ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹੋਮਿਓਪੈਥੀ ਅਤੇ ਉਦਾਸੀ ਰੋਗ (ਡਿਪਰੈਸ਼ਨ)


ਬਿਮਾਰ ਕੌਣ?: ਬਿਮਾਰੀ ਕੀ ਹੁੰਦੀ ਹੈ? ਬਿਮਾਰ ਕੌਣ ਹੁੰਦਾ ਹੈ? ਬਿਮਾਰੀ ਦੀ ਅਵਸਥਾ ਵਿਚ ਕਿਹੜੀ ਚੀਜ਼ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ? ਇਹ ਤਿੰਨ ਸਵਾਲ ਬਹੁਤ ਅਹਿਮ ਹਨ। ਇਨ੍ਹਾਂ ਸਵਾਲਾਂ ਨਾਲ ਇਨਸਾਫ਼ ਕਰਨ ਵਾਸਤੇ ਕਿਸੇ ਪੇਸ਼ਾਵਰ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਵਿਅਕਤੀ ਦੀਆਂ ਸੇਵਾਵਾਂ ਦੀ ਲੋੜ ਹੁੰਦੀ ਹੈ ਕਿਉਂਕਿ ਉਹ ਬਿਮਾਰ ਮਨੁੱਖ ਨੂੰ ਬਿਮਾਰੀ ਦੇ ਚਲਦਿਆਂ ਚੰਗੀ ਤਰ੍ਹਾਂ ਪਛਾਣ ਕੇ ਸਹੀ ਦਵਾਈ ਰਾਹੀਂ ਉਪਚਾਰ ਕਰਨ ਦੇ ਸਮਰੱਥ ਹੁੰਦਾ ਹੈ। ਸਿਹਤ ਸਬੰਧੀ ਜਾਣਕਾਰੀ ਦੀ ਘਾਟ ਹੋਣ ਕਾਰਨ ਬਿਮਾਰੀਆਂ ਦੇ ਇਲਾਜ ਲਈ ਆਮ ਜਨਤਾ ਸਹੀ ਵਸੀਲੇ ਦੀ ਵਰਤੋਂ ਕਰਨ ਦੀ ਥਾਂ ਕਿਸੇ ਵੱਲੋਂ ਵੀ ਦੱਸੀਆਂ ਗ਼ਲਤ ਦਵਾਈਆਂ ਲੈ ਕੇ ਆਪਣੇ ਆਪ ਨੂੰ ਅਜਿਹੀ ਘੁੰਮਣ-ਘੇਰੀ ਵਿੱਚ ਪਾ ਲੈਂਦੇ ਹਨ ਜਿਸ ਵਿੱਚੋਂ ਨਿਕਲਣ ਲਈ ਉਨ੍ਹਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਿਮਾਰੀ ਕੀ ਹੁੰਦੀ ਹੈ? : ਮਰੀਜ਼ ਜਦੋਂ ਡਾਕਟਰ ਕੋਲ ਆਉਂਦਾ ਹੈ ਉਹ ਆਪਣੀਆਂ ਸਰੀਰਕ ਤਕਲੀਫ਼ਾਂ ਦਾ ਬਿਓਰਾ ਦਿੰਦਾ ਹੈ। ਉਹ ਉਨ੍ਹਾਂ ਤਕਲੀਫ਼ਾਂ ਦੇ ਨਾਲ ਜੁੜੀਆਂ ਪਰੇਸ਼ਾਨੀਆਂ ਦਾ ਪ੍ਰਗਟਾਵਾ ਕਰਦਾ ਹੈ ਜੋ ਕਿ ਨਿਰੋਲ ਸਰੀਰਕ ਹੁੰਦੀਆਂ ਹਨ। ਕਿਸੇ ਵੀ ਦਵਾਈਆਂ ਵੇਚਣ ਵਾਲੇ ਅਦਾਰੇ ਤੋਂ ਮਹਿਜ਼ ਬਿਮਾਰੀ ਦਾ ਨਾਂ ਦੱਸ ਕੇ ਕੋਈ ਵੀ ਦਵਾਈ ਲੈ ਕੇ ਖਾ ਲੈਣ ਨੂੰ ਬਿਮਾਰੀ ਦਾ ਇਲਾਜ ਨਹੀਂ ਕਿਹਾ ਜਾਂਦਾ। ਇਲਾਜ ਦੀ ਆਪਣੀ ਇੱਕ ਪਰਿਭਾਸ਼ਾ ਹੈ। ਇਸ ਤੋਂ ਪਹਿਲਾਂ ਕਿ ਕੋਈ ਦਵਾਈ ਦਿੱਤੀ ਜਾਵੇ, ਇੱਕ ਪੇਸ਼ਾਵਰ ਸਿਹਤ ਸੰਭਾਲ ਪ੍ਰਦਾਨ ਕਰਨ ਵਾਲੇ ਵਿਅਕਤੀ ਦਾ ਕੰਮ ਹੈ ਹਰ ਬਿਮਾਰੀ ਦੇ ਪਿੱਛੇ ਦੀਆਂ ਸਥਿਤੀਆਂ ਅਤੇ ਕਾਰਨਾਂ ਨੂੰ ਡੂੰਘਾਈ ਨਾਲ ਸਮਝਣਾ ਅਤੇ ਉਨ੍ਹਾਂ ਦਾ ਮੁਲਾਂਕਣ ਕਰਨਾ।
ਬਿਮਾਰ ਕੌਣ ਹੁੰਦਾ ਹੈ? : ਲੈਬੌਰੇਟਰੀ ਟੈਸਟਾਂ ਰਾਹੀਂ ਬਿਮਾਰੀ ਦੀ ਪਛਾਣ ਕਰਨ ਉਪਰੰਤ ਸਰੀਰ ਵਿੱਚ ਚਲ ਰਹੇ ਵਿਕਾਰ ਨੂੰ ਡਾਕਟਰ ਢੁੱਕਵੀਂ ਦਵਾਈ ਰਾਹੀਂ ਠੀਕ ਕਰਦੇ ਹਨ। ਪਰ ਕਈ ਕੇਸਾਂ ਵਿੱਚ ਇਹ ਵੀ ਹੁੰਦਾ ਹੈ ਕਿ ਬਿਮਾਰ ਮਨੁੱਖ ਦੇ ਕਿਸੇ ਵੀ ਲੈਬੋਰੇਟਰੀ ਟੈਸਟ ਵਿੱਚ ਕੋਈ ਨੁਕਸ ਨਹੀਂ ਹੁੰਦਾ ਅਤੇ ਡਾਕਟਰ ਅਨੁਸਾਰ ਟੈਸਟਾਂ ਦੇ ਆਧਾਰ 'ਤੇ ਕਿਸੇ ਵੀ ਬਿਮਾਰੀ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਅਤੇ ਮਰੀਜ਼ ਨੂੰ ਕਿਸੇ ਦਵਾਈ ਦੀ ਲੋੜ ਨਹੀਂ ਹੁੰਦੀ। ਅਜਿਹੀ ਸਥਿਤੀ ਵਿੱਚ ਮਰੀਜ਼ ਵਾਰ-ਵਾਰ ਇਹੀ ਕਹਿੰਦਾ ਹੈ, ਕਿ ਡਾਕਟਰ ਜੀ, ਤੁਹਾਡੇ ਕਹਿਣ ਅਨੁਸਾਰ ਮੇਰੇ ਸਾਰੇ ਟੈਸਟ, ਸਕੈਨ, ਐੱਮ. ਆਰ. ਆਈ ਅਤੇ ਐਕਸ-ਰੇਅ, ਆਦਿ ਠੀਕ ਹਨ, ਪਰ ਮੈਂ ਤਾਂ ਠੀਕ ਨਹੀਂ ਹਾਂ।” ਹੁਣ ਵੇਖਣ ਅਤੇ ਸਮਝਣ ਵਾਲੀ ਗੱਲ ਹੈ ਕਿ ਇਹ ਉਮੈਂ ਤਾਂ ਠੀਕ ਨਹੀਂ ਹਾਂ” ਵਾਲਾ ਕਥਨ ਕੀ ਹੈ ਅਤੇ ਇਸ ਦੀ ਕੀ ਮਹੱਤਤਾ ਹੈ।
ਇਸ 'ਉਮੈਂ' ਦੀ ਪਰਖ ਕਰਨ ਲਈ ਉਹ ਕਿਹੜੇ ਢੁੱਕਵੇਂ ਟੈਸਟ ਹਨ ਜੋ ਇਸ 'ਉਮੈਂ' ਦੀ ਪਛਾਣ ਲਈ ਕੀਤੇ ਜਾ ਸਕਣ। ਆਮ ਤੌਰ 'ਤੇ ਮਰੀਜ਼ਾਂ ਵੱਲੋਂ ਅਜਿਹੇ ਲਫ਼ਜ਼ ਅਸੀਂ ਆਪਣੇ ਹੋਮਿਓਪੈਥਿਕ ਕਲੀਨਿਕ ਵਿੱਚ ਸੁਣਦੇ ਹਾਂ। ਇਸ 'ਉਮੈਂ' ਦੀ ਪਰਖ ਬਹੁਤ ਲਾਜ਼ਮੀ ਹੈ ਅਤੇ ਇਹ ਪਰਖ ਇੱਕ ਪੇਸ਼ਾਵਰ ਹੋਮਿਓਪੈਥ ਜਾਂ ਇੱਕ ਮਨੋ-ਚਿਕਿਤਸਕ ਕਰ ਸਕਦਾ ਹੈ। 'ਉਮੈਂ' ਕੀ ਚੀਜ਼ ਹੈ? ਹਰ ਮਨੁੱਖ ਆਪਣੀ ਇੱਕ ਵਿਲੱਖਣ 'ਉਮੈਂ' ਦਾ ਮਾਲਕ ਹੁੰਦਾ ਹੈ ਅਤੇ ਇਹ 'ਉਮੈਂ' ਹਰ ਮਨੁੱਖ ਨੂੰ ਵੱਖ-ਵੱਖ ਸਥਿਤੀਆਂ ਵਿੱਚ ਵੱਖ-ਵੱਖ ਤੌਰ 'ਤੇ ਪ੍ਰਭਾਵਿਤ ਕਰਦੀ ਹੈ। ਸਾਹਮਣੇ ਬੈਠੇ ਬਿਮਾਰ ਮਨੁੱਖ ਦੇ ਮੂੰਹੋਂ ਬਿਮਾਰੀ ਦੀ ਅਵਸਥਾ ਵਿੱਚ ਬੋਲੇ ਗਏ ਹਰ ਲਫ਼ਜ਼ ਦਾ ਅੰਦਾਜ਼ ਅਤੇ ਉਸ ਦੀ ਗਹਿਰਾਈ ਅਲੱਗ-ਅੱਲਗ ਹੁੰਦੀ ਹੈ ਜੋ ਕਿ ਉਸ ਦੀ ਵਿਅਕਤੀਗਤ 'ਉਮੈਂ' ਦਾ ਪ੍ਰਤੀਕ ਹੁੰਦੀ ਹੈ।
ਬਿਮਾਰੀ ਦੀ ਅਵਸਥਾ ਵਿੱਚ ਮਨੁੱਖ ਦੇ ਅੰਦਰ ਬਿਮਾਰੀ ਨੂੰ ਲੈ ਕੇ ਜੋ ਡਰ, ਭੈਅ, ਚਿੰਤਾਵਾਂ ਜਾਂ ਖ਼ਦਸ਼ੇ ਚਲ ਰਹੇ ਹੁੰਦੇ ਹਨ ਉਹ ਉਨ੍ਹਾਂ ਦਾ ਪ੍ਰਗਟਾਵਾ ਕਰਨ ਲਈ ਆਪਣੀਆਂ ਭਾਵਨਾਵਾਂ ਨੂੰ ਢੁੱਕਵੇਂ ਲਫ਼ਜ਼ਾਂ ਵਿੱਚ ਢਾਲਦਾ ਹੈ। ਬਿਮਾਰੀ ਦੀ ਅਵਸਥਾ ਵਿੱਚ ਹਰ ਇੱਕ ਲਫ਼ਜ਼ ਦੀ ਚੋਣ ਅਤੇ ਬੋਲਣ ਦੀ ਸ਼ੈਲੀ ਉਸ ਦੇ ਅੰਦਰ ਬੈਠੇ ਪ੍ਰਾਣੀ, ਜੋ ਕਿ ਉਸ ਦੀ ਅਸਲ 'ਉਮੈਂ' ਹੈ, ਦਾ ਹੀ ਪ੍ਰਗਟਾਵਾ ਹੁੰਦਾ ਹੈ। ਗੱਲਾਂ ਕਰਦੇ ਕਰਦੇ ਕਈ ਮਰੀਜ਼ ਰੋ ਪੈਂਦੇ ਹਨ, ਕਈ ਸਵਾਲ ਦੇ ਜਵਾਬ ਦੇਣ ਦੀ ਥਾਂ ਅੱਖਾਂ ਅੱਥਰੂਆਂ ਨਾਲ ਤਰ ਕਰ ਲੈਂਦੇ ਹਨ, ਕਈ ਹੱਸਣ ਲੱਗ ਜਾਂਦੇ ਹਨ, ਕਈ ਮੱਥੇ 'ਤੇ ਤਿਊੜੀਆਂ ਪਾ ਲੈਂਦੇ ਹਨ, ਕਈ ਸਵਾਲ ਦਾ ਜਵਾਬ ਦੇਣ ਨੂੰ ਦੇਰ ਲਗਾਉਂਦੇ ਹਨ ਜਾਂ ਉੱਕਾ ਹੀ ਜਵਾਬ ਨਹੀਂ ਦਿੰਦੇ, ਕਈ ਸਵਾਲ ਦੇ ਜਵਾਬ ਵਿੱਚ ਭੜਕ ਜਾਂਦੇ ਹਨ, ਕਈ ਉਦਾਸ ਹੋ ਜਾਂਦੇ ਹਨ, ਕਈਆਂ ਨੂੰ ਹਮਦਰਦੀ ਚੰਗੀ ਲੱਗਦੀ ਹੈ, ਕਈਆਂ ਨੂੰ ਹਮਦਰਦੀ ਪ੍ਰਗਟ ਕਰਨ ਵਾਲੇ 'ਤੇ ਗੁੱਸਾ ਆਉਂਦਾ ਹੈ, ਆਦਿ। ਇਹ ਸਾਰਾ ਕੁਝ ਪੀੜਤ ਮਨੁੱਖ ਦੀ 'ਉਮੈਂ' ਦੀ ਹੋਂਦ ਦਾ ਹੀ ਪ੍ਰਤੱਖ ਪ੍ਰਗਟਾਵਾ ਹੈ। ਇਸ ਸਭ ਕੁਝ ਦੇ ਚਲਦਿਆਂ ਪੀੜਤ ਮਨੁੱਖ ਬੋਲਦੇ-ਬੋਲਦੇ ਆਪਣੇ ਹੱਥਾਂ, ਪੈਰਾਂ, ਅੱਖਾਂ ਆਦਿ ਨਾਲ ਹਾਵ-ਭਾਵ ਵੀ ਪ੍ਰਗਟ ਕਰ ਰਿਹਾ ਹੁੰਦਾ ਹੈ ਜੋ ਕਿ ਇੱਕ ਵਖਰੀ ਸਰੀਰਕ ਭਾਸ਼ਾ ਹੈ ਜਿਸ ਵਿੱਚੋਂ ਵੀ ਪੀੜਤ ਮਨੁੱਖ ਦੇ ਅੰਦਰਲੀ ਬੇਚੈਨੀ ਅਤੇ ਬੇਸਬਰੀ ਜ਼ਾਹਿਰ ਹੁੰਦੀ ਹੈ।
ਪੀੜਤ ਮਨੁੱਖ ਵੱਲੋਂ ਬੋਲੇ ਗਏ ਇੱਕ-ਇੱਕ ਲਫ਼ਜ਼ ਨੂੰ ਉਸ ਦੀ ਬਾਡੀ ਲੈਂਗੁਏਜ ਦੇ ਨਾਲ ਤਾਲ ਮੇਲ ਕਰਦਿਆਂ ਇੱਕ ਪੇਸ਼ਾਵਰ ਹੋਮਿਓਪੈਥ ਢੁਕਵੀਂ ਦਵਾਈ ਦੀ ਚੋਣ ਕਰਨ ਵਿੱਚ ਕਾਮਯਾਬ ਹੁੰਦਾ ਹੈ। ਇੱਥੇ ਇਹ ਚੇਤੇ ਰਹੇ ਕਿ ਕਈ ਅਜੋਕੇ/ਅਖੌਤੀ ਹੋਮਿਓਪੈਥ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੀ ਟਰੇਨਿੰਗ ਇਸ ਹਿਸਾਬ ਦੀ ਨਹੀਂ ਹੈ। ਬੋਲੇ ਗਏ ਹਰ ਇੱਕ ਲਫ਼ਜ਼ ਅਤੇ ਪ੍ਰਗਟ ਕੀਤੇ ਹਰ ਇੱਕ ਹਾਵ-ਭਾਵ ਪਿੱਛੇ ਕੀ ਮਤਲਬ ਹੈ ਅਤੇ ਉਸ ਨੂੰ ਸਮਝਦਿਆਂ ਪੀੜਤ ਮਨੁੱਖ ਦੀ ਮਾਨਸਿਕ ਗਹਿਰਾਈ ਤਕ ਕਿਵੇਂ ਪਹੁੰਚਣਾ ਹੈ, ਇਹ ਇੱਕ ਅਸਲ ਹੋਮਿਓਪੈਥ ਦਾ ਕੰਮ ਹੈ। ਇਹ ਹੈ ਬਿਮਾਰ ਕੌਣ ਦੀ ਅਸਲ ਪਛਾਣ।
ਬਿਮਾਰੀ ਦੀ ਅਵਸਥਾ ਵਿਚ ਕਿਹੜੀ ਚੀਜ਼ ਨੂੰ ਠੀਕ ਕਰਨ ਦੀ ਲੋੜ ਹੁੰਦੀ ਹੈ : ਇਸ ਤੋਂ ਭਾਵ ਹੈ ਜੇ ਫ਼ਰਜ਼ ਕਰੋ ਕਿ ਮਰੀਜ਼ ਸਿਰ ਦਰਦ ਦੀ ਤਕਲੀਫ਼ ਕਾਰਨ ਆਉਂਦਾ ਹੈ ਤਾਂ ਇੱਕ ਹੋਮਿਓਪੈਥ ਵਾਸਤੇ ਸਿਰਫ਼ ਉਸ ਦਾ ਸਿਰ ਹੀ ਬਿਮਾਰ ਨਹੀਂ ਹੁੰਦਾ। ਸਿਰ ਦੀ ਪੀੜ ਦੇ ਰਾਹੀਂ ਤਾਂ ਇੱਕ ਲੱਛਣ ਜਾਂ ਕਈ ਲੱਛਣਾਂ ਦਾ ਪ੍ਰਗਟਾਵਾ ਹੋ ਰਿਹਾ ਹੈ ਅਤੇ ਉਸ ਪੀੜ ਦੇ ਪਿੱਛੇ ਕੋਈ ਹੋਰ ਵਜ੍ਹਾ ਜਾਂ ਕਾਰਨ ਹੁੰਦੇ ਹਨ। ਲੋੜ ਹੈ ਪੀੜ ਦਾ ਅਹਿਸਾਸ ਕਰਾਉਣ ਵਾਲੇ ਕਾਰਨਾਂ ਨੂੰ ਪਛਾਣਨ ਦੀ ਕਿਉਂਕਿ ਹੋਮਿਓਪੈਥਿਕ ਇਲਾਜ ਪ੍ਰਣਾਲੀ ਖੂੰਟਾ ਪੁੱਟਣ ਵਿੱਚ ਵਿਸ਼ਵਾਸ ਕਰਦੀ ਹੈ, ਨਾ ਕਿ ਸਿਰਫ਼ ਰੱਸਾ ਵੱਢਣ ਵਿੱਚ-ਭਾਵ ਹੋਮਿਓਪੈਥੀ ਦਾ ਮਕਸਦ ਹੈ ਬਿਮਾਰੀ ਨੂੰ ਜੜ੍ਹ ਤੋਂ ਕੱਢਣਾ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਚੀਜ਼ ਨੂੰ ਗਹਿਰਾਈ ਨਾਲ ਸਮਝਿਆ ਜਾਵੇ ਕਿ ਬਿਮਾਰੀ ਦਾ ਰੱਸਾ ਕਿਹੜੇ ਖੂੰਟੇ ਨਾਲ ਅਤੇ ਕਿੱਥੇ ਬੰਨਿਆ ਹੋਇਆ ਹੈ-ਕੀ ਉਹ ਸਰੀਰਕ ਹੈ? ਕੀ ਉਹ ਮਾਨਸਿਕ ਹੈ? ਕੀ ਆਲੇ-ਦੁਆਲ਼ੇ ਅਤੇ ਆਪਸੀ ਰਿਸ਼ਤਿਆਂ ਦੇ ਵਿਗਾੜ ਵਜੋਂ ਹੋਈ ਉਦਾਸੀ (ਡਿਪਰੈਸ਼ਨ) ਵਿੱਚੋਂ ਉਭਰਿਆ ਹੈ? ਜਦੋਂ ਬਿਮਾਰ ਮਨੁੱਖ ਦੀ ਹਿਸਟਰੀ ਵਿਸਥਾਰ ਸਹਿਤ ਲਈ ਜਾਂਦੀ ਹੈ ਤਾਂ ਉਪਰੋਕਤ ਦਿੱਤੇ ਤਿੰਨ ਸਵਾਲਾਂ ਨੂੰ ਉਭਾਰ ਕੇ ਵੇਖਿਆ ਜਾਂਦਾ ਹੈ ਤਾਂ ਜੋ ਹੋਮਿਓਪੈਥਿਕ ਦਵਾਈ ਰਾਹੀਂ ਬਿਮਾਰ ਮਨੁੱਖ ਦੀ ਸਰੀਰਕ, ਮਾਨਸਿਕ, ਭਾਵਨਾਤਮਕ ਸਿਹਤ ਨੂੰ ਸੰਤੁਲਨ ਵਿੱਚ ਲਿਆਉਣ ਲਈ ਢੁੱਕਵੀਂ ਹੋਮਿਓਪੈਥਿਕ ਦਵਾਈ ਦੀ ਚੋਣ ਕੀਤੀ ਜਾ ਸਕੇ।
ਕਿਤੋਂ ਵੀ ਕੋਈ ਵੀ ਚੀਜ਼ ਲੈ ਕੇ ਵਰਤ ਲੈਣੀ ਆਪਣੇ ਰੋਗ ਨੂੰ ਹੋਰ ਵੀ ਤੂਲ ਦੇਣ ਅਤੇ ਵਧਾਉਣ ਵਾਲੀ ਗੱਲ ਹੁੰਦੀ ਹੈ। ਘਟੀਆ ਮਿਆਰ ਵਾਲੀ ਇਸ਼ਤਿਹਾਰਬਾਜ਼ੀ ਰਾਹੀਂ ਸਿਹਤ ਸਬੰਧੀ ਵਸਤਾਂ ਵੇਚਣ ਵਾਲਿਆਂ ਵਿੱਚ ਰੋਗ ਅਤੇ ਰੋਗੀ ਨੂੰ ਪਛਾਨਣ ਦੀ ਕਿੰਨੀ ਕੁ ਸਮਰੱਥਾ ਹੁੰਦੀ ਹੈ-ਇਸ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰੀ ਕਿਸੇ ਵੱਲੋਂ ਦੱਸੀਆਂ ਗਈਆਂ ਜਾਂ ਅਣਅਧਿਕਾਰਤ ਤੌਰ 'ਤੇ ਵੇਚੀਆਂ ਗਈਆਂ ਦਵਾਈਆਂ ਰੋਗੀ ਦੇ ਰੋਗ ਵਿੱਚ ਇਸ ਕਦਰ ਵਾਧਾ ਕਰ ਦਿੰਦੀਆਂ ਹਨ ਕਿ ਫ਼ਿਰ ਅਜਿਹੀ ਸਥਿਤੀ ਆ ਜਾਂਦੀ ਹੈ ਕਿ ਇੱਕ ਸਪੈਸ਼ਲਿਸਟ ਦੇ ਹੱਥ ਵੀ ਖੜ੍ਹੇ ਹੋ ਜਾਂਦੇ ਹਨ। ਫ਼ਿਰ ਇਸ ਤਰ੍ਹਾਂ ਦੀ ਘਟੀਆ ਮਿਆਰ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੇ ਵਿਅਕਤੀ-ਜੋ ਬਿਮਾਰੀ ਅਤੇ ਬਿਮਾਰ ਮਨੁੱਖ ਨੂੰ ਸਮਝਣ ਦੀ ਸਮਰੱਥਾ ਨਹੀਂ ਰੱਖਦੇ-ਕਿਤੇ ਲੱਭਿਆਂ ਵੀ ਨਹੀਂ ਮਿਲਦੇ। ਹੋਮਿਓਪੈਥਿਕ ਇਲਾਜ ਪ੍ਰਣਾਲੀ ਵਿੱਚ ਸਵਾਲਾਂ-ਜਵਾਬਾਂ ਰਾਹੀਂ ਬਿਮਾਰੀ ਦੀ ਵਿਸਥਾਰਪੂਰਬਕ ਹਿਸਟਰੀ ਦਰਜ ਕਰਨ ਉਪਰੰਤ ਹੀ ਢੁਕਵੀਂ ਦਵਾਈ ਬਾਰੇ ਫ਼ੈਸਲਾ ਕੀਤਾ ਜਾਂਦਾ ਹੈ।
ਇਸ ਲੇਖ ਦੇ ਲੇਖਕ ਡਾ. ਆਰ.ਐੱਸ.ਸੈਣੀ (ਹੋਮਿਓਪੈਥ) ਕੈਨੇਡਾ ਦੇ ਸਰ੍ਹੀ ਸ਼ਹਿਰ ਵਿੱਚ ਪੇਸ਼ੇਵਰ ਹੋਮਿਓਪੈਥ ਹਨ। ਕੈਨੇਡਾ ਪਰਵਾਸ ਕਰਨ ਤੋਂ ਪਹਿਲਾਂ ਡਾ. ਸੈਣੀ ਚੰਡੀਗੜ੍ਹ ਵਿੱਚ ਹੋਮਿਓਪੈਥੀ ਦੀਆਂ ਮੁਫ਼ਤ ਸੇਵਾਵਾਂ ਪ੍ਰਦਾਨ ਕਰਦੇ ਸਨ। ਇਹ ਲੇਖ ਉਨ੍ਹਾਂ ਦੀ ਕੁਝ ਸਮਾਂ ਪਹਿਲਾਂ ਲੋਕ ਅਰਪਣ ਹੋਈ ਕਿਤਾਬ ਬਿਮਾਰ ਕੌਣ ਵਿੱਚੋਂ ਲਿਆ ਗਿਆ ਹੈ।
ਡਾ. ਆਰ. ਐਸ. ਸੈਣੀ