ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੌਮੀ ਏਕਤਾ ਬਣਾਈ ਰੱਖਣ ਦੀ ਲੋੜ


ਸਿੱਖ ਕੌਮ ਵਰਗਾ ਜ਼ਜਬਾ, ਸ਼ਰਧਾ ਅਤੇ ਵਿਸ਼ਵਾਸ ਇਸ ਦੁਨੀਆਂ 'ਤੇ ਕਿਸੇ ਹੋਰ ਕੌਮ ਕੋਲ ਸ਼ਾਇਦ ਹੀ ਹੋਵੇ, ਇਸ ਦੀ ਸ਼ਾਖਸਾਤ ਮਸਾਲ ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਦੁਨੀਆਂ ਭਰ ਵਿਚ ਹੋਏ ਪ੍ਰਤੀਕਰਮ ਤੋਂ ਦੇਖ ਲਈ ਹੈ। ਭਾਈ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਵਾਉਣ ਲਈ ਸਿੱਖਾਂ ਦੇ ਏਕੇ ਦੇ ਅਤੇ ਇਤਫਾਕ ਕੇ ਭਾਈ ਸਾਹਿਬ ਨੂੰ ਫਾਂਸੀ ਦੇ ਤਖ਼ਤੇ ਤੋਂ ਵਾਪਸ ਲੈ ਆਂਦਾ ਹੈ। ਆਪਣੀ ਕੌਮ ਬਾਰੇ ਹਮੇਸ਼ਾ ਸੋਚਣ ਵਾਲੇ ਉਹਨਾਂ ਸਿੱਖਾਂ ਨੂੰ ਵੀ ਹੌਂਸਲਾ ਹੋ ਗਿਆ ਹੈ ਜਿਹੜੇ ਚਿੰਤਾ 'ਚ ਸਨ ਕਿ ਕੌਮ ਦਾ ਭਵਿੱਖ ਕੀ ਹੋਵੇਗਾ? ਇਹ 'ਸਿੱਖ ਦਾਨਸਮੰਦ' ਸੋਚ ਰਹੇ ਸਨ ਕਿ ਅਸੀਂ ਅਗਲੀ ਪੀੜ੍ਹੀ ਨੂੰ ਸਿੱਖ ਕੌਮ ਕਿੰਨਾ ਹਾਲਾਤਾਂ ਵਿਚ ਸੌਂਪ ਕੇ ਜਾ ਰਹੇ ਹਾਂ? ਹੁਣ ਜਦੋਂ ਭਾਈ ਰਾਜੋਆਣਾ ਦੇ ਸਬੰਧ ਵਿਚ ਨਵੀਂ ਪੀੜ੍ਹੀ ਨੇ ਖੁਦ ਆਪਣੇ ਅੰਦਰਲਾ ਸਿੱਖੀ ਪ੍ਰੇਮ ਦਾ ਜ਼ਜਬਾ ਪ੍ਰਗਟ ਕੀਤਾ ਹੈ ਤਾਂ ਇਹਨਾਂ ਸੁਹਿਰਦ ਸੱਜਣਾਂ ਨੂੰ ਕੌਮ ਦੇ ਭਵਿੱਖ ਬਾਰੇ ਚਿੰਤਾ ਘਟੀ ਹੈ। ਨਵੀਂ ਪੀੜ੍ਹੀ ਕੌਮ ਦੇ ਭਵਿੱਖ ਤੇ ਜੇ ਆਪ ਵਿਸ਼ਲੇਸਨ ਕਰਨ ਲੱਗ ਪਈ ਹੈ ਤਾਂ ਇਹ ਕੌਮ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਇਸੇ ਜੱਦੋਜਹਿਦ ਵਿਚ ਗੁਰਦਾਸਪੁਰ ਚਿ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਨੌਜਵਾਨ ਭਾਈ ਜਸਪਾਲ ਸਿੰਘ ਦੀ ਕੁਰਬਾਨੀ ਨੇ ਵੀ ਨੌਜਵਾਨ ਵਰਗ ਵਿਚ ਚੇਤਨਤਾ ਪੈਦਾ ਕੀਤੀ ਹੈ। ਹੈਰਾਨੀ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਬਿਨਾਂ ਕਿਸੇ ਸਾਂਝੇ ਕੌਮੀ ਆਗੂ ਦੇ ਸਿੱਖਾਂ ਨੇ ਆਪਣੇ ਤੌਰ 'ਤੇ ਹੀ ਅਜਿਹੇ ਪ੍ਰੋਗਰਾਮਾਂ ਨੂੰ ਸਫਲਤਾ ਨਾਲ ਨੇਪਰੇ ਚਾੜ੍ਹਿਆ ਕਿ ਪੰਜਾਬ ਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਸਿੱਖਾਂ ਦੇ ਆਗੂ ਅਖਵਾਉਣ ਵਾਲੇ ਧਾਰਮਿਕ ਆਗੂ ਜਿਹੜੇ ਆਪਣੇ ਹੱਥੀਂ ਭਾਈ ਰਾਜੋਆਣਾ ਨੂੰ ਫਾਂਸੀ ਚੜ੍ਹਨ ਲਈ ਤਿਆਰ ਕਰ ਆਏ ਸਨ ਉਹਨਾਂ ਨੂੰ ਵੀ ਇਹ ਪ੍ਰਤੀਤ ਹੋਣ ਲੱਗ ਪਿਆ ਕਿ ਜੇ ਅਸੀਂ ਇਸ ਮੌਕੇ ਆਪਣੀ ਚੌਧਰ ਘੋਟਨ ਦੀ ਕੋਸ਼ਿਸ਼ ਕੀਤੀ ਤਾਂ ਕੌਮ ਨੇ ਉਹਨਾਂ ਨੂੰ ਸਦਾ ਲਈ ਨਕਾਰਾ ਕਰ ਦੇਣਾ ਹੈ। ਕੌਮ ਨੂੰ ਆਪਣੇ ਤੌਰ 'ਤੇ ਫੈਸਲਾ ਨਾ ਲੈਣ ਦੇ ਆਦੇਸ਼ ਵੀ ਜਦੋਂ ਫੇਲ ਹੋ ਗਏ ਤਾਂ ਉਹਨਾਂ ਨੇ ਵੀ ਸਿੱਖ ਜ਼ਜਬੇ ਦੀ ਕਦਰ ਕਰਨ ਵਿਚ ਹੀ ਆਪਣਾ ਭਲਾ ਸਮਝਿਆ। ਪੂਰੀ ਸਿੱਖ ਕੌਮ ਜਿਹੜੀ ਕਿ ਪੰਜਾਬ ਸਰਕਾਰ ਨੂੰ ਭਾਈ ਰਾਜੋਆਣਾ ਦੀ ਫਾਂਸੀ ਰੋਕਣ ਲਈ ਉਸ ਦਿਨ ਤੋਂ ਹੀ ਅਪੀਲਾਂ ਕਰ ਰਹੀ ਸੀ ਜਿਸ ਦਿਨ ਪਟਿਆਲਾ ਦੀ ਅਦਾਲਤ ਨੇ ਉਹਨਾਂ ਦੀ ਫਾਂਸੀ ਦਾ ਦਿਨ ਤਹਿ ਕਰ ਦਿੱਤਾ ਸੀ ਪਰ ਇਹਨਾਂ ਅਪੀਲਾਂ ਦਾ ਸਰਕਾਰ 'ਤੇ ਕੋਈ ਅਸਰ ਦਿਖਾਈ ਨਹੀਂ ਸੀ ਦੇ ਰਿਹਾ। ਹੁਣ ਵੇਲਾ ਉਹ ਆ ਗਿਆ ਜਦੋਂ ਪੰਜਾਬ ਸਰਕਾਰ ਅਤੇ ਧਾਰਮਿਕ ਸਿੱਖ ਆਗੂ ਕਿਸੇ ਨਾ ਕਿਸੇ ਬਹਾਨੇ ਡੰਗ-ਟਪਾਊ ਨੀਤੀ ਤਹਿਤ ਫਾਂਸੀ ਦਾ ਦਿਨ ਨੇੜੇ ਕਰ ਰਹੇ ਸਨ ਇਸੇ ਸਮੇਂ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੇ ਉਬਾਲਾ ਖਾਧਾ ਸਿਰਫ਼ ਦੋ ਦਿਨਾਂ ਵਿਚ ਹੀ ਪੂਰਾ ਪੰਜਾਬ ਕੇਸਰੀ ਰੰਗ ਵਿਚ ਰੰਗਿਆ ਗਿਆ। ਕੇਸਰੀ ਦਸਤਾਰਾਂ ਸਜਾ ਕੇ, ਕੇਸਰੀ ਝੰਡੀਆਂ ਲੈ ਕੇ ਰੋਸ ਮਾਰਚਾਂ ਦਾ ਇਕ ਹੜ੍ਹ ਲੈ ਆਂਦਾ ਇਸ ਮੁਹਿੰਮ ਵਿਚ ਵਿਦੇਸ਼ਾਂ 'ਚ ਵਸਦੇ ਸਿੱਖਾਂ ਨੇ ਵੀ ਭਰਵਾਂ ਰੋਲ ਨਿਭਾਇਆ। ਸਿੱਖੀ ਦੇ ਇਸ ਜ਼ਜਬੇ ਨੇ ਪੰਜਾਬ ਸਰਕਾਰ ਅਤੇ ਧਾਰਮਿਕ ਆਗੂਆਂ ਨੂੰ ਬੇਚੈਨ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਤੁਰੰਤ ਦਿੱਲੀ ਨੂੰ ਰਵਾਨਾ ਹੋ ਗਏ ਅਤੇ ਦੇਸ਼ ਦੀ ਰਾਸ਼ਟਰਪਤੀ ਤੱਕ ਦਬਾਅ ਬਣਾ ਕੇ 31 ਮਾਰਚ ਨੂੰ ਦਿੱਤੀ ਜਾਣ ਵਾਲੀ ਫਾਂਸੀ 'ਤੇ ਸਟੇਅ ਆਰਡਰ ਕਰਵਾ ਲਏ। ਹਮੇਸ਼ਾ ਬਹੁਗਿਣਤੀ ਦੇ ਪੱਖ 'ਚ ਭੁਗਤਣ ਵਾਲਾ ਦੇਸ਼ ਦਾ ਕਾਨੂੰਨ ਸਿੱਖਾਂ ਦਾ ਮੂੰਹ ਦੇਖਦਾ ਰਹਿ ਗਿਆ।
ਹਰ ਰੋਜ਼ ਸੋਗੀ ਖ਼ਬਰਾਂ ਪੜ੍ਹਨ ਸੁਣਨ ਵਾਲੀ ਸਿੱਖ ਕੌਮ ਨੂੰ ਲੰਮੇ ਸਮੇਂ ਤੋਂ ਬਾਅਦ ਆਪਣੀ ਜਿੱਤ 'ਤੇ ਖੁਸ਼ੀ ਮਹਿਸੂਸ ਹੋਈ ਖਾਸਕਰ ਸਿੱਖਾਂ ਦੀ ਯੁਵਕ ਪੀੜ੍ਹੀ ਦੇ ਹੌਂਸਲੇ ਬੁਲੰਦ ਹੋ ਗਏ। ਭਾਵੇਂ ਅਜੇ ਇਹ ਮੁਹਿੰਮ ਪੂਰੀ ਫਤਹਿ ਨਹੀਂ ਹੋਈ ਅਤੇ ਭਾਈ ਰਾਜੋਆਣਾ ਨੂੰ ਜੇਲ੍ਹ 'ਚੋਂ ਬਾਹਰ ਕੱਢਣ ਤੱਕ ਜਾਰੀ ਰੱਖੀ ਜਾਣ ਦੀ ਲੋੜ ਹੈ ਪਰ ਫਿਰ ਵੀ ਇਥੋਂ ਤੱਕ ਚਲਾਈ ਗਈ ਮੁਹਿੰਮ ਦੀ ਵੀ ਪ੍ਰਸੰਸਾ ਕਰਨੀ ਬਣਦੀ ਹੈ। ਹੁਣ ਤੱਕ ਦੇ ਹਾਸਲ ਵਿਚੋਂ ਕੌਮ ਨੂੰ ਜਿਹੜਾ ਸੰਦੇਸ਼ ਮਿਲਦਾ ਹੈ ਉਹ ਇਹ ਹੈ ਕਿ ਕੌਮ ਪ੍ਰਾਪਤੀਆਂ ਲਈ ਸਿੱਖਾਂ ਨੂੰ ਇਸੇ ਤਰ੍ਹਾਂ ਇਕ ਝੰਡੇ ਹੇਠ ਇਕੱਠੇ ਰਹਿਣਾ ਬਹੁਤ ਜ਼ਰੂਰੀ ਹੈ। ਭਾਈ ਰਾਜੋਆਣਾ ਦੇ ਪੱਖ 'ਚ ਚਲਾਈ ਲਹਿਰ ਵਾਂਗ ਜੇ ਸਿੱਖ ਆਪਣੀਆਂ ਸਿਆਸੀ ਪਾਰਟੀਆਂ ਨੂੰ ਅਜੇ ਛੱਡ ਦੇਣ ਦੇ ਹਾਲਤ ਵਿਚ ਨਹੀਂ ਹਨ ਤਾਂ ਵੀ ਉਹਨਾਂ ਨੂੰ ਕੌਮ ਦੀ ਭਲਾਈ ਲਈ ਇਕ ਕੇਸਰੀ ਝੰਡੇ ਧੱਲੇ ਇਕੱਠੇ ਹੋਣ ਦੀ ਜ਼ਰੂਰਤ ਅਤਿ ਜ਼ਰੂਰੀ ਹੈ। ਦੂਸਰੀ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਉਹ ਇਹ ਕਿ ਹੁਣ ਕੌਮ ਨਿੱਤ-ਨਿੱਤ ਦੇ ਧੱਫਿਆਂ ਤੋਂ ਅੱਕ ਚੁੱਕੀ ਹੈ। ਉਸ ਨੂੰ ਇਸ ਸਮੇਂ ਕੋਈ ਅਜਿਹੇ ਸਿੱਖ ਆਗੂ ਦੀ ਜ਼ਰੂਰਤ ਹੈ ਜਿਹੜਾ ਆਪਾ ਵਾਰ ਕੇ ਵੀ ਕੌਮ ਦੀ ਭਲਾਈ ਸੋਚਣ ਲਈ ਪਹਿਲ ਦੇਵੇ। ਸਿੱਖਾਂ ਦਾ ਭਾਈ ਰਾਜੋਆਣਾ ਨੂੰ ਉਹਨਾਂ ਦੇ ਲਿਖਤੀ ਸੰਦੇਸ਼ ਦੇ ਬਾਵਜੂਦ ਬਚਾਉਣ ਲਈ ਇਕੱਠੇ ਹੋਣਾ ਵੀ ਇਹ ਦੱਸਦਾ ਹੈ ਕਿ ਕੌਮ ਨੇ ਉਹਨਾਂ ਦੇ ਵਿਚਾਰਾਂ 'ਚੋਂ ਇਕ ਅਜਿਹੇ ਆਗੂ ਦੀ ਤਸਵੀਰ ਦੇਖੀ ਹੈ ਜੋ ਗੁਰੂ ਸਾਹਿਬਾਨਾਂ ਦੇ ਸਿਧਾਂਤ ਤਹਿਤ 'ਪੰਥ ਵਸੇ ਮੈਂ ਉਜੜਾ' ਦਾ ਧਾਰਨੀ ਹੋਵੇ। ਹੁਣ ਤਾਂ ਇਹ ਸਮਝ ਪੈਦਾ ਹੀ ਹੈ ਕਿ ਪੂਰੀ ਕੌਮ ਸਾਡੇ ਮੌਜੂਦਾ ਧਾਰਮਿਕ ਜਾਂ ਰਾਜਨੀਤਕ ਆਗੂਆਂ ਨੂੰ ਪਸੰਦ ਨਹੀਂ ਕਰਦੀ ਜੇ ਇਸ ਸਮੇਂ ਕੋਈ ਵੀ ਪੰਥਕ ਅਖਵਾਉਂਦਾ ਆਗੂ ਸਪੱਸ਼ਟ ਅਤੇ ਨਿਰਮਲ ਨੀਤੀ ਨਾਲ ਕੌਮ ਦੀ ਅਗਵਾਈ ਲਈ ਅੱਗੇ ਆ ਸਕਦਾ ਹੈ ਤਾਂ ਪੂਰੀ ਕੌਮ ਦੇ ਦਰਦਮੰਦ ਸਿੱਖ ਉਸ ਦੀ ਅਗਵਾਈ ਕਬੂਲ ਕਰ ਲੈਣਗੇ। ਭਾਈ ਬਲਵੰਤ ਸਿੰਘ ਰਾਜੋਆਣਾ ਵਿਚ ਬੱਸ ਇਹ ਗੱਲ ਹੀ ਬਾਕੀ ਲੀਡਰਾਂ ਨਾਲੋਂ ਨਿਵੇਕਲੀ ਹੈ ਜਦੋਂ ਉਹ ਕਹਿੰਦਾ ਹੈ ਕਿ ''ਖਾਲਸਾ ਜੀ ਮੈਂ ਫਾਂਸੀ ਚੜ੍ਹ ਕੇ ਕੌਮ ਦਾ ਮਾਣ ਵਧਾਉਣਾ ਹੈ'' ਪੂਰੀ ਕੌਮ ਉਸ ਦੇ ਇਹਨਾਂ ਬੋਲਾਂ ਨਾਲ ਝੰਜੋੜੀ ਜਾਂਦੀ ਹੈ ਕਿ ਕੋਈ ਸਿੱਖ ਸ਼ਖਸੀਅਤ ਅਜਿਹੀ ਵੀ ਹੈ ਜੋ ਆਪਾ ਵਾਰ ਕੇ ਕੌਮ ਦਾ ਮਾਣ ਵਧਾਉਣ ਲਈ ਤਤਪਰ ਹੈ। ਫਿਰ ਸਾਰੀ ਦੁਨੀਆਂ 'ਚ ਵਸਦੀ ਸਿੱਖ ਕੌਮ ਅਜਿਹੀ ਸ਼ਖਸੀਅਤ ਨੂੰ ਗਵਾਉਣਾ ਨਹੀਂ ਚਾਹੁੰਦੀ। ਉਸ ਦੇ ਇਕ ਬੋਲ 'ਤੇ ਦੇਸ਼ ਵਿਦੇਸ਼ ਦੀ ਧਰਤੀ ਨੂੰ ਕੇਸਰੀ ਰੰਗ ਵਿਚ ਰੰਗ ਸਕਦੀ ਹੈ। ਇਨਾਂ ਹੀ ਨਹੀਂ ਸਗੋਂ ਕੌਮ ਵਿਰੋਧੀ ਬਹੁਗਿਣਤੀ ਸੰਗਠਨਾਂ ਵੱਲੋਂ ਇਸ ਸ਼ਖਸੀਅਤ ਦੇ ਪੁਤਲੇ ਸਾੜਨ ਨੂੰ ਵੀ ਬਰਦਾਸ਼ਤ ਕਰਨਾ ਉਹਨਾਂ ਨੂੰ ਚੁਭਦਾ ਹੈ ਜਿਸ ਨੂੰ ਰੋਕਣ ਲਈ ਉਹ ਆਪਣੀਆਂ ਜਵਾਨੀਆਂ ਭੇਟ ਕਰਨੋਂ ਗੁਰੇਜ਼ ਨਹੀਂ ਕਰਦੀ।
ਸੋ ਅੰਤ ਵਿਚ ਫਿਰ ਉਸ ਵਿਚਾਰ ਵੱਲ ਹੀ ਮੁੜਦੇ ਹਾਂ ਕਿ ਇਸ ਸਮੇਂ ਕੌਮ ਨੂੰ ਭਾਈ ਰਾਜੋਆਣਾ ਵਰਗੇ ਅਜਿਹੇ ਆਗੂਆਂ ਦੀ ਬਹੁਤ ਲੋੜ ਹੈ ਜਿਸ ਦੀ ਅਗਵਾਈ ਵਿਚ ਪੂਰੀ ਕੌਮ ਪੰਥ ਦੀ ਚੜ੍ਹਦੀ ਕਲਾ ਲਈ ਮੁਹਿੰਮ ਸ਼ੁਰੂ ਕਰ ਸਕੇ। ਜਿਸ ਦੀ ਕਹਿਣੀ-ਕਰਨੀ ਇਕ ਹੋਵੇ। ਇਸ ਦੇ ਨਾਲ ਹੀ ਹੁਣ ਨਵੀਂ ਪੈਦਾ ਹੋਈ ਸਿੱਖ ਲਹਿਰ ਨੂੰ ਚਲਦੀ ਰੱਖਣਾ ਬੜਾ ਜ਼ਰੂਰੀ ਹੋ ਗਿਆ ਹੈ। ਜਿਨਾਂ ਚਿਰ ਕੌਮ ਨੂੰ ਕੋਈ ਕੌਮਪ੍ਰਸਤ ਆਗੂ ਨਹੀਂ ਮਿਲ ਜਾਂਦਾ ਉਨਾਂ ਸਮਾਂ ਸਿੱਖਾਂ ਨੂੰ ਹਰ ਥਾਂ ਆਪਣੇ ਤੌਰ 'ਤੇ ਹੀ ਅੱਜ ਵਰਗੇ ਯਤਨ ਚਾਲੂ ਰੱਖਣੇ ਬਹੁਤ ਜ਼ਰੂਰੀ ਹਨ। ਅਖੀਰ ਨੂੰ ਕੌਮ ਨਵੀਂ ਅੰਗੜਾਈ ਲੈ ਕੇ ਆਪਦੇ ਸਿਧਾਂਤਾਂ ਨੂੰ ਸਮਾਜਿਕ ਸਰੋਕਾਰਾਂ ਲਈ ਪੱਕੇ ਰਾਹਾਂ 'ਤੇ ਚੱਲਣ ਦੇ ਸਮਰੱਥ ਬਣਾ ਲਏਗੀ ਪਰ ਇਸ ਸਮੇਂ ਦੀ ਉਡੀਕ ਅਸੀਂ ਤਾਂ ਹੀ ਰੱਖ ਸਕਾਂਗੇ ਜੇ ਹੁਣ ਅਸੀਂ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਕੁਝ ਵੱਧ ਵੀ ਕਰਕੇ ਦਿਖਾ ਸਕੀਏ।