ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਿਮਾਗ ਦਾ ਅਟੈਕ


ਹਾਰਟ ਅਟੈਕ ਬਾਰੇ ਤਾਂ ਬੱਚਾ-ਬੱਚਾ ਜਾਣਦਾ ਹੈ ਪਰ ਦਿਮਾਗ਼ ਦੇ ਅਟੈਕ ਬਾਰੇ ਸ਼ਾਇਦ ਇਕ ਅੱਧ ਪ੍ਰਤੀਸ਼ਤ ਲੋਕਾਂ ਨੂੰ ਹੀ ਪੂਰਾ ਪਤਾ ਹੋਵੇ। ਇਹ ਵੀ ਹਾਰਟ ਅਟੈਕ ਜਾਂ ਦਿਲ ਦੇ ਦੌਰੇ ਵਾਂਗ ਹੀ ਕਾਫੀ ਖ਼ਤਰਨਾਕ ਬੀਮਾਰੀ ਹੈ।
ਜਿਵੇਂ ਦਿਲ ਦੀਆਂ ਨਾੜੀਆਂ ਵਿਚ ਕਿਸੇ ਕਿਸਮ ਦੀ ਰੁਕਾਵਟ ਨਾਲ ਦਿਲ ਦੇ ਪੱਠਿਆਂ ਨੂੰ ਲਹੂ ਨਾ ਪਹੁੰਚਣ ਕਾਰਨ ਹਾਰਟ ਅਟੈਕ ਹੋ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਹੀ ਜਦੋਂ ਦਿਮਾਗ਼ ਵਲ ਜਾਂਦੀ ਕਿਸੇ ਲਹੂ ਦੀ ਨਾੜੀ ਵਿਚ ਕੋਈ ਰੁਕਾਵਟ ਪੈ ਜਾਵੇ ਤਾਂ ਦਿਮਾਗ਼ ਦਾ ਅਟੈਕ ਹੋ ਜਾਂਦਾ ਹੈ। ਇਸ ਨਾਲ ਪਾਸਾ ਖੜ੍ਹ ਸਕਦਾ ਹੈ, ਨਜ਼ਰ ਜਾ ਸਕਦੀ ਹੈ, ਜ਼ੁਬਾਨ ਚਲਣੋਂ ਬੰਦ ਹੋ ਸਕਦੀ ਹੈ ਜਾਂ ਫੇਰ ਸਮਝ ਅਤੇ ਹੋਸ਼ੋ ਹਵਾਸ ਜਾ ਸਕਦੇ ਹਨ।
ਇਸ ਬਾਰੇ ਸਮਝ ਨਾ ਹੋਣ ਕਾਰਨ ਬਹੁਤ ਸਾਰੇ  ਆਮ ਆਦਮੀ ਇਸ ਤੋਂ ਬਚਾਓ ਕਰ ਹੀ ਨਹੀਂ ਸਕਦੇ। ਜਿਵੇਂ ਦਿਲ ਦਾ ਅਟੈਕ ਹੋਣ ਲੱਗਿਆਂ ਕੁਝ ਲੱਛਣ ਜਿਨ੍ਹਾਂ ਵਿਚ ਛਾਤੀ ਵਿਚ ਚੁੱਭਵੀਂ ਦਰਦ ਸ਼ਾਮਲ ਹੈ, ਬੰਦੇ ਨੂੰ ਝਟ ਹਸਪਤਾਲ ਜਾਣ ਲਈ ਮਜਬੂਰ ਕਰ ਦਿੰਦੇ ਹਨ, ਬਿਲਕੁਲ ਏਸੇ ਹੀ ਤਰ੍ਹਾਂ ਕਈ ਲੱਛਣ ਦਿਮਾਗ਼ ਦੇ ਅਟੈਕ ਹੋਣ ਤੋਂ ਇਕਦਮ ਪਹਿਲਾਂ ਵੀ ਕੁਦਰਤ ਵੱਲੋਂ ਇਸ਼ਾਰਾ ਕਰਨ ਲਈ ਸਾਹਮਣੇ ਆ ਜਾਂਦੇ ਹਨ, ਬਸ ਪਛਾਨਣ ਦੀ ਲੋੜ ਹੁੰਦੀ ਹੈ।
ਆਦਮੀ ਅਤੇ  ਔਰਤ ਦੋਵੇਂ ਹੀ ਇਸ ਤਰ੍ਹਾਂ ਦੇ ਅਟੈਕ ਦੇ ਸ਼ਿਕਾਰ ਹੋ ਸਕਦੇ ਹਨ। ਹਾਲਾਂਕਿ ਬੱਚਿਆਂ ਅਤੇ ਜਵਾਨਾਂ ਵਿਚ ਵੀ ਦਿਮਾਗ਼ੀ ਅਟੈਕ ਦੇ ਕੇਸ ਵੇਖੇ ਜਾ ਸਕਦੇ ਹਨ ਪਰ ਤਿੰਨ ਚੌਥਾਈ ਕੇਸ 65 ਵਰ੍ਹਿਆਂ ਦੀ ਉਮਰ ਤੋਂ ਵਧ ਵਿਚ ਹੀ ਹੁੰਦੇ ਹਨ।
ਜਦੋਂ ਵੀ ਦਿਮਾਗ਼ ਵਿਚ ਕਿਸੇ ਲਹੂ ਦੀ ਨਾੜੀ ਵਿਚ ਰੁਕਾਵਟ ਸ਼ੁਰੂ ਹੋਵੇ ਤਾਂ ਦਿਮਾਗ਼ ਦੇ ਉਸ ਹਿੱਸੇ ਵੱਲ ਜਾਂਦੀ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਮੂੰਹ, ਬਾਂਹ ਜਾਂ ਲੱਤ ਦਾ ਕੋਈ ਹਿੱਸਾ ਜਾਂ ਪੂਰਾ ਹੀ ਪਾਸਾ ਇਕਦਮ ਕਮਜ਼ੋਰ ਜਿਹਾ ਮਹਿਸੂਸ ਹੋਣ ਲਗ ਪੈਂਦਾ ਹੈ। ਇਸ ਤੋਂ ਇਲਾਵਾ ਜ਼ੁਬਾਨ ਕਾਬੂ ਵਿਚ ਮਹਿਸੂਸ ਨਹੀਂ ਹੁੰਦੀ ਤੇ ਬੋਲਣ ਲੱਗਿਆਂ ਮੁਸ਼ਕਲ ਹੋਣ ਲੱਗ ਪੈਂਦੀ ਹੈ। ਚੱਕਰ ਆਉਣੇ, ਹੋਸ਼ੋ ਹਵਾਸ ਠੀਕ ਨਾ ਰਹਿਣੇ, ਬੇਹੋਸ਼ ਹੋ ਜਾਣਾ, ਸੋਚ ਨਾ ਸਕਣਾ, ਗੱਲ ਸਮਝ ਨਾ ਸਕਣਾ, ਇਕਦਮ ਇਕ ਅੱਖ ਤੋਂ ਜਾਂ ਦੋਨਾਂ ਅੱਖਾਂ ਤੋਂ ਦਿਸਣਾ ਬੰਦ ਹੋ ਜਾਣਾ, ਲਕਵਾ ਮਾਰਿਆ ਮਹਿਸੂਸ ਹੋਣ ਲੱਗ ਪੈਣਾ ਆਦਿ। ਇਹ ਸਭ ਕੁੱਝ ਵਾਪਸ ਠੀਕ ਹੋ ਸਕਦਾ ਹੈ ਜੇ ਅਜਿਹੇ ਲੱਛਣਾਂ ਦੇ ਪਤਾ ਲੱਗਣ ਤੋਂ ਤਿੰਨ ਚਾਰ  ਘੰਟਿਆਂ ਦੇ ਅੰਦਰ-ਅੰਦਰ ਇਲਾਜ ਸ਼ੁਰੂ ਹੋ ਜਾਵੇ ਅਤੇ ਇਹ ਕਲੌਟ ਜਾਂ ਰੁਕਾਵਟ ਨਸਾਂ ਰਾਹੀਂ ਕਲੌਟ ਘੋਲਣ ਦੀ ਦਵਾਈ ਪਾ ਕੇ ਖ਼ਤਮ ਕਰ ਦਿੱਤਾ ਜਾਵੇ।
ਹੁਣ ਮੁਸ਼ਕਲ ਇਹ ਹੈ ਕਿ ਹਿੰਦੁਸਤਾਨ ਵਿਚ ਹਰ ਘਰ ਵਿਚ ਇਕ ਸਲਾਹ ਦੇਣ ਵਾਲਾ ਡਾਕਟਰ ਬੈਠਾ ਹੈ ਤੇ ਉਹੜ ਪੁਹੜ ਕਰਨ ਦੇ ਅਸੀਂ ਸ਼ੌਕੀਨ ਹਾਂ। ਆਪੋ ਆਪਣੇ ਕੰਮਾਂ ਵਿਚ ਰੁੱਝੇ ਅਸੀਂ ਮਾੜੇ ਮੋਟੇ ਚੱਕਰਾਂ ਨੂੰ ਤਾਂ ਤਵੱਜੋ ਹੀ ਦੇਣਾ ਪਸੰਦ ਨਹੀਂ ਕਰਦੇ। ਕਈ ਲੋਕ ਤਾਂ ਆਪਣੀ ਸਿਹਤ ਅਤੇ ਸਰੀਰ ਨੂੰ ਸਦੀਵੀ ਸਮਝ ਕੇ ਅਤੇ ਆਪਣੇ ਆਪ ਬਾਰੇ ਇਹ ਸੋਚ ਕੇ ਕਿ ਮੇਰੇ ਬਗ਼ੈਰ ਕੋਈ ਕੰਮ ਚਲ ਹੀ ਨਹੀਂ ਸਕਦਾ, ਆਪਣੀ ਮੌਤ ਨੂੰ ਵਕਤ ਤੋਂ ਪਹਿਲਾਂ ਹੀ ਸੱਦਾ ਦੇ ਦਿੰਦੇ ਹਨ। ਹੁਣ ਸ਼ਕਰ ਰੋਗ ਦੀ ਗੱਲ ਹੀ ਲਵੋ। ਸ਼ਕਰ ਰੋਗ ਦੇ ਬਹੁਗਿਣਤੀ ਮਰੀਜ਼ ਪੂਰਾ ਪਰਹੇਜ਼ ਵੀ ਨਹੀਂ ਕਰਦੇ ਤੇ ਉਹੜ ਪੁਹੜ ਵੀ ਕਰਦੇ ਰਹਿੰਦੇ ਹਨ। ਟੀਕੇ ਲਵਾਉਣ ਤੋਂ ਡਰਦੇ ਅਤੇ ਦਵਾਈ ਪੂਰੀ ਤਰ੍ਹਾਂ ਨਾ ਖਾ ਕੇ ਲੱਖਾਂ ਮਰੀਜ਼ ਹਰ ਸਾਲ ਗੁਰਦੇ ਫੇਲ੍ਹ ਹੋ ਜਾਣ ਕਾਰਨ ਜਾਂ ਹਾਰਟ ਅਟੈਕ ਅਤੇ ਬਰੇਨ ਅਟੈਕ ਨਾਲ ਵਕਤ ਤੋਂ ਪਹਿਲਾਂ ਹੀ ਮਰ ਰਹੇ ਹਨ।
ਬਿਲਕੁਲ ਇਹੀ ਕੁੱਝ ਦਿਮਾਗ਼ੀ ਅਟੈਕ ਨਾਲ ਹੋਈ ਜਾ ਰਿਹਾ ਹੈ। ਬਜਾਏ ਸਲਾਹਾਂ ਕਰਨ ਦੇ ਅਤੇ ਨੀਮ ਹਕੀਮ ਕੋਲੋਂ ਪੁੜੀਆਂ ਖਾਣ ਦੇ, ਜੇ ਝਟ ਵੱਡੇ ਹਸਪਤਾਲ ਵਿਚ, ਜਿੱਥੇ ਦਿਮਾਗ਼ ਦਾ ਸਪੈਸ਼ਲਿਸਟ ਡਾਕਟਰ ਹੋਵੇ, ਪਹੁੰਚਿਆ ਜਾਵੇ ਤਾਂ ਬਾਕੀ ਉਮਰ ਲਕਵੇ ਨਾਲ ਅਤੇ ਮੰਜੇ ਉੱਤੇ ਅੱਡੀਆਂ ਰਗੜਨ ਤੋਂ ਬਚਿਆ ਜਾ ਸਕਦਾ ਹੈ।
ਵਾਰ-ਵਾਰ ਰੇਡੀਓ, ਟੀ.ਵੀ. ਅਤੇ ਅਖ਼ਬਾਰਾਂ ਰਾਹੀਂ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਸਿਗਰਟ ਪੀਣੀ ਹਾਨੀਕਾਰਕ ਹੈ ਅਤੇ ਉਸ ਨਾਲ ਜਿੱਥੇ ਫੇਫੜਿਆਂ ਦਾ ਕੈਂਸਰ ਤਾਂ ਹੁੰਦਾ ਹੀ ਹੈ, ਉੱਥੇ ਦਿਮਾਗ਼ੀ ਅਟੈਕ ਹੋਣ ਦਾ ਖ਼ਤਰਾ ਵੀ ਵਧ ਹੁੰਦਾ ਹੈ, ਪਰ ਫੇਰ ਵੀ ਇਸ ਉੱਤੇ ਸੰਪੂਰਨ ਰੋਕ ਨਹੀਂ ਲੱਗ ਸਕੀ।
ਸਿਗਰਟ ਪੀਣ ਤੋਂ ਇਲਾਵਾ ਕੁੱਝ ਹੋਰ ਸਰੀਰਕ ਬੀਮਾਰੀਆਂ ਵਿਚ ਵੀ ਦਿਮਾਗ਼ ਦਾ ਅਟੈਕ ਹੋਣ ਦਾ ਖ਼ਤਰਾ ਆਮ ਬੰਦਿਆਂ ਨਾਲੋਂ ਵੱਧ ਹੁੰਦਾ ਹੈ। ਉਹ ਬੀਮਾਰੀਆਂ ਹਨ  ਬਲੱਡ ਪ੍ਰੈੱਸ਼ਰ ਦੀ ਬੀਮਾਰੀ, ਸ਼ੱਕਰ ਰੋਗ, ਦਿਲ ਦੇ ਰੋਗ ਅਤੇ ਮੋਟਾਪਾ।
ਰਹਿਣੀ ਸਹਿਣੀ ਦਾ ਵੀ ਦਿਮਾਗ਼ੀ ਅਟੈਕ ਉੱਤੇ ਅਸਰ ਪੈਂਦਾ ਹੈ ਕਿ ਕੋਈ ਬੰਦਾ ਚੁਸਤ ਜ਼ਿੰਦਗੀ ਬਤੀਤ ਕਰ ਰਿਹਾ ਹੈ ਜਾਂ ਉਸ ਦਾ ਕੰਮ ਜ਼ਿਆਦਾ ਬੈਠਣ ਦਾ ਹੀ ਹੈ। ਜਿਹੜੇ ਲੋਕ ਸੈਰ ਕਰਨੀ ਪਸੰਦ ਨਹੀਂ ਕਰਦੇ ਅਤੇ ਜ਼ਿਆਦਾ ਬਹਿ ਕੇ ਹੀ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਵਿਚ ਸਟਰੋਕ ਹੋਣ ਦੇ ਆਸਾਰ ਵੱਧ ਹੁੰਦੇ ਹਨ। ਦਫ਼ਤਰੀ ਕੰਮ ਕਾਰ ਕਰਨ ਵਾਲੇ ਲੋਕਾਂ ਨੂੰ ਇਸੇ ਲਈ ਵਾਰ-ਵਾਰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਬਹਾਨੇ ਹੀ ਸਹੀ, ਪਰ ਤੁਰਨਾ ਫਿਰਨਾ ਜਾਰੀ ਰੱਖਣ। ਹੋਰ ਕੁਝ ਨਹੀਂ ਤਾਂ ਦਫਤਰ ਤੋਂ ਕੁਝ ਫਾਸਲਾ ਪਹਿਲਾਂ ਹੀ ਕਾਰ, ਸਕੂਟਰ ਰੋਕ ਲਵੋ ਤੇ ਓਨੀ ਦੂਰ ਤੁਰ ਕੇ ਚਲੇ ਜਾਓ। ਫੇਰ ਖਾਣਾ ਖਾਣ ਸਮੇਂ ਉੱਥੇ ਹੀ ਮੇਜ਼ ਉੱਤੇ ਬੈਠਣ ਨਾਲੋਂ ਬਾਹਰ ਧੁੱਪੇ ਕੁੱਝ ਚਿਰ ਪਰ੍ਹਾਂ ਤੁਰ ਕੇ ਫੇਰ ਆ ਕੇ ਹਲਕਾ ਖਾਣਾ ਖਾ ਲਵੋ। ਇਸ ਨਾਲ ਵਿਟਾਮਿਨ 'ਡੀ' ਵੀ ਮਿਲੀ, ਹੱਡੀਆਂ ਵੀ ਮਜ਼ਬੂਤ ਰਹੀਆਂ ਤੇ ਬੀਮਾਰੀ ਤੋਂ ਬਚਾਓ ਵੀ ਹੋ ਗਿਆ। ਹੋਰ ਕੁੱਝ ਨਹੀਂ ਤਾਂ ਫਾਈਲਾਂ ਹੀ ਪਰ੍ਹਾਂ ਰੱਖ ਲਵੋ ਜਿੱਥੇ ਵਾਰ-ਵਾਰ ਉੱਠ ਕੇ ਜਾਣਾ ਪਵੇ ਤੇ ਸਰੀਰ ਆਪੇ ਹੀ ਚੁਸਤ ਹੁੰਦਾ ਰਹੇਗਾ ਅਤੇ ਕੰਮ ਦੇ ਨਾਲ-ਨਾਲ ਕਸਰਤ ਵੀ ਹੁੰਦੀ ਰਹੇਗੀ। ਇਕ ਸਿਆਣੇ ਬਹੁਤ ਰੁਝੇਵੇਂ ਵਾਲੇ ਅਫਸਰ ਨੇ ਮੈਨੂੰ ਦੱਸਿਆ ਸੀ ਕਿ ਉਸ ਨੇ ਜਾਣਬੁੱਝ ਕੇ ਫ਼ੋਨ ਕਮਰੇ ਦੇ ਪਰਲੇ ਕੋਨੇ ਵਿਚ ਰੱਖਿਆ ਹੈ ਕਿ ਇਸ ਤਰ੍ਹਾਂ ਵੀਹ ਪੰਝੀ ਵਾਰ ਫੋਨ ਸੁਣਨ ਦੇ ਬਹਾਨੇ ਹੀ ਲੱਤਾਂ ਖੁੱਲ੍ਹ ਜਾਂਦੀਆਂ ਹਨ ਤੇ ਲਹੂ ਦੀਆਂ ਨਾੜੀਆਂ ਰਵਾਂ ਹੁੰਦੀਆਂ ਰਹਿੰਦੀਆਂ ਹਨ।
ਹੁਣ ਗੱਲ ਕਰੀਏ ਸਮੇਂ ਦੀ! ਗ਼ੌਰਤਲਬ ਇਹ ਹੈ ਕਿ ਕਿਸੇ ਵੀ ਇਨਸਾਨ ਕੋਲ, ਜਿਸ ਨੂੰ ਦਿਮਾਗ਼ ਦਾ ਅਟੈਕ ਹੋ ਰਿਹਾ ਹੋਵੇ, ਸਮਾਂ ਸੀਮਤ ਹੁੰਦਾ ਹੈ ਅਤੇ ਜਿਵੇਂ ਮੈਂ ਅੱਗੇ ਦੱਸਿਆ ਹੈ ਕਿ ਇਕ ਪਾਸੇ ਅੱਡੀਆਂ ਰਗੜ ਕੇ ਮਰਨਾ ਤੇ ਦੂਜੇ ਪਾਸੇ ਸਿਹਤਮੰਦ ਜ਼ਿੰਦਗੀ ਸਵਾਗਤ ਲਈ ਖੜ੍ਹੀ ਹੁੰਦੀ ਹੈ। ਸੋ ਇਲਾਜ ਸ਼ੁਰੂ ਕਰਨ ਵਿਚ ਦੇਰੀ ਕੀਤੀ ਹੀ ਨਹੀਂ ਜਾ ਸਕਦੀ।
ਪਹਿਲਾਂ ਮਰੀਜ਼ ਦਾ ਟੈਸਟ ਹੋਣਾ ਜ਼ਰੂਰੀ ਹੈ ਤਾਂ ਜੋ ਨੁਕਸ ਲੱਭਿਆ ਜਾ ਸਕੇ, ਫੇਰ ਹੀ ਰੁਕਾਵਟ ਖੋਲ੍ਹਣ ਵਾਲੀ ਦਵਾਈ ਵਰਤੀ ਜਾ ਸਕਦੀ ਹੈ। ਇਸ ਸਾਰੇ ਕੰਮ ਨੂੰ ਚਾਰ ਕੁ ਘੰਟੇ ਲੱਗ ਹੀ ਜਾਂਦੇ ਹਨ। ਜੇ ਥੋੜ੍ਹਾ ਸਮਾਂ ਵੀ ਉਹੜ ਪੁਹੜ ਜਾਂ ਸਲਾਹਾਂ ਵਿਚ ਖ਼ਰਾਬ ਕਰ ਦਿੱਤਾ ਜਾਵੇ ਤਾਂ ਫੇਰ ਇਹ ਰੁਕਾਵਟ ਖੋਲ੍ਹਣ ਵਾਲੀ ਦਵਾਈ ਬੇਅਸਰ ਸਾਬਤ ਹੁੰਦੀ ਹੈ ਕਿਉਂਕਿ ਉਦੋਂ ਤਕ ਦਿਮਾਗ਼ ਦਾ ਉਹ ਹਿੱਸਾ ਪੂਰੀ ਤਰ੍ਹਾਂ ਮਰ ਚੁੱਕਿਆ ਹੁੰਦਾ ਹੈ। ਇਸੇ ਲਈ ਵੱਡੇ ਹਸਪਤਾਲਾਂ ਵਿਚ ਹੁਣ ਸਟਰੋਕ ਟੀਮ ਰੱਖੀ ਜਾਂਦੀ ਹੈ ਜੋ ਫਟਾਫਟ ਅਜਿਹੇ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਸਾਂਭ ਸਕੇ।
ਜਿਵੇਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਰਹਿੰਦਾ ਹੈ, ਉਸੇ ਤਹਿਤ ਇਸ ਅਟੈਕ ਤੋਂ ਬਚਣ ਦੇ ਤਰੀਕੇ ਵੀ ਬਹੁਤ ਸੌਖੇ ਹਨ। ਇਕ ਤਾਂ ਮੈਂ ਪੂਰੇ ਜ਼ੋਰ ਸ਼ੋਰ ਨਾਲ ਸਮਝਾ ਦਿੱਤਾ ਹੈ ਕਿ ਕਸਰਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਲੰਮੀ ਸਿਹਤਮੰਦ ਜ਼ਿੰਦਗੀ ਦਾ ਰਾਜ਼ ਵੀ ਹੈ। ਦੂਜਾ ਹੈ ਆਪਣੇ ਭਾਰ ਨੂੰ ਕਾਬੂ ਵਿਚ ਰੱਖਣਾ ਤੇ ਮੋਟਾਪੇ ਤੋਂ ਬਚਣਾ, ਜਿਸ ਨਾਲ ਨਸਾਂ ਵਿਚ ਥਿੰਦਾ ਨਾ ਜੰਮੇ। ਤੀਜਾ, ਸਿਗਰਟਨੋਸ਼ੀ ਤੋਂ ਤੌਬਾ ਕਰਨੀ ਅਤੇ ਆਪਣੇ ਬਲੱਡ ਪ੍ਰੈਸ਼ਰ ਅਤੇ ਸ਼ੱਕਰ ਰੋਗ ਨੂੰ ਪੂਰੀ ਤਰ੍ਹਾਂ ਡਾਕਟਰੀ ਇਲਾਜ ਨਾਲ ਕਾਬੂ ਵਿਚ ਰੱਖਣਾ। ਸਭ ਤੋਂ ਵੱਧ ਅਤੇ ਜ਼ਰੂਰੀ ਹੁੰਦਾ ਹੈ ਖ਼ੁਰਾਕ ਦਾ ਧਿਆਨ ਰੱਖਣਾ। ਜੇ ਸਿਹਤਮੰਦ ਰਹਿਣਾ ਹੈ ਤਾਂ ਸੰਤੁਲਿਤ ਖ਼ੁਰਾਕ ਤਾਂ ਲੈਣੀ ਹੀ ਪੈਣੀ ਹੈ। ਇਸ ਤੋਂ ਬਗ਼ੈਰ ਕੋਈ ਗੁਜ਼ਾਰਾ ਨਹੀਂ। ਮਤਲਬ ਸਪਸ਼ਟ ਹੈ ਕਿ ਜੀਭ ਉੱਤੇ ਕਾਬੂ ਰੱਖਣਾ ਹੀ ਪੈਣਾ ਹੈ। ਸੁਆਦ ਵਜੋਂ ਵੀ ਊਟ ਪਟਾਂਗ ਤੇ ਬੇਲੋੜਾ ਨਾ ਖਾਧਾ ਜਾਵੇ ਤੇ ਮਾੜੇ ਸ਼ਬਦ ਬੋਲ ਕੇ ਤਣਾਓ ਵੀ ਨਾ ਸਹੇੜਿਆ ਜਾਵੇ।
ਫੇਰ ਹੁਣ ਦੇਰ ਕਾਹਦੀ ਹੈ, ਇਸ ਲੇਖ ਨੂੰ ਹੋਰਨਾਂ ਨੂੰ ਵੀ ਪੜ੍ਹਾਓ ਤਾਂ ਜੋ ਘੱਟੋ ਘੱਟ ਇਕ ਕੀਮਤੀ ਜਾਨ ਤਾਂ ਰਲ ਮਿਲ ਕੇ ਬਚਾ ਲਈਏ!        
ਡਾ. ਹਰਸ਼ਿੰਦਰ ਕੌਰ