ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਲਹੂ ਦੀ ਕਮੀ ਕਿਵੇਂ ਦੂਰ ਕੀਤੀ ਜਾਏ?


ਤੁਹਾਡਾ ਭਾਰ ਠੀਕ ਹੈ, ਤੁਸੀਂ ਮੋਟੇ-ਤਗੜੇ ਹੋ, ਫਿਰ ਵੀ ਬਿਮਾਰ ਰਹਿਣਾ ਤੁਹਾਡੀ ਸਦਾਬਹਾਰ ਸਮੱਸਿਆ ਹੈ। ਡਾਕਟਰ ਕਹਿੰਦੇ ਹਨ ਲਹੂ ਦੀ ਕਮੀ ਹੈ।ਗੱਲ ਪਚਦੀ ਨਹੀਂ, ਨਾ ਤੁਹਾਨੂੰ, ਨਾ ਤੁਹਾਡੇ ਆਪਣਿਆਂ ਨੂੰ, ਮਗਰ ਇਹ ਸਹੀ ਹੈ। ਲਹੂ ਦੀ ਕਮੀ ਦਾ ਅਰਥ ਹਮੇਸ਼ਾ ਇਹ ਨਹੀਂ ਹੁੰਦਾ ਕਿ ਵਿਅਕਤੀ ਕਮਜ਼ੋਰ ਹੈ, ਉਸ ਦੀਆਂ ਹੱਡੀਆਂ ਗਿਣੀਆਂ ਜਾ ਸਕਦੀਆਂ ਹਨ। ਮੋਟੇ-ਤਗੜੇ ਲੋਕ ਇਸ ਬਿਮਾਰੀ ਤੋਂ ਘੱਟ ਪੀੜਤ ਨਹੀਂ ਹਨ।
       ਅਨੀਮੀਆ ਔਰਤ ਵਰਗ ਦੀ ਤਾਂ ਆਮ ਸਮੱਸਿਆ ਹੀ ਹੈ। ਇਸ 'ਤੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਡਿਲਵਰੀ ਦੌਰਾਨ ਅਕਸਰ ਔਰਤਾਂ ਦੀ ਮੌਤ ਤੱਕ ਹੋ ਸਕਦੀ ਹੈ। ਅਨੀਮੀਆ ਦੇ ਕਈ ਕਾਰਨ ਹਨ ਅਤੇ ਇਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾਏ, ਆਓ ਦੇਖੀਏ।
       ਲਹੂ ਦੀ ਕਮੀ ਦੀ ਜਾਂਚ ਲਈ ਹੀਮੋਗਲੋਬਿਨ ਦੀ ਜਾਂਚ ਕਰਾਈ ਜਾਂਦੀ ਹੈ। ਲਾਲ ਲਹੂ ਕਣਾਂ ਵਿਚ ਇਹ ਪਿਗਮੈਂਟ ਪ੍ਰਾਣਵਾਯੂ ਭਾਵ ਆਕਸੀਜਨ ਨੂੰ ਸਰੀਰ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਆਇਰਨ (ਲੋਹ ਤੱਤ) ਅਤੇ ਫੋਲਿਕ ਐਸਿਡ ਦੀ ਕਮੀ ਨਾਲ ਹੀਮੋਗਲੋਬਿਨ ਦਾ ਪੱਧਰ ਡਿਗਦਾ ਹੈ। ਇਸ ਲਈ ਸੰਤੁਲਿਤ ਭੋਜਨ ਦੀ ਕਮੀ ਹੀ ਜ਼ਿੰਮੇਵਾਰ ਹੈ। ਹੀਮੋਗਲੋਬਿਨ ਦਾ ਘੱਟ ਹੋਣਾ, ਅਨੀਮੀਆ ਦਾ ਹੀ ਰੂਪ ਹੈ। ਸੋਇਆਬੀਨ, ਹਰੀਆਂ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀ, ਪਨੀਰ ਦਾਲਾਂ ਆਦਿ ਦੀ ਸੰਤੁਲਿਤ ਵਰਤੋਂ ਰਾਹੀਂ ਇਸ ਹਾਲਾਤ 'ਚੋਂ ਬਾਹਰ ਨਿਕਲਿਆ ਜਾ ਸਕਦਾ ਹੈ। ਬਾਜ਼ਾਰ ਵਿਚ ਆਇਰਨ ਟਾਨਿਕ ਵੀ ਮਿਲ ਜਾਂਦੇ ਹਨ। ਆਯੁਰਵੈਦਿਕ ਦਵਾਈ ਲੋਹਾਸਵ ਵਗੈਰਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
       ਔਰਤਾਂ ਨੂੰ ਗਰਭ ਦੀ ਸਥਿਤੀ ਤੋਂ ਲੈ ਕੇ ਬੱਚਿਆਂ ਨੂੰ ਦੁੱਧ ਪਿਲਾਉਣ ਤੱਕ ਆਇਰਨ ਦੀ 200 ਮਿਲੀਗ੍ਰਾਮ ਦੀ ਗੋਲੀ ਜਾਂ ਕੈਪਸੂਲ ਰੋਜ਼ਾਨਾ ਲੈ ਕੇ ਖੂਨ ਦੀ ਘਾਟ ਨੂੰ ਰੋਕਿਆ ਜਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਿਤ ਮਾਣਕਾਂ ਅਨੁਸਾਰ ਲੋਹ ਤੱਤ ਦੀ ਲੋੜ ਨੂੰ ਹੇਠ ਲਿਖੇ ਅਨੁਸਾਰ ਸਮਝਿਆ ਜਾ ਸਕਦਾ ਹੈ।
ਲੋਹ ਤੱਤ ਦੀ ਰੋਜ਼ਾਨਾ ਜ਼ਰੂਰਤ
ਉਮਰ ਵਰਗ ਮਾਤਰਾ ਮਿ:ਗ੍ਰਾ
ਇਕ ਸਾਲ ਤੋਂ ਛੋਟੇ ਬੱਚੇ 0.5
12 ਸਾਲ ਤੱਕ ਦੇ ਬੱਚੇ 1.0
12 ਤੋਂ 18 ਸਾਲ 1.8
ਨੌਜਵਾਨ ਵਿਅਕਤੀ 0.9
ਨੌਜਵਾਨ ਔਰਤਾਂ 0.9
ਗਰਭਵਤੀ ਔਰਤਾਂ 3.5
ਔਰਤਾਂ ਦੀ ਕਾਪਰ ਟੀ. ਮਾਸਿਕ ਧਰਮ ਅਤੇ ਡਿਲਵਰੀ ਦੌਰਾਨ, ਆਪ੍ਰੇਸ਼ਨ ਆਦਿ ਕਾਰਨ ਜ਼ਿਆਦਾ ਖੂਨ ਨਿਕਲਣ ਨਾਲ ਸਰੀਰ ਵਿਚ ਖੂਨ ਦੀ ਘਾਟ ਹੋ ਜਾਂਦੀ ਹੈ। ਉਸ ਨੂੰ ਕਮਜ਼ੋਰੀ, ਚੱਕਰ, ਥਕਾਵਟ, ਚਿੜਚਿੜਾਪਨ, ਸਾਹ ਫੁੱਲਣ ਆਦਿ ਦੀਆਂ ਸਮੱਸਿਆਵਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਚਮੜੀ ਅਤੇ ਨਹੁੰਆਂ ਵਿਚ ਅਮੋਨੀਆ ਕਾਰਨ ਸਫੈਦੀ ਜਾਂ ਪੀਲਾਪਨ ਨਜ਼ਰ ਆਉਂਦਾ ਹੈ। ਅਇਰਨ ਨਾਲ ਕੈਲਸ਼ੀਅਮ ਦੀ ਮਾਤਰਾ ਵੀ ਲੈਣੀ ਚਾਹੀਦੀ ਹੈ। ਕੈਲਸ਼ੀਅਮ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ ਹਨ ਅਤੇ ਪੀਣ ਵਾਲੀ ਦਵਾਈ ਵੀ। ਲੋਹੇ ਦੇ ਭਾਂਡਿਆਂ ਵਿਚ ਭੋਜਨ ਬਣਾਉਣ ਦੀ ਆਦਤ ਪਾਉਣੀ ਚਾਹੀਦੀ ਹੈ।
ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ ਬੀ-12 ਮਿਸ਼ਰਤ ਗੋਲੀਆਂ ਨੂੰ ਪਾਣੀ ਨਾਲ ਲਿਆ ਜਾ ਸਕਦਾ ਹੈ। ਕੋਸ਼ਿਸ਼ ਕਰੋ ਕਿ ਆਪਣੀ ਮਰਜ਼ੀ ਦੇ ਨਾਲ ਡਾਕਟਰ ਦੀ ਸਲਾਹ ਵੀ ਸ਼ਾਮਿਲ ਕਰਨੀ ਜ਼ਰੂਰੀ ਹੈ। ਸਿਰਫ 'ਮਨਮਾਨੀ' ਹੋਰ ਵੀ ਮੁਸ਼ਕਿਲਾਂ ਪੈਦਾ ਕਰ ਸਕਦੀ ਹੈ। ਬੱਚਿਆਂ ਵਿਚ ਖੂਨ ਦੀ ਕਮੀ ਜਾਂ ਪੀਲਾਪਨ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਦੀ ਮੁੱਖ ਸਮੱਸਿਆ ਹੈ। ਇਹ ਸਮੱਸਿਆ ਔਰਤਾਂ ਨਾਲ ਜੁੜੀ ਹੈ। ਜਨਮ ਦੇਣ ਵਾਲੀ ਔਰਤ ਹੀ ਬਿਮਾਰ ਰਹੇਗੀ ਤਾਂ ਸੰਤਾਨ ਦੇ ਸਿਹਤਮੰਦ ਹੋਣ ਦੀ ਕਲਪਨਾ ਬੇਮਾਨੀ ਹੋਵੇਗੀ। ਇਸ ਤੋਂ ਇਲਾਵਾ ਛੋਟੇ ਬੱਚੇ ਅਕਸਰ ਮਿੱਟੀ ਜਾਂ ਦੀਵਾਰ ਦਾ ਚੂਨਾ, ਪਲਾਸਟਿਕ, ਚਾਕ ਆਦਿ ਖਾਣ ਲੱਗਦੇ ਹਨ।
ਗੰਦਗੀ ਕਾਰਨ ਪੇਟ ਵਿਚ ਕੀੜੇ ਹੋਣਾ ਇਕ ਆਮ ਗੱਲ ਹੈ। ਕੀੜੇ ਖੂਨ ਨਿਰਮਾਣ ਵਿਚ ਨਾ ਕੇਵਲ ਰੁਕਾਵਟ ਪਾਉਂਦੇ ਹਨ ਸਗੋਂ ਖੂਨ ਵੀ ਚੂਸਦੇ ਹਨ। ਇਨ੍ਹਾਂ ਨੂੰ ਮਾਰਨ ਲਈ ਐਲੋਪੈਥੀ ਦਾ ਨਿਮੋਸਿਡ ਸਿਰਪ ਜਾਂ ਹੋਮਿਓਪੈਥੀ ਦੀ ਸਿਨਾ-30 ਦੀਆਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਲੋਹ ਤੱਤ (ਆਇਰਨ) ਵਾਲੇ ਟਾਨਿਕ ਪਿਲਾਉਣੇ ਚਾਹੀਦੇ ਹਨ।
ਖੂਨ ਦੇ ਲਾਲ ਕਣ ਹੀਮੋਗਲੋਬਿਨ ਪ੍ਰਤੀਸ਼ਤ ਦਾ ਸਾਧਾਰਨ ਪੱਧਰ ਆਦਮੀਆਂ ਵਿਚ ਬੀ-17 ਗ੍ਰਾਮ ਅਤੇ ਔਰਤਾਂ ਵਿਚ 12-14 ਗ੍ਰਾਮ ਤੱਕ ਹੋਣਾ ਚਾਹੀਦਾ ਹੈ। ਅੱਜ ਇਹ ਪੱਧਰ ਦਿਨੋ-ਦਿਨ ਘਟ ਰਿਹਾ ਹੈ। ਸੰਤੁਲਿਤ ਭੋਜਨ ਦੀ ਕਮੀ ਅਤੇ ਵਧੇਰੇ ਪ੍ਰਦੂਸ਼ਣ ਕਾਰਨ, ਆਕਸੀਜਨ ਨਾ ਮਿਲਣ ਕਾਰਨ ਆਮ ਤੌਰ 'ਤੇ 8-9 ਗ੍ਰਾਮ ਤੱਕ ਹੀ ਖੂਨ ਦਾ ਪੱਧਰ ਰਹਿ ਜਾਂਦੀ ਹੈ। ਅਜਿਹੀ ਹਾਲਤ ਵਿਚ ਜੀਵਨ ਨਾਲ ਪ੍ਰੇਮ ਕਰਨ ਵਾਲਿਆਂ ਨੂੰ ਆਪਣੀ ਸਿਹਤ ਪ੍ਰਤੀ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਨਿਰੋਗੀ ਕਾਇਆ ਨੂੰ ਪਹਿਲਾ ਸੁੱਖ ਮੰਨਿਆ ਜਾਂਦਾ ਹੈ।