ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਿਗਰ ਦਾ ਕੈਂਸਰ


ਚਮੜੀ ਦੇ ਬਾਅਦ ਜਿਗਰ ਸਾਡੇ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ। ਇਸ ਦੀਆਂ ਬਹੁਤ ਡਿਊਟੀਆਂ ਹਨ, ਜਿਵੇਂ ਪੀਤੇ ਜਾਂ ਖਾਧੇ ਜਾਣ ਵਾਲੇ ਪਦਾਰਥਾਂ ਤੋਂ ਊਰਜਾ ਕੱਢ ਕੇ, ਖ਼ੂਨ ਰਾਹੀਂ, ਸਰੀਰ ਦੇ ਵੱਖ ਵੱਖ ਅੰਗਾਂ ਨੂੰ ਭੇਜਣਾ ਅਤੇ ਸ਼ਰਾਬ ਸਮੇਤ ਸਾਰੇ ਜ਼ਹਿਰੀਲੇ ਪਦਾਰਥਾਂ ਨਾਲ ਨਜਿੱਠਣਾ। ਭੋਜਨ ਦੀ ਪਾਚਣ-ਕਿਰਿਆ ਵਾਸਤੇ ਲੋੜੀਂਦਾ ਹਰੇ ਰੰਗ ਦਾ ਤਰਲ (ਬਾਇਲ) ਵੀ ਜਿਗਰ ਵਿੱਚ ਹੀ ਬਣਦਾ ਹੈ ਜੋ ਪਿੱਤੇ ਵਿੱਚ ਜਮ੍ਹਾਂ ਰਹਿੰਦਾ ਹੈ ਤੇ ਜ਼ਰੂਰਤ ਅਨੁਸਾਰ ਛੋਟੀ ਅੰਤੜੀ ਵਿੱਚ ਖ਼ਾਰਜ ਕੀਤਾ ਜਾਂਦਾ ਹੈ। ਇਸ ਲਈ ਜਿਗਰ ਇਕ ਅਤੀ ਅਹਿਮ ਅੰਗ ਹੈ ਜਿਸ ਦੀ ਸਿਹਤ ਦਾ ਖਿਆਲ ਰੱਖਣ ਨਾਲ ਹੀ ਸਾਡੀ ਜ਼ਿੰਦਗੀ ਹੈ।
ਜਿਗਰ ਦਾ ਕੈਂਸਰ : ਇਸ ਨੂੰ ਹੇਪੈਟਿਕ ਕੈਂਸਰ ਵੀ ਕਿਹਾ ਜਾਂਦਾ ਹੈ ('ਹੈਪਰ' ਯੂਨਾਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ  ਮਤਲਬ ਹੈ ਜਿਗਰ)। ਇਸ ਦੇ ਕੈਂਸਰ ਦੀ ਗੱਲ ਕਰੀਏ ਤਾਂ 100 ਵਿੱਚੋਂ ਤਕਰੀਬਨ 75 ਕੇਸਾਂ ਵਿੱਚ, ਦੂਸਰੇ ਅੰਗਾਂ ਦੇ ਕੈਂਸਰਾਂ ਦੀਆਂ ਜੜ੍ਹਾਂ ਜਿਗਰ ਵਿੱਚ ਫੈਲੀਆਂ ਹੁੰਦੀਆਂ ਹਨ। ਇਸ ਨੂੰ ਮੈਟਾਸਟੈਟਿਕ ਜਾਂ ਸੈਕੰਡਰੀ ਲਿਵਰ ਕੈਂਸਰ ਕਹਿੰਦੇ ਹਨ। ਦੂਸਰੇ ਅੰਗਾਂ ਜਿਵੇਂ: ਪਿੱਤਾ, ਮਿਹਦਾ, ਅੰਤੜੀਆਂ, ਪੈਨਕਰੀਆਜ਼, ਅੰਡ-ਕੋਸ਼, ਫੇਫੜੇ, ਗੁਰਦਾ, ਓਵਰੀ, ਬੱਚੇਦਾਨੀ ਆਦਿ ਦੇ ਕੈਂਸਰਾਂ ਦੀਆਂ  ਜੜ੍ਹ੍ਹਾਂ ਫੈਲ ਕੇ ਜਿਗਰ ਵਿੱਚ ਜਾ ਸਕਦੀਆਂ ਹਨ।
ਜਿਗਰ ਦੇ ਪ੍ਰਾਇਮਰੀ ਕੈਂਸਰ ਦੀਆਂ ਕਿਸਮਾਂ : ਹੇਪੈਟੋਸੈਲੂਲਰ ਕਾਰਸੀਨੋਮਾ ਵੱਡਿਆਂ ਵਿਚ ਹੁੰਦਾ  ਹੈ
*   ਕੋਲੈਂਜੀਓ ਕਾਰਸੀਨੋਮਾ ਵੱਡਿਆਂ ਵਿਚ ਹੁੰਦਾ ਹੈ
*    ਹੇਪੈਟੋ ਬਲਾਸਟੋਮਾ ਬੱਚਿਆਂ ਵਿਚ ਹੁੰਦਾ ਹੈ
*  ਐਂਜੀਓ ਸਾਰਕੋਮਾ ਛੋਟੀ ਉਮਰ ਵਿੱਚ ਹੁੰਦਾ ਹੈ
ਕਿਹੜੇ ਲੋਕਾਂ ਨੂੰ ਜਿਗਰ ਦੇ ਪ੍ਰਾਇਮਰੀ ਕੈਂਸਰ ਦਾ ਖ਼ਤਰਾ ਰਹਿੰਦਾ ਹੈ ..?
*    ਹੈਪੇਟਾਇਟਿਸ ਵਾਲੇ ਰੋਗੀ
*    ਸਿਰੋਸਿਸ ਵਾਲੇ ਰੋਗੀ
*    ਪੁਰਸ਼ ਰੋਗੀ
*  ਜਨਮ ਵੇਲੇ, ਘੱਟ ਭਾਰ ਵਾਲੇ ਵਿਅਕਤੀ
ਜਿਗਰ ਦੇ ਸੈਕੰਡਰੀ ਕੈਂਸਰ ਦੇ, ਕਈ ਕੇਸਾਂ ਵਿਚ ਮਰੀਜ਼ ਨੂੰ ਤੇ ਉਹਦੇ ਡਾਕਟਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕਿ ਫੇਫੜੇ, ਜਾਂ ਵੱਡੀ ਅੰਤੜੀ ਜਾਂ ਪਿੱਤੇ ਜਾਂ ਨੇੜੇ ਵਾਲੇ ਕਿਸੇ ਹੋਰ ਅੰਗ ਦਾ ਕੈਂਸਰ ਹੈ। ਉਸ ਕੈਂਸਰ ਦੇ ਇਲਾਜ ਦੇ ਬਾਵਜੂਦ ਵੀ ਸਾਲ ਦੋ ਸਾਲ ਜਾਂ ਕਈ ਵਾਰ ਪੰਜ ਛੇ ਸਾਲਾਂ ਬਾਅਦ ਜਿਗਰ ਵਿੱਚ ਜੜ੍ਹਾਂ ਪੁੱਜ ਜਾਂਦੀਆਂ ਹਨ। ਪ੍ਰਾਇਮਰੀ ਕੈਂਸਰ ਨਾਲ ਤਾਂ, ਰੋਗੀ ਅਡਜਸਟਮੈਂਟ ਕਰ ਚੁੱਕਾ ਹੁੰਦਾ ਹੈ। ਜੇ ਵਧੇਰੇ ਸਮਾਂ ਬੀਤ ਜਾਵੇ ਤਾਂ ਭੁੱਲ ਵੀ ਚੁੱਕਾ ਹੁੰਦਾ ਹੈ , ਪਰ ਜਦ ਉਸ ਕੈਂਸਰ ਦੀਆਂ ਜੜ੍ਹਾਂ ਨਵੇਂ ਰੂਪ ਵਿੱਚ ਉਜਾਗਰ ਹੁੰਦੀਆਂ ਹਨ ਤਾਂ ਫੇਰ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਹਨ। ਪੇਟ ਵਿੱਚ ਸੱਜੇ ਪਾਸੇ ਜਾਂ ਉਪਰ ਵਿਚਕਾਰ ਜਿਹੇ,ਸਖ਼ਤ ਜਿਹੇ ਗੋਲੇ ਵਾਂਗ, ਜੋ ਇਕ ਤੋਂ ਵਧੇਰੇ ਵੀ ਹੋ ਜਾਂਦੇ ਹਨ, ਮਹਿਸੂਸ ਹੁੰਦੇ ਹਨ ਜਾਂ ਫਿਰ ਕਈ ਵਾਰੀ ਯਰਕਾਨ ਦਾ ਵਿਕਸਿਤ ਹੋਣਾ ਹੀ ਇਕ ਅਲਾਰਮ ਦੇ ਤੌਰ 'ਤੇ ਸਾਹਮਣੇ ਆਉਂਦਾ ਹੈ ਕਿ 'ਮਾਮਲਾ ਗੜਬੜ' ਹੋ ਗਿਆ ਹੈ । 'ਮੈਟਾਸਟੇਸਿਸ ਇਨ ਲਿਵਰ' ਜਾਂ ਜਿਗਰ ਵਿੱਚ ਸੈਕੰਡਰੀ ਕੈਂਸਰ ਬਣਨ ਤੋਂ ਬਾਅਦ ਦਵਾ ਦੀ ਘਟ ਤੇ ਦੁਆ ਦੀ ਭੂਮਿਕਾ ਵਧ ਜਾਂਦੀ ਹੈ। ਡਾਕਟਰ, ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਕਹਿ ਦੇਂਦੇ ਹਨ ਕਿ ''ਘਰ ਵਿਚ ਹੀ ਸੇਵਾ ਕਰ ਲਉ'' ਐਸੇ ਰੋਗੀਆਂ ਨੂੰ ਲੋੜ ਅਨੁਸਾਰ ''ਪੈਲੀਏਟਿਵ ਟਰੀਟਮੈਂਟ'' ਅਰਥਾਤ ਲੱਛਣਾਂ ਮੁਤਾਬਕ, ਕੁਝ ਰਾਹਤ ਦੇਣ ਲਈ ਦਵਾਈਆਂ, ਟੀਕੇ ਆਦਿ (ਜਾਂ ਜ਼ਰੂਰਤ ਅਨੁਸਾਰ ਓਪ੍ਰੇਸ਼ਨ ਵੀ ਕਰਨਾ) ਦੇਣੀਆਂ ਪੈਂਦੀਆਂ ਹਨ।
ਅਲਾਮਤਾਂ : ਕਈ ਹੋਰ ਕੈਂਸਰਾਂ ਵਾਂਗੂੰ, ਆਰੰਭ ਵਿਚ ਜਿਗਰ ਪ੍ਰਾਇਮਰੀ ਦੇ ਕੈਂਸਰ ਨਾਲ ਵੀ ਕੋਈ ਵੀ ਤਕਲੀਫ ਨਹੀਂ ਹੁੰਦੀ । ਇਸੇ ਕਰਕੇ ਜਿਗਰ ਦੇ ਕੈਂਸਰ ਦੇ ਮਰੀਜ਼, ਡਾਕਟਰ ਕੋਲ, ਕਾਫੀ ਲੇਟ ਪੁੱਜਦੇ ਹਨ। ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਇਹ ਅਡਵਾਂਸ ਹੋਈ ਜਾਂਦਾ ਹੈ ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਾਂ, ਕਈ ਰੋਗੀਆਂ ਵਿੱਚ, ਪਹਿਲੇ ਪੜਾਵਾਂ ਵਿਚ ਭੁੱਖ ਤੇ ਸਰੀਰ ਦਾ ਭਾਰ ਘਟ ਕੇ ਕਪੜੇ ਖੁੱਲ੍ਹੇ ਲੱਗਣ ਲਗਦੇ ਹਨ, ਜਿਸ ਦਾ ਕੋਈ ਕਾਰਨ ਸਮਝ ਨਹੀਂ ਲੱਗਦਾ। ਜਿਗਰ ਦੇ ਅੰਦਰ ਜੇਕਰ ਕੈਂਸਰ ਉਤਪੰਨ ਹੋਣ ਦੀ ਜਗ੍ਹਾ ਬਾਇਲ ਡਕਟ ਦੇ ਕੋਲ ਹੋਵੇ ਤਾਂ ਭੁੱਖ ਤੇ ਭਾਰ ਘਟਣ ਦੇ ਨਾਲ ਨਾਲ ਯਰਕਾਨ (ਜਾਓਂਡਿਸ) ਵੀ ਹੁੰਦਾ ਹੈ, ਪਰ ਆਮ ਕਰਕੇ ਕੋਈ ਦਰਦ ਨਹੀਂ ਹੁੰਦੀ। ਯਰਕਾਨ ਵਿੱਚ ਅੱਖਾਂ ਦੇ ਡੇਲਿਆਂ, ਚਮੜੀ ਤੇ ਨਹੁੰਆਂ ਦਾ ਰੰਗ ਪੀਲਾ ਹੋ ਜਾਂਦਾ ਹੈ ਤੇ ਪਿਸ਼ਾਬ ਵੀ ਗੂੜ੍ਹੇ ਰੰਗ ਦਾ ਆਉਂਦਾ ਹੈ।
2005 ਵਿੱਚ ਪੋਸਟਮਾਰਟਮ ਕੇਸਾਂ 'ਤੇ ਆਧਾਰਤ ਇਕ ਅਧਿਐਨ ਵਿੱਚ ਅਸੀਂ 40 ਸਾਲ ਤੋਂ ਵੱਧ ਉਮਰ ਦੇ 100 ਮ੍ਰਿਤਕਾਂ ਦੇ ਪੋਸਟਮਾਰਟਮ  ਦੌਰਾਨ ਉਨ੍ਹਾਂ ਦੇ ਜਿਗਰ ਲੈ ਕੇ ਪੈਥਾਲੋਜੀਕਲ ਜਾਂਚ ਕੀਤੀ ਸੀ ਜਿਸ ਵਿਚ ਤਿੰਨ ਕੇਸ (ਦੋ ਸੈਕੰਡਰੀ ਤੇ ਇਕ ਪ੍ਰਾਇਮਰੀ) ਜਿਗਰ ਕੈਂਸਰ ਦੇ ਪਾਏ ਗਏ ਸਨ।
ਜਾਂਚ ਤੇ ਟੈਸਟ : ਐਸੀਆਂ ਤਕਲੀਫਾਂ ਜਾਂ ਅਲਾਮਤਾਂ ਵਾਲੇ ਰੋਗੀ, ਕਿਸੇ ਫੈਮਿਲੀ ਡਾਕਟਰ, ਮੈਡੀਕਲ ਸਪੈਸ਼ਲਿਸਟ ਜਾਂ ਸਰਜਨ ਕੋਲ ਜਾਂਦੇ ਹਨ । ਜਿਹੜੇ ਸ਼ਹਿਰਾਂ ਵਿਚ, ਸਰਕਾਰੀ ਜਾਂ ਪ੍ਰਾਈਵੇਟ, ਜਿਗਰ ਰੋਗਾਂ ਦੇ ਮਾਹਰ ਡਾਕਟਰ (ਹੈਪੇਟਾਲੋਜਿਸਟ) ਹੋਣ, ਉਨ੍ਹਾਂ  ਨੂੰ ਕੰਸਲਟ ਕਰਨਾ ਚਾਹੀਦਾ ਹੈ । ਰੋਗੀ ਦਾ ਮੁਆਇਨਾ ਕਰਨ ਤੋਂ ਬਾਅਦ ਡਾਕਟਰ ਵੱਖ-ਵੱਖ ਸੰਭਾਵਨਾਵਾਂ ਰੱਖ ਕੇ  ਐਕਸ-ਰੇ,  ਅਲਟਰਾ ਸਾਊਂਡ, ਸੀ.ਟੀ. ਸਕੈਨ, ਐਮ.ਆਰ.ਆਈ. ਆਦਿ ਤੋਂ ਬਾਅਦ ਖ਼ੂਨ ਦੇ ਟੈਸਟ (ਲਿਵਰ ਫੰਕਸ਼ਨ ਟੈਸਟ) ਕਰਵਾਉਂਦੇ ਹਨ ਜਿਵੇਂ: ਬਿਲੀਰੂਬਿਨ, ਏ.ਐਸ.ਟੀ., ਏ.ਐਲ.ਟੀ., ਬਲੱਡ ਪ੍ਰੋਟੀਨਜ਼, ਐਲ.ਡੀ.ਐਚ; ਐਚ.ਬੀ.ਐਸ.ਏ.ਜੀ; ਐਚ. ਬੀ. ਸੀ; ਆਦਿ ਅਤੇ ਪਿਸ਼ਾਬ ਦੇ ਟੈਸਟ,  ਐਕਸ-ਰੇ, ਅਲਟਰਾਸਾਊਂਡ, ਸੀ.ਟੀ. ਸਕੈਨ ਤੋਂ ਕਿਸੇ ਗੋਲੇ ਜਾਂ ਮਾਸ ਦਾ ਪਤਾ ਲੱਗ ਜਾਂਦਾ ਹੈ। ਸੀ. ਟੀ.ਜਾਂ ਐਮ.ਆਰ.ਆਈ. ਨਾਲ ਐਸੇ ਗੋਲੇ ਜਾਂ ਮਾਸ ਦਾ ਸਾਈਜ਼ ਵੀ ਪਤਾ ਲੱਗ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਪੈਥਾਲੋਜਿਸਟ ਦਾ ਰੋਲ । ਬਰੀਕ ਸੂਈ ਦੀ ਜਾਂਚ (ਐਫ.ਐਨ. ਏ.ਸੀ.), ਜੋ ਸੀ.ਟੀ. ਸਕੈਨ ਦੀ ਮਦਦ  ਨਾਲ ਕੀਤੀ ਜਾਂਦੀ ਹੈ (ਤਾਂ ਕਿ ਸੂਈ ਦਾ  ਨੱਕਾ ਬਿਲਕੁਲ, ਅਸਾਧਾਰਣ ਮਾਸ ਵਿਚ ਚਲਾ ਜਾਵੇ) ਤਾਂ ਜੋ ਠੀਕ ਜਗ੍ਹਾ ਤੋਂ ਸੈਂਪਲ ਹੀ ਲਿਆ ਜਾ ਸਕੇ। ਇਸ ਦੀ  ਜਾਂਚ  ਤੋਂ  ਬਾਅਦ ਹੀ ਪਤਾ ਚਲਦਾ ਹੈ ਕਿ ਕੈਂਸਰ ਹੈ ਜਾਂ ਨਹੀਂ, ਤੇ ਜੇ ਹੈ ਤਾਂ ਕਿਹੜੀ ਕਿਸਮ ਦਾ ਹੈ।
90 ਤੋਂ 95 ਕੇਸਾਂ ਵਿੱਚ ਬਰੀਕ ਸੂਈ ਦੀ ਜਾਂਚ ਵਾਲੀ ਵਿਧੀ ਕਾਮਯਾਬ ਰਹਿੰਦੀ ਹੈ। ਬਾਕੀ ਕੇਸਾਂ ਵਿੱਚ ਅਪ੍ਰੇਸ਼ਨ ਦੁਆਰਾ 'ਜਿਗਰ ਦਾ ਟੁਕੜਾ' (ਬਾਇਓਪਸੀ) ਲਿਆ ਜਾਂਦਾ ਹੈ ਤੇ ਪੈਥਾਲੋਜਿਸਟ ਉਸ ਦੀ ਰਿਪੋਰਟ ਵਿੱਚ ਪੱਕਾ ਦੱਸਦੇ ਹਨ ਕਿ ਕਿਸ ਕਿਸਮ ਦਾ ਕੈਂਸਰ ਹੈ ।
ਦਵਾਈਆਂ ਨਾਲ ਸੁਧਾਰ, ਅਤੇ ਕੈਂਸਰ ਨਾਲ ਵਗਾੜ ਨੂੰ ਵੇਖਣ ਲਈ, ਲਿਵਰ ਫੰਕਸ਼ਨ ਟੈਸਟ, ਦੁਬਾਰਾ ਦੁਬਾਰਾ ਕਰਵਾਉਣੇ ਪੈਂਦੇ ਹਨ।
ਇਲਾਜ : ਸਰਜਰੀ : ਜਿਗਰ ਦੇ ਕੈਂਸਰ ਦਾ ਆਮ ਕਰਕੇ ਮੁਢਲੇ ਪੜਾਅ 'ਤੇ ਪਤਾ ਨਹੀਂ ਲਗਦਾ। ਜਿਨ੍ਹਾਂ ਕੇਸਾਂ ਵਿੱਚ ਟਿਊਮਰ  ਛੋਟੇ ਸਾਈਜ਼ ਦਾ ਹੋਵੇ ਤੇ ਜਲਦ ਪਤਾ ਲੱਗ ਜਾਵੇ, ਉਹਦੀ ਸਰਜਰੀ ਕੀਤੀ  ਜਾ ਸਕਦੀ ਹੈ।
ਕੀਮੋਥੈਰਾਪੀ, ਟੀਕਿਆਂ ਦੇ ਰੂਪ ਵਿੱਚ, ਜੋ ਡਰਿੱਪ ਵਿੱਚ ਪਾ ਕੇ ਖ਼ੂਨ-ਨਾੜੀ ਰਾਹੀਂ ਜਾਂ ਕੈਥੀਟਰ ਨਾਲ ਸਿੱਧੇ ਜਿਗਰ ਵਿੱਚ ਲਗਾਏ ਜਾਂਦੇ ਹਨ। ਕੈਂਸਰ ਦੀ ਕਿਸਮ ਦੇ ਹਿਸਾਬ ਨਾਲ ਰੇਡੀਏਸ਼ਨ (ਬਿਜਲੀਆਂ) ਵੀ ਇਲਾਜ ਵਜੋਂ ਦਿੱਤੀ ਜਾਂਦੀ  ਹੈ ।
ਲਿਵਰ ਟਰਾਂਸਪਲਾਂਟੇਸ਼ਨ : ਕੈਂਸਰ ਤੋਂ ਪਹਿਲਾਂ ਜੇਕਰ ਸਿਰੋਸਿਸ ਹੋਵੇ ਤੇ ਸਾਰਾ ਹੀ ਜਿਗਰ ਨੁਕਸਾਨਿਆਂ ਜਾ ਚੁੱਕਾ ਹੋਵੇ ਤਾਂ ਇਲਾਜ ਤਕਰੀਬਨ ਅਸੰਭਵ ਹੋ ਜਾਂਦਾ ਹੈ। ਜਿਹੜੇ ਵਿਅਕਤੀ ਲਿਵਰ ਟਰਾਂਸਪਲਾਂਟੇਸ਼ਨ ਕਰਵਾ ਸਕਦੇ ਹੋਣ (ਮਾਲੀ ਹਾਲਤ ਤੇ ਜਿਗਰ ਦਾਨੀ ਲੱਭ ਕੇ) ਤਾਂ ਰੋਗੀ ਦੀ ਜ਼ਿੰਦਗੀ ਕੁਝ ਸਮਾਂ ਵਧ ਸਕਦੀ ਹੈ ।
ਬਚਾਉ : ਜਿਗਰ ਦੇ ਕੈਂਸਰ, ਉਨ੍ਹਾਂ ਰੋਗੀਆਂ ਵਿੱਚ ਉਤਪੰਨ ਹੁੰਦੇ ਹਨ ਜਿਨ੍ਹਾਂ ਨੂੰ ਵਾਇਰਲ ਹੈਪੇਟਾਇਟਿਸ,ਖ਼ਾਸ ਕਰਕੇ ਬੀ ਜਾਂ ਸੀ ਵਾਇਰਸ ਕਰਕੇ, ਲੰਮੇ ਸਮੇਂ ਵਾਲੀ ਜਿਗਰ ਦੀ ਸੋਜ (ਕਰੋਨਿਕ ਵਾਇਰਲ ਹੈਪੇਟਾਇਟਿਸ) ਹੋਵੇ। ਸੋ ਇਨ੍ਹਾਂ ਵਾਇਰਸਾਂ ਦੀ  ਇਨਫੈਕਸ਼ਨ ਤੋਂ ਬਚਣਾ ਚਾਹੀਦਾ ਹੈ। ਇਨਫੈਕਸ਼ਨ ਵਾਲੇ ਵਿਅਕਤੀ ਦੇ ਖ਼ੂਨ ਤੇ ਸਰੀਰ ਦੇ ਹੋਰ ਤਰਲਾਂ ਨਾਲ ਸੰਪਰਕ ਤੋਂ ਬਚਣਾ ਚਾਹੀਦਾ ਹੈ ।
ਸਿਹਤ ਕਾਮੇ, ਜੋ ਲੈਬਾਰਟਰੀਆਂ ਵਿੱਚ ਕੰਮ ਕਰਦੇ ਹਨ,ਨੂੰ ਐਸੇ ਰੋਗੀਆਂ ਦੇ ਤਰਲਾਂ ਅਤੇ ਖ਼ੂਨ ਦੇ ਟੈਸਟਾਂ ਵੇਲੇ ਦਸਤਾਨੇ ਪਾ ਕੇ ਕੰਮ ਕਰਨਾ ਚਾਹੀਦਾ ਹੈ। ਹੈਪੇਟਾਇਟਿਸ ਬੀ ਵਾਸਤੇ ਅਸਰਦਾਰ ਟੀਕਾਕਰਨ ਉਪਲਬਧ ਹੈ, ਪਰ  ਹੈਪੇਟਾਇਟਿਸ ਸੀ ਵਾਇਰਸ ਵਾਸਤੇ ਅਜੇ ਐਸਾ ਟੀਕਾਕਰਨ ਨਹੀਂ ਹੈ। ਅਲਕੋਹਲਿਕ (ਸ਼ਰਾਬ ਨਾਲ) ਹੈਪੇਟਾਇਟਿਸ ਤੋਂ ਬਾਅਦ ਸਿਰੋਸਿਸ ਅਤੇ ਫਿਰ ਕੈਂਸਰ ਉਤਪੰਨ ਹੋਣ ਦਾ ਬਹੁਤ ਰਿਸਕ ਰਹਿੰਦਾ ਹੈ ਇਸ ਲਈ ਸ਼ਰਾਬ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ । ਜੋ ਵੀ ਨਸ਼ੀਲੇ ਪਦਾਰਥ  ਜੋ  ਸਰੀਰ ਅੰਦਰ ਦਾਖ਼ਲ ਹੁੰਦੇ ਹਨ,  ਜਿਗਰ  ਵਿਚ ਪੁੱਜ ਕੇ ਆਪਣੇ ਅਸਰ ਵਿਖਾਉਣ ਦੇ ਨਾਲ ਨਾਲ ਆਪਣੇ ਜ਼ਹਿਰੀਲੇ ਮਾਦੇ ਨਾਲ ਜਿਗਰ ਦੇ ਸੈੱਲਾਂ ਨੂੰ ਦੂਸ਼ਿਤ ਕਰਕੇ, ਐਸੀਆਂ ਤਬਦੀਲੀਆਂ ਪੈਦਾ ਕਰਦੇ ਹਨ ਕਿ ਤੰਤੂਆਂ ਵਿੱਚ ਕੈਂਸਰ ਵਿਕਸਿਤ ਹੋ ਜਾਂਦਾ ਹੈ । ਸੋ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੇ ਸੇਵਨ ਨੂੰ ਨਿਰਉਤਸ਼ਾਹਤ ਕਰਨਾ ਚਾਹੀਦਾ ਹੈ।  ਜਿਨ੍ਹਾਂ ਲੋਕਾਂ ਨੂੰ ਲੰਮੇ ਸਮੇਂ ਵਾਲਾ ਹੈਪੇਟਾਇਟਿਸ ਹੋਵੇ ਜਾਂ ਪਤਾ ਹੋਵੇ ਕਿ ਉਨ੍ਹਾਂ ਨੂੰ ਬੀ. ਜਾਂ ਸੀ. ਵਾਇਰਸ ਦੀ ਇਨਫੈਕਸ਼ਨ ਹੋ ਚੁੱਕੀ ਹੈ, ਉਨ੍ਹਾਂ ਨੂੰ ਆਪਣੇ ਜਿਗਰ ਨੂੰ ਅੱਗੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਵਾਜਬ ਇਲਾਜ ਵਾਸਤੇ ਮਾਹਰ ਡਾਕਟਰ (ਹੈਪੇਟੋਲੋਜਿਸਟ) ਨਾਲ ਸੰਪਰਕ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਮੌਨੀਟਰਿੰਗ ਵਾਸਤੇ ਖ਼ੂਨ ਦੇ ਕੁਝ ਟੈਸਟ ਕਰਵਾਉਂਦੇ ਰਹਿਣਾ ਪੈਂਦਾ ਹੈ । ਹੋ ਸਕਦਾ ਹੈ ਕਿ ਕਦੀ ਜਿਗਰ ਦਾ ਛੋਟਾ ਟੁਕੜਾ (ਨੀਡਲ ਬਾਇਓਪਸੀ) ਲੈ ਕੇ ਉਸ ਦੀ ਖ਼ੁਰਦਬੀਨੀ ਜਾਂਚ ਕਰਨੀ ਪਵੇ। ਜਿਗਰ ਦੇ ਟੁਕੜੇ ਦੀ ਜਾਂਚ ਕਰਨ ਵਾਲੇ ਮਾਹਰ ਪੈਥਾਲੋਜਿਸਟ ਦੱਸ ਸਕਦੇ ਹਨ ਕਿ ਜਿਗਰ ਦੇ ਤੰਤੂਆਂ ਦਾ ਕੀ ਹਾਲ  ਹੈ। ਜਿਹੜੇ ਪਦਾਰਥ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ (ਸ਼ਰਾਬ, ਨਸ਼ੇ ਤੇ ਕੁਝ ਦਵਾਈਆਂ ਆਦਿ), ਉਨ੍ਹਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਏ ਜਿਗਰ ਨੂੰ ਤਾਕਤ ਦੇਣ ਵਾਲੇ ਅਤੇ ਸਰੀਰ ਦਾ ਭਾਰ ਕੰਟਰੋਲ ਵਿਚ ਰੱਖਣ ਵਾਲੇ ਭੋਜਨ ਵੱਲ ਧਿਆਨ ਦੇਣਾ ਚਾਹੀਦਾ ਹੈ।    
ਡਾ. ਮਨਜੀਤ ਸਿੰਘ ਬੱਲ