ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪਾਖੰਡੀ ਬਾਬਿਆਂ ਵਿਰੁੱਧ ਲਹਿਰ ਖੜ੍ਹੀ ਕਰਨ ਦਾ ਸਮਾਂ


ਪੰਜਾਬ ਵਿਧਾਨ ਸਭਾ ਚੋਣਾਂ ਦੇ ਤਾਜੇ ਨਤੀਜਿਆਂ ਨੇ ਜਿੱਥੇ ਕਾਂਗਰਸ ਦਾ ਲੱਕ ਤੋੜਿਆ ਹੈ, ਉਥੇ ਇਹ ਇਸ਼ਾਰਾ ਵੀ ਦਿੱਤਾ ਹੈ ਕਿ ਪੰਜਾਬ 'ਚ ਵੱਧ ਰਹੇ ਡੇਰਾਵਾਦ ਵਿਰੁੱਧ ਜੇ ਹੁਣ ਜਾਗਰੂਕ ਲਹਿਰ ਖੜ੍ਹੀ ਕੀਤੀ ਜਾਵੇ ਤਾਂ ਡੇਰਾਵਾਦ ਦਾ ਪੰਜਾਬ 'ਚੋਂ ਸਫਾਇਆ ਹੋ ਸਕਦਾ ਹੈ। ਭਾਵੇਂ ਕਿ ਪਾਖੰਡੀ, ਅਯਾਸ਼, ਲੋਭੀ ਤੇ ਬਲਾਤਕਾਰੀ ਬਾਬਿਆਂ ਦੀ ਚਰਚਾ ਆਏ ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਹੁੰਦੀ ਰਹਿੰਦੀ ਹੈ, ਪ੍ਰੰਤੂ ਉਸਦੇ ਬਾਵਜੂਦ ਬਾਬਿਆਂ ਦੀ ਜੈ-ਜੈ ਕਾਰ ਹੈ। 21ਵੀਂ ਸਦੀ ਦੀ ਪੜ੍ਹੀ-ਲਿਖੀ, ਜਾਗਰੂਕ ਤੇ ਸੂਝਵਾਨ ਮੰਨੀ ਜਾਂਦੀ ਵਰਤਮਾਨ ਪੀੜ੍ਹੀ ਵੀ ਬਾਬਿਆਂ ਦੇ ਪਿੱਛੇ ਕਮਲੀ ਹੋਈ ਫਿਰਦੀ ਹੈ। ਇਨ੍ਹਾਂ ਪਾਖੰਡੀ ਬਾਬਿਆਂ ਦੀ ਕਰੂਪ ਤਸਵੀਰ ਨੰਗੀ ਹੋਣ ਦੇ ਬਾਵਜੂਦ ਵੀ ਸ਼ਰਧਾਲੂਆਂ ਦੀ ਅੰਨ੍ਹੀ ਸ਼ਰਧਾ, ਸੱਚ ਵੇਖਣ ਲਈ ਤਿਆਰ ਨਹੀਂ ਹੁੰਦੀ, ਭਾਰਤ ਦੇਸ਼ ਨੂੰ 33 ਕਰੋੜ ਦੇਵੀ-ਦੇਵਤਿਆਂ ਦਾ ਦੇਸ਼ ਆਖਿਆ ਜਾਂਦਾ ਸੀ। ਪ੍ਰੰਤੂ ਅੱਜ ਪਾਖੰਡੀ ਬਾਬਿਆਂ ਦੀ ਗਿਣਤੀ 33 ਕਰੋੜ ਨੂੰ ਛੂਹਦੀ ਜਾਪਦੀ ਹੈ। ਇਹ ਵਿਹਲੜ ਪਾਖੰਡੀ ਬਾਬੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ੋਸ਼ਣ ਕਰਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ ਤੇ ਉਨ੍ਹਾਂ ਕਾਰਣ ਜਿਹੜੇ ਵਿਰਲੇ-ਵਿਰਲੇ ਸੱਚੇ-ਸੁੱਚੇ ਸੰਤ-ਮਹਾਤਮਾ ਹਨ। ਉਨ੍ਹਾਂ ਨੂੰ ਝੂਠ ਅਤੇ ਪਾਖੰਡ ਦੀਆਂ ਦੁਕਾਨਾਂ ਦੀ ਲਸ਼ਕੋਰ ਨੇ ਅੱਖਾਂ ਬੰਦ ਕਰਨ ਮਜ਼ਬੂਰ ਕਰ ਛੱਡਿਆ ਹੈ। ਨੌਬਤ ਇੱਥੋਂ ਤੱਕ ਆ ਗਈ ਹੈ ਕਿ ਬਾਬਾ ਗਿਰੀ ਨੂੰ ਅੱਜ ਲੋਕ ਸਭ ਤੋਂ 'ਕਮਾਊ ਧੰਦਾ' ਮੰਨਣ ਲੱਗ ਪਏ ਹਨ। ਭਾਵੇਂ ਇਹ ਲਗਭਗ ਸਾਫ਼ ਹੋ ਹੀ ਗਿਆ ਹੈ ਕਿ ਬਹੁਗਿਣਤੀ ਬਾਬੇ ਸਿਰਫ਼ ਤੇ ਸਿਰਫ਼ ਧਾਰਮਿਕ ਵਪਾਰੀ ਹਨ। ਜਿਹੜੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਮਾਨਸਿਕ ਕੰਮਜ਼ੋਰੀਆਂ ਦਾ ਲਾਹਾ ਲੈ ਕੇ ਆਪਣੀਆਂ ਗੋਲਕਾਂ ਭਰਨ ਦਾ ਧੰਦਾ ਕਰਦੇ ਹਨ। ਸਾਡਾ ਦੇਸ਼ ਕਿਉਂਕਿ ਧਰਮ ਪ੍ਰਧਾਨ ਦੇਸ਼ ਹੈ। ਇੱਥੇ ਅਨੇਕਾਂ ਧਰਮ ਅਤੇ ਹਜ਼ਾਰਾਂ ਧਾਰਮਿਕ ਫਿਰਕੇ ਹਨ। ਜਿਸ ਕਾਰਣ ਭਾਰਤੀ ਸਮਾਜ ਵਿੱਚ ਜਨਮ ਲੈਣ ਵਾਲੇ ਹਰ ਆਮ ਮਨੁੱਖ ਦੀ ਸੋਚ ਧਰਮ, ਪੁੰਨ, ਪਾਪ, ਦਾਨ, ਸੇਵਾ, ਸਿਮਰਨ ਅਤੇ ਭਗਤੀ ਦੀ ਭਾਵਨਾ ਜਨਮ ਤੋਂ ਹੀ ਭਾਰੂ ਹੁੰਦੀ ਹੈ। ਲੋਕਾਂ ਦੀ ਇਸ ਧਾਰਮਿਕ ਪ੍ਰਵਿਰਤੀ ਨੂੰ 'ਜੁਗਾੜੀ ਬਾਬੇ' ਅੰਧਵਿਸ਼ਵਾਸ ਵਿੱਚ ਬਦਲ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਬਲੈਕਮੈਲਿੰਗ ਕਰਦੇ ਹਨ। ਆਪਣੇ ਸ਼ਰਧਾਲੂਆਂ ਦਾ ਧਾਰਮਿਕ, ਆਰਥਿਕ ਅਤੇ ਇੱਥੋਂ ਤੱਕ ਕੀ ਸਰੀਰਕ ਸ਼ੋਸ਼ਣ ਵੀ ਕਰਦੇ ਹਨ। ਪੰਜਾਬ ਨੂੰ ਗੁਰੂਆਂ, ਪੀਰਾਂ-ਫਕੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ। ਗੁਰਬਾਣੀ ਵਿੱਚ ਸਾਧ ਅਤੇ ਸੰਤ ਦੀ ਵੱਡੀ ਮਹਾਨਤਾ ਹੈ ਅਤੇ ਸਿੱਖੀ ਵਿੱਚ ਬਾਬਾ ਸ਼ਬਦ ਸਭ ਤੋਂ ਉੱਚਾ-ਸੁੱਚਾ ਸੀ। ''ਭਾਈ ਰੇ ਸੁੱਖ ਸਾਧ ਸੰਗ ਪਾਇਆ'' ਦੇ ਮਹਾਂਵਾਕ ਨਾਲ ਸਾਧ-ਸੰਤ ਦੀ ਸੰਗਤ ਵਿੱਚ ਸਾਰੇ ਸੁੱਖਾਂ ਦੀ ਪ੍ਰਾਪਤੀ ਦੱਸੀ ਗਈ ਹੈ ਅਤੇ ''ਸਾਧ ਕੈ ਸੰਗ ਕੁਲ ਉਧਾਰੈ'' ਨਾਲ ਕੁੱਲ ਦੀ ਮੁਕਤੀ ਦਾ ਮਾਰਗ ਦੱਸਿਆ ਗਿਆ, ਇਹੋ ਕਾਰਣ ਹੈ ਕਿ ਆਮ ਲੋਕਾਂ ਦੇ ਮਨਾਂ ਵਿੱਚ ਸੰਤ, ਸਾਧ ਤੇ ਬਾਬਾ ਵਰਗੇ ਪਵਿੱਤਰ ਸ਼ਬਦਾਂ ਦੀ ਸ਼ਰਧਾ ਦਾ ਲਾਹਾ ਪਾਖੰਡੀ ਲੋਕਾਂ ਨੇ ਸੰਤ ਅਤੇ ਬਾਬਾ ਦੇ ਬੁਰਕੇ ਪਹਿਨਣ ਕੇ ਲੈਣਾ ਸ਼ੁਰੂ ਕਰ ਦਿੱਤਾ ਹੈ। ਅਸਲੀ ਅਤੇ ਨਕਲੀ ਦੀ ਪਹਿਚਾਣ ਨੂੰ ਭੁੱਲ ਕੇ ਆਮ ਲੋਕ ਅਡੰਬਰੀ ਬਾਬਿਆਂ ਦੇ ਪਿੱਛੇ ਲੱਗ ਤੁਰੇ ਹਨ। ਜਿਸ ਕਾਰਣ ਸਾਧਗਿਰੀ ਦਾ ਕਠਿਨ ਮਾਰਗ ਹੁਣ 'ਕਮਾਊ ਅਤੇ ਟਿਕਾਊ' ਬਣ ਗਿਆ ਹੈ। ਸੌਦਾ ਸਾਧ ਵਰਗਿਆਂ ਨੇ ਲੋਕਾਂ ਦੀ ਇਸ ਅੰਨੀ ਸ਼ਰਧਾ ਨੂੰ ਆਪਣੀ ਲਾਠੀ ਬਣਾ ਲਿਆ ਸੀ ਅਤੇ ਇਸ ਲਾਠੀ ਨਾਲ ਉਹ ਸਿਆਸੀ ਧਿਰਾਂ ਨੂੰ ਡਰਾਉਂਦੇ ਸਨ ਅਤੇ ਇਸ ਵੋਟ ਲਾਠੀ ਦੇ ਡਰੋਂ ਸੱਤਾ ਲਾਲਸੀ, ਸਿਆਸੀ ਆਗੂ ਸੌਦਾ ਸਾਧ ਵਰਗੇ ਪਾਖੰਡੀ ਸਾਧਾਂ ਦੇ ਪੈਰਾਂ ਤੋਂ ਨਹੀਂ ਉਠਦੇ ਸਨ। ਹੁਣ ਜਦੋਂ ਵਰਤਮਾਨ ਵਿਧਾਨ ਸਭਾ ਚੋਣਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬ 'ਚ ਕਿਸੇ ਪਾਖੰਡੀ ਸਾਧ ਦਾ ਝੁਰਲੂ ਨਹੀਂ ਚੱਲਦਾ ਸਗੋਂ ਕਰਮਾਂ ਨਾਲ ਹੀ ਨਿਬੇੜੇ ਹੁੰਦੇ ਹਨ। ਤਾਂ ਉਸ ਸਮੇਂ ਪੰਜਾਬ 'ਚ ਪਾਖੰਡੀ ਸਾਧਾਂ ਵਿਰੁੱਧ ਜਾਗਰੂਕਤਾ ਲਹਿਰ ਚਲਾਉਣ ਦੀ ਵੱਡੀ ਲੋੜ ਹੈ। ਗਿਆਨ ਅਤੇ ਵਿਗਿਆਨ ਦੇ ਯੁੱਗ 'ਚ ਵੀ ਜੇ ਲੋਕ ਪਾਖੰਡੀ ਬਾਬਿਆਂ ਦੇ ਚੁੰਗਲ ਵਿੱਚ ਲਗਾਤਾਰ ਫਸਦੇ ਗਏ ਫਿਰ ਅਸੀਂ ਨਵੇਂ ਸਮੇਂ ਦੇ ਹਾਣੀ ਕਦੋਂ ਬਣ ਸਕਾਂਗੇ? ਜਗਤ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਸਿੱਧਗੋਸ਼ਟ ਰਾਹੀਂ ਇਸ ਪਾਖੰਡ ਦਾ ਭਾਂਡਾ ਭੰਨਿਆ ਹੈ। ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਹੰਤਾਂ ਨੂੰ ਕਰੜੀ ਸਜ਼ਾ ਦੇ ਕੇ ਇਸ ਕਰਮ ਕਾਂਡੀ ਆਡੰਬਰ ਨੂੰ ਵੀ ਝਟਕਾ ਦਿੱਤਾ ਸੀ। ਫਿਰ ਸਿੰਘ ਸਭਾ ਲਹਿਰ ਨੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾ ਕੇ ਗੁਰਬਾਣੀ ਦੇ ਦਰਸਾਏ ਮਾਰਗ ਦੀ ਲੀਹ ਤੋਰਿਆ ਸੀ। ਅੱਜ ਫਿਰ ਜੇ ਪਾਖੰਡਵਾਦ, ਬਾਬਾਵਾਦ ਦੇ ਰੂਪ ਵਿੱਚ ਭਾਰੂ ਹੋ ਗਿਆ ਹੈ ਤਾਂ ਉਸ ਲਈ ਸਾਡੀ ਕਮਜ਼ੋਰ ਮਾਨਸਿਕਤਾ ਅਤੇ ਸੁਆਰਥੀ, ਲੋਭੀ ਤੇ ਨਕੰਮੀ ਲੀਡਰਸ਼ਿਪ ਜਿੰਮੇਵਾਰ ਹੈ। ਸਿੱਖੀ 'ਚ ਪਾਖੰਡ ਅਤੇ ਆਡੰਬਰ ਲਈ ਕਦੇ ਕੋਈ ਥਾਂ ਨਹੀਂ ਰਹੀ ਅਤੇ ਨਾ ਹੀ ਹੋਣੀ ਚਾਹੀਦੀ ਹੈ। ਪਦਾਰਥਵਾਦ ਦੀ ਦੌੜ ਕਾਰਣ ਮਨੁੱਖ ਮਾਨਸਿਕ ਰੂਪ ਵਿੱਚ ਬਿਮਾਰ ਹੋ ਗਿਆ ਹੈ। ਇਸ ਲਈ ਉਹ ਥਾਂ-ਥਾਂ ਠੁੰਮਣਾ ਭਾਲਦਾ ਹੈ। ਗੁਰਬਾਣੀ ਤੇ ਟੇਕ ਰੱਖਣ ਲਈ ਜਿਸ ਸਬਰ-ਸੰਤੋਖ ਦੀ ਲੋੜ ਹੈ ਉਹ ਹੁਣ ਵਿਰਲੇ ਇਨਸਾਨਾਂ ਵਿੱਚ ਹੀ ਹੈ। ਇਸ ਲਈ ਝੂਠ ਦਾ ਪਸਾਰਾ ਦਿਨੋ-ਦਿਨ ਵਧ ਰਿਹਾ ਹੈ। ਪ੍ਰੰਤੂ ਅੱਜ ਜਦੋਂ ਇਸ ਪਾਖੰਡੀ ਅਤੇ ਆਡੰਬਰੀ ਡੇਰਾਵਾਦ ਦਾ ਖੋਖਲਾ ਚਿਹਰਾ ਦਿਨੋ-ਦਿਨ ਲੋਕਾਂ ਸਾਹਮਣੇ ਨੰਗਾ ਹੋ ਰਿਹਾ ਹੈ। ਉਸ ਸਮੇਂ ਜੇ ਸੱਚੇ-ਸੁੱਚੇ ਧਾਰਮਿਕ ਲੋਕ ਇਸ ਪਾਖੰਡ ਵਿਰੁੱਧ ਲਹਿਰ ਖੜ੍ਹੀ ਕਰ ਲੈਣ ਤਾਂ ਝੂਠ ਦਾ ਇਹ ਮਹਿਲ ਬਹੁਤ ਜਲਦੀ ਧਾਰਾ ਸ਼ਾਹੀ ਹੋ ਸਕਦਾ ਹੈ। ਲੋਕਾਂ ਵਿਚ ਜਾਗਰਤੀ ਪੈਦਾ ਕਰਨ ਦਾ ਇਹ ਢੁਕਵਾਂ ਸਮਾਂ ਜਾਪਦਾ ਹੈ।