ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਮਨੁੱਖੀ ਸਰੀਰ ਅੰਦਰ ਘਟ ਰਹੀ ਕੈਲਸ਼ੀਅਮ ਦੀ ਮਾਤਰਾ-ਚਿੰਤਾ ਦਾ ਵਿਸ਼ਾ


ਜਿਥੇ (ਖੂਨ ਦੀ ਕਮੀ) ਅਨੀਮੀਆ ਇਸ ਦੇਸ਼ ਦੀ ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ, ਉਥੇ ਮਨੁੱਖੀ ਸਰੀਰ ਵਿੱਚ ਘਟ ਰਹੀ ਕੈਲਸ਼ੀਅਮ ਦੀ ਮਾਤਰਾ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਕੈਲਸ਼ੀਅਮ ਸਾਡੀਆਂ ਹੱਡੀਆਂ ਵਿੱਚ ਪਾਇਆ ਜਾਣ ਵਾਲਾ ਪ੍ਰਮੁੱਖ ਤੱਤ ਹੈ, ਭਾਵ ਕਿ ਸਰੀਰ ਦਾ ਢਾਂਚਾ ਸਿਰਫ ਹੱਡੀਆਂ ਸਹਾਰੇ ਹੈ ਅਤੇ ਇਹ ਹੱਡੀਆਂ ਕੈਲਸ਼ੀਅਮ ਤੇ ਫਾਸਫੋਰਸ ਸਹਾਰੇ। ਪਰ ਕੈਲਸ਼ੀਅਮ ਦੀ ਮਾਤਰਾ ਵੀ ਦਿਨੋ ਦਿਨ ਘੱਟਦੀ ਜਾ ਰਹੀ ਹੈ। ਕਮਰ ਦਰਦ, ਹੱਡੀਆਂ ਦਾ ਕਮਜ਼ੋਰ ਹੋ ਕੇ ਮੁੜ ਜਾਣਾ, (ਰਿਕੈਟਸ ਅਤੇ ਓਸਟੀਓਮਲੇਸ਼ੀਆ) ਲੱਤਾਂ ਬਾਹਾਂ ਦਾ ਦਰਦ, ਹੱਡੀਆਂ ਦੇ ਪਟਾਕੇ ਪੈਣੇ, ਨਹੁੰਆਂ ਦਾ ਟੁੱਟਣਾ, ਛੋਟੇ ਕੱਦ, ਜਾਂ ਹੱਡੀ ਟੁੱਟਣ ਤੋਂ ਬਾਅਦ ਦੇਰ ਨਾਲ ਹੱਡੀ ਜੁੜਣੀ ਆਦਿਕ ਗੰਭੀਰ ਸਮੱਸਿਆਵਾਂ ਹਨ ਜੋ ਕੈਲਸ਼ੀਅਮ ਦੀ ਘਾਟ ਕਾਰਨ ਪੈਦਾ ਹੁੰਦੀਆਂ ਹਨ।
ਕੈਲਸ਼ੀਅਮ ਦੀ ਘਾਟ ਦਾ ਮੁੱਖ ਕਾਰਨ ਹੈ ਖਾਣ-ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟ, ਜਿਵੇਂਕਿ ਕੈਲਸ਼ੀਅਮ ਦਾ ਮੁੱਖ ਸਰੋਤ ਦੁੱਧ, ਅੰਡਾ, ਮੀਟ-ਮੱਛੀ ਹੈ। ਪਰ ਇੰਨਾਂ ਵਿਚੋਂ ਇੱਕ ਵੀ ਚੀਜ਼ ਖਾਲਸ ਨਹੀਂ ਰਹੀ, ਦੁੱਧ ਦਾ ਤਾਂ ਪਤਾ ਹੀ ਹੈ ਕਿ ਦੁੱਧ ਕਿਵੇਂ ਤਿਆਰ ਕੀਤਾ ਜਾਂਦਾ ਹੈ ਜਾਂ ਜਿਹੜੇ ਲੋਕ ਆਪਣੇ ਘਰ ਦਾ ਦੁੱਧ ਇਸਤੇਮਾਲ ਕਰਦੇ ਹਨ ਉਹ ਪਸ਼ੂਆਂ ਨੂੰ ਕਿਹੋ ਜਿਹੀ ਫੀਡ ਪਾਉਂਦੇ ਹਨ, ਅਜਿਹੀ ਫੀਡ ਨਾਲ ਜਿਹੋ ਜਿਹਾ ਦੁੱਧ ਪੈਦਾ ਹੁੰਦਾ ਹੈ ਉਹੀ ਅਸੀਂ ਪੀਂਦੇ ਹਾਂ, ਇਹੋ ਕਾਰਨ ਹੈ ਕਿ ਦੁੱਧ, ਦਹੀਂ, ਲੱਸੀ, ਪਨੀਰ ਜਿੰਨਾ ਮਰਜ਼ੀ ਖਾਓ ਪਰ ਫਿਰ ਵੀ ਕਿਧਰ ਜਾਂਦਾ ਹੈ। ਬਹੁਤੇ ਮੁੰਡੇ-ਕੁੜੀਆਂ ਤਾਂ ਦੁੱਧ-ਦਹੀਂ ਖਾ ਕੇ ਰਾਜ਼ੀ ਹੀ ਨਹੀਂ, ਉਹਨਾਂ ਵਿੱਚ ਤਾਂ ਕੈਲਸ਼ੀਅਮ ਦੀ ਘਾਟ ਰਹੇਗੀ ਹੀ। ਦੇਸੀ ਅੰਡੇ ਹੁਣ ਭਾਲੇ ਨਹੀਂ ਥਿਆਉਂਦੇ, ਫਾਰਮੀ ਅੰਡੇ ਖਾ ਕੇ ਸਿਰਫ ਭੁਸ ਪੂਰਾ ਕਰ ਲਿਆ ਜਾਂਦਾ ਹੈ ਪਰ ਜਿੰਨੇ ਤੱਤ ਦੇਸੀ ਅੰਡੇ ਵਿੱਚ ਹਨ ਫਾਰਮੀ ਅੰਡਾ ਤਾਂ ਸਿਰਫ ਇੱਕ ਸੁਆਦ ਪੂਰਾ ਕਰਦਾ ਹੈ ਉਸ ਵਿੱਚ ਦੇਸੀ ਅੰਡੇ ਦੇ ਮੁਕਾਬਲੇ ਤੱਤਾਂ ਦੀ ਬਹੁਤ ਘਾਟ ਹੁੰਦੀ ਹੈ। ਇਸ ਤੋਂ ਇਲਾਵਾ ਮੱਛੀ ਜਾਂ ਮੀਟ ਦੀ ਵਰਤੋਂ ਔਰਤਾਂ ਤਾਂ ਬਹੁਤ ਹੀ ਘੱਟ ਕਰਦੀਆਂ ਹਨ। ਕੁੱਝ ਕੁ ਬਣਾਉਣ ਦੀਆਂ ਮਾਰੀਆਂ ਜਾਂ ਧਾਰਮਿਕ ਬੰਧਨਾਂ 'ਚ ਬੱਝੀਆਂ ਹੋਣ ਕਰਕੇ ਬਹੁਤ ਔਰਤਾਂ ਮੀਟ, ਅੰਡੇ, ਮੱਛੀ ਨੂੰ ਹੱਥ ਲਾਉਣ ਤੋਂ ਵੀ ਡਰਦੀਆਂ ਹਨ, ਇਹੀ ਕਾਰਨ ਹੈ ਕਿ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਕੈਲਸ਼ੀਅਮ ਦੀ ਘਾਟ ਵਧੇਰੇ ਪਾਈ ਜਾਂਦੀ ਹੈ ਅਤੇ ਔਰਤਾਂ ਵਿੱਚ ਹੀ ਮਰਦਾਂ ਦੇ ਮੁਕਾਬਲੇ ਕਮਰ ਦਰਦ, ਜਾਂ ਹੱਡੀਆਂ ਦੀ ਕਮਜ਼ੋਰੀ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਵਿੱਚ ਵੀ ਕੈਲਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਪਰ ਪਾਲਕ ਨੂੰ ਬਿਨਾਂ ਖਾਦ ਜਾਂ ਸਪਰੇਅ ਤੋਂ ਤਿਆਰ ਕੀਤਾ ਜਾਵੇ ਤਾਂ ਉਸ ਵਿਚਲੇ ਤੱਤਾਂ ਨੂੰ ਸੰਭਾਲਿਆ ਜਾ ਸਕਦਾ ਹੈ।
ਫਲਾਂ ਵਿਚ ਸਭ ਤੋਂ ਵੱਧ ਮਾਤਰਾ ਵਿਚ ਕੈਲਸ਼ੀਅਮ ਸੀਤਾਫਲ ਵਿੱਚ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਕੇਲਾ ਵੀ ਕੈਲਸ਼ੀਅਮ ਦਾ ਚੰਗਾ ਸ੍ਰੋਤ ਹੈ। ਪਰ ਅੱਜਕਲ ਫਲ ਵੀ ਮਸਾਲੇ ਵਗੈਰ ਤਿਆਰ ਨਹੀਂ ਹੁੰਦੇ।
ਕਹਿਣ ਤੋਂ ਭਾਵ ਹੈ ਕਿ ਅਸੀਂ ਆਪਣੇ ਸਰੀਰ ਦੀ ਸੰਭਾਲ ਲਈ ਯਤਨ ਤਾਂ ਵਧੇਰੇ ਕਰਦੇ ਹਾਂ। ਤਰ੍ਹਾਂ-ਤਰ੍ਹਾਂ ਦੇ ਮੀਟ, ਮੱਛੀਆਂ, ਫਲ, ਸ਼ਬਜ਼ੀਆਂ ਵਰਤਦੇ ਹਾਂ ਪਰ ਕੀ ਇਹ ਵਸਤਾਂ ਸੱਚਮੁੱਚ ਹੀ ਐਨੇ ਤੱਤਾਂ ਨਾਲ ਭਰਪੂਰ ਹਨ, ਨਹੀਂ, ਜਦੋਂ ਕਿਸੇ ਖਾਣ-ਪੀਣ ਵਾਲੀ ਚੀਜ਼ 'ਤੇ ਹੱਦੋਂ ਵੱਧ ਕੈਮੀਕਲ ਦੀ ਵਰਤੋਂ ਹੋਣ ਲੱਗ ਜਾਵੇ ਤਾਂ ਉਸ ਵਿਚਲੇ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਅਸੀਂ ਸਿਰਫ ਉਸ ਚੀਜ਼ ਦਾ ਸੁਆਦ ਲੈ ਸਕਦੇ ਹਾਂ ਪਰ ਉਸ ਵਿਚਲੀ ਤਾਕਤ ਨੂੰ ਤਾਂ ਅਸੀਂ ਗੁਆ ਲਿਆ ਹੈ।
ਆਓ ਆਪਣੀ ਅਤੇ ਆਪਣੇ ਪ੍ਰੀਵਾਰ ਦੀ ਤੰਦਰੁਸਤੀ ਲਈ ਚੰਗੀਆਂ ਖੁਰਾਕਾਂ ਖਾਈਏ, ਪਸ਼ੂਆਂ ਨੂੰ ਖਾਦਾਂ, ਸਪਰੇਆਂ ਤੋਂ ਰਹਿਤ ਹਰਾ ਚਾਰਾ ਪਾਈਏ, ਯੂਰੀਆ ਰਹਿਤ ਫੀਡ, ਖਾਲਸ ਸਰੋਂ ਦੀ ਖਲ, ਵਿੱਚ ਵਡੇਵੇਂ ਅਤੇ ਛੋਲੇ ਪਾ ਕੇ ਘਰੇ ਤਿਆਰ ਕੀਤੀ ਫੀਡ ਪਾਈਏ ਅਤੇ ਫਿਰ ਥਾਪੀ ਮਾਰ ਕੇ ਮੱਝ ਚੋਈਏ ਨਾ ਕਿ ਟੀਕੇ ਲਾ ਕੇ ਫਿਰ ਦੇਖੋ ਜਵਾਨੀਆਂ 'ਤੇ ਨਿਖਾਰ ਚੜ੍ਹਦਾ, ਕੈਲਸ਼ੀਅਮ ਤਾਂ ਕੀ ਸਰੀਰ ਦੇ ਸਾਰੇ ਤੱਤ ਪੂਰੇ ਹੋ ਜਾਣਗੇ। ਇਸੇ ਤਰ੍ਹਾਂ ਮੀਟ ਅੰਡੇ ਦੇ ਸ਼ੌਕੀਨ ਦੇਸੀ ਮੁਰਗੇ, ਮੁਰਗੀਆਂ ਅਤੇ ਮੱਛੀ ਪਾਲਣ 'ਤੇ ਜ਼ੋਰ ਲਾਉਣ, ਐਵੇਂ ਚਿੱਟੇ ਬਰੈਲਰ ਖਾਕੇ ਤਾਂ ਕਾਗਜ਼ ਦੇ ਫੁੱਲਾਂ 'ਚੋਂ ਖੁਸ਼ਬੋ ਲੈਣ ਵਾਂਗ ਹੈ, ਅਗਰ ਅਸੀਂ ਸੱਚਮੁੱਚ ਹੀ ਸਰੀਰ ਦੀ ਤੰਦਰੁਸਤੀ ਚਾਹੁੰਦੇ ਹਾਂ ਤਾਂ ਸਾਨੂੰ ਲਾਲਚ ਛੱਡਕੇ ਕੁਦਰਤ ਨਾਲ ਆਪਣੇ ਸਬੰਧ ਬਣਾਉਣੇ ਪੈਣਗੇ ਨਹੀਂ ਤਾਂ ਕਦੇ ਖੂਨ ਦੀ ਕਮੀ, ਕਦੇ ਕੈਲਸ਼ੀਅਮ ਦੀ ਘਾਟ। ਦਵਾਈਆਂ ਤੇ ਪਲਣ ਜੋਗੇ ਰਹਿ ਜਾਵਾਂਗੇ।
ਡਾ. ਅਮਨਦੀਪ ਸਿੰਘ ਟੱਲੇਵਾਲੀਆ
98146-99446