ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


14 ਮਾਰਚ ਦੀ ਮਹਾਨਤਾ ਨੂੰ ਸਮਝਣ ਦੀ ਲੋੜ


14 ਮਾਰਚ ਦਾ ਦਿਨ ਸਿੱਖ ਪੰਥ ਲਈ ਅਹਿਮ ਦਿਨ ਹੈ। ਇਸ ਦਿਨ ਸਿੱਖਾਂ ਦੀ ਵੱਖਰੀ ਕੌਮ ਦੀ ਪਹਿਚਾਣ ਵਾਲੇ ਨਾਨਕਸ਼ਾਹੀ ਕੈਲੰਡਰ, ਜਿਸ ਨੂੰ ਭਾਵੇਂ ਅਸੀਂ ਵਿਵਾਦਮਈ ਬਣਾ ਕੇ ਉਸਦੀ ਮਹਾਨਤਾ ਨੂੰ ਖ਼ਤਮ ਕਰਨ ਦਾ ਵੀ ਯਤਨ ਕੀਤਾ ਹੈ, ਪ੍ਰੰਤੂ ਇਸ ਨਾਨਕਸ਼ਾਹੀ ਕੈਲੰਡਰ ਨਾਲ ਨਾਨਕਸ਼ਾਹੀ ਸੰਮਤ ਸ਼ੁਰੂ ਹੁੰਦੀ ਹੈ, ਇਸ ਲਈ 14 ਮਾਰਚ ਸਮੂੰਹ ਨਾਨਕ ਨਾਮ ਲੇਵਾ ਲਈ ਨਵੇਂ ਵਰ੍ਹੇ ਦੀ ਆਮਦ ਲੈ ਕੇ ਆਉਂਦਾ ਹੈ। ਸਿੱਖਾਂ ਦਾ ਨਾਨਕਸ਼ਾਹੀ ਸੰਮਤ ਸਿੱਖੀ ਦੀ ਸਵੈਮਾਣ ਦੀ ਨਿਸ਼ਾਨੀ ਹੈ, ਇਸ ਲਈ ਕੌਮ ਨੂੰ ਇਸ ਨੂੰ ਆਪਣੀ ਵੱਖਰੀ ਹੋਂਦ ਦੇ ਪ੍ਰਗਟਾਵੇ ਵਜੋਂ ਮਨਾਉਣਾ ਚਾਹੀਦਾ ਹੈ। ਪ੍ਰੰਤੂ ਸਾਡੀ ਕੌਮੀ ਤ੍ਰਾਸਦੀ ਹੈ ਕਿ ਦਸਮੇਸ਼ ਪਿਤਾ ਦੀ ਇਹ ਨਿਰਾਲੀ ਕੌਮ ਆਪਣੇ ਨਿਆਰੇਪਣ ਦੀ ਮਹਾਨਤਾ ਨੂੰ ਭੁੱਲਦੀ ਜਾ ਰਹੀ ਹੈ। ਇਸ ਕਾਰਣ ਉਨ੍ਹਾਂ ਦੇ ਮਨਾਂ 'ਚ ਵੱਖਰੀ ਕੌਮ ਦਾ ਜ਼ਜਬਾ ਠੰਡਾ ਪੈਂਦਾ ਜਾ ਰਿਹਾ ਹੈ। ਜਿਹੜੀ ਕੌਮ ਈਸਾਈ ਮੱਤ ਦੇ ਈਸਵੀ ਸੰਮਤ ਵਾਲੇ 'ਨਿਊਯੀਅਰ' ਨੂੰ ਮਨਾਉਣ ਲਈ ਬਾਵਰੀ ਹੋ ਜਾਂਦੀ ਹੈ, ਉਸਨੂੰ ਆਪਣੇ ਨਾਨਕਸ਼ਾਹੀ ਸੰਮਤ ਦੇ 'ਨਵੇਂ ਸਾਲ' ਦੀ ਯਾਦ ਹੀ ਨਹੀਂ ਆਉਂਦੀ। ਦੀਵਾਲੀ ਵਾਲੇ ਦਿਨ ਦੁਨੀਆ ਭਰ ਦੀਆਂ ਖੁਸ਼ੀਆਂ ਮਨਾਉਣ ਵਾਲਿਆਂ ਨੂੰ ਸਿੱਖ ਪੰਥ ਦੇ ਕੌਮੀ ਤਿਉਹਾਰ 'ਵਿਸਾਖੀ' ਸਮੇਂ ਉਹ ਸਾਰੇ ਚਾਅ ਪਤਾ ਨਹੀਂ ਕਿਉਂ ਯਾਦ ਨਹੀਂ ਆਉਂਦੇ? ਸ਼੍ਰੋਮਣੀ ਕਮੇਟੀ ਵੱਲੋਂ ਵੀ ਨਾਨਕਸ਼ਾਹੀ ਸੰਮਤ ਦੇ ਨਵੇਂ ਵਰ੍ਹੇ ਪ੍ਰਤੀ ਕੌਮ ਨੂੰ ਅਗਾਊ ਸੁਚੇਤ ਕਰਨ ਲਈ ਕਦੇ ਗੰਭੀਰ ਉਪਰਾਲੇ ਨਹੀਂ ਕੀਤੇ ਗਏ ਅਤੇ ਨਾ ਹੀ ਕਦੇ ਵਿਸਾਖੀ ਨੂੰ 'ਕੌਮੀ ਤਿਉਹਾਰ' ਵਜੋਂ ਮਨਾਉਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਨਾਨਕਸ਼ਾਹੀ ਕੈਲੰਡਰ ਤੇ ਡਾਇਰੀਆਂ ਵੀ ਸ਼੍ਰੋਮਣੀ ਕਮੇਟੀ ਨਵੇਂ ਵਰ੍ਹੇ ਦੀ ਆਮਦ ਤੋਂ ਪਹਿਲਾ ਸਿੱਖ ਸੰਗਤਾਂ ਤੱਕ ਪਹੁੰਚਾਉਣ ਦੀ ਲੋੜ ਨਹੀਂ ਸਮਝਦੀ। ਸ਼੍ਰੋਮਣੀ ਕਮੇਟੀ ਅਧੀਨ ਚੱਲਦੇ ਸਕੂਲਾਂ, ਕਾਲਜਾਂ 'ਚ ਇਸ ਬਾਰੇ ਕੋਈ ਵਿਸ਼ੇਸ਼ ਪ੍ਰੋਗਰਾਮ ਨਹੀਂ ਕੀਤੇ ਜਾਂਦੇ, ਗੁਰੂ ਘਰਾਂ ਰਾਹੀਂ ਵੀ ਸਿੱਖ ਸੰਗਤਾਂ ਨੂੰ ਸਾਡੇ ਪ੍ਰਚਾਰਕਾਂ, ਰਾਗੀ, ਢਾਡੀ ਤੇ ਗ੍ਰੰਥੀ ਸਿੰਘ ਇਸ ਬਾਰੇ ਜਾਗਰੂਕ ਕਰਨ ਦਾ ਕੋਈ ਉਪਰਾਲਾ ਨਹੀਂ ਕਰਦੇ। ਨਾਨਕਸ਼ਾਹੀ ਸੰਮਤ, ਨਾਨਕਸ਼ਾਹੀ ਕੈਲੰਡਰ, ਕੌਮੀ ਨਿਸ਼ਾਨ, ਕੌਮੀ ਤਿਉਹਾਰ ਅਤੇ ਵਿਸ਼ੇਸ਼ ਕਰਕੇ ਕੌਮ ਦੇ ਸੰਵਿਧਾਨ, ਸਿੱਖੀ ਸਿਧਾਂਤਾਂ ਪ੍ਰਤੀ ਸਾਨੂੰ ਹਮੇਸ਼ਾ ਸੁਚੇਤ ਰੂਪ 'ਚ ਪੂਰਾ ਉਤਸ਼ਾਹ ਰੱਖਣਾ ਚਾਹੀਦਾ ਹੈ, ਕਿਉਂਕਿ ਜੇ ਅਸੀਂ ਇਨ੍ਹਾਂ ਨੂੰ ਹੀ ਭੁੱਲ-ਵਿਸਰ ਗਏ ਤਾਂ ਸਿੱਖ ਵੱਖਰੀ ਕੌਮ ਵਜੋਂ ਵੀ ਆਪਣੀ ਹੋਂਦ ਗੁਆ ਲੈਣਗੇ। ਅਸੀਂ 14 ਮਾਰਚ ਦੇ ਦਿਨ ਨੂੰ ਕੌਮ ਦੇ ਕੌਮੀ ਵਰ੍ਹੇ ਦੀ ਆਰੰਭਤਾ ਵਜੋਂ ਮਨਾਉਣ ਦੀ ਅਪੀਲ ਜ਼ਰੂਰ ਕਰਾਂਗੇ। ਇਸੇ ਦਿਨ ਹੀ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਦਾ ਗੁਰਗੱਦੀ ਦਿਵਸ ਹੈ, ਜਿਸ ਨੂੰ ਵਾਤਾਵਰਣ ਸੰਭਾਲ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਅੱਜ ਜਦੋਂ ਸਾਡੀ ਸੋਚ 'ਚ ਸਾਡੇ ਆਲੇ-ਦੁਆਲੇ 'ਚ ਸਾਡੇ ਪਾਣੀ 'ਚ ਸਾਡੀ ਖ਼ੁਰਾਕ 'ਚ ਸਾਡੀ ਹਵਾ 'ਚ, ਸਾਡੇ ਸਭਿਆਚਾਰ 'ਚ ਸਾਡੀ ਸਿਆਸਤ 'ਚ, ਸਾਡੇ ਰਾਜ ਭਾਗ 'ਚ, ਗੱਲ ਕੀ ਹਰ ਪਾਸੇ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੈ, ਉਸ ਸਮੇਂ ਵਾਤਾਵਰਣ ਨੂੰ ਸੰਭਾਲਣ ਲਈ ਸਾਨੂੰ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਪ੍ਰਣ ਲੈਣਾ ਪਵੇਗਾ ਅਤੇ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਹੋਵੇਗੀ। 14 ਮਾਰਚ ਨੂੰ ਹੀ ਉਸ ਮਹਾਨ ਅਕਾਲੀ ਜਰਨੈਲ, ਅਕਾਲੀ ਫੂਲਾ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ ਜਿਸ ਨੇ ਅਕਾਲੀ ਸ਼ਬਦ ਨੂੰ ਸਾਕਾਰ ਕਰਦਿਆਂ ਅਰਦਾਸ ਹੀ ਮਹਾਨਤਾ ਲਈ ਕੁਰਬਾਨੀ ਦੇ ਨਵੇਂ ਅਰਥ ਪੈਦਾ ਕੀਤੇ ਸਨ। 14 ਮਾਰਚ ਨੂੰ ਹੀ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਪੰਜਾਬ ਦੇ ਪਿਛਲੇ 46 ਸਾਲ ਦੇ ਇਤਿਹਾਸ 'ਚ ਇੱਕ ਨਵਾਂ ਮੀਲ-ਪੱਥਰ ਗੱਡਦੀ ਹੋਈ, ਲਗਾਤਾਰ ਦੂਜੀ ਵਾਰ ਰਾਜ ਭਾਗ ਸੰਭਾਲਣ ਜਾ ਰਹੀ ਹੈ। ਜਦੋਂ ਇਸ ਸਰਕਾਰ ਦੇ ਕਰਤੇ ਧਰਤਿਆਂ ਨੇ 14 ਮਾਰਚ ਦੇ ਦਿਨ ਨੂੰ ਅਤੇ ਬਾਬਾ ਬਹਾਦਰ ਸਿੰਘ ਵੱਲੋਂ ਸਥਾਪਿਤ ਜ਼ੋਰ-ਜ਼ੁਲਮ ਵਿਰੁੱਧ ਜਿੱਤ ਦੇ ਪ੍ਰਤੀਕ ਚੱਪੜਚਿੜੀ ਦੇ ਮੈਦਾਨ ਨੂੰ ਆਪਣੇ ਸਹੁੰ ਚੁੱਕਣ ਵਾਲੇ ਸਥਾਨ ਵਜੋਂ ਚੁਣਿਆ ਹੈ, ਤਾਂ ਇਸ ਦਿਨ ਦੀ ਇਤਿਹਾਸਕ ਮਹੱਤਤਾ 'ਚ ਇਕ ਪੰਨਾ ਹੋਰ ਜੁੜ੍ਹ ਗਿਆ ਹੈ। ਪ੍ਰੰਤੂ ਅਕਾਲੀਆਂ ਨੂੰ ਇਸ ਦਿਨ ਤੇ ਅਸਥਾਨ ਦੀ ਮਹਾਨਤਾ ਨੂੰ ਹਮੇਸ਼ਾ ਯਾਦ ਰੱਖਣਾ ਹੋਵੇਗਾ ਅਤੇ ਇਸ ਦਿਨ ਦੀ ਮਹਾਨਤਾ ਦੇ ਮੇਚੇ ਦਾ ਹੋ ਕੇ ਚੱਲਣਾ ਪਵੇਗਾ। ਕਿਉਂਕਿ ਇਤਿਹਾਸਕ ਤੇ ਪਵਿੱਤਰ ਅਸਥਾਨ ਤੇ ਕੀਤਾ ਗਿਆ, ਪ੍ਰਣ ਜੇ ਪੂਰਾ ਨਾ ਕੀਤਾ ਜਾਵੇ ਤਾਂ ਕੁਦਰਤ ਉਸਦੀ ਸਜ਼ਾ ਵੀ ਜ਼ਰੂਰ ਦਿੰਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ 14 ਮਾਰਚ ਦੀ ਮਹਾਨਤਾ ਨੂੰ ਸਿੱਖ ਪੰਥ ਇਸ ਦਿਨ ਦੇ ਸੁਨੇਹਿਆਂ ਨੂੰ ਸੁਣਕੇ ਅਤੇ ਉਨ੍ਹਾਂ ਨੂੰ ਮੰਨਣ ਵੱਲ ਤੁਰ ਕੇ, ਜ਼ਰੂਰ ਪ੍ਰਵਾਨ ਕਰੇਗਾ।
ਜਸਪਾਲ ਸਿੰਘ ਹੇਰਾਂ