ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਵਿਸਾਖੀ ਦੇ ਮੰਤਵ ਵਿਚ ਆਈ ਖੜੋਤ ਤੋੜੀ ਜਾਵੇ


ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਵਿਚ ਹੀ ਲੋਕਾਈ ਨੂੰ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਮਨੁੱਖ ਨੂੰ ਸੰਗਮ ਆਦਿ ਤੀਰਥ ਇਨਸਾਨ ਕਰਨ ਨਾਲ ਕੋਈ ਆਤਮਿਕ ਲਾਭ ਨਹੀਂ ਹੁੰਦਾ। ਜਿਹੜੇ ਲੋਕ ਅਜਿਹੀ ਸੋਚ ਸਦਕਾ ਵਿਸ਼ੇਸ਼ ਦਿਨਾਂ 'ਤੇ ਕੋਈ ਖਾਸ ਤੀਰਥ ਇਸਨਾਨ ਨੂੰ ਚੰਗਾ ਸਮਝਦੇ ਹਨ ਉਹ ਆਪਣੇ ਭੁਲੇਖੇ ਕਾਰਨ ਜ਼ਿੰਦਗੀ ਵਿਚ ਖੁਆਰ ਤਾਂ ਹੁੰਦੇ ਹੀ ਹਨ ਸਗੋਂ ਉਹ ਆਪਣਾ ਕੀਮਤੀ ਸਮਾਂ ਅਤੇ ਧਨ-ਪਦਾਰਥ ਵੀ ਜਾਇਆ ਕਰਦੇ ਹਨ। ਗੁਰੂ ਜੀ ਨੇ ਵਿਸ਼ੇਸ਼ ਦਿਨਾਂ 'ਤੇ ਕੀਤੇ ਜਾਂਦੇ ਇਸਨਾਨ ਤੀਰਥ ਸਥਾਨਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਸਮਝਾਇਆ ਕਿ ਅਸਲ ਮਨੋਰਥ ਕਿਰਤ ਕਰਦਿਆਂ ਪ੍ਰਮਾਤਮਾ ਦੀ ਯਾਦ ਵਿਚ ਜੁੜੇ ਰਹਿਣਾ ਹੈ। ਇਸ ਸਮੇਂ ਲੱਖਾਂ ਦੀ ਗਿਣਤੀ ਵਿਚ ਪੁੱਜਦੀ ਲੋਕਾਈ ਨੂੰ ਇਕੋ ਵਾਰ ਸੰਦੇਸ਼ ਦੇਣਾ ਅਸੰਭਵ ਕਾਰਜ ਸੀ ਸੋ ਸਮਾਜਿਕ ਭਲਾਈ ਲਈ ਇਸ ਸਿਧਾਂਤ ਨੂੰ ਪ੍ਰਪੱਕ ਕਰਨ ਲਈ ਗੁਰੂ ਨਾਨਕ ਉਤਰਅਧਿਕਾਰੀਆਂ ਨੇ ਇਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਦਿਨ ਰਾਤ ਇਕ ਕਰ ਦਿੱਤਾ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੱਕ ਇਸ ਮਿਸ਼ਨ ਨੂੰ ਨਵਾਂ ਰੂਪ ਦੇਣ ਲਈ ਸਮੇਂ ਦੀ ਮੰਗ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਜਾਇਆ ਹੋ ਰਹੀ ਤਾਕਤ ਨੂੰ ਵਿਉਂਤਬੱਧ ਢੰਗ ਨਾਲ ਨੇਪਰੇ ਚਾੜ੍ਹਨ ਦਾ ਅੰਤ੍ਰਿਮ ਕਾਰਜ ਕੀਤਾ ਗਿਆ। ਗੁਰੂ ਘਰ ਦੇ ਸਿੱਖ ਸੇਵਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਵਿਸਾਖੀ ਦੇ ਤੀਰਥ-ਇਸਨਾਨ ਦੀ ਥਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ। ਗੁਰੂ ਸਾਹਿਬ ਦੇ ਸੱਦੇ 'ਤੇ ਪੁੱਜੀ ਸੰਗਤ ਵਿਚੋਂ ਵਿਲੱਖਣ ਢੰਗ ਨਾਲ ਚੋਣ ਕਰਨ ਦੇ ਕੌਤਕ ਤੋਂ ਬਾਅਦ ਲੋਕਾਂ ਨੂੰ ਦੱਸਿਆ ਕਿ ਸਮਾਜ ਵਿਚ ਸਨਮਾਨਜਨਕ ਢੰਗ ਨਾਲ ਜਿਉਣਾ ਅਤੇ ਦੇਸ਼ੀ-ਵਿਦੇਸ਼ੀ ਤਾਕਤਾਂ ਦੀ ਧੌਂਸ ਹੇਠ ਰਹਿ ਕੇ ਜੀਵਨ ਜਿਉਣ ਨਾਲੋਂ ਨਖਿੱਧਤਾ ਨਾਲੋਂ ਚੰਗਾ ਹੈ ਕਿ ਜ਼ੁਲਮ ਦਾ ਸਖਤੀ ਨਾਲ ਟਾਕਰਾ ਕੀਤਾ ਜਾਵੇ। ਇਸ ਕੰਮ ਲਈ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੇਸ਼ ਕੀਤਾ। ਸਦੀਆਂ ਤੋਂ ਜ਼ੁਲਮ ਸਹਿ ਰਹੀ ਲੋਕਾਈ ਵਿਚ ਗੁਰੂ ਸਾਹਿਬ ਦਾ ਇਹ ਪ੍ਰਭਾਵ ਪਿਆ ਕਿ ਕੱਲ੍ਹ ਤੱਕ ਨਿਰਾਸ਼ ਜੀਵਨ ਜਿਉਣ ਵਾਲੇ ਲੋਕਾਂ ਵਿਚ ਇਕ ਨਵੀਂ ਉਮੰਗ ਪੈਦਾ ਹੋ ਗਈ। ਵਹਿਮਾਂ ਭਰਮਾਂ ਵਿਚ ਗਲਿਆਣ ਦਾ ਜੀਵਨ ਬਸਰ ਕਰ ਰਹੇ ਲੋਕ ਗੁਰੂ ਨਾਨਕ ਦਰ ਦੇ ਸੱਚੇ ਪ੍ਰੇਮੀ ਹੋ ਨਿਬੜੇ। ਇਸ ਵੇਲੇ ਤੱਕ ਭਾਵੇਂ ਰਾਜੇ ਮਹਾਰਾਜਿਆਂ ਤੋਂ ਤਨਖਾਹ ਲੈ ਕੇ ਲੜਨ ਵਾਲੇ ਸਿਪਾਹੀ ਹੀ ਭਰਤੀ ਹੁੰਦੇ ਸਨ ਪਰ ਪਹਿਲੀ ਵਾਰ ਕੋਈ ਅਜਿਹੀ ਫੌਜ ਦੀ ਸਿਰਜਨਾ ਕੀਤੀ ਗਈ ਜਿਹੜੀ ਜ਼ੁਲਮ ਦੇ ਟਾਕਰੇ ਲਈ ਸਿਰਫ਼ ਗੁਰੂ ਦੇ ਇਸ਼ਾਰੇ 'ਤੇ ਹੀ ਜਾਨ ਕੁਰਬਾਨ ਕਰ ਦੇਵੇ। ਗੁਰੂ ਨਾਨਕ ਮਿਸ਼ਨ ਦੀ ਸੰਪੂਰਨਤਾ ਵਜੋਂ ਇਸ ਅਦਭੁਤ ਕਾਰਜ ਨੇ ਵਿਲੱਖਣ ਸਮਾਜ ਦੀ ਸਿਰਜਨਾ ਕੀਤੀ।
ਗੁਰੂ ਨਾਨਕ ਮਿਸ਼ਨ ਦੇ ਇਸ ਕਾਰਜ ਨੂੰ ਚਲਦਾ ਰੱਖਣ ਅਤੇ ਨਵੀਆਂ ਚੁਣੌਤੀਆਂ ਨਾਲ ਨਿਪਟਣ ਲਈ ਸਿੱਖ ਕੌਮ ਵਿਚ ਵਿਸਾਖੀ ਨੂੰ ਕੌਮੀ ਇੱਕਜੁਟਤਾ ਦਾ ਵਿਸਲੇਸ਼ਨ ਦਿਨ ਵਜੋਂ ਪੱਕੇ ਤੌਰ 'ਤੇ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ। ਇਸ ਦੇ ਸਿੱਟੇ ਇਹ ਨਿਕਲੇ ਕਿ ਵੱਡੀਆਂ ਦੁਨੀਆਵੀ ਸ਼ਾਸਕੀ ਤਾਕਤਾਂ ਖਾਲਸੇ ਦੇ ਤਪ ਸਦਕਾ ਹਿੰਦੋਸਤਾਨ ਵੱਲ ਮੂੰਹ ਕਰਨੋਂ ਹਟ ਗਈਆਂ। ਅਜਿੱਤ ਕਹੇ ਜਾਣ ਵਾਲੇ ਮੁਸਲਮਾਨ ਧਾੜਵੀ ਇਥੋਂ ਆਪਣਾ ਬੋਰੀ-ਬਿਸਤਰਾ ਇਕੱਠਾ ਕਰਕੇ ਤੁਰਦੇ ਬਣੇ।
ਸਮੇਂ ਦੇ ਬੀਤਣ ਨਾਲ ਗੁਰੂ ਸਾਹਿਬਾਨਾਂ ਦੇ ਵਿਸਾਖੀ ਮੰਤਵ ਵਿਚ ਤਬਦੀਲੀ ਆਉਣ ਨਾਲ ਸਿੱਖ ਕੌਮ ਵੀ ਚੜ੍ਹਦੀ ਕਲਾ ਤੋਂ ਹੇਠਾਂ ਖਿਸਕਣ ਲੱਗ ਗਈ ਹੈ। ਹੁਣ ਫਿਰ ਇਹ ਵਿਸ਼ੇਸ਼ ਵਿਸਲੇਸ਼ਨ ਦਿਵਸ ਮੁੜ ਅਜਿਹੇ ਮੇਲਿਆਂ ਦਾ ਰੂਪ ਧਾਰਨ ਕਰ ਰਿਹਾ ਹੈ ਜਿਸ ਵਿਚ ਧਰਮ ਦੀ ਥਾਂ ਮੌਜ-ਮਸਤੀ ਦੇ ਅੰਸ਼ ਵਧੇਰੇ ਹਨ। ਹਿੰਦੂ-ਤੀਰਥ ਇਸਨਾਨਾਂ ਵਾਲੀ ਪ੍ਰਵਿਰਤੀ ਸਿੱਖਾਂ ਵਿਚ ਸ਼ਾਮਲ ਹੋ ਰਹੀ ਹੈ ਬਹੁਤੇ ਸਿੱਖ 'ਸੰਗਮ ਤੀਰਥਾਂ' ਦੀ ਥਾਂ ਗੁਰੂ ਘਰਾਂ ਵਿਚ ਬਣੇ ਸਰੋਵਰਾਂ ਵਿਚ ਇਸਨਾਨ ਕਰਨ ਨੂੰ ਹੀ ਪੁੰਨ ਸਮਝਣ ਲੱਗੇ ਹਨ। ਸਰਕਾਰਾਂ ਵੀ ਹੁਣ ਸਿੱਖਾਂ ਨੂੰ ਕੋਈ ਕੌਮੀ ਗੱਲ ਤੇ ਇਕਸੁਰਤਾ ਪੈਦਾ ਹੋਣ ਦੇ ਡਰੋਂ ਭਾਈ ਮਨੀ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਾਲਾ ਇਤਿਹਾਸ ਦੁਹਰਾ ਰਹੀਆਂ ਹਨ। ਵਿਸਾਖੀ ਵਿਚੋਂ ਸਿੱਖ ਮਨੋਰਥ ਖਤਮ ਹੋ ਜਾਣ ਨਾਲ ਕੌਮ ਦਾ ਹਰਿਆਵਲ ਰਹਿਣ ਦਾ ਪੱਖ ਖਤਮ ਹੋ ਰਿਹਾ ਹੈ। ਇਸ ਵੇਲੇ ਸਿੱਖ ਆਗੂਆਂ ਲਈ ਪਰਖ ਦੀ ਘੜੀ ਹੈ ਕਿ ਉਹ ਵਿਸਾਖੀ ਵਰਗੇ ਕੌਮੀ ਦਿਹਾੜੇ ਨੂੰ ਕਿਸ ਤਰ੍ਹਾਂ ਕੌਮੀ ਹਿੱਤਾਂ ਲਈ ਮੂਲ ਰੂਪ ਵਿਚ ਜਿਉਂਦਾ ਰੱਖਣ ਵਿਚ ਕਾਮਯਾਬ ਰਹਿੰਦੀਆਂ ਹਨ। ਨਾਲ ਹੀ ਸਿੱਖ ਕੌਮ ਦਾ ਇਹ ਦਿਹਾੜਾ ਮੁਸਲਮਾਨਾਂ ਵਿਚ ਈਦ, ਹਿੰਦੂਆਂ ਵਿਚ ਦੀਵਾਲੀ, ਈਸਾਈਆਂ ਵਿਚ ਕ੍ਰਿਸਮਿਸ ਵਰਗਾ ਰੂਪ ਧਾਰਨ ਕਰਦਾ ਹੈ। ਉਸ ਵੇਲੇ ਦੀ ਕੌਮ ਨੂੰ ਉਡੀਕ ਹੈ ਜਦੋਂ ਪੂਰੀ ਕੌਮ ਆਪਣੇ ਸਾਰੇ ਕੰਮ-ਧੰਦੇ ਸਮੇਟ ਕੇ ਗੁਰੂਘਰਾਂ ਵਿਚ ਸਿਰਫ਼ ਕੌਮ ਦੀ ਰਣਨੀਤੀ ਤਿਆਰ ਕਰਨ ਨੂੰ ਹੀ ਪਹਿਲ ਦੇਵੇਗੀ। ਜੇ ਸਾਡੀ ਕੌਮ ਦੇ ਮੁਖੀ ਵਿਸਾਖੀ ਨੂੰ ਮੇਲੇ ਦੀ ਥਾਂ ਅਸਲ ਮੰਤਵ ਲਈ ਵਰਤਨ ਵਜੋਂ ਫਿਰ ਤੋਂ ਇਕੱਠੇ ਬੈਠ ਕੇ ਅਗਲੇਰੀ ਵਿਉਂਤਬੰਦੀ ਬਣਾਉਣ ਦੀ ਰੀਤ ਸੁਰਜੀਤ ਕਰਨ ਵਿਚ ਸਫਲ ਹੁੰਦੇ ਹਨ ਤਾਂ ਸਿੱਖ ਕੌਮ ਦੀ ਮੁੜ ਚੜ੍ਹਦੀ ਕਲਾ ਨੂੰ ਕੋਈ ਵੀ ਤਾਕਤ ਰੋਕ ਨਹੀਂ ਸਕੇਗੀ।