ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੇਟ ਵਿਚ ਪਾਣੀ ਜਮ੍ਹਾਂ ਹੋਣਾ (ਐਸਾਇਟਿਸ)


ਪੇਟ ਵਿਚ ਪਾਣੀ ਜਮ੍ਹਾਂ ਹੋਣ ਦੇ ਕਈ ਮਰੀਜ਼ ਆਉਂਦੇ ਹਨ। ਤੁਸੀਂ ਵੀ ਵੇਖੇ ਹੋਣਗੇ; ਜਾਂ ਸ਼ਾਇਦ ਤੁਹਾਡੇ ਕਿਸੇ ਜਾਣ-ਪਛਾਣ ਵਾਲੇ ਜਾਂ ਰਿਸ਼ਤੇਦਾਰ ਨੂੰ ਇਸ ਤਰ੍ਹਾਂ ਦੀ ਸਮੱਸਿਆ ਨਾਲ ਵੇਖਿਆ ਹੋਵੇਗਾ; ਜਾਂ ਕਦੀ ਤੁਸੀਂ ਆਪਣੇ ਕਿਸੇ ਸਬੰਧੀ ਦਾ ਹਸਪਤਾਲ ਪਤਾ ਲੈਣ ਗਏ ਹੋਵੋਗੇ ਜਿੱਥੇ ਇਸ ਤਰ੍ਹਾਂ ਦਾ ਕੋਈ ਰੋਗੀ ਵੇਖਿਆ ਹੋਵੇਗਾ। ਜੀ ਹਾਂ! ਪੇਟ ਵਿਚ ਜਮ੍ਹਾਂ ਹੋਏ ਪਾਣੀ ਵਾਲੇ ਮਰੀਜ਼ ਬੜੀ ਤਕਲੀਫ਼ ਵਿਚ ਹੁੰਦੇ ਹਨ, ਸਾਹ ਲੈਣਾ ਵੀ ਮੁਹਾਲ ਹੁੰਦਾ ਹੈ ਉਨ੍ਹਾਂ ਦਾ। ਤਕਨੀਕੀ ਤੌਰ 'ਤੇ ਇਸ ਨੂੰ ''ਅਸਾਇਟਿਸ'' ਕਿਹਾ ਜਾਂਦਾ ਹੈ। ਐਸਾਇਟਿਸ ਇਕ ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ''ਭਰੇ ਹੋਏ ਬੈਗ ਵਰਗਾ''।
ਕੁਦਰਤ ਨੇ, ਜਿਵੇਂ ਸ੍ਰਿਸ਼ਟੀ ਸਾਜਣ ਵੇਲੇ ਕਮਾਲ ਕੀਤੀ ਹੈ ਇਵੇਂ ਹੀ ਮਨੁੱਖੀ ਸਰੀਰ ਸਾਜਣ ਵਿਚ ਵੀ ਬਹੁਤ ਕਮਾਲਾਂ ਕੀਤੀਆਂ ਹੋਈਆਂ ਹਨ। ਜਿਵੇਂ ਪੁਰਾਣੇ ਕਿਲ੍ਹਿਆਂ ਦੇ ਬਾਹਰ ਜਾਂ ਦੇਸ਼ ਦੀ ਸਰਹੱਦ ਦੀ 'ਲਾਇਨ ਆਫ ਡੀਫੈਂਸ' ਦੇ ਨਾਲ ਨਾਲ, ਇਕ ਪਾਣੀ-ਭਰੀ ਨਹਿਰ ਹੁੰਦੀ ਹੈ, ਜੋ ਦੁਸ਼ਮਣ ਨੂੰ ਅੱਗੇ ਵਧਣ ਵਿਚ ਰੁਕਾਵਟ ਪਾ ਕੇ ਬਚਾਓ ਦਾ ਕੰਮ ਕਰਦੀ ਹੈ। ਇਵੇਂ ਹੀ ਸਰੀਰ ਵਿਚ ਜਿੱਥੇ ਜਿੱਥੇ ਅਹਿਮ ਜਾਂ ਨਾਜ਼ੁਕ ਅੰਗ ਹਨ, ਉਥੇ ਉਥੇ ਉਨ੍ਹਾਂ ਦੇ ਦੁਆਲੇ, ਇਕ ਝਿੱਲੀ ਹੁੰਦੀ ਹੈ ਜਿਸ ਵਿਚ ਤਰਲ ਹੁੰਦਾ ਹੈ, ਜੋ ਉਨ੍ਹਾਂ ਅੰਗਾਂ ਦੀ ਸੁਰੱਖਿਆ ਕਰਦਾ ਹੈ। ਸੁਰੱਖਿਆ ਕਰਨ ਵਾਲਾ ਗੁਰ, ਮਨੁੱਖ ਨੇ, ਕੁਦਰਤ ਤੋਂ ਹੀ ਸਿੱਖਿਆ ਹੈ।
ਕੁਦਰਤ ਨੇ ਸਾਰੇ ਹੀ ਅਹਿਮ ਅੰਗਾਂ (ਵਾਈਟਲ ਆਰਗਨਜ਼)  ਦਿਲ, ਦਿਮਾਗ਼, ਫੇਫੜੇ, ਜੋੜਾਂ, ਪਤਾਲੂਆਂ ਤੇ ਪੇਟ ਦੇ ਅੰਦਰ ਸਾਰੇ ਨਾਜ਼ੁਕ ਅੰਗਾਂ, ਨੂੰ ਬਾਹਰੀ ''ਦੁਸ਼ਮਣਾਂ'' (ਜਿਵੇਂ ਅਸਾਲਟ ਜਾਂ ਲੜਾਈ ਝਗੜਾ, ਘਸੁੰਨ-ਮੁੱਕੀ, ਦੁਰਘਟਨਾ ਆਦਿ) ਤੋਂ ਬਚਾਓ ਲਈ ਤਰਲ ਵਾਲੀਆਂ ਥੈਲੀਆਂ ਵਿਚ ਲਪੇਟਿਆ ਹੋਇਆ ਹੈ। ਪਰ ਇਹ ਤਰਲ, ਮਾਤਰਾ ਵਿਚ ਥੋੜ੍ਹਾ ਜਿਹਾ ਹੀ ਹੁੰਦਾ ਹੈ ਜੋ ਸਿਰਫ ਡੀਫੈਂਸ ਵਾਸਤੇ ਅਤੇ ਇਨ੍ਹਾਂ ਅੰਗਾਂ ਦੀ ਕੁਦਰਤੀ ਤੌਰ 'ਤੇ ਹੋਣ ਵਾਲੀ ਹਿਲਜੁਲ ਦੌਰਾਨ ਤੇਲ (ਲੁਬਰੀਕੇਸ਼ਨ) ਦਾ ਕੰਮ ਕਰਦਾ ਹੈ। ਇਨ੍ਹਾਂ ਅੰਗਾਂ ਦੇ ਤਰਲ, ਖ਼ੂਨ 'ਚੋਂ ਹੀ ਆਉਂਦੇ ਹਨ ਤੇ ਤੰਦਰੁਸਤ ਵਿਅਕਤੀ ਵਿਚ ਇਹ ਤਰਲ, ਦੌਰੇ ਵਿਚ ਰਹਿੰਦੇ ਹਨ।
ਅੰਤੜੀਆਂ ਸਮੇਤ ਪੇਟ ਦੇ ਸਾਰੇ ਨਾਜ਼ੁਕ ਅੰਗਾਂ ਦੇ ਦੁਆਲੇ ਇਸ 'ਸੁਰੱਖਿਆ ਨਹਿਰ' ਨੂੰ ਪੈਰੀਟੋਨੀਅਲ ਕੈਵਿਟੀ' ਅਤੇ ਤਰਲ ਨੂੰ 'ਪੈਰੀਟੋਨੀਅਲ ਫÝਲੂਡ' ਕਿਹਾ ਜਾਂਦਾ ਹੈ। ਇਸ ਵਿਚ ਲੋੜ ਤੋਂ ਜ਼ਿਆਦਾ ਪਾਣੀ ਇਕੱਠਾ ਹੋਣਾ, ਇੱਕ ਬੀਮਾਰੀ ਨਹੀਂ, ਸਗੋਂ ਕਈ  ਤਰ੍ਹਾਂ ਦੇ ਰੋਗਾਂ ਵਿਚ ਇਕ ਲੱਛਣ ਹੁੰਦਾ ਹੈ।
ਕਿਵੇਂ ਪਤਾ ਲੱਗੇ?
ਸਧਾਰਣ ਤੋਂ ਥੋੜ੍ਹਾ ਜ਼ਿਆਦਾ ਪਾਣੀ ਜੋ ਕਿਸੇ ਰੋਗ ਦੀ ਮੁਢਲੀ ਸਟੇਜ 'ਤੇ ਹੁੰਦਾ ਹੈ, ਦਾ ਆਮ ਕਰਕੇ ਪਤਾ ਨਹੀਂ ਲਗਦਾ, ਅਲਟਰਾ ਸਾਊਂਡ ਟੈਸਟ ਵਿਚ ਆ ਜਾਂਦਾ ਹੈ; ਪਰ ਜਦ ਕਾਫੀ ਪਾਣੀ ਜਮ੍ਹਾਂ ਹੋ ਜਾਵੇ ਤਾਂ ਪੇਟ ਫੁੱਲ ਜਾਂਦਾ ਹੈ, ਭਾਰਾ-ਪਣ ਮਹਿਸੂਸ ਹੁੰਦਾ ਹੈ ਤੇ ਸਾਹ ਚੜ੍ਹਿਆ ਰਹਿੰਦਾ ਹੈ। ਮਾਹਰ ਡਾਕਟਰਾਂ ਨੂੰ ਮੁਆਇਨਾ ਕਰਕੇ ਪਤਾ ਲੱਗ ਜਾਂਦਾ ਹੈ ਕਿ ਪੇਟ ਵਿਚ ਪਾਣੀ ਜਮ੍ਹਾਂ ਹੈ। ਲੇਟੇ ਹੋਏ ਵਿਅਕਤੀ ਦੀਆਂ ਵੱਖੀਆਂ ਫੁੱਲੀਆਂ ਰਹਿੰਦੀਆਂ ਹਨ ਜਿਸ ਨੂੰ 'ਬਲਜਿੰਗ ਆਫ ਫਲੈਂਕਸ' ਕਹਿੰਦੇ ਹਨ।
ਪੇਟ ਵਿਚ ਪਾਣੀ  (ਐਸਾਇਟਿਸ) ਦਾ ਵਰਗੀਕਰਣ
ਗਰੇਡ  1: ਜੇਕਰ ਸਿਰਫ ਅਲਟਰਾ ਸਾਊਂਡ ਜਾਂ ਸੀ.ਟੀ. ਸਕੈਨ 'ਤੇ ਹੀ ਪਤਾ ਲੱਗ ਸਕੇ ਤਾਂ।
ਗਰੇਡ 2: ਡਾਕਟਰੀ ਮੁਆਇਨੇ 'ਤੇ ''ਫਲੈਂਕ ਬਲਜਿੰਗ'' ਅਤੇ ਸ਼ਿਫਟਿੰਗ ਡੱਲਨੈਸ ਨਾਲ ਪਤਾ ਲੱਗੇ ਤਾਂ।
ਗਰੇਡ 3: ਬਿਨਾਂ ਕਿਸੇ ਖ਼ਾਸ ਮੁਆਇਨੇ ਦੇ, ਜ਼ਾਹਰਾ ਤੌਰ 'ਤੇ ਹੀ ਪੇਟ ਫੁੱਲਿਆ ਹੋਇਆ ਤੇ ਪਾਣੀ ਨਾਲ ਭਰਿਆ ਦਿਸਦਾ ਹੋਵੇ ਤਾਂ।
ਐਸਾਇਟਿਸ ਦੇ ਕੀ ਕਾਰਨ ਹੋ ਸਕਦੇ ਹਨ ?
ਜਿਗਰ ਦਾ ਰੋਗ 'ਸਿਰੋਸਿਸ' ਜੋ ਸ਼ਰਾਬੀਆਂ ਵਿਚ ਵਧੇਰੇ ਹੁੰਦਾ ਹੈ  (ਸਭ ਤੋਂ ਵੱਧ ਕੇਸਾਂ ਵਿਚ)।
ਦਿਲ ਦਾ ਫੇਲ੍ਹ ਹੋਣਾ।
ਗੁਰਦੇ ਦਾ ਫੇਲ੍ਹ ਹੋਣਾ।
ਜਿਗਰ ਦੀਆਂ ਨਾੜੀਆਂ ਦੇ ਰੋਗ (ਬੁੱਦ-ਚਿਆਰੀ ਸਿੰਡਰੋਮ ਅਤੇ ਵੈਨੋ-ਅਕਲੂਸਿਵ ਡਿਸਈਜ਼)।
ਕੰਨਸਟ੍ਰਿਕਟਿਵ ਪੈਰੀ-ਕਾਰਡਾਇਟਿਸ (ਦਿਲ ਦੇ ਬਾਹਰ ਵਾਲੀ ਝਿੱਲੀ ਦਾ ਇਕ ਰੋਗ)।
ਬੱਚਿਆਂ ਵਿਚ ਸੋਕੜੇ ਦੀ ਬੀਮਾਰੀ (ਕਵਾਸ਼ਾਓਕਾਰ)।
ਕੈਂਸਰ : ਪੈਰੀਟੋਨੀਅਲ ਕੈਵਿਟੀ ਦਾ ਪ੍ਰਾਇਮਰੀ ਕੈਂਸਰ ਜਾਂ ਕਿਸੇ ਹੋਰ ਅੰਗ ਦੇ ਕੈਂਸਰ ਦੀਆਂ ਜੜ੍ਹਾਂ ਦਾ ਇਸ ਕੈਵਿਟੀ ਵਿਚ ਹੋਣਾ
ਇਨਫੈਕਸ਼ਨਜ਼ - ਟੀ.ਬੀ. ਜਾਂ ਬੈਕਟੀਰੀਅਲ ਇਨਫੈਕਸ਼ਨਜ਼.।
ਪੈਨਕਰੀਆਜ਼ ਦੀ  ਸੋਜ (ਪੈਂਨਕਰੀਏਟਾਇਟਿਸ)
ਜਮਾਂਦਰੂ ਰੋਗ ਐਂਜੀਓਡੀਮਾ
ਕੁਝ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ: ਮਈਘ ਸਿੰਡਰੋਮ, ਵਾਸਕੂਲਾਇਟਿਸ, ਡਾਇਲੇਸਿਸ, ਹਾਇਪੋ-ਥਾਇਰਾਇਡਿਜ਼ਮ, ਮੀਜ਼ੋਥੇਲੀਓਮਾ।
     ਲੱਛਣ : ਪੇਟ ਵਿਚ ਭਰੇ ਹੋਏ ਵਾਧੂ ਪਾਣੀ ਕਰਕੇ, ਪੇਟ ਤਣਿਆ ਤੇ ਕੱਸਿਆ ਹੋਇਆ ਹੋਣਾ, ਸਾਹ ਲੈਣ ਵਿਚ ਮੁਸ਼ਕਲ, ਭਾਰਾਪਣ, ਕਮਜ਼ੋਰੀ ਆਦਿ ਤੋਂ ਇਲਾਵਾ ਮੁਢਲੇ ਰੋਗ ਦੇ ਲੱਛਣ ਹੁੰਦੇ ਹਨ ਜਿਵੇਂ ਜਿਗਰ ਦੇ ਸਿਰੋਸਿਸ ਵਾਲੇ ਰੋਗੀਆਂ ਨੂੰ ਯਰਕਾਨ, ਖ਼ੂਨ ਦੀ ਉਲਟੀ, ਚਮੜੀ 'ਤੇ ਖ਼ੁਰਕ, ਮਰਦਾਂ ਦੀ ਛਾਤੀ (ਬ੍ਰੈਸਟ) ਵਧ ਜਾਣਾ, ਲੱਤਾਂ 'ਤੇ ਸੋਜ, ਦਿਮਾਗ਼ੀ ਸਮੱਸਿਆਵਾਂ। ਐਸੇ ਮਰੀਜ਼ਾਂ ਦੇ ਫੁੱਲੇ ਹੋਏ ਪੇਟ, ਬਾਹਰ ਆਈ ਹੋਈ ਧੁੰਨੀ, ਚਮੜੀ ਵਿਚੋਂ ਖ਼ੂਨ ਨਾਲ ਭਰੀਆਂ ਨੀਲੇ ਰੰਗ ਦੀਆਂ ਨਾੜੀਆਂ, ਖ਼ੁਰਕ ਕਰਕੇ ਛਿੱਲੇ ਹੋਏ ਦੇ ਨਿਸ਼ਾਨ; ਤੇ ਜੇਕਰ ਪਹਿਲਾਂ ਪਾਣੀ ਕਢਵਾਇਆ ਹੋਵੇ ਤਾਂ ਖੋਭੀਆਂ ਹੋਈਆਂ ਸੂਈਆਂ ਦੇ ਨਿਸ਼ਾਨ ਨਜ਼ਰੀਂ ਪੈਂਦੇ ਹਨ (ਫੋਟੋ ਵੇਖੋ)।
ਕੈਂਸਰ ਵਾਲੇ ਰੋਗੀਆਂ ਵਿਚ ਬਹੁਤ ਜ਼ਿਆਦਾ ਕਮਜ਼ੋਰੀ, ਪੀਲਾ-ਪਣ, ਭੁੱਖ ਨਾ ਲੱਗਣਾ ਤੇ ਪ੍ਰਾਇਮਰੀ ਕੈਂਸਰ ਵਾਲੇ ਅੰਗ ਨਾਲ ਸਬੰਧਤ ਸਮੱਸਿਆਵਾਂ ਜਾਂ ਲੱਛਣ ਹੁੰਦੇ ਹਨ।
ਲੈਬਾਰਟਰੀ ਇਨਵੈਸਟੀਗੇਸ਼ਨਜ਼ : ਰੋਗੀ ਦੇ ਮੁਕੰਮਲ ਮੁਆਇਨੇ, ਅਲਟਰਾ ਸਾਊਂਡ/ਸੀ.ਟੀ. ਸਕੈਨ ਤੋਂ ਬਾਅਦ, ਜੇਕਰ ਵਧੇਰੇ ਪਾਣੀ ਹੋਣ ਕਰਕੇ, ਸਾਹ ਔਖਾ ਆ ਰਿਹਾ ਹੋਵੇ ਤਾਂ, ਡਾਕਟਰ ਇਹ ਪਾਣੀ ਕੱਢ ਦੇਂਦੇ ਹਨ ਜਿਸ ਨਾਲ ਸਾਹ ਵੀ ਸੌਖਾ ਹੋ ਜਾਂਦਾ ਹੈ ਤੇ ਜਾਂਚ (ਇਨਵੈਸਟੀਗੇਸ਼ਨਜ਼) ਵਾਸਤੇ ਇਹ ਤਰਲ ਵੀ ਉਪਲਬਧ ਹੋ ਜਾਂਦਾ ਹੈ। ਇਸ ਦੀ ਭੌਤਿਕ ਜਾਂਚ ਤੋਂ ਬਾਅਦ, ਕੈਮੀਕਲ ਟੈਸਟ ਤੇ ਖ਼ੁਰਦਬੀਨੀ ਜਾਂਚ ਕੀਤੀ ਜਾਂਦੀ ਹੈ। ਸ਼ਰਾਬ ਕਰਕੇ ਜਿਗਰ ਰੋਗ (ਜੋ ਐਸਾਇਟੀਜ਼ ਦਾ ਸਭ ਤੋਂ ਵੱਧ ਮਹੱਤਵ-ਪੂਰਣ ਕਾਰਣ ਹੈ) ਜਾਂ ਕੈਂਸਰ ਦਾ, ਇਨ੍ਹਾਂ ਟੈਸਟਾਂ ਤੋਂ ਪਤਾ ਲੱਗ ਜਾਂਦਾ ਹੈ।
ਖ਼ੂਨ ਤੇ ਪਿਸ਼ਾਬ ਦੇ ਬਾਕੀ ਟੈਸਟ ਕਰਨੇ ਬਹੁਤ ਜ਼ਰੂਰੀ ਹੁੰਦੇ ਹਨ ਜਿਵੇਂ ਲਿਵਰ ਫੰਕਸ਼ਨ ਟੈਸਟ (ਬਿਲੀਰੂਬਿਨ, ਏ.ਐਸ.ਟੀ.; ਏ.ਐਲ.ਟੀ.; ਐਲ. ਡੀ. ਐਚ.; ਪੀ. ਟੀ. ਆਈ.; ਬਲੱਡ  ਪ੍ਰੋਟੀਨਜ਼, ਬਲੱਡ  ਇਲੈਕਟਰੋ-ਲਾਇਟਸ (ਸੋਡੀਅਮ-ਪੋਟਾਸ਼ੀਅਮ),      ਹੈਪੇਟਾਇਟਿਸ ਦੇ ਟੈਸਟ ਆਦਿ। ਇਸੇ ਤਰ੍ਹਾਂ ਗੁਰਦੇ ਸਬੰਧੀ (ਕਿਡਨੀ ਫੰਕਸ਼ਨ ਟੈਸਟ) ਤੇ ਹੋਰ ਲੋੜ ਅਨੁਸਾਰ ਟੈਸਟ ਕਰਵਾ ਕੇ, ਅੰਦਰ ਕੋਈ ਮਾਸ ਜਾਂ ਗੋਲਾ ਬਣਿਆ ਹੋਵੇ ਤਾਂ ਸੀ.ਟੀ. ਗਾਇਡੈਂਸ ਨਾਲ ਬਾਰੀਕ ਸੂਈ ਵਾਲਾ ਟੈਸਟ (ਐਫ.ਐਨ.ਏ.ਸੀ.) ਜਾਂ ਜ਼ਰੂਰਤ ਅਨੁਸਾਰ ਬਾਇਓਪਸੀ ਟੈਸਟ ਵੀ ਕੀਤਾ ਜਾਂਦਾ ਹੈ। ਜੇਕਰ ਦਿਲ ਦਾ ਰੋਗ ਹੋਵੇ ਤਾਂ ਰੋਗੀ ਨੂੰ ਵੀ ਤੇ ਡਾਕਟਰ ਨੂੰ ਵੀ, ਪਹਿਲਾਂ ਹੀ ਪਤਾ ਹੁੰਦਾ ਹੈ। ਇਸੇ ਤਰ੍ਹਾਂ ਜੇ ਥਾਇਰਾਇਡ ਦਾ ਨੁਕਸ ਹੋਵੇ ਤਾਂ ਸਾਰੇ ਟੈਸਟਾਂ ਨਾਲ ਬੀਮਾਰੀ ਲੱਭ ਲੈਣ ਤੋਂ ਬਾਅਦ ਇਲਾਜ ਸ਼ੁਰੂ ਹੁੰਦਾ ਹੈ। ਦਵਾਈਆਂ ਨਾਲ ਥਾਇਰਾਇਡ ਹਾਰਮੋਨ ਦੀ ਕਮੀ ਦੂਰ ਹੋ ਜਾਵੇ ਤਾਂ ਪੇਟ ਦਾ ਇਹ ਪਾਣੀ ਠੀਕ ਹੋ ਜਾਂਦਾ ਹੈ। ਬੀਮਾਰੀ ਦਾ ਮੁਕੰਮਲ ਪਤਾ ਲਗਾ ਕੇ ਹੀ ਨਿਯਮਤ ਇਲਾਜ ਸ਼ੁਰੂ ਹੋ ਸਕਦਾ ਹੈ।
ਧਿਆਨਯੋਗ: ਜਿਹੜੇ ਰੋਗੀਆਂ ਨੂੰ ਜਿਗਰ ਦੀ ਬੀਮਾਰੀ ਜਾਂ ਸਿਰੋਸਿਸ ਨਾਲ ਪੇਟ ਵਿਚ ਪਾਣੀ ਦੀ ਤਕਲੀਫ ਹੈ ਉਹ, ਸ਼ਰਾਬ ਦੇ ਪੈਗ ਲਗਾਉਣ ਬਾਰੇ, ਕਦੀ ਸੋਚਣ ਵੀ ਨਾ। ਪੈਰਾਸਿਟਾਮੋਲ ਵਗੈਰਾ ਦਵਾਈਆਂ ਦੀ ਮਨਾਹੀ ਹੈ ਕਿਉਂਕਿ ਉਨ੍ਹਾਂ ਨੂੰ ਪਚਾਉਣ ਵਾਸਤੇ ਜਿਗਰ ਨੂੰ ਕੰਮ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਲੂਣ ਖਾਣ ਤੋਂ ਪ੍ਰਹੇਜ਼ ਕਰਨਾ ਪੈਂਦਾ ਹੈ। ਐਸਾਇਟੀਜ਼ ਨੂੰ ਮੌਨੀਟਰ ਕਰਨ ਲਈ ਸਰੀਰ ਦਾ ਭਾਰ ਨਾਪ ਕੇ ਹੀ ਵੇਖਿਆ ਜਾਂਦਾ ਹੈ।
ਇਲਾਜ: ਜ਼ਿਆਦਾ ਪਿਸ਼ਾਬ ਲਿਆਉਣ ਲਈ 'ਡਾਇਯੂਰੈਟਿਕ ਦਵਾਈਆਂ' ਦਿੱਤੀਆਂ ਜਾਂਦੀਆਂ ਹਨ ਤਾਂ ਕਿ ਵਾਧੂ ਪਾਣੀ ਸਰੀਰ 'ਚੋਂ ਨਿਕਲ ਜਾਵੇ।
'ਪੈਰਾਸੈਂਟੇਸਿਸ ਵਿਧੀ' ਨਾਲ ਪੇਟ 'ਚੋਂ ਪਾਣੀ ਕੱਢ ਕੇ ਰੋਗੀ ਦਾ ਸਾਹ ਸੌਖਾ ਕੀਤਾ ਜਾਂਦਾ ਹੈ। ਕੈਂਸਰ ਵਾਲੇ ਰੋਗੀਆਂ ਵਿਚ ਖ਼ਾਸ ਕਰਕੇ, ਇਹ ਤਰੀਕਾ ਵਧੇਰੇ ਕਾਰਗਰ ਹੈ, ਕਿਉਂਕਿ ਇਸ ਸਟੇਜ 'ਤੇ, ਹੋਰ ਤਾਂ ਬਹੁਤਾ ਕੁਝ ਕੀਤਾ ਨਹੀਂ ਜਾ ਸਕਦਾ, ਸਾਹ ਤਾਂ ਸੌਖਾ ਕੀਤਾ ਜਾ ਸਕਦੈ। ਜੇਕਰ ਜਿਗਰ ਦੇ ਸਿਰੋਸਿਸ ਕਰਕੇ ਐਸਾਇਟਿਸ ਹੋਵੇ ਤਾਂ 'ਜਿਗਰ ਬਦਲਣਾ' (ਲਿਵਰ ਟਰਾਂਸਪਲਾਂਟ) ਇਕ ਕਾਰਗਰ ਇਲਾਜ ਹੈ ਬਸ਼ਰਤੇ ਕਿ ਜਿਗਰ-ਦਾਨੀ ਮਿਲ ਜਾਵੇ। ਪੂਰੀਆਂ ਸਹੂਲਤਾਂ ਤੇ ਮਾਹਿਰ ਡਾਕਟਰਾਂ ਵਾਲੇ ਹਸਪਤਾਲ, ਤੇ ਖਰਚੇ ਵਾਸਤੇ ਪੈਸੇ ਧੇਲੇ ਦਾ ਪ੍ਰਬੰਧ ਹੋਵੇ ਤਾਂ ਹੀ ਇਹ ਸੰਭਵ ਹੋ ਸਕਦਾ ਹੈ। ਜਿਗਰ ਦਾਨੀ ਕੈਡੇਵਰ ਡੋਨਰ ਅਰਥਾਤ ਬ੍ਰੇਨ ਡੈਥ ਵਾਲੇ ਵਿਅਕਤੀ ਹੀ ਹੁੰਦੇ ਹਨ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਤਰ੍ਹਾਂ ਦੀ ਰਜ਼ਾਮੰਦੀ ਦੇਂਦੇ ਹਨ। ਕਾਨੂੰਨੀ ਅੜਚਣਾਂ ਵੀ ਆਉਂਦੀਆਂ ਹਨ ਇਸੇ ਕਰਕੇ ਲਿਵਰ ਟਰਾਂਸਪਲਾਂਟ ਦੇ ਬਹੁਤ ਘੱਟ ਅਪਰੇਸ਼ਨ ਹੁੰਦੇ ਹਨ। ਪਿਛਲੇ ਦਿਨੀਂ ਪੀ.ਜੀ.ਆਈ. ਚੰਡੀਗੜ੍ਹ ਵਿਚ, ਜਿਗਰ ਬਦਲਣ ਦਾ ਇਕ ਸਫਲ ਅਪਰੇਸ਼ਨ ਕੀਤਾ ਗਿਆ ਹੈ।    
ਡਾ. ਮਨਜੀਤ ਸਿੰਘ ਬੱਲ