ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


'ਇੰਜੀਨੀਅਰ ਗਰੁੱਪ' ਦਾ ਸੰਘਰਸ਼ਸੀਲ ਸਿਦਕੀ ਸਿੱਖ - ਡਾ. ਪ੍ਰੀਤਮ ਸਿੰਘ ਸੇਖੋਂ


ਡਾ. ਪ੍ਰੀਤਮ ਸਿੰਘ ਸੇਖੋਂ ਸਿੱਖ ਸੰਘਰਸ਼ ਦੀ ਇਕ ਅਹਿਮ ਹਸਤੀ ਹੋਏ ਹਨ। ਦੁਖਾਂਤ ਇਹ ਹੈ ਕਿ ਉਹਨਾਂ ਦੇ ਅਖ਼ੀਰਲੇ ਦਿਨ ਐਨੀ ਗੁੰਮਨਾਮੀ ਵਿਚ ਗੁਜਰੇ ਕਿ ਉਨ੍ਹਾਂ ਦਿਨਾਂ ਨੇ ਉਹਨਾਂ ਕੋਲ਼ੋਂ ਉਹ ਵਡਿਆਈ ਵੀ ਖੋਹ ਲਈ ਜੋ 1984 ਤੋਂ 1991 ਤਕ ਉਹਨਾਂ ਕਮਾਈ ਕੀਤੀ ਸੀ। ਪਰ ਜਿਨ੍ਹਾਂ ਨੇ ਡਾ. ਸੇਖੋਂ ਦੀ ਸਮੁੱਚੀ ਜ਼ਿੰਦਗੀ ਨੂੰ ਵੇਖਿਆ ਤੇ ਸਮਝਿਆ ਹੈ ਕਿ ਉਹ ਇਹੀ ਕਹਿਣਗੇ ਕਿ ਉਹ ਇਕ ਅਜਿਹੇ ਗੁਰਸਿੱਖ ਸਨ ਜਿਹਨਾਂ ਨੇ ਆਪਣਾ ਜੀਵਨ ਸਿਖੀ ਦੀ ਚੜ੍ਹਦੀ ਕਲਾ ਦੇ ਲੇਖੇ ਲਾਇਆ।
ਲੁਧਿਆਣਾ-ਧੂਰੀ ਸੜਕ ਉੱਤੇ ਜਾਂਦਿਆਂ ਇਕ ਮਸ਼ਹੂਰ ਕਸਬੇ ਆਂਉਦਾ ਹੈ ਮਲੇਰਕੋਟਲਾ ਜਿਥੋਂ ਦੇ ਨਵਾਬ ਨੇ ਛੋਟੇ ਸਾਹਿਬਜਾਦਿਆਂ ਲਈ ਸੂਬਾ ਸਰਹਿੰਦ ਦੀ ਕਚਹਿਰੀ ਵਿਚ “ਹਾਅ੍ਹ ਦਾ ਨਾਅਰਾ” ਮਾਰਿਆ ਸੀ। ਹਰ ਸਿੱਖ ਇਸ ਕਸਬੇ ਦੇ ਨਾਂ ਤੋਂ ਜਰੂਰ ਵਾਕਫ਼ ਹੈ। ਮਲੇਰਕੋਟਲੇ ਦੇ ਕੋਲ਼ ਹੀ ਪਿੰਡ ਦੁਲਮਾਂ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਦਾ ਜਨਮ 1959 ਨੂੰ ਹੋਇਆ ਸੀ। ਚਾਰ ਧੀਆਂ ਮਗਰੋਂ ਜਨਮੇ ਇਸ ਪੁੱਤ ਦਾ,ਮਾਤਾ ਬੀਬੀ ਗੁਰਨਾਮ ਕੌਰ ਤੇ ਸਾਰੇ ਪਰਿਵਾਰ ਨੂੰ ਅੰਤਾਂ ਦਾ ਚਾਅ ਸੀ। ਉਹਨਾਂ ਦੇ ਪਿਤਾ ਸ. ਅਜਾਇਬ ਸਿੰਘ ਬੀ. ਐਂਡ ਆਰ. ਦੇ ਠੇਕੇਦਾਰ ਸਨ। ਸ. ਅਜਾਇਬ ਸਿੰਘ ਆਪਣੀਆਂ ਧੀਆਂ ਮਨਜੀਤ ਕੌਰ, ਕਰਮਜੀਤ ਕੌਰ, ਕਮਲਜੀਤ ਕੌਰ ਤੇ ਕੁਲਵੰਤ ਕੌਰ ਨੂੰ ਪੁੱਤਾਂ ਵਾਂਗ ਹੀ ਪਿਆਰ ਕਰਦੇ ਸੀ।  ਇਸੇ ਕਰਕੇ ਉਹਨਾਂ ਨੇ ਆਪਣੀਆਂ ਚਾਰੇ ਧੀਆਂ ਨੂੰ ਪੁੱਤਾਂ ਵਾਂਗ ਪੜ੍ਹਾਇਆ-ਲਿਖਾਇਆ। ਉਹਨਾਂ ਦਿਨਾਂ ਵਿਚ ਕੁੜੀਆਂ ਨੂੰ ਕੋਈ ਵਿਰਲਾ ਹੀ ਪੜ੍ਹਾਉਂਦਾ-ਲਿਖਾਉਂਦਾ ਸੀ। ਸ. ਅਜਾਇਬ ਸਿੰਘ ਇਕ ਅਗਾਂਹਵਧੂ ਵਿਅਕਤੀ ਸਨ। ਉਹ ਜ਼ਮਾਨੇ ਦੀ ਹਵਾ ਪਛਾਣਦੇ ਸਨ। ਉਹਨਾਂ ਦਾ ਜੱਦੀ ਪਿੰਡ ਰਾੜਾ ਸਾਹਿਬ ਕੋਲ਼ ਕਿਲ੍ਹਾ ਹਾਂਸ ਸੀ। ਮਲੇਰਕੋਟਲੇ ਦੇ ਵਿੱਦਿਅਕ ਅਦਾਰਿਆਂ ਕਰਕੇ ਹੀ ਉਹਨਾਂ ਨੇ ਆਪਣੇ ਸਹੁਰੇ ਪਿੰਡ ਦੁਲਮਾਂ ਵਿਚ ਰਿਹਾਇਸ਼ ਕਰ ਲਈ ਸੀ ਕਿ ਬੱਚਿਆਂ ਨੂੰ ਉਚੇਰੀ ਵਿੱਦਿਆ ਦਿਵਾਈ ਜਾਵੇ।
ਬਚਪਨ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਦਾ ਘਰ ਦਾ ਛੋਟਾ ਨਾਂ 'ਪੱਪੂ' ਸੀ। ਸਾਰੇ ਪਰਿਵਾਰ ਲਈ ਇਹ ਨਿੱਕਾ ਜਿਹਾ 'ਖਿਡੌਣਾ' ਬੜਾ ਪਿਆਰਾ ਸੀ। ਸ. ਅਜਾਇਬ ਸਿੰਘ ਤੇ ਮਾਤਾ ਗੁਰਨਾਮ ਕੌਰ ਦੀਆਂ ਚਾਰੇ ਧੀਆਂ ਦਾ ਇਹ ਲਾਡਲਾ ਵੀਰ ਹਰ ਇਕ ਤੋਂ ਮੱਲੋਮੱਲੀ ਪਿਆਰ ਲੈਂਦਾ। ਪਰ ਅਜੇ ਉਸ ਬਾਲਕ ਦੀ ਉਮਰ ਮਸਾਂ 4 ਸਾਲ ਸੀ ਕਿ ਉਸਦੇ ਪਿਤਾ ਸ. ਅਜਾਇਬ ਸਿੰਘ ਚੜ੍ਹਾਈ ਕਰ ਗਏ। ਇਸ ਮਗਰੋਂ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਮਾਤਾ ਗੁਰਨਾਮ ਕੌਰ ਸਿਰ ਆ ਗਈ।
 ਮਲੇਰਕੋਟਲੇ ਦੇ 'ਜੈਨ ਮਾਡਲ ਸਕੂਲ' ਤੇ 'ਜੈਨ ਹਾਈ ਸਕੂਲ' ਵਿਚੋਂ ਪੜ੍ਹਾਈ ਕਰਨ ਮਗਰੋਂ ਪ੍ਰੀਤਮ ਸਿੰਘ ਨੂੰ ਗੌਰਮਿੰਟ ਕਾਲਜ ਮਲੇਰਕੋਟਲੇ ਪੜ੍ਹਨੇ ਪਾਇਆ ਗਿਆ। ਇੱਥੋਂ ਉਹਨਾਂ ਪ੍ਰੀ-ਮੈਡੀਕਲ ਦੀ ਪੜ੍ਹਾਈ ਕੀਤੀ। ਫਿਰ ਉਹ ਲੁਧਿਆਣੇ, ਖੇਤੀਬਾੜੀ ਯੂਨੀਵਰਸਿਟੀ ਵਿਚ ਵੈਟਰਨਰੀ ਦੀ ਪੜ੍ਹਾਈ ਕਰਨ ਲੱਗ ਪਏ। ਸਿੱਖ ਸੰਘਰਸ਼ ਦੇ ਨਾਮਵਰ ਜੁਝਾਰੂਆਂ ਨਾਲ਼ ਮੇਲ ਹੋਣ ਮਗਰੋਂ ਡਾ. ਸੇਖੋਂ ਪੂਰੀ ਤਰ੍ਹਾਂ ਸੰਘਰਸ਼ ਨੂੰ ਸਮਰਪਿਤ ਹੋ ਗਏ। ਹੋਸਟਲ ਦੇ ਕਮਰੇ ਵਿਚ ਕਦੇ ਕੋਈ ਜੁਝਾਰੂ ਆ ਜਾਂਦਾ, ਕਦੇ ਕੋਈ। ਇਸੇ ਸਮੇਂ ਦੌਰਾਨ ਉਹਨਾਂ ਦਾ ਮੇਲ ਭਾਈ ਦਲਜੀਤ ਸਿੰਘ ਬਿੱਟੂ, ਜਨਰਲ ਲਾਭ ਸਿੰਘ, ਭਾਈ ਪਰਮਜੀਤ ਸਿੰਘ ਪੰਜਵੜ ਤੇ ਹੋਰ ਜੁਝਾਰੂਆਂ ਨਾਲ਼ ਹੋਇਆ। ਪੜ੍ਹਾਈ ਪੂਰੀ ਹੋਣ ਮਗਰੋਂ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਵੇਰਕਾ ਵਿਖੇ ਵੈਟਰਨਰੀ ਡਾਕਟਰ ਦੀ ਨੌਕਰੀ ਮਿਲ਼ ਗਈ। ਇੰਝ ਮਲੇਰਕੋਟਲੇ ਤੋਂ ਲੁਧਿਆਣੇ ਰਾਹੀਂ ਅੰਮ੍ਰਿਤਸਰ ਤਕ ਉਹਨਾਂ ਦਾ ਕਾਰਜ ਖ਼ੇਤਰ ਫ਼ੈਲ ਗਿਆ।
1987-88 ਵਿਚ ਕਿਸੇ ਤਰ੍ਹਾਂ ਪੁਲੀਸ ਨੂੰ ਡਾ. ਸੇਖੋਂ ਦੀਆਂ ਗੁਪਤ ਸਰਗਰਮੀਆਂ ਦੀ ਸੂਹ ਮਿਲ਼ੀ। ਡਾ. ਸੇਖੋਂ ਨੇ ਸਮਾਂ ਰਹਿੰਦਿਆਂ ਹੀ ਮੌਕਾ ਸੰਭਾਲ਼ ਲਿਆ ਤੇ  ਸੰਘਰਸ਼ ਵਿਚ ਕੁੱਦ ਪਏ।  ਡਾ. ਸਾਹਿਬ ਤਾ ਸੰਘਰਸ਼ ਵਿਚ ਸੇਵਾ ਕਰ ਰਹੇ ਸਨ ਪਰ ਪਿਛੇ ਪਰਿਵਾਰ ਨੂੰ ਪੁਲਿਸ ਨੇ ਨਿਸ਼ਾਨਾ ਬਣਾ ਲਿਆ।ਜਿਉਂ ਜਿਉਂ ਡਾ.ਸੇਖੌਂ ਦਾ ਕੱਦ ਖਾੜਕੂ ਲਹਿਰ ਵਿਚ ਉਚਾ ਹੁੰਦਾ ਗਿਆਂ ਪੁਲਿਸ ਦਾ ਜ਼ਬਰ ਵੀ ਵਧਦਾ ਗਿਆ। 1982 ਤੋਂ ਪੰਥ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ 'ਧਰਮ ਯੁੱਧ ਮੋਰਚਾ' ਸ਼ੁਰੂ ਹੋਇਆ ਸੀ ਜਿਸ ਵਿਚ ਸਿੱਖ ਕੌਮ ਦਾ ਬੱਚਾ-ਬੱਚਾ ਡਟਿਆ ਰਿਹਾ ਸੀ। ਖ਼ਾਲਸਾ ਪੰਥ ਆਈ ਉੱਤੇ ਆਇਆ ਹੋਇਆ ਸੀ ਕਿ 1947 ਤੋਂ ਹੋ ਰਹੀ ਧੱਕੇਸ਼ਾਹੀ ਬੰਦ ਕਰਵਾ ਕੇ ਰਹਿਣਾ ਹੈ। ਕੇਂਦਰੀ ਸਰਕਾਰਾਂ ਨੇ ਹਮੇਸ਼ਾਂ ਹੀ ਪੰਥ ਤੇ ਪੰਜਾਬ ਨੂੰ ਥੱਲੇ ਲਾਹੁਣ ਵਾਲ਼ੀ ਨੀਤੀ ਰੱਖੀ ਸੀ, ਜਿਸ ਕਰਕੇ ਸਿੱਖ ਜਗਤ ਨਿੱਤ ਹੁੰਦੀ ਖੱਜਲ-ਖ਼ੁਆਰੀ ਤੋਂ ਸਤਿਆ ਪਿਆ ਸੀ। ਅਕਾਲੀਆਂ ਲਈ ਤਾਂ ਇਸ ਧਰਮ-ਯੁੱਧ ਮੋਰਚੇ ਦਾ ਅਰਥ ਐਨਾ ਕੁ ਸੀ ਕਿ ਲੋਕ ਭਾਵਨਾਵਾਂ ਨੂੰ ਕਾਂਗਰਸ ਤੇ ਕੇਂਦਰ ਖ਼ਿਲਾਫ਼ ਭੜਕਾ ਕੇ ਵੋਟਾਂ ਬਟੋਰੀਆਂ ਜਾਣ ਤੇ ਅਗਲੀ ਸਰਕਾਰ ਬਣਾਈ ਜਾਵੇ।  ਲਹਿਰ ਦਾ ਲੱਕ ਤੋੜਨ ਲਈ ਉਹਨਾਂ ਹਾਮੀ ਭਰੀ ਤੇ ਇੰਝ ਰਾਜੀਵ-ਲੌਂਗੋਵਾਲ਼ ਸੌਦਾ ਹੋਇਆ ਜਿਸ ਵਿਚ ਬਾਕੀ ਤਾਂ ਜਾਬਾਂ ਦਾ ਭੇੜ ਸੀ, ਮੁੱਖ ਗੁਪਤ ਮੱਦ ਐਨੀ ਕੁ ਸੀ ਕਿ ਲੌਂਗੋਵਾਲ਼ ਦੇ ਚੇਲੇ ਬਰਨਾਲੇ ਲਈ ਮੁੱਖ ਮੰਤਰੀ ਦੀ ਕੁਰਸੀ ਸਜ਼ਾ ਦਿੱਤੀ ਗਈ। ਇਸ ਸੌਦੇਬਾਜ਼ੀ ਨੂੰ ਨੇਪਰੇ ਚਾੜ੍ਹਨ ਵਾਲ਼ਿਆਂ ਵਿਚ ਬਲਵੰਤ ਸਿੰਘ ਲੱਡੂ ਸਭ ਤੋਂ ਮੋਹਰੀ ਸੀ। ਹੁਣ ਤਕ ਅਕਾਲੀ ਦੁਹਾਈ ਦੇ ਰਹੇ ਸਨ ਕਿ ਰਾਜੀਵ-ਲੌਂਗੋਵਾਲ਼ ਬੜਾ ਵਧੀਆ ਸਮਝੌਤਾ ਸੀ, ਜਦ ਕਿ ਅੱਜ ਤਕ ਇਸ ਸਮਝੌਤੇ ਦੀਆਂ ਸਿਰਫ਼ ਦੋ ਮੱਦਾਂ ਲਾਗੂ ਹੋਈਆਂ ਹਨ। ਪਹਿਲੀ ਪੰਜਾਬ ਦਾ ਪਾਣੀ ਲੁੱਟੇ ਜਾਣ ਤੇ ਮੋਹਰ ਲੱਗੀ ਤੇ ਦੂਜੀ ਬਰਨਾਲੇ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲ਼ੀ। ਇਸ ਸੌਦੇਬਾਜ਼ੀ ਦੇ ਦੂਜੇ ਅਹਿਮ ਕਿਰਦਾਰ ਬਲਵੰਤ ਸਿੰਘ ਲੱਡੂ ਨੂੰ ਚੰਡੀਗੜ੍ਹ ਵਿਚ 10 ਜੁਲਾਈ 1990 ਨੂੰ ਡਾ. ਪ੍ਰੀਤਮ ਸਿੰਘ ਸੇਖੋਂ ਤੇ ਹੋਰ ਤਿੰਨ ਸਿੰਘਾਂ ਨੇ ਸਜ਼ਾ ਦਿੱਤੀ।
 ਡਾ.ਸੇਖੋਂ ਦੀ ਭਾਈ ਦਲਜੀਤ ਸਿੰਘ ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਨਾਲ਼ ਬਹੁਤ ਨੇੜਤਾ ਸੀ। ਉਨਾਂ ਦੀ ਅਦੁਤੀ ਸਮਝ ਕਰਕੇ ਉਨਾਂ ਨੂੰ 'ਲਿਬਰੇਸ਼ਨ ਦਾ ਦਿਮਾਗ਼' ਵੀ ਕਿਹਾ ਜਾਂਦਾ ਸੀ। ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਵਿਚ ਪ੍ਰੋ. ਪ੍ਰੀਤਮ ਸਿੰਘ ਸੇਖੋਂ, ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਨਵਨੀਤ ਸਿੰਘ ਕਾਦੀਆਂ, ਦੇਵਪਾਲ ਸਿੰਘ ਮੋਹਾਲੀ, ਮਨਜਿੰਦਰ ਸਿੰਘ ਈਸੀ ਵਰਗੇ ਪੜ੍ਹੇ ਲਿਖੇ ਤੇ ਸੁਲਝੇ ਹੋਏ ਸਿੰਘਾਂ ਦਾ ਇਕ ਗਰੁੱਪ 'ਇੰਜੀਨੀਅਰ ਗਰੁੱਪ' ਵਜੋਂ ਵੀ ਜਾਣਿਆ ਜਾਂਦਾ ਸੀ।ਅਸਲ ਵਿਚ ਇਹ ਸਾਰੀ ਟੀਮ ਜਿੱਥੇ ਸੂਝ-ਬੂਝ ਤੇ ਯੋਜਨਾਬੰਦੀ ਵਿਚ ਮਾਹਿਰ ਸੀ, ਓਥੇ ਭਾਈ ਗੁਰਜੰਟ ਸਿੰਘ ਦਾ ਸਿੱਖੀ ਸਿਦਕ ਤੇ ਹਰ ਐਕਸ਼ਨ ਮੌਕੇ ਸਿਰੇ ਦੀ ਜਾਬਾਂਜ਼ੀ ਕਮਾਲ ਦੀ ਹੁੰਦੀ ਸੀ।ਹਕੂਮਤ ਹੈਰਾਨ ਸੀ ਇਹ ਐਡੇ ਪੜ੍ਹੇ ਲਿਖੇ ਨੌਜਵਾਨ ਭਾਈ ਗੁਰਜੰਟ ਸਿੰਘ ਬੁਧ ਸਿੰਘ ਵਾਲਾ ਦੀ ਕਮਾਂਡ ਹੇਠ ਸੇਵਾ ਕਰਨ ਨੂੰ ਕਿਉਂ ਤਰਜੀਹ ਦਿੰਦੇ ਹਨ।
ਡਾ. ਸੇਖੋਂ ਦਾ ਜਿਗਰੀ ਜੁਝਾਰੂ ਭਾਈ ਮਨਜਿੰਦਰ ਸਿੰਘ ਈਸੀ ਬਹੁਤੇ ਐਕਸ਼ਨਾਂ ਵਿਚ ਉਹਨਾਂ ਦੇ ਨਾਲ਼ ਹੀ ਰਿਹਾ ਹੈ। ਜਥੇਬੰਦੀ ਦੇ ਇਕ ਫ਼ੈਸਲੇ ਤਹਿਤ ਇਹ ਜੋੜੀ ਦਿੱਲੀ ਪਹੁੰਚੀ, ਜਿੱਥੇ ਉਹਨਾਂ ਨੂੰ ਮੁਹਾਲੀ ਦੇ ਨੌਜਵਾਨ ਜੁਝਾਰੂ ਭਾਈ ਦੇਵਪਾਲ ਸਿੰਘ ਤੇ ਡਾ. ਹਰੀ ਸਿੰਘ ਮਿਲ਼ੇ। ਮਨਜਿੰਦਰ ਸਿੰਘ ਈਸੀ ਦੀ ਇੱਛਾ ਸੀ ਕਿ ਜੇ ਭਾਈ ਹਰਜਿੰਦਰ ਸਿੰਘ ਜਿੰਦੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਛੁਡਾਉਣਾ ਹੀ ਹੈ ਤਾਂ ਆਪਾਂ ਕਿਸੇ ਹੋਰ ਨੂੰ ਹੱਥ ਪਾਈਏ। ਰੁਮਾਨੀਆ ਦਾ ਰਾਜਦੂਤ ਇੰਨਾ ਅਹਿਮ ਨਹੀਂ ਕਿ ਸਰਕਾਰ ਉਸ ਨੂੰ ਛੁਡਾਉਣ ਲਈ ਸਾਡੀ ਗੱਲ ਮੰਨ ਲਵੇ। ਮਨਜਿੰਦਰ ਸਿੰਘ ਈਸੀ, ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦਾ ਪਹਿਲੀ ਕਤਾਰ ਦਾ ਖਾੜਕੂ ਰਿਹਾ ਹੈ, ਜਿਸ ਨੇ ਦਰਜਨਾਂ ਐਕਸ਼ਨ ਕੀਤੇ। ਭਾਵੇਂ ਉਸ ਦੀ ਦਲੀਲ ਵਿਚ ਵਜ਼ਨ ਸੀ, ਪਰ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਅਕਤੂਬਰ 1991 ਨੂੰ ਰੁਮਾਨੀਆ ਦੇ ਰਾਜਦੂਤ ਲਿਵਿਊ ਰਾਡੂ ਨੂੰ ਅਗਵਾ ਕਰ ਲਿਆ ਗਿਆ। ਰਾਡੂ ਨੂੰ ਪੰਜਾਬ ਲਿਆਂਦਾ ਗਿਆ ਤੇ ਸਰਕਾਰ ਕੋਲ਼ੋਂ ਉਸ ਦੇ ਬਦਲੇ ਵੈਦਿਆ ਕਾਂਡ ਦੇ ਹੀਰੋ ਭਾਈ ਜਿੰਦੇ-ਸੁੱਖੇ ਦੀ ਮੰਗ ਕੀਤੀ ਗਈ, ਪਰ ਸਰਕਾਰ ਨੇ ਬਹੁਤੀ ਪ੍ਰਵਾਹ ਨਾ ਕੀਤੀ।ਹਕੂਮਤ ਚਾਹੁੰਦੀ ਸੀ ਕਿ ਖਾੜਕੂ, ਰਾਡੂ ਦਾ ਨੁਕਸਾਨ ਕਰਨ ਤਾਂ ਜੋ ਅੰਤਰਰਾਸ਼ਟਰੀ ਪੱਧਰ ਉੱਤੇ ਖ਼ਾਲਿਸਤਾਨੀ ਲਹਿਰ ਨੂੰ ਬਦਨਾਮ ਕੀਤਾ ਜਾਵੇ। ਆਖ਼ਰ ਰਾਡੂ ਨੂੰ ਰਿਹਾਅ ਕਰਨਾ ਪਿਆ। ਜਿੰਨਾਂ ਚਿਰ ਸਿੰਘਾਂ ਨੇ ਰਾਡੂ ਨੂੰ ਛੱਡਿਆਂ ਨਹੀ,ਉਨਾਂ ਚਿਰ ਡਾ.ਸ਼ੇਖੋਂ ਦਾ ਸਾਰਾ ਪਰਿਵਾਰ ਤੇ ਹੋਰ ਰਿਸ਼ਤੇਦਾਰ ਪੁਲਿਸ ਹਿਰਾਸਤ ਵਿਚ ਰਹੇ। ਇਨਾਂ ਦਿਨਾਂ ਵਿਚ ਪਰਿਵਾਰ ਨੇ ਸ਼ਾਖਸ਼ਾਤ ਨਰਕ ਭੋਗਿਆ ਕਿਉਂਕਿ ਪੰਜਾਬ ਪੁਲਿਸ ਸਮਝਦੀ ਸੀ ਕਿ ਰਾਡੂ ਕਾਂਡ ਦੀ ਜਿੰਮੇਵਾਰੀ ਡਾ.ਸ਼ੇਖੋਂ ਸਿਰ ਹੀ ਹੈ। ਇਹ ਚਰਚਾ ਰਹੀ ਹੈ 1991 ਦੇ ਅਖ਼ੀਰਲੇ ਦਿਨਾਂ ਵਿਚ ਡਾ. ਪ੍ਰੀਤਮ ਸਿੰਘ ਸੇਖੋਂ ਆਪਣੀ ਧਰਮ ਪਤਨੀ ਸਮੇਤ ਅਮਰੀਕਾ ਚਲੇ ਗਏ ਸਨ। ਉਹਨਾਂ ਦਾ ਅਨੰਦ ਕਾਰਜ ਕਦੋਂ ਤੇ ਕਿਹੜੇ ਹਾਲਤਾਂ ਵਿਚ ਹੋਇਆ, ਇਸ ਬਾਰੇ ਉਹਨਾਂ ਦੇ ਸੰਘਰਸ਼ ਦੇ ਸਾਥੀ ਹੀ ਬਿਹਤਰ ਜਾਣਦੇ ਹਨ। ਪਰ ਇਹ ਹਕੀਕਤ ਹੈ ਕਿ ਚੰਡੀਗੜ੍ਹ ਦੀ ਇਕ ਬੀਬੀ ਨਾਲ਼ ਉਹਨਾਂ ਦਾ ਵਿਆਹ ਹੋਇਆ ਤੇ ਇਕ ਪੁੱਤਰ ਵੀ ਹੋਇਆ। 11 ਸਤੰਬਰ 1993 ਨੂੰ ਭਾਰਤੀ ਹਕੂਮਤ ਦੇ ਹੱਥਠੋਕੇ ਤੇ ਸਿੱਖ ਜੁਝਾਰੂਆਂ ਨੂੰ ਭੜਕਾਉਣ ਲਈ ਨੀਵੇਂ ਦਰਜੇ ਦੀ ਬਿਆਨਬਾਜ਼ੀ ਕਰਨ ਵਾਲ਼ੇ ਜ਼ਲੀਲ ਇਨਸਾਨ ਮਨਿੰਦਰਜੀਤ ਸਿੰਘ ਬਿੱਟੇ ਨੂੰ ਉਸ ਦੇ ਕਾਲ਼ੇ ਕਾਰਿਆਂ ਦੀ ਸਜ਼ਾ ਦੇਣ ਲਈ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨੇ ਦਿੱਲੀ ਵਿਚ ਇਕ ਬੰਬ ਧਮਾਕਾ ਕੀਤਾ। ਪਰ ਬਿੱਟਾ ਬਚ ਗਿਆ ਤੇ ਹੋਰ ਕਈ ਮਾਰੇ ਗਏ। ਇਸ ਧਮਾਕੇ ਦੀ ਯੋਜਨਾਬੰਦੀ ਡਾ. ਸੇਖੋਂ ਦੀ ਟੀਮ ਦੀ ਮੰਨੀ ਗਈ। ਇਸੇ ਕੇਸ ਵਿਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦਾ ਹੁਕਮ ਸੁਣਾÂਆ ਗਿਆ ਹੈ। 1994 ਵਿਚ ਦਲ ਖ਼ਾਲਸਾ ਦੇ ਮੁਖੀ ਸ. ਗਜਿੰਦਰ ਸਿੰਘ ਹਾਈਜੈਕਿੰਗ ਕਰ ਕੇ ਹੋਈ ਉਮਰ ਕੈਦ ਕੱਟ ਕੇ ਲਾਹੌਰ ਜੇਲ੍ਹ ਵਿਚ ਬਾਹਰ ਆਏ ਤਾਂ ਡਾ. ਸੇਖੋਂ ਨੇ ਉਹਨਾਂ ਦਾ ਬੇਅੰਤ ਸਤਿਕਾਰ ਕੀਤਾ।ਸ. ਗਜਿੰਦਰ ਸਿੰਘ ਤੇ ਡਾ.ਸ਼ੇਖੋਂ ਦਾ ਆਪਸੀ ਪਿਆਰ ਬੇਮਿਸਾਲ ਰਿਹਾ। 1996-97 ਮੌਕੇ ਕਨਸੋਆਂ ਮਿਲ਼ਣ ਲੱਗੀਆਂ ਕਿ ਡਾ. ਪ੍ਰੀਤਮ ਸਿੰਘ ਸੇਖੋਂ ਨਹੀਂ ਰਹੇ। ਸਮਾਂ ਬੀਤਣ ਨਾਲ਼ ਉਹਨਾਂ ਦੇ ਨਾ ਰਹਿਣ ਬਾਰੇ ਤਾਂ ਗੱਲ ਪੁਖਤਾ ਹੁੰਦੀ ਗਈ ਪਰ ਇਹ ਭਾਣਾ ਕਿਵੇਂ ਤੇ ਕਿਹੜੇ ਹਾਲਾਤਾਂ ਵਿਚ ਵਾਪਰਿਆ, ਇਹ ਰਹੱਸ ਬਣਿਆ ਹੀ ਰਿਹਾ। ਪੰਥਕ ਸਫਾਂ ਅੰਦਰੋਂ ਇਹੋ ਪਤਾ ਲੱਗਿਆ ਕਿ ਸਿਆਲਕੋਟ ਏਰੀਏ ਵਿਚ ਆਪਣੇ ਟਿਕਾਣੇ ਤੇ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। 15 ਮਾਰਚ 2009 ਨੂੰ ਚਰਚਾਵਾਂ ਨੂੰ ਠੱਲ੍ਹ ਪਾਉਂਦਿਆਂ ਡਾ. ਪ੍ਰੀਤਮ ਸਿੰਘ ਸੇਖੋਂ ਦੇ ਪਰਿਵਾਰ ਨੇ ਮਲੇਰਕੋਟਲੇ ਦੇ ਨਜ਼ਦੀਕ ਪਿੰਡ ਦੁਲਮਾਂ ਵਿਚ ਉਹਨਾਂ ਦੀ ਅੰਤਮ ਅਰਦਾਸ ਕੀਤੀ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦਲ ਖ਼ਾਲਸਾ ਆਗੂ ਕੰਵਰਪਾਲ ਸਿੰਘ ਤੇ ਪ੍ਰੋ. ਸੇਖੋਂ ਦੇ ਸੰਗੀ ਸਾਥੀ ਰਹੇ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਅਨੇਕਾਂ ਪੰਥਕ ਹਸਤੀਆਂ ਨੇ ਹਾਜ਼ਰੀ ਭਰੀ।  ਡਾ. ਸੇਖੋਂ ਨੇ ਆਪਣਾ ਜੀਵਨ ਸਿੱਖ ਸੰਘਰਸ਼ ਦੇ ਲੇਖੇ ਲਾਇਆ। ਇਕ ਦਿਨ ਸਮਾਂ ਆਵੇਗਾ ਜਦ ਡਾ. ਸੇਖੋਂ ਤੇ ਇਹੋ ਜਿਹੇ ਹੋਰ ਸਿੰਘ-ਸਿੰਘਣੀਆਂ ਦੇ ਸੋਹਿਲੇ ਸਾਰਾ ਸੰਸਾਰ ਗਾਇਆ ਕਰੇਗਾ।
ਸਰਬਜੀਤ ਸਿੰਘ ਘੁਮਾਣ
97819-91622