹੁੰਦਾ ਹੈ, ਫ਼ਤਹਿ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਰੱਜ ਕੇ ਝੂਠ ਬੋਲਿਆ। ਫਤਹਿ ਸਿੰਘ ਉਸ ਮਹਾਨ ਆਤਮਾ ਦੀ ਪਵਿੱਤਰ ਲਿਖਤ ਦੀ ਪਹੁੰਚ ਤੋਂ ਵੀ ਮੁਕਰ ਗਏ ਅਤੇ ਉਸ ਨੂੰ ਖੁਰਦ-ਬੁਰਦ ਕਰਕੇ, ਇਕ ਹੋਰ ਘੋਰ ਪਾਪ ਦੇ ਭਾਗੀ ਬਣੇ। ਬਖਸ਼ਿੰਦ ਗੁਰੂ ਵੀ ਕੀ ਕੀ ਬਖਸ਼ੂ! ਸ਼ਹਾਦਤ ਤੋਂ ਪਹਿਲਾਂ ਲਿਖੀਆਂ, ਆਪ ਦੀਆਂ ਦੋ ਚਿੱਠੀਆਂ ਇਉਂ ਹਨ :
ੴ ਸਤਿਗੁਰ ਪ੍ਰਸਾਦਿ£ ਲਿਖਤੁਮ ਦਾਸ ਨੰਦ ਸਿੰਘ ਅਗੇ ਸ੍ਰੀ ਮਾਨ ਸਰਦਾਰ ਅਜਮੇਰ ਸਿੰਘ ਜੀ ਤੇ ਸਰਬ ਸੰਗਤ ਨੂੰ ਦਾਸ ਨੰਦ ਸਿੰਘ ਕੀ ਤਰਫੂ ਵਾਹਿਗੁਰੂ ਜੀ ਕੀ ਫਤੇਹ£ ਦਾਸ ਦੱਖਣ ਤੋਂ ਸਿੱਖਾਂ ਦੀ ਉੱਚ ਮਹਿਮਾ ਸੁਣ ਕੇ ਸਿੱਖ ਸੂਰਮਿਆਂ ਦੇ ਅਤੇਹਾਸ ਸੁਣ ਕੇ ਸਿੰਘ ਸਜੇਆ ਥਾ ਔਰ ਅੰਮ੍ਰਤ ਪਾਨ ਕੀਆ ਥਾ ਕਿ ਸਿੰਘ, ਜੋ ਬਚਨ ਦੇ ਪਰਣ ਕਰਕੇ ਬਹਾਨੇ ਕਰਕੇ ਖਿਸਕ ਜਾਂਦੇ ਰਹੇ। ਇਹ ਪੰਥ ਦੀ ਹਤਕ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸਿੱਖ ਸ਼ਹੀਦ ਹੋ ਸਕਦਾ ਹੈ ਮਰ ਸਕਦਾ ਹੈ। ਮੈਂ ਸ਼ਹੀਦੀ ਬਾਣਾ ਕਰਵਾ ਲਿਆ ਹੈ। ਮੈਂ ਆਗੂਆਂ ਦੇ ਕੰਨ ਖੋਲ੍ਹਣ ਖ਼ਾਤਰ, ਸਿੱਖ ਰਵੈਤਾਂ ਕੋ ਮਸ਼ਹੂਰ ਕਰਨ ਖ਼ਾਤਰ ਸ਼ਹੀਦ ਹੋਵਾਂਗਾ। ਆਪ ਸੁਣ ਲਵੋਗੇ, ਪੰਥ ਖ਼ਾਲਸਾ ਗੁਰੂ ਦਾ ਚੜ੍ਹਦੀ ਕਲਾ ਵਿਚ ਹੋਵੇਗਾ। ਦਾਸ ਨੂੰ ਮਾਫੀ ਦੇਣੀ। ਇਕ ਚਿੱਠੀ ਸੰਤ ਬਾਬਾ ਫਤਹਿ ਸਿੰਘ ਜੀ ਨੂੰ ਪਾ ਰਿਹਾ ਹਾਂ। ਸਰਬੱਤ ਸਾਧ ਸੰਗਤ ਨੂੰ ਫਤਹਿ। ਸੰਗਤ ਕਾ ਦਾਸ, ਬਹਾਦਰਪੁਰ ਪਿੰਡ, ਨੰਦ ਸਿੰਘ ਗ੍ਰੰਥੀ।''
ਦੂਜੀ ਚਿੱਠੀ ਇਉਂ ਸੀ। ''ਸਰਪੰਚ ਸਾਹਿਬ ਤੇ ਹੋਰ ਪਤਵੰਤੇ ਸੱਜਣੋ, ਮੈਂ ਤੁਹਾਡੇ ਕੋਲੋਂ ਸਦਾ ਲਈ ਵਿਛੜ ਰਿਹਾ ਹਾਂ! ਜੇਕਰ ਏਥੇ ਰਹਿੰਦਿਆਂ ਮੇਰੇ ਪਾਸੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰਨਾ। ਮੇਰੀ ਲਾਸ਼ ਪੁਲਸ ਵਾਲਿਆਂ ਨੂੰ ਨਾ ਦੇਣੀ ਅਤੇ ਪਿੰਡ ਵਿਚ ਹੀ ਸਸਕਾਰ ਕਰ ਦੇਣਾ। ਸਸਕਾਰ ਕਰਨ ਲੱਗਿਆਂ, ਦਰਬਾਰਾ ਸਿੰਘ ਕਲਾਈਪੁਰ ਵਾਲੇ ਨੂੰ ਕੋਲ ਸੱਦ ਲੈਣਾ ਅਤੇ ਮੇਰਾ ਸਾਈਕਲ ਵੇਚ ਕੇ ਜੋ ਪੈਸੇ ਮਿਲਣ, ਉਸ ਦਾ ਅਖੰਡ ਪਾਠ ਕਰਵਾ ਦੇਣਾ।'' ਵਾਹਿਗੁਰੂ, ਵਾਹਿਗੁਰੂ! ਪੰਥ ਦੀ ਉੱਚੀ ਸੁੱਚੀ ਸ਼ਾਨ ਨੂੰ ਸਰਲ ਹਿਰਦੇ ਵਾਲੇ, ਕਹਿਣੀ ਕਥਨੀ ਦੇ ਸੂਰੇ, ਸਿਦਕਵਾਨ ਭਾਈ ਨੰਦ ਸਿੰਘ ਜੀ, ਸ਼ਹੀਦੀ ਜਾਮ ਪੀ ਕੇ ਇਉਂ ਉਜਾਗਰ ਕਰ ਗਏ।
ਇਸ ਸ਼ਹੀਦੀ ਦੀ ਚਰਚਾ ਹਰ ਥਾਂ ਹੋਈ ਅਤੇ ਜਗਤ ਨੂੰ ਸਿੱਖੀ ਸੂਰਬੀਰਤਾ ਅਤੇ ਰਵਾਇਤਾਂ ਦੀ ਆਭਾ ਪ੍ਰਗਟ ਹੋਈ ਪਰ ਕਲਗੀਆਂ ਵਾਲੇ ਨੇ, ਆਪਣੇ ਪੰਥ ਵੱਲ ਮੂੰਹ ਨਾ ਫੇਰਿਆ। ਕਈ ਸਿਆਣਿਆਂ ਦਾ ਵਿਚਾਰ ਸੀ ਕਿ, ਅਜੋਕੇ ਸਮਿਆਂ ਵਿਚ, ਸਿੱਖ ਲੀਡਰਾਂ ਅਤੇ ਸਿੱਖਾਂ ਦੇ ਲੀਡਰ ਅਖਵਾਉਣ ਵਾਲਿਆਂ ਦੇ, ਗੁਰੂ ਦੇ ਹਜ਼ੂਰ ਅਰਦਾਸੇ ਕਰਕੇ ਕੀਤੇ ਪ੍ਰਣ ਤੋੜ ਨਾ ਨਿਭਾਉਣ ਦਾ ਇਹ ਨਤੀਜਾ ਹੈ। ਜ਼ਰੂਰਤ ਪਈ ਕਿ ਕੋਈ ਪੁਰਾਤਨ ਰਵਾਇਤ ਅਨੁਸਾਰ ਆਪਣਾ ਸਿਰ ਲਾ ਕੇ ਗੁਰੂ ਦੇ ਦਰਬਾਰ ਵਿਚ ਜਾ ਪੁਕਾਰ ਕਰੇ ਤਾਂ ਟੁੱਟੀ ਗੰਢੀ ਜਾਵੇ। ਹੁਣ ਸਿੱਖਾਂ ਨੂੰ ਗੁਰੂ ਨਾਲ ਜੋੜਨ ਵਾਸਤੇ ਭਾਈ ਮਹਾਂ ਸਿੰਘ ਵਾਂਗ ਨਿੱਤਰਿਆ, ਫੇਰੂਮਾਨ ਪਿੰਡ ਦਾ ਇਕ ਸ਼ੇਰਦਿਲ ਬੁੱਢਾ ਜਰਨੈਲ। ਉਨ੍ਹਾਂ ਦਾ ਨਾਮ ਸੀ ਦਰਸ਼ਨ ਸਿੰਘ, ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਵਾਂਗ, ਸਰੀਰ ਨੂੰ ਬੰਦ ਬੰਦ ਕਟਵਾ ਕੇ ਸ਼ਹੀਦੀ ਪਾਉਣ ਕਾਰਨ, ਹੁਣ ਜਗਤ ਵਿਖਿਆਤ ਹੈ, ਸ਼ਹੀਦ ਸਰਦਾਰ ਦਰਸ਼ਨ ਸਿੰਘ ਫੇਰੂਮਾਨ। 'ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ£
('ਸਾਚੀ ਸਾਖੀ' ਵਿਚੋਂ)