ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਰਦਮਸ਼ੁਮਾਰੀ ਰਿਪੋਰਟ ਦੇ ਖੁਲਾਸੇ : ਪੰਜਾਬ ਵਿਚ ਅਜੇ ਵੀ ਸਭ ਅੱਛਾ ਨਹੀਂ


ਪੰਜਾਬ ਵਿਚ ਹੋਈ ਤਾਜ਼ਾ ਜਨਗਣਨਾ ਦੇ ਤੱਥਾਂ ਨੇ ਪੰਜਾਬੀਆਂ ਦੀ ਕਥਿਤ 'ਆਰਥਿਕ ਖੁਸ਼ਹਾਲੀ' ਦੇ ਤੱਥਾਂ ਨੂੰ ਸਾਹਮਣੇ ਲਿਆਂਦਾ ਹੈ। ਇਨ੍ਹਾਂ ਤੱਥਾਂ ਮੁਤਾਬਕ ਪੰਜਾਬ ਦੇ ਵੱਡੀ ਗਿਣਤੀ ਪਰਿਵਾਰਾਂ ਨੇ ਜ਼ਿੰਦਗੀ ਦੇ ਹਰ ਪਹਿਲੂ 'ਤੇ 'ਤਰੱਕੀ' ਕੀਤੀ ਹੈ। ਪੰਜਾਬ ਦੋ ਪਹੀਆ ਵਾਹਨ ਰੱਖਣ ਵਾਲਿਆਂ ਵਿਚ ਦੂਜੇ ਤੇ ਚਾਰ ਪਹੀਆ ਵਾਹਨਾਂ ਵਿਚ ਚੌਥਾ ਨੰਬਰ ਹਾਸਲ ਕਰ ਗਿਆ ਹੈ।
ਅਹਿਮ ਤੱਥ ਇਹ ਵੀ ਹੈ ਕਿ ਸੂਬਾ ਸਰਕਾਰ ਦੀ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਵਿਚ ਸੂਬੇ ਦੀ ਕੁੱਲ ਅਬਾਦੀ ਦਾ ਤਕਰੀਬਨ ਇਕ ਤਿਹਾਈ ਹਿੱਸਾ ਸ਼ਾਮਲ ਹੈ। ਇਹ ਤੱਥ ਪੰਜਾਬੀਆਂ ਦੇ ਸਰਕਾਰੀ ਆਟਾ-ਦਾਲ 'ਤੇ ਨਿਰਭਰ ਹੋਣ ਦੀ ਗਵਾਹੀ ਵੀ ਭਰਦੇ ਹਨ। ਜਨਗਣਨਾ ਵਿਭਾਗ ਵੱਲੋਂ ਇੱਥੇ ਜਿਹੜੇ ਅੰਕੜੇ ਜਾਰੀ ਕੀਤੇ ਗਏ ਉਨ੍ਹਾਂ ਵਿਚ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਗੁਰੂਆਂ ਦੀ ਧਰਤੀ 'ਤੇ ਵਿਦਿਅਕ ਸੰਸਥਾਵਾਂ ਨਾਲੋਂ ਧਾਰਮਿਕ ਸੰਸਥਾਵਾਂ ਦੀ ਗਿਣਤੀ ਦੁੱਗਣੀ ਨਾਲੋਂ ਵੀ ਵੱਧ ਹੈ।
ਜਨਗਣਨਾ ਦੇ ਤੱਥਾਂ ਮੁਤਾਬਕ ਪੰਜਾਬ ਵਿਚ ਹਰ ਫਿਰਕੇ ਦੇ ਧਾਰਮਿਕ ਅਸਥਾਨਾਂ ਦੀ ਗਿਣਤੀ 63,244 ਤੇ ਵਿਦਿਅਕ ਸੰਸਥਾਵਾਂ, ਜਿਨ੍ਹਾਂ ਵਿੱਚ ਹਰ ਤਰ੍ਹਾਂ ਦੇ ਸਕੂਲ ਤੇ ਕਾਲਜ ਸ਼ਾਮਲ ਹਨ, ਦੀ ਗਿਣਤੀ 31,228 ਹੈ। ਸੂਬੇ ਵਿਚ 82.1 ਫੀਸਦੀ ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਟੈਲੀਫੋਨ ਜਾਂ ਮੋਬਾਈਲ ਫੋਨ ਦੀ ਸਹੂਲਤ ਉਪਲੱਬਧ ਹੈ।
ਪੰਜਾਬ ਵਿਚ ਕੁੱਲ ਪਰਿਵਾਰਾਂ ਦੀ ਗਿਣਤੀ 54 ਲੱਖ 96 ਹਜ਼ਾਰ 699 ਹੈ। ਇਨ੍ਹਾਂ ਪਰਿਵਾਰਾਂ ਵਿੱਚੋਂ 10.5 ਫੀਸਦੀ ਪਰਿਵਾਰ ਅਜਿਹੇ ਹਨ, ਜਿਨ੍ਹਾਂ 'ਚ ਛੜੇ ਹੀ ਹਨ, ਭਾਵ ਇਨ੍ਹਾਂ ਪਰਿਵਾਰਾਂ ਵਿਚ ਕੋਈ ਵੀ ਵਿਆਹਿਆ ਜੋੜਾ ਨਹੀਂ ਹੈ। ਇਨ੍ਹਾਂ ਤੱਥਾਂ ਮੁਤਾਬਕ 65.7 ਫੀਸਦੀ ਪਰਿਵਾਰਾਂ ਵਿਚ ਇਕ ਵਿਆਹਿਆ ਜੋੜਾ ਹੈ ਤੇ 18 ਫੀਸਦੀ ਪਰਿਵਾਰਾਂ ਵਿਚ 2 ਵਿਆਹੇ ਜੋੜੇ ਹਨ। 20 ਫੀਸਦੀ ਵਿਚੋਂ 1.5 ਫੀਸਦੀ ਪਰਿਵਾਰ ਵੱਡੇ ਆਕਾਰ ਵਾਲੇ ਹਨ, ਜਿਨ੍ਹਾਂ ਵਿਚ 2 ਤੋਂ ਵੱਧ ਵਿਆਹੇ ਜੋੜੇ ਰਹਿ ਰਹੇ ਹਨ। ਖੁਸ਼ਹਾਲ ਪੰਜਾਬ ਵਿਚ 1.1 ਫੀਸਦੀ ਪਰਿਵਾਰ ਅਜਿਹੇ ਹਨ, ਜਿੱਥੇ ਪਰਿਵਾਰ ਦੇ ਮੈਂਬਰ ਇਕੋ ਕਮਰੇ ਵਿਚ ਜ਼ਿੰਦਗੀ ਗੁਜ਼ਾਰ ਰਹੇ ਹਨ। ਉਂਜ 52.8 ਫੀਸਦੀ ਪਰਿਵਾਰ 2 ਜਾਂ 3 ਕਮਰਿਆਂ ਵਿਚ ਰਹਿ ਰਹੇ ਹਨ। ਵੱਡੇ ਮਕਾਨ ਜਿਨ੍ਹਾਂ ਵਿਚ 4 ਪਰਿਵਾਰ ਜਾਂ ਇਸ ਤੋਂ ਵੱਧ ਹਨ, ਦੀ ਗਿਣਤੀ 23 ਫੀਸਦੀ ਹੈ।
ਸੂਬੇ ਵਿਚ 3.4 ਫੀਸਦੀ ਪਰਿਵਾਰ ਅਜਿਹੇ ਹਨ ਜਿੱਥੇ ਰੌਸ਼ਨੀ ਲਈ ਬਿਜਲੀ ਕੁਨੈਕਸ਼ਨ ਦਾ ਕੋਈ ਬੰਦੋਬਸਤ ਨਹੀਂ ਹੈ। ਰਾਜ ਵਿਚ 96.6 ਫੀਸਦੀ ਪਰਿਵਾਰਾਂ ਦਾ ਮੁੱਖ ਸਰੋਤ ਬਿਜਲੀ ਹੈ ਤੇ 2001 ਵਿਚ ਇਹ ਦਰ 91 ਫੀਸਦੀ ਸੀ।
ਪਿਛਲੇ ਇਕ ਦਹਾਕੇ ਵਿਚ, ਸਕੂਟਰ, ਮੋਟਰਸਾਈਕਲ, ਮੋਪਡ ਅਤੇ ਕਾਰ, ਜੀਪ ਜਾਂ ਵੈਨ ਰੱਖਣ ਵਾਲੇ ਪਰਿਵਾਰਾਂ ਦੀ ਗਿਣਤੀ ਵਿਚ ਰਿਕਾਰਡ ਵਾਧਾ ਹੋਇਆ ਹੈ। ਪੰਜਾਬ ਵਿਚ 47 ਫੀਸਦੀ ਪਰਿਵਾਰਾਂ ਕੋਲ ਸਕੂਟਰ, ਮੋਟਰਸਾਈਕਲ ਤੇ ਮੋਪਡ ਹੋ ਗਈ ਹੈ, ਜਦੋਂਕਿ 2001 'ਚ ਇਹ ਦਰ 31 ਫੀਸਦੀ ਸੀ। ਇਸੇ ਤਰ੍ਹਾਂ ਕਾਰ, ਜੀਪ ਜਾਂ ਵੈਨ ਰੱਖਣ ਵਾਲੇ ਪਰਿਵਾਰਾਂ ਦੀ ਪ੍ਰਤੀਸ਼ਤਤਾ 13 ਹੈ, ਜਦੋਂ ਕਿ 2001 ਦੇ ਅੰਕੜਿਆਂ ਅਨੁਸਾਰ ਇਹ ਦਰ 5 ਫੀਸਦੀ ਸੀ। ਸਕੂਟਰ, ਮੋਟਰਸਾਈਕਲ ਜਾਂ ਮੋਪਡ ਰੱਖਣ ਵਾਲੇ ਪਰਿਵਾਰਾਂ ਦੇ ਮਾਮਲੇ 'ਚ ਪੰਜਾਬ ਪੂਰੇ ਦੇਸ਼ ਵਿਚੋਂ ਦੂਜੇ ਨੰਬਰ 'ਤੇ ਹੈ ਅਤੇ ਕਾਰ, ਜੀਪ ਜਾਂ ਵੈਨ ਰੱਖਣ ਵਾਲੇ ਪਰਿਵਾਰਾਂ ਦੇ ਖੇਤਰ 'ਚ ਸੂਬਾ ਦੇਸ਼ ਭਰ 'ਚ ਚੌਥੇ ਨੰਬਰ 'ਤੇ ਹੈ।
ਜਨਗਣਨਾ 2011 ਅਨੁਸਾਰ ਪੂਰੇ ਦਹਾਕੇ ਵਿਚ ਦੀਵਾਰ, ਫਰਸ਼ ਤੇ ਛੱਤ ਦੀ ਪ੍ਰਮੁੱਖ ਸਮੱਗਰੀ ਦੀ ਵਰਤੋਂ ਵਿਚ ਸੁਧਾਰ ਹੋਇਆ ਹੈ। ਕੁੱਲ 49 ਫੀਸਦੀ ਪਰਿਵਾਰਾਂ ਕੋਲ ਕੰਕਰੀਟ ਦੀ ਬਣੀ ਹੋਈ ਛੱਤ ਹੈ, 87 ਫੀਸਦੀ ਪਰਿਵਾਰਾਂ ਕੋਲ ਪੱਕੀ ਇੱਟਾਂ ਦੀ ਦੀਵਾਰ ਤੇ 39 ਫੀਸਦੀ ਪਰਿਵਾਰਾਂ ਕੋਲ ਸੀਮਿੰਟ ਨਾਲ ਬਣੇ ਫਰਸ਼ ਦੇ ਮਕਾਨ ਹਨ। ਘਰ 'ਚ ਪੀਣ ਦੇ ਪਾਣੀ ਦੀ ਉਪਲੱਬਧਤਾ ਵਾਲੇ 85 ਫੀਸਦੀ ਪਰਿਵਾਰ ਹਨ, 10 ਫੀਸਦੀ ਪਰਿਵਾਰਾਂ ਨੂੰ ਘਰ ਦੇ ਨੇੜੇ ਤੇ 4 ਫੀਸਦੀ ਪਰਿਵਾਰਾਂ ਨੂੰ ਘਰ ਤੋਂ ਦੂਰ ਪਾਣੀ ਨਸੀਬ ਹੁੰਦਾ ਹੈ।
ਪੰਜਾਬ ਵਿਚ 9 ਫੀਸਦੀ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੂੰ ਅਜੇ ਵੀ ਪੀਣ ਲਈ ਅਣਸੋਧਿਆ ਪਾਣੀ ਮਿਲਦਾ ਹੈ। ਇਸ ਸੂਬੇ ਵਿੱਚ ਹਰ ਦੂਜੇ ਪਰਿਵਾਰ ਭਾਵ 51 ਫੀਸਦੀ ਲਈ ਪੀਣ ਦੇ ਪਾਣੀ ਦਾ ਕੋਈ ਨਾ ਕੋਈ ਸਰੋਤ ਨਲਕਾ ਜਾਂ ਟੂਟੀ ਹੈ। ਰਾਜ ਵਿੱਚ 41 ਫੀਸਦੀ ਪਰਿਵਾਰਾਂ ਲਈ ਪਾਣੀ ਦਾ ਮੁੱਖ ਸਰੋਤ ਟੂਟੀ ਹੈ। ਨਲਕਾ, ਟਿਊਬਵੈਲ ਜਾਂ ਬੋਰਵੈਲ 24 ਫੀਸਦੀ ਪਰਿਵਾਰਾਂ ਲਈ, ਜਦੋਂ ਕਿ 29 ਫੀਸਦੀ ਪਰਿਵਾਰਾਂ ਲਈ ਪੀਣ ਦੇ ਪਾਣੀ ਦੇ ਹੋਰ ਮੁੱਖ ਸਰੋਤ ਹਨ। ਸੂਬੇ 'ਚ 79 ਫੀਸਦੀ ਪਰਿਵਾਰਾਂ ਨੂੰ ਪਖਾਨੇ ਦੀ ਸਹੂਲਤ ਘਰ 'ਚ ਹੀ ਉਪਲੱਬਧ ਹੈ। ਦਿਹਾਤੀ ਖੇਤਰ 'ਚ ਇਹ ਸਹੂਲਤ 70 ਫੀਸਦੀ ਪਰਿਵਾਰਾਂ ਕੋਲ ਹੈ। ਸੂਬੇ ਦੇ 59 ਫੀਸਦੀ ਪਰਿਵਾਰਾਂ ਕੋਲ ਜ਼ਮੀਨਦੋਜ਼ ਪਖ਼ਾਨੇ ਦੀ ਸਹੂਲਤ ਹੈ।
ਪੰਜਾਬ ਦੇ 89 ਫੀਸਦੀ ਪਰਿਵਾਰਾਂ ਨੂੰ ਗੁਸਲਖਾਨੇ ਦੀ ਸਹੂਲਤ ਘਰ 'ਚ ਹੀ ਉਪਲੱਬਧ ਹੈ। ਦਿਹਾਤੀ ਤੇ ਸ਼ਹਿਰੀ ਖੇਤਰ 'ਚ ਇਹ ਔਸਤ ਮਵਾਰ 85 ਫੀਸਦੀ ਤੇ 94 ਫੀਸਦੀ ਹੈ। ਸੂਬੇ ਵਿੱਚ 54 ਫੀਸਦੀ ਪਰਿਵਾਰ ਖਾਣਾ ਪਕਾਉਣ ਲਈ ਰਸੋਈ ਗੈਸ ਦੀ ਵਰਤੋਂ ਕਰਦੇ ਹਨ। ਸਾਲ 2001 ਵਿਚ ਅਜਿਹੇ ਪਰਿਵਾਰਾਂ ਦੀ ਗਿਣਤੀ 33 ਫੀਸਦੀ ਸੀ। 40 ਫੀਸਦੀ ਪਰਿਵਾਰਾਂ ਲਈ ਅਜੇ ਵੀ ਲੱਕੜ, ਗੋਹਾ ਜਾਂ ਫਸਲਾਂ ਦੀ ਰਹਿੰਦ ਖੁਹੰਦ ਖਾਣਾ ਪਕਾਉਣ ਲਈ ਬਾਲਣ ਵਜੋਂ ਮੁੱਖ ਸਰੋਤ ਹਨ। ਸੂਬੇ ਦੇ 65 ਫੀਸਦੀ ਪਰਿਵਾਰ ਬੈਂਕਿੰਗ ਸੇਵਾਵਾਂ ਨਾਲ ਜੁੜੇ ਹੋਏ ਹਨ। ਪਿਛਲੇ ਇਕ ਦਹਾਕੇ ਵਿਚ ਟੈਲੀਵਿਜ਼ਨ ਰੱਖਣ ਵਾਲੇ ਪਰਿਵਾਰਾਂ ਦੀ ਪ੍ਰਤੀਸ਼ਤਤਾ 67 ਤੋਂ ਵਧ ਕੇ 82 ਫੀਸਦੀ ਹੋ ਗਈ ਹੈ।
ਇਸੇ ਤਰ੍ਹਾਂ 12 ਫੀਸਦੀ ਪਰਿਵਾਰਾਂ ਕੋਲ ਕੰਪਿਊਟਰ ਜਾਂ ਲੈਪਟਾਪ ਹਨ। ਪੰਜਾਬ ਵਿਚ ਸਾਈਕਲ ਚਲਾਉਣ ਵਾਲਿਆਂ ਦੀ ਗਿਣਤੀ ਪਿਛਲੇ ਇਕ ਦਹਾਕੇ ਦੌਰਾਨ ਘਟ ਗਈ ਹੈ। ਸਾਲ 2001 ਵਿਚ 71.1 ਫੀਸਦੀ ਪਰਿਵਾਰਾਂ ਕੋਲ ਸਾਈਕਲ ਸਨ, ਜਦੋਂ ਕਿ ਇਸ ਸਮੇਂ ਇਹ ਗਿਣਤੀ 66.7 ਫੀਸਦੀ ਰਹਿ ਗਈ ਹੈ। ਪੰਜਾਬ ਵਿਚ ਕਿਰਾਏ 'ਤੇ ਰਹਿ ਰਹੇ ਪਰਿਵਾਰਾਂ ਦੀ ਗਿਣਤੀ 8.8 ਫੀਸਦੀ ਹੈ।