ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੋਡੇ ਬਦਲਾਉਣ ਤੋਂ ਬਚਿਆ ਜਾ ਸਕਦੈ


ਹੁਣ ਤਕ ਗੱਠੀਏ ਕਾਰਨ ਗੋਡੇ 'ਚ ਹੋਣ ਵਾਲੇ ਦਰਦ ਤੋਂ ਨਿਜ਼ਾਤ ਪਾਉਣ ਲਈ ਨੀਅ ਰਿਪਲੇਸਮੈਂਟ ਨੂੰ ਹੀ ਇਸ ਦਰਦ ਤੋਂ ਨਿਜ਼ਾਤ ਦਾ ਹੱਲ ਸਮਝਿਆ ਜਾਂਦਾ ਹੈ ਪਰ ਸਰਕਾਰੀ ਮੈਡੀਕਲ ਕਾਲਜ ਦੇ ਸਹਾਇਕ ਪ੍ਰੋਫੈਸਰ ਅਤੇ ਆਰਥੋ ਸਰਜਨ ਪਿਛਲੇ ਡੇਢ ਸਾਲ ਤੋਂ ਇਕ ਇਹੋ ਜਿਹੀ ਰਿਸਰਚ ਕਰ ਰਹੇ ਹਨ, ਜਿਸ ਵਿਚ ਲੱਖਾਂ ਰੁਪਏ ਦੀ ਨੀਅ ਰਿਪਲੇਸਮੈਂਟ ਦਾ ਖਰਚਾ ਕੁਝ ਰੁਪਿਆਂ ਵਿਚ ਸਿਮਟ ਕੇ ਰਹਿ ਜਾਵੇਗਾ। ਇਸ ਬਾਰੇ ਗੱਲਬਾਤ ਕਰਦੇ ਹੋਏ ਡਾ. ਸ਼ਰਮਾ ਨੇ ਕਿਹਾ ਕਿ ਗੋਡੇ ਦੇ ਖਰਾਬ ਹੋਣ ਦੀਆਂ 4 ਸਟੇਜਾਂ ਹੁੰਦੀਆਂ ਹਨ, ਜਿਸ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਮਰੀਜ਼ ਦਾ ਗੋਡਾ ਬਦਲਣ ਦੀ ਜ਼ਰੂਰਤ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਹਿਲੀ, ਦੂਜੀ ਅਤੇ ਤੀਜੀ ਸਟੇਜ 'ਚ ਗੋਡੇ ਨੂੰ ਸਰਜਰੀ ਤੋਂ ਬਿਨਾਂ ਵੀ ਠੀਕ ਕੀਤਾ ਜਾ ਸਕਦਾ ਹੈ। ਡਾ. ਸ਼ਰਮਾ ਨੇ ਕਿਹਾ ਕਿ ਜਦੋਂ ਗੋਡਾ ਖਰਾਬ ਹੁੰਦਾ ਹੈ ਤਾਂ ਉਸ ਦੀ ਕਾਰਟੀਲੇਜ ਘਿੱਸ ਜਾਂਦੀ ਹੈ, ਜਿਸ ਕਾਰਨ ਮਰੀਜ਼ ਨੂੰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।
ਪਰ ਖ਼ੂਨ ਦੇ ਪਲੇਟਲੈਟਸ ਵਿਚ ਇਹੋ ਜਿਹੇ ਗਰੋਥ ਫੈਕਟਰ ਹੁੰਦੇ ਹਨ, ਜੋ ਕਾਰਟੀਲੇਜ ਨੂੰ ਦੋਬਾਰਾ ਬਣਾਉਂਦੇ ਹਨ, ਜਿਸ ਕਾਰਨ ਮਰੀਜ਼ ਨੂੰ ਬਿਨਾਂ ਉਸ ਦਾ ਗੋਡਾ ਬਦਲਿਆਂ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਡੇਢ ਸਾਲ ਤੋਂ ਪਲੇਟਲੈਟਸ ਦੀ ਮਦਦ ਨਾਲ ਦੋਬਾਰਾ ਕਾਰਟੀਲੇਜ ਬਣਾਉਣ 'ਤੇ ਰਿਸਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਿਸਰਚ ਦਾ ਇਸਤੇਮਾਲ 50 ਮਰੀਜ਼ਾਂ 'ਤੇ ਕਰ ਚੁੱਕੇ ਹਨ। ਇਨ੍ਹਾਂ ਵਿਚ 25 ਮਰੀਜ਼ ਇਹੋ ਜਿਹੇ ਸਨ, ਜਿਨ੍ਹਾਂ ਨੂੰ ਗਠੀਏ ਦੀ ਸਮੱਸਿਆ ਸੀ ਤੇ ਉਨ੍ਹਾਂ ਦੀ ਕਾਰਟੀਲੇਜ ਘਿਸ ਚੁੱਕੀ ਸੀ। 12 ਮਰੀਜ਼ ਮੋਢੇ ਦੇ ਅਤੇ 13 ਮਰੀਜ਼ ਇਹੋ ਜਿਹੇ ਸਨ, ਜਿਨ੍ਹਾਂ ਦੀ ਹੱਡੀ ਜੁੜਦੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮਰੀਜ਼ਾਂ ਦੇ ਸਰੀਰ ਵਿਚੋਂ 100-100 ਮਿਲੀਲੀਟਰ ਖ਼ੂਨ ਲਿਆ ਗਿਆ। ਖ਼ੂਨ ਦੇ ਇਨ੍ਹਾਂ ਸੈਂਪਲਾਂ ਨੂੰ ਬਲੱਡ ਬੈਂਕ 'ਚ ਭੇਜ ਕੇ ਪਲੇਟਲੈਟਸ ਵੱਖਰੇ ਕਰਵਾਏ ਗਏ। 100 ਐਮ.ਐਲ. ਖ਼ੂਨ ਵਿੱਚੋਂ 15 ਐਮ.ਐਲ. ਪਲੇਟਲੈਟਸ ਨਿਕਲਦੇ ਹਨ।
ਡਾ. ਸ਼ਰਮਾ ਨੇ ਦੱਸਿਆ ਕਿ ਵੱਖਰੇ ਕੀਤੇ ਗਏ ਪਲੇਟਲੈਟਸ ਨੂੰ ਮਰੀਜ਼ਾਂ ਦੇ ਗੋਡੇ, ਮੋਢੇ ਅਤੇ ਹੱਡੀ 'ਚ ਟੀਕੇ ਰਾਹੀਂ ਇੰਜੈਕਟ ਕੀਤਾ ਗਿਆ। ਨਤੀਜਾ ਇਹ ਨਿਕਲਿਆ ਕਿ ਜਿਹੜੇ ਮਰੀਜ਼ ਦਰਦ ਨਾਲ ਪੀੜਤ ਸਨ, ਉਹ ਹੁਣ ਬਿਲਕੁਲ ਠੀਕ ਹਨ ਤੇ ਉਨ੍ਹਾਂ ਨੂੰ ਗਠੀਏ ਸਬੰਧੀ ਕੋਈ ਸਮੱਸਿਆ ਨਹੀਂ ਹੈ।  ਪਹਿਲੀ, ਦੂਜੀ ਅਤੇ ਤੀਜੀ ਸਟੇਜ 'ਤੇ ਮਰੀਜ਼ਾਂ ਦੇ ਗੋਡਿਆਂ ਨੂੰ ਬਿਨਾਂ ਬਦਲੇ ਹੀ ਠੀਕ ਕੀਤਾ ਜਾ ਸਕਦਾ ਹੈ ਕਿਉਂਕਿ ਇਨ੍ਹਾਂ ਸਟੇਜਾਂ 'ਤੇ ਮਰੀਜ਼ਾਂ ਦੀ ਕਾਰਟੀਲੇਜ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ ਹੁੰਦੀ। ਇਸ ਸਾਰੀ ਪ੍ਰਕਿਰਿਆ 'ਤੇ ਕਿੰਨਾ ਖਰਚ ਆਉਂਦਾ ਹੈ, ਇਸ ਬਾਰੇ ਡਾ. ਸ਼ਰਮਾ ਨੇ ਦੱਸਿਆ ਕਿ ਸਿਰਫ ਪਲੇਟਲੈਟਸ ਵੱਖਰੇ ਕਰਵਾਉਣ ਦੇ ਹੀ ਕੁਝ ਸੌ ਰੁਪਏ ਲੱਗਦੇ ਹਨ। ਹੋਰ ਕੋਈ ਖਰਚ ਨਹੀਂ। ਜਦੋਂਕਿ ਗੋਡਾ ਬਦਲਾਉਣ 'ਚ ਲੱਖਾਂ ਰੁਪਏ ਲੱਗ ਜਾਂਦੇ ਹਨ। ਇਸ ਦੇ ਬਾਵਜੂਦ ਵੀ ਜੋ ਲਚਕ ਕੁਦਰਤੀ ਗੋਡੇ 'ਚ ਹੁੰਦੀ ਹੈ, ਉਹ ਗੈਰ-ਕੁਦਰਤੀ ਗੋਡੇ 'ਚ ਨਹੀਂ। ਡਾ. ਸ਼ਰਮਾ ਨੇ ਕਿਹਾ ਕਿ ਇਸ ਰਿਸਰਚ ਵਰਕ 'ਤੇ ਜੈਪੂਰ 'ਚ ਪੇਪਰ ਪੜ੍ਹਨ ਵਾਲੇ ਉਹ ਇਕੱਲੇ ਡਾਕਟਰ ਹਨ। ਉਨ੍ਹਾਂ ਦਾ ਰਿਸਰਚ ਵਰਕ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤਕ ਦੇ ਮਰੀਜ਼ਾਂ 'ਤੇ ਇਸਤੇਮਾਲ ਕੀਤੀ ਇਸ ਰਿਸਰਚ ਤੋਂ ਇਹ ਸਾਬਤ ਹੁੰਦਾ ਹੈ ਕਿ ਹਜ਼ਾਰਾਂ-ਲੱਖਾਂ ਮਰੀਜ਼ਾਂ ਨੂੰ ਇਸ ਰਿਸਰਚ ਦੀ ਮਦਦ ਲਾਲ ਗੋਡੇ ਦੇ ਬਦਲਾਵ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦਾ ਗੋਡਾ ਪੂਰੀ ਤਰ੍ਹਾਂ ਘਿਸ ਜਾਂਦਾ ਹੈ, ਉਸ ਸਥਿਤੀ 'ਚ ਗੋਡਾ ਬਦਲਣਾ ਹੀ ਆਖਰੀ ਹੱਲ ਹੈ, ਪਰ ਜੇਕਰ ਪਹਿਲੀਆਂ ਸਟੇਜਾਂ 'ਤੇ ਪਲੇਟਲੈਟਸ ਮਰੀਜ ਨੂੰ ਇੰਜੈਕਟ ਕਰ ਦਿੱਤੇ ਜਾਣ ਤਾਂ ਇਸ ਦੀ ਜ਼ਰੂਰਤ ਨਹੀਂ ਪੈਂਦੀ।        
- ਅਮਿਤ ਰਿਸ਼ੀ