ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਦਿਲ ਸਿਹਤਮੰਦ ਕਿਵੇਂ ਰੱਖੀਏ?


ਦਿਲ ਦੇ ਮਾਮਲੇ ਆਮ ਤੌਰ ਉੱਤੇ ਗੰਭੀਰ ਹੀ ਹੁੰਦੇ ਹਨ। ਭਾਵੇਂ ਦਿਲ ਲਾਉਣ ਵਾਲੀ ਗੱਲ ਹੋਵੇ, ਭਾਵੇਂ ਦਿਲ ਤੋੜਨ ਦੀ ਤੇ ਭਾਵੇਂ ਦਿਲ ਫੇਲ੍ਹ ਹੋਣ ਦੀ। ਲਿਖਾਰੀਆਂ ਅਤੇ ਕਵੀਆਂ ਦਾ ਕੰਮ ਹੈ ਟੁੱਟੇ ਹੋਏ ਦਿਲ ਬਾਰੇ ਸੋਚ ਵਿਚਾਰ ਕਰਨ ਦਾ। ਡਾਕਟਰ ਹੋਣ ਦੇ ਨਾਤੇ ਮੈਂ ਗੱਲ ਕਰਨ ਲੱਗੀ ਹਾਂ ਸਿਹਤਮੰਦ ਦਿਲ ਦੀ, ਜੋ ਲੰਬੀ ਅਤੇ ਸਿਹਤਯਾਬ ਜ਼ਿੰਦਗੀ ਦਾ ਰਾਜ਼ ਵੀ ਹੈ। ਆਮ ਤੌਰ ਉੱਤੇ ਅੱਜ-ਕੱਲ੍ਹ ਦੀ ਤਣਾਓ ਭਰਪੂਰ ਜ਼ਿੰਦਗੀ ਵਿਚ ਸਾਰਾ ਮਾੜਾ ਅਸਰ ਵਿਚਾਰੇ ਦਿਲ ਨੂੰ ਹੀ ਸਹਿਣਾ ਪੈਂਦਾ ਹੈ। ਇਸੇ ਲਈ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਸ ਨੇ ਤਣਾਓ ਦੇ ਅਸਰ ਹੇਠ ਧੜਕਨਾ ਬੰਦ ਕਰ ਦੇਣਾ ਹੈ ਤੇ ਸਾਨੂੰ ਬਦੋਬਦੀ ਦੁਨੀਆਂ ਨੂੰ ਅਲਵਿਦਾ ਕਹਿਣ ਉੱਤੇ ਮਜਬੂਰ ਕਰ ਦੇਣਾ ਹੈ। ਸ਼ੋਰ-ਸ਼ਰਾਬਾ, ਅਗਾਂਹ ਵਧਣ ਦੀ ਹੋੜ, ਰੋਜ਼ ਦੀ ਭੱਜ-ਦੌੜ, ਵਾਧੂ ਕੰਮ ਦਾ ਭਾਰ ਆਦਿ ਵਰਗੇ ਤਣਾਓ ਸਰੀਰ ਅੰਦਰ ਤਬਾਹੀ ਮਚਾ ਕੇ ਮਾੜੇ ਹਾਰਮੋਨ ਵਧਾ ਦਿੰਦੇ ਹਨ ਅਤੇ ਇਕਦਮ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਜਦੋਂ ਦਿਲ ਦੀ ਬੀਮਾਰੀ ਦੀ ਸ਼ੁਰੂਆਤ ਹੋ ਜਾਏ, ਫੇਰ ਦਿਲ ਦੀ ਸਿਹਤ ਦਾ ਖ਼ਿਆਲ ਰੱਖਣਾ ਸਿਆਣਪ ਨਹੀਂ ਹੈ ਕਿਉਂਕਿ ਉਦੋਂ ਤੱਕ ਤਾਂ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਇਸੇ ਲਈ ਪਹਿਲਾਂ ਹੀ ਖ਼ਿਆਲ ਰੱਖਣਾ ਜ਼ਰੂਰੀ ਹੈ। ਕਈ ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਦੁਨੀਆਂ ਭਰ ਦੇ ਦਿਲ ਦੇ ਮਰੀਜ਼ਾਂ ਵਿੱਚੋਂ 6 ਪ੍ਰਤੀਸ਼ਤ  ਭਾਰਤੀ ਹਨ ਤੇ ਉਨ੍ਹਾਂ ਵਿੱਚੋਂ ਵੀ ਸਭ ਤੋਂ ਵਧ ਪੰਜਾਬੀ। ਕੁਝ ਖੋਜੀ ਮੰਨਦੇ ਹਨ ਕਿ ਭਾਰਤ ਵਿਚ ਹਰ ਮਿੰਟ ਵਿਚ 5 ਬੰਦੇ ਦਿਲ ਦੇ ਦੌਰੇ ਨਾਲ ਮਰ ਰਹੇ ਹਨ ਅਤੇ ਇਸ ਵਿਚ ਲਗਾਤਾਰ ਵਾਧਾ  ਹੋ ਰਿਹਾ ਹੈ। ਅੱਜ-ਕੱਲ੍ਹ ਤਾਂ ਵੀਹ ਤੋਂ ਤੀਹ ਸਾਲ ਦੀ ਉਮਰ ਦੇ ਨੌਜਵਾਨ ਦਿਲ ਦੇ ਦੌਰੇ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਹਨ ਜਿਸ ਦਾ ਮਤਲਬ ਹੈ ਕਿ ਮੋਟਾਪੇ ਨੂੰ ਬਚਪਨ ਤੋਂ ਹੀ ਕਾਬੂ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਵਿਕਸਿਤ ਦੇਸ਼ਾਂ ਵਿਚ ਦਿਲ ਦੀਆਂ ਬੀਮਾਰੀਆਂ ਉੱਤੇ ਏਨਾ ਕਾਬੂ ਪਾ ਲਿਆ ਗਿਆ ਹੈ ਕਿ ਐਸ ਵੇਲੇ ਪਹਿਲਾਂ ਨਾਲੋਂ ਲਗਪਗ 50 ਤੋਂ 70 ਪ੍ਰਤੀਸ਼ਤ ਘਟ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ। ਇਹ ਸਿਰਫ ਇਸ ਲਈ ਹੋਇਆ ਹੈ ਕਿ ਉਹ ਸ਼ਨਿੱਚਰਵਾਰ ਐਤਵਾਰ ਕੰਮ ਦਾ ਤਣਾਓ ਛੱਡ ਕੇ ਭਰਪੂਰ ਜ਼ਿੰਦਗੀ ਜਿਊਂਦੇ ਹਨ ਅਤੇ ਸੈਰ ਖੁਝਾਉਂਦੇ ਨਹੀਂ। ਖ਼ੁਰਾਕ ਦਾ ਬਹੁਤੇ ਲੋਕ ਕਾਫੀ ਧਿਆਨ ਰੱਖਣ ਲੱਗ ਪਏ ਹਨ।
ਸੈਰ ਦਾ ਮਹੱਤਵ ਤਾਂ ਝੁਠਲਾਇਆ ਜਾ ਹੀ ਨਹੀਂ ਸਕਦਾ ਕਿਉਂਕਿ ਸੈਰ ਨਾਲ ਦਿਲ ਦੀਆਂ ਬੰਦ ਹੋਈਆਂ ਨਾੜੀਆਂ ਵੀ ਖੁੱਲ੍ਹ ਜਾਂਦੀਆਂ ਹਨ ਅਤੇ ਨਵੀਆਂ ਨਾੜੀਆਂ ਵੀ ਬਣ ਜਾਂਦੀਆਂ ਹਨ ਜੋ ਦਿਲ ਦੇ ਪੱਠਿਆਂ ਨੂੰ ਲਗਾਤਾਰ ਲਹੂ ਅਤੇ ਆਕਸੀਜ਼ਨ ਪਹੁੰਚਾਉਂਦੀਆਂ ਰਹਿੰਦੀਆਂ ਹਨ। ਤਣਾਓ ਘਟਾਉਣ ਦੇ ਬੇਅੰਤ ਤਰੀਕੇ ਸੁਝਾਏ ਜਾ ਚੁੱਕੇ ਹਨ, ਇਸੇ ਲਈ ਖ਼ੁਰਾਕ ਬਾਰੇ ਹੀ ਜ਼ਿਆਦਾ ਜ਼ਿਕਰ ਕਰਨਾ ਠੀਕ ਰਹੇਗਾ। ਕੁਝ ਤਰ੍ਹਾਂ ਦੇ ਖਾਣੇ ਦਿਲ ਲਈ ਵਧੀਆ ਹੁੰਦੇ ਹਨ ਪਰ ਕੁਝ ਖ਼ਤਰਨਾਕ। ਘਿਓ, ਤੇਲ, ਮੱਖਣ, ਮਲਾਈ, ਖੰਡ ਜਿੱਥੇ ਭਾਰ ਵਧਾਉਂਦੇ ਹਨ, ਉੱਥੇ ਦਿਲ ਨੂੰ ਵੀ ਵਾਧੂ ਕੰਮ ਕਰਨ ਉੱਤੇ ਲਾ ਦਿੰਦੇ ਹਨ। ਦਿਲ ਦੀਆਂ ਨਾੜੀਆਂ ਵਿਚ ਵਾਧੂ ਥਿੰਦਾਈ ਜੰਮਣ ਕਾਰਨ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਜਾਂਦਾ ਹੈ। ਇਸੇ ਤਰ੍ਹਾਂ ਜ਼ਿਆਦਾ ਕੌਫ਼ੀ ਪੀਣ ਨਾਲ ਤਣਾਓ ਤੋਂ ਵੀ ਵਧ ਮਾੜਾ ਅਸਰ ਦਿਲ ਉੱਤੇ ਪੈਂਦਾ ਹੈ। ਕੇਕ, ਪੇਸਟਰੀ, ਮਠਿਆਈ, ਬਣੇ ਬਣਾਏ ਬਜ਼ਾਰੀ ਸੂਪ, ਪੁਰਾਣੀਆਂ ਬਹੀਆਂ ਸਬਜ਼ੀਆਂ ਦਾਲਾਂ, ਤਲੇ ਆਲੂ, ਬਰਗਰ, ਪੀਜ਼ਾ, ਮੇਓਨਾਸ, ਜ਼ਿਆਦਾ ਸ਼ਰਾਬ, ਵਾਧੂ ਲੂਣ, ਆਦਿ ਸਭ ਮੋਟਾਪੇ ਨੂੰ ਸੱਦਾ ਦੇ ਕੇ ਦਿਲ ਨੂੰ ਬੀਮਾਰੀ ਵੱਲ ਧੱਕਦੇ ਹਨ। ਇਸੇ ਲਈ ਤਾਜ਼ੀਆਂ ਸਬਜ਼ੀਆਂ ਦਾ ਸੂਪ, ਪੁੰਗਰੀਆਂ ਦਾਲਾਂ, ਸੁੱਕੇ ਮੇਵੇ, ਉਬਲੀਆਂ ਸਬਜ਼ੀਆਂ, ਦਾਲਾਂ, ਫਲ, ਸਲਾਦ ਆਦਿ ਰੱਜ ਕੇ ਖਾਣੇ ਚਾਹੀਦੇ ਹਨ। ਸਿਰਫ਼ ਮਾੜੀਆਂ ਚੀਜ਼ਾਂ ਖ਼ੁਰਾਕ ਵਿੱਚੋਂ ਮਨਫ਼ੀ ਕਰਨੀਆਂ ਹੀ ਕਾਫੀ ਨਹੀਂ ਹੁੰਦੀਆਂ ਬਲਕਿ ਚੰਗੀਆਂ ਚੀਜ਼ਾਂ ਵੀ ਜ਼ਰੂਰ ਖਾਣੀਆਂ ਚਾਹੀਦੀਆਂ ਹਨ।
ਹੁਣ ਸੋਇਆਬੀਨ ਨੂੰ ਹੀ ਲਵੋ। ਇਸ ਵਿਚਲੇ ਆਈਸੋਫਲੇਵੋਨ ਐਂਟੀਔਕਸੀਡੈਂਟ ਹਨ ਜਿਹੜੇ ਦਿਲ ਦੀ ਬੀਮਾਰੀ ਹੋਣ ਤੋਂ ਬਚਾਓ ਕਰਦੇ ਹਨ। ਆਪਣੇ ਛਾਣਬੂਰੇ ਵਾਲੇ ਕਣਕ ਦੇ ਆਟੇ ਵਿਚ ਸੋਇਆਬੀਨ ਪਿਸਵਾ ਕੇ ਪਾ ਲਵੋ ਅਤੇ ਲਗਾਤਾਰ ਇਸ ਦੀ ਵਰਤੋਂ ਜਾਰੀ ਰੱਖੋ। ਸਿਰਫ 25 ਗ੍ਰਾਮ ਰੋਜ਼ਾਨਾ ਸੋਇਆਬੀਨ ਨਾਲ ਹੀ ਸਰੀਰ ਵਿਚਲਾ ਕੋਲੈਸਟਰੋਲ 12 ਤੋਂ 15 ਪ੍ਰਤੀਸ਼ਤ ਘਟ ਜਾਂਦਾ ਹੈ। ਥੋਮ, ਅਦਰਕ, ਜੀਰਾ, ਤਿਲ, ਧਨੀਆ, ਜਵੈਣ, ਅਲਸੀ, ਔਲਾ, ਹਰੜ, ਬ੍ਰਹਮੀ, ਬਹੇੜੇ, ਸ਼ੰਖਪੁਸ਼ਪੀ ਵਗੈਰਾ ਸਭ ਦਿਲ ਵਾਸਤੇ ਵਧੀਆ ਖ਼ੁਰਾਕ ਸਾਬਤ ਹੋ ਚੁੱਕੇ ਹਨ। ਛਾਣਬੂਰੇ ਵਾਲਾ ਆਟਾ, ਬਾਜਰਾ, ਜੌਂ, ਸੱਤੂ, ਦਾਲਾਂ, ਕਾਲੇ ਛੋਲੇ, ਹਰੀਆਂ ਸਬਜ਼ੀਆਂ ਜਿਵੇਂ ਘੀਆ, ਕੱਦੂ, ਭਿੰਡੀ, ਫਲ ਜਿਵੇਂ ਸੇਬ, ਹਦਵਾਣਾ, ਬੱਘੂਗੋਸ਼ਾ, ਕੇਲਾ ਆਦਿ, ਮੱਛੀ ਖ਼ਾਸਕਰ ਸੈਲਮਨ ਅਤੇ ਹਿਲਸਾ, ਜਿਹੜੀਆਂ ਓਮੇਗਾ 3 ਫੈਟੀ ਏਸਿਡ ਭਰਪੂਰ ਹਨ, ਖਾਣਾ ਬਣਾਉਣ ਲਈ ਵਰਤੇ ਤੇਲ- ਓਲਿਵ ਤੇਲ, ਸੀਸੇਮ ਤੇਲ, ਮਸਟਰਡ ਤੇਲ, ਇਸਬਗੋਲ, ਅੰਡੇ, ਸਮੁੰਦਰੀ ਜੀਵ, ਸੁੱਕੇ ਮੇਵੇ ਖ਼ਾਸਕਰ ਬਦਾਮ ਆਦਿ ਸਾਰੇ ਹੀ ਦਿਲ ਵਾਸਤੇ ਬਹੁਤ ਵਧੀਆ ਹਨ ਕਿਉਂਕਿ ਇਨ੍ਹਾਂ ਨਾਲ ਲੋੜੀਂਦਾ ਫਾਈਬਰ ਵਿਟਾਮਿਨ ਬੀ, ਸੀ, ਈ, ਪੋਟਾਸ਼ੀਅਮ ਅਤੇ ਜ਼ਿੰਕ ਦਿਲ ਨੂੰ ਲਗਾਤਾਰ ਸਿਹਤਮੰਦ ਰੱਖਦਾ ਹੈ। ਇਨ੍ਹਾਂ ਚੀਜ਼ਾਂ ਦਾ ਫ਼ਾਇਦਾ ਲੈਣ ਲਈ 30 ਮਿੰਟ ਦੀ ਰੋਜ਼ਾਨਾ ਕਸਰਤ ਬਹੁਤ ਜ਼ਰੂਰੀ ਹੈ ਜਿਸ ਨਾਲ ਦਿਲ ਮਜ਼ਬੂਤ ਹੋ ਜਾਂਦਾ ਹੈ।
ਹਰੀਆਂ ਪੱਤੀਆਂ ਦੀ ਚਾਹ ਪੌਲੀਫਿਨੌਲ ਨਾਲ ਭਰਪੂਰ ਹੁੰਦੀ ਹੈ ਜਿਹੜੀ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਘਟਾਉਣ ਵਿਚ ਮਦਦ ਕਰਦੀ ਹੈ ਕਿਉਂਕਿ ਇਹ ਤਣਾਓ ਘਟਾਉਂਦੀ ਹੈ। ਇਸੇ ਲਈ ਅੱਜ ਤੋਂ ਹੀ ਕੜਕ ਕਾਲੀ ਚਾਹ ਦੀ ਥਾਂ ਹਰੀ ਚਾਹ ਪੀਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕੈਮੋਮਿਲ ਬੂਟੀ ਦੀ ਚਾਹ ਰਾਤ ਨੂੰ ਸੌਣ ਲੱਗਿਆਂ ਪੀਣ ਨਾਲ ਤਣਾਓ ਇਕਦਮ ਕਾਫੂਰ ਹੋ ਜਾਂਦਾ ਹੈ ਅਤੇ ਵਧੀਆ ਨੀਂਦਰ ਆ ਜਾਂਦੀ ਹੈ। ਜੇ ਕਿਸੇ ਨੂੰ ਇਹ ਪੀਣ ਨਾਲ ਟੱਟੀਆਂ ਲੱਗ ਜਾਣ ਜਾਂ ਜੀਅ ਕੱਚਾ ਹੋਣ ਲਗ ਪਵੇ ਤਾਂ ਇਹ ਨਾ ਲਵੇ ਕਿਉਂਕਿ ਕਿਸੇ ਨੂੰ ਜੜ੍ਹੀਆਂ-ਬੂਟੀਆਂ ਤੋਂ ਐਲਰਜੀ ਵੀ ਹੋ ਸਕਦੀ ਹੈ।
ਚੌਦਾਂ ਲੱਖ ਬੰਦੇ ਕਿਉਂਕਿ ਹਰ ਸਾਲ ਸਿਰਫ ਏਸੇ ਦਿਲ ਸਦਕਾ ਹੀ ਦੁਨੀਆਂ ਨੂੰ ਅਲਵਿਦਾ ਕਹਿ ਰਹੇ ਹਨ ਅਤੇ ਉਹ ਵੀ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਸ਼ੱਕਰ ਰੋਗ ਅਤੇ ਬਲੱਡ ਪ੍ਰੈੱਸ਼ਰ ਵਰਗੀਆਂ ਬੀਮਾਰੀਆਂ ਸਹੇੜ ਕੇ, ਇਸੇ ਲਈ ਖ਼ੁਰਾਕ ਵੱਲ ਅੱਜ ਤੋਂ ਹੀ ਧਿਆਨ ਦੇਣਾ ਜ਼ਰੂਰੀ ਬਣ ਜਾਂਦਾ ਹੈ। ਕੁਝ ਗੱਲਾਂ ਜੋ ਆਮ ਆਦਮੀ ਨੂੰ ਆਪਣੇ ਸਰੀਰ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ, ਉਹ ਹਨ : ਬਲੱਡ ਪ੍ਰੈੱਸ਼ਰ, ਕੋਲੈਸਟਰੋਲ ਅਤੇ ਸਰੀਰ ਦਾ ਭਾਰ। ਜੇ ਜਵਾਨੀ ਵਿਚ ਉੱਪਰਲਾ ਬਲੱਡ ਪ੍ਰੈੱਸ਼ਰ 120-139 ਹੈ ਅਤੇ ਹੇਠਲਾ 80-89 ਤਾਂ ਇਸ ਨੂੰ ਪ੍ਰੀ ਹਾਈਪਰ ਟੈਨਸ਼ਨ ਕਹਿੰਦੇ ਹਨ। ਜੇ ਉੱਪਰਲਾ 140-159 ਅਤੇ ਹੇਠਲਾ 90-99 ਹੈ ਤਾਂ ਬਲੱਡ ਪ੍ਰੈੱਸ਼ਰ ਵਧਣ ਦੀ ਪਹਿਲੀ ਪੌੜੀ ਸਮਝੋ। ਜੇ ਉੱਪਰਲਾ 160 ਤੋਂ ਵੱਧ ਹੈ ਅਤੇ ਹੇਠਲਾ 100 ਤੋਂ ਵੱਧ ਹੈ ਤਾਂ ਸਮਝੋ ਕਿ ਬਲੱਡ ਪ੍ਰੈੱਸ਼ਰ ਦੀ ਦੂਜੀ ਪੌੜੀ ਚੜ੍ਹ ਚੁੱਕੇ ! ਜੇ ਬਲੱਡ ਪ੍ਰੈੱਸ਼ਰ ਦਵਾਈਆਂ ਨਾਲ ਕਾਬੂ ਵਿਚ ਰੱਖਿਆ ਜਾ ਰਿਹਾ ਹੈ ਫੇਰ ਵੀ ਪੌੜੀ ਚੜ੍ਹੀ ਤਾਂ ਪਹਿਲੀ ਮਿਣਤੀ ਤੋਂ ਹੀ ਗਿਣੀ ਜਾਂਦੀ ਹੈ। ਹੁਣ ਕੋਲੈਸਟਰੋਲ ਦੀ ਗੱਲ ਕਰੀਏ। ਕੋਲੈਸਟਰੋਲ ਵੀ ਦੋ ਕਿਸਮਾਂ ਦਾ ਹੁੰਦਾ ਹੈ- ਚੰਗਾ(ਐਚ.ਡੀ.) ਤੇ ਮਾੜਾ (ਐਲ.ਡੀ.ਐਲ.) ਸਰੀਰ ਵਿਚਲਾ ਕੋਲੈਸਟਰੋਲ 200 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਹਮੇਸ਼ਾ ਘੱਟ ਹੋਣਾ ਚਾਹੀਦਾ ਹੈ। ਟਰਾਈਗਲਿਸਰਾਈਡ 150 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਘੱਟ, ਚੰਗਾ ਕੋਲੈਸਟਰੋਲ 40 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਵੱਧ ਅਤੇ ਮਾੜਾ ਕੋਲੈਸਟਰੋਲ 130 ਮਿਲੀਗ੍ਰਾਮ ਪ੍ਰਤੀ ਡੈਸੀਲਿਟਰ ਤੋਂ ਘਟ ਹੀ ਰਹੇ ਤਾਂ ਵਧੀਆ ਹੈ।
ਸ਼ੱਕਰ ਰੋਗ ਅਤੇ ਸਿਗਰਟ, ਬੀੜੀ ਦਿਲ ਦਾ ਸੱਤਿਆਨਾਸ ਕਰ ਦਿੰਦੇ ਹਨ। ਸਭ ਕੁਝ ਜਾਣਦੇ ਬੁੱਝਦੇ ਵੀ ਲੋਕ ਲਹੂ ਵਿਚ ਸ਼ੱਕਰ ਦੀ ਮਾਤਰਾ ਠੀਕ ਰੱਖਣ ਲਈ ਇਨਸੂਲਿਨ ਦੇ ਟੀਕੇ ਲਵਾਉਣ ਨਾਲੋਂ ਦੁਨੀਆਂ ਨੂੰ ਅਲਵਿਦਾ ਕਹਿਣਾ ਜ਼ਿਆਦਾ ਠੀਕ ਸਮਝਦੇ ਹਨ। ਇਸੇ ਹੀ ਤਰ੍ਹਾਂ ਸਿਗਰਟ ਬੀੜੀ ਦੇ ਆਦੀ ਲੋਕ ਇਸ ਨੂੰ ਜ਼ਿੰਦਗੀ ਤੋਂ ਕੀਮਤੀ ਸਮਝਦੇ ਹਨ। ਮੋਟਾਪੇ ਨਾਲ ਦਿਲ ਦਾ ਨਾਸ ਤਾਂ ਵੱਜਦਾ ਹੀ ਹੈ ਪਰ ਇਹ ਬਲੱਡ ਪ੍ਰੈੱਸ਼ਰ, ਦਿਮਾਗ਼ ਦੀ ਨਸ ਬੰਦ ਹੋਣੀ, ਪਿੱਤੇ ਦੀ ਪੱਥਰੀ, ਛਾਤੀ ਦਾ ਕੈਂਸਰ, ਅੰਤੜੀਆਂ ਅਤੇ ਗਦੂਦ ਦੇ ਕੈਂਸਰ ਦਾ ਕਾਰਨ ਵੀ ਬਣ ਜਾਂਦਾ ਹੈ। ਆਪਣਾ ਭਾਰ ਠੀਕ ਮਾਪ ਦਾ ਰੱਖਣ ਲਈ ਬੀ   ਮਾਸ ਇੰਡੈਕਸ ਲੱਭੀ ਜਾ ਸਕਦੀ ਹੈ। ਇਹ ਕਰਨ ਲਈ ਆਪਣਾ ਭਾਰ ਕਿੱਲੋਆਂ ਵਿਚ ਅਤੇ ਲੰਬਾਈ ਮੀਟਰਾਂ ਵਿਚ ਨਾਪ ਲਵੋ। ਲੰਬਾਈ ਨੂੰ ਮੀਟਰ ਸਕੁਏਅਰ ਵਿਚ ਬਦਲ ਕੇ ਇਸ ਤਰ੍ਹਾਂ ਗਿਣਤੀ ਕੀਤੀ ਜਾ ਸਕਦੀ ਹੈ। ਮਸਲਨ ਭਾਰ 70 ਕਿੱਲੋ ਅਤੇ ਲੰਬਾਈ 1  ਮੀਟਰ-ਤਾਂ ਬੀ [ਭਾਰ/ (ਲੰਬਾਈ)2 [70/ 2 [24  ਕਿੱਲੋ ਪ੍ਰਤੀ ਮੀਟਰ ਸਕੁਏਅਰ। ਜੇ ਬੀ 18  ਤੋਂ ਘੱਟ ਹੈ ਤਾਂ ਸਮਝੋ ਕਾਫੀ ਕਮਜ਼ੋਰ ਹੋ। ਜੇ 18  ਤੋਂ 24  ਹੈ ਤਾਂ ਨਾਰਮਲ ਹੋ। ਜੇ 25 ਤੋਂ 29  ਹੈ ਤਾਂ ਭਾਰ ਜ਼ਿਆਦਾ ਹੈ, ਪਰ ਜੇ 30 ਤੋਂ ਵੱਧ ਹੈ ਤਾਂ ਮੋਟਾਪਾ ਵਧ ਚੁੱਕਾ ਹੈ। ਭਾਰਤੀਆਂ ਲਈ ਇਹੀ ਮਾਪਦੰਡ ਕੁਝ ਘੱਟ ਮਾਤਰਾ ਵਿਚ ਹਨ। ਜੇ ਸਿਰਫ 10 ਪ੍ਰਤੀਸ਼ਤ ਭਾਰ ਵੀ ਘਟ ਜਾਂਦਾ ਹੈ ਤਾਂ ਦਿਲ ਉੱਤੇ ਮਾੜਾ ਅਸਰ ਤਾਂ ਘਟਦਾ ਹੀ ਹੈ ਪਰ ਅੱਧੀਆਂ ਬੀਮਾਰੀਆਂ ਵੀ ਸਰੀਰ ਵਿੱਚੋਂ ਭੱਜਣ ਦੀ ਕਰਦੀਆਂ ਹਨ। ਹੁਣ ਸੋਚ ਕੇ ਵੇਖੋ ਜੇ ਵੀਹ ਪ੍ਰਤੀਸ਼ਤ ਭਾਰ ਘਟ ਜਾਏ ਤਾਂ ਕੀ ਕਮਾਲ ਹੋ ਸਕਦਾ ਹੈ ! ਕਮਰ ਦਾ ਨਾਪ ਔਰਤਾਂ ਵਿਚ 90 ਸੈਂਟੀਮੀਟਰ ਅਤੇ ਮਰਦਾਂ ਵਿਚ 80 ਸੈਂਟੀਮੀਟਰ ਤੋਂ ਵਧ ਨਹੀਂ ਹੋਣਾ ਚਾਹੀਦਾ।
ਜੇ ਲਗਾਤਾਰ ਵਧੀਆ ਏਰੋਬਿਕ(ਦੌੜਨਾ, ਸਾਈਕਲ ਚਲਾਉਣਾ, ਨੱਚਣਾ, ਤੈਰਨਾ, ਪੌੜੀਆਂ ਚੜ੍ਹਨਾ ਆਦਿ) ਸਰੀਰਕ ਕਸਰਤ ਜਾਰੀ ਰੱਖੀ ਜਾਏ ਤਾਂ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ 50 ਪ੍ਰਤੀਸ਼ਤ ਤਕ ਘਟ ਜਾਂਦਾ ਹੈ ਜਿਨ੍ਹਾਂ ਵਿਚ ਬਹੁਤੇ ਰੁਝੇਵੇਂ ਵਾਲੇ ਲੋਕ ਤਾਂ ਲਿਫਟ ਦੀ ਬਜਾਏ ਪੌੜੀਆਂ ਹੀ ਰੋਜ਼ਾਨਾ ਚੜਦੇ ਰਹਿਣ ਜਾਂ ਦਫਤਰ ਤੋਂ ਕਾਰ ਇਕ ਕਿਲੋਮੀਟਰ ਦੂਰ ਖੜੀ ਕਰ ਕੇ ਪੈਦਲ ਤੁਰ ਪੈਣ, ਰੋਜ਼ਾਨਾ ਯੋਗ ਕਰਨ ਨਾਲ ਹੀ ਕਾਫੀ ਫ਼ਾਇਦਾ ਲੈ ਸਕਦੇ ਹਨ। ਲਗਾਤਾਰ ਕਸਰਤ ਕਰਨ ਨਾਲ ਹੱਡੀਆਂ ਵੀ ਮਜ਼ਬੂਤ ਰਹਿੰਦੀਆਂ ਹਨ, ਹੱਡੀਆਂ ਵਿਚਲਾ ਕੈਲਸ਼ੀਅਮ ਵੀ ਨਹੀਂ ਘਟਦਾ ਅਤੇ ਜੋੜ ਵੀ ਸਿਹਤਮੰਦ ਰਹਿੰਦੇ ਹਨ।
ਵਿਕਸਿਤ ਦੇਸ਼ਾਂ ਵਿਚ 45 ਸਾਲ ਦੀ ਉਮਰ ਤੋਂ ਬਾਅਦ ਆਦਮੀਆਂ ਵਿਚ ਅਤੇ 55 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿਚ ਦਿਲ ਦੀ ਬੀਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ ਪਰ ਭਾਰਤ ਵਿਚ ਜਿਵੇਂ ਮੈਂ ਅੱਗੇ ਦੱਸਿਆ ਹੈ, ਭਰ ਜਵਾਨੀ ਵਿਚ ਹੀ ਦਿਲ ਦੇ ਰੋਗੀ ਬਣੀ ਜਾ ਰਹੇ ਹਨ ਇਸੇ ਲਈ ਖ਼ੁਰਾਕ ਅਤੇ ਕਸਰਤ ਦਾ ਖ਼ਿਆਲ ਬਚਪਨ ਤੋਂ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਸਬਜ਼ੀ ਦਾਲਾਂ ਤੋਂ ਬਗ਼ੈਰ ਰੋਟੀ ਨਹੀਂ ਦੇਣੀ ਚਾਹੀਦੀ, ਰੋਜ਼ਾਨਾ ਪਰੌਂਠੇ, ਆਚਾਰ ਤਾਂ ਬਿਲਕੁਲ ਨਹੀਂ ਤੇ ਨਾ ਹੀ ਕੋਲਡ ਡਰਿੰਕਸ, ਚਿਪਸ, ਸੌਸ ਆਦਿ। ਜੇ ਘਰ ਵਿਚ ਪਿਓ ਨੂੰ ਦਿਲ ਦੀ ਬੀਮਾਰੀ 45 ਸਾਲ ਦੀ ਉਮਰ ਤੋਂ ਪਹਿਲਾਂ ਅਤੇ ਮਾਂ ਵਿਚ 55 ਸਾਲ ਦੀ ਉਮਰ ਤੋਂ ਪਹਿਲਾਂ ਹੋਈ ਹੈ ਤਾਂ ਇਸ ਦਾ ਅਸਰ ਅੱਗੋਂ ਬੱਚਿਆਂ ਵਿਚ ਛੇਤੀ ਹੋਣ ਦਾ ਖ਼ਤਰਾ ਕਾਫੀ ਵਧ ਜਾਂਦਾ ਹੈ। ਨਸ਼ੇ ਜਿਵੇਂ ਕੋਕੀਨ ਵੀ ਵੱਡੇ ਸ਼ਹਿਰਾਂ ਦੇ ਵੱਡੇ ਕਾਕਿਆਂ ਵਿਚ ਦਿਲ ਦੇ ਦੌਰਿਆਂ ਦਾ ਉਭਰਦਾ ਕਾਰਨ ਬਣਦੇ ਜਾ ਰਹੇ ਹਨ ਕਿਉਂਕਿ ਇਹ ਦਿਲ ਦੀਆਂ ਨਾਰਮਲ ਨਾੜੀਆਂ ਨੂੰ ਸੁੰਗੜਨ ਲਈ ਮਜਬੂਰ ਕਰ ਦਿੰਦੇ ਹਨ।
ਕਈ ਲੋਕਾਂ ਨੂੰ ਕੋਲੈਸਟਰੋਲ ਨਾਰਮਲ ਹੁੰਦਿਆ ਹੋਇਆਂ, ਸ਼ੱਕਰ ਰੋਗ ਅਤੇ ਬਲੱਡ ਪ੍ਰੈੱਸ਼ਰ ਨਾ ਹੁੰਦਿਆਂ ਹੋਇਆਂ ਵੀ ਦਿਲ ਦਾ ਦੌਰਾ ਹੋ ਜਾਂਦਾ ਹੈ। ਇਸ ਦਾ ਕਾਰਨ ਹੋਮੋਸਿਸਟੀਨ ਦਾ ਵਧ ਜਾਣਾ ਹੁੰਦਾ ਹੈ ਜਿਸ ਨੂੰ ਘਟਾਉਣ ਲਈ ਬੀ ਕੰਪਲੈਕਸ ਵਿਟਾਮਿਨ ਸਹਾਈ ਹੁੰਦਾ ਹੈ। ਸੰਗੀਤ ਦਾ ਵੀ ਬੀਮਾਰੀ ਘਟਾਉਣ ਵਿਚ ਰੋਲ ਲੱÎਭਿਆ ਜਾ ਚੁੱਕਿਆ ਹੈ।
ਮੱਧਮ ਮਧੁਰ ਸੰਗੀਤ ਤਣਾਓ ਘਟਾਉਣ ਦੇ ਨਾਲ ਨਾਲ ਬਲੱਡ ਪ੍ਰੈੱਸ਼ਰ ਵੀ ਘਟਾ ਦਿੰਦਾ ਹੈ, ਧੜਕਨ ਨਾਰਮਲ ਕਰ ਦਿੰਦਾ ਹੈ, ਸਰੀਰ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ, ਇਕਾਗਰਤਾ ਵਿਚ ਵਾਧਾ ਕਰਦਾ ਹੈ ਅਤੇ ਦਰਦ ਵੀ ਘਟਾ ਦਿੰਦਾ ਹੈ। ਇਸ ਦੇ ਉਲਟ ਤੇਜ਼ ਉੱਚਾ ਸੰਗੀਤ ਬਲੱਡ ਪ੍ਰੈੱਸ਼ਰ ਵਧਾ ਦਿੰਦਾ ਹੈ ਅਤੇ ਸਰੀਰ ਅੰਦਰ ਮਾੜੇ ਹਾਰਮੋਨਾਂ ਦਾ ਵੀ ਵਾਧਾ ਕਰ ਦਿੰਦਾ ਹੈ। ਏਨਾ ਕੁਝ ਜਾਣ ਲੈਣ ਤੋਂ ਬਾਅਦ ਹੁਣ ਤਾਂ ਦਿਲ ਦੀਆਂ ਦਿਲ ਵਿਚ ਨਹੀਂ ਰਹਿਣ ਦੇਣੀਆਂ ਚਾਹੀਦੀਆਂ। ਖੁੱਲ੍ਹ ਕੇ ਇਜ਼ਹਾਰ ਕਰ ਲੈਣਾ ਚਾਹੀਦਾ ਹੈ ਅਤੇ ਰੱਜ ਕੇ ਹੱਸਣਾ ਚਾਹੀਦਾ ਹੈ। ਰੋਜ਼ਾਨਾ ਕਸਰਤ ਕਰ ਕੇ, ਮਧੁਰ ਸੰਗੀਤ ਸੁਣ ਕੇ ਵਧੀਆ ਸਿਹਤਮੰਦ ਖਾਣਾ ਖਾ ਕੇ, ਤਣਾਓ ਘਟਾ ਕੇ, ਭਾਰ ਕਾਬੂ ਵਿਚ ਰੱਖ ਕੇ, ਭਰਪੂਰ ਜ਼ਿੰਦਗੀ ਜੀਅ ਕੇ, ਵਧੀਆ ਇਨਸਾਨਾਂ ਨਾਲ ਸਮਾਂ ਬਿਤਾ ਕੇ, ਰੱਬੀ ਬਾਣੀ ਦਾ ਅਨੰਦ ਉਠਾ ਕੇ, ਦਿਲ ਦੇ 'ਚੰਦਰੇ' ਰੋਗ ਤੋਂ ਬਚਿਆ ਜਾ ਸਕਦਾ ਹੈ। ਜੇ ਹਾਲੇ ਵੀ ਕੋਈ ਦਿਲ ਦੇ ਮਾਮਲੇ ਵਿਚ 'ਗੜਬੜ' ਕਰਨੀ ਚਾਹੇ ਤਾਂ ਉਸ ਦੀ ਮਰਜ਼ੀ!
ਡਾ. ਹਰਸ਼ਿੰਦਰ ਕੌਰ