ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਪੰਜਾਬ ਵਿਚ ਸੱਤਾ ਨਹੀਂ, ਇਤਿਹਾਸ ਅਤੇ ਸੋਚ ਬਦਲੀ?


ਆਖਰ ਪੰਜਾਬ ਦੇ ਮਤਦਾਤਾਵਾਂ ਨੇ ਅਕਾਲੀ-ਭਾਜਪਾ ਗਠਜੋੜ ਨੂੰ ਲਗਾਤਾਰ ਦੂਜੀ ਵਾਰ ਪੰਜਾਬ ਦੀ ਸੱਤਾ ਸੌਂਪ, ਪੰਜਾਬ ਦੇ ਉਸ ਇਤਿਹਾਸ ਨੂੰ ਬਦਲ ਦਿੱਤਾ, ਜੋ ਸੰਨ 1966, ਅਰਥਾਤ ਪੰਜਾਬ ਦੇ ਪੁਨਰਗਠਨ ਤੋਂ ਸੰਨ 2007 ਤਕ ਕਾਂਗ੍ਰਸ ਅਤੇ ਅਕਾਲੀ ਦਲ ਨੂੰ ਵਾਰੀ-ਵਾਰੀ ਨਾਲ ਸੱਤਾ ਸੌਂਪੇ ਜਾਣ ਦੇ ਰੂਪ ਵਿੱਚ ਦੁਹਰਾਇਆ ਜਾਂਦਾ ਚਲਿਆ ਆ ਰਿਹਾ ਸੀ।
ਰਾਜਸੀ ਮਾਹਿਰਾਂ, ਜੋ ਲੰਮੇਂ ਸਮੇਂ ਤੋਂ ਚੋਣਾਂ ਦੌਰਾਨ ਚੋਣ-ਨਤੀਜਿਆਂ ਦੀਆਂ ਭਵਿਖਬਾਣੀਆਂ ਕਰਦੇ ਚਲੇ ਆ ਰਹੇ ਹਨ, ਦਾ ਮੰਨਣਾ ਹੈ ਕਿ ਜੇ ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਏ ਤਾਂ ਇਹ ਗਲ ਉਭਰ ਕੇ ਸਾਹਮਣੇ ਆਉਂਦੀ ਹੈ, ਕਿ ਪੰਜਾਬ ਦੇ ਮਤਦਾਤਾਵਾਂ ਨੇ ਇਸ ਵਾਰ ਕੇਵਲ ਇਤਿਹਾਸ ਹੀ ਨਹੀਂ ਬਦਲਿਆ, ਸਗੋਂ ਉਸ ਸੋਚ ਨੂੰ ਵੀ ਬਦਲ ਕੇ ਰਖ ਦਿੱਤਾ ਹੈ, ਜਿਸ ਅਨੁਸਾਰ ਇਹ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ ਕਿ ਜਦੋਂ ਚੋਣਾਂ ਵਿੱਚ ਆਸ ਤੋਂ ਕਿਤੇ ਵੱਧ ਮਤਦਾਨ ਹੁੰਦਾ ਹੈ ਤਾਂ ਉਹ ਸੱਤਾ ਨੂੰ ਬਦਲ ਦੇਣ ਦਾ ਸੰਕੇਤ ਮੰਨਿਆ ਜਾਂਦਾ ਹੈ।
ਇਨ੍ਹਾਂ ਰਾਜਸੀ ਮਾਹਿਰਾਂ ਦਾ ਇਹ ਵੀ ਦਾਅਵਾ ਹੈ ਕਿ ਭਾਵੇਂ ਪ੍ਰਤਖ ਰੂਪ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਇਹ ਚੋਣਾਂ ਆਪਣੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਹੀ ਲੜੀਆਂ ਹਨ, ਪ੍ਰੰਤੂ ਅਪ੍ਰਤੱਖ ਰੂਪ ਵਿੱਚ ਇਨ੍ਹਾਂ ਚੋਣਾਂ ਵਿੱਚ ਪਾਰਟੀ ਦਾ ਚੋਣ ਪ੍ਰਚਾਰ ਕਰਨ ਅਤੇ ਰਣਨੀਤੀ ਬਣਾਉਣ ਵਿੱਚ ਮੁੱਖ ਭੂਮਿਕਾ ਸ. ਸੁਖਬੀਰ ਸਿੰਘ ਬਾਦਲ ਦੀ ਹੀ ਰਹੀ ਹੈ। ਚੋਣ ਨਤੀਜਿਆਂ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਦੀ ਇਸ ਭੂਮਿਕਾ ਦੀ ਪ੍ਰਸ਼ੰਸਾ ਕਰ, ਸ. ਪ੍ਰਕਾਸ਼ ਸਿੰਘ ਬਾਦਲ ਨੇ ਨਾ ਕੇਵਲ ਇਸ ਗਲ ਨੂੰ ਸਵੀਕਾਰ ਕੀਤਾ, ਸਗੋਂ ਇਹ ਸੰਕੇਤ ਵੀ ਦੇ ਦਿੱਤਾ ਕਿ ਉਹ ਕਿਸੇ ਵੀ ਸਮੇਂ ਵਿਧਾਇਕ ਪਾਰਟੀ ਦੀ ਅਗਵਾਈ ਉਨ੍ਹਾਂ ਨੂੰ ਸੌਂਪ ਸਕਦੇ ਹਨ।
ਇਨ੍ਹਾਂ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਚੋਣਾਂ ਦੌਰਾਨ ਹੋਏ ਪਾਰਟੀ ਦੇ ਚੋਣ ਪ੍ਰਚਾਰ ਨੂੰ ਘੋਖਿਆਂ ਇਹ ਗਲ ਵੀ ਨਿਖਰ ਕੇ ਸਾਹਮਣੇ ਆਉਂਦੀ ਹੈ ਕਿ ਇਸ ਦੌਰਾਨ ਸ. ਸੁਖਬੀਰ ਸਿੰਘ ਬਾਦਲ ਦੀ ਯੁਵਾ ਬ੍ਰਿਗੇਡ ਨੇ ਇਹ ਪ੍ਰਚਾਰ ਕਰਨ ਵਿੱਚ ਵੀ ਆਪਣੀ ਪੂਰੀ ਸ਼ਕਤੀ ਝੌਂਕ ਦਿੱਤੀ ਸੀ ਕਿ ਜੇ ਇਨ੍ਹਾਂ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਦੀ ਹੈ ਤਾਂ ਸ. ਸੁਖਬੀਰ ਸਿੰਘ ਬਾਦਲ ਹੀ ਉਸਦੀ ਅਗਵਾਈ ਕਰਨਗੇ! ਫਲਸਰੂਪ ਆਪਣੀ ਪੀੜੀ ਦੇ ਪ੍ਰਤੀਨਿਧੀ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਵੇਖਣ ਦੀ ਲਾਲਸਾ ਪਾਲੀ ਯੁਵਾ ਵੱਡੀ ਗਿਣਤੀ ਵਿੱਚ ਅਗੇ ਆਏ ਅਤੇ ਉਨ੍ਹਾਂ ਵੱਧ-ਚੜ੍ਹ ਕੇ ਮਤਦਾਨ ਵਿੱਚ ਹਿੱਸਾ ਲਿਆ।  
ਮਾਹਿਰਾਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜੋ ਸ਼ਾਨਦਾਰ ਜਿਤ ਹੋਈ ਹੈ, ਉਸਦੇ ਕਈ ਹੋਰ ਕਾਰਣ ਵੀ ਮੰਨੇ ਜਾ ਸਕਦੇ ਹਨ, ਜਿਨ੍ਹਾਂ ਵਿੱਚੋਂ ਇੱਕ ਪੰਜਾਬ ਦੇ ਡੇਰੇਦਾਰਾਂ ਵਲੋਂ ਅਦਾ ਕੀਤੀ ਗਈ ਉਹ ਮਹਤੱਵਪੂਰਣ ਭੂਮਿਕਾ ਹੈ, ਜਿਸਨੂੰ ਕਿਸੇ ਵੀ ਤਰ੍ਹਾਂ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਪੰਜਾਬ ਵਿੱਚ ਦਿਨ-ਬ-ਦਿਨ ਵੱਧ ਰਹੇ ਡੇਰਾਵਾਦ ਦਾ ਜੋ ਤਿੱਖਾ ਵਿਰੋਧ ਸਿੱੱਖ ਜੱਥੇਬੰਦੀਆਂ ਵਲੋਂ ਕੀਤਾ ਜਾ ਰਿਹਾ ਹੈ, ਉਸਦੇ ਫਲਸਰੂਪ ਸਿੱਖਾਂ ਵਿੱਚ ਬਾਦਲ ਅਕਾਲੀ ਦਲ ਦੀ ਘਟ ਰਹੀ ਸਾਖ ਦੀ ਚਿੰਤਾ ਕੀਤੇ ਬਿਨਾ, ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਮੁੱਖ ਮੰਤਰੀ ਵਜੋਂ ਜੋ ਸੁਰਖਿਆ ਉਨ੍ਹਾਂ ਨੂੰ ਦਿੱਤੀ ਜਾਂਦੀ ਚਲੀ ਆਉਂਦੀ ਰਹੀ ਹੈ, ਉਸਦੇ ਚਲਦਿਆਂ ਡੇਰੇਦਾਰਾਂ ਵਿੱੱੱੱਚ ਇਹ ਵਿਸ਼ਵਾਸ ਦ੍ਰਿੜ੍ਹ ਹੋ ਗਿਆ ਕਿ ਸਿੱਖਾਂ ਵਲੋਂ ਉਨ੍ਹਾਂ ਦੇ ਕੀਤੇ ਜਾ ਰਹੇ ਵਿਰੋਧ ਤੋਂ ਕੇਵਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਹੀ ਉਨ੍ਹਾਂ ਦਾ ਬਚਾਉ ਕਰ ਸਕਦਾ ਹੈ। ਜੇ ਉਹ ਪੰਜਾਬ ਦੀ ਸੱਤਾ ਤੋਂ ਬਾਹਰ ਹੋ ਜਾਂਦਾ ਹੈ ਤਾਂ ਉਸਦੇ ਮੁੱਖੀ ਵੀ ਆਪਣੀ ਸਾਖ ਬਚਾਣ ਦੇ ਨਾਂ ਤੇ ਉਨ੍ਹਾਂ ਦੇ ਵਿਰੋਧੀਆਂ ਨਾਲ ਜਾ ਖੜੇ ਹੋ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀ ਸ਼ਕਤੀ ਵੱਧ ਜਾਇਗੀ। ਜੇ ਇਹ ਸਥਿਤੀ ਬਣ ਜਾਂਦੀ ਹੈ ਤਾਂ ਉਨ੍ਹਾਂ ਲਈ ਉਨ੍ਹਾਂ ਦਾ ਸਾਹਮਣਾ ਕਰਨਾ ਸਹਿਜ ਨਹੀਂ ਰਹਿ ਜਾਇਗਾ।
ਇਸਦੇ ਨਾਲ ਹੀ ਇਹ ਵੀ ਮੰਨਿਆ ਜਾਂਦਾ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਦੀ ਪੀਪੀਪੀ ਨੇ ਵੀ ਇਨ੍ਹਾਂ ਚੋਣਾਂ ਵਿੱਚ ਬਾਦਲ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਣ ਦੀ ਬਜਾਏ, ਕਾਂਗ੍ਰਸ ਨੂੰ ਨੁਕਸਾਨ ਪਹੁੰਚਾ, ਉਸਨੂੰ ਲਾਭ ਪਹੁੰਚਾਇਆ ਹੈ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਪੀਪੀਪੀ ਬਾਦਲ-ਵਿਰੋਧੀ ਪਾਰਟੀ ਦੇ ਰੂਪ ਵਿੱਚ ਸਥਾਪਤ ਹੋ ਚੁਕੀ ਹੋਈ ਹੈ, ਜਿਸ ਕਾਰਣ ਉਸਦੇ ਉਮੀਦਵਾਰਾਂ ਨੂੰ ਉਹੀ ਵੋਟਾਂ ਮਿਲੀਆਂ, ਜੋ ਬਾਦਲ ਅਕਾਲੀ ਦਲ ਦੇ ਵਿਰੁਧ ਕਾਂਗ੍ਰਸ ਨੂੰ ਮਿਲ ਉਸਨੂੰ ਲਾਭ ਪਹੁੰਚਾਣ ਵਿੱਚ ਮਦਦਗਾਰ ਹੋ ਸਕਦੀਆਂ ਸਨ।
ਇਹ ਵੀ ਮੰਨਿਆ ਜਾਂਦਾ ਹੈ ਕਿ ਕਾਂਗ੍ਰਸ ਦੀ ਆਪਣੀ ਅੰਦਰੂਨੀ ਫੁਟ ਨੇ ਵੀ ਬਾਦਲ ਅਕਾਲੀ ਦਲ ਦੀ ਜਿਤ ਵਿੱਚ ਵਿਸ਼ੇਸ਼ ਯੋਗਦਾਨ ਕੀਤਾ ਹੈ। ਪੰਜਾਬ ਦੀ ਰਾਜਨੀਤੀ ਦੇ ਜਾਣਕਾਰ ਦਸਦੇ ਹਨ ਕਿ ਪੰਜਾਬ ਵਿੱਚ ਆਪਣੇ ਚੋਣ ਪ੍ਰਚਾਰ ਦੌਰੇ ਦੇ ਦੌਰਾਨ ਕਾਂਗ੍ਰਸ ਦੇ ਜਨਰਲ ਸਕਤੱਰ ਸ਼੍ਰੀ ਰਾਹੁਲ ਗਾਂਧੀ ਨੇ ਪਾਰਟੀ ਦੀ ਜਿੱਤ ਹੋਣ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤ੍ਰੀ ਬਣਾਏ ਜਾਣ ਦਾ ਜੋ ਐਲਾਨ ਕੀਤਾ ਸੀ, ਉਸਦਾ ਊੁਦੇਸ਼ ਕੇਵਲ ਇਤਨਾ ਸੀ ਕਿ ਇਹ ਚੋਣਾਂ ਪੰਜਾਬ ਕਾਂਗ੍ਰਸ ਇੱਕ-ਜੁਟ ਹੋ ਕੇ ਲੜ ਰਹੀ ਹੈ। ਜਦਕਿ ਹਰ ਕੋਈ ਜਾਣਦਾ ਹੈ ਕਿ ਕਿਸੇ ਵੀ ਵਿਧਾਨ ਸਭਾ ਜਾਂ ਲੋਕਸਭਾ ਦੀਆਂ ਚੋਣਾਂ ਦੀ ਪ੍ਰਕ੍ਰਿਆ ਦੇ ਪੂਰਿਆਂ ਹੋਣ ਤੋਂ ਬਾਅਦ, ਹਰ ਪਾਰਟੀ ਦੇ ਜੇਤੂਆਂ ਦੀ ਸਾਂਝੀ ਬੈਠਕ ਹੁੰਦੀ ਹੈ। ਜਿਸ ਵਿੱਚ ਪਾਰਟੀ ਹਾਈ ਕਮਾਂਡ ਦੀ ਟੀਮ ਆਪਣੀ ਪਾਰਟੀ ਦੇ ਜੇਤੂਆਂ ਦੀ ਰਾਏ ਜਾਣਨ ਦੀ ਪ੍ਰਕ੍ਰਿਆ ਅਪਨਾਂਦੀ ਹੈ। ਫਿਰ ਉਸਤੋਂ ਬਾਅਦ ਹੀ ਉਨ੍ਹਾਂ ਦਾ ਨੇਤਾ ਕੌਣ ਹੋਵੇਗਾ? ਇਸਦਾ ਫੈਸਲਾ ਕਰਦੀ ਹੈ। ਪਤਾ ਨਹੀਂ ਕਿ ਇਹ ਗਲ ਪੰਜਾਬ ਦੀ ਸਾਬਕਾ ਮੁੱਖ ਮੰਤ੍ਰੀ ਸ਼੍ਰੀਮਤੀ ਰਾਜਿੰਦਰ ਕੌਰ ਭੱਠਲ ਦੇ ਗਲੇ ਕਿਉਂ ਨਹੀਂ ਉਤਰੀ ਅਤੇ ਉਨ੍ਹਾਂ ਬਿਨਾਂ ਨਤੀਜੇ ਦੀ ਚਿੰਤਾ ਕੀਤੇ ਦੇ, ਉਸੇ ਸਮੇਂ ਹੀ ਇਹ ਐਲਾਨ ਕਰ ਦਿੱਤਾ ਕਿ ਉਹ ਵੀ ਮੁੱਖ ਮੰਤ੍ਰੀ ਦੇ ਅਹੁਦੇ ਦੇ ਦਾਅਵੇਦਾਰਾਂ ਦੀ ਦੌੜ ਵਿੱਚ ਸ਼ਾਮਲ ਹਨ, ਸ਼੍ਰੀ ਰਾਹੁਲ ਗਾਂਧੀ ਦਾ ਐਲਾਨ ਪਾਰਟੀ ਦਾ ਅੰਤਿਮ ਫੈਸਲਾ ਨਹੀਂ। ਇਸਦੇ ਨਾਲ ਹੀ ਲੰਮੇਂ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗ੍ਰਸ ਦੇ ਪ੍ਰਧਾਨ ਅਤੇ ਮੁੱਖ ਮੰਤ੍ਰੀ ਦੇ ਅਹੁਦੇ ਤੇ ਬਿਰਾਜਮਾਨ ਹੋਣ ਦਾ ਸੁਪਨਾ ਪਾਲੀ ਚਲੇ ਆ ਰਹੇ ਸ. ਜਗਮੀਤ ਸਿੰਘ ਬਰਾੜ ਨੇ ਸ਼੍ਰੀਮਤੀ ਭੱਠਲ ਦੇ ਦਾਅਵੇ ਨੂੰ 'ਬਿਲੀ ਕੇ ਭਾਗੋਂ ਛੀਕਾ ਟੂੱਟਾ' ਮੰਨ ਤੁਰੰਤ ਹੀ ਆਪਣੇ ਸਮਥਰਕਾਂ ਤਕ ਇਹ ਸੁਨੇਹਾ ਪਹੁੰਚਾ ਦਿੱਤਾ ਕਿ ਕੈਪਟਨ ਅਤੇ ਭੱਠਲ ਦੀ ਤੂ-ਤੂ ਮੈਂ-ਮੈਂ ਵਿੱਚ ਉਨ੍ਹਾਂ ਦਾ ਦਾਅ ਲਗੇਗਾ, ਜਿਸ ਕਾਰਣ ਇਸ ਵਾਰ ਉਨ੍ਹਾਂ ਦਾ ਮੁੱਖ ਮੰਤ੍ਰੀ ਦੀ ਕੁਰਸੀ ਪੁਰ ਪਹੁੰਚਣਾ ਨਿਸ਼ਚਿਤ ਹੈ। ਫਲਸਰੂਪ ਪੰਜਾਬ ਦੇ ਮਤਦਾਤਾਵਾਂ ਦੇ ਦਿਲ ਵਿੱਚ ਇਹ ਗਲ ਬੈਠ ਗਈ ਕਿ ਕਾਂਗ੍ਰਸੀਆਂ ਵਿੱਚ ਵਿਧਾਇਕ ਪਾਰਟੀ ਦੇ ਨੇਤਾ ਦੇ ਮੁੱਦੇ ਨੂੰ ਲੈ ਕੇ ਹੀ ਟਕਰਾਉ ਦੀ ਸਥਿਤੀ ਬਣੀ ਹੋਈ ਹੈ ਤਾਂ ਬਹੁਮਤ ਲੈ ਕੇ ਉਹ ਕਿਵੇਂ ਸਥਾਈ ਸਰਕਾਰ ਦੇ ਪਾਣਗੇ?
ਉਧਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਜਿਤ ਪੁਰ ਪ੍ਰਤਿਕ੍ਰਿਆ ਦਿੰਦਿਆਂ ਦਲ ਦੇ ਸੀਨੀਅਰ ਮੁੱਖੀ ਸ. ਹਰਮਨਜੀਤ ਸਿੰਘ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੇ ਮਾਰਗ ਦਰਸ਼ਨ ਅਤੇ ਅਗਵਾਈ ਵਿੱਚ ਸ. ਸੁਖਬੀਰ ਸਿੰਘ ਵਲੋਂ ਜਿਸ ਤਰ੍ਹਾਂ ਪਾਰਟੀ ਦੀ ਜਿੱਤ ਲਈ ਦਿਨ-ਰਾਤ ਇੱਕ ਕੀਤਾ ਜਾਂਦਾ ਰਿਹਾ, ਉਸਨੂੰ ਵੇਖਦਿਆਂ ਮਤਦਾਨ ਤੋਂ ਪਹਿਲਾਂ ਹੀ ਦਲ ਦੀ ਰਿਕਾਰਡ ਜਿੱਤ ਹੋਣ ਦਾ ਵਿਸ਼ਵਾਸ ਹੋਣ ਲਗਾ ਸੀ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਲਈ ਮੁੱਖ ਰੂਪ ਵਿੱਚ ਸ. ਸੁਖਬੀਰ ਸਿੰਘ ਬਾਦਲ ਨੂੰ ਹੀ ਕਰੈਡਿਟ ਦਿੱਤਾ ਜਾ ਸਕਦਾ ਹੈ, ਜਿਨ੍ਹਾਂ ਪੰਜਾਬ ਦੇ ਚੋਣਾਂ ਦੇ ਇਤਿਹਾਸ ਨੂੰ ਬਦਲਣ ਦੀ ਧੁੰਨ ਵਿੱਚ ਦਿਨ ਵੇਖਿਆ ਨਾ ਰਾਤ।      
ਸੁਖਬੀਰ ਦੀ ਤਾਜਪੋਸ਼ੀ ਦੂਰ ਨਹੀਂ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇੜਲੇ ਸੂਤ੍ਰਾਂ ਦੇ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਦੀ ਮੁੱਖ ਮੰਤ੍ਰੀ ਵਜੋਂ ਤਾਜਪੋਸ਼ੀ ਹੋਣੀ, ਹੁਣ ਕੋਈ ਦੂਰ ਦੀ ਗਲ ਨਹੀਂ ਰਹਿ ਗਈ। ਇਨ੍ਹਾਂ ਸੂਤ੍ਰਾਂ ਅਨੁਸਾਰ ਹੀ ਸ. ਪ੍ਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤ੍ਰੀ ਬਣਨ ਦਾ ਰਿਕਾਰਡ ਕਾਇਮ ਕਰਨ ਤੋਂ ਕੁਝ ਸਮੇਂ ਬਾਅਦ ਹੀ ਸ. ਸੁਖਬੀਰ ਸਿੰਘ ਨੂੰ ਮੁੱਖ ਮੰਤ੍ਰੀ ਦਾ ਅਹੁਦਾ ਸੌਂਪ, ਆਪ ਮਹਾਤਮਾ ਗਾਂਧੀ ਵਾਂਗ ਮਾਰਗ-ਦਰਸ਼ਨ ਕਰਨ ਦੀ ਜ਼ਿਮੇਂਦਾਰੀ ਸੰਭਾਲ, ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਇਨ੍ਹਾਂ ਸੂਤ੍ਰਾਂ ਅਨੁਸਾਰ ਇਸ ਸਮੇਂ, ਜਦਕਿ ਸ. ਸੁਖਬੀਰ ਸਿੰਘ ਬਾਦਲ ਦੇ ਮੁੱਖ ਮੰਤ੍ਰੀ ਬਣਨ ਦਾ ਮੌਕਾ ਬਣ ਰਿਹਾ ਹੈ, ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਲ ਵਿੱਚ ਇਸ ਗਲ ਦੀ ਹੂਕ ਜ਼ਰੂਰ ਉਠ ਰਹੀ ਹੋਵੇਗੀ ਕਿ, ਉਨ੍ਹਾਂ ਦੀ ਪਤਨੀ ਆਪਣੇ ਪੁਤ੍ਰ ਨੂੰ ਇਸ ਅਹੁਦੇ ਪੁਰ ਬੈਠਿਆਂ ਵੇਖਣ ਦੀ ਆਪਣੀ ਇੱਛਾ ਨੂੰ ਪੂਰਿਆਂ ਹੁੰਦਿਆਂ ਵੇਖਣ ਲਈ ਅੱਜ ਇਸ ਸੰਸਾਰ ਵਿੱਚ ਨਹੀਂ। ਸ਼ਾਇਦ ਇਹੀ ਹੂਕ ਸ. ਸੁਖਬੀਰ ਸਿੰਘ ਬਾਦਲ ਦੇ ਮਨ ਵਿੱਚ ਵੀ ਰਹੀ ਹੋਵੇਗੀ।
...ਅਤੇ ਅੰਤ ਵਿੱਚ : ਬੀਤੇ ਹਫਤੇ ਦੇ ਸ਼ੁਕਰਵਾਰ ਨੂੰ ਗੁਰਦੁਆਰਾ ਬਾਲਾ ਸਾਹਿਬ ਵਿੱਚ ਜੋ ਦੁਖਦਾਈ ਸਾਕਾ ਵਾਪਰਿਆ ਉਸਨੂੰ ਲੈ ਕੇ ਦੋਵੇਂ ਧਿਰਾਂ ਇਕ-ਦੂਜੇ ਪੁਰ ਦੋਸ਼ ਅਤੇ ਜਵਾਬੀ ਦੋਸ਼ ਲਾ ਕੇ ਆਪਣੇ ਆਪਨੂੰ ਬੇਦਾਗ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀਆਂ। ਜਦਕਿ ਬਾਦਲ ਪਰਿਵਾਰ ਦੇ ਮੰਨੇ ਜਾਂਦੇ ਟੀਵੀ ਚੈਨਲ ਦੀ ਟੀਮ ਦੇ ਆਪਣਾ ਧਾਮ-ਝਾਮ ਲੈ ਘਟਨਾ ਵਾਪਰਨ ਤੋਂ ਕਾਫੀ ਪਹਿਲਾਂ ਹੀ ਉਥੇ ਮੌਜੂਦ ਹੋਣਾ, ਇਕ ਪਾਸੇ ਤਾਂ ਇਸ ਗਲ ਵਲ ਸੰਕੇਤ ਕਰਦਾ ਹੈ ਕਿ ਇਹ ਕਾਂਡ ਪਹਿਲਾਂ ਤੋਂ ਹੀ ਮਿੱਥੀ ਗਈ ਹੋਈ ਰਣਨੀਤੀ ਦਾ ਹੀ ਇੱਕ ਹਿਸਾ ਸੀ, ਅਤੇ ਦੂਸਰਾ ਘਟਨਾ ਕੇ ਸਮੇਂ ਦੀਆਂ ਜੋ ਦੋ ਫੋਟੋਆਂ ਇਸੇ ਟੀਵੀ ਚੈਨਲ ਤੇ ਵਿਖਾਈਆਂ ਗਈਆਂ, ਉਨ੍ਹਾਂ ਵਿਚੋਂ ਇਕ ਵਿੱਚ ਬਾਦਲ ਅਕਾਲੀ ਦਲ ਦੇ ਅਤੇ ਦੂਸਰੀ ਵਿੱਚ ਸ. ਤਰਵਿੰਦਰ ਸਿੰਘ ਮਰਵਾਹ ਦੇ ਸਮਰਥਕ ਸਪਸ਼ਟ ਨਜ਼ਰ ਆ ਰਹੇ ਸਨ, ਜੋ ਉਨ੍ਹਾਂ ਦੇ ਇਸ ਦਾਅਵੇ ਨੂੰ ਝੁਠਲਾਂਦੇ ਹਨ ਕਿ ਉਨ੍ਹਾਂ ਦੀ ਇਸ ਘਟਨਾ ਵਿੱਚ ਕੋਈ ਭੂਮਿਕਾ ਨਹੀਂ ਸੀ। ਇਹੀ ਨਹੀਂ ਉਨ੍ਹਾਂ ਦੇ ਹੀ ਸਮਰਥਕਾਂ ਵਲੋਂ ਲੋਕਾਂ ਨੂੰ ਭਿਜਵਾਇਅ ਗਿਆ ਐਸਐੈਮਐਸ ਵੀ ਇਸ ਗਲ ਦੀ ਪੁਸ਼ਟੀ ਕਰਦਾ ਹੈ ਕਿ ਵਿਰੋਧੀਆਂ ਵਲੋਂ ਸ. ਹਰਵਿੰਦਰ ਸਿੰਘ ਸਰਨਾ ਪੁਰ ਜਾਨ-ਲੇਵਾ ਹਮਲਾ ਕੀਤਾ ਗਿਆ ਸੀ। ਜਦਕਿ ਉਨ੍ਹਾਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ ਸ. ਹਰਵਿੰਦਰ ਸਿੰਘ ਸਰਨਾ ਪੁਰ ਕੋਈ ਹਮਲਾ ਹੋਇਆ ਹੀ ਨਹੀਂ।
ਜਸਵੰਤ ਸਿੰਘ ਅਜੀਤ