ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਘੱਟ ਗਿਣਤੀ ਕੌਮ 'ਤੇ ਜ਼ੁਲਮਾਂ ਦਾ ਦਸਤਾਵੇਜ਼ੀ ਸਬੂਤ


ਸਿੱਖਾਂ ਵੱਲੋਂ ਭਾਰਤ ਦੇਸ਼ ਦੇ ਪ੍ਰਮੁੱਖ ਆਗੂਆਂ 'ਤੇ ਹਮੇਸ਼ਾ ਇਹ ਦੋਸ਼ ਰਿਹਾ ਹੈ ਕਿ ਉਹਨਾਂ ਸਮੇਤ ਦੇਸ਼ ਦੀਆਂ ਘੱਟ ਗਿਣਤੀ ਕੌਮਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਸਮਝਿਆ ਜਾਂਦਾ ਸਗੋਂ ਉਹਨਾਂ ਨੂੰ ਹਰ ਪੱਖੋਂ ਨਿਤਾਣੇ ਅਤੇ ਨਿਮਾਣੇ ਬਣਾਉਣ ਲਈ ਕੇਂਦਰੀ ਸਰਕਾਰਾਂ ਦਾ ਇਕੋ ਜਿਹਾ ਹੀ ਮਾਰੂ ਰਵੱਈਆ ਰਿਹਾ ਹੈ। ਪੰਜਾਬੀਆਂ ਦਾ ਅਤੇ ਖਾਸਕਰ ਸਿੱਖਾਂ ਦਾ ਕੇਂਦਰ ਨਾਲ ਹਮੇਸ਼ਾ ਇਸ ਗੱਲੋਂ ਹੀ ਟਕਰਾਅ ਰਿਹਾ ਹੈ ਕਿ ਉਹਨਾਂ ਨੂੰ ਖਤਮ ਕਰਨ ਲਈ ਇਥੋਂ ਦੀ ਆਰਥਿਕਤਾ ਦੀ ਲੁੱਟ, ਸਮੂਹਿਕ ਕਤਲੇਆਮ ਅਤੇ ਨਿਆਂਇਕ ਪ੍ਰਣਾਲੀ ਵਰਗੇ ਦੁਰਪ੍ਰਭਾਵੀ ਤਰੀਕੇ ਵਰਤੇ ਜਾ ਰਹੇ ਹਨ ਜੋ ਕਿ ਕਿਸੇ ਦੇਸ਼ ਦੇ ਬਰਾਬਰ ਦੇ ਸ਼ਹਿਰੀ ਲਈ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹਨ। ਸਿੱਖਾਂ ਦੇ ਮਨਾਂ ਵਿਚ ਦੇਸ਼ ਪ੍ਰਤੀ ਬੇਗਾਨਵੀ ਦੀ ਭਾਵਨਾ ਪੈਦਾ ਹੋਣ ਦੇ ਪਿੱਛੇ ਇਹੋ ਇਕ ਮੁੱਖ ਕਾਰਨ ਹੈ। ਹੁਣ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿੱਤੇ ਜਾਣ ਦੀ ਮਿਥੀ ਗਈ ਤਰੀਕ ਨੂੰ ਲੈ ਕੇ ਫਿਰ ਇਸੇ ਭਾਵਨਾ ਨੂੰ ਪੱਕਾ ਕੀਤਾ ਗਿਆ ਹੈ ਤਾਂ ਇਸੇ ਵੇਲੇ ਹੀ ਲੈਫ. ਜਨ. ਕੁਲਦੀਪ ਸਿੰਘ ਬਰਾੜ (ਰਿਟਾ.) ਦੀ ਨਵੀਂ ਕਿਤਾਬ 'ਸਾਕਾ ਨੀਲਾ ਤਾਰਾ' ਵਿਚ ਜ਼ਿਕਰ ਕੀਤੇ ਗਏ ਤੱਥਾਂ ਨੂੰ ਲੈ ਕੇ ਵੀ ਸਿੱਖਾਂ ਦੇ ਮਨਾਂ ਵਿਚ 'ਦੇਸ਼ ਦੇ ਪ੍ਰਮੁੱਖ ਆਗੂਆਂ ਵੱਲੋਂ ਬਰਾਬਰ ਦੇ ਸ਼ਹਿਰੀ ਨਾ ਮੰਨੇ ਜਾਣ ਦੀ ਭਾਵਨਾ ਨੂੰ ਬਲ ਮਿਲਦਾ ਹੈ। ਜੇ ਇਸ ਕਿਤਾਬ ਵਿਚ ਦਿੱਤੇ ਗਏ ਤੱਥ ਅਤੇ ਲੇਖਕ ਸਹੀ ਹਨ ਤਾਂ ਇਹ ਕਿਤਾਬ ਉਹਨਾਂ ਲੋਕਾਂ ਲਈ ਵੀ ਧਿਆਨ ਦੇਣ ਯੋਗ ਹੈ ਜੋ ਸਿੱਖਾਂ ਨੂੰ ਹਮੇਸ਼ਾ ਇਹ ਸਲਾਹ ਦਿੰਦੇ ਹਨ ਕਿ ਉਹ ਦੇਸ਼ ਦੇ ਮੁੱਖਧਾਰਾ ਦਾ ਵਿਰੋਧ ਨਾ ਕਰਨ। ਇਸ ਕਿਤਾਬ ਦੇ ਕਥਿਤ ਲੇਖਕ ਲੈਫ. ਜਨ. ਕੁਲਦੀਪ ਸਿੰਘ ਬਰਾੜ ਉਹ ਫੌਜੀ ਅਫ਼ਸਰ ਹਨ ਜਿਨ੍ਹਾਂ ਨੇ 1984 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤਹਿਤ ਦਰਬਾਰ ਸਾਹਿਬ 'ਤੇ ਕੀਤੇ ਗਏ ਹਮਲੇ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸਿੱਧੀ ਲੜਾਈ ਤੋਂ ਬਾਅਦ ਸਿੱਖ ਸ਼ਰਧਾਲੂਆਂ ਦਾ ਸਮੂਹਿਕ ਕਤਲੇਆਮ ਅਤੇ ਸਿੱਖ ਵਿਰਾਸਤ ਦੀ ਜਾਣਬੁਝ ਕੇ ਕੀਤੀ ਗਈ ਤਬਾਹੀ ਦਾ ਤਾਂਡਵ ਨਾਚ ਨੱਚਿਆ ਸੀ। ਜੂਨ-ਜੁਲਾਈ ਦੇ ਅਤਿ ਗਰਮੀ ਦੇ ਦਿਨਾਂ ਵਿਚ ਫੜੇ ਗਏ ਸਿੱਖ ਸ਼ਰਧਾਲੂਆਂ ਜਿਨ੍ਹਾਂ ਵਿਚ ਬੀਬੀਆਂ ਤੇ ਬੱਚੇ ਵੀ ਸ਼ਾਮਲ ਸਨ ਨੂੰ ਗਰਮ ਫਰਸ 'ਤੇ ਹੱਥ ਬੰਨ ਕੇ ਭੁੱਖੇ ਅਤੇ ਤਿਹਾਏ ਰੱਖੇ ਜਾਣ ਕਰਕੇ ਅਨੇਕਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਇਹਨਾਂ ਫੌਜੀ ਅਫ਼ਸਰਾਂ ਦੀ ਅਗਵਾਈ ਵਿਚ ਹੀ ਇਥੋਂ ਫੜੇ ਗਏ ਲੋਕਾਂ ਨੂੰ ਦੇਸ਼ ਦੇ ਸ਼ਹਿਰੀ ਨਹੀਂ ਸੀ ਮੰਨਿਆ ਗਿਆ ਸਗੋਂ ਦੁਸ਼ਮਣ ਦੇਸ਼ ਦੇ ਨਾਗਰਿਕਾਂ ਨਾਲੋਂ ਵੀ ਵੱਧ ਜ਼ੁਲਮ ਕਰਕੇ ਖਤਮ ਕਰ ਦਿੱਤਾ ਗਿਆ ਸੀ। ਫੌਜੀ ਹਮਲੇ ਦੇ ਖਤਮ ਹੋ ਜਾਣ ਤੋਂ ਇਕ ਦਿਨ ਬਾਅਦ ਵਿਚ ਸਿੱਖ ਵਿਰਾਸਤ ਨੂੰ ਖਤਮ ਕਰਨ ਦੀ ਨੀਅਤ ਨਾਲ 'ਸਿੱਖ ਰੈਫਰੈਂਸ ਲਾਇਬਰੇਰੀ' ਨੂੰ ਅੱਗ ਦੀ ਭੇਟ ਕਰ ਦਿੱਤਾ ਗਿਆ ਜਿਸ ਵਿਚ ਗੁਰੂ ਸਾਹਿਬਾਨਾਂ ਦੀਆਂ ਹੱਥ ਲਿਖਤਾਂ ਅਤੇ ਹੋਰ ਬੇਸਕੀਮਤੀ ਲਿਖਤਾਂ ਸ਼ਾਮਲ ਸਨ। ਸਿੱਖਾਂ ਵੱਲੋਂ ਕੀਤੇ ਗਏ ਅਨੇਕਾਂ ਯਤਨਾਂ ਦੇ ਬਾਵਜੂਦ ਇਥੋਂ ਫੌਜ ਦੁਆਰਾ ਚੁੱਕਿਆ ਗਿਆ ਕੀਮਤੀ ਸਿੱਖ ਖਜ਼ਾਨਾ ਅਜੇ ਤੱਕ ਵਾਪਸ ਨਹੀਂ ਕੀਤਾ ਗਿਆ। ਸਿੱਖਾਂ ਨੂੰ ਦੋ ਨੰਬਰ ਦੇ ਸ਼ਹਿਰੀ ਮੰਨ ਕੇ ਕੀਤੇ ਗਏ ਗੈਰਕਾਨੂੰਨੀ ਢੰਗ ਤਰੀਕਿਆਂ ਦੀ ਉਪਜ ਹੀ ਸੀ ਕਿ '84 ਦੇ ਸਾਕੇ ਤੋਂ ਬਾਅਦ ਵੀ ਸਰਕਾਰ ਨੇ ਸਿੱਖਾਂ ਦਾ ਗੁੱਸਾ ਸ਼ਾਂਤ ਕਰਨ ਦੀ ਥਾਂ ਗੋਲੀ ਦੀ ਨੀਤੀ ਵਰਤ ਕੇ ਨੌਜਵਾਨਾਂ ਨੂੰ ਦਬਾਅ ਦੇਣ ਦੀ ਨੀਤੀ ਨੂੰ ਵਰਤਿਆ। ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸੋਧ ਕਾਂਡ ਵੀ ਉਸੇ ਬੇਇਨਸਾਫ਼ੀ ਦਾ ਨਤੀਜਾ ਸੀ ਜਦੋਂ ਸਾਰੇ ਕਾਨੂੰਨ ਛਿੱਕੇ ਟੰਗ ਕੇ ਨੌਜਵਾਨਾਂ ਨੂੰ ਕਤਲ ਕੀਤਾ ਗਿਆ। ਜਦੋਂ ਸਿੱਖ ਜਵਾਨੀ ਨੂੰ ਕਾਨੂੰਨੀ ਢੰਗ ਕਾਰਗਰ ਲੱਗਣੋਂ ਹਟ ਗਏ ਤਾਂ ਬੇਵਸੀ ਚਿ ਆਪਣੀਆਂ ਜਾਨਾਂ ਨੂੰ ਆਪਣੇ ਹੱਥੀਂ ਖਤਮ ਕਰਨ ਦਾ ਰਾਹ ਚੁਣਨਾ ਪਿਆ। ਭਾਈ ਬਲਵੰਤ ਸਿੰਘ ਰਾਜੋਆਣਾ ਵੀ ਇਸੇ ਅਣਬਰਾਬਰੀ ਦੇ ਰੋਸ ਵਿਚੋਂ ਪੈਦਾ ਹੋ ਕੇ ਜਾਨ ਕੁਰਬਾਨ ਕਰਨ ਨੂੰ ਪਹਿਲ ਦੇਣ ਵਾਲੇ ਸੂਰਮੇ ਹਨ। ਲੈਫ. ਜਨਰਲ ਕੁਲਦੀਪ ਸਿੰਘ ਦੇ ਇਸ ਕਿਤਾਬ ਵਿਚ ਜ਼ਿਕਰ ਕੀਤੇ ਗਏ ਜਨਰਲ ਵੈਦਿਆ ਦੇ ਹੁਕਮਾਂ ਨਾਲ ਕੀਤੀ ਗਈ ਤਬਾਹੀ ਦੀ ਇਹ ਦਸਤਾਵੇਜ਼ੀ ਗਵਾਹੀ ਹੈ। ਜਿਸ ਵੈਦਿਆ ਨੂੰ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਫਾਂਸੀ 'ਤੇ ਚੜ੍ਹ ਕੇ ਇਨਸਾਫ਼ ਪ੍ਰਾਪਤ ਕਰਨ ਦਾ ਇਤਿਹਾਸ ਲਿਖਿਆ ਸੀ। ਇਸ ਨਵੀਂ ਕਿਤਾਬ ਨੂੰ ਲਿਖਣ ਦਾ ਮੁੱਖ ਮਸਦ ਭਾਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਲਹਿਰ ਨੂੰ ਬਦਨਾਮ ਕਰਨ ਅਤੇ ਸਿੱਖਾਂ ਵੱਲੋਂ ਆਪਣੇ ਹੱਕਾਂ ਲਈ ਲੜੀ ਗਈ ਲੜਾਈ ਨੂੰ ਗਲਤ ਰੂਪ ਦੇਣਾ ਹੈ ਪਰ ਫਿਰ ਵੀ ਇਸ ਵਿਚ ਦਿੱਤੇ ਗਏ ਤੱਥ ਇਸ ਗੱਲ ਦਾ ਖੁਲਾਸਾ ਕਰ ਰਹੇ ਹਨ ਕਿ ਭਾਰਤ ਦੀਆਂ ਕੇਂਦਰੀ ਸਰਕਾਰਾਂ ਕਿਵੇਂ ਸਿੱਖਾਂ ਨੂੰ ਤਬਾਹ ਕਰਨ ਲਈ ਉਤਾਵਲੀਆਂ ਸਨ। ਕਿਤਾਬ 'ਸਾਕਾ ਨੀਲਾ ਤਾਰਾ' ਵਿਚ ਜ਼ਿਕਰ ਹੈ ਕਿ ਸਰਕਾਰ ਦੀ ਮਨਸਾ ਸੀ ਕਿ ਦਰਬਾਰ ਸਾਹਿਬ 'ਤੇ ਹਮਲੇ ਦਾ ਦਿਨ 1 ਜੂਨ ਹੀ ਚੁਣਿਆ ਜਾਵੇ ਤਾਂ ਕਿ ਵੱਧ ਤੋਂ ਵੱਧ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਇਸੇ ਤਰ੍ਹਾਂ ਵੱਡੀ ਸਫਲ ਕਾਰਵਾਈ ਲਈ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਭਰਤੀ ਕੀਤੀ ਜਾਂਦੀ ਫੌਜ ਨੂੰ ਹਿਮਾਚਲ ਪ੍ਰਦੇਸ਼ ਅਤੇ ਹੈਦਰਾਬਾਦ ਵਿਚ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਵਿਸ਼ੇਸ਼ ਟਰੇਨਿੰਗ ਦਿੱਤੀ ਗਈ। ਫੌਜ ਦੇ ਜਨਰਲ ਵੈਦਿਆ ਵੱਲੋਂ ਵੱਧ ਤੋਂ ਵੱਧ ਫੌਜੀ ਬਲ ਦਾ ਪ੍ਰਯੋਗ ਕਰਕੇ ਤਬਾਹੀ ਕਰਨ ਅਤੇ ਦਸ ਹੋਰ ਉਹ ਹਦਾਇਤਾਂ ਦਾ ਵੀ ਜ਼ਿਕਰ ਹੈ ਜੋ ਲੜਾਈ ਸਮੇਂ ਦੁਸ਼ਮਣ ਦੇਸ਼ ਦੇ ਨਾਗਰਿਕਾਂ 'ਤੇ ਵੀ ਵਰਤੀਆਂ ਜਾ ਸਕਦੀਆਂ। ਇਸੇ ਕਿਤਾਬ ਦੀ ਗਵਾਹੀ ਅਨੁਸਾਰ ਆਰ. ਐਸ. ਐਸ. ਵੱਲੋਂ ਅੰਮ੍ਰਿਤ ਛਕਾਉਣ ਦੀ ਸਿੱਖ ਰੀਤ ਨੂੰ ਵੀ ਦੇਸ਼ ਧਰੋਹੀ ਮੰਨ ਕੇ ਦਰਬਾਰ ਸਾਹਿਬ 'ਤੇ ਹਮਲਾ ਕਰਨ ਲਈ ਇੰਦਰਾ ਗਾਂਧੀ 'ਤੇ ਦਬਾਅ ਪਾਉਣ ਦਾ ਜ਼ਿਕਰ ਹੈ।
'ਸਾਕਾ ਨੀਲਾ ਤਾਰਾ' ਕਿਤਾਬ 'ਚ ਜ਼ਿਕਰ ਕੀਤੇ ਸਿੱਖਾਂ ਦੀ ਤਬਾਹੀ ਦੇ ਤੱਥ ਉਹਨਾਂ ਇਤਰਾਜ਼ਾਂ ਦੀ ਹਾਮੀ ਭਰਦੇ ਹਨ ਜੋ ਅਕਸਰ ਹੀ ਸਿੱਖ ਕੇਂਦਰ ਸਰਕਾਰ ਪਾਸ ਪੇਸ਼ ਕਰਦੇ ਰਹੇ ਹਨ ਕਿ ਦੇਸ਼ ਵਿਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਨਹੀਂ ਮੰਨਿਆ ਜਾ ਰਿਹਾ। ਕਿਤਾਬ ਦੇ ਅੰਤ ਵਿਚ ਸਾਕਾ ਨੀਲਾ ਤਾਰਾ ਦੇ ਹਮਲੇ ਸਮੇਂ ਹਿੱਸਾ ਲੈਣ ਵਾਲੇ ਫੌਜੀਆਂ ਦੀ ਸਹਾਇਤਾ ਲਈ ਕੀਤੀ ਗਈ ਅਪੀਲ ਕਿਤਾਬ ਦੇ ਮਕਸਦ ਨੂੰ ਸਾਫ਼ ਕਰਦੀ ਹੈ ਕਿ ਕਿਤਾਬ ਵਿਚ ਲਿਖਿਆ ਗਿਆ ਹਰ ਅੱਖਰ ਅਜੇ ਵੀ ਸਿੱਖ ਮਾਨਸਿਕਤਾ ਨੂੰ ਸਮਝਣ ਲਈ ਲੋੜ ਮਹਿਸੂਸ ਨਹੀਂ ਕਰ ਰਿਹਾ। ਇਸੇ ਤਰ੍ਹਾਂ ਇਸ ਵਿਚ ਪੇਸ਼ ਕੀਤੇ ਗਏ ਤੱਥਾਂ ਨੂੰ ਪੇਸ਼ ਕਰਨਾ ਲੇਖਕ ਦੀ ਮਜ਼ਬੂਰੀ ਸੀ ਤਾਂ ਕਿ ਬਹੁਗਿਣਤੀ ਲੋਕਾਂ ਨੂੰ ਆਪਣੇ ਵਿਚਾਰਾਂ ਤੋਂ ਪ੍ਰਭਾਵਿਤ ਕਰਕੇ ਘੱਟ ਗਿਣਤੀ ਸਿੱਖਾਂ ਦੀ ਅਵਾਜ਼ ਖਤਮ ਕਰ ਦਿੱਤੀ ਜਾਵੇ। ਇਸ ਕਿਤਾਬ ਵਿਚ ਹਮਲੇ ਸਮੇਂ 15307 ਫੌਜੀਆਂ ਦੇ ਮਾਰੇ ਜਾਣ ਅਤੇ 17897 ਫੌਜੀਆਂ ਦੇ ਜ਼ਖਮੀ ਹੋ ਜਾਣ ਦੀ ਲਿਖਤ ਨਵੀਂ ਪ੍ਰਗਟ ਹੋਈ ਦਸਤਾਵੇਜੀ ਗਵਾਹੀ ਹੈ। ਅੰਤ ਵਿਚ ਫਿਰ ਪਿਛਲੀ ਗੱਲ ਦਾ ਦੁਹਰਾਅ ਕੀਤਾ ਜਾ ਰਿਹਾ ਹੈ ਕਿ ਦੇਸ਼ ਵਿਚ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨ ਕੇ ਸਲੂਕ ਨਹੀਂ ਕੀਤਾ ਜਾਂਦਾ, ਉਕਤ ਕਿਤਾਬ ਜਿਸ ਦਾ ਪ੍ਰਮਾਣ ਹੈ। ਦੇਸ਼ ਦੀਆਂ ਕੇਂਦਰੀ ਸਰਕਾਰਾਂ ਵੀ ਇਸ ਗੱਲ ਨੂੰ ਮਹਿਸੂਸ ਕਰਨ ਕਿ ਦੇਸ਼ ਅੰਦਰਲੀ ਗੜਬੜ ਨੂੰ ਰੋਕਣ ਲਈ ਹਰ ਨਾਗਰਿਕ ਨੂੰ ਬਣਦਾ ਹੱਕ ਦੇਣਾ ਉਸ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ। ਕਿਸੇ ਵਿਸ਼ੇਸ਼ ਜਾਤੀ, ਧਰਮ ਜਾਂ ਵਰਗ ਨੂੰ ਕੁਟਲਨੀਤੀ ਨਾਲ ਦਬਾਉਣ ਦੇ ਨਤੀਜੇ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਘਾਤਕ ਸਿੱਧ ਹੁੰਦੇ ਹਨ।