ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਅਪਰਾਧਾਂ ਨਾਲੋਂ ਉਪਕਾਰਾਂ ਦਾ ਮਜ਼ਾ ਵੱਧ ਹੈ


ਮੁੰਬਈ ਤੇ ਦਿੱਲੀ ਵਰਗੇ ਮਹਾਂਨਗਰਾਂ ਵਿਚਲੀਆਂ ਅਪਰਾਧਕ ਘਟਨਾਵਾਂ ਦਾ ਵੇਰਵਾ ਨਿਤ ਦਿਨ ਟੀ.ਵੀ. ਉਤੇ ਆਉਂਦਾ ਹੈ। ਪੁਲਿਸ ਅਤੇ ਹੋਰ ਮਹਿਕਮੇ ਆਪਣੇ ਯਤਨਾਂ ਦੁਆਰਾ ਇਨ੍ਹਾਂ ਉਤੇ ਕਾਬੂ ਪਾਉਣ ਲਈ ਲੱਗੇ ਰਹਿੰਦੇ ਹਨ। ਚੰਗੇ ਤੋਂ ਚੰਗੇ ਅਫ਼ਸਰ, ਅਧਿਕਾਰੀ ਤੇ ਕਰਮਚਾਰੀ ਅਪਰਾਧੀ ਲੋਕਾਂ ਮਗਰ ਦੌੜੇ ਫਿਰਦੇ ਹਨ। ਕਈ ਅਧਿਕਾਰੀ ਪੈਸੇ ਬਣਾਉਣ ਲਈ ਅਪਰਾਧੀ ਤੱਤਾਂ ਨਾਲ ਮਿਲ ਕੇ, ਆਪਣੇ ਅਹੁਦਿਆਂ ਦੀ ਗਲਤ ਵਰਤੋਂ ਕਰਦੇ ਹਨ। ਕੁਝ ਲੋਕਾਂ ਤੋਂ ਤਾਂ ਇਹ ਵੀ ਸੁਣਿਆ ਹੈ ਕਿ ਜੇ ਕੋਈ ਅਪਰਾਧੀ, ਆਪਣੇ ਪਾਪਾਂ ਦੀ ਦੁਨੀਆਂ ਤੋਂ ਬਾਹਰ ਵੀ ਜਾਣਾ ਚਾਹੇ ਤਾਂ ਪੁਲਿਸ ਦੇ ਕੁਝ ਭ੍ਰਿਸ਼ਟ ਅਧਿਕਾਰੀ ਉਸ ਨੂੰ ਇੰਝ ਕਰਨ ਦੀ ਆਗਿਆ ਨਹੀਂ ਦਿੰਦੇ। ਉਹ ਅਪਰਾਧੀ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਦਾ 'ਕਮਾਊ ਪੁੱਤਰ' ਬਣ ਕੇ ਮਾਇਆ ਦੇ ਗੱਫੇ ਪਹੁੰਚਾਉਂਦਾ ਰਹਿੰਦਾ ਹੈ। ਚੰਗੇ ਪੁਲਿਸ ਅਧਿਕਾਰੀ ਚਾਹੁੰਦੇ ਹਨ ਕਿ ਜੇ ਰਾਜਸੀ ਦਖ਼ਲ ਅੰਦਾਜ਼ੀ ਨਾ ਹੋਵੇ ਤਾਂ ਅਪਰਾਧ ਨੂੰ ਸਿਫਰ ਦੇ ਵੱਲ ਲਿਜਾਇਆ ਜਾਣਾ ਅਸੰਭਵ ਨਹੀਂ।
ਅਪਰਾਧ ਕਰਨ ਦੇ ਪਿੱਛੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਅਤਿ ਰਿਣਾਤਮਕ ਅਸਰ ਮਨੁੱਖ ਦੇ ਦਿਮਾਗ 'ਤੇ ਪੈਂਦੇ ਦੱਸੇ ਜਾਂਦੇ ਹਨ। ਛੋਟੀਆਂ ਛੋਟੀਆਂ ਚੋਰੀਆਂ ਤੋਂ ਹੀ ਵੱਡੇ ਡਾਕੇ ਮਾਰਨ ਦਾ ਝੱਸ ਪੈ ਜਾਂਦਾ ਹੈ। ਫਿਲਮਾਂ ਵਿਚ ਅਪਰਾਧਾਂ ਦੀ ਦੁਨੀਆਂ ਦੇ ਛੋਟੇ ਵੱਡੇ ਕਿੱਸੇ ਦਿਖਾਏ ਜਾਂਦੇ ਹਨ ਅਤੇ ਇਨ੍ਹਾਂ ਵਿਰੁੱਧ ਲੋਕ ਰਾਇ ਬਣਾਉਣ ਲਈ ਨਾਇਕ ਅਤੇ ਨਾਇਕਾ ਆਪਣੇ ਸਾਥੀਆਂ ਸਹਿਤ ਲੜਦੇ ਦਿਖਾਏ ਜਾਂਦੇ ਹਨ। ਪਰ ਇਨ੍ਹਾਂ ਫਿਲਮਾਂ ਦਾ ਜੋ ਮਾੜਾ ਪ੍ਰਭਾਵ ਨੌਜਵਾਨਾਂ ਉਤੇ ਪੈਂਦਾ ਹੈ, ਉਸ ਦੀ ਹੀ ਖ਼ਬਰ ਸਾਨੂੰ ਅਖ਼ਬਾਰਾਂ ਵਿਚ ਦੇਖਣ ਪੜ੍ਹਨ ਨੂੰ ਮਿਲਦੀ ਹੈ। ਪੰਜਾਬ ਵਿਚ 40 ਤੋਂ 50 ਲੱਖ ਲੋਕ ਬੇਰੁਜ਼ਗਾਰ ਦੱਸੇ ਗਏ ਹਨ। ਇਨ੍ਹਾਂ 'ਚੋਂ 20-25 ਲੱਖ, ਅੱਧ ਪਚੱਧੀਆਂ ਨੌਕਰੀਆਂ ਜਾਂ ਛੋਟੇ ਮੋਟੇ ਕਾਰੋਬਾਰ ਕਰਦੇ ਹੋਣਗੇ ਪਰ 20 ਲੱਖ ਤਾਂ ਐਸੇ ਜ਼ਰੂਰ ਹਨ ਜਿਨ੍ਹਾਂ ਵਿਚੋਂ 10 ਲੱਖ ਬੇਰੁਜ਼ਗਾਰ ਅਤੇ ਅਸੰਤੁਸ਼ਟ ਲੋਕਾਂ ਨੂੰ ਗਲਤ ਰਸਤੇ ਪਾਉਣ ਵਾਲੀ ਬੁਰੀ ਸੰਗਤ ਮਿਲਦੀ ਹੋਵੇਗੀ। ਇਨ੍ਹਾਂ ਵਿਚ ਨਸ਼ਿਆਂ ਨੂੰ ਵਰਤਣ ਵਾਲੇ, ਵੰਡਣ ਵਾਲੇ, ਵੇਚਣ ਵਾਲੇ, ਵਿਚੋਲੇ ਅਤੇ ਲੱਖਾਂ ਲਗਾ ਕੇ ਕਰੋੜਾਂ ਕਮਾਉਣ ਵਾਲੇ ਇਕ ਵਰਗ ਵਿਚ ਹਨ। ਕਾਰਾਂ, ਟਰੱਕਾਂ, ਟਰੈਕਟਰਾਂ, ਮੋਟਰਸਾਇਕਲਾਂ ਆਦਿ ਦੇ ਚੋਰਾਂ ਦੇ ਵੱਡੇ ਵੱਡੇ ਗਰੁੱਪ ਦੂਜਾ ਵਰਗ ਹਨ। ਇਸ ਵਰਗ ਦਾ ਤਾਣਾ ਬਾਣਾ ਇੰਨਾ ਫੈਲ ਗਿਆ ਹੈ ਕਿ ਸੁਣਿਆ ਜਾਂਦੈ ਕਿ ਚੋਰੀ ਕੀਤੇ ਵਾਹਨ ਕਿਤੇ ਜਮ੍ਹਾ ਕਰਨ ਨਾਲੋਂ ਹੁਣ ਤਾਜ਼ੀ ਚੋਰੀ ਕਰਕੇ ਕਿਤਿਉਂ ਵੀ ਵਾਹਨ ਭਜਾਇਆ ਜਾ ਸਕਦੈ। ਬਾਹਰਲੇ ਵਿਕਸਤ ਦੇਸ਼ਾਂ ਵਿਚ 'ਸਿਟੀ ਸੈਟੇਲਾਈਟ' ਹਨ ਜੋ ਕੰਟਰੋਲ ਰੂਮ ਨੂੰ ਭਜਾਏ ਵਾਹਨ ਦੀ ਪੂਰੀ ਲਾਈਵ ਫਿਲਮ ਦਿਖਾਉਂਦੇ ਹਨ। ਇਥੇ ਵੀ ਹੌਲੀ ਹੌਲੀ ਇਹ ਪ੍ਰਬੰਧ ਹੋ ਜਾਣਗੇ।
ਭੂਮੀ ਮਾਫੀਏ ਅਤੇ ਕਿਰਾਏ ਦੇ ਮਕਾਨ-ਦੁਕਾਨ ਕਬਜ਼ੇ ਕਰਨ ਦੇ ਚੋਰ ਵੀ ਸੰਗਠਤ ਹਨ। ਕਈ ਤਰ੍ਹਾਂ ਦੇ ਮਾਹਿਰ ਇਨ੍ਹਾਂ ਵਿਚ ਸ਼ਾਮਲ ਹੁੰਦੇ ਹਨ ਜਿਵੇਂ ਕਿ ਪ੍ਰਾਪਰਟੀ ਡੀਲਰ, ਸਰਕਾਰੀ ਕਰਮਚਾਰੀ, ਵਕੀਲ ਤੇ ਪੁਲਿਸ ਦੇ ਕਰਮਚਾਰੀ। ਸਾਰੇ ਪਾਸਿਉਂ ਘੇਰ ਕੇ, ਗਰੀਬ, ਮਜ਼ਬੂਰ ਜਾਂ ਗੈਰਹਾਜ਼ਰ ਭੂਮੀ ਮਾਲਕ ਨੂੰ ਲੁੱਟਿਆ ਜਾਂਦਾ ਹੈ। ਵੈਸੇ ਇਹ ਲੋਕ ਆਪਸ ਵਿਚ ਵੀ ਇਕ ਦੂਜੇ ਨੂੰ ਮਾਰ ਦਿੰਦੇ ਹਨ। ਵੱਡੇ ਵੱਡੇ ਫਾਰਮ ਹਾਊਸ ਬਣਾ ਕੇ ਉਹਨਾਂ ਦੀ ਵਰਤੋਂ ਭਲਵਾਨਾਂ ਦੇ ਅਖਾੜੇ, ਸਿਖਲਾਈ ਜਾਂ ਸਮਾਜ ਸੁਧਾਰਕ ਕਾਰਜਾਂ ਦੇ ਕੇਂਦਰਾਂ ਨੂੰ ਸਥਾਪਤ ਕਰਨ ਦੀ ਥਾਂ, ਇਨ੍ਹਾਂ ਨੂੰ ਅਨੈਤਿਕ ਕੰਮਾਂ ਲਈ ਵਰਤਿਆ ਜਾਣਾ ਬਹੁਤ ਦੁਖਦਾਈ ਸਿੱਧ ਹੁੰਦਾ ਆਇਆ ਹੈ। ਨੌਜਵਾਨ ਦੇ ਕੋਲ ਜੋਸ਼ ਹੁੰਦਾ ਹੈ, ਉਤੋਂ ਤੇਜ਼ ਚੱਲਣ ਵਾਲੇ ਵਾਹਨ ਹੋਣ, ਮੋਬਾਈਲ ਹੋਣ ਅਤੇ ਉਹ ਨੌਜਵਾਨ ਬੇਰੁਜ਼ਗਾਰ ਵੀ ਹੋਵੇ, ਨਸ਼ਾ ਵੀ ਕਰਦਾ ਹੋਵੇ ਤੇ ਲੱਚਰ ਗੀਤ ਸੰਗੀਤ ਦੇਖ ਕੇ ਕਾਮੁਕ ਤੇ ਲੋਭੀ ਵੀ ਹੋਵੇ, ਤਾਂ ਅਜਿਹੇ ਨੌਜਵਾਨਾਂ ਨੂੰ ਜੰਗਲ ਦੇ ਖੂੰਖਾਰ ਸ਼ੇਰ, ਚੀਤੇ ਜਾਂ ਭੇੜੀਏ ਤੋਂ ਵੱਧ ਖਤਰਨਾਕ ਗਿਣ ਸਕਦੇ ਹਾਂ। ਅਜਿਹੇ ਅਪਰਾਧਕ ਸੁਭਾਅ ਵਾਲੇ ਨੌਜਵਾਨਾਂ 'ਚੋਂ ਜੇ ਕਿਸੇ ਦਾ ਵਿਆਹ ਹੋ ਕੇ ਉਹ ਠੀਕ ਰਸਤੇ 'ਤੇ ਪੈ ਜਾਵੇ ਤਾਂ ਬਹੁਤ ਵਾਰੀ ਉਸ ਦੇ ਪੁਰਾਣੇ ਸਾਥੀ ਇਸ ਗੱਲੋਂ ਦੁਖੀ ਹੁੰਦੇ ਹਨ ਤੇ ਉਸ ਨੂੰ ਸਧਾਰਨ ਜੀਵਨ ਜੀਊਣ ਲਈ ਪਿੰਡ, ਸ਼ਹਿਰ, ਸੂਬਾ ਜਾਂ ਦੇਸ਼ ਹੀ ਛੱਡਣਾ ਪੈਂਦਾ ਹੈ।
ਇਸਤਰੀ ਜਾਤੀ ਨੂੰ ਅਪਰਾਧਕ ਕੰਮਾਂ 'ਚ ਪਾਉਣ ਦੀ ਭੈੜੀ ਰੁਚੀ ਆਦਿ ਕਾਲ ਤੋਂ ਰਹੀ ਹੈ। ਸੰਗਲਾਦੀਪ ਅਸਾਮ ਵਿਚ ਗੁਰੂ ਨਾਨਕ ਦੇਵ ਜੀ ਨੂੰ ਭਰਮਾਉਣ ਲਈ ਜਾਦੂਗਰਨੀਆਂ ਵਰਗੀਆਂ ਸੁੰਦਰੀਆਂ ਉਥੋਂ ਦੇ ਰਾਜੇ ਨੇ ਭੇਜੀਆਂ ਸਨ। ''ਗਲੀ ਅਸੀ ਚੰਗੀਆ ਆਚਾਰੀ ਬੁਰੀਆਹ£ ਮਨਹੁ ਕਸੁਧਾ ਕਾਲੀਆ ਬਾਹਰਿ ਚਿਟਵੀਆਹ£'' ਦਾ ਸ਼ਬਦ ਗਾ ਕੇ ਗੁਰੂ ਜੀ ਨੇ ਉਹਨਾਂ ਨੂੰ ਸੱਚੀ ਸੁੰਦਰਤਾ ਬਾਰੇ ਉਪਦੇਸ਼ ਦਿੱਤਾ ਸੀ। ਗਰੀਬੀ ਅਤੇ ਇਸਤਰੀ ਦੇ ਮਨ ਅੰਦਰਲੇ ਭਰਮ-ਲਾਲਚ ਦਾ ਸੋਸ਼ਣ ਕਰਕੇ 'ਬਾਰ ਗਰਲਜ਼', 'ਕਾਲ ਗਰਲਜ਼' 'ਟੂਰਿਸਟ ਕੈਪੈਨਿਅਨ' ਅਤੇ ਕਈ ਹੋਰ ਰੂਪਾਂ ਵਿਚ ਮਾਫੀਏ ਦੇ ਲੋਕ ਪੈਸੇ ਬਣਾਉਂਦੇ ਹਨ। ਇਸ ਕੰਮ ਵਿਚ ਗਰੀਬ ਤੋਂ ਗਰੀਬ ਅਤੇ ਅਮੀਰ ਤੋਂ ਅਮੀਰ ਘਰਾਂ ਦੀਆਂ ਇਸਤਰੀਆਂ ਆਪਣਾ ਸੋਸ਼ਣ ਹੋਣ ਦੇਣ ਤੋਂ ਅਣਜਾਣ ਹਨ। ਸਮਾਜ ਦੇ ਬਹੁਤ ਜ਼ਿੰਮੇਵਾਰ ਤੇ ਅਧਿਕਾਰਤ ਅਧਿਕਾਰੀ ਇਨ੍ਹਾਂ ਕੰਮਾਂ ਨੂੰ ਬਹੁਤ ਹੱਦ ਤੱਕ ਰੋਕ ਸਕਦੇ ਹਨ, ਪਰ ਉਹਨਾਂ 'ਚੋਂ ਬੁਰੀਆਂ ਆਦਤਾਂ ਵਾਲੇ, ਇਸੇ ਤਰ੍ਹਾਂ ਦੇ ਰਾਜਸੀ ਤੇ ਵਪਾਰੀ ਲੋਕਾਂ ਨਾਲ ਮਿਲ ਕੇ ਜੁੰਡਲੀ ਬਣਾ ਲੈਂਦੇ ਹਨ। ਇਹ ਅਪਰਾਧ ਜਗਤ ਹੈ ਜਿਸ ਵਿਚ ਕੋਈ ਸੁਖੀ ਨਹੀਂ ਹੁੰਦਾ, ਸਗੋਂ ਉਤੇਜਨਾ, ਅਯਾਸ਼ੀ, ਭਟਕਣ ਤੇ ਅਸੰਤੁਸ਼ਟਤਾ ਹੀ ਦੂਰ ਦੂਰ ਤੱਕ ਹੁੰਦੀ ਹੈ। ਕੁਝ ਧਾਰਮਿਕ ਡੇਰਿਆਂ ਦੇ ਅਖੌਤੀ ਸੰਤ, ਸੁਆਮੀ, ਸੇਵਕ ਆਦਿ ਵੀ ਅਪਰਾਧੀ ਕੰਮਾਂ ਵਿਚ ਲੱਗੇ ਹੁੰਦੇ ਹਨ ਤੇ ਇਹਨਾਂ ਦਾ ਪਰਦਾ ਵੀ ਫਾਸ਼ ਹੋਇਆ ਹੈ ਪਰ ਲੋਕਾਂ ਵਿਚ ਜਾਗ੍ਰਤੀ ਦੀ ਘਾਟ ਹੈ।
           ਓਧਰ ਉਪਕਾਰ ਕਮਾਉਣ ਵਾਲੇ ਲੋਕ ਵੀ ਘੱਟ ਨਹੀਂ ਹਨ। ਆਪਦੇ ਕੋਲੋਂ ਜ਼ਮੀਨ ਦੇ ਕੇ ਸਾਂਝੀਆਂ ਧਰਮਸ਼ਾਲਾਵਾਂ, ਮੰਦਰ, ਗੁਰਦੁਆਰੇ ਤੇ ਸਕੂਲ ਬਣਾਉਣ ਵਾਲੇ ਲੋਕ ਬੜੇ ਅਨੰਦ 'ਚ ਹੁੰਦੇ ਹਨ। ਦਾਨੀ ਸੱਜਣ ਪੈਸੇ ਪਾ ਕੇ ਤੇ ਟਰੱਸਟ ਬਣਾ ਕੇ ਗਰੀਬ ਬੱਚਿਆਂ ਦੀਆਂ ਫੀਸਾਂ ਦਿੰਦੇ ਨਹੀਂ ਥੱਕਦੇ। ਗਰੀਬ ਜੋੜਿਆਂ ਦੀਆਂ ਸ਼ਾਦੀਆਂ ਕਰਵਾ ਕੇ ਉਹਨਾਂ ਨੂੰ ਦਾਜ ਲੈ ਕੇ ਦਿੰਦੇ ਹਨ। ਦੇਖੋ! ਰੱਜੇ ਹੋਏ ਲੋਕਾਂ ਨੂੰ ਵੀ ਦਾਜ ਦਾ ਲਾਲਚ ਛੱਡਦਾ ਨਹੀਂ, ਆਪੋ ਆਪਣੀ ਕਿਸਮਤ ਹੈ। ਬਹੁਤ ਲੋਕ ਸੰਗਤਾਂ ਨੂੰ ਧਾਰਮਿਕ ਯਾਤਰਾਵਾਂ 'ਤੇ ਲੈ ਜਾਂਦੇ ਹਨ, ਪ੍ਰਭੂ ਦੇ ਗੁਣ ਗਾਉਂਦੇ ਤੇ ਸੇਵਾ ਕਰਦੇ ਹਨ। ਬਹੁਤ ਵਕੀਲ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਯੋਗਦਾਨ ਦਿੰਦੇ ਹਨ। ਗਰੀਬ ਵਿਧਵਾ ਔਰਤਾਂ ਨੂੰ ਹਰ ਮਹੀਨੇ ਰਾਸ਼ਨ ਪਾਣੀ ਦੇਣ ਲਈ ਕਈ ਸੰਸਥਾਵਾਂ ਲੱਖਾਂ ਰੁਪਏ ਹਰ ਮਹੀਨੇ ਖਰਚਦੇ ਹਨ। ਲੋਕਾਂ ਦਾ ਖੂਨ ਚੂਸਣ ਵਾਲੇ ਡਾਕਟਰ ਬਹੁਤ ਹਨ ਪਰ ਜਿਨ੍ਹਾਂ ਨੂੰ ਪਰਉਪਕਾਰ ਕਰਨ ਦਾ ਅਨੰਦ ਮਿਲਦੈ ਉਹ ਵੀ ਘੱਟ ਨਹੀਂ ਹਨ।
ਅਪਰਾਧੀ ਲੋਕਾਂ ਦੇ ਗਰੋਹਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਲਈ ਜਾਗ੍ਰਤੀ ਦੀ ਲੋੜ ਹੈ। ਰਾਜਸੀ ਨੇਤਾਵਾਂ ਦਾ ਸ਼ੁੱਧ ਹੋਣਾ ਸਭ ਤੋਂ ਵੱਧ ਜ਼ਰੂਰੀ ਹੈ ਕਿਉਂਕਿ ਅਪਰਾਧੀ ਰਾਜਸੀ ਲੋਕ ਹੀ, ਪੈਸੇ ਲੈ ਕੇ ਅਪਰਾਧੀ ਅਫ਼ਸਰ, ਅਧਿਕਾਰੀ ਤੇ ਕਰਮਚਾਰੀ ਭਰਤੀ ਕਰਦੇ ਹਨ। ਸਮਝੋ, ਰਾਜ ਹੀ ਅਪਰਾਧੀ ਲੋਕਾਂ ਦਾ ਹੋ ਗਿਆ, ਫੇਰ ਕੌਣ ਰਾਖਾ ਹੈ? ਟੁੱਟੀਆਂ ਸੜਕਾਂ, ਬੰਦ ਸੀਵਰੇਜ ਤੇ ਹਰ ਪਾਸੇ ਘਾਟੇ ਕਿਵੇਂ ਠੀਕ ਹੋਣ? ਨੌਜਵਾਨ ਵਰਗ ਨੂੰ ਵਧੇਰੇ ਧਿਆਨ ਪੜ੍ਹਾਈ ਤੇ ਅਧਿਐਨ ਵੱਲ ਦੇਣਾ ਚਾਹੀਦਾ ਹੈ। ਫਿਰਕਾਪ੍ਰਸਤੀ, ਨਫ਼ਰਤ ਤੇ ਨਾਸਤਿਕਤਾ 'ਚ ਨਹੀਂ ਪੈਣਾ ਚਾਹੀਦਾ। ਫਿਲਮਾਂ ਅਤੇ ਟੀ.ਵੀ. ਪ੍ਰੋਗਰਾਮ ਨੂੰ ਵੀ ਕਾਬੂ 'ਚ ਰੱਖਣਾ ਪਵੇਗਾ। ਚਿੰਤਾ ਦੀ ਗੱਲ ਬਹੁਤ ਹੈ ਪਰ ਅਪਰਾਧੀ ਲੋਕ ਵੀ ਆਪਣੀਆਂ ਕੁੜੀਆਂ ਲਈ ਮੁੰਡੇ ਚੰਗੇ ਹੀ ਲੱਭਦੇ ਫਿਰਦੇ ਹਨ। ਇਹ ਗੱਲ ਤਸੱਲੀ ਵਾਲੀ ਹੈ।
ਪ੍ਰੋ. ਬਲਵਿੰਦਰਪਾਲ ਸਿੰਘ