ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹਉ ਵੇਖਿ ਵੇਖਿ ਗੁਰੂ ਵਿਗਸਿਆ


ਅਸੀਂ ਆਮ ਵੇਖਦੇ ਤੇ ਫਿਰ ਹੈਰਾਨ ਰਹਿ ਜਾਂਦੇ ਹਾਂ ਕਿ ਵੇਖੋ ਜੋ ਬੱਚਾ ਸਾਡੇ ਸਾਹਮਣੇ ਪੈਦਾ ਹੋਇਆ, ਸਾਡੇ ਸਾਹਮਣੇ ਸਕੂਲ ਜਾਣਾ ਸ਼ੁਰੂ ਕੀਤਾ, ਸਾਡੀਆਂ ਅੱਖਾਂ ਸਾਹਮਣੇ ਜੁਆਨ ਹੋਇਆ ਤੇ ਵੇਖਦੇ ਵੇਖਦੇ ਪੜ੍ਹ ਲਿਖ ਕੇ ਵੱਡਾ ਬਿਜ਼ਨਸਮੈਨ, ਵੱਡਾ ਡਾਕਟਰ, ਵੱਡਾ ਇੰਜੀਨੀਅਰ, ਵੱਡਾ ਖਿਡਾਰੀ ਤੇ ਪਤਾ ਨਹੀਂ ਹੋਰ ਕੀ ਕੀ ਬਣ ਗਿਆ, ਫਿਰ ਵਿਆਹ ਹੋ ਗਿਆ, ਬੱਚੇ ਹੋ ਗਏ, ਕਿਸ ਤਰ੍ਹਾਂ ਉਸ ਦੇ ਸਰੀਰ ਦਾ ਤੇ ਨਾਲ ਹੀ ਜੀਵਨ ਦਾ ਵਿਕਾਸ ਹੋਇਆ। ਪ੍ਰਭੂ ਨੇ ਇਹੋ ਸਿਸਟਮ ਬਣਾਇਆ ਹੈ ਸ੍ਰਿਸ਼ਟੀ ਅੰਦਰ, ਮਾਂ-ਪਿਉ ਰਾਹੀਂ ਬੱਚੇ ਜੰਮਦੇ-ਪਲਦੇ ਤੇ ਵੱਡੇ ਹੋ ਕੇ ਬੱਚਿਆਂ ਵਾਲੇ ਹੋ ਜਾਂਦੇ ਹਨ।
ਕਈ ਵਾਰ ਐਸਾ ਵੀ ਵੇਖਣ ਵਿਚ ਆਉਂਦਾ ਹੈ ਕਿ ਸਰੀਰ ਕਰਕੇ ਤਾਂ ਜੀਵ ਵੱਡਾ ਹੋ ਜਾਂਦਾ ਹੈ ਪਰ ਉਸ ਦੇ ਮਨ ਦਾ ਵਿਗਾਸ ਨਹੀਂ ਹੋ ਪਾਉਂਦਾ, ਸੁ ਸਰੀਰ ਤਾਂ ਬੁੱਢਾ ਹੋ ਜਾਂਦਾ ਹੈ, ਅੰਗ ਅੰਗ ਥਕ ਜਾਂਦਾ ਹੈ (ਕਮਜ਼ੋਰ ਪੈ ਜਾਂਦਾ ਹੈ) ਪਰ ਮਨ ਦੀ ਚੰਚਲਤਾ ਜੋ ਬਚਪਨ ਵਿਚ ਸੀ, ਉਹੀ ਰਹਿ ਜਾਂਦੀ ਹੈ। ਜਿਵੇਂ ਬੱਚਾ ਅਨਜਾਣ ਹੋਣ ਕਰਕੇ, ਸੱਪ ਦੇ ਮੂੰਹ ਜਾਂ ਅੱਗ ਵਿਚ ਹੱਥ ਪਾ ਕੇ ਆਪਣਾ ਨੁਕਸਾਨ ਕਰਾ ਲੈਂਦਾ ਹੈ, ਤਿਵੇਂ ਹੀ, ਸਰੀਰ ਕਰਕੇ ਬੁੱਢਾ ਹੋਣ ਦੇ ਬਾਵਜੂਦ (ਮਨ ਦਾ ਵਿਗਾਸ ਨਾ ਹੋਣ ਕਾਰਨ) ਜੀਵ ਮਾਇਆ-ਅੱਗ ਤੇ ਮਾਇਆ-ਸੱਪ ਵਿਚ (ਮਨ ਕਰਕੇ) ਫਸਿਆ ਰਹਿ ਜਾਂਦਾ ਹੈ ਤੇ ਜੀਵਨ ਵਿਚ ਜਹਿਰ ਘੁਲ ਜਾਂਦਾ ਹੈ, ਅੰਦਰ ਸੜਦਾ-ਧੁਖਦਾ ਰਹਿੰਦਾ ਹੈ। ਇਸੇ ਦਾ ਜ਼ਿਕਰ ਕਰਦਿਆਂ ਕਬੀਰ ਸਾਹਿਬ ਆਖਦੇ ਹਨ - ''ਥਾਕੇ ਨੈਣ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ£ ਜਰਾ ਹਾਕ ਦੀ ਸਭ ਮਤਿ ਥਾਕੀ ਏਕ ਨ ਥਾਕਸਿ ਮਾਇਆ£ ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ£ ਬਿਰਥਾ ਜਨਮੁ ਗਵਾਇਆ।'' (੭੯੩) ਇਸ ਤਰ੍ਹਾਂ ਜ਼ਿੰਦਗੀ ਗੁਜ਼ਰਦੀ ਜਾਂਦੀ ਹੈ ਤੇ ਜੀਵ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਸ ਦੀ ਅਸ਼ਾਂਤੀ ਪ੍ਰੇਸ਼ਾਨੀ ਦਾ ਕਾਰਨ ਕੀ ਹੈ ਕਿਉਂਕਿ ਪਦਾਰਥਾਂ ਵਲੋਂ, ਪੈਸੇ ਵਲੋਂ, ਹੋਰ ਦੁਨਿਆਵੀ ਰਿਸ਼ਤਿਆਂ ਤੇ ਲੋੜਾਂ ਵਲੋਂ ਕੋਈ ਕਮੀ ਨਹੀਂ ਹੁੰਦੀ। ਇਸ ਅਸ਼ਾਂਤੀ ਨੂੰ ਦੂਰ ਕਰਨ ਦੇ ਆਪਣੇ ਵਲੋਂ ਉਹ ਕਈ ਉਪਾਅ ਕਰਦਾ ਹੈ ਪਰ ਕੋਈ ਗੱਲ ਬਣਦੀ ਨਹੀਂ ''ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ...£'' (੨੦੫) ਆਖਿਰ ਉਸ ਨੂੰ ਗੁਰੂ ਦੀ ਸ਼ਰਣ ਆਉਣਾ ਪੈਂਦਾ ਹੈ, ''ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ'' (੧੪੦੬) ''ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ£'' (੨੦੬)
ਕਿਉਂਕਿ ਗੁਰੂ ਕੋਲ ਆਉਣ ਤੋਂ ਪਹਿਲਾਂ ਜੀਵ ਆਪਣੇ ਵਲੋਂ ਟਿੱਲ ਦਾ ਜ਼ੋਰ ਲਾ ਚੁੱਕਾ ਹੁੰਦਾ ਹੈ (ਪਰ ਸਫਲਤਾ ਨਹੀਂ ਮਿਲੀ), ਸੁ ਨਿਮਾਣਾ ਹੋ ਕੇ ਆਉਂਦਾ ਹੈ ''ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ£ ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪਨੀ ਕਿਰਪਾ ਧਾਰਿ£'' (੧੬੭) ਤੇ ਨਾਲ ਹੀ ਇਸ ਸੱਚ ਦਾ ਬੋਧ ਲੈ ਕੇ ਕਿ ਮੈਂ ਤਾਂ ਜਨਮਾਂ-ਜਨਮਾਂ ਦੀ ਮੈਲ ਲੈ ਕੇ ਆਇਆ ਹਾਂ, ਮੇਰੇ ਵਰਗਾ ਪਾਪੀ ਹੋਰ ਕੋਈ ਹੋ ਨਹੀਂ ਸਕਦਾ, ਮੈਂ ਤਾਂ ਅਜਾਮਲ ਹਾਂ, ਮੇਰੇ ਗੁਨਾਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ''ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ£'' (੧੬੭) ਸੁ ਇਹ ਅਹਿਸਾਸ ਉਸ ਦੇ ਮਨ ਵਿਚ ਗਹਿਰਾ ਹੋ ਚੁੱਕਾ ਹੁੰਦਾ ਹੈ ਕਿ ''ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ'' (1202) ਇਹ ਗੁਰੂ ਦੀ ਮਹਾਨਤਾ ਤੇ ਦਇਆਲਤਾ ਹੈ ਕਿ ਐਸੇ ਪਾਪੀ ਨੂੰ ਆਪਣੀ ਸ਼ਰਣ ਬਖਸ਼ੀ।
ਸ਼ਰਣਾਗਤ ਆਏ ਜੀਵ ਨੂੰ ਗੁਰੂ ਸਤਿਸੰਗਤ ਦੇ ਦਾਇਰੇ ਵਿਚ ਰਹਿਣ ਦਾ ਆਦੇਸ਼ ਕਰਦੇ ਹਨ ਤੇ ਫਿਰ ਗੁਰ ਉਪਦੇਸ਼ ਦੇ ਦੇ ਕੇ ਅਤੇ ਉਸ 'ਤੇ ਅਮਲ ਕਰਾ-ਕਰਾ ਕੇ ਉਸ ਨੂੰ ਬੰਧਨਾਂ ਤੋਂ ਛੁਡਵਾ ਲੈਂਦੇ ਹਨ - ''ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ£'' (੧੬੭) ਜਿਵੇਂ ਜਿਵੇਂ ਜੀਵ ਗੁਰੂ ਦੀ ਬਖਸ਼ਿਸ਼ ਪਾਉਂਦਾ ਹੈ ਤੇ ਨਾਲ ਹੀ ਆਪਣੀ ਔਕਾਤ ਪਛਾਣਦਾ ਹੈ ਤਾਂ ਉਹ ਗੁਰੂ ਦੁਆਰਾ ਕੀਤੀ ਕਿਰਪਾ ਤੇ ਹੈਰਾਨ ਰਹਿ ਜਾਂਦਾ ਹੈ ''ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ£ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ£'' (੧੬੭) ਕਿ ਕਿਵੇਂ ਪ੍ਰਭੂ ਨੇ ਇਕ ਕੀੜੇ ਨੂੰ ਪਹਿਲਾਂ ਇਨਸਾਨ ਬਣਾਇਆ ਫਿਰ ਗੁਰੂ ਮਿਲਾਇਆ, ਫਿਰ ਗੁਰੂ ਦੀ ਸੰਗਤ ਪ੍ਰਾਪਤ ਹੋਈ, ਗੁਰੂ ਨੇ ਨਾਮ ਦੀ ਦਾਤ ਝੋਲੀ ਵਿਚ ਪਾ ਕੇ ਜੀਵਨ ਵਿਚ ਕ੍ਰਾਂਤੀ ਲਿਆ ਦਿੱਤੀ, ਮਾਇਆ ਦਾ ਰੰਗ ਲਾਹ ਕੇ ਨਾਮ ਦਾ ਰੰਗ ਚਾੜ੍ਹ ਦਿੱਤਾ, ਜੀਵਨ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ। ਗੁਰੂ ਸਾਹਿਬ ਇਸ ਕਿਰਪਾ ਨੂੰ ਯਾਦ ਕਰਾਉਂਦਿਆਂ ਆਖਦੇ ਹਨ :
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ£
ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ£
(ਅੰਕ ੭੨੬)
ਮਨ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ£
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ£
(ਅੰਕ ੪੦)
ਗੁਰੂ ਨੇ ਆਪ ਹੀ ਪ੍ਰਸੰਨ ਹੋ ਕੇ (ਬਗੈਰ ਆਖੇ) ਮੇਰੇ ਮਨ ਨੂੰ ਰੰਗਣ ਦਾ ਇੰਤਜ਼ਾਮ ਕੀਤਾ (ਸਤਿਸੰਗਤ ਰਾਹੀਂ) ਤੇ ਗੁਰੂ ਨੇ ਖੁਦ ਹੀ deep interest ਲੈ ਲੈ ਕੇ ਮੇਰੇ ਮਨ ਨੂੰ ਨਾਮ-ਮਾਰਗ ਦਾ ਪਾਂਧੀ ਬਣਾ ਕੇ ਆਪਣਾ ਬਣਾ ਲਿਆ, ਇਸ ਲਈ ਗੁਰੂ ਸਾਹਿਬ ਆਖਦੇ ਹਨ :
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ£
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ£
(ਅੰਕ ੭੨੬)
ਗੁਰੂ ਦੀ ਸੰਗਤ ਵਿਚ ਸੁੱਤਾ ਹੋਇਆ ਮਨ ਜਾਗਿਆ ਤਾਂ ਇਸ ਸੱਚ ਦਾ ਅਹਿਸਾਸ ਹੋਇਆ ਕਿ ਸੱਚਾ ਮਾਂ-ਪਿਉ, ਪੁੱਤਰ-ਭਰਾ-ਪਤੀ-ਰਿਸ਼ਤੇਦਾਰ ਤਾਂ ਕੇਵਲ ਇਕੋ ਪ੍ਰਭੂ ਹੈ ਤੇ ਬਾਹਰਲੇ ਰਿਸ਼ਤੇ ਵੀ ਪ੍ਰਭੂ ਦੇ ਸਿਸਟਮ ਤੇ ਕਿਰਪਾ ਨਾਲ ਹੀ ਮਿਲੇ ਹਨ। ਸੁ ਪ੍ਰਭੂ ਤੋਂ ਪਿਆਰ ਲੈ ਕੇ ਇਨ੍ਹਾਂ ਰਿਸ਼ਤਿਆਂ ਨੂੰ ਵੀ ਪਿਆਰ ਨਾਲ ਨਿਭਾਉਣਾ ਹੈ, ਪਰ ਮਨ ਅੰਦਰ ਕੇਵਲ 'ਇਕ' (ਅਰਥਾਤ ਇਕ ਦੇ ਗੁਣਾਂ) ਨੂੰ ਬਿਠਾਉਣਾ ਹੈ। ਪ੍ਰਭੂ ਕਿਰਪਾ ਸਦਕਾ 'ਇਕ' ਨਾਲ ਰਿਸ਼ਤਾ ਜਿਵੇਂ-ਜਿਵੇਂ ਗੁੜ੍ਹਾ ਹੁੰਦਾ ਗਿਆ ਤਿਵੇਂ ਤਿਵੇਂ ਮਨ ਦਾ ਵਿਗਾਸ ਹੁੰਦਾ ਗਿਆ (ਸਮਝਣ ਲਈ ਕੁਛ ਉਦਾਹਰਣ) :
J ਮਨ ਜੋ ਪਹਿਲਾਂ ਆਕੜ ਨਾਲ ਭਰਿਆ ਰਹਿੰਦਾ ਸੀ, ਹੁਣ ਆਕੜ ਤੋਂ ਨਫ਼ਰਤ ਹੋ ਗਈ ਹੈ, ਨਾਮ (ਮੈਂ-ਮੇਰੀ ਦੀ ਖਲਾਸੀ) ਨਾਲ ਪਿਆਰ ਪੈ ਗਿਆ ਹੈ।
J ਮਨ ਜੋ ਹਰ ਵੇਲੇ ਬਦਲੇ ਲੈਣ ਬਾਰੇ ਸੋਚਦਾ ਰਹਿੰਦਾ ਸੀ, ਹੁਣ ਮੁਆਫ਼ ਕਰਨ ਤੇ ਬੁਰੇ ਦਾ ਵੀ ਭਲਾ ਕਰਨ ਬਾਰੇ ਸੋਚਦਾ ਹੈ।
J ਮਨ ਜੋ ਪੱਥਰ ਵਾਂਗ ਕਠੋਰ ਹੁੰਦਾ ਸੀ ਹੁਣ ਦਇਆ ਨਾਲ ਭਰ ਗਿਆ ਹੈ ਤੇ ਦੂਜੇ ਦੇ ਦਰਦ 'ਤੇ ਦੁਖੀ ਹੁੰਦਾ ਹੈ।
J ਮਨ ਜੋ ਹਰ ਵੇਲੇ ਹੋਰਨਾਂ ਦੇ ਗੁਨਾਹ ਵੇਖਦਾ ਸੀ, ਹੁਣ ਆਪਣੇ ਗੁਨਾਹਾਂ 'ਤੇ ਨਜ਼ਰ ਰੱਖਦਾ ਹੈ, ਦੂਜਿਆਂ ਵੱਲ ਨਹੀਂ ਵੇਖਦਾ।
J ਮਨ ਜੋ ਹਰ ਵੇਲੇ ਮਾਇਆ ਦੇ ਰੰਗਾਂ ਵਿਚ ਖਚਤ ਰਹਿੰਦਾ ਸੀ, ਹੁਣ ਨਾਮ-ਰਸ ਦਾ ਮਤਵਾਲਾ ਹੋ ਗਿਆ ਹੈ।
ਕਿਉਂਕਿ ਮਨ 'ਇਕ' ਦੀ ਸੰਗਤ ਕਰਦਾ ਸੀ, ਗੁਰੂ ਦੀ ਸੰਗਤ ਦੁਆਰਾ ਤੇ ਗੁਰੂ ਦੀ ਦੇਹ (ਗੁਰੂ-ਬਾਣੀ) ਅੰਮ੍ਰਿਤ ਦੀ ਭਰੀ ਹੋਈ ਹੈ, ਸੁ ਗੁਰੂ ਕੋਲੋਂ ਜੋ ਵੀ ਬਚਨ ਆਉਂਦੇ ਸੀ, ਅੰਮ੍ਰਿਤ ਨਾਲ ਭਰੇ ਹੁੰਦੇ ਸਨ, ਸੁ ਮਨ ਸ਼ਬਦ ਦੀ ਵੀਚਾਰ ਦੁਆਰਾ ਅੰਮ੍ਰਿਤ ਪੀਣ ਦਾ ਆਦੀ ਹੋ ਗਿਆ ''ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ£ ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ£'' (੪੪੯) ਪਹਿਲਾਂ ਰਸ ਆਇਆ (ਨਾਲ ਹੀ ਦੁਨਿਆਵੀ ਰਸ/ਇੰਦ੍ਰੀਆਂ ਦੇ ਰਸ) ਫਿਕੇ ਤੇ ਕਉੜੇ ਲੱਗਣੇ ਸ਼ੁਰੂ ਹੋ ਗਏ ਤੇ ਸਹਜ ਸੁਭਾਇ ਮਨ 'ਚੋਂ ਨਿਕਲਦੇ ਗਏ ''ਉਹ ਰਸੁ ਪੀਆ ਇਹ ਰਸੁ ਨਹੀ ਭਾਵਾ'' (੩੪੨) ਤੇ ਫਿਰ, ਰੰਗ (ਨਸ਼ਾ) ਚੜ੍ਹਨਾ ਸ਼ੁਰੂ ਹੋ ਗਿਆ ਤੇ ਐਸਾ ਨਸ਼ਾ ਚੜ੍ਹਿਆ, ''ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ'' (੩੬੦) ਕਿ ਹੁਣ ਬਾਕੀ ਸਭ ਕੁਛ ਅਰਥਹੀਣ ਜਾਪਣ ਲੱਗਾ ''ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ£ ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ£'' (੭੦੮) ਤੇ ਜੀਵਨ ਵਿਚ ਸਹਿਜ ਆਣ ਕਰਕੇ, ਮਨ ਨੂੰ ਝਟਕੇ (ਦੁਨਿਆਵੀ ਦੁੱਖ, ਸੋਗ, ਅਪਮਾਨ...) ਲੱਗਣੇ ਬੰਦ ਹੋ ਗਏ ''ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ£'' (੪੪੯)
ਹੁਣ ਤਾਂ ਮਨ ਹਰ ਵੇਲੇ ਪੂਰੇ ਧਿਆਨ ਨਾਲ ਗੁਰੂ ਵੱਲ ਤੱਕਦਾ ਹੈ ਤੇ ਆਖਦਾ ਹੈ, ''ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ£'' (੧੬੭) ਇਹ ਵਿਸਮਾਦ ਇਸ ਕਾਰਨ ਹੈ ਕਿਉਂਕਿ ਪ੍ਰਭੂ/ਗੁਰੂ ਦੀ ਹਰ ਗੱਲ ਦੁਨੀਆਂ ਨਾਲੋਂ ਨਿਆਰੀ ਤੇ ਨਿਵੇਕਲੀ ਹੈ, ਜਿਵੇਂ ਕਿ (ਕੁਝ ਉਦਾਹਰਣ):
J ਦੁਨੀਆਂ ਆਖਦੀ ਹੈ ਕਿ ਸਮਾਜ ਵਿਚ ਰਹਿਣਾ ਹੈ ਤਾਂ ਲੋਕਪਚਾਰਾ ਕਰਨਾ ਹੀ ਪਵੇਗਾ, ਪਰ ਤੁਸੀਂ ਆਖਦੇ ਹੋ, ਇਸ ਦੀ ਬਿਲਕੁਲ ਲੋੜ ਨਹੀਂ, ਲੋਕ ਪਚਾਰਾ ਕਰਨਾ ਪਸ਼ੂਆਂ ਦਾ ਕੰਮ ਹੈ-ਇਕ ਤੇ ਪਿੱਛੇ ਦੂਜਾ, ਦੂਜੇ ਦੇ ਪਿੱਛੇ ਤੀਜਾ.... ਚਲਦਾ ਜਾਏ ਬਿਨਾਂ ਸੋਚੇ ਵਿਚਾਰੇ, ''ਕਰਤੂਤਿ ਪਸੂ ਕੀ ਮਾਨਸ ਜਾਤਿ£ ਲੋਕ ਪਚਾਰਾ ਕਰੈ ਦਿਨੁ ਰਾਤਿ£'' (੨੬੭)
J ਦੁਨੀਆਂ ਹਰ ਵੇਲੇ ਮੈਂ ਮੈਂ ਤੇ ਮੇਰੀ ਮੇਰੀ ਆਖਦੀ ਹੈ, ਪਰ ਆਪ ਸਦਾ ਇਹ ਆਖਦੇ ਹੋ-''ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ£'' (੧੩੭੫) ''ਮੈਂ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ£'' (੮੫੮)
J ਦੁਨੀਆਂ ਹਰ ਵੇਲੇ ਇਹ ਕਹਿੰਦੀ, ਮੰਨਦੀ ਤੇ ਵਿਖਾਉਂਦੀ ਹੈ ਕਿ ''ਹਮ ਭੀ ਕੁਛ ਹੈ'' ''ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ£ ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ£'' (੯੭੪) ਪਰ ਆਪ ਬਿਲਕੁਲ ਹੀ ਨਿਆਰੀ ਗੱਲ ਕਰਦੇ ਹੋ ''ਅਸੀਂ ਕੁਝ ਨਹੀਂ'', ''ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ£ ਕਿਆ ਜਾਨਉ ਕਿਛੁ ਹਰਿ ਕੀਆ ਭਇਉ ਕਬੀਰੁ ਕਬੀਰੁ£'' (੧੩੬੭)
J ਦੁਨੀਆਂ ਹਰ ਵੇਲੇ ਕਹਿੰਦੀ ਹੈ, ''ਮੋਹ ਤਾਂ ਹੁੰਦਾ ਹੀ ਹੈ, ਬੱਚਿਆਂ ਨਾਲ ਮੋਹ ਨਹੀਂ ਕਰਾਂਗੇ ਤਾਂ ਬੱਚੇ ਕਿਵੇਂ ਪਲਣਗੇ'', ਪਰ ਆਪ ਕਹਿੰਦੇ ਹੋ ਪ੍ਰਭੂ ਨੂੰ ਛੱਡ ਕਿਸੇ ਨਾਲ ਮੋਹ ਨਹੀਂ ਕਰਨਾ ਕਿਉਂਕਿ ਪ੍ਰਭੂ ਦੇ ਇਲਾਵਾ ਹਰ ਮੋਹ ਦੁੱਖ, ਸਦਾ ਦੁੱਖ ਦਿੰਦਾ ਹੈ। ''ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ£'' (੬੭੧) ''ਮੇਰੇ ਮਨ ਏਕਸ ਸਿਉ ਚਿਤੁ ਲਾਇ£'' (੪੪) ''ਅਬ ਮਨ ਏਕਸ ਸਿਉ ਮੋਹੁ ਕੀਨਾ£ ਮਰੈ ਨ ਜਾਵੈ ਸਦ ਹੀ ਸੰਗੇ ਸਤਿਗੁਰ ਸਬਦੀ ਚੀਨਾ£'' (੬੭੧)
J ਸੰਸਾਰ ਵਿਚ ਹਰ ਕੋਈ ਜੀਵਨਾ ਲੋੜਦਾ ਹੈ, ਪਰ ਆਪ ਆਖਦੇ ਹੋ 'ਮਰ ਜਾਓ' ਤੇ ਜੀਵਨ ਦੀ ਆਸ ਛੱਡ ਦਿਓ ਤੇ ਫਿਰ ਨਾਮ ਦਾ ਜੀਵਨ ਪਾ ਕੇ ਸਦੀਵੀ ਜੀਵਨ ਪਾ ਲਵੋ - ''ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ£ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ£'' (੧੧੦੨)
ਗੁਰੂ ਸਾਹਿਬ ਆਖਦੇ ਹਨ ਜਦੋਂ ਪ੍ਰਭੂ ਦੇ ਇਨ੍ਹਾਂ ਨਿਆਰੇ ਬਚਨਾਂ ਤੇ ਅਮਲ ਕੀਤਾ ਤਾਂ ਕਮਾਲ ਹੀ ਹੋ ਗਿਆ, ਮਨ ਨੇ ਹਰ ਪਲ ਇਸ ਸਚਾਈ ਦਾ ਅਨੁਭਵ ਕੀਤਾ ਕਿ ਮੇਰੇ ਵਰਗੇ ਅਜਾਮਲ ਨੂੰ ਪ੍ਰਭੂ ਨੇ ਨਾ ਕੇਵਲ ਆਪਣੇ ਚਰਨਾਂ ਵਿਚ ਥਾਂ ਦਿੱਤੀ ਵਰਨਾ ਨਾਲ ਹੀ ਕਈ ਤਰੀਕਿਆਂ ਨਾਲ, ਮਨ ਦੀ ਪਾਲਣਾ ਤੇ ਵਿਕਾਸ ਲਈ, ਮਨ ਨੂੰ ਵੱਡਾ ਕਰਨ ਲਈ, ਗੁਰੂ ਅਨੇਕ ਰੂਪਾਂ ਵਿਚ ਸਾਹਮਣੇ ਆਏ। ਕਦੇ ਗੁਰ ਉਪਦੇਸ਼ ਨੇ ਮਾਂ ਵਾਂਗ ਪਿਆਰ ਨਾਲ ਸਮਝਾ ਕੇ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ, ''ਸੁਣਿ ਮਨਿ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਇਹ'' (੨੦), ਤੇ ਜਦੋਂ ਲੋੜ ਪਈ ਪਿਤਾ ਵਾਂਗ ਝਿੜਕਾਂ ਮਾਰ ਮਾਰ ਕੇ ਜਗਾਇਆ, ਗੁਰਮਤਿ ਮਾਰਗ ਦਾ ਪਾਂਧੀ ਬਣਿਆ ਰਹਿਣ ਲਈ - ''ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ£'' (੬੨੪) ''ਕਿਆ ਤੂ ਸੋਇਆ ਜਾਗੁ ਇਆਨਾ'' (੭੨੩) ''ਮੂਰਖ ਮਨ ਕਾਹੇ ਕਰਸਹਿ ਮਾਣਾ£'' (੯੮੯), ਕਦੇ ਭਰਾ ਰਿਸ਼ਤੇਦਾਰ ਬਣ ਕੇ ਉਪਦੇਸ਼ ਰੂਪ ਵਿਚ ਆਇਆ ''ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ'' (੧੦੩) ਕਦੇ ਸਖਾ-ਸੰਗੀ ਵੀ ਬਣਿਆ ''ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ£ ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ£'' (੧੮੧) ਪ੍ਰਭੂ ਦੀ ਇਸ ਕਿਰਪਾ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਆਖਦੇ ਹਨ :
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ
ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ£
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ
ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ£ (ਅੰਕ ੧੬੭)
ਇਹ ਤਾਂ ਸਾਰੇ ਜਾਣਦੇ ਹਨ ਲੋਹਾ (ਮੈਲ ਦਾ ਭਰਿਆ ਹੋਇਆ) ਜੇ ਪਾਰਸ ਨਾਲ ਛੋਹ ਜਾਏ ਤਾਂ ਸੋਨਾ ਬਣ ਜਾਂਦਾ ਹੈ, ਪਰ ਗੁਰੂ/ਪ੍ਰਭੂ ਦਾ ਇਹ ਕਮਾਲ ਹੈ ਕਿ ਗੁਰੂ ਨਾਲ ਇਕਮਿਕ ਹੋਣ ਵਾਲੇ ਜੀਵ (ਸਿੱਖ) - ਜੋ ਖੁਦ ਨੂੰ ਕੀੜਾ ਹੀ ਸਮਝਦਾ ਹੈ - ਨੂੰ ਆਪਣੇ ਵਰਗਾ (ਗੁਰੂ) ਹੀ ਬਣਾ ਲੈਂਦੇ ਹਨ। ਗੁਰੂ ਸਾਹਿਬ ਆਖਦੇ ਹਨ, ''ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ£ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ£'' (੧੬੭)
ਗੱਲ ਸਾਰੀ ਗੁਰਮੁਖਤਾ ਦੀ ਹੈ, ਹੁਕਮ ਮੰਨਣ ਦੀ ਹੈ, ''ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ£ ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨ ਸਮਾਣੇ£'' (੭੨੬) ਸਾਡੇ ਸਾਹਮਣੇ ਤਾ ਪ੍ਰਤੱਖ ਮਿਸਾਲਾਂ ਹਨ ਕਿ ਕਿਵੇਂ ਭਾਈ ਲਹਿਣਾ ਜੀ, ਭਾਈ ਅਮਰੂ (ਨਿਥਾਵਾਂ) ਜੀ ਤੇ ਭਾਈ ਜੇਠਾ ਜੀ - ਜੋ ਗੁਰੂ ਘਰ ਪੈਦਾ ਨਹੀਂ ਸੀ ਹੋਏ - ਗੁਰ ਬਚਨਾਂ ਨੂੰ ਜੀਵਨ ਦਾ ਆਧਾਰ ਬਣਾ ਕੇ ਸਿੱਖ ਤੋਂ ''ਸਾਹ ਵਡਦਾਣੇ'' - ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਬਣ ਗਏ।
ਇਹ ਹੈ ਕਮਾਲ ਗੁਰੂ ਦਾ, ਗੁਰੂ ਦੇ ਗੁਰੂ ਪ੍ਰਭੂ ਦਾ, ਇਹ ਹੈ ਕਮਾਲ ਗੁਰੂ ਦੀ ਸਿੱਖਿਆ ਦਾ ਤੇ ਇਹ ਹੈ ਕਮਾਲ ਗੁਰੂ ਨੂੰ ਵੇਖ-ਵੇਖ ਕੇ ਜੀਵਨ ਦਾ ਮਹੱਲ ਉਸਾਰਨ ਦਾ। ਐਸ ਵੇਲੇ ਗੁਰਬਾਣੀ ਦੇ ਇਹ ਫੁਰਮਾਨ ਚੇਤੇ ਆ ਰਹੇ ਹਨ ਗੁਰੂ ਚਰਨਾਂ ਨੂੰ ਨਮਸਕਾਰ ਕਰਦਿਆਂ:
ਗੁਰ ਪਰਸਾਦਿ ਐਸੀ ਬੁਧਿ ਸਮਾਨੀ£
ਚੂਕਿ ਗਈ ਫਿਰਿ ਆਵਨ ਜਾਨੀ£ (ਅੰਕ ੩੩੭)
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ£ (ਅੰਕ ੮੭੩)
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ£
(ਅੰਕ ੧੩੦੧)
ਅਪੁਨੇ ਸਤਿਗੁਰ ਕੈ ਬਲਿਹਾਰੈ£
ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ£
(ਅੰਕ ੬੦੯)
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ£
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ£
(ਅੰਕ ੪੬੨)
ਰਮੇਸ਼ ਸਿੰਘ