ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮੌਤ ਦੀ ਸਜ਼ਾ ਦਾ ਗੈਰ-ਮਨੁੱਖੀ ਪੱਖ


ਦੁਨੀਆਂ ਦੇ ਅੱਧੇ ਤੋਂ ਵੱਧ ਮੁਲਕਾਂ ਵਿਚ ਮੌਤ ਦੀ ਸਜ਼ਾ ਦਾ ਕਾਨੂੰਨ ਖਤਮ ਹੋ ਚੁੱਕਾ ਹੈ ਤੇ ਬਾਕੀ ਦੇ ਮੁਲਕਾਂ ਵਿਚੋਂ ਬਹੁਤਿਆਂ ਵਿਚ ਇਹ ਕਦੇ-ਕਦਾਈਂ ਹੀ ਵਰਤਿਆ ਜਾਂਦਾ ਹੈ। ਸਾਡੇ ਮੁਲਕ ਵਿਚ ਵੀ ਪਿਛਲੇ 20 ਤੋਂ ਵੱਧ ਸਾਲਾਂ ਦੌਰਾਨ ਕਿਸੇ ਨੂੰ ਵੀ ਫ਼ਾਂਸੀ 'ਤੇ ਨਹੀਂ ਚੜ੍ਹਾਇਆ ਗਿਆ। ਅਦਾਲਤਾਂ ਵੱਲੋਂ ਵੀ ਸਿਰਫ਼ ਦਰਜਨ ਤੋਂ ਵੀ ਘੱਟ ਸਜ਼ਾਵਾਂ ਸੁਣਾਈਆਂ ਗਈਆਂ ਹਨ ਪਰ ਉਨ੍ਹਾਂ ਉੱਪਰ ਵੀ ਅਮਲ ਨਹੀਂ ਹੋ ਸਕਿਆ। ਸਾਫ਼ ਜ਼ਾਹਰ ਹੈ ਕਿ ਫ਼ਾਂਸੀ ਦੀ ਸਜ਼ਾ ਬਾਰੇ ਇਸ ਮੁਲਕ ਵਿਚ ਬਹੁਤ ਸਾਰੀਆਂ ਰਾਜਨੀਤਕ, ਸਮਾਜਿਕ, ਕਾਨੂੰਨੀ ਤੇ ਵਿਹਾਰਕ ਉਲਝਣਾਂ ਹਨ ਜੋ ਕਾਫ਼ੀ ਗੰਭੀਰ ਵੀ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਨਹੀਂ ਇਹ ਮੁਲਕ ਵੀ ਸੰਸਾਰ ਦੀ ਵੱਡੀ ਬਰਾਦਰੀ ਦੀ ਤਰ੍ਹਾਂ ਮੌਤ ਦੀ ਸਜ਼ਾ ਦੇ ਕਾਨੂੰਨ ਨੂੰ ਮੁੱਢੋਂ ਹੀ ਖਤਮ ਕਰ ਦਿੰਦਾ। ਬਲਕਿ ਅਜਿਹੇ ਕੰਮ ਵਿਚ ਸਾਡੇ ਮੁਲਕ ਨੂੰ ਦੁਨੀਆਂ ਦੀ ਅਗਵਾਈ ਕਰਦਿਆਂ ਸਭ ਤੋਂ ਪਹਿਲਾਂ ਹੀ ਮੌਤ ਦੀ ਸਜ਼ਾ ਖਤਮ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਸੀ।
ਇਸ ਮੁਲਕ ਵਿਚ ਇਸ ਵਿਸ਼ੇ ਬਾਰੇ ਸਿਧਾਂਤਕ ਚਰਚਾਵਾਂ ਕਈ ਵਾਰ ਹੋਈਆਂ ਹਨ। ਅਖ਼ਬਾਰਾਂ ਵਿਚ ਦੋਹਾਂ ਪਾਸਿਆਂ ਦੇ ਖ਼ਿਆਲਾਤ ਛਪੇ ਹਨ। ਇਕ-ਦੋ ਵਾਰ ਪਾਠਕ ਵੀ ਬਹਿਸਾਂ ਵਿਚ ਹਿੱਸਾ ਲੈ ਚੁੱਕੇ ਹਨ ਪਰ ਇਹ ਮਸਲਾ ਉਦੋਂ ਹੀ ਭਖ਼ਦਾ ਹੈ ਜਦੋਂ ਅਖ਼ਬਾਰਾਂ ਵਿਚ ਕਿਸੇ ਬੰਦੇ ਦੀ ਫ਼ਾਂਸੀ ਦੀ ਸਜ਼ਾ ਦੇ ਹੁਕਮ ਬਾਰੇ ਖ਼ਬਰਾਂ ਛਪਦੀਆਂ ਹਨ। ਇਸ ਦੇ ਟਲ ਜਾਣ ਤੋਂ ਬਾਅਦ ਬਹਿਸ ਵੀ ਬੰਦ ਹੀ ਹੋ ਜਾਂਦੀ ਹੈ। ਵਿਹਾਰਕ ਪੱਖ ਤੋਂ ਅਸੀਂ ਜੇਲਾਂ ਦੇ ਅਧਿਕਾਰੀਆਂ ਵੱਲੋਂ ਅਸਮਰੱਥਾ ਪ੍ਰਗਟਾਏ ਜਾਣ ਦੀਆਂ ਖ਼ਬਰਾਂ ਵੀ ਸੁਣਦੇ ਹਾਂ। ਇਹ ਪਰੇਸ਼ਾਨੀਆਂ ਹਕੀਕੀ ਹਨ। ਜਿਸ ਮੁਲਕ ਵਿਚ 20 ਸਾਲ ਤੋਂ ਕਦੇ ਫ਼ਾਂਸੀ ਨਹੀਂ ਦਿੱਤੀ ਗਈ, ਉੱਥੇ ਇਸ ਦੀ ਪੱਕੀ ਵਿਵਸਥਾ ਨਹੀਂ ਹੋ ਸਕਦੀ। ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਜੇਲ ਅਧਿਕਾਰੀਆਂ ਵੱਲੋਂ ਪਰੇਸ਼ਾਨੀਆਂ ਦਰਸਾਏ ਜਾਣ ਦੇ ਕਾਰਨਾਂ ਵਿਚ ਇਨਸਾਨੀ ਮਾਨਸਿਕਤਾ ਦੇ ਤਰਕ ਵੀ ਹਨ।
ਸਾਡੇ ਵਿਚਾਰ ਕੁਝ ਵੀ ਹੋਣ, ਇਸ ਹਕੀਕਤ ਨੂੰ ਵਜ਼ਨ ਦੇਣ ਦੀ ਵੱਡੀ ਲੋੜ ਹੈ ਕਿ ਦੁਨੀਆਂ ਦੇ ਅੱਧੇ ਤੋਂ ਵੱਧ ਦੇਸ਼ਾਂ ਨੇ ਇਹ ਸਜ਼ਾ ਆਪਣੇ ਵਿਧਾਨਾਂ ਵਿਚੋਂ ਕਿਉਂ ਕੱਢੀ ਹੋਈ ਹੈ ਤੇ ਬਾਕੀ ਦੇ ਦੇਸ਼ਾਂ ਵਿਚੋਂ ਵੀ ਬਹੁਤੇ ਉਹ ਹਨ ਜਿਨ੍ਹਾਂ ਇਸ ਕਾਨੂੰਨ ਦੀ ਕਦੇ ਵਰਤੋਂ ਹੀ ਨਹੀਂ ਕੀਤੀ। ਆਖ਼ਿਰ ਉਨ੍ਹਾਂ ਦੇ ਕੀ ਤਰਕ ਹਨ? ਇਹ ਗੱਲ ਵਿਚਾਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਸਭ ਤੋਂ ਵੱਡੀ ਦਲੀਲ ਇਹ ਹੈ ਕਿ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਵਰਤਮਾਨ ਪੜਾਅ ਉੱਪਰ ਬੰਦੇ ਨੂੰ ਜਾਨੋ ਮਾਰਨਾ ਠੀਕ ਨਹੀਂ ਹੈ। ਇਹ ਅਣਮਨੁੱਖੀ ਵਰਤਾਰਾ ਹੈ। ਇਕ ਜਿਉਂਦੇ ਜਾਗਦੇ ਬੰਦੇ ਨੂੰ ਤਾਰੀਖ਼ ਤੇ ਵਕਤ ਮਿੱਥ ਕੇ ਸਮਾਜ ਵੱਲੋਂ ਹੀ ਜਾਨ ਤੋਂ ਮਾਰਨਾ ਸੱਭਿਅਕ ਮਿਆਰ ਦੇ ਬਿਲਕੁਲ ਉਲਟ ਹੈ। ਇਕ ਜਿਉਂਦੇ ਬੰਦੇ ਦੀ ਲਾਸ਼ ਹਾਸਲ ਕਰਨ ਵਾਸਤੇ ਜੇਲ ਦੇ ਬਾਹਰ ਰਿਸ਼ਤੇਦਾਰਾਂ ਦੀ ਭੀੜ ਹਿਰਦੇਵੇਦਕ ਤੇ ਅਣਮਨੁੱਖੀ ਜਾਪਦੀ ਹੈ। ਅੱਜ ਦੀ ਮਨੁੱਖੀ ਸੱਭਿਅਤਾ ਇਸ ਦੀ ਇਜਾਜ਼ਤ ਨਹੀਂ ਦਿੰਦੀ।
ਇਸ ਦੇ ਨਾਲ ਜੁੜਦਾ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਜਿਸ ਬੰਦੇ ਨੇ ਖ਼ੁਦ ਕਿਸੇ ਹੋਰ ਬੰਦੇ ਨੂੰ ਜਾਨੋਂ ਮਾਰਿਆ ਹੋਵੇ ਕੀ ਉਸ ਦਾ ਉਹ ਕੰਮ ਸੱਭਿਅਕ ਸੀ? ਨਹੀਂ, ਉਸ ਦਾ ਕੰਮ ਸੱਭਿਅਕ ਨਹੀਂ ਸੀ, ਉਸ ਦਾ ਕੰਮ ਗ਼ਲਤ ਸੀ। ਬੰਦੇ ਵੱਲੋਂ ਕਿਸੇ ਹੋਰ ਬੰਦੇ ਨੂੰ ਜਾਨੋਂ ਮਾਰਨ ਨਾਲੋਂ ਵੱਡਾ ਪਾਪ ਕੋਈ ਨਹੀਂ ਹੋ ਸਕਦਾ। ਇਸ ਲੜੀ ਦਾ ਸਭ ਤੋਂ ਪੁਖ਼ਤਾ ਸਵਾਲ ਇਹ ਹੈ ਕਿ ਜਿਹੜਾ ਬੰਦਾ ਕਿਸੇ ਹੋਰ ਇਨਸਾਨ ਦੇ ਜੀਣ ਦਾ ਹੱਕ ਖੋਹ ਲੈਂਦਾ ਹੈ ਕੀ ਆਪਣੇ ਜਿਉਣ ਦਾ ਹੱਕ ਰੱਖੇਗਾ? ਇਨਸਾਫ਼ ਦਾ ਤਕਾਜ਼ਾ ਸੱਚਮੁੱਚ ਇਹੀ ਹੈ ਕਿ ਉਸ ਦਾ ਆਪਣੇ ਜ਼ਿੰਦਾ ਰਹਿਣ ਦਾ ਹੱਕ ਨਹੀਂ ਰਹਿ ਜਾਂਦਾ ਪਰ ਇੱਥੇ ਹੀ ਸੱਭਿਅਕ ਸਮਾਜ ਦੀ ਮਜ਼ਬੂਰੀ ਹੈ ਕਿ ਉਹ ਬੰਦੇ ਨੂੰ ਜਾਨੋਂ ਨਹੀਂ ਮਾਰ ਸਕਦਾ।
ਇਸ ਹਾਲਤ ਵਿਚ ਸਮਾਜ ਦੇ ਸਾਹਮਣੇ ਇਕ ਹੀ ਤਰੀਕਾ ਹੈ ਕਿ ਅਜਿਹੇ ਬੰਦੇ ਨੂੰ ਜਾਨੋਂ ਤਾਂ ਨਾ ਮਾਰਿਆ ਜਾਵੇ,  ਉਸ ਨੂੰ ਸਿਰਫ਼ ਸਮਾਜ ਤੋਂ ਦੂਰ ਜੇਲ ਵਿਚ ਹੀ ਬੰਦ ਰੱਖਿਆ ਜਾ ਸਕਦਾ ਹੈ। ਅਜਿਹੀ ਹਾਲਤ ਵਿਚ ਬੰਦਾ ਸਰੀਰਕ ਤੌਰ 'ਤੇ ਹੀ ਜ਼ਿੰਦਾ ਰਹਿੰਦਾ ਹੈ, ਸਮਾਜਿਕ ਤੌਰ 'ਤੇ ਨਹੀਂ। ਬਹੁਤ ਲੋਕਾਂ ਦਾ ਇਹ ਮੰਨਣਾ ਹੈ ਕਿ ਉਮਰ ਕੈਦ ਫ਼ਾਂਸੀ ਨਾਲੋਂ ਵੱਡੀ ਸਜ਼ਾ ਹੈ ਕਿਉਂਕਿ ਇਸ ਵਿਚ ਬੰਦਾ ਇਕੋ ਝਟਕੇ ਨਾਲ ਖਤਮ ਨਹੀਂ ਹੁੰਦਾ, ਉਹ ਲੰਬੀ ਦੇਰ ਤੱਕ ਆਪਣੇ ਗੁਨਾਹਾਂ ਦੇ ਪਰਛਾਵੇਂ ਵਿਚ ਰਹਿੰਦਾ ਹੈ। ਅਮਰੀਕਾ ਦੀਆਂ ਕੁਝ ਰਿਆਸਤਾਂ ਜਿੱਥੇ ਮੌਤ ਦੀ ਸਜ਼ਾ ਖਤਮ ਹੈ, ਉੱਥੇ ਗੁਨਾਹਾਂ ਮੁਤਾਬਕ ਬੰਦੇ ਨੂੰ ਸੌ, ਡੇਢ ਸੌ ਜਾਂ ਦੋ ਸੌ ਸਾਲ ਦੀ ਕੈਦ ਸੁਣਾਈ ਜਾਂਦੀ ਹੈ।
ਜਿੰਨੀ ਦੇਰ ਇਨਸਾਨੀ ਸਮਾਜ ਵਿਚ ਹਿੰਸਾ ਮੌਜੂਦ ਹੈ, ਕਿਸੇ ਕਾਨੂੰਨੀ ਸਰਹੱਦ, ਡੈਮ ਜਾਂ ਪੁਲ ਦੀ ਰਾਖੀ ਵਾਸਤੇ, ਕਿਸੇ ਆਬਾਦੀ ਦੀਆਂ ਜਾਨਾਂ ਦੀ ਸੁਰੱਖਿਆ ਵਾਸਤੇ ਜਾਂ ਕਿਸੇ ਵੀ ਬੰਦੇ ਦੀ ਜਾਨ ਬਚਾਉਣ ਦੀ ਖਾਤਰ ਹਮਲਾਵਰ ਦਾ ਮਾਰਿਆ ਜਾਣਾ ਵਾਜਬ ਹੋਵੇਗਾ ਪਰ ਇਕ ਫੜੇ ਹੋਏ ਬੰਦੇ ਨੂੰ ਦਿਨ ਤੇ ਤਾਰੀਖ਼ ਮਿੱਥ ਕੇ, ਇਕ ਜਗ੍ਹਾ ਲਿਜਾ ਕੇ, ਮੌਤ ਦੇ ਤਰੀਕੇ ਵਰਤ ਕੇ ਅਤੇ ਇਨਸਾਨਾਂ ਦੀ ਇਕ ਟੀਮ ਦੇ ਸਾਹਮਣੇ ਇਕ ਹੋਰ ਇਨਸਾਨ ਨੂੰ ਹੁਕਮ ਦੇ ਕੇ ਉਸ ਨੂੰ ਜਾਨੋਂ ਮਾਰ ਦੇਣਾ ਇਨਸਾਨੀ ਤਹਿਜ਼ੀਬ ਦੇ ਅੱਜ ਦੇ ਮਿਆਰ ਦੇ ਸਪੱਸ਼ਟ ਤੌਰ 'ਤੇ ਵਿਰੁੱਧ ਹੈ। ਅੱਜ ਦੇ ਮਿਆਰ ਦਾ ਅਰਥ ਇਹ ਹੈ ਕਿ ਇਨਸਾਨੀ ਸੱਭਿਅਤਾ ਆਪਣਾ ਵਿਕਾਸ ਕਰਦੀ ਹੋਈ ਜਿੱਥੇ ਅੱਜ ਪਹੁੰਚੀ ਹੈ, ਇਹ ਉਸ ਦਾ ਮਾਪਦੰਡ ਹੈ। ਮੱਧਕਾਲ ਦੇ ਯੁੱਗ ਵਿਚ ਬੰਦਾ ਬੰਦੇ ਨੂੰ ਮਾਰਦਾ ਹੀ ਰਿਹਾ ਹੈ, ਲੜਾਈਆਂ ਵਿਚ ਵੀ ਤੇ ਫੜ ਕੇ ਵੀ। ਬੰਦੇ ਦੇ ਟੋਟੇ-ਟੋਟੇ ਕਰਨਾ, ਜਿਉਂਦਿਆਂ ਸਾੜਨਾ, ਕੋਹਲੂ ਵਿਚ ਪੀੜਨਾ, ਜਾਨਵਰਾਂ ਅੱਗੇ ਸੁੱਟਣਾ ਸਭ ਤਰ੍ਹਾਂ ਦੀ ਵਹਿਸ਼ਤ ਦੁਨੀਆਂ ਦੇ ਕੋਨੇ-ਕੋਨੇ ਵਿਚ ਵਾਪਰੀ ਹੈ। ਅੱਜ ਦੇ ਸਮੇਂ ਇਤਿਹਾਸ ਦੇ ਉਹ ਕਾਲੇ ਸਫ਼ੇ ਨਹੀਂ ਦੁਹਰਾਏ ਜਾਣੇ ਚਾਹੀਦੇ।
ਮੌਤ ਦੀ ਸਜ਼ਾ ਨਾਲ ਪੀੜਤ ਪਰਿਵਾਰ ਨੂੰ ਰਾਹਤ ਦਾ ਅਹਿਸਾਸ ਵੀ ਸੱਭਿਅਤਾ ਨਾਲ ਮੇਲ ਨਹੀਂ ਖਾਂਦਾ। ਫਿਰ ਕਿਸੇ ਵੀ ਤਰ੍ਹਾਂ ਦੀ ਸਜ਼ਾ ਨਾਲ ਗ਼ੁਨਾਹਗਾਰ ਨੂੰ ਉਹ ਪੀੜਾ ਨਹੀਂ ਦਿੱਤੀ ਜਾ ਸਕਦੀ ਜੋ ਉਸ ਨੇ ਆਪਣੇ ਪੀੜਤ ਜਾਂ ਉਸ ਦੇ ਪਰਿਵਾਰ ਨੂੰ ਪਹੁੰਚਾਈ ਹੁੰਦੀ ਹੈ। ਹਾਂ ਇਸ ਦਾ ਮਤਲਬ ਮੁਆਫ਼ ਕਰ ਦੇਣਾ ਤੇ ਭੁੱਲ ਜਾਣਾ ਨਹੀਂ ਹੈ। ਹਿੰਸਕ ਗ਼ੁਨਾਹਗਾਰ ਨੂੰ ਸਜ਼ਾ ਦੇਣਾ ਬਹੁਤ ਜ਼ਰੂਰੀ ਹੈ। ਸਖ਼ਤ ਤੋਂ ਸਖ਼ਤ ਸਜ਼ਾ ਵੀ ਹੋ ਸਕਦੀ ਹੈ ਪਰ ਅੱਜ ਦੀ ਇਨਸਾਨੀ ਸੱਭਿਅਤਾ ਕਿਸੇ ਨੂੰ ਟੋਟੇ ਟੋਟੇ ਕਰਨਾ, ਜਿਉਂਦਿਆਂ ਸਾੜਨਾ ਹੀ ਨਹੀਂ ਸਗੋਂ ਜਾਨੋਂ ਮਾਰਨਾ ਵੀ ਨਹੀਂ ਸੋਚ ਸਕਦੀ। ਇਸ ਦੇ ਬਹੁਤ ਬਦਲ ਹੋ ਸਕਦੇ ਹਨ। ਇਕ ਸੁਝਾਅ ਹੈ ਕਿ ਉਮਰ ਕੈਦ ਨੂੰ ਅਠਾਰਾਂ ਜਾਂ ਵੀਹ ਸਾਲ ਦਾ ਤਸੱਵਰ ਤੇ ਪੈਰੋਲ ਦੀਆਂ ਸਾਲਾਨਾ ਛੁੱਟੀਆਂ ਵੀ ਛੱਡ ਕੇ ਜਿਸ ਤਰ੍ਹਾਂ ਫ਼ਾਂਸੀ ਦੀ ਸਜ਼ਾ ਵਿਚ ਲਿਖਿਆ ਜਾਂਦਾ ਹੈ 'ਟਿੱਲ ਡੈਥ', ਉਮਰ ਕੈਦ ਵਿਚ ਵੀ 'ਟਿੱਲ ਡੈਥ' ਜੇਲ੍ਹ ਵਿਚ ਰੱਖਣ ਦੀ ਵਿਵਸਥਾ ਕੀਤੀ ਜਾਵੇ। ਭਾਵੇਂ ਦੋਸ਼ੀ ਵਾਸਤੇ ਇਹ ਸਜ਼ਾ ਫ਼ਾਂਸੀ ਨਾਲੋਂ ਜ਼ਿਆਦਾ ਤਕਲੀਫ਼ਦੇਹ ਲਗਦੀ ਹੋਵੇ ਪਰ ਅੱਜ ਦਾ ਸਮਾਜ ਇਸ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦਾ ਤੇ ਇਹੀ ਮੌਤ ਦੀ ਸਜ਼ਾ ਹੋ ਸਕਦੀ ਹੈ।
ਸਜ਼ਾਵਾਂ ਬਾਰੇ ਇਕ ਧਾਰਨਾ ਇਹ ਹੈ ਕਿ ਇਸ ਨਾਲ ਹੋਰ ਲੋਕਾਂ ਨੂੰ ਚੇਤਾਵਨੀ ਮਿਲ ਜਾਂਦੀ ਹੈ ਤੇ ਉਹ ਗ਼ੁਨਾਹਾਂ ਤੋਂ ਦੂਰ ਰਹਿੰਦੇ ਹਨ। ਗ਼ੁਨਾਹਗਾਰਾਂ ਨੂੰ ਸਜ਼ਾਵਾਂ ਮਿਲਣੀਆਂ ਤਾਂ ਜ਼ਰੂਰੀ ਹਨ ਤੇ ਇਹ ਮਿਲਣੀਆਂ ਹੀ ਚਾਹੀਦੀਆਂ ਹਨ ਪਰ ਇਹ ਸਮਾਜ ਵਿਚ ਗ਼ੁਨਾਹਾਂ ਨੂੰ ਰੋਕਣ ਵਿਚ ਸਹਾਈ ਨਹੀਂ ਹੋ ਰਹੀਆਂ। ਇਸ ਦਾ ਵੱਡਾ ਕਾਰਨ ਇਹ ਹੈ ਕਿ ਲਗਪਗ ਹਰੇਕ ਗ਼ੁਨਾਹਗਾਰ ਸਮਝਦਾ ਹੈ ਕਿ ਉਹ ਫੜਿਆ ਨਹੀਂ ਜਾ ਸਕਦਾ। ਆਪਣੇ ਤੌਰ 'ਤੇ ਉਹ ਇਸ ਗੱਲ ਦਾ ਇੰਤਜ਼ਾਮ ਕਰਦਾ ਹੈ ਤੇ ਪੂਰਾ ਯਕੀਨ ਵੀ ਰੱਖਦਾ ਹੈ। ਇਸ ਵਾਸਤੇ ਜੇ ਫੜੇ ਹੀ ਨਹੀਂ ਜਾਣਾ ਤਾਂ ਸਜ਼ਾ ਦੇ ਘੱਟ ਵੱਧ ਦਾ ਕੋਈ ਫ਼ਰਕ ਨਹੀਂ।
ਸਮਾਜ ਦਾ ਵੱਡਾ ਹਿੱਸਾ ਉਹ ਲੋਕ ਹਨ ਜੋ ਕਦੇ ਚੋਰੀ ਨਹੀਂ ਕਰਦੇ, ਜੇਬ ਨਹੀਂ ਕੱਟਦੇ ਤੇ ਕਿਸੇ ਦਾ ਕਤਲ ਨਹੀਂ ਕਰਦੇ। ਸਵਾਲ ਇਹ ਹੈ ਕਿ ਕੀ ਇਹ ਸਭ ਸਜ਼ਾਵਾਂ ਤੋਂ ਡਰਦੇ ਹੀ ਅਜਿਹਾ ਨਹੀਂ ਕਰਦੇ? ਨਹੀਂ, ਇਹ ਲੋਕ ਇਨ੍ਹਾਂ ਕੰਮਾਂ ਨੂੰ ਬਹੁਤ ਬੁਰਾ ਸਮਝਦੇ ਹਨ। ਸੰਸਾਰ ਨੂੰ ਗ਼ੁਨਾਹਾਂ ਤੋਂ ਮੁਕਤ ਬਣਾਉਣ ਦਾ ਆਖ਼ਰੀ ਤਰੀਕਾ ਇਹੀ ਹੈ ਕਿ ਸਾਰੇ ਲੋਕ ਸੋਚਣ ਕਿ ਇਹ ਕੰਮ ਬਹੁਤ ਗ਼ਲਤ ਹਨ ਤੇ ਨਹੀਂ ਕਰਨੇ। ਹਾਂ ਮੁਕੱਦਮਿਆਂ ਤੇ ਸਜ਼ਾਵਾਂ ਮੌਕੇ ਲੋਕਾਂ ਸਾਹਮਣੇ ਗ਼ੁਨਾਹਾਂ ਦੀ ਕ੍ਰਿਤਘਣਤਾ ਤੇ ਨੀਚਤਾ ਸਾਹਮਣ ਆਉਂਦੀ ਹੈ। ਸਜ਼ਾਵਾਂ ਦਾ ਸਿਰਫ਼ ਇਹੀ ਹਾਂ-ਪੱਖੀ ਪਹਿਲੂ ਹੈ।
ਇਹ ਕਹਿਣਾ ਕਿ ਅੱਤਵਾਦ ਰੋਕਣ ਵਾਸਤੇ ਮੌਤ ਦੀ ਸਜ਼ਾ ਜ਼ਰੂਰੀ ਹੈ, ਬਿਲਕੁਲ ਗ਼ਲਤ ਹੈ। ਬਹੁਤ ਵੱਡੇ ਤੇ ਤਿੱਖੇ ਪ੍ਰਚਾਰ ਦੇ ਅਸਰ ਹੇਠ ਹੋਣ ਵਾਲੀਆਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਸਜ਼ਾਵਾਂ ਦੇ ਖੌਫ਼ ਨਾਲ ਨਹੀਂ ਰੁਕ ਸਕਦੀਆਂ। ਜਿਹੜੇ ਵਿਅਕਤੀ ਆਤਮਘਾਤੀ ਦਸਤਿਆਂ ਵਿਚ ਸ਼ਾਮਲ ਹਨ ਤੇ ਆਪਣੇ ਸਰੀਰ ਨਾਲ ਬਾਰੂਦ ਬੰਨ੍ਹ ਕੇ ਦੂਜਿਆਂ ਦੀ ਜਾਨ ਲੈਣ 'ਤੇ ਉਤਾਰੂ ਹੁੰਦੇ ਹਨ, ਉਨ੍ਹਾਂ ਨੂੰ ਮੌਤ ਦੀ ਸਜ਼ਾ ਨਹੀਂ ਡਰਾ ਸਕਦੀ। ਇਸ ਦੀ ਰੋਕਥਾਮ ਵਾਸਤੇ ਸਭ ਤੋਂ ਪਹਿਲਾਂ ਉਸ ਪ੍ਰਚਾਰ ਦਾ ਜਬਰਦਸਤ ਤੋੜ ਜ਼ਰੂਰੀ ਹੈ ਜਿਸ ਦੇ ਤਹਿਤ ਇਹ ਹਿੰਸਕ ਗ਼ੁਨਾਹ ਕਰਦੇ ਹਨ। ਵਿਰੋਧ ਦੀਆਂ ਗੱਲਾਂ ਰੱਖਣ ਤੇ ਇਨਸਾਫ਼ ਵਾਸਤੇ ਜਮਹੂਰੀ ਤਰੀਕਿਆਂ ਦੀ ਆਸਥਾ ਮਜ਼ਬੂਤ ਕਰਨੀ ਹੋਵੇਗੀ।
ਅੱਤਵਾਦ ਜਾਂ ਦਹਿਸ਼ਤਗਰਦੀ ਦਾ ਮਤਲਬ ਸਿਰਫ਼ ਇਕੋ ਹੈ। ਇਹ ਜਮਹੂਰੀਅਤ ਖਿਲਾਫ਼ ਹਿੰਸਾ ਦਾ ਸਹਾਰਾ ਹੈ। ਸਮਾਜ ਵਿਚ ਇਸ ਪ੍ਰਤੀ ਘੋਰ ਨਫ਼ਰਤ ਦਾ ਜਜ਼ਬਾ ਹੀ ਇਸ ਦਾ ਤੋੜ ਹੈ। ਅਜਿਹੇ ਹਾਲਾਤ ਬਣਾਉਣਾ ਮਕਸਦ ਹੋਣਾ ਚਾਹੀਦਾ ਹੈ ਜਿਸ ਵਿਚ ਕਤਲ ਤੇ ਹਰ ਪ੍ਰਕਾਰ ਦੀ ਹਿੰਸਾ ਨੂੰ ਨਾ ਸੋਚੇ ਜਾ ਸਕਣ ਵਾਲ ਘਿਣਾਉਣਾ ਪਾਪ ਤਸੱਵਰ ਕੀਤਾ ਜਾਵੇ। ਮੌਤ ਦੀ ਸਜ਼ਾ ਖਤਮ ਕਰਨ ਨਾਲ ਇਸ ਮਾਹੌਲ ਦੀ ਤਾਮੀਰ ਵਿਚ ਮਦਦ ਮਿਲੇਗੀ ਕਿ ਇਨਸਾਨੀ ਤਹਿਜ਼ੀਬ ਵਿਚ ਬੰਦੇ ਵੱਲੋਂ ਬੰਦੇ ਦੀ ਜਾਨ ਲੈਣਾ ਘਿਣਾਉਣਾ ਗ਼ੁਨਾਹ ਹੈ, ਪਾਪ ਹੈ। ਇਸ ਸੱਭਿਅਕ ਸਮਾਜ ਵਿਚ ਕਾਤਲ ਦਾ ਕਤਲ ਵੀ ਪਾਪ ਹੈ।
ਅਭੈ ਸਿੰਘ