ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਦਾਚਾਰੀ ਗੁਣ ਅਪਣਾ ਕੇ ਹੀ ਸੁਖੀ ਜੀਵਿਆ ਜਾ ਸਕਦਾ ਹੈ


ਸ਼ਰਮ ਅਤੇ ਧਰਮ ਮਨੁੱਖੀ ਜੀਵਨ ਦੇ ਅਜਿਹੇ ਦੋ ਬੁਨਿਆਦੀ ਸਿਧਾਂਤ ਹਨ ਜਿੰਨਾਂ ਦੇ ਗ੍ਰਹਿਣ ਕਰਨ ਨਾਲ ਮਨੁੱਖੀ ਜੀਵਨ ਰੂਪਮਾਨ ਹੁੰਦਾ ਹੈ ਅਤੇ ਮਨੁੱਖ ਦੀ ਸ਼ਖਸੀਅਤ ਦਾ ਕੱਦ ਉੱਚਾ ਹੁੰਦਾ ਹੈ। ਅਸਲ ਵਿਚ ਸ਼ਰਮ ਅਤੇ ਧਰਮ ਦੀ ਕਾਰਜਵਿਧੀ ਘੁਲ ਮਿਲ ਕੇ ਇਕ ਸਾਂਝਾ ਉਦੇਸ਼ ਬਣ ਜਾਂਦੀ ਹੈ ਜਿਸਦਾ ਮਨੋਰਥ ਪਰਉਪਕਾਰੀ ਤੇ ਸੱਚ ਦੇ ਕਾਰਜ ਕਰਨਾ ਹੈ ਇਸਨੂੰ ਸਮਾਜ ਪ੍ਰਵਾਨ ਕਰਦਾ ਹੈ। ਜਿਸ ਨੂੰ ਸਮਾਜ ਪ੍ਰਵਾਨ ਨਹੀਂ ਕਰਦਾ ਉਹ ਸ਼ਰਮ ਅਤੇ ਧਰਮ ਦੇ ਕਾਰਜ ਨਹੀਂ ਹਨ। ਕਈ ਵਾਰੀ ਅਸੀਂ ਲਾਲਚ ਜਾਂ ਸੁਆਰਥ ਵਿਚ ਆ ਕੇ ਅਜਿਹੇ ਗੈਰਮਾਨਵੀ ਕੰਮ ਕਰ ਜਾਂਦੇ ਹਾਂ ਜਿਸ ਨਾਲ ਅਸੀਂ ਨਿੰਦਿਆ ਦੇ ਪਾਤਰ ਬਣ ਜਾਂਦੇ ਹਾਂ ਕੁਦਰਤ ਨੇ ਸਾਨੂੰ ਨਿਰਮਲ ਜਮੀਰ ਬਖਸ਼ੀ ਹੈ ਜੋ ਸਾਨੂੰ ਚੰਗੇ ਮਾੜੇ ਕੰਮਾਂ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ ਪਰ ਕਈ ਵਾਰੀ ਸਾਡਾ ਲਾਲਚ ਜਾਂ ਸੁਆਰਥ ਐਨਾ ਭਾਰੂ ਹੋ ਜਾਂਦਾ ਹੈ ਕਿ ਉਹ ਨਿਰਮਲ ਜਮੀਰ ਦੀ ਆਵਾਜ਼ ਨੂੰ ਅਣਗੌਲਿਆ ਕਰ ਛੱਡਦਾ ਹੈ ਅਸੀਂ ਅਜਿਹੇ ਕੰਮ ਕਰ ਜਾਂਦੇ ਹਾਂ ਜੋ ਮਨੁੱਖੀ ਕਦਰਾਂ ਕੀਮਤਾਂ ਨਾਲ ਮੇਲ ਨਹੀਂ ਖਾਂਦੇ। ਕਈ ਵਾਰੀ ਅਜਿਹੇ ਕੰਮ ਕਰਨ ਪਿੱਛੋਂ ਪਛਤਾਉਂਦੇ ਵੀ ਹਾਂ ਪਰ ਪਿੱਛੋਂ ਤਾਂ 'ਜਬ ਚਿੜੀਆ ਚੁਗ ਗਈ ਖੇਤ' ਵਾਲੀ ਗੱਲ ਬਣ ਜਾਂਦੀ ਹੈ।
ਕੋਈ ਸਮਾਂ ਸੀ ਕਿ ਦਸਾਂ ਨਹੁੰਆ ਦੀ ਕਿਰਤ ਕਰਨਾ, ਵੰਡ ਕੇ ਛਕਣਾ, ਲੋੜਵੰਦਾਂ ਦੀ ਸਹਾਇਤਾ ਕਰਨਾ ਅਤੇ ਭਾਈਚਾਰਕ ਸਾਂਝੀ ਬਣਾਈ ਰੱਖਣਾ ਜੀਵਨ ਦਾ ਮੁੱਖ ਉਦੇਸ਼ ਹੁੰਦਾ ਸੀ। ਕਿਰਤ ਨੂੰ ਵੱਡਾ ਮੰਨਿਆ ਜਾਂਦਾ ਸੀ। ਲੋਕਾਂ ਦੀ ਇਹ ਸਭਿਅਕ ਵਿਚਾਰਧਾਰਾ ਹੁੰਦੀ ਸੀ।
ਕਰ ਮਜ਼ਦੂਰੀ - ਖਾ ਚੂਰੀ
ਸਮੇਂ ਦੇ ਫੇਰ ਨਾਲ ਅੱਜ ਇਹ ਵਿਚਾਰਧਾਰਾ ਬਦਲ ਗਈ ਹੈ ਅੱਜ ਸਾਡੀ ਸੋਚ ਇਹ ਬਣ ਗਈ ਹੈ ਕਿ ਮਜ਼ਦੂਰੀ ਕੋਈ ਹੋਰ ਕਰੇ ਪਰ ਚੂਰੀ ਅਸੀਂ ਖਾਈਏ। ਅੱਜ ਹਰ ਬੰਦਾ ਮਿਹਨਤ ਮੁਸ਼ੱਕਤ ਕਰਨ ਦੀ ਥਾਂ ਦੂਸਰਿਆਂ ਦੀ ਮਿਹਨਤ ਤੇ ਡਾਕਾ ਮਾਰਨ ਦੀ ਸੋਚ ਰਿਹਾ ਹੈ ਸਮੇਂ ਦੇ ਫੇਰ ਨਾਲ ਮਨੁੱਖੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਗਈ ਹੈ ਉਹ ਸੋਚਦਾ ਹੈ ਕਿ ਜਦੋਂ 'ਸਤਜੁਗ' ਸੱਚ ਦਾ ਯੁੱਗ ਹੀ ਨਹੀਂ ਤਾਂ ਫਿਰ ਕਲਯੁਗ ਵਿਚ ਦਸਾਂ ਨਹੁੰਆ ਦੀ ਕਿਰਤ ਦੇ ਕੀ ਅਰਥ। ਅੱਜ ਸਦਾਚਾਰ ਦੀ ਥਾਂ ਭ੍ਰਿਸ਼ਟਾਚਾਰ ਨੇ ਲੈ ਲਈ ਹੈ ਅੱਜ ਪੈਸਾ ਹੀ ਦੁਨੀਆਂ ਦਾ ਮੂਲ-ਮੰਤਰ ਬਣ ਗਿਆ ਹੈ ਅੱਜ ਪੈਸਾ ਹੀ ਮਾਂ-ਪਿਉ, ਭੈਣ-ਭਰਾ ਰਿਸ਼ਤਾ ਨਾਤਾ ਸਭ ਕੁਝ ਹੈ ਪੈਸੇ ਬਾਰੇ ਇਹ ਧਾਰਨਾ ਬਣ ਗਈ ਹੈ।
        ਦੁਨੀਆਂ ਦਾ ਭਗਵਾਨ ਪੈਸਾ-ਹਰ ਆਦਮੀ ਦਾ ਇਮਾਨ ਪੈਸਾ। ਮਾਇਆ ਦੀ ਅੰਨੀ ਦੌੜ ਪਿੱਛੇ ਅੱਜ ਬੰਦੇ ਨੇ ਆਪਣਾ ਦੀਨ-ਇਮਾਨ, ਸ਼ਰਮ-ਧਰਮ ਸਭ ਕੁਝ ਗੁਵਾ ਲਿਆ ਹੈ ਅੱਜ ਬੰਦੇ ਨੂੰ ਬੰਦਾ ਨਹੀਂ ਪਛਾਣਦਾ। ਅੱਜ ਧਾਰਮਿਕ ਸੰਸਥਾਵਾਂ ਦੇ ਪੁਜਾਰੀ ਪ੍ਰਚਾਰ ਕਰਦੇ ਹਨ ਕਿ ਮਾਇਆ ਦੁੱਖਾਂ ਦੀ ਖਾਣ ਹੈ, ਪਰ ਆਪ ਮਾਇਆ ਦੀ ਦੌੜ ਵਿਚ ਲੱਗੇ ਹੋਏ ਹਨ। ਇਹ ਲੋਕ ਹੋਰਾਂ ਲੋਕਾਂ ਤਾਈਂ ਇਹ ਪ੍ਰਚਾਰ ਕਰਦੇ ਹਨ
ਮਾਇਆ ਮੋਹ ਸਭ ਦੁਖ ਹੈ ਖੋਟਾ ਇਹ ਵਾਪਾਰਾ ਰਾਮ।
      ਪਰ ਆਪ ਅਜਿਹੇ ਅਮਲਾਂ ਤੋਂ ਅਭਿੱਜ ਰਹਿੰਦੇ ਹਨ। ਆਮ ਲੋਕਾਂ ਦਾ ਹਾਲ ਤਾਂ ਪਹਿਲਾਂ ਵਾਂਗ ਹੀ ਹੈ ਇਤਿਹਾਸ ਦੇ ਪੰਨੇ ਦੱਸਦੇ ਹਨ ਕਿ ਜਿਉਂ-ਜਿਉਂ ਕੋਈ ਰਾਜਾ ਸਕਤੀਸ਼ਾਲੀ ਬਣਦਾ ਗਿਆ ਹੰਕਾਰੀ ਬਣਦਾ ਗਿਆ ਉਸਨੇ ਕਮਜ਼ੋਰ ਰਾਜਿਆਂ ਨੂੰ ਲੁੱਟਿਆ ਤੇ ਕੁੱਟਿਆ, ਜੇ ਕੋਈ ਰਾਜਾ ਅੜਿਆ ਤਾਂ ਉਸ ਉਤੇ ਹਮਲਾ ਕਰ ਦਿੱਤਾ, ਪਰ ਇਸ ਹਮਲੇ ਵਿਚ ਜ਼ੁਲਮ-ਤਸੱਦਦ ਤੇ ਕਤਲੇਆਮ ਤਾਂ ਲੋਕਾਂ ਦਾ ਹੀ ਹੋਇਆ। ਸੋ ਅਜਿਹੇ ਹਮਲਿਆਂ ਨਾਲ ਉਹ ਬੇਕਸੂਰ ਲੋਕਾਂ ਨੂੰ ਲੁੱਟਦੇ ਆਏ ਹਨ ਤੇ ਆਪਣਾ ਸੁਆਰਥ ਪੂਰਦੇ ਆਏ ਹਨ। ਮਨੁੱਖ ਜਦੋਂ ਹੰਕਾਰ ਵਿਚ ਆ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦਾ ਹੈ ਉਸ ਲਈ ਕਾਨੂੰਨ ਜਾਂ ਦੀਨ ਇਮਾਨ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਅਜਿਹੀ ਹੀ ਇਕ ਮਿਸਾਲ ਬਾਬਰ ਦੇ ਹਮਲੇ ਦੀ ਮਿਲਦੀ ਹੈ ਜਿਸਨੇ 1520 ਈ: ਵਿਚ ਹਿੰਦੁਸਤਾਨ ਤੇ ਤੀਜੀ ਵਾਰ ਹਮਲਾ ਕੀਤਾ। ਇਸ ਹਮਲੇ ਦੌਰਾਨ ਉਸਨੇ ਸੈਦਪੁਰ (ਏਮਨਾਬਾਦ) ਦੇ ਬੇਕਸੂਰ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਅਤੇ ਕਤਲੇਆਮ ਕੀਤਾ। ਸੈਦਪੁਰ ਦੇ ਲੋਕਾਂ ਦੀ ਹੋਈ ਦੁਰਦਸ਼ਾ ਨੂੰ ਦੇਖ ਕੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਨੂੰ ਸੰਬੋਧਨ ਕਰਦੇ ਹੋਏ ਇਹ ਸ਼ਬਦ ਉਚਾਰਿਆ
ਜੈਸੀ ਮੈ ਆਵੀ ਖਸਮ ਕੀ ਬਾਣੀ।
ਤੈਸੜਾ ਕਰੀਂ ਗਿਆਨ ਵੇ ਲਾਲੋ।
ਸ਼ਰਮ ਧਰਮ ਦੋਇ ਛੁਪ ਖਲੋਇ।
ਕੂੜ ਫਿਰੇ ਪ੍ਰਧਾਨ ਵੇ ਲਾਲੋ।
ਸੋ ਜਿੱਥੇ ਕੂੜ ਹੈ ਉਥੇ ਸੁਆਰਥ ਭਾਰੂ ਹੈ ਜਿਸ ਨਾਲ ਭ੍ਰਿਸ਼ਟਾਚਾਰ ਜਨਮ ਲੈਂਦਾ ਹੈ ਤੇ ਸ਼ਰਮ ਧਰਮ ਦੀ ਕੋਈ ਗੱਲ ਨਹੀਂ ਰਹਿੰਦੀ। ਸੋ ਜੇ ਵਿਚਾਰ ਕੀਤਾ ਜਾਵੇ 16ਵੀਂ ਸਦੀ ਵਿਚ ਉਚਾਰਿਆ ਇਹ ਸ਼ਬਦ ਅੱਜ 21ਵੀਂ ਸਦੀ ਵਿਚ ਵੀ ਉਸੇ ਤਰ੍ਹਾਂ ਦਾ ਪ੍ਰਭਾਵ ਛੱਡਦਾ ਹੈ। ਪਹਿਲਾਂ ਵੀ ਕੂੜ ਦਾ ਪਸਾਰਾ ਸੀ ਤੇ ਅੱਜ ਵੀ ਕੂੜ ਦਾ ਪਸਾਰਾ ਹੈ। ਉਸ ਵੇਲੇ ਵੀ ਸ਼ਰਮ ਧਰਮ ਦੀ ਕੋਈ ਗੱਲ ਨਹੀਂ ਸੀ ਤੇ ਹੁਣ ਵੀ ਨਹੀਂ ਹੈ। ਅੱਜ ਪਹਿਲਾਂ ਵਾਂਗ ਹੀ ਕੂੜ ਪ੍ਰਘਾਨ ਹੋ ਕੇ ਵਿਚਰ ਰਿਹਾ ਹੈ ਜਿਸਦੇ ਫਲਸਰੂਪ ਭ੍ਰਿਸ਼ਟਾਚਾਰ ਨੇ ਹਰ ਥਾਂ ਆਪਣੇ ਪੈਰ ਜਮਾ ਲਏ ਹਨ। ਹਰ ਇਕ ਬੰਦੇ ਤੇ ਉਸਦਾ ਸੁਆਰਥ ਭਾਰੂ ਹੈ ਜਿਸ ਨਾਲ ਭਾਈਚਾਰਕ ਸਾਝਾਂ ਟੁੱਟ ਰਹੀਆਂ ਹਨ ਰਿਸ਼ਤਿਆਂ ਦਾ ਮੋਹ ਭੰਗ ਹੋ ਰਿਹਾ ਹੈ। ਅੱਜ ਭਰਾ, ਭਰਾ ਨੂੰ ਮਾਰ ਰਿਹਾ ਹੈ ਪੁੱਤ ਪਿਉ ਨੂੰ ਮਾਰ ਰਿਹਾ ਹੈ। ਹਰ ਕੋਈ ਇਕ ਦੂਜੇ ਨੂੰ ਲੁੱਟਣ ਦੀ ਤਾਕ ਵਿਚ ਹੈ। ਅਖੌਤੀ ਸਾਧ ਲੁੱਟ ਰਹੇ ਹਨ, ਲੀਡਰ ਲੁੱਟ ਰਹੇ ਹਨ ਤਕੜੇ ਮਾੜੇ ਨੂੰ ਲੁੱਟ ਰਹੇ ਹਨ। ਇਥੋਂ ਤੱਕ ਕਿ ਸਾਡੇ ਪਵਿੱਤਰ ਰਿਸ਼ਤੇ ਵੀ ਇਕ ਦੂਜੇ ਨੂੰ ਲੁੱਟ ਲੱਗੇ ਹੋਏ ਹਨ। ਅਸੀਂ ਮੰਨਦੇ ਹਾਂ ਕਿ ਅਜ਼ਾਦੀ ਪਿੱਛੋਂ ਸਾਡੇ ਰਹਿਣ ਸਹਿਣ ਦਾ ਪੱਧਰ ਉੱਚਾ ਹੋਇਆ ਹੈ ਪਰ ਸਾਡੇ ਕਾਰ ਵਿਹਾਰ ਤੇ ਆਚਰਣ ਦਾ ਪੱਧਰ ਨੀਵਾਂ ਹੋਇਆ ਹੈ। ਉਹ ਵਿਕਾਸ ਵੀ ਕਾਹਦਾ ਵਿਕਾਸ ਜਿਸ ਵਿਚ ਸਾਡੀਆਂ ਭਾਈਚਾਰਕ ਸਾਝਾਂ ਟੁੱਟ ਰਹੀਆਂ ਹਨ, ਜਿੱਥੇ ਹਰ ਰਿਸ਼ਤਾ ਸੁਆਰਥ ਦੀ ਭੇਟ ਚੜ੍ਹ ਗਿਆ ਹੈ। ਸੋ ਅੱਜ ਲੋੜ ਹੈ ਆਪਣੇ ਆਪ ਨੂੰ ਅਤੇ ਆਪਣੇ ਦੀਨ ਇਮਾਨ ਨੂੰ ਪਛਾਨਣ ਦੀ। ਅਸੀਂ ਤਦ ਹੀ ਇਮਾਨਦਾਰੀ ਬਣ ਸਕਦੇ ਹਾਂ, ਪਰ ਉਪਕਾਰੀ ਕੰਮ ਕਰ ਸਕਦੇ ਹਾਂ। ਕਿਸੇ ਨਿਰਧਨ ਦਾ ਦੁੱਖ ਵੰਡਾਉਣ ਨੂੰ ਆਪਣਾ ਫਰਜ਼-ਧਰਮ ਸਮਝ ਸਕਦੇ ਹਾਂ। ਸਦਾਚਾਰੀ ਗੁਣਾਂ ਨਾਲ ਹੀ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ। ਆਉ ਬੰਦੇ ਨੂੰ ਬੰਦਾ ਪਹਿਚਾਣੀਏ - ਸੁੱਖ ਦੇਈਏ ਤੇ ਸੁੱਖ ਮਾਣੀਏ।
ਮਾ. ਨਰੰਜਨ ਸਿੰਘ