ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਹੱਡੀਆਂ ਦਾ ਖੁਰਨਾ ਜਾਂ ਓਸਟੀਓਪੋਰੋਸਿਸ


ਓਸਟੀਓਪੋਰੋਸਿਸ ਦੇ ਲਫਜ਼ੀ ਮਹਿਨੇ ਹਨ 'ਹੱਡੀਆਂ ਦੀ ਘਣਤਾ ਘਟ ਜਾਣੀ'। ਸੋ ਹੱਡੀਆਂ ਖੁਰ-ਖੁਰ ਕੇ ਅੰਦਰੋਂ ਪੋਲੀਆਂ ਹੋ ਜਾਂਦੀਆਂ ਹਨ। ਇਸ ਨਾਲ ਹੱਡੀ ਟੁੱਟਣ (ਫਰੈਕਚਰ) ਦਾ ਖ਼ਤਰਾ ਵੱਧ ਜਾਂਦਾ ਹੈ। ਵਧੇਰੇ ਕੇਸਾਂ ਵਿਚ ਕੈਲਸ਼ੀਅਮ, ਫਾਸਫੋਰਸ ਤੇ ਹੋਰ ਖਣਿਜਾਂ ਦਾ ਲੈਵਲ ਘੱਟਣ ਕਰਕੇ ਹੱਡੀਆਂ ਦੀ ਘਣਤਾ ਘਟਦੀ ਹੈ ਤੇ ਇਹ ਕਮਜ਼ੋਰ ਹੋ ਜਾਂਦੀਆਂ ਹਨ। ਇਹ ਸਮੱਸਿਆ ਮੁੱਖ ਰੂਪ ਵਿੱਚ ਔਰਤਾਂ ਵਿਚ ਹੁੰਦੀ ਹੈ ਫਿਰ ਵੀ ਕੁਝ ਪ੍ਰਤੀਸ਼ਤ ਮਰਦ ਵੀ ਇਸ ਦੀ ਲਪੇਟ ਵਿਚ ਆਉਂਦੇ ਹਨ।
     ਅਲਾਮਤਾਂ ਜਾਂ ਲੱਛਣ : ਪਿੱਠ ਵਿਚ ਦਰਦ, ਕੁੱਬ ਨਿਕਲ ਆਉਂਣਾ,  ਕੁਝ ਸਮਾਂ ਪਾ ਕੇ ਕੱਦ ਘਟ ਜਾਣਾ ਤੇ ਰੀੜ੍ਹ ਦੀ ਹੱਡੀ ਦੇ ਮਣਕੇ ਫਿੱਸ ਜਾਣੇ, ਗੁੱਟ, ਹੱਡੀ ਦਾ ਟੁੱਟ ਜਾਣਾ, ਚੂਲੇ ਜਾਂ ਹੋਰ ਜੋੜਾਂ ਦੀਆਂ ਹੱਡੀਆਂ ਟੁੱਟ ਸਕਦੀਆਂ ਹਨ।
      ਨਾਰਮਲ ਹੱਡੀ ਨੂੰ ਵੇਖੀਏ ਤਾਂ ਸ਼ਹਿਦ ਦੀ ਮੱਖੀ ਦੇ ਛੱਤੇ ਵਾਂਗ ਦਿੱਸਦੀ ਹੈ।  ਓਸਟੀਓਪੋਰੋਸਿਸ ਵਾਲੀ ਹੱਡੀ ਅੰਦਰੋਂ ਬਹੁਤ ਜ਼ਿਆਦਾ ਖਾਲੀ ਹੋ ਜਾਂਦੀ ਹੈ। ਹੱਡੀਆਂ ਦੀ ਘਣਤਾ ਅਤੇ ਤਾਕਤ ਜਾਂ ਠੋਸ ਹੋਣਾ, ਇਸ ਵਿਚਲੇ ਖਣਿਜਾਂ 'ਤੇ ਨਿਰਭਰ ਕਰਦਾ ਹੈ। ਜਦੋਂ ਇਨ੍ਹਾਂ ਖਣਿਜਾਂ ਦੀ ਮਾਤਰਾ ਘੱਟ ਜਾਂਦੀ ਹੈ ਤਾਂ ਹੱਡੀਆਂ ਦੀ ਕਮਜ਼ੋਰੀ, ਕੁੱਬ ਤੇ ਫਰੈਕਚਰ ਹੋਣ ਲਗਦੇ ਹਨ।
     ਭਾਵੇਂ ਅਜੇ ਇਸ ਬਾਰੇ ਪੂਰਾ ਗਿਆਨ ਨਹੀਂ ਲੱਭਿਆ ਗਿਆ ਫਿਰ ਵੀ ਇਹ ਸਪੱਸ਼ਟ ਹੈ ਕਿ ਹੱਡੀ ਦੇ ਅੰਦਰ ਨਿਰੰਤਰ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਨਵੀਂ ਬਣਦੀ ਰਹਿੰਦੀ ਹੈ ਤੇ ਪੁਰਾਣੀ ਹੱਡੀ ਖ਼ੁਰਦੀ ਰਹਿੰਦੀ ਹੈ। ਇਸ ਵਿਧੀ ਨੂੰ ਰੌਮਾਡਲਿੰਗ ਕਿਹਾ ਜਾਂਦਾ ਹੈ ਜਿਸ ਦਾ ਇਕ ਚੱਕਰ ਦੋ ਤੋਂ ਤਿੰਨ ਮਹੀਨਿਆਂ ਵਿਚ ਪੂਰਾ ਹੁੰਦਾ ਹੈ। ਨਵੀਂ ਹੱਡੀ ਬਨਣ ਦਾ ਕੰਮ ਪੁਰਾਣੀ ਦੇ ਖ਼ੁਰਨ ਨਾਲੋਂ ਤੇਜ਼ ਹੁੰਦਾ ਹੈ। ਇਸ ਲਈ ਹੱਡੀਆਂ ਦਾ ਸਾਈਜ਼ ਅਤੇ ਘਣਤਾ ਵਧਦੀ ਜਾਂਦੀ ਹੈ।
ਇਸ (ਰੌਮਾਡਲਿੰਗ) ਦਾ ਸਿਖ਼ਰ 30-35 ਸਾਲ ਦੀ ਉਮਰ ਵਿਚ ਹੁੰਦਾ ਹੈ। ਇਸ ਤੋਂ ਬਾਅਦ ਰੀਮਾਡਲਿੰਗ ਦੀ ਵਿਧੀ ਵਿਚ ਖ਼ੁਰਨਾ ਵਧੇਰੇ ਤੇ ਬਣਨਾ ਘਟ ਜਾਂਦਾ ਹੈ। ਔਰਤਾਂ ਵਿਚ ਮਹਾਵਾਰੀ ਬੰਦ ਹੋ ਜਾਣ (ਮੈਨੋਪਾਜ਼) ਵੇਲੇ ਜਦ ਔਰਤਾਂ ਵਾਲੇ ਹਾਰਮੋਨ (ਈਸਟਰੋਜਨ) ਘਟ ਜਾਂਦੇ ਹਨ ਤਾਂ ਹੱਡੀਆਂ ਦੇ ਖ਼ੁਰਨ ਵਿਚ ਅਚਾਨਕ ਵਾਧਾ ਹੋ ਜਾਂਦਾ ਹੈ। ਓਸਟੀਓਪੋਰੋਸਿਸ ਦੇ ਭਾਵੇਂ ਹੋਰ ਵੀ ਕਈ ਕਾਰਨ ਹੁੰਦੇ ਹਨ ਪਰ ਔਰਤਾਂ ਵਿਚ ਮੈਨੋਪਾਜ਼ ਵੇਲੇ ਈਸਟਰੋਜਨ ਹਾਰਮੋਨ ਦਾ ਘਟਣਾ, ਮੋਹਰੀ ਕਾਰਨ ਹੈ।
ਹੱਡੀਆਂ ਦਾ ਖ਼ੁਰਨਾ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ 30-35 ਸਾਲ ਦੀ ਉਮਰ ਵਿਚ ਜਦ ਇਨ੍ਹਾਂ ਦਾ ਬਨਣਾ ਸਿਖ਼ਰ 'ਤੇ ਸੀ ਉਦੋਂ ਕਿੰਨੀਆਂ ਕੁ ਹੱਡੀਆਂ ਬਣੀਆਂ ਹਨ ਜਾਂ ਇਓਂ ਕਹਿ ਲਈਏ ਕਿ 'ਹੱਡੀਆਂ ਦੇ ਬੈਂਕ ਵਿਚ ਕਿੰਨਾ ਕੁ ਮਾਲ ਜਮ੍ਹਾਂ ਕਰਵਾਇਐ..?' ਇਹ ਮਾਲ ਯਾਨੀ ਕਿ ਵਿਟਾਮਿਨ ਡੀ, ਕੈਲਸ਼ੀਅਮ, ਫਾਸਫੋਰਸ ਤੇ ਹੋਰ ਖਣਿਜਾਂ ਦੇ ਰੂਪ ਵਿਚ ਭੋਜਨ ਦੇ ਜ਼ਰੀਏ 'ਜਮ੍ਹਾਂ ਕਰਵਾਈਦਾ' ਹੈ। ਭੋਜਨ ਵਿਚ ਕੈਲਸ਼ੀਅਮ ਅਤੇ ਵਿਟਾਮਿਨ 'ਡੀ' ਲੈਣ ਦੇ ਨਾਲ ਨਾਲ ਵਰਜ਼ਿਸ਼ ਬਹੁਤ ਜ਼ਰੂਰੀ ਹੈ ਤਾਂ ਕਿ ਭੋਜਨ ਵਿਚਲਾ ਕੈਲਸ਼ੀਅਮ ਜਜ਼ਬ ਹੋ ਸਕੇ।
     ਰਿਸਕ ਵਾਲੀਆਂ ਗੱਲਾਂ : ਓਸਟੀਪੋਰੋਸਿਸ ਕਰਕੇ ਹੱਡੀ ਟੁੱਟਣ (ਫਰੈਕਚਰ) ਦੀ ਦਰ ਔਰਤਾਂ ਵਿਚ ਮਰਦਾਂ ਨਾਲੋਂ ਦੁੱਗਣੀ ਹੈ। ਵਧਦੀ ਉਮਰ ਨਾਲ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ। ਮਰਦਾਂ ਵਿਚ 75 ਸਾਲ ਤੋਂ ਉਪਰ ਦੀ ਉਮਰੇ ਇਹ ਖ਼ਤਰਾ ਵੱਧਦਾ ਹੈ। ਜਦਕਿ ਔਰਤਾਂ ਵਿਚ 45-50 ਸਾਲ ਤੋਂ ਬਾਅਦ ਹੀ ਇਸ ਦਾ ਰਿਸਕ ਵਧ ਜਾਂਦਾ ਹੈ। ਦੱਖਣ-ਪੂਰਬੀ ਏਸ਼ੀਆ ਵਾਲੇ ਲੋਕਾਂ ਅਤੇ ਗੋਰਿਆਂ ਵਿਚ ਕਾਲੇ ਅਤੇ ਦੂਸਰੇ ਖੇਤਰਾਂ ਦੇ ਰਹਿਣ ਵਾਲਿਆਂ ਨਾਲੋਂ ਵਧੇਰੇ ਖ਼ਤਰਾ ਰਹਿੰਦਾ ਹੈ।
ਹੱਡੀਆਂ ਖ਼ੁਰਨ ਦੀ ਇਸ ਬੀਮਾਰੀ (ਓਸਟੀਓਪੋਰੋਸਿਸ) ਦੇ ਵਰਗੀਕਰਨ ਮੁਤਾਬਿਕ ਇਸ ਦੀਆਂ ਦੋ ਕਿਸਮਾਂ ਹਨ :
(1) ਪ੍ਰਾਇਮਰੀ
À) ਪ੍ਰਾਇਮਰੀ ਟਾਇਪ-। : ਔਰਤਾਂ ਵਿਚ ਮੈਨੋਪਾਜ਼ ਤੋਂ ਬਾਅਦ ਹੁੰਦੀ ਹੈ।
ਅ) ਪ੍ਰਾਇਮਰੀ ਟਾਇਪ-।। :  ਬੁਢੇਪੇ ਵਾਲੀ ਓਸਟੀਓਪੋਰੋਸਿਸ ਜੋ 75 ਸਾਲ ਵਾਲੀ ਉਮਰੇ ਮਰਦਾਂ ਅਤੇ ਔਰਤਾਂ ਵਿਚ 1:2 ਦੀ ਅਨੁਪਾਤ ਵਿਚ ਹੁੰਦੀ ਹੈ।
2) ਸੈਕੰਡਰੀ : ਕਿਸੇ ਵੀ ਉਮਰ ਵਿਚ ਹੋ ਸਕਦੀ ਹੈ। ਇਹ ਕਿਸੇ ਤਰ੍ਹਾਂ ਦੀਆਂ ਦਵਾਈਆਂ ਖ਼ਾਸ ਕਰਕੇ ਸਟੀਰਾਇਡ        ਦਵਾਈਆਂ ਦਾ ਲੰਮੇ ਸਮੇਂ ਤੋਂ ਸੇਵਨ ਕਰਨ ਕਰਕੇ ਹੁੰਦਾ ਹੈ।
ਹੱਡੀ ਦੀ ਘਣਤਾ (ਬੋਨ-ਡੈਨਸਿਟੀ) ਕੀ ਹੈ ..?
ਇਹ ਇਕ ਮੈਡੀਕਲ ਸ਼ਬਦ ਹੈ ਜਿਸ ਦਾ ਮਤਲਬ ਹੈ ਕਿ 'ਹੱਡੀ ਦੇ ਪ੍ਰਤੀ ਸਕੇਅਰ ਸੈਂਟੀਮੀਟਰ ਵਿਚ ਕਿੰਨਾ ਖਣਿਜ ਹੈ.?'ਇਸ ਦਾ ਟੈਸਟ, ਓਸਟੀਓਪੋਰੋਸਿਸ ਜਾਂ ਹੱਡੀ ਟੁੱਟਣ ਦਾ ਰਿਸਕ ਵੇਖਣ ਲਈ ਕੀਤਾ ਜਾਂਦਾ ਹੈ। ਇਸ ਵਾਸਤੇ ਵਰਤੀ ਜਾਂਦੀ ਮਸ਼ੀਨ ਨੂੰ ਡੈਨਸੀਟੋ ਮੀਟਰ ਆਖਦੇ ਹਨ ਜੋ ਰੇਡੀਓਲੋਜਿਸਟ ਜਾਂ ਨਿਊਕਲੀਅਰ ਮੈਡੀਸਨ ਵਾਲੇ ਡਾਕਟਰ ਕਰਦੇ ਹਨ। ਆਮ ਕਰਕੇ ਇਹ ਟੈਸਟ ਲੱਕ ਦੇ ਹੇਠਾਂ ਰੀੜ੍ਹ ਦੀ ਹੱਡੀ 'ਤੇ ਕੀਤਾ ਜਾਂਦਾ ਹੈ  ਤੇ ਕਈ ਵਾਰ ਗੁੱਟ ਤੋਂ ਉਪਰ ਬਾਂਹ ਦੀ ਹੱਡੀ 'ਤੇ ਵੀ ਕੀਤਾ ਜਾਂਦਾ ਹੈ। ਔਸਤਨ ਬੋਨ ਡੈਨਸਿਟੀ 1500 ਕਗ ਮ-3 ਹੁੰਦੀ ਹੈ।
ਜਿਨ੍ਹਾਂ ਲੋਕਾਂ ਨੂੰ ਓਸਟੀਓਪੋਰੋਸਿਸ ਹੈ, ਉਹ ਆਪਣਾ ਲਾਇਫ ਸਟਾਇਲ ਬਦਲ ਕੇ ਤੇ ਦਵਾਈਆਂ ਲੈ ਕੇ ਇਸ ਦੇ ਖ਼ਤਰੇ ਨੂੰ ਘਟਾ ਸਕਦੇ ਹਨ।
ਲਾਇਫ ਸਟਾਇਲ ਕਿਵੇਂ ਬਦਲੀਏ?
ਭੋਜਨ : ਕੈਲਸ਼ੀਅਮ, ਬਾਈ ਫਾਸਫੋਨੇਟ ਤੇ ਵਿਟਾਮਿਨ ਡੀ. ਵਾਲੇ ਭੋਜਨ ਖਾ ਕੇ।
ਵਰਜ਼ਿਸ਼ : ਦਾ ਐਨਾਬੋਲਿਕ ਅਸਰ ਹੁੰਦਾ ਹੈ ਜੋ ਓਸਟੀਓਪਰੋਸਿਸ ਨੂੰ ਰੋਕਦਾ ਹੈ।
ਡਿੱਗਣ ਤੋਂ ਬਚਾਅ ਕਰਕੇ।
      ਦੁੱਧ ਚੁਘਾਉਂਦੀਆਂ ਮਾਵਾਂ ਦੀਆਂ ਹੱਡੀਆਂ ਦੀ ਘਣਤਾ (ਬੋਨ ਡੈਨਸਿਟੀ) ਆਰਜ਼ੀ ਤੌਰ 'ਤੇ ਘਟ ਜਾਂਦੀ ਹੈ ਪਰ ਦੁੱਧ ਛੁਡਾਉਣ ਤੋਂ ਛੇ ਮਹੀਨਿਆਂ ਦੇ ਅੰਦਰ-ਅੰਦਰ ਪੂਰੀ ਰੀਕਵਰੀ ਹੋ ਜਾਂਦੀ ਹੈ ਤੇ ਬੋਨ ਡੈਨਸਿਟੀ ਨਾਰਮਲ ਹੋ ਜਾਂਦੀ ਹੈ।
ਹੱਡੀਆਂ ਖ਼ੁਰਨ ਤੋਂ ਬਚਾਓ ਕਿਵੇਂ ਕਰੀਏ?
ਇਸ ਵਾਸਤੇ ਹੱਡੀਆਂ ਨੂੰ ਤਾਕਤਵਰ ਬਨਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ.., ਉਮਰ ਭਾਵੇਂ ਕੋਈ ਵੀ ਹੋਵੇ। ਬਚਪਨ ਤੇ ਕਿਸ਼ੋਰ ਅਵਸਥਾ ਦੌਰਾਨ ਕੀਤਾ ਹੋਇਆ ਇਹ ਯਤਨ ਬਾਅਦ ਵਿਚ ਓਸੀਟੀਓਪੋਰੋਸਿਸ ਤੋਂ ਬਚਣ ਦਾ ਸਭ ਤੋਂ ਵਧੀਆ ਢੰਗ ਹੈ।  ਕਿਉਂ ਕਿ ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਉਨੀ ਤੇਜ਼ੀ ਨਾਲ ਹੱਡੀਆਂ ਦੀ  ਮਜ਼ਬੂਤੀ ਨਹੀਂ ਵਧਦੀ ਤੇ ਮੈਨੋਪਾਜ਼ ਤੋਂ ਬਾਅਦ ਤਾਂ ਹੱਡੀਆਂ ਖ਼ੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਫਿਰ ਵੀ ਅਗਰ ਕੁਝ ਸਾਵਧਾਨੀਆਂ ਵਰਤੀਆਂ ਜਾਣ ਤਾਂ ਵਧਦੀ ਉਮਰ ਨਾਲ ਹੱਡੀਆਂ ਦੇ ਖ਼ੁਰਨ ਜਾਂ ਇਸ ਦੀ ਗਤੀ ਨੂੰ ਘਟਾਇਆ ਜਾ ਸਕਦਾ ਹੈ।
1. ਰੋਜ਼ਾਨਾ ਕੈਲਸ਼ੀਅਮ ਲਓ : ਹੱਡੀਆਂ ਨੂੰ ਠੀਕ-ਠਾਕ ਰੱਖਣ ਵਾਸਤੇ ਕੈਲਸ਼ੀਅਮ ਦੀ ਲੋੜ ਹੁੰਦੀ ਹੈ। ਸੋ ਭੋਜਨ ਵਿਚ ਲੋੜੀਂਦੀ ਮਾਤਰਾ 'ਚ ਕੈਲਸ਼ੀਅਮ ਹੋਣਾ ਚਾਹੀਦਾ ਹੈ ਜਾਂ ਫਿਰ ਕੈਲਸ਼ੀਅਮ ਦੀਆਂ ਗੋਲੀਆਂ ਖਾਓ। ਉਮਰ ਅਨੁਸਾਰ ਕੈਲਸ਼ੀਅਮ ਦੀ ਜ਼ਰੂਰਤ ਨਿਮਨ ਮੁਤਾਬਕ ਹੈ :
ਉਮਰ ਪ੍ਰਤੀ ਦਿਨ ਜ਼ਰੂਰਤ
9 ਤੋਂ 18 ਸਾਲ 1300 ਮਿਲੀਗ੍ਰਾਮ
19 ਤੋਂ 50 ਸਾਲ 1000 ਮਿਲੀਗ੍ਰਾਮ
51 ਸਾਲ ਤੋਂ ਬਾਅਦ 1200 ਮਿਲੀਗ੍ਰਾਮ
ਗਰਭਵਤੀਆਂ ਦੀ ਜ਼ਰੂਰਤ ਉਕਤ ਅਨੁਸਾਰ ਹੀ ਹੈ ਜਾਂ ਇਸ ਤੋਂ ਕੁਝ ਵਧੇਰੇ ਲੈ ਸਕਦੀਆਂ ਹਨ।
ਭੋਜਨ ਵਿਚ ਕੈਲਸ਼ੀਅਮ ਦੇ ਸੋਮੇ ਹਨ :  ਭੋਜਨ ਮਾਤਰਾ ਕੈਲਸ਼ੀਅਮ ਦਹੀਂ (ਮਲਾਈ ਤੋਂ ਬਿਨਾਂ) ਇਕ ਕੱਪ 450 ਮਿਲੀਗ੍ਰਾਮ ਦੁੱਧ (ਮਲਾਈ ਤੋਂ ਬਿਨਾਂ) ਇਕ ਕੱਪ 306 ਮਿਲੀਗ੍ਰਾਮ ਦੁੱਧ (ਮਲਾਈ ਵਾਲਾ) ਇਕ ਕੱਪ 250 ਮਿਲੀਗ੍ਰਾਮ ਪਾਲਕ (ਦੇ ਪਰੌਂਠੇ, ਪੀਜਾ, ਪਕੌੜੇ) ਤੇ ਪਨੀਰ (ਦੁੱਧ ਤੇ ਸੋਇਆਬੀਨ ਦਾ) ਵਿਚ ਵੀ ਚੰਗੀ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ।
2. ਵਿਟਾਮਿਨ 'ਡੀ' ਨਿਯਮਤ ਲਓ : ਇਹ ਵਿਟਾਮਿਨ ਭੋਜਨ ਵਿਚਲੇ ਕੈਲਸ਼ੀਅਮ ਨੂੰ ਜਜ਼ਬ ਕਰਨ ਵਿਚ ਸਹਾਈ ਹੁੰਦਾ ਹੈ। ਸੂਰਜ ਦੀ ਲੋਅ ਨਾਲ ਇਹ ਚਮੜੀ 'ਚੋਂ ਪੈਦਾ ਹੁੰਦਾ ਹੈ। ਸੋ ਹਫਤੇ ਵਿਚ ਤਕਰੀਬਨ ਤਿੰਨ ਵਾਰ 10 ਤੋਂ 15 ਮਿੰਟ ਹੱਥਾਂ, ਬਾਹਵਾਂ ਅਤੇ ਚਿਹਰੇ 'ਤੇ ਸੂਰਜ ਦੀ ਰੌਸ਼ਨੀ ਪੈਣ ਨਾਲ ਲੋੜੀਂਦੀ ਮਾਤਰਾ ਵਿਚ ਇਹ ਵਿਟਾਮਿਨ ਮਿਲ ਜਾਂਦਾ ਹੈ। ਜ਼ਿਆਦਾ ਸਮਾਂ ਧੁੱਪ ਵਿਚ ਰਹਿਣਾ ਹੋਵੇ ਜਾਂ ਰਹਿਣਾ ਪਵੇ ਤਾਂ ਸਨ ਸਕਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਅਲਟਰਾ ਵਾਇਲੈਟ ਕਿਰਨਾਂ ਦਾ ਖ਼ਤਰਾ ਵੀ ਰਹਿੰਦਾ ਹੈ।  ਮਾਸਾਹਾਰੀਆਂ ਵਾਸਤੇ ਮੱਛੀ ਦਾ ਤੇਲ, ਮੱਛੀ, ਜਿਗਰ, ਅੰਡਾ ਅਤੇ ਸ਼ਾਕਾਹਾਰੀਆਂ ਲਈ ਭੋਜਨ ਵਿਚ ਦੁੱਧ ਅਤੇ ਵਨਸਪਤੀ ਘਿਓ, ਪਨੀਰ ਆਦਿ ਵਿਟਾਮਿਨ 'ਡੀ' ਸੇ ਸੋਮੇ ਹਨ।
3. ਸੰਤੁਲਤ, ਪੋਸ਼ਟਿਕ ਤੇ ਸ਼ੁੱਧ ਭੋਜਨ ਖਾਓ : ਜਿੰਨ੍ਹਾਂ ਵਿਚ ਕੈਲਸ਼ੀਅਮ ਤੇ ਵਿਟਾਮਿਨ 'ਡੀ' ਤੋਂ ਇਲਾਵਾ ਬਾਕੀ ਖ਼ੁਰਾਕੀ ਤੱਤ ਜਿਵੇਂ ਜ਼ਿੰਕ, ਮੈਗਨੀਸ਼ੀਅਮ, ਵਿਟਾਮਿਨ 'ਸੀ' ਜ਼ਰੂਰ ਲਓ। ਦੁੱਧ, ਦਹੀਂ, ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਬੀਨਜ਼, ਬ੍ਰੋਕਲੀ, ਕਿੰਨੂੰ, ਸੰਤਰਾ, ਮੱਛੀ, ਚਿਕਨ ਆਦਿ ਲਾਹੇਵੰਦ ਹਨ।
4. ਚੁਸਤ-ਫੁਰਤ ਰਹੋ : ਐਕਟਿਵਿਟੀ ਵਿਚ ਚੁਸਤ ਰਹਿਣ ਨਾਲ ਹੱਡੀਆਂ ਦਾ ਖ਼ੁਰਨਾ ਘਟਦਾ ਹੈ। ਪੱਠਿਆਂ ਦੀ ਤਾਕਤ ਠੀਕ ਰਹਿੰਦੀ ਹੈ। ਬੰਦਾ ਸੰਤੁਲਨ ਵਿਚ ਰਹਿੰਦਾ ਹੈ। ਥੋੜਾ ਬਹੁਤ ਭਾਰ ਚੁੱਕਣ ਵਾਲੀ ਵਰਜ਼ਿਸ਼ ਕਰਦੇ ਰਹੋ ਤੇ ਪੱਠਿਆਂ ਨੂੰ ਹਿਲਜੁੱਲ ਵਿਚ ਰੱਖੋ ਜਿਵੇਂ ਤੇਜ਼ ਸੈਰ, ਗਿੱਧਾ-ਭੰਗੜਾ, ਜੌਗਿੰਗ, ਪੌੜੀਆਂ ਚੜ੍ਹਨਾ-ਉਤਰਨਾ, ਟੈਨਿਸ ਖੇਡਣਾ, ਯੋਗਾ ਆਦਿ।
5. ਸਮੋਕਿੰਗ (ਅਗਰ ਕਰਦੇ ਹੋ ਤਾਂ) ਬਿਲਕੁਲ ਬੰਦ ਕਰ ਦਿਓ : ਤੰਬਾਕੂ ਨੋਸ਼ਾਂ ਵਿਚ ਹੱਡੀਆਂ ਦੇ ਖ਼ੁਰਨ ਵਿਚ ਤੇਜ਼ੀ ਆਉਂਦੀ ਹੈ। ਮੈਨੋਪਾਜ਼ ਦੌਰਾਨ ਘਟਿਆ ਹੋਇਆ ਈਸਟਰੋਜਨ ਦਾ ਲੈਵਲ, ਸਮੋਕਿੰਗ ਨਾਲ ਹੋਰ ਘਟਦਾ ਹੈ।
6. ਵਿਸਕੀ ਤੋਂ ਪ੍ਰਹੇਜ਼ : ਵੈਸੇ ਤਾਂ ਵਿਸਕੀ ਨੂੰ ਛੱਡ ਦੇਣਾ ਹੀ ਚੰਗਾ ਹੈ ਫਿਰ ਵੀ ਜੇ ਪੀਣੀ ਹੀ ਹੈ ਤਾਂ ਇਕ ਤੋਂ ਵੱਧ ਪੈਗ ਨਾ ਲਵੋ। ਇਹ ਕੈਲਸ਼ੀਅਮ ਦੇ ਜਜ਼ਬ ਹੋਣ ਵਿਚ ਵਿਘਨ ਪਾਉਂਦੀ ਹੈ ਤੇ ਜੇ, ਵਧੇਰੇ ਪੀ ਕੇ ਡਿੱਗ ਪਓ...ਤਾਂ ਖ਼ੁਰੀਆਂ ਹੋਈਆਂ ਹੱਡੀਆਂ ਦਾ ਝੱਟ ਈ ਫਰੈਕਚਰ ਹੋ ਜਾਏਗਾ।
ਪੈਥਾਲੋਜੀਕਲ ਫਰੈਕਚਰ : ਛੋਟੀ ਮੋਟੀ ਸੱਟ ਨਾਲ ਹੀ ਹੱਡੀ ਟੁੱਟ ਜਾਵੇ ਤਾਂ ਇਸ ਨੂੰ 'ਪੈਥਾਲੋਜੀਕਲ ਫਰੈਕਚਰ' ਕਿਹਾ ਜਾਂਦਾ ਹੈ।
ਓਸਟੀਓਪੋਰੋਸਿਸ ਇਸ ਦਾ ਇਕ ਕਾਰਨ ਹੈ, ਇਸ ਦੇ ਬਾਕੀ ਕਾਰਨ ਹਨ: 1) ਹੱਡੀ ਦਾ ਕੈਂਸਰ ਜੋ ਪ੍ਰਾਇਮਰੀ (ਮਾਇਲੋਮਾ, ਓਸਟੀਓ-ਜੈਨਿਕ ਸਾਰਕੋਮਾ, ਈਵਿੰਗ ਸਾਰਕੋਮਾ, ਕੌਂਡਰੋਸਾਰਕੋਮਾ) ਤੇ ਸੈਕੰਡਰੀ (ਗੁਰਦੇ, ਥਾਇਰਾਇਡ, ਗਦੂਦਾਂ, ਬ੍ਰੈਸਟ, ਜਿਗਰ, ਆਦਿ) ਹੋ ਸਕਦੇ ਹਨ। (2) ਓਸਟੀਓਮਲੇਸੀਆ (3) ਪੈਜੈਟਸ ਡਿਸਈਜ਼ ਆਫ ਬੋਨਜ਼ (4) ਓਸਟੀਓਜੈਨੇਸਿਸ ਇੰਪਰਫੈਕਟਾ (5) ਬੋਨ ਸਿਸਟ (6) ਹੱਡੀ ਦੀ ਟੀ.ਬੀ. ਜਾਂ ਹੋਰ ਇਨਫੈਕਸ਼ਨਾਂ ਆਦਿ।    
ਡਾ. ਮਨਜੀਤ ਸਿੰਘ ਬੱਲ