ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਇਤਿਹਾਸ ਦੀ ਸਿਰਜਨਾ - ਭਾਈ ਰਾਜੋਆਣਾ ਦੀ ਫਾਂਸੀ ਦੇ ਹੁਕਮਾਂ ਤੋਂ ਲੈ ਕੇ ਭਾਈ ਜਸਪਾਲ ਸਿੰਘ ਦੀ ਸ਼ਹੀਦੀ ਤੱਕ ਦੀਆਂ ਘਟਨਾਵਾਂ ਦੀ ਪੜਚੋਲ


ਸਮੇਂ ਦੇ ਜਿਸ ਦੌਰ 'ਚੋਂ ਅੱਜ ਸਿੱਖ ਲੰਘ ਰਹੇ ਨੇ ਉਸ ਨੂੰ “ਕਾਲਾ ਦੌਰ” ਦਾ ਨਾਂ ਦਿਤਾ ਜਾਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿੱਖ ਇਤਿਹਾਸ 'ਚ “ਕਾਲਾ ਦੌਰ” ਉਸ ਸਮੇਂ ਨੂੰ ਮੰਨਿਆਂ ਜਾਂਦਾ ਹੈ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਹੁੰਦੇ ਸਨ ਹਕੂਮਤੀ ਜਬਰ ਏਨਾ ਜੋਰਾਂ 'ਤੇ ਸੀ ਕਿ ਗੁਰੂ ਸਬਦ ਨਾਲ ਮਿਲਦਾ ਜੁਲਦਾ ਸਬਦ ਗੁੜ ਕਹਿਣ 'ਤੇ ਪਬੰਧੀ ਸੀ ਅਤੇ ਗੁੜ ਨੂੰ ਲੋਕ ਰੋੜੀ ਕਹਿਣ ਲੱਗ ਪਏ ਸਨ। ਇਹ ਕਾਲਾ ਦੌਰ ਇਤਿਹਾਸਕਾਰਾਂ ਦਾ ਦਿੱਤਾ ਹੋਇਆ ਨਾਂ ਹੈ ਅਸਲ 'ਚ ਇਹ ਸਿੱਖਾਂ ਦਾ ਸੁਨਹਿਰੀ ਦੌਰ ਸੀ ਕਿਉਂ ਕਿ ਸਿੰਘ ਜੰਗਲਾਂ ਤੇ ਛੰਭਾਂ 'ਚ ਘੋੜਿਆਂ ਦੀਆਂ ਕਾਠੀਆਂ 'ਤੇ ਰਹਿੰਦੇ ਹੋਏ ਵੀ ਚੜ੍ਹਦੀ ਕਲਾ 'ਚ ਸਨ। ਇਸ ਸਾਲ ਮਾਰਚ ਮਹੀਨੇ ਦੇ ਆਖਰੀ 10 ਕੁ ਦਿਨਾਂ 'ਚ ਹਕੂਮਤੀ ਜਬਰ ਨੇ ਕਾਲੇ ਦੌਰ ਮੁੜ ਚੇਤੇ ਕਰਵਾ ਦਿੱਤਾ ਅਤੇ ਸਿੱਖਾਂ ਨੇ ਵੀ ਆਪਣੀ ਚੜ੍ਹਦੀ ਕਲਾ ਦਾ ਪ੍ਰਗਟਾਵਾ ਵੀ ਖੁੱਲ੍ਹੇਆਮ ਕੀਤਾ। ਇਨ੍ਹਾਂ ਲੰਘੇ 10 ਦਿਨ੍ਹਾਂ ਦੀਆਂ ਘਟਨਾਵਾਂ ਨੁੰ ਵਿਚਾਰਨ ਤੇ ਸੇਧਾਂ ਨੂੰ ਪਸਾਰਨ ਦੇ ਯਤਨ 'ਚ, ਸਵਾਲਾਂ-ਜਵਾਬ ਰੂਪ 'ਚ ਚਰਚਾ ਕਰ ਰਹੇ ਹਾਂ
ਕੌਣ ਲੋਕ ਸਨ ਜਿਨ੍ਹਾਂ ਭਾਈ ਰਾਜੋਆਣੇ ਦੇ ਸੰਘਰਸ਼ 'ਚ ਸਮੂਲੀਅਤ ਕੀਤੀ ਸੁਖਬੀਰ ਬਾਦਲ ਅਤੇ ਹਿੰਦੂਤਵੀ ਸਰਕਾਰ ਵਲੋਂ ਮੁੱਠੀ 'ਚ ) ਕੀਤੇ ਅਖਬਾਰਾਂ ਅਤੇ ਚੈਨਲਾਂ ਦੀਆਂ ਸੁਣੀਏ ਤਾਂ ਇਹ “ਅਮਨ, ਸਾਂਤੀ, ਧਾਰਮਿਕ ਸਦਭਾਵਨਾਵਾਂ ਨੂੰ ਅੱਗ ਲਾਉਣ ਵਾਲੀਆਂ ਫਿਰਕੂ ਤਾਕਤਾਂ ਦੀ ਸਾਜਸ਼ ਹੈ। ਅਸਲ 'ਚ ਭਾਈ ਰਾਜੋਆਣਾ ਲਈ ਲੜੇ ਸੰਘਰਸ਼ 'ਚ ਨਾ ਤਾਂ ਕੋਈ ਅਕਾਲੀ ਸ਼ਾਮਲ ਸੀ ਤੇ ਨਾ ਹੀ “ਪੰਥਕ” ਅਖਵਾਉਂਦੇ ਲੀਡਰਾਂ ਦੀ ਬਹੁਤੀ ਹਿੱਸੇਦਾਰੀ ਸੀ। ਇਕ ਬਾਹਰਲੇ ਟੀ. ਵੀ. ਦਾ ਪੱਤਰਕਾਰ ਜਦੋਂ ਭਾਈ ਰਾਜੋਆਣੇ ਦੇ ਪਿੰਡ ਗਿਆ ਤਾਂ ਉਸ ਨੂੰ ਪਿੰਡ ਦੇ ਬਹਾਰਵਾਰ ਜਿਹੜਾ ਬੰਦਾ ਮਿਲਿਆ, ਉਸ ਨੂੰ ਪੱਤਰਕਾਰ ਨੇ ਪੁੱਛਿਆ? “ਬਲਵੰਤ ਸਿੰਘ ਰਾਜੋਆਣੇ ਦਾ ਘਰ ਕਿਹੜਾ”? ਜਿਸ ਨੂੰ ਪੁਛਿਆ ਸੀ ਉਹ ਅਕਾਲੀ ਦਲ ਦਾ ਸਾਬਤ ਸੂਰਤ ਦਿੱਖ ਵਾਲਾ ਨੀਲੀ ਪਗੜੀ 'ਚ ਸਜਿਆ ਹੋਇਆ ਵਰਕਰ ਸੀ। ਉਸਨੇ ਜਵਾਬ ਦਿੱਤਾ, “ਅਸੀਂ ਨਹੀਂ ਜਾਣਦੇ ਕਿਸੇ ਬਲਵੰਤ ਸਿੰਘ ਨੂੰ, ਲੋਕਾਂ ਨੂੰ ਅਮਨ ਨਾਲ ਬਹਿਣ ਦਿਉ”। ਇਸ ਇਕ ਅਕਾਲੀ ਕਿਰਦਾਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਅਕਾਲੀ ਕਿਨੇ ਕੁ ਸ਼ਾਮਲ ਹੋਏ ਹੋਣਗੇ। ਸਭ ਤੋਂ ਵੱਡਾ ਪੰਥਕ ਦਾਅਵੇਦਾਰ ਹਰਨਾਮ ਸਿੰਘ ਧੁੰਮਾਂ ਤਾਂ ਸਾਰੇ ਮਸਲੇ ਦੌਰਾਨ ਗੁੰਮ ਹੀ ਰਿਹਾ। ਇਹ ਸਭ ਆਮ ਸਿੱਖ ਸਨ, ਜੋ ਭਾਈ ਰਾਜੋਆਣਾ ਦੀ ਸ਼ਖਸੀ ਖਿੱਚ ਕਰਕੇ, ਧਾਰਮਿਕ ਜ਼ਜਬੇ ਤਹਿਤ ਜਾਂ ਹਿੰਦੂਤਵੀਆਂ ਤੇ ਜ਼ੁਲਮ ਦੇ ਵਿਰੁੱਧ ਖੜ੍ਹਨ ਦੀ ਸੋਚ ਕੇ ਨਿਤਰੇ ਸਨ। ਕੁਝ ਕੁ ਗਿਣਤੀ ਫਾਂਸੀ ਦੀ ਸਜ਼ਾ ਦੇ ਵਿਰੋਧ 'ਚ ਹਮਦਰਦੀ ਤਹਿਤ ਅਤੇ ਵੇਖਾਵੇਖੀ ਵੀ ਹੋ ਸਕਦੀ ਹੈ। ਵਿਦੇਸ਼ਾਂ 'ਚ ਅਤੇ ਪੰਜਾਬ 'ਚ ਸਿੱਖ ਆਪ ਮੁਹਾਰੇ ਬਿਨਾਂ ਲੀਡਰਸ਼ਿਪ ਦੇ ਸੰਘਰਸ਼ 'ਚ ਸ਼ਾਮਲ ਹੋਏ।
? ਕੀ ਸਿੱਖ ਦਾ ਮਸਲਾ ਸਿਰਫ਼ ਭਾਈ ਰਾਜੋਆਣੇ ਨੂੰ ਫਾਂਸੀ ਤੋਂ ਬਚਾਉਣ ਦਾ ਹੀ ਸੀ, ਜਾਂ ਕੁਝ ਹੋਰ?
- ਹਿੰਦੂਸਤਾਨੀ ਸਰਕਾਰ ਦੇ ਅੱਤਵਾਦ ਨੇ ਸਿੱਖਾਂ 'ਤੇ ਕੀਤੇ (1977-1995 ਦੌਰ) ਜਬਰ ਨੇ ਸਿੱਖਾਂ ਨੂੰ ਇਨੇ ਖੌਫਜਦਾ ਕਰ ਦਿੱਤਾ ਸੀ ਕਿ 1995 ਤੋਂ 2007 ਦਰਮਿਆਨ ਸਿੱਖ ਵੱਡੇ ਤੋਂ ਵੱਡੇ ਧੱਕੇ ਖਿਲਾਫ ਵੀ ਉਠਣ ਤੋਂ ਅਸਮਰੱਥ ਸਨ। ਪਹਿਲੀ ਵਾਰ ਆਮ ਸਿੱਖ ਨੇ 2008 'ਚ ਡੇਰੇ ਸਿਰਸੇ ਦੇ ਵਿਰੋਧ 'ਚ ਸੜਕਾਂ 'ਤੇ ਆ ਕੇ ਹਿੰਮਤ ਬਣਾਈ ਕਿ “ਸਿੱਖ ਅਜੇ ਮਰੇ ਨਹੀਂ”। ਭਾਵੇਂ ਕਿ ਸਾਡੇ ਦਲਾਲ ਆਗੂਆਂ (ਜਥੇਦਾਰਾਂ, ਸੰਤ ਸਮਾਜ, ਸੰਘਰਸ ਕਮੇਟੀਆਂ) ਨੇ ਬਾਦਲਾਂ ਦੇ ਹੁਕਮ ਤਹਿਤ ਕੌਮ ਨੂੰ ਲੰਮੇ ਤੇ ਬੇਲੋੜੇ, ਬੇਕਾਰ ਪ੍ਰੋਗਰਾਮ ਦੇ ਦੇ ਕੇ ਨਿਮੋਸ਼ੀ ਦਿਵਾਈ। 3 ਸਿੰਘ ਵੀ ਸ਼ਹੀਦ ਕਰਵਾਏ। ਫਿਰ 2010 'ਚ ਆਸ਼ੂਤੋਸ ਖਿਲਾਫ ਸਿੱਖਾਂ ਸਿਰਫ ਜੁਝਾਰੂ ਧੜਾ ਨਿੱਤਰ ਕੇ ਆਇਆ। ਪਰ ਗੀਦੀ ਲੀਡਰਸ਼ਿੱਪ ਨੇ ਭਾਈ ਲੁਹਾਰਾ ਦੀ ਸ਼ਹੀਦੀ ਕਰਵਾ ਕੇ ਵੀ ਕੌਮ ਨੂੰ ਨਿਮੋਸ਼ੀ ਦਵਾਈ। ਪੰਥ ਦੀਆਂ ਦੋਵਾਂ ਹਾਰਾਂ ਨੇ ਪੰਥ ਦਰਦੀਆਂ ਨੂੰ ਸੋਚੀ ਪਾ ਦਿੱਤਾ ਸੀ ਕਿ ਹੁਣ ਅਗਲੀ ਵਾਰੀ ਲੋੜ ਪੈਣ 'ਤੇ ਕੌਣ ਤੁਰੇਗਾ? ਭਾਈ ਰਾਜੋਆਣੇ ਦੀ ਫਾਂਸੀ ਦੇ ਹੁਕਮਾਂ ਨੇ ਹਰ ਆਮ ਸਿੱਖਾਂ ਨੁੰ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਕੀ ਫਾਂਸੀਆਂ ਸਿਰਫ ਸਿੱਖਾਂ ਲਈ ਨੇ? ਦਿੱਲੀ ਦੇ ਸਿੱਖ ਕਤਲੇਆਮ ਦੇ ਦੋਸੀਆਂ 'ਚੋਂ ਅੱਜ ਤੱਕ ਇਕ ਫਾਂਸੀ ਨਾ ਹੋਈ। ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲਿਆਂ ਨੂੰ ਕੋਈ ਫਾਂਸੀ ਨਹੀਂ ਦਿੱਤੀ। ਅਦਾਲਤਾਂ ਦੇ ਜੱਜ ਦੰਗਿਆਂ ਤੇ ਕਤਲੇਅਮਾਂ ਦੇ ਦੋਸ਼ 'ਚ ਹਿੰਦੂਆਂ ਨੂੰ ਸਜ਼ਾ ਕਿਉਂ ਨਹੀਂ ਦਿੰਦੇ। ਗੁਜਰਾਤ ਦੰਗਿਆਂ 'ਚ ਮਰੇ ਵੀ ਮੁਸਲਮਾਨ, ਦੋਸ਼ੀ ਵੀ ਮੁਸਲਮਾਨ 'ਤੇ ਫਾਂਸੀ ਵੀ ਮੁਸਲਮਾਨਾਂ ਨੂੰ ਇਸੇ ਤਰ੍ਹਾਂ ਪੰਜਾਬ 'ਚ ਮਰੇ ਵੀ ਸਿੱਖ, ਸਾਰੇ ਕੁਝ ਲਈ ਦੋਸ਼ੀ ਵੀ ਸਿੱਖ ਤੇ ਫਾਂਸੀ ਵੀ ਸਿੱਖਾਂ ਨੂੰ?  ਭਾਈ ਰਾਜੋਆਣੇ ਦੀਆਂ ਰੋਜ਼ ਮਿਲਦੀਆਂ ਚਿੱਠੀਆਂ ਨੇ ਸਿੱਖਾਂ ਨੂੰ ਇਕ ਰੰਗ 'ਚ ਰੰਗ ਦਿੱਤਾ। ਖਾਲਸਾਈ ਰੰਗ 'ਚ। ਹੁਣ ਆਪਸੀ ਝਗੜੇ ਸਿਰਫ ਮਾਮੂਲੀ ਮਤਭੇਦ ਰਹਿ ਗਏ ਅਤੇ ਸਿਵਾਏ ਪਾਲਤੂ ਅਤੇ ਗੋਲਕਾਂ ਤੇ ਪਲਣ ਵਾਲਿਆਂ ਤੋਂ ਹਰ ਸਿੱਖ ਭਾਈ ਰਾਜੋਆਣੇ ਦੇ ਹੱਕ 'ਚ ਆ ਖੜਿਆ। ਸਿੱਖਾਂ ਲਈ ਭਾਈ ਰਾਜੋਆਣੇ ਦੀ ਫਾਂਸੀ ਮੁੱਦਾ ਨਹੀਂ ਸੀ ਅਤੇ ਨਾ ਹੀ ਕਿਸੇ ਸਿੱਖ ਨੇ ਫਾਂਸੀ ਮੁਆਫੀ ਲਈ ਮੰਗ ਕੀਤੀ, (ਸਜ਼ਾ ਟਾਲਣੀ ਤਾਂ ਸਰਕਾਰ ਦੀ ਮਜ਼ਬੂਰੀ ਬਣ ਗਈ) ਸਿੱਖ ਤਾਂ ਪਿਛਲੇ 6 ਦਹਾਕਿਆਂ ਤੋਂ ਹੋ ਰਹੇ ਧੱਕੇ ਦਾ ਹਿਸਾਬ ਪੁੱਛ ਰਹੇ ਸਨ।
ਫਾਂਸੀ ਦੇ ਵਿਰੋਧ 'ਚ ਕੌਣ ਕੌਣ ਸਾਡੇ ਨਾਲ ਏ ਅਤੇ ਕੌਣ ਕੌਣ ਵਿਰੋਧ 'ਚ ?
- ਜਿਹੜੇ ਸਿੱਖਾਂ ਨੂੰ ਰਾਸ਼ਟਰਵਾਦ ਦਾ ਜੁਕਾਮ ਹੋਇਆ ਉਨ੍ਹਾਂ ਤੋਂ ਇਲਾਵਾ ਆਮ ਸਿੱਖ ਕਿਸੇ ਸੱਤ ਪਰਾਏ ਨੁੰ ਵੀ ਫਾਂਸੀ ਚੜ੍ਹਦਾ ਨਹੀਂ ਵੇਖਣਾ ਚਾਹੁੰਦਾ। ਕੁਝ ਭਾਰਤੀ ਮੀਡੀਏ ਦੇ ਹੱਥੋਂ ਬਰੇਨ-ਵਾਸ ਹੋਏ ਲੋਕ ਸਿੱਖਾਂ ਦੇ ਵਿਰੋਧ ਨੂੰ ਅਦਾਲਤੀ ਫੈਸਲਿਆਂ 'ਚ ਦਖਲਅੰਦਾਜ਼ੀ ਕਹਿ ਰਹੇ ਸਨ। ਅਸੀਂ ਉਨ੍ਹਾਂ ਤੋਂ ਪੁੱਛਦੇ ਹਾਂ, ਕਿਹੋ ਜਿਹੀਆਂ ਅਦਾਲਤਾਂ ਜਿਹੜੀਆਂ ਸਿਰਫ਼ ਸਿੱਖਾਂ ਨੂੰ ਫਾਂਸੀ ਦਿੰਦੀਆਂ ਨੇ? ਅਫਸੋਸ ਪੰਜਾਬ ਦੇ ਹਿੰਦੂਆਂ ਦੀ ਕੋਈ ਇਕ ਵੀ ਧਿਰ ਫਾਂਸੀ ਦੇ ਵਿਰੋਧ 'ਚ ਸਾਹਮਣੇ ਨਾ ਆਈ। ਕੁਝ ਕਮਿਊਨਿਸਟ ਧਿਰਾਂ ਦਾ ਕਹਿਣਾ ਹੈ ਕਿ ਅਸੀਂ ਫਾਂਸੀ ਦਾ ਆਲਮੀ ਪੱਧਰ 'ਤੇ ਵਿਰੋਧ ਕਰਦੇ ਹਾਂ। ਇਸ ਲਈ ਰਾਜੋਆਣੇ ਦੀ ਫਾਂਸੀ ਦਾ ਵੀ ਕਰਦੇ ਆ ਪਰ ਉਨ੍ਹਾਂ ਕੋਲੋਂ ਇਸ ਤੋਂ ਅੱਗੇ ਇਹ ਨਹੀਂ ਸੀ ਸਰਦਾ ਕਿ ਮਨੁੱਖੀ ਨਿਆਂ ਦੀ ਫਸੀਲ 'ਤੇ ਖੜੇ ਹੋ ਕੇ ਇਹ ਨਿਤਾਰਾ ਕਰ ਸਕਣ ਕਿ ਪੰਜਾਬ ਦੀ ਧਰਤੀ 'ਚ ਇਨ੍ਹਾਂ ਕਤਲਾਂ ਦੇ ਬੀਜ ਕੀਹਨੇ ਬੀਜੇ ਸਨ? ਉਨ੍ਹਾਂ ਕੋਲ ਸਿੱਖਾਂ ਨੂੰ ਬਦਨਾਮ ਕਰਨ ਦਾ ਮੌਕਾ ਹੱਥ ਆ ਗਿਆ ਕਿ ਫਿਰਕੂ ਤਾਕਤਾਂ “ਖਾਲਿਸਤਾਨੀ” ਸਿੱਖਾਂ ਨੂੰ ਵਰਗਲਾ ਕੇ ਮਾਹੌਲ ਖਰਾਬ ਕਰਨ ਦੀ ਫਿਰਾਕ 'ਚ ਹਨ।
ਕੀ ਸਿੱਖਾਂ ਦੇ ਕੇਸਰੀ ਪੱਗ ਬੰਨਣ ਜਾਂ ਝੰਡਾ ਫੜਨ ਨਾਲ ਧਾਰਮਿਕ ਏਕਤਾ ਅਮਨ ਸ਼ਾਂਤੀ ਨੂੰ ਲਾਂਬੂ ਲਗ ਜਾਂਦੇ ਨੇ? ਜਾਂ ਫਿਰ ਸਿੱਖਾਂ ਨੂੰ ਹੱਕੀ ਮੰਗਾਂ ਲਈ ਖੜੇ ਨਾ ਹੋਣ ਦੇਣ ਦੀ ਸਾਜਸ਼ ਰਚੀ ਜਾਂਦੀ ਏ ?
- ਜਦੋਂ ਸਿੱਖ 2008 'ਚ ਸਿਰਸੇ ਵਾਲੇ ਡੇਰੇ ਵਿਰੁੱਧ ਲੜੇ ਤਾਂ ਹਿੰਦੂਤਵੀ ਭਾਰਤੀ ਚੈਨਲਾਂ ਨੇ ਇਹ ਸਭ ਇਸ ਤਰ੍ਹਾਂ ਹੀ ਪੇਸ਼ ਕੀਤਾ ਕਿ ਸਿੱਖ ਧਾਰਮਿਕ ਅਮਨ ਸ਼ਾਂਤੀ ਨੂੰ ਲਾਬੂ ਲਾ ਰਹੇ ਹਨ। ਇਹੀ ਗੱਲ ਆਸ਼ੂਤੋਸ ਵਾਰੀ ਕੀਤੀ ਗਈ। ਇਸ ਵਾਰ ਇਹ ਪ੍ਰਚਾਰ ਹੋਰ ਵੀ ਜ਼ੋਰ ਸੋਰ ਨਾਲ ਕੀਤਾ ਗਿਆ। ਰਾਸ਼ਟਰਵਾਦੀ ਸਿੱਖਾਂ ਅਤੇ ਕਮਿਊਨਿਸਟਾਂ ਨੂੰ ਚੈਨਲਾਂ ਤੇ ਅਖਬਾਰਾਂ ਰਾਹੀ “ਧਾਰਮਿਕ ਸੰਦਭਾਵਨਾ” ਦੇ ਪ੍ਰਚਾਰ 'ਤੇ ਲਾਇਆ ਗਿਆ। ਜਿਨ੍ਹਾਂ ਨੇ ਸ਼ਾਂਤਮਈ ਸਿੱਖਾਂ ਨੂੰ “ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਤੱਤ” ਗਰਦਾਨਿਆ। ਹਾਲਾਂ ਕਿ ਕਿਸੇ ਸਿੱਖ ਨੇ ਉਚੀ ਸਾਹ ਵੀ ਨਹੀਂ ਸੀ ਲਿਆ, ਪਰ ਹਰ ਤਰ੍ਹਾਂ ਦੇ ਮੀਡੀਏ “ਮੁੜ-ਖਾਲਿਸਤਾਨ ਲਹਿਰ ਉਭਾਰਨ ਦੇ ਯਤਨ” ਕਹਿ ਕੇ ਸਿੱਖਾਂ ਦੀ ਹੱਕੀ ਮੰਗ ਨੂੰ ਫਿਰਕੂ (ਕਮਿਊਨਲ) ਬਣਾ ਕੇ ਪੇਸ਼ ਕੀਤਾ ਜਾਣ ਲੱਗਾ। ਹੋਰ ਗੁਲਾਮੀ ਕਿਸ ਨੂੰ ਕਿਹਾ ਜਾਵੇਗਾ, ਜਿਥੇ ਸਿੱਖ ਕਿਸੇ ਖਾਸ ਰੰਗ ਦੀ ਪੱਗ ਜਾਂ ਝੰਡਾ ਵੀ ਨਹੀਂ ਰੱਖ ਸਕਦੇ।
ਸ਼ਿਵ ਸੈਨਾ ਕੌਣ ਹੈ ਅਤੇ ਇਹ ਸਾਰੇ ਸੀਨ 'ਚ ਕਿਵੇਂ ਆਈ?
- ਸ਼ਿਵ ਸੈਨਾ ਥੋੜ੍ਹੇ ਜਿਹੇ ਹਿੰਦੂਆਂ ਦੀ ਤਰਜਮਾਨੀ ਕਰਨ ਵਾਲੀ ਫਿਰਕੂ ਜਥੇਬੰਦੀ ਹੈ ਜਿਹੜੀ ਪੰਜਾਬ 'ਚ ਆਪਣੇ ਮੌਲਿਕ ਹੱਕਾਂ (ਜ਼ਿੰਦਗੀ ਜਿਉਂਣ ਦਾ ਹੱਕ ਯੂ.ਐਨ.ਓ ਮੁਤਾਬਕ) ਲਈ ਸੰਘਰਸ਼ ਕਰ ਰਹੇ ਸਿੱਖਾਂ ਦੇ ਸੰਘਰਸ਼ ਨੂੰ ਫਿਰਕੂ ਬਣਾ ਕੇ ਪੇਸ਼ ਕਰਨ ਲਈ ਤਾਇਨਾਤ ਕੀਤੀ ਗਈ ਤਾਂ ਕਿ ਅੱਗੇ ਤੋਂ ਜਦੋਂ ਵੀ ਸਿੱਖ ਆਪਣੀ ਕਿਸੇ ਮੰਗ ਲਈ ਪ੍ਰਦਰਸ਼ਨ ਕਰਨ ਤਾਂ ਇਨ੍ਹਾਂ ਨੂੰ ਮਾਰ ਮਾਰ ਕੇ ਇਹ ਕਹਿ ਕੇ ਬਿਠਾਇਆ ਜਾ ਸਕੇ ਕਿ ਤੁਸੀਂ ਜਦੋਂ ਉਠਦੇ ਹੋ ਤਾਂ ਫਿਰਕੂ ਦੰਗੇ ਫੈਲ ਜਾਂਦੇ ਹਨ। ਇਹ ਸ਼ਿਵ ਸੈਨਾ ਦੇ ਨਾਂ ਹੇਠ ਸ਼ਾਂਤਮਈ ਸੰਘਰਸ਼ ਕਰ ਰਹੇ ਸਿੱਖਾਂ ਦੇ ਆ ਕੇ ਗਲ ਪਏ ਤੇ ਸਿੱਖ ਨੌਜਵਾਨਾਂ ਦੀਆਂ ਪੱਗਾਂ ਲਾਹੀਆਂ। ਸਿੱਖਾਂ ਦੇ ਸ਼ਾਂਤਮਈ ਸੰਘਰਸ਼ ਨੂੰ ਅਖਬਾਰਾਂ ਦੇ ਪੰਨਿਆਂ 'ਤੇ “ਫਿਰਕੂ ਪ੍ਰਦਰਸ਼ਨ” ਬਣਾ ਕੇ ਦਰਜ ਕਰਾ ਦਿੱਤਾ ਜਿਸ ਨੂੰ ਆਉਣ ਵਾਲੇ ਸਮੇਂ 'ਚ ਸਿੱਖਾਂ ਨੂੰ ਨਾ ਉਠਣ ਦੇਣ ਲਈ ਵਰਤਣਗੇ? ਸਿੱਖ ਲੀਡਰਸ਼ਿਪ ਦਾ ਸਾਰੇ ਮਸਲੇ ਦੌਰਾਨ ਕੀ ਰੋਲ ਰਿਹਾ ਸਭ ਤੋਂ ਵੱਡੀ ਗਦਾਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸਦੇ ਗੁਲਾਮ ਜਥੇਦਾਰਾਂ ਨੇ ਰਾਸ਼ਟਰਪਤੀ ਕੋਲ ਉਸ ਯੋਧੇ ਲਈ ਰਹਿਮ ਮੰਗ ਕੇ ਕੀਤੀ। ਰਹਿਮ ਜਾਂ ਮੁਆਫ ਦੀ ਲੋੜ ਨਾ ਤਾਂ ਭਾਈ ਰਾਜੋਆਣੇ ਨੂੰ ਸੀ, ਤੇ ਨਾ ਸਿੱਖਾਂ ਨੂੰ। ਕੀ ਸਾਰੇ ਸਿੱਖ ਇਤਿਹਾਸ 'ਚ ਕਿਸੇ ਸਿੱਖ ਯੋਧੇ ਨੇ ਸਰਕਾਰਾਂ ਦੀ ਈਨ ਮੰਨੀ ਹੈ? ਫਿਰ ਭਾਈ ਰਾਜੋਆਣੇ ਨੂੰ ਕਿਉਂ ਝੁਕਾਇਆ ਗਿਆ? ਕੱਲ ਨੂੰ ਕੌਮ ਜਦ ਬੀਤੇ ਦਾ ਵਿਸਲੇਸ਼ਣ ਕਰੇਗੀ ਤਾਂ ਭਾਈ ਰਾਜੋਆਣਾ ਨੂੰ ਮੁਆਫੀ ਦੇ ਰੂਪ ਜੇਲ ਦੀ ਗੁੰਮਨਾਮ ਜ਼ਿੰਦਗੀ ਦਿਵਾਉਣ 'ਤੇ ਪਛਤਾਵਾ ਕਰੇਗੀ। ਇਸ ਦੌਰਾਨ ਭਾਈ ਰਾਜੋਆਣਾ ਨੂੰ ਜਥੇਦਾਰ ਅਕਾਲ ਤਖਤ ਬਣਾਉਣ ਦੀ ਤਜਵੀਜ ਵੀ ਆਈ ਪਰ ਕਿਸੇ ਸਿੱਖ ਆਗੂ ਨੇ ਕੰਨ ਨਾ ਕੀਤਾ। ਕੁਰਬਾਨੀ, ਜੀਵਨ ਤੇ ਜ਼ਜਬੇ ਵਾਲੇ ਭਾਈ ਰਾਜੋਆਣਾ ਦੇ ਹੁੰਦਿਆਂ ਅਸੀਂ ਜ਼ਖਮਾਂ ਦੀ ਪੀਕ ਨਾਲ ਭਰੇ ਧੈਲਿਆਂ ਵਰਗੇ ਸਰੀਰਾਂ ਵਾਲੇ ਜਥੇਦਾਰਾਂ ਦੀ ਬੋਝਲ ਅਗਵਾਈ ਝੱਲ ਰਹੇ ਹਾਂ। ਇਸ ਸਾਰੇ ਸੰਘਰਸ਼ ਨੇ ਨਿਹੰਗ ਸਿੰਘ ਜਥੇਬੰਦੀਆਂ, ਚਿੱਟ ਕਪੜੀਏ ਸਾਧਾਂ ਤੇ ਅਨੇਕਾਂ ਤਰ੍ਹਾਂ ਦੇ ਗੋਲਕਾਂ ਤੇ ਪਲਣ ਵਾਲੇ ਪਰਜੀਵੀਆਂ ਨੂੰ ਨੰਗੇ ਕਰ ਦਿੱਤਾ। ?
ਸਾਡਾ ਫਾਇਦਾ 'ਤੇ ਨੁਕਸਾਨ ਕੀ ਹੋਇਆ?
ਇਕ ਨੁਕਸਾਨ ਇਹ ਹੋਇਆ ਕਿ ਫਾਂਸੀ ਦੇ ਟਲ ਜਾਣ ਨਾਲ ਭਾਈ ਰਾਜੋਆਣਾ ਦਾ ਸੁੱਤੀ ਕੌਮ ਨੂੰ ਜਗਾਉਣ ਵਾਲਾ ਜ਼ਜਬਾ, ਮੁੜ ਜੇਲ ਦੀਆਂ ਸੀਖਾਂ ਪਿੱਛੇ ਬੰਦ ਹੋ ਗਿਆ। ਤੇ ਬਾਦਲ ਅਤੇ ਉਸਦੀ ਸਰਪ੍ਰਸਤ ਭਾਰਤੀ ਹਿੰਦੂਤਵੀ ਸਰਕਾਰ ਯੋਧੇ ਨੂੰ ਗੁੰਮਾਨਮੀ ਵਾਲੀ ਜ਼ਿੰਦਗੀ 'ਚ ਧੱਕਣ ਵੱਲ ਕਾਮਯਾਬ ਹੋਈ। ਅੱਜ ਕੌਮ ਚਾਹੇ ਤਾਂ ਭਾਈ ਰਾਜੋਆਣਾ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਬਣਾ ਸਮੇਂ ਦੀ ਲੋੜ ਨੂੰ ਪੂਰੀ ਕਰ ਸਕਦੀ ਹੈ। ਫਾਇਦਾ ਇਹ ਹੋਇਆ ਕਿ ਕੌਮ ਦੀ ਪਰਖ ਹੋ ਗਈ, ਕਿ ਇਹ ਭੀੜਾਂ ਦੌਰਾਨ ਆਪਣੇ ਨਿੱਜੀ ਮੁਫਾਦ ਛੱਡ ਕੇ ਇਕ ਹੋ ਜਾਂਦੀ ਹੈ। ਗੋਲਕਾਂ 'ਤੇ ਪਲਣ ਵਾਲੇ ਪਰਜੀਵੀ ਵੀ ਜੱਗ ਜਾਹਰ ਹੋ ਗਏ। ਸਭ ਤੋਂ ਵੱਡਾ ਨੁਕਸਾਨ ਭਾਈ ਜਸਪਾਲ ਸਿੰਘ ਗੁਰਦਾਸਪੁਰ ਦੀ ਸ਼ਹੀਦੀ ਦਾ ਹੋਣਾ ਹੋਇਆ। ਭਾਈ ਜਸਪਾਲ ਸਿੰਘ ਸਿੱਖ ਕਾਡਰ ਸੀ ਜੋ ਕਿ ਰਣ ਤੱਤੇ 'ਚ ਜੂਝਣ ਦਾ ਜ਼ਜਬਾ ਰੱਖਦਾ ਸੀ। ਅਜਿਹੇ ਨੌਜਵਾਨ ਦਾ ਮੁਕਾਬਲਾ ਅਸੀਂ ਰੋਟੀਆਂ ਖਾ ਕੇ ਘਰਾਂ 'ਚ ਡੱਕੇ ਰਹਿਣ ਵਾਲੇ ਤੇ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਮੋਹ 'ਚ ਫਰਜ਼ ਵਿਸਾਰਨ ਵਾਲਿਆਂ ਨਾਲ ਨਹੀਂ ਕਰ ਸਕਦੇ। ਸਿੱਖੀ ਦੇ ਹੱਕ 'ਚ ਖਲੋਣ ਵਾਲੇ ਇਨ੍ਹਾਂ ਯੋਧਿਆਂ ਨੂੰ ਅਸੀਂ ਇਸ ਤਰ੍ਹਾਂ ਅੰਞਾਈ ਮੌਤੇ ਨਹੀਂ ਮਰਵਾ ਸਕਦੇ। ਰਣ ਤੱਤੇ 'ਚ ਨਿਤਰਨ ਵਾਲੇ 2 ਯੋਧਿਆਂ ਦਾ ਸਾਥੋਂ ਵਿਛੜ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਭਾਈ ਜਸਪਾਲ ਸਿੰਘ ਤੇ ਦੂਜੇ ਸਿੰਘ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਅਤੇ ਮੀਡੀਆ ਪਰਬੰਧਨ ਕਿਵੇਂ ਹੋਇਆ?
- ਵੋਟਾਂ ਦੇ ਹਿਸਾਬ ਕਿਤਾਬ ਦੇ ਧਨੀ ਬਾਦਲਾਂ ਨੇ, ਪੰਜਾਬ ਬੰਦ ਦੀ ਇਜਾਜਤ ਦੇ ਕੇ ਜਿਹੜੀ ਭਾਜਪਾ ਅਤੇ ਹਿੰਦੂਆਂ ਦੀ ਨਰਾਜ਼ਗੀ ਮੁੱਲ ਲਈ ਸੀ। ਉਹ ਧੋਣ ਲਈ 2-4 ਸਿੱਖਾਂ ਦਾ ਖੂਨ ਲੋੜੀਦਾਂ ਸੀ। ਸੋ ਹਿੰਦੂਆਂ ਨੂੰ ਖੁਸ਼ ਕਰਨ ਲਈ ਦੋ ਸਿੱਖਾਂ ਦੀ ਬਲੀ ਲੈ ਲਈ। ਅਜਿਹਾ ਪਹਿਲਾਂ ਡੇਰਾ ਸਿਰਸਾ ਕਾਂਡ ਅਤੇ ਆਸ਼ੂਤੋਸ ਵਿਰੁੱਧ ਲੁਧਿਆਣਾ ਕਾਂਡ 'ਚ ਵਾਪਰ ਚੁੱਕਾ ਹੈ। ਬਾਦਲ ਹਰ ਵਾਰੀ ਇਸ ਤਰ੍ਹਾਂ ਹੀ ਸਿੱਖਾਂ ਦੇ ਖੂਨ ਦੀ ਹੋਲੀ ਖੇਡਦੇ ਰਹੇ ਹਨ। ਸਿੱਖ ਨੂੰ ਖੌਫਜਦਾ ਕਰਨ ਦਾ ਵੀ ਇਹ ਬਹੁਤ ਕਾਰਗਰ ਹਥਿਆਰ ਹੈ। ਹਕੂਮਤੀ ਜਬਰ ਦੀ ਇੰਤਹਾ ਇਹ ਹੈ ਕਿ ਪੰਜਾਬ ਦੇ ਕਿਸੇ ਵੀ ਟੀ.ਵੀ. ਚੈਨਲ ਨੇ ਭਾਈ ਜਸਪਾਲ ਸਿੰਘ ਦੀ ਖ਼ਬਰ ਨਹੀਂ ਚਲਾਈ। ਪੰਜਾਬੀਆਂ ਦੀਆਂ ਇਕ-ਦੋ ਸਿੱਖ ਅਖਬਾਰਾਂ ਤੋਂ ਛੁੱਟ ਬਹੁਤੀਆਂ ਅਖਬਾਰਾਂ ਨੇ “ਹਿੰਸਕ ਝੜਪ 'ਚ ਪ੍ਰਦਰਸ਼ਨਕਾਰੀ ਦੀ ਮੌਤ” ਨਾਲ ਬੁੱਤਾ ਸਾਰ ਦਿੱਤਾ। ਦੋ ਕੁ ਅਧਿਕਾਰੀ 2-2 ਹਫਤਿਆਂ ਲਈ ਸਸਪੈਂਡ ਕਰ ਮਿੱਟੀ ਪਾ ਦਿੱਤੀ ਗਈ। ਇਕ ਹੋਰ ਸਿੰਘ ਅੰਞਾਂਈ ਮੌਤੇ ਮਾਰਿਆ ਗਿਆ ।
ਹੁਣ ਅੱਗੇ ਕੀ ਕੀਤਾ ਜਾਵੇ?
ਪਿਛਲੇ 6 ਦਹਾਕਿਆਂ ਤੋਂ ਭਾਰਤ 'ਚ ਸਿੱਖਾਂ ਨਾਲ ਹੋ ਰਹੇ ਧੱਕੇ ਵਿਰੁੱਧ ਸਾਨੂੰ ਅੰਦਰੋਂ ਅਤੇ ਬਾਹਰੋਂ ਮਜ਼ਬੂਤ ਹੋਣ ਦੀ ਲੋੜ ਹੈ। ਜਿਥੇ ਮਾਨਸਿਕ ਗੁਲਾਮੀ ਲਈ ਬ੍ਰਹਮਣੀ ਰੀਤੀਆਂ ਅਤੇ ਕਰਮਕਾਂਡ ਛੱਡਣੇ ਪੈਣਗੇ ਉਥੇ ਹੱਕਾਂ ਦੀ ਇਸ ਲੜਾਈ ਨੂੰ ਆਪਣੀ ਆਉਣ ਵਾਲੀ ਨਸਲ ਲਈ ਜਾਰੀ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਹ ਲੜਾਈ ਛੱਡ ਨਹੀਂ ਸਕਦੇ ਸਮੇਂ ਨਾਲ ਸਾਡੇ ਢੰਗ ਤਰੀਕੇ ਤੇ ਨੀਤੀ ਬਦਲ ਸਕਦੀ ਹੈ ਪਰ ਨਿਸ਼ਾਨੇ ਨਹੀਂ। ਅੱਜ ਭਾਰਤੀ ਹਕੂਮਤ ਆਰਥਿਕ ਤੇ ਫੌਜੀ ਪੱਖਾਂ ਤੋਂ ਕਾਫੀ ਮਜ਼ਬੂਤ ਹੈ। ਸੀਮਤ ਸਾਧਨਾਂ ਨਾਲ ਹਥਿਆਰਬੰਦ ਹੋ ਕੇ ਜਾਂ ਹਿੰਸਕ ਹੋ ਕੇ ਲੜਾਈ ਲੜਨੀ ਸਾਡੇ ਪੱਖ 'ਚ ਨਹੀਂ ਜਾ ਸਕਦੀ। ਪਰ ਲੜਾਈ ਛੱਡਣੀ ਵੀ ਸਾਡੇ ਸਿਧਾਂਤ ਦਾ ਹਿੱਸਾ ਨਹੀਂ ਕਿਉਂਕਿ ਇਹ ਲੜਾਈ ਵਡੇਰੇ ਮਨੁੱਖੀ ਹਿਤਾਂ, ਖਾਲਸੇ ਦੀ ਸਰਜਮੀ-ਪੰਜਾਬ ਦੇ ਜ਼ਮੀਨੀ ਮੁੱਦਿਆਂ, ਆਪਣੇ ਲੋਕਾਂ ਦੇ ਜਿਉਂਦੇ ਰਹਿਣ ਦੇ ਮਸਲਿਆਂ ਲਈ ਲੜੀ ਜਾ ਰਹੀ ਹੈ। ਭਾਈ ਰਾਜੋਆਣਾ ਇਸ ਲਾੜਾਈ ਦਾ ਇਕ ਚੈਪਟਰ ਹੈ। ਲੰਮੀ ਲੜਾਈ ਲਈ ਨੀਤੀ ਘੜੋ। ਹਿੰਸਾ ਤੋਂ ਦੂਰ ਰਹਿ ਕੇ ਜੰਗ ਅੱਗੇ ਤੋਰਨ ਦਾ ਪੈਂਤੜਾ ਅਪਣਾਉ। ਪਰ ਫਰਜ਼ ਨਾ ਭੁੱਲੋ, ਜਰਵਾਣਿਆਂ ਦੇ ਕਹਿਰ ਨਾ ਭੁੱਲੋ, ਲੜਾਈ ਨਾ ਭੁੱਲੋ। ਜੰਗਾਂ ਨੀਤੀਆਂ ਨਾਲ ਜਿੱਤੀਆਂ ਜਾਂਦੀਆਂ ਨੇ ਜ਼ਜਬਾਤਾਂ ਨਾਲ ਨਹੀਂ। ਇਹ ਵੀ ਯਾਦ ਰੱਖੋ ਕਿ ਅਸੀਂ ਹੋਰ ਸਿੰਘ ਸ਼ਹੀਦ ਕਰਵਾਉਣ ਦੀ ਸਮਰੱਥਾ 'ਚ ਨਹੀਂ। ਸੀਮਤ ਸਾਧਨਾਂ ਨਾਲ ਲੜਨਾ ਸਿੱਖੋ। ਜਿਵੇਂ ਕਿਸੇ ਵੇਲੇ ਗੁਰੀਲਾ ਯੁੱਧ ਨੀਤੀ ਸਿੱਖੀ ਸੀ। ਗੁਰੂ ਤੁਹਾਡੇ ਅੰਗ ਸੰਗ ਹੈ। 

ਸਾਹਬਾਜ ਸਿੰਘ