ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ


'ਪੁਰਾਣੇ ਜ਼ਮਾਨੇ ਵਿਚ ਕਿਸੇ ਵਕਤ ਧਰਮ ਦੇ ਉਪਾਸ਼ਕਾਂ ਭਾਰਤੀ ਵੱਡ-ਵਡੇਰਿਆਂ ਨੂੰ ਵਰਨ ਵੰਡ ਦਾ ਏਨਾ ਚਾਓ ਰਿਹਾ ਹੈ ਕਿ ਉਨ੍ਹਾਂ ਮਨੁੱਖ ਸ਼੍ਰੇਣੀ ਨੂੰ ਤਾਂ ਵੰਡੀਆਂ ਪਾ ਕੇ ਲੀਰੋ ਲੀਰ ਕੀਤਾ ਹੀ ਸੀ ਪਰ ਇਥੋਂ ਤੱਕ ਬੇਸਬਰੇ ਤੇ ਅਗਿਆਨ ਵੱਸ ਹੋਏ ਕਿ ਪਸ਼ੂ ਪੰਛੀਆਂ ਤੇ ਦਰੱਖਤਾਂ ਤੱਕ ਨੂੰ ਵੰਡ ਕੇ ਸਾਹ ਲਿਆ। ਮਿਸਾਲ ਵਜੋਂ ਦਰੱਖਤਾਂ ਵਿਚੋਂ ਪਿੱਪਲ ਬ੍ਰਾਹਮਣ ਲਈ, ਕਿੱਕਰ ਵੈਸ਼ ਲਈ ਤੇ ਅੱਕ ਸ਼ੂਦਰ ਕਰਾਰ ਦੇ ਦਿੱਤਾ ਗਿਆ। ਇਵੇਂ ਹੀ ਪੰਛੀਆਂ ਵਿਚੋਂ ਸੱਪ ਤੇ ਕਬੂਤਰ ਬ੍ਰਾਹਮਣ ਦੇ, ਤੋਤਾ ਵੈਸ਼ ਦਾ ਅਤੇ ਕਾਂ ਵਿਚਾਰਾ ਸ਼ੂਦਰ ਦੇ ਹਿੱਸੇ ਆ ਗਿਆ। ਤਿਉਹਾਰਾਂ ਵਿਚ ਵੀ ਸ਼ਰਾਧ ਬ੍ਰਾਹਮਣ ਲਈ, ਦੁਸ਼ਹਿਰਾ ਤੇ ਬਸੰਤ ਖੱਤਰੀ ਲਈ, ਦੀਵਾਲੀ ਵੈਸ਼ ਲਈ ਅਤੇ ਹੋਲੀ ਸ਼ੂਦਰ ਦੇ ਨਾਲ ਜੋੜ ਦਿੱਤੇ ਗਏ। ਧਰਮ ਸ਼ਾਸਤਰ ਅਨੁਸਾਰ ਜਿਵੇਂ ਸ਼ੂਦਰ ਲਈ ਬਹੁਤੇ ਸੰਜਮ ਦੀ ਲੋੜ ਨਹੀਂ ਸਮਝੀ ਜਾਂਦੀ ਤਿਵੇਂ ਹੀ ਹੋਲੀ ਦੇ ਤਿਉਹਾਰ ਵਿਚ ਇਸ ਦੇਸ਼ ਦੇ ਰਹਿਣ ਵਾਲੇ ਸੰਜਮ ਤੇ ਸਾਊਪੁਣੇ ਦੀ ਲਗਾਮ ਜ਼ਰਾ ਕੁ ਢਿੱਲੀ ਛੱਡ ਦਿਆ ਕਰਦੇ ਹਨ। ਖਰਮਸਤੀਆਂ ਕਰਦੇ ਤੇ ਗੰਦ ਮੰਦ ਉਛਾਲਕੇ ਖੁਸ਼ ਹੁੰਦੇ ਹਨ। ਹੋਲੀਆਂ ਦੇ ਤਿਉਹਾਰ ਤੇ ਪ੍ਰਗਟ ਹੋਣ ਵਾਲੀ ਸਾਡੀ ਕੁਚੱਜਤਾ ਤੋਂ ਵੀ ਇਹੀ ਸਿੱਧ ਹੁੰਦਾ ਹੈ ਕਿ ਇਹ ਤਿਉਹਾਰ ਹਿੰਦੁਸਤਾਨ ਦੀ ਗੁਲਾਮੀ ਦੀ ਹੀ ਦੇਣ ਹੈ।
ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਗੁਲਾਮਾਂ ਦਾ ਗੁਲਾਮ ਰਿਹਾ ਹਿੰਦੁਸਤਾਨ, ਗੁਲਾਮ ਕੌਮਾਂ ਤੇ ਗੁਲਾਮ ਦਿਮਾਗਾਂ ਲਈ ਸੂਰਜ ਉਦੈ ਹੋ ਗਿਆ। ਜੀਵਨ ਨਵਾਂ ਨਰੋਆ ਹੋ ਕੇਉਸ ਦੇ ਸਾਰੇ ਰਾਹ ਬਦਲ ਗਏ। ਮਨੁੱਖ ਦਾ ਦਿਲ ਦਿਮਾਗ ਬਦਲ ਗਿਆ। ਜਜ਼ਬੇ ਤੇ ਖਿਆਲ ਬਦਲ ਗਏ। ਰੂਹਾਂ ਬਦਲ ਗਈਆਂ, ਸਰੀਰ ਬਦਲ ਗਏ, ਸੁੱਕੇ ਸੜੇ ਤੇ ਕੋਝੇ ਸਰੀਰਾਂ ਵਿਚ ਨਵੀਂ ਆਈ ਬਹਾਰ ਵਾਂਗ ਜ਼ਿੰਦਗੀ ਲਹਿ-ਲੁਹਾਉਣ ਲੱਗ ਪਈ। ਇਹ ਜਾਮੇ-ਅਜ਼ਾਦੀ ਸੀ ਜਿਸ ਨੂੰ ਪੀ ਕੇ ਸਰੂਰ ਨਾਲ ਸਿੰਘਾਂ ਦੇ ਚਿਹਰੇ ਚਮਕ ਉਠੇ।
ਗੁਲਾਮ ਨਿਮਾਣੇ ਤੇ ਨਿਤਾਣੇ ਲੋਕ ਹੋਲੀਆਂ ਖੇਡਦੇ ਸਨ ਪਰ ਸੂਰਬੀਰ ਖਾਲਸੇ ਨੇ ਖੇਡਿਆ ਸੁਤੰਤਰ ਹੋਲਾ। ਹੋਲੀਆਂ ਖੇਡੀਆਂ ਜਾਂਦੀਆਂ ਹਨ ਗੰਦ ਮੰਦ ਜਾਂ ਗੁਲਾਲ ਅਮੀਰ ਆਦਿ ਰੰਗਾਂ ਨਾਲ ਪਰ ਕਲਗੀਧਰ ਪਿਤਾ ਜੀ ਦੇ ਸੂਰਬੀਰ ਸਿੰਘ ਹੋਲਾ ਖੇਡਦੇ ਹਨ ਤਲਵਾਰਾਂ, ਭਾਲਿਆਂ ਤੇ ਨੇਜ਼ਿਆਂ ਨਾਲ। ਹੋਲੇ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸਾ ਜੀ ਦਾ ਜੋ 'ਮਹੱਲਾ' ਜਲੂਸ ਨਿਕਲਦਾ ਹੈ ਉਸ ਦਾ ਬੀਰਤਾ ਭਰਪੂਰ ਨਜ਼ਾਰਾ ਮੁਰਦਿਆਂ ਵਿਚ ਇਕ ਨਵਾਂ ਜੀਵਨ ਭਰ ਦਿੰਦਾ ਹੈ। ਅਨੰਦਪੁਰ ਸਾਹਿਬ ਦੀਆਂ ਜੂਹਾਂ ਵਿਚ ਜਦੋਂ ਇਹ ਬੀਰਤਾ ਦਾ ਸਮੁੰਦਰ ਠਾਠਾਂ ਮਾਰਦਾ ਹੋਇਆ ਲੰਘਦਾ ਹੈ ਤਾਂ ਦਰਸ਼ਕਾਂ ਦੀ ਕਾਇਰਤਾ, ਗੁਲਾਮੀ ਅਤੇ ਢਹਿੰਦੀਆਂ ਕਲਾ ਦੇ ਕੱਖ-ਕਾਨ ਸਭ ਨੂੰ ਰੋੜ ਲੈ ਜਾਂਦਾ ਹੈ।
'ਹੋਲਾ' ਅਰਬੀ ਦਾ ਸ਼ਬਦ ਹੈ ਅਤੇ 'ਮਹੱਲਾ' ਫਾਰਸੀ ਦਾ। ਹੋਲਾ ਦੇ ਅਰਥ ਹਨ 'ਹਮਲਾ' ਤੇ ਮਹੱਲਾ ਦੇ ਅਰਥ ਹਨ 'ਜਾਇ ਹਮਲਾ'। ਲੋਕਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਦਰਸਾਉਣ ਦੀ ਲੋੜ ਸੀ ਕਿ ਹਮਲਾ ਕਿਸ ਵੇਲੇ ਤੇ ਕਿਸ ਥਾਂ 'ਤੇ ਕਰਨਾ ਹੈ। ਜੇ ਇਸ ਦੀ ਸੂਝ ਹੋ ਜਾਏ ਤਾਂ ਅੱਧੀ ਜੰਗ ਜਿੱਤੀ ਜਾਂਦੀ ਹੈ। ਹੋਲਾ ਹੂਲ ਤੋਂ ਵੀ ਬਣਿਆ ਕਿਹਾ ਜਾਂਦਾ ਹੈ। ਹੂਲ ਦੇ ਅਰਥ ਨੋਕ ਹਨ। ਭਲੇ ਕੰਮ ਲਈ ਜੂਝਣਾ ਤਲਵਾਰ ਦੀ ਨੋਕ ਧਾਰਾ ਤੇ ਚੱਲਣਾ ਹੀ ਹੈ। ਸੰਤ ਜਾਂ ਸਿਪਾਹੀ ਦੋਵੇਂ ਹੀ ਤਲਵਾਰ ਦੀ ਧਾਰ 'ਤੇ ਚੱਲਦੇ ਹਨ। ਹੋਲਾਂ ਭੱਠੀ ਵਿਚ ਪੱਕ ਗਏ ਨੂੰ ਵੀ ਕਹਿੰਦੇ ਹਨ। ਹੋਲਾਂ ਭੱਠੀ ਵਿਚ ਪਾ ਕੇ ਲੋਕਾਂ ਨੂੰ ਦ੍ਰਿੜ੍ਹ ਚਿੱਤ ਕਰਕੇ ਪਕਾਉਣਾ ਹੀ ਸੀ। ਹੋਲੇ ਵਾਲੇ ਦਿਨ ਗੁਰੂ ਜੀ ਫੌਜਾਂ ਦੀਆਂ ਦੋ ਟੁਕੜੀਆਂ ਬਣਾ ਕੇ ਜੰਗੀ ਮਸਕਾਂ ਕਰਾਉਂਦੇ ਤੇ ਤਲਵਾਰੀਆਂ ਤੇ ਜੰਗਬਾਜਾਂ ਦੇ ਕਰਤੱਵ ਫੌਜੀਆਂ ਨੂੰ ਦਿਖਾਉਂਦੇ। ਜੇਤੂ ਫੌਜ-ਟੁਕੜੀ ਤੇ ਪੁਰਸ਼ਾਂ ਨੂੰ ਸਿਰੋਪਾ ਦਿੰਦੇ। ਹੋਲਾ ਮਹੱਲਾ ਜਵਾਨੀਆਂ ਭੇਟ ਕਰਨ ਦਾ ਦਿਨ ਵੀ ਬਣ ਗਿਆ। ਲੋਕੀਂ ਦੂਰੋਂ-ਦੂਰੋਂ ਅਨੰਦਪੁਰ ਸਾਹਿਬ ਹੋਲਾ ਮਹੱਲਾ ਵਾਲੇ ਦਿਨ ਜਵਾਨੀਆਂ ਭੇਟ ਕਰਦੇ।
ਹੋਲੀ ਭਾਰਤ ਦਾ ਰੁੱਤੀ ਤਿਉਹਾਰ ਹੈ। ਇਸ ਦੇ ਤਿੰਨ ਨਾਮ ਸੱਦੇ ਜਾਂਦੇ ਹਨ - ਹੋਲਾਕਾ, ਹੋਲਕਾ ਅਤੇ ਹੋਲੀ। ਬਸੰਤ ਰੁੱਤ ਤੋਂ ਪਹਿਲਾਂ ਕੁਝ ਉਦਾਸੀ ਜਿਹੀ ਦਾ ਪ੍ਰਭਾਵ ਪਿਆ ਰਹਿੰਦਾ ਹੈ। ਬਸੰਤ ਦੀ ਖਿੜੀ ਬਹਾਰ ਵਿਚ ਪਸ਼ੂ ਪੰਛੀ ਮਨੁੱਖ ਸਭਨਾਂ ਦੇ ਚਿੱਤ ਖਿੜ ਆਉਂਦੇ ਹਨ। ਹੋਲੀ ਤਿਉਹਾਰ ਦੀਆਂ ਰੰਗ-ਰਲੀਆਂ ਵਧਦੀਆਂ ਵਧਦੀਆਂ ਵਿਕਾਰ ਅਤੇ ਗੰਦ ਵੱਲ ਰੁਚੀ ਫੜ ਗਈਆਂ। ਕੌਮ ਦੇ ਉਸ ਵੇਲੇ ਦੇ ਆਚਰਨ ਦੀ ਇਹ ਬੜੀ ਤਰਸ-ਭਰੀ ਤਸਵੀਰ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਜਨਤਾ ਨੂੰ ਹੋਲੀਆਂ ਦੀਆਂ ਰੰਗ-ਰਲੀਆਂ ਵਲੋਂ ਹਟਾ ਦਿੱਤਾ। ਸਿੱਖ ਕੌਮ ਵਿਚ ਬੀਰ ਰਸ ਭਰਨ ਲਈ ਹੁਕਮ ਦਿੱਤੇ ਕਿ ਇਹ ਦਿਨ ਸ਼ਸਤਰ ਵਿਦਿਆ ਦੇ ਉਚੇਚੇ ਅਭਿਆਸ ਲਈ ਵਰਤੇ ਜਾਣ। ਪੁਰਾਣੇ ਸੰਸਕਾਰਾਂ ਨੂੰ ਉੱਕਾ ਹੀ ਮਨ ਵਿਚੋਂ ਦੂਰ ਕਰਨ ਲਈ ਅਤੇ ਹੋਲੀਆਂ ਦੇ ਰੰਗ ਤਮਾਸ਼ਿਆਂ ਨਾਲੋਂ ਪੱਕੇ ਤੌਰ 'ਤੇ ਸਿੱਖਾਂ ਦਾ ਸਬੰਧ ਤੋੜਨ ਲਈ ਸਤਿਗੁਰੂ ਜੀ ਨੇ ਹੋਲੀ ਦੇ ਥਾਂ ਸਿੱਖਾਂ ਵਾਸਤੇ ਹੋਲਾ-ਤਿਉਹਾਰ ਮੁਕਰਰ ਕਰ ਦਿੱਤਾ।
ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਜਾਂ 'ਖਾਲਸੇ ਦਾ ਹੋਲਾ' ਸ਼ਬਦ ਜ਼ਬਾਨ 'ਤੇ ਆਉਂਦਿਆਂ ਜਾਂ ਕੰਨੀ ਸੁਣਦਿਆਂ ਇਸ ਦੇ ਪਿਛੋਕੜ ਤੇ ਨਿਰੰਤਰ ਪ੍ਰਚੱਲਤ ਚੜ੍ਹਦੀ ਕਲਾ ਦੇ ਪਰਵਾਹ ਤੇ ਛੋਹ ਦਾ ਮਨੁੱਖੀ ਹਿਰਦਿਆਂ ਨੂੰ ਨਸ਼ਿਆਉਣਾ ਸੁਭਾਵਕ ਹੈ। ਹਰ ਸਾਲ ਚੇਤ ਵਦੀ ਇਕ ਨੂੰ ਸੰਸਾਰ ਭਰ ਵਿਚੋਂ ਗੁਰੂ ਕੇ ਸਿੰਘਾਂ ਦਾ ਅਨੰਦਪੁਰੀ ਵੱਲ ਉਮੜਦਾ ਵਹੀਰ ਤੇ ਸਿੰਘਪੁਣੇ ਦੇ ਅਲੌਕਿਕ ਨਜ਼ਾਰੇ ਇਸ ਦੀ ਮੰਦ ਹੋਈ ਗਤੀ ਨੂੰ ਫਿਰ ਗਤੀਸ਼ੀਲ ਬਣਾ ਦਿੰਦੇ ਹਨ। ਸੂਰਬੀਰਤਾ ਨਿਰਭੈਤਾ ਤੇ ਚੜ੍ਹਦੀ ਕਲਾ ਦੇ ਇਸ ਪ੍ਰਵਾਹ ਨੂੰ ਸਦੀਵਤਾ ਪ੍ਰਦਾਨ ਕਰਨ ਲਈ ਖਾਲਸੇ ਦੀ ਸਾਜਨਾ ਤੋਂ ਕੇਵਲ ਇਕ ਸਾਲ ਬਾਅਦ ਦਸਮੇਸ਼ ਪਿਤਾ ਜੀ ਨੇ ਹੋਲਗੜ੍ਹ ਨਾਮੀ ਕਿਲ੍ਹਾ ਬਣਾ ਕੇ ਸੰਮਤ 1757 ਚੇਤ ਵਦੀ ਇਕ ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਸ਼ੁਰੂ ਕਰ ਦਿੱਤੀ। 'ਹੋਲੇ ਮਹੱਲੇ ਦੇ ਜਲੂਸ' ਨੂੰ ਮਹੱਲਾ ਕੱਢਣਾ ਜਾਂ ਮਹੱਲਾ ਚੜ੍ਹਨਾ ਭੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦਸਮੇਸ਼ ਪਿਤਾ ਜੀ ਦੀ ਅਨੰਦ-ਨਗਰੀ ਦਾ ਹੋਲਾ ਮਹੱਲਾ ਬੀਰ-ਰਸੀ ਰਵਾਇਤਾਂ ਦਾ ਪ੍ਰਤੀਕ ਹੈ ਤੇ ਸਾਨੂੰ ਹਰ ਸਾਲ ਦ੍ਰਿੜ੍ਹ-ਵਿਸ਼ਵਾਸੀ ਪ੍ਰਭੂ ਭਗਤੀ ਤੇ ਉੱਚੇ ਸੁੱਚੇ ਮਨੁੱਖ ਆਦਰਸ਼ਾਂ ਲਈ ਜ਼ੁਲਮ ਜਬਰ, ਨਾਸਤਿਕਤਾ ਤੇ ਭ੍ਰਿਸ਼ਟਾਚਾਰ ਵਿਰੁੱਧ ਜੂਝਣ ਲਈ ਨਵਾਂ ਜੋਸ਼ ਤੇ ਉਤਸ਼ਾਹ ਪ੍ਰਦਾਨ ਕਰਦਾ ਹੈ।
ਹੋਲਾ ਮਹੱਲਾ ਸਬੰਧੀ ਪੰਥ ਦੇ ਮਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਨੇ ਇਸ ਬਾਰੇ ਇੰਝ ਲਿਖਿਆ ਹੈ : ''ਯੁੱਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ (ਪਿਤਾ) ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ਵਦੀ ਇਕ ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸਬੰਧ ਨਹੀਂ। ਮਹੱਲਾ ਇਕ ਪ੍ਰਚਾਰ ਦੀ ਮਸਨੂਈ ਲੜਾਈ ਹੈ। ਪੈਦਲ ਘੋੜ-ਸਵਾਰ ਤੇ ਸ਼ਸਤਰਧਾਰੀ ਦੋ ਪਾਸਿਆਂ ਤੋਂ ਇਕ ਖਾਸ ਹਮਲੇ ਦੀ ਥਾਂ ਉਤੇ ਹਮਲਾ ਕਰਦੇ ਸਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਹੋਏ ਦੋਹਾਂ ਦਲਾਂ ਨੂੰ ਲੋੜੀਂਦੀ ਸ਼ੁਭ ਸਿੱਖਿਆ ਦਿਆ ਕਰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਦੀਵਾਨ 'ਚ ਵਿਸ਼ੇਸ਼ ਇਨਾਮ ਥਾਪੜਾ ਬਖਸ਼ਦੇ ਸਨ। ਪਰ ਅਸੀਂ ਸਾਲ ਪਿਛੋਂ ਇਹ ਰਸਮ ਨਾਮ ਮਾਤਰ ਕਰ ਛੱਡਦੇ ਹਾਂ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂ ਕਿ ਸ਼ਸਤਰ-ਵਿਦਿਆ ਤੋਂ ਅਣਜਾਣ ਸਿੱਖ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ।''
ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ 'ਦੇਗ ਤੇਗ ਫਤਹਿ' ਵਾਲੇ ਸ਼ਬਦਾਂ ਬਾਰੇ ਸੋਚਦੇ ਹਾਂ। ਗੁਰੂ ਦੀਆਂ ਸੰਗਤਾਂ ਨੂੰ ਜਿਥੇ ਕੜਾਹ ਪ੍ਰਸ਼ਾਦ, ਗੁਰੂ ਕਾ ਲੰਗਰ ਆਦਿ ਨੂੰ ਦੇਗ ਜਾਂ ਦੇਗਾ ਕਿਹਾ ਹੈ ਉਥੇ ਨਾਲ ਹੀ ਨਿਯਮ ਹੈ ਕਿ ਬਿਨਾਂ ਕਿਰਪਾਨ ਭੇਟ ਦੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਨਹੀਂ ਵਰਤਾਉਣੀ ਅਤੇ ਨਾ ਹੀ ਛਕਣੀ ਹੈ। ਗੁਰੂ ਘਰ ਵਿਚ ਸਿੱਖ ਧਰਮ ਦੇ ਮੂਲ ਸਿਧਾਂਤ ਦੇਗ-ਤੇਗ ਫਤਹਿ ਦੇ ਆਧਾਰ 'ਤੇ ਕਿਰਪਾਨ ਭੇਟ ਦਾ ਨਿਯਮ ਹੈ ਤਾਂ ਜੋ ਗੁਰਸਿੱਖ ਸ਼ਸਤਰਾਂ ਨੂੰ ਭੁੱਲ ਕੇ ਦੇਗਾਂ ਵਾਸਤੇ ਹੀ ਨਾ ਰਹਿ ਜਾਣ। ਤੇਗ ਭਾਵ ਸ਼ਸਤਰਾਂ ਨੂੰ ਭੁਲਾ ਕੇ ਗੁਰੂ ਘਰ ਦੀਆਂ ਸੰਗਤਾਂ ਨੂੰ ਦੇਗ ਛਕਣ ਦਾ ਵੀ ਹੱਕ ਨਹੀਂ।
ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਇਕ ਮੱਤ ਹਨ ਕਿ ਗੁਰੂ ਪਾਤਸ਼ਾਹ ਜੀ ਵੱਲੋਂ ਸਿੱਖਾਂ ਵਾਸਤੇ ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣਾ ਸਭ ਤੋਂ ਜ਼ਰੂਰੀ ਸਪੱਸ਼ਟ ਹੈ। ਇਸੇ ਤਰ੍ਹਾਂ ਇਸ ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਉਹਨਾਂ ਨੇ ਹੋਲੇ ਮਹੱਲੇ ਦਾ ਤਿਉਹਾਰ ਆਪ ਆਰੰਭ ਕੀਤਾ। ਜਿਥੇ ਕਿ ਗੁਰਸਿੱਖ ਨੂੰ ਕੜਾਹ ਪ੍ਰਸ਼ਾਦ ਸਮੇਂ ਨਿਤਾਪ੍ਰਤੀ ਕ੍ਰਿਪਾਨ ਭੇਟ, ਦੇਗ ਦੀ ਸਾਂਝ ਦੇ ਨਾਲ ਉਸ ਨੂੰ ਉਸ ਦੀ ਸ਼ਸਤਰਾਂ ਨਾਲ ਸਾਂਝ ਪ੍ਰਗਟ ਕਰਦੀ ਹੈ। ਉਥੇ ਸਾਲ ਦੇ ਸਾਲ ਹੋਲਾ ਮਹੱਲਾ ਉਸ ਨੂੰ ਸ਼ਸਤਰ-ਅਭਿਆਸੀ ਬਣੇ ਰਹਿਣ ਦੀ ਵੀ ਚੇਤਾਵਨੀ ਦਿੰਦਾ ਹੈ। ਸ਼ਸਤਰਧਾਰੀ ਫੌਜਾਂ ਦਾ ਵੀ ਇਹੀ ਨਿਯਮ ਹੁੰਦਾ ਹੈ। ਕਿਸੇ ਵੀ ਦੇਸ਼ ਦੀਆਂ ਫੌਜਾਂ ਹਮੇਸ਼ਾ ਜੰਗ-ਯੁੱਧਾਂ 'ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਸ਼ਸਤਰ-ਅਭਿਆਸ ਉਹਨਾਂ ਦੇ ਨਿੱਤ ਹੀ ਚਲਦੇ ਰਹਿੰਦੇ ਹਨ। ਯੁੱਧਾਂ ਸਮੇਂ ਇਹ ਅਭਿਆਸ ਰੂਪ ਤਿਆਰੀ ਹੀ ਅਸਲੀ ਯੁੱਧ ਦਾ ਆਧਾਰ ਹੁੰਦੀ ਹੈ। ਹੋਲੇ ਮਹੱਲੇ ਦਾ ਇਹੀ ਮਤਲਬ ਹੈ।
ਪਿੰਡ ਅਗੰਮਪੁਰ ਨੰਗਲ ਜਾਣ ਵਾਲੀ ਮੁੱਖ ਸੜਕ ਉਤੇ ਡੇਢ ਕੁ ਕਿਲੋਮੀਟਰ ਦੀ ਵਿੱਥ 'ਤੇ ਸਥਿਤ ਹੈ। ਇਸ ਨੂੰ ਕਿਲ੍ਹਾ ਅਗੰਮਪੁਰ ਜਾਂ ਅਗਮਗੜ੍ਹ ਵੀ ਕਹਿ ਦਿੱਤਾ ਜਾਂਦਾ ਹੈ। ਕਿਲ੍ਹਾ ਲੋਹਗੜ੍ਹ ਤੇ ਇਸ ਦਾ ਫਾਸਲਾ ਇਕ ਕਿਲੋਮੀਟਰ ਤੇ ਕਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਪੱਛਮ ਵਾਲੇ ਪਾਸੇ ਵੱਲ ਇਕ ਕਿਲੋਮੀਟਰ ਦੀ ਵਿੱਥ 'ਤੇ ਹੈ। ਗੁਰੂ ਸਾਹਿਬ ਇਸ ਕਿਲ੍ਹੇ ਵਿਚ ਮੁੱਖ ਤੌਰ 'ਤੇ ਹੋਲੇ ਮਹੱਲੇ ਸਮੇਂ ਸਿੰਘਾਂ ਦੇ ਜੰਗੀ ਕਰਤੱਵ ਕਰਾਇਆ ਕਰਦੇ ਸਨ। ਇਸ ਲਈ ਇਸ ਦਾ ਨਾਂ ਹੋਲਗੜ੍ਹ ਸਾਹਿਬ ਪੈ ਗਿਆ।
ਗੁਰੂ ਕੀਆਂ ਸਾਖੀਆਂ ਵਿਚ ਹੋਲਾ ਮਹੱਲਾ ਮਨਾਏ ਜਾਣ ਦਾ ਜ਼ਿਕਰ ਇਸ ਤਰ੍ਹਾਂ ਆਇਆ : ''ਇਸੀ ਵਰਖ ਪਿਛਲੇ ਸਾਲ ਕੀ ਤਰ੍ਹਾਂ ਹੋਲੀਆਂ ਕੇ ਦਿਹੁੰ ਮੇ ਕਿਲਾ ਹੋਲ ਗਢ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੋਈ। ਖਾਲਸਾ ਆਪਸ ਮੋ ਟੋਲੀਆਂ ਬਨਾਇ ਫਲਗੁਨ ਸੁਦੀ ਅਸਟਮੀ ਸੇ ਪੂਰਨਮਾ ਤੀਕ... ਕਿਲਾ ਅਨੰਦਗਢ ਸੇ ਬਾਹਰ ਕਿਲਾ ਹੋਲ ਗਢ ਕੇ ਨਜ਼ਦੀਕ ਬੜੀਆਂ ਰੌਣਕਾਂ ਰਹੀਆਂ।... ਇਸ ਉਪਰਤ ਖਾਲਸਾ ਹੋਲਗਢ ਕੀ ਤਰਫ ਆਇਾ। ਪ੍ਰਿਥਮੈ ਪਾਂਚ ਨਿਸ਼ਾਨਚੀ ਇਨਕੇ ਪੀਛੇ ਪਾਂਚ ਪਿਆਰੇ ਜਿਨ ਕੇ ਹਾਥੋਂ ਮੇ ਲੰਮੀਆਂ ਕ੍ਰਿਪਾਨਾਂ ਪਕੜੀਆਂ ਹੋਈਆਂ ਸਨ।... ਇਸ ਤਰ੍ਹਾਂ ਖਾਲਸਈ ਦਰਿਆਇ ਠਾਠਾਂ ਮਾਰਦਾ ਹੂਆ ਪੂਰੇ ਜੋਬਨ ਸੇ ਹੋਲਗਢ ਕੇ ਮੈਦਾਨ ਮੇ ਜਾਇ ਪਹੁੰਚਾ।.... ਗੁਰੂ ਜੀ ਕਾ ਹੁਕਮ ਪਾਇ ਖਾਲਸੇ ਸ਼ਸਤਰ ਵਿਦਿਆ ਕੇ ਜੌਹਰ ਦਿਖਾਏ।....''
ਮਨਜੀਤ ਸਿੰਘ ਪਸਰੀਚਾ