ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਭਾਈ ਰਾਜੋਆਣਾ ਦਾ ਕੌਮੀ ਕਲਿਆਣਕਾਰੀ ਰੁਤਬੇ ਵੱਲ ਸਫ਼ਰ


ਅਦਾਲਤ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 31 ਮਾਰਚ ਨੂੰ ਫਾਂਸੀ ਦੇਣ ਦੇ ਹੁਕਮ ਤੋਂ ਬਾਅਦ ਸਿੱਖਾਂ ਵਿਚ ਗੁੱਸੇ ਨਾਲੋਂ ਹੌਂਸਲੇ ਵਾਲਾ ਪ੍ਰਤੀਕਰਮ ਜ਼ਿਆਦਾ ਹੋਇਆ ਹੈ। ਭਾਈ ਰਾਜੋਆਣਾ ਨੇ ਕਿਸੇ ਵੀ ਅਦਾਲਤ ਵਿਚ ਆਪਣਾ ਬਚਾਅ ਪੱਖ ਇਹ ਕਹਿ ਕੇ ਪੇਸ਼ ਨਹੀਂ ਸੀ ਕੀਤਾ ਕਿ ਭਾਰਤੀ ਅਦਾਲਤਾਂ ਸਿੱਖ ਕੌਮ ਨੂੰ ਇਨਸਾਫ਼ ਨਹੀਂ ਦਿੰਦੀਆਂ ਸਗੋਂ ਪਹਿਲਾਂ ਤੋਂ ਹੀ ਨਿਰਧਾਰਤ ਫੈਸਲਿਆਂ ਨੂੰ ਸਿਰਫ਼ ਅਦਾਲਤਾਂ ਰਾਹੀਂ ਸੁਣਾ ਕੇ ਦੁਨੀਆਂ ਦੀਆਂ ਨਜ਼ਰਾਂ ਵਿਚ ਸੱਚੇ ਹੋਣ ਦਾ ਡਰਾਮਾ ਹੀ ਕੀਤਾ ਜਾਂਦਾ ਹੈ। ਭਾਈ ਰਾਜੋਆਣਾ ਨੇ ਅਨੇਕਾਂ ਵਾਰ ਕੌਮ ਦੇ ਨਾਮ ਲਿਖੇ ਪੱਤਰਾਂ ਵਿਚ ਅਤੇ ਅਦਾਲਤ ਨੂੰ ਦਿੱਤੇ ਬਿਆਨਾਂ ਵਿਚ ਆਪਣੇ ਇਹਨਾਂ ਵਿਚਾਰਾਂ ਨੂੰ ਲਿਖਤੀ ਰੂਪ ਵਿਚ ਸਪੱਸ਼ਟ ਕੀਤਾ ਹੈ। ਉਹਨਾਂ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫੌਜੀ ਹਮਲੇ, 1984 ਦੀ ਦਿੱਲੀ 'ਸਿੱਖ ਨਸਲਕੁਸ਼ੀ' ਅਤੇ ਪੰਜਾਬ ਵਿਚ ਖਾੜਕੂਵਾਦ ਦੀ ਲਹਿਰ ਨੂੰ ਦਬਾਉਣ ਦੇ ਨਾਮ 'ਤੇ ਸਿੱਖ ਨੌਜਵਾਨਾਂ ਦੇ ਕੀਤੇ ਨਰਸੰਘਾਰ ਨੂੰ ਭਾਵਪੂਰਕ ਸ਼ਬਦਾਂ ਰਾਹੀਂ ਦੁਨੀਆਂ ਸਾਹਮਣੇ ਰੱਖਿਆ ਹੈ। ਇਨਾਂ ਹੀ ਨਹੀਂ ਸਗੋਂ ਭਾਈ ਰਾਜੋਆਣਾ ਨੇ ਸਿੱਖਾਂ ਦੇ ਨਾਮ ਲਿਖੇ ਪੱਤਰਾਂ ਵਿਚ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੂੰ ਵੀ ਸਖ਼ਤ ਸ਼ਬਦਾਂ ਵਿਚ ਝੰਜੋੜ ਕੇ ਅਨੇਕਾਂ ਸਥਿਤੀਆਂ ਨੂੰ ਸਪੱਸ਼ਟ ਕਰਨ ਲਈ ਕਿਹਾ ਸੀ ਭਾਵੇਂ ਉਹਨਾਂ ਨੇ ਭਾਈ ਸਾਹਿਬ ਦੇ ਸਵਾਲਾਂ ਦਾ ਜਵਾਬ ਤਾਂ ਨਹੀਂ ਦਿੱਤਾ ਪਰ ਫਿਰ ਵੀ ਭਾਈ ਰਾਜੋਆਣਾ ਦੀ ਅੰਤਿਮ ਇੱਛਾ ਅਨੁਸਾਰ ਜੇਲ੍ਹ ਵਿਚ ਖੰਡੇ ਦੀ ਪਹੁਲ ਤਿਆਰ ਕਰਵਾ ਕੇ ਜੇਲ੍ਹ ਨਿਯਮਾਂ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰਵਾ ਲਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਵਿਚ ਆਪਣੀ ਸਮੂਲੀਅਤ ਬਾਰੇ ਵੀ ਉਹਨਾਂ ਨੇ ਕੋਈ ਲੁਕੋ ਨਹੀਂ ਰੱਖਿਆ ਸਗੋਂ ਅਦਾਲਤ 'ਚ ਲਿਖਤੀ ਰੂਪ ਵਿਚ ਮੰਨਿਆ ਕਿ ਉਹਨਾਂ ਇਹ ਹੱਤਿਆ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ ਹੈ। ਇਹਨਾਂ ਬਿਆਨਾਂ ਦੇ ਆਧਾਰ 'ਤੇ ਹੀ ਭਾਈ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਜਿਸ ਵਿਚ ਬਚਾਅ ਦੀ ਅਪੀਲ ਵੀ ਉਹਨਾਂ ਨਹੀਂ ਕੀਤੀ। ਆਪਣੇ ਇਕ ਲਿਖਤੀ ਪੱਤਰ ਵਿਚ ਭਾਈ ਰਾਜੋਆਣਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਸੀ ਕਿ ਉਹ ਮੇਰੀ ਜਾਨ ਬਚਾਉਣ ਲਈ ਸਰਕਾਰ ਅੱਗੇ ਤਰਲੇ ਨਾ ਕਰਨ। ਅਜਿਹੇ ਬੇਬਾਕ ਅਤੇ ਦਿਲ-ਜਿਗਰੇ ਵਾਲੇ ਸਿੱਖ ਯੋਧੇ ਨੂੰ ਹੁਣ ਜਦੋਂ ਫਾਂਸੀ ਦੇਣ ਦੀ ਤਰੀਕ ਵੀ ਨਿਸਚਿਤ ਕਰ ਦਿੱਤੀ ਗਈ ਤਾਂ ਫਿਰ ਵੀ ਉਹਨਾਂ ਦੇ ਪਹਿਲੇ ਪ੍ਰਤੀਕਰਮ ਵਿਚ ਦਲੇਰੀ ਭਰੇ ਸ਼ਬਦਾਂ ਦਾ ਹੀ ਜ਼ਿਕਰ ਹੈ। ਭਾਈ ਰਾਜੋਆਣਾ ਨੇ ਤੁਰੰਤ ਕਿਹਾ ਕਿ ਇਸ ''ਫਾਂਸੀ ਦਾ ਉਸ ਨੂੰ ਬੇਸਬਰੀ ਨਾਲ ਇੰਤਜਾਰ ਹੈ।'' ਇਸੇ ਸਪੱਸ਼ਟਵਾਦੀ ਅਤੇ ਬੇਬਾਕੀ ਕਰਕੇ ਭਾਈ ਰਾਜੋਆਣਾ ਨੇ ਕੌਮ ਵਿਚ ਆਪਣੀ ਸਤਿਕਾਰਤ ਜਗ੍ਹਾ ਬਣਾ ਲਈ ਹੈ।
ਭਾਵੇਂ ਕਿਸੇ ਕਿਸਮ ਦੀ ਵੀ ਮਾਰ-ਮਰਾਈ ਨੂੰ ਮਾਲਤਾ ਦੇਣੀ ਸਭਿਅਕ ਸਮਾਜ ਵਿਚ ਚੰਗੀ ਨਹੀਂ ਸਮਝੀ ਜਾਂਦੀ ਪਰ ਭਾਈ ਰਾਜੋਆਣਾ ਦੇ ਕੇਸ ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਨ ਦਾ ਬੁੱਧੀਜੀਵੀ ਵਰਗ ਨੇ ਸਵਾਗਤ ਕੀਤਾ ਸੀ। ਇਸ ਕਤਲ ਕੀਤੇ ਗਏ ਮੁੱਖ ਮੰਤਰੀ ਦੇ ਰਾਜਕਾਲ ਸਮੇਂ ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਸੀ ਰਹਿ ਗਈ। ਸਿੱਖ ਨੌਜਵਾਨਾਂ ਨੂੰ ਦਿਨ-ਦਿਹਾੜੇ ਘਰਾਂ 'ਚੋਂ ਚੁੱਕ ਕੇ ਮਾਰ ਦੇਣ ਅਤੇ ਜੇਲ੍ਹਾਂ ਵਿਚੋਂ ਕੱਢ ਕੇ ਝੂਠੇ ਪੁਲਿਸ ਮੁਕਾਬਲੇ ਬਣਾ ਦੇਣ ਦੀਆਂ ਸੈਂਕੜੇ ਮਸਾਲਾਂ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ। ਇਸੇ ਸਰਕਾਰ ਦੇ ਰਾਜਕਾਲ ਵਿਚ ਪੰਜਾਬ ਵਿਚ ਵਹਿਸ਼ੀਆਣਾ ਢੰਗ ਨਾਲ ਨੌਜਵਾਨਾਂ 'ਤੇ ਜ਼ੁਲਮ ਕੀਤੇ ਗਏ। ਪੁਲਿਸ ਕਰਮਚਾਰੀਆਂ ਵੱਲੋਂ ਘਰੋਂ ਫੜੇ ਗਏ ਲੋਕਾਂ ਨੂੰ ਛੱਡਣ ਬਦਲੇ ਮੋਟੀਆਂ ਰਕਮਾਂ ਵਸੂਲਣ ਅਤੇ ਕਈ ਪਰਿਵਾਰਾਂ ਨੂੰ ਖਤਮ ਕਰਨ ਵਿਚ ਵੀ ਸਰਕਾਰ ਨੇ ਹੱਲਾਸ਼ੇਰੀ ਦਿੱਤੀ। ਪੁਲਿਸ ਅਫ਼ਸਰਾਂ ਨੂੰ ਛੇਤੀ ਤਰੱਕੀ ਦੇਣ ਦਾ ਪੈਮਾਨਾ ਇਹ ਮਿਥ ਦਿੱਤਾ ਗਿਆ ਕਿ ਕੋਈ ਪੁਲਿਸ ਕਰਮਚਾਰੀ ਜਿੰਨੇ ਨੌਜਵਾਨਾਂ ਨੂੰ ਮਾਰ ਮੁਕਾਏਗਾ ਓਨਾ ਹੀ ਵੱਡਾ ਅਹੁਦਾ ਉਸ ਨੂੰ ਦੇ ਦਿੱਤਾ ਜਾਵੇਗਾ। ਇਸ ਲਾਲਚ ਨੇ ਕਾਨੂੰਨ ਦਾ ਪਾਲਣ ਕਰਨ ਵਾਲੀ ਪੁਲਿਸ ਨੂੰ ਕਾਨੂੰਨ ਦੀ ਉਲੰਘਣਾ ਕਰਨ ਵਾਲੀ ਬਣਾ ਦਿੱਤਾ ਗਿਆ। ਉਸ ਸਮੇਂ ਇਥੇ ਕੰਮ ਕਰਦੀਆਂ ਅਦਾਲਤਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵੀ ਬੇਵੱਸ ਹੋ ਗਈਆਂ ਸਨ। ਇਸੇ ਹਨੇਰਗਰਦੀ ਸਮੇਂ ਬੇਕਾਬੂ ਹੋਏ ਕਈ ਪੁਲਿਸ ਕਰਮਚਾਰੀਆਂ ਅਤੇ ਕੁਝ ਵੱਡੇ ਅਫ਼ਸਰਾਂ ਨੂੰ ਬਾਅਦ ਵਿਚ ਅਦਾਲਤਾਂ ਨੇ ਸਜ਼ਾਵਾਂ ਦੇ ਕੇ ਉਸ ਹਨੇਰਗਰਦੀ ਦੀ ਹੋਣੀ ਨੂੰ ਸੱਚ ਦੀ ਮੋਹਰ ਲਾ ਕੇ ਸਿੱਧ ਕੀਤਾ ਕਿ ਬੇਅੰਤ ਸਿੰਘ ਦੀ ਸਰਕਾਰ ਸਮੇਂ ਅਨੇਕਾਂ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਨੌਜਵਾਨਾਂ ਨੂੰ ਮਾਰਿਆ ਗਿਆ ਹੈ। ਸਮੁੱਚਾ ਪੰਜਾਬੀ ਵਰਗ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਇਸ ਗੱਲ 'ਤੇ ਸਹਿਮਤ ਹਨ ਕਿ ਜੇ ਉਸ ਸਮੇਂ ਬੇਅੰਤ ਸਿੰਘ ਦੀ ਹੱਤਿਆ ਨਾ ਕੀਤੀ ਜਾਂਦੀ ਤਾਂ ਪੰਜਾਬ ਦੇ ਹੋਰ ਹਜ਼ਾਰਾਂ ਨੌਜਵਾਨਾਂ ਨੂੰ ਬੇਲਗਾਮ ਹੋਈ ਪੁਲਿਸ ਨੇ ਮਾਰ ਮੁਕਾਉਣਾ ਸੀ। ਇਸੇ ਸੰਦਰਭ ਵਿਚ ਪੰਜਾਬੀਆਂ ਨੇ ਅਤੇ ਖਾਸ ਤੌਰ 'ਤੇ ਸਿੱਖਾਂ ਨੇ ਬੇਅੰਤ ਸਿੰਘ ਦੇ ਮਾਰੇ ਜਾਣ ਨੂੰ ਹੱਤਿਆ ਦੇ ਰੂਪ ਵਿਚ ਨਹੀਂ ਸੀ ਦੇਖਿਆ ਸਗੋਂ ਇਸ ਬੰਬ ਕਾਂਡ ਨਾਲ ਹਜ਼ਾਰਾਂ ਜ਼ਿੰਦਗੀਆਂ ਨੂੰ ਬਚਾ ਲੈਣ ਦੇ ਰੂਪ ਵਿਚ ਹੀ ਦੇਖਿਆ ਸੀ। ਆਪਣੀ ਜਾਨ ਨੂੰ ਖਤਮ ਕਰਨ ਵਾਲੇ ਭਾਈ ਦਿਲਾਵਰ ਸਿੰਘ ਅਤੇ ਜਾਨ ਤਲੀ 'ਤੇ ਰੱਖ ਕੇ ਜ਼ੁਲਮ ਦਾ ਰਾਜ ਖਤਮ ਕਰਨ ਵਾਲੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਕੌਮ ਦੇ ਸੂਰਮਿਆਂ ਵਜੋਂ ਮਾਨਤਾ ਦਿੱਤੀ ਹੋਈ ਹੈ। ਜਦੋਂ ਅਦਾਲਤਾਂ ਬੇਵੱਸ ਹੋ ਜਾਣ ਅਤੇ ਰਾਜਭਾਗ ਦੀ ਕੁਰਸੀ 'ਤੇ ਬੈਠੀ ਹਕੂਮਤ ਖੁਦ ਹੀ ਇਨਸਾਫ਼ ਤੋਂ ਦੂਰ ਭੱਜ ਗਈ ਹੋਵੇ ਤਾਂ ਇਸ ਸਮੇਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਯੋਧਿਆਂ 'ਤੇ ਕੌਮਾਂ ਹਮੇਸ਼ਾ ਮਾਣ ਕਰਦੀਆਂ ਹਨ। ਇਸੇ ਪਿਛੋਕੜ ਵਿਚ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੇ ਕੀਤੇ ਕਾਰਜ ਨੂੰ ਝੂਠ ਦਾ ਮੁਲੰਮਾ ਚਾੜ੍ਹਨ ਦੀ ਥਾਂ ਸੱਚੋ-ਸੱਚ ਬਿਆਨ ਕਰਕੇ ਕੌਮ ਦੇ ਪੁਰਾਤਨ ਇਤਿਹਾਸ ਨੂੰ ਮੌਜੂਦਾ ਸਮੇਂ ਵਿਚ ਦ੍ਰਿੜ੍ਹਤਾ ਨਾਲ ਰੂਪਮਾਨ ਕੀਤਾ ਹੈ। ਇਹੀ ਕਾਰਨ ਹੈ ਕਿ ਫਾਂਸੀ ਨੂੰ ਬੇਸਬਰੀ ਨਾਲ ਉਡੀਕ ਰਹੇ ਭਾਈ ਰਾਜੋਆਣਾ ਦੀ ਫਾਂਸੀ ਤਰੀਕ ਨਿਸਚਿਤ ਹੋ ਜਾਣ 'ਤੇ ਕੌਮ ਨੇ ਰੋਸ ਨਹੀਂ ਕੀਤਾ ਸਗੋਂ ਮਾਣ ਕੀਤਾ ਹੈ ਕਿ ਉਸ ਦੀ ਕੌਮ ਦਾ ਕੋਈ ਨਿਧੱੜਕ ਯੋਧਾ ਅਜਿਹਾ ਇਤਿਹਾਸ ਸਿਰਜਣ ਲਈ ਉਤਾਵਲਾ ਹੈ ਜਿਸ 'ਤੇ ਰਹਿੰਦੀ ਦੁਨੀਆਂ ਤੱਕ ਪੂਰੀ ਕੌਮ ਮਾਣ ਮਹਿਸੂਸ ਕਰਦੀ ਰਹੇਗੀ। ਕੌਮਾਂ ਦੀ ਜ਼ਿੰਦਗੀ ਦੇ ਪ੍ਰਪੇਖ ਵਿਚ ਕਿਸੇ ਵੀ ਸ਼ਹੀਦ ਦੀ ਸ਼ਹੀਦੀ ਕੌਮ ਨੂੰ ਲੰਮੀ ਜ਼ਿੰਦਗੀ ਬਖਸ਼ਦੀ ਹੈ ਬਸ਼ਰਤੇ ਕਿ ਸ਼ਹੀਦ ਹੋਣ ਵਾਲੇ ਸ਼ਖਸ ਦਾ ਮਕਸਦ ਕੌਮ ਅਤੇ ਸਮਾਜ ਦੀ ਭਲਾਈ ਕਰਨਾ ਹੋਵੇ। ਇਸ ਪੈਮਾਨੇ 'ਤੇ ਭਾਈ ਰਾਜੋਆਣਾ ਦੀ ਫਾਂਸੀ 'ਸਮਾਜ ਲਈ ਕਲਿਆਣਕਾਰੀ' ਮੰਨ ਕੇ ਸਨਮਾਨਯੋਗ ਰੁਤਬਾ ਪ੍ਰਾਪਤ ਕਰਨ ਵੱਲ ਸਫਰ ਕਰ ਰਹੀ ਹੈ।